ਪ੍ਰਾਹੁਣਚਾਰੀ, ਪਿਕਨਿਕ ਤੇ ਪ੍ਰਚਾਰ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੂਰੇ ਪੰਜਾਬ ਵਿਚ ਵੀ ਇਹ ਅਖਾਣ ਕਿਹਾ-ਸੁਣਿਆ ਜਾਂਦਾ ਹੋਵੇ, ਇਹਦਾ ਤਾਂ ਮੈਨੂੰ ਪਤਾ ਨਹੀਂ; ਪਰ ਸਾਡੇ ਦੁਆਬੇ ਵਿਚ ਇਹ ਉਦੋਂ ਵਰਤਿਆ ਜਾਂਦਾ ਹੈ, ਜਦੋਂ ਕੋਈ ਜਣਾ ਕਿਸੇ ਇਕ ਕੰਮ ਨੂੰ ਗਿਆ ਹੋਇਆ, ਨਾਲੋ ਨਾਲ ਕਈ ਹੋਰ ਕੰਮ ਵੀ ਝੂੰਗੇ ਵਿਚ ਹੀ ਨੇਪਰੇ ਚਾੜ੍ਹ ਆਵੇ: ਨਾਲੇ ਦੇਵੀ ਦੇ ਦਰਸ਼ਨ, ਨਾਲੇ ਮੁੰਜ ਬਗੜ ਦਾ ਸੌਦਾ।
ਤਕਰੀਬਨ ਸਾਰੀਆਂ ਦੇਵੀਆਂ ਦੇ ਮੰਦਰ ਪਹਾੜਾਂ ਵਿਚ ਹੀ ਹਨ। ਪਹਾੜੀ ਖੇਤਰ ਵਿਚ ਹੀ ਮੁੰਜ ਤੇ ਬਗੜ ਬਹੁਤ ਹੁੰਦੀ ਹੈ। ਦੁਆਬੇ ਵਿਚ ਵਸਦੇ ਦੇਵੀ-ਭਗਤ ਸ਼ਰਧਾਲੂ ‘ਮਾਤਾ’ ਦੇ ਦਰਸ਼ਨਾਂ ਨੂੰ ਗਏ, ਮੁੜਦੇ ਹੋਏ ਮੰਜੇ ਬੁਣਨ ਜਾਂ ਰੱਸੇ ਵਗੈਰਾ ਬਣਾਉਣ ਵਾਸਤੇ ਮੁੰਜ ਜਾਂ ਬਗੜ ਵੀ ਖਰੀਦ ਲਿਆਉਂਦੇ ਹੋਣਗੇ। ਇਸ ਰਿਵਾਜ ਵਿਚੋਂ ਇਹ ਕਹਾਵਤ ਹੋਂਦ ਵਿਚ ਆਈ ਹੋਵੇਗੀ। ਇਹੋ ਜਿਹੇ ਹਾਲਾਤ ਨੂੰ ਇਕ ਹੋਰ ਕਹਾਵਤ ਵਿਚ ਵੀ ਲਪੇਟਿਆ ਜਾਂਦਾ ਹੈ: ਇਕ ਪੰਥ, ਦੋ ਕਾਜ।
ਵੈਸੇ ਕਦੀ-ਕਦੀ ਇੰਜ ਵੀ ਹੋ ਜਾਂਦਾ ਹੈ ਕਿ ਇੱਥੇ ਪੰਥ, ਭਾਵ ਇਕ ਰਸਤੇ ‘ਤੇ ਦੋ ਕਾਜ ਕਰਨੇ ਮਿੱਥ ਕੇ ਤੁਰੇ ਹੋਏ ਬੰਦੇ ਦੇ ਦੋ ਛੱਡਿਆਂ, ਇਕ ਵੀ ਕਾਜ ਦੀ ਪੂਰੀ ਨਹੀਂ ਪੈਂਦੀ; ਪਰ ਕਦੇ ਬਾਬੇ ਦੀ ਫੁੱਲ ਕ੍ਰਿਪਾ ਐਸੀ ਹੋ ਜਾਂਦੀ ਹੈ ਕਿ ਦੋਂਹ ਕੰਮਾਂ ਦੀ ਜਗ੍ਹਾ ਕਈ-ਕਈ ਕਾਰਜ ਸਫ਼ਲੇ ਹੋ ਜਾਂਦੇ ਹਨ। ਜਿਵੇਂ ਐਤਕੀ ਵਿਸਾਖੀ ਨੂੰ ਮੇਰੇ ਅਤੇ ਮੇਰੇ ਕੁਝ ਮਿੱਤਰਾਂ ਨਾਲ ਹੋਇਆ। ਪੰਜਾਬ ਰਹਿੰਦਿਆਂ ਤਾਂ ਹਰ ਸਾਲ ਵਿਸਾਖੀ ਸ੍ਰੀ ਅਨੰਦਪੁਰ ਸਾਹਿਬ ਜਾਂ ਕਿਸੇ ਹੋਰ ਇਤਿਹਾਸਕ ਗੁਰਧਾਮ ਵਿਖੇ ਪੱਕੀ ਹੁੰਦੀ ਸੀ, ਲੇਕਿਨ ਪਰਦੇਸ ਵਿਚ ਆ ਕੇ ਸਾਰੇ ਦਿਨ-ਦਿਹਾਰ, ‘ਸੰਡੇ’ ਦੀ ਬੁੱਕਲ ਵਿਚ ਹੀ ਸਿਮਟ ਜਾਂਦੇ ਹੋਣ ਕਾਰਨ, ਪੰਜਾਬ ਵਾਲੇ ਉਸ ਉਤਸ਼ਾਹ ਤੇ ਉਮਾਹ ਜਿਹੀ ਗੱਲ ਨਹੀਂ ਬਣਦੀ। ਰਹਿੰਦੀ ਕਸਰ ਇਥੇ ਦੀ ਕੋਹਲੂ ਦੇ ਬੈਲ ਵਾਲੀ ਜ਼ਿੰਦਗੀ ਕੱਢ ਦਿੰਦੀ ਹੈ ਜੋ ਵਿਸਾਖੀਆਂ-ਦੀਵਾਲੀਆਂ ਮਨਾਉਣ ਦੀਆਂ ਰੀਝਾਂ ਨੂੰ ਸਿਰ ਵੀ ਚੁੱਕਣ ਨਹੀਂ ਦਿੰਦੀ।
ਇਸ ਵਰ੍ਹੇ (2013) ਦੀ ਵਿਸਾਖੀ ਤੋਂ ਮਹੀਨਾ ਕੁ ਪਹਿਲੋਂ ਮੇਰੇ ਮਿੱਤਰ ਡਾæ ਗੁਰਮੀਤ ਸਿੰਘ ਬਰਸਾਲ ਨੇ ਇਕ ਦਿਨ ਮੈਨੂੰ ਫੋਨ ‘ਤੇ ਪੁੱਛਿਆ ਕਿ ਐਤਕੀਂ ਵਿਸਾਖੀ ‘ਤੇ ਕਿਤੇ ਚੱਲੀਏ? ਮੇਰੇ ਮੂੰਹੋ ‘ਚਲੇ ਚੱਲਾਂਗੇ’ ਸੁਣ ਕੇ ਉਨ੍ਹਾਂ ਮੈਨੂੰ ਚਾਰ ਦਿਨ ਦੀ ਛੁੱਟੀ ਦਾ ਬੰਦੋਬਸਤ ਕਰਨ ਲਈ ਆਖਦਿਆਂ ‘ਵਿਸਾਖੀ ਟੂਰ’ ਦਾ ਪ੍ਰੋਗਰਾਮ ਵਿਸਥਾਰ ਸਹਿਤ ਦੱØਸਿਆ। ਇਹ ਸੁਣ ਕੇ ਮੇਰੀਆਂ ਵੀ ਵਾਛਾਂ ਖਿੜ ਗਈਆਂ, ਜਦ ਮੈਨੂੰ ਪਤਾ ਲੱਗਾ ਕਿ ਪੂਰੀ ਨਿਸ਼ਕਾਮਤਾ ਨਾਲ ਗੁਰਮਤਿ ਪ੍ਰਚਾਰ ‘ਚ ਜੁੱਟੀ ਹੋਈ ਕਿਰਤੀ ਨੌਜਵਾਨਾਂ ਦੀ ਜਥੇਬੰਦੀ ‘ਵਰਲਡ ਸਿੱਖ ਫੇਡਰੇਸ਼ਨ’ ਦਾ ਸਥਾਨਕ ਗਰੁੱਪ ਕੈਨੇਡਾ ਦੇ ਸਰੀ ਸ਼ਹਿਰ ਦੇ ਵਿਸਾਖੀ ਜੋੜ ਮੇਲੇ ਵਿਚ ਸ਼ਾਮਲ ਹੋਣ ਲਈ ਕਮਰ ਕੱਸੀ ਬੈਠਾ ਹੈ। ਦੋ-ਤਿੰਨ ਥਾਂਵਾਂ ‘ਤੇ ਇਸ ਸੰਸਥਾ ਵੱਲੋਂ ਚਲਾਈਆਂ ਗਈਆਂ ਪ੍ਰਚਾਰ ਮੁਹਿੰਮਾਂ ਵਿਚ ਮੈਂ ਖੁਦ ਹਿੱਸਾ ਲੈ ਚੁੱਕਾ ਸਾਂ। ਅਸਲ ਵਿਚ ਇਸ ਜਥੇਬੰਦੀ ਦੇ ਵਾਲੰਟੀਅਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਯਾਦਾ ਨੂੰ ਆਧਾਰ ਮੰਨ ਕੇ ਸਿੱਖੀ ਵਿਚ ਘਸੋੜੇ ਜਾ ਰਹੇ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਅਤੇ ਗੁਰੂਡੰਮ ਵਿਰੁਧ ਪੂਰੇ ਸਿਰੜ ਨਾਲ ਚੇਤਨਾ ਲਹਿਰ ਚਲਾ ਰਹੇ ਹਨ। ਗਿਣਤੀ-ਮਿਣਤੀ ਵਾਲੇ ਜਪਾਂ-ਤਪਾਂ ਦੀ ਥਾਂ ਇਹ ਕਰਨੀ ਵਿਚ ਸ਼ੁੱਧਤਾ ਲਿਆਉਣ ਦੀ ਡਟ ਕੇ ਵਕਾਲਤ ਕਰਦੇ ਹਨ। ਮੈਂ ਨੇੜਿਉਂ ਹੋ ਕੇ ਦੇਖ ਚੁੱਕਾ ਹਾਂ ਕਿ ਇਹ ਨੌਜਵਾਨ, ਭਾਈ ਕਾਹਨ ਸਿੰਘ ਰਚਿਤ ‘ਗੁਰਮਤਿ ਮਾਰਤੰਡ’ (ਦੋ ਭਾਗ) ਵਿਚ ਲਿਖੀ ਤਤਿ-ਗੁਰਮਤਿ ਨੂੰ ਹੀ ਪ੍ਰਚਾਰਦੇ ਹਨ।
ਕਿਸੇ ਨਾਲ ਮਿੱਤਰਤਾ ਨਿਭਣ ਦੇ ਛੇ ਲੱਛਣਾਂ ਦੀ ਸਾਂਝ ਲਾਜ਼ਮੀ ਹੋਣ ਬਾਰੇ ਇਕ ਗ੍ਰੰਥਕਾਰ ਲਿਖਦਾ ਹੈ:
ਆਸ਼ਾ, ਇਸ਼ਟ, ਉਪਾਸਨਾ, ਖਾਨ-ਪਾਨ ਪਹਿਰਾਨ।
ਯਹ ਖਟ ਗੁਣ ਜਹਿ ਮਿਲੇ, ਤਹਿ ਮਿਤਰਤਾ ਜਾਨ।
ਇਸ ਦੋਹੇ ਅਨੁਸਾਰ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਨਾਲ ਮੇਰੀ ਦੋਸਤੀ ਹੋਣੀ ਸੁਭਾਵਿਕ ਹੀ ਸੀ। ਸੋ, ਮੈਂ ਵੱਡੇ ਚਾਅ ਨਾਲ ਡਾæ ਬਰਸਾਲ ਨੂੰ ਸਰੀ ਜਾਣ ਲਈ ਪੱਕੀ ‘ਹਾਂ’ ਕਰ ਦਿੱਤੀ।
ਮਿੱਥੇ ਪ੍ਰੋਗਰਾਮ ਮੁਤਾਬਕ ਅਸੀਂ 19 ਅਪਰੈਲ ਵਾਲੇ ਦਿਨ ਪੰਜ-ਛੇ ਜਣੇ ਸੁਵਖਤੇ ਹੀ ਓਕਲੈਂਡ ਹਵਾਈ ਅੱਡੇ ‘ਤੇ ਪਹੁੰਚ ਗਏ। ਗੋਰੇ ਯਾਤਰੂਆਂ ਦੀ ਲਾਈਨ ਵਿਚ ਲੱਗੇ ਹੋਏ ਅਸੀਂ ਖੱਟੀਆਂ-ਨੀਲੀਆਂ ਪੱਗਾਂ ਤੇ ਖੁੱਲ੍ਹੀਆਂ ਦਾੜ੍ਹੀਆਂ ਵਾਲੇ ਨਿਵੇਕਲੇ ਤੇ ਉਘੜਵੇਂ ਦਿਖਾਈ ਦੇ ਰਹੇ ਸਾਂ। ਆਪਣੇ ਮਿੱਤਰਾਂ ਨਾਲ ਦਿਲਲਗੀ ਕਰਦਿਆਂ ਮੈਂ ਇਕ ਗੱਲ ਸੁਣਾਈ ਕਿ ਕਥਾਵਾਚਕ ਗਿਆਨੀ ਗੁਰਚਰਨ ਸਿੰਘ ਵੈਦ ਸਿੱਖ ਸਰੂਪ ਦੀ ਵਿਲੱਖਣ ਆਭਾ ਬਾਬਤ ਕਿਹਾ ਕਰਦੇ ਸਨ ਕਿ ਹੋਰ ਕਿਸੇ ਵੀ ਧਰਮ ਦੇ ਪੈਰੋਕਾਰ ਦਸਾਂ-ਪੰਦਰਾਂ-ਵੀਹਾਂ ਦੀ ਗਿਣਤੀ ਵਿਚ ਕਿਤੇ ਸ਼ਹਿਰ-ਬਾਜ਼ਾਰ ਵਿਚ ਤੁਰੇ ਜਾਂਦੇ ਹੋਣ ਤਾਂ ਉਨ੍ਹਾਂ ਨੂੰ ਕੋਈ ਨਹੀਂ ਗੌਲਦਾ; ਲੇਕਿਨ ਜੇ ਬਾਣੇ ਵਿਚ ਸਜੇ ਤਿਆਰ-ਬਰ-ਤਿਆਰ ਪੰਜ ਸਿੰਘ ਬਾਜ਼ਾਰ ਵਿਚੋਂ ਲੰਘ ਜਾਣ ਤਾਂ ਸਾਰੇ ਲੋਕੀਂ ਅੱਡੀਆਂ ਚੁੱਕ-ਚੁੱਕ ਉਨ੍ਹਾਂ ਵੱਲ ਦੇਖਣਗੇ ਕਿ ਅੱਜ ਖਾਲਸੇ ਨੇ ਪਤਾ ਨਹੀਂ ਕਿੱਧਰ ਨੂੰ ਚੜ੍ਹਾਈ ਕੀਤੀ ਹੈ!
ਇੰਜ ਹੱਸਦੇ-ਹਸਾਉਂਦੇ ਅਸੀਂ ਅਮਰੀਕਾ ਦੇ ਸਰਹੱਦੀ ਸ਼ਹਿਰ ਬੈਲੀਗੈਮ ਜਾ ਉਤਰੇ। ਆਪੋ ਆਪਣੇ ਬੈਗ ਚੁੱਕੀ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਮੈਨੂੰ ਇਕ ਹੋਰ ‘ਛੁਰਲੀ’ ਸੁੱਝ ਗਈ। ਪੁਰਾਣੀ ਗੱਲ ਹੈ, ਕਹਿੰਦੇ ਇੰਗਲੈਂਡ ਰਹਿੰਦਾ ਕੋਈ ਪੰਜਾਬੀ ਆਪਣੇ ਗੋਰੇ ਮਿੱਤਰ ਨੂੰ ਪੰਜਾਬ ਦਿਖਾਲਣ ਨਾਲ ਲੈ ਗਿਆ। ਕਿਸੇ ਦੇ ਘਰ ਅਖੰਡ ਪਾਠ ਦੇ ਭੋਗ ‘ਤੇ ਦੋਵੇਂ ਸ਼ਾਮਲ ਹੋਏ। ਸਮਾਪਤੀ ਦੀ ਅਰਦਾਸ ਤੋਂ ਬਾਅਦ ਪ੍ਰਸ਼ਾਦ ਲੈ ਕੇ ਪੰਡਾਲ ਤੋਂ ਬਾਹਰ ਆਉਂਦਿਆਂ ਪੰਜਾਬੀ ਨੇ ਗੋਰੇ ਮਿੱਤਰ ਨੂੰ ਪੁੱਛਿਆ ਕਿ ਸਾਡੇ ‘ਰਿਲੀਜ਼ਨ’ ਦੀ ‘ਪਰੇਅਰ’ ਤੈਨੂੰ ਕੈਸੀ ਲੱਗੀ? ਗੋਰਾ ਕਹਿੰਦਾ, “ਭਰਾਵਾ, ਮੈਂ ਤਾਂ ਉਦੋਂ ਸੁੱਖ ਦਾ ਸਾਹ ਲਿਆ, ਜਦੋਂ ‘ਪਰੇਅਰ’ ਦੇ ਚਲਦਿਆਂ ਹੀ ਅਚਾਨਕ ਨੰਗੀ ਕ੍ਰਿਪਾਨ ਕੱਢ ਕੇ ਖੜ੍ਹ ਗਏ ਸਿੰਘ ਨੇ ਮੁੜ ਕ੍ਰਿਪਾਨ ਮਿਆਨ ਵਿਚ ਪਾ ਲਈ।”
ਕੜਾਹ-ਪ੍ਰਸ਼ਾਦ ਵਿਚ ਕ੍ਰਿਪਾਨ ਭੇਟ ਕਰਨ ਵਾਲੇ ਸਿੰਘ ਵੱਲ ਦੇਖ ਕੇ ਗੋਰਾ ਭੈਅ-ਭੀਤ ਹੋ ਗਿਆ ਸੀ। ਇਸੇ ਗੱਲ ਦੇ ਹਵਾਲੇ ਨਾਲ ਮੈਂ ਕਿਆਸ ਲਾਉਂਦਿਆਂ ਆਖਿਆ ਕਿ ਦੋਸਤੋ, ਸਾਡੇ ਨਾਲ ਜਹਾਜ਼ ਵਿਚ ਬੈਠੇ ਸਾਰੇ ਗੋਰੇ ਗੋਰੀਆਂ ਨੇ ਵੀ ਉਦੋਂ ਸੁੱਖ ਦਾ ਸਾਹ ਲਿਆ ਹੋਣੈ, ਜਦੋਂ ਅਸੀਂ ਪੰਜੇ-ਛੇਏ ਜਣੇ ਜਹਾਜ਼ ਵਿਚੋਂ ਬਾਹਰ ਆ ਗਏ।
ਅਗਾਂਹ ਸਾਡਾ ਸਰੀ ਵਾਲਾ ਮੇਜ਼ਬਾਨ ਮਿੱਕੀ ਸਿੰਘ ਵੱਡੀ ਵੈਨ ਲੈ ਕੇ ਪਹੁੰਚਿਆ ਹੋਇਆ ਸੀ। ਉਸ ਨੇ ਸਾਡਾ ਸਮਾਨ ਵੈਨ ਦੇ ਪਿੱਛੇ ਸਲੀਕੇ ਨਾਲ ਰੱਖ ਦਿੱਤਾ। ਹੁਣ ਸਾਡੀ ਵੈਨ ਵਰ੍ਹਦੇ ਮੀਂਹ ਵਿਚ ਬਾਰਡਰ ਵੱਲ ਭੱਜ ਰਹੀ ਸੀ। ਬਾਰਡਰ ਟੱਪਦਿਆਂ ਕੈਨੇਡਾ ਵਾਲੇ ਪਾਸੇ ਲੱਗੇ ਬੋਰਡ ਉਤੇ ਮਾਂ-ਬੋਲੀ ਪੰਜਾਬੀ ਵਿਚ ਲਿਖੇ ਹੋਏ ‘ਸਵਾਗਤ’ ਦੇ ਸ਼ਬਦ ਦੇਖ ਕੇ ਮੈਨੂੰ ਕੁਝ ਦਿਨ ਪਹਿਲਾਂ ਦੇਖੀ ਉਹ ਫੋਟੋ ਯਾਦ ਆ ਗਈ ਜਿਸ ਵਿਚ ਪੰਜਾਬੀ ਦੇ ਕਈ ਸ਼ੁਭਚਿੰਤਕ ਚੰਡੀਗੜ੍ਹ ਧਰਨਾ ਮਾਰੀ ਬੈਠੇ ਸਨ। ਉਹ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਸ਼ਹਿਰ ਚੰਡੀਗੜ੍ਹ ਵਿਚ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਸਰਹੰਦ ਨਹਿਰ ਦਾ ਭੁਲੇਖਾ ਪਾਉਂਦੀ ਨਦੀ ਲੰਘ ਕੇ ਅਸੀਂ ਜਲਦੀ ਹੀ ਸਰੀ ਪਹੁੰਚ ਗਏ।
ਮਿੱਕੀ ਸਿੰਘ ਦੇ ਘਰ ਪਹੁੰਚੇ ਤਾਂ ਪਰਿਵਾਰ ਦੇ ਜੀਆਂ ਨੇ ਸਾਡਾ ਸਕੇ-ਸੋਧਰੇ ਰਿਸ਼ਤੇਦਾਰਾਂ ਵਾਂਗ ਸਵਾਗਤ ਕੀਤਾ। ਦੂਜੇ ਦਿਨ 20 ਅਪਰੈਲ ਨੂੰ ਕਿਉਂਕਿ ਸਰੀ ਦੀ ਇਤਿਹਾਸਕ ਖਾਲਸਾ ਡੇਅ ਪਰੇਡ ਵਿਚ ਅਸੀਂ ਸਟਾਲ ਲਾਉਣਾ ਸੀ, ਬਿਨਾਂ ਦੇਰ ਕੀਤਿਆਂ ਅਸੀਂ ਤਜਵੀਜ਼ਸ਼ੁਦਾ ਪ੍ਰਚਾਰ-ਮੁਹਿੰਮ ਦੀਆਂ ਤਿਆਰੀਆਂ ਵਿਚ ਰੁੱਝ ਗਏ। ਵਰਲਡ ਸਿੱਖ ਫੈਡਰੇਸ਼ਨ ਦੀ ਅਮਰੀਕਨ ਯੂਨਿਟ ਦੇ ਭਾਈ ਅਜੈਬ ਸਿੰਘ ਸਿਆਟਲ, ਹਰਮਿੰਦਰ ਸਿੰਘ ਸੇਖਾ ਤੇ ਬਾਈ ਹਰਬਖਸ਼ ਸਿੰਘ ਨੇ ਫ਼ਟਾ ਫਟ ਫੋਨ ਖੜਕਾਏ ਅਤੇ ਸਾਰੇ ਵੀਰਾਂ ਨੂੰ ਭਾਈ ਸ਼ੌਕੀਨ ਸਿੰਘ ‘ਚੁੱਪ ਕੀਤੀ’ ਦੇ ਘਰੇ ਮੀਟਿੰਗ ਹੋਣ ਦਾ ਸੁਨੇਹਾ ਭੇਜ ਦਿੱਤਾ।
ਨਗਰ ਕੀਰਤਨ ਵਿਚ ਫੈਡਰੇਸ਼ਨ ਦੀ ਪ੍ਰਚਾਰ ਮੁਹਿੰਮ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਲਈ ਇਸ ਪਹਿਲੀ ਮੀਟਿੰਗ ਵਿਚ ਸਪੋਕਨ, ਟੋਰਾਂਟੋ, ਐਬਟਸਫੋਰਡ, ਕੈਲਗਰੀ, ਡੰਕਨ ਅਤੇ ਡੈਲਟਾਂ ਤੋਂ ਨੌਜਵਾਨ ਪਹੁੰਚੇ। ਸ਼ੇਰ-ਏ-ਪੰਜਾਬ ਰੇਡੀਓ ਦੇ ਹੋਸਟ ਕੁਲਦੀਪ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਦੂਜੇ ਦਿਨ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਦੇ ਨਾਲ-ਨਾਲ ਸਿੱਖ ਜਗਤ ਨੂੰ ਘੁਣ ਵਾਂਗ ਖੋਖਲਾ ਕਰ ਰਹੇ ਡੇਰਾਵਾਦ ਬਾਰੇ ਗਹਿਰ-ਗੰਭੀਰ ਵਿਚਾਰ ਮੰਥਨ ਕੀਤਾ ਗਿਆ। ਦੇਰ ਰਾਤ ਤੱਕ ਚੱਲੀ ਇਸ ਮੀਟਿੰਗ ਵਿਚ ਵਰਲਡ ਸਿੱਖ ਫੈਡਰੇਸ਼ਨ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖ਼ਾ ਕੀਤਾ ਗਿਆ। ਸਾਰਿਆਂ ਦਾ ਮੱਤ ਸੀ ਕਿ ਫੈਡਰੇਸ਼ਨ ਨੂੰ ਪ੍ਰਧਾਨ-ਸਕੱਤਰਾਂ ਦੇ ਅਹੁਦਿਆਂ ਵਾਲੀ ਲਾਲਸਾ ਦੀ ਬਿਮਾਰੀ ਤੋਂ ਮੁਕਤ ਰੱਖਿਆ ਜਾਵੇ।
ਦੂਜੇ ਦਿਨ ਆਸਮਾਨ ਬਿਲਕੁਲ ਸਾਫ਼ ਹੋ ਗਿਆ। ਸੂਰਜ ਦੀਆਂ ਕੇਸਰੀ ਕਿਰਨਾਂ ਸਰੀ ਸ਼ਹਿਰ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲੱਗੇ ਹੋਏ ਦੁਧੀਆ ਤੰਬੂ ਨਿਹਾਰ ਰਹੀਆਂ ਸਨ। ਹੌਲੀ-ਹੌਲੀ ਚਹਿਲ-ਪਹਿਲ ਹੋਣ ਲੱਗੀ। ਢਾਡੀਆਂ ਦੀਆਂ ਢੱਡਾਂ ਦੀ ‘ਡੁੱਗ ਡੁੱਗ’ ਅਤੇ ਸਾਰੰਗੀਆਂ ਦੀ ਟੁਣਕਾਰ ਕੰਨਾਂ ਵਿਚ ਗੂੰਜਣ ਲੱਗੀ। ਦੇਖਦਿਆਂ ਹੀ ਦੇਖਦਿਆਂ ਇੰਨਾ ਇਕੱਠ ਹੋ ਗਿਆ ਕਿ ਇਉਂ ਜਾਪਣ ਲੱਗਾ, ਜਿਵੇਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵਿਚ ਪਹੁੰਚ ਗਏ ਹੋਈਏ। ਬਹੁਤ ਸਾਰੇ ਕਾਰੋਬਾਰੀ ਅਦਾਰਿਆਂ ਅਤੇ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਨੇ ਆਪੋ-ਆਪਣੇ ਫਲੋਟ ਜਾਂ ਸਟਾਲ ਸਜਾਏ ਹੋਏ ਸਨ। ਵੰਨ-ਸੁਵੰਨੇ ਖਾਦ ਪਦਾਰਥਾਂ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਸੀ। ਤਲੇ ਜਾ ਰਹੇ ਪਕੌੜਿਆਂ-ਸਮੋਸਿਆਂ ਦੀ ਮਸਾਲਿਆਂ ਵਾਲੀ ਸੁਗੰਧੀ ਬਦੋ-ਬਦੀ ਭੁੱਖ ਲੱਗੀ ਹੋਣ ਦਾ ਭੁਲੇਖਾ ਪਾ ਰਹੀ ਸੀ।
ਸ਼ੇਰ-ਏ-ਪੰਜਾਬ ਰੇਡੀਓ ਦੀ ਸਟੇਜ ਤੋਂ ਵਿਸਾਖੀ ਬਾਰੇ ਬੋਲਣ ਲਈ ਮੈਨੂੰ ਵੀ ਮੌਕਾ ਮਿਲਿਆ। ਫੈਡਰੇਸ਼ਨ ਦੇ ਸਟਾਲ ਤੋਂ ਪ੍ਰੋæ ਸਰਬਜੀਤ ਸਿੰਘ ਧੂੰਦਾ, ਭਾਈ ਪੰਥਪ੍ਰੀਤ ਸਿੰਘ, ਪ੍ਰੋæ ਦਰਸ਼ਨ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਹਰਜਿੰਦਰ ਸਿੰਘ ਸਭਰਾ, ਭਾਈ ਪਰਮਜੀਤ ਸਿੰਘ ਉਤਰਾਖੰਡ ਅਤੇ ਭਾਈ ਹਰਭਜਨ ਸਿੰਘ ਨਿਊ ਯਾਰਕ ਵਾਲਿਆਂ ਦੀਆਂ ਹਜ਼ਾਰਾਂ ਸੀæਡੀਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ‘ਤੇ ਲਿਖੇ ਹੋਏ ਪੈਂਫਲਿਟ ਵੀ ਵੰਡੇ ਗਏ। ਇਥੇ ਹੀ ਬਤੌਰ ਵਾਲੰਟੀਅਰ ਸੇਵਾ ਕਰਦਿਆਂ ਸਾਨੂੰ ਸਥਾਨਕ ਮੀਡੀਏ ਵਾਲੇ ਮਿਲੇ ਜਿਨ੍ਹਾਂ ਵਿਚੋਂ ‘ਚੜ੍ਹਦੀ ਕਲਾ’, ‘ਅਕਾਲ ਗਾਰਡੀਅਨ’, ‘ਪੰਜਾਬੀ ਟ੍ਰਿਬਿਊਨ’ ਅਤੇ ‘ਪੰਜਾਬ ਗਾਰਡੀਅਨ’ ਅਖ਼ਬਾਰਾਂ ਦੇ ਸੰਪਾਦਕ ਸ਼ਾਮਲ ਸਨ। ਅਨੇਕਾਂ ਨਵੇਂ ਪੁਰਾਣੇ ਮਿੱਤਰਾਂ ਨਾਲ ਮਿਲਾਪ ਹੋਇਆ।
ਫੈਡਰੇਸ਼ਨ ਦੇ ਇੱਕ ਪੈਨਲ ਨੇ ਰੇਡੀਓ ਸ਼ੇਰ-ਏ-ਪੰਜਾਬ, ਰੇਡੀਓ ਰੈਡ ਐਫ਼æਐਮæ, ਰੇਡੀਓ ਇੰਡੀਆ ਅਤੇ ਇਕ ਟੀæਵੀæ ਚੈਨਲ ਤੋਂ ਪ੍ਰਸਾਰਤ ਕੀਤੇ ਟਾਕ ਸ਼ੋਅ ਵਿਚ ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਪੈਨਲ ਵਿਚ ਮੇਰੇ ਸਮੇਤ ਡਾæ ਬਰਸਾਲ, ਬਾਵਾ ਸਿੰਘ, ਬੀਬੀ ਕਮਲਜੀਤ ਕੌਰ, ਹਰਬਖਸ਼ ਸਿੰਘ ਰਾਊਕੇ, ਅਜੈਬ ਸਿੰਘ ਸਿਆਟਲ ਅਤੇ ਰਛਪਾਲ ਸਿੰਘ ਬਾਹੋਵਾਲ ਸ਼ਾਮਲ ਸਨ। ਤੀਜੇ ਦਿਨ ਗੁਰਦੁਆਰਾ ਸੀ੍ਰ ਗੁਰੂ ਸਿੰਘ ਸਭਾ ਸਰੀ ਵਿਖੇ ਵੀ ਸਾਨੂੰ ਵਿਚਾਰ ਪ੍ਰਗਟਾਉਣ ਦਾ ਸਮਾਂ ਮਿਲਿਆ। ਇਸੇ ਤਰ੍ਹਾਂ ਵੈਨਕੂਵਰ ਦੀ ਸਿੱਖ ਸਟੱਡੀ ਸੈਂਟਰ ਐਂਡ ਟੀਚਿੰਗ ਸੁਸਾਇਟੀ ਦੇ ਮੁੱਖ ਦਫਤਰ ਵਿਚ ਪ੍ਰਬੰਧਕਾਂ ਨੇ ਫੈਡਰੇਸ਼ਨ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ। ਭਰਵੇਂ ਇਕੱਠ ਵਿਚ ਸਾਰੇ ਸੇਵਾਦਾਰਾਂ ਨੂੰ ਕਿਤਾਬਾਂ ਦੇ ਸੈਟ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਕਿਣ-ਮਿਣ ਵਾਲੇ ਮੌਸਮ ਵਿਚ ਸ਼ ਕਰਨੈਲ ਸਿੰਘ ਸ਼ੇਖੂਪੁਰ ਦੇ ਘਰੇ ਪਕੌੜੇ ਛਕਦਿਆਂ ਆਪਣੇ ਪਿੰਡਾਂ ਦੀਆਂ ਗੱਲਾਂ ਕਰ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਸ਼ ਗੁਰਲਾਲ ਸਿੰਘ ਦੇ ਘਰੇ ਮੋਹ ਨਾਲ ਤਿਆਰ ਕੀਤਾ ਹੋਇਆ ਲੰਚ ਛਕਿਆ।
ਇਨ੍ਹਾਂ ਚਹੁੰ ਦਿਨਾਂ ਵਿਚ ਸਾਡੀ ਪਿਕਨਿਕ ਵੀ ਹੋ ਗਈ, ਪ੍ਰਾਹੁਣਚਾਰੀ ਦਾ ਲੁਤਫ਼ ਵੀ ਲੈ ਲਿਆ ਅਤੇ ਯਥਾਯੋਗ ਗੁਰਮਤਿ ਦਾ ਪ੍ਰਚਾਰ ਵੀ ਹੋ ਗਿਆ।

Be the first to comment

Leave a Reply

Your email address will not be published.