ਰਾਮਚੰਦਰ ਗੁਹਾ
ਭਾਰਤੀ ਸੰਵਿਧਾਨ ਨੇ ਦੋ ਸਮਾਜਿਕ ਵਰਗਾਂ ਨੂੰ ਖਾਸ ਤੌਰ Ḕਤੇ ਸਾਧਨ ਵਿਹੂਣੇ ਤੇ ਦਰੜੇ ਹੋਏ ਮੰਨਿਆ: ਇਕ, ਪੱਟੀਦਰਜ ਜਾਤਾਂ (ਐਸ਼ਸੀ.) ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ਦਲਿਤ ਆਖਿਆ ਜਾਂਦਾ ਹੈ ਅਤੇ ਦੂਜੇ ਪੱਟੀਦਰਜ ਕਬੀਲੇ (ਐਸ਼ਟੀ.) ਜਿਨ੍ਹਾਂ ਨੂੰ ਆਦਿਵਾਸੀ ਜਾਂ ਕਬਾਇਲੀ ਆਖਿਆ ਜਾਂਦਾ ਹੈ। ਦੋਵੇਂ ਗਰੁਪ ਆਪੋ-ਆਪਣੀ ਬਣਤਰ ਪੱਖੋਂ ਬਹੁਤ ਭਾਂਤ-ਸੁਭਾਂਤੇ ਹਨ ਜਿਹੜੇ ਭਾਸ਼ਾ, ਜਾਤ, ਵੰਸ਼, ਧਰਮ ਅਤੇ ਰੁਜ਼ਗਾਰ ਵਸੀਲਿਆਂ ਦੇ ਆਧਾਰ Ḕਤੇ ਵੰਡੇ ਹੋਏ ਹਨ।
ਆਂਧਰਾ ਪ੍ਰਦੇਸ਼ ਦੇ ਮਡਿਗਾ ਅਤੇ ਉਤਰ ਪ੍ਰਦੇਸ਼ ਦੇ ਜਾਟਵ ਦਰਮਿਆਨ ਕੋਈ ਸਮਾਨਤਾ ਨਹੀਂ ਹੈ, ਸਿਰਫ ਇਸ ਗੱਲ ਨੂੰ ਛੱਡ ਕੇ ਕਿ ਦੋਵੇਂ Ḕਐਸ਼ਸੀ.Ḕ ਰਾਖਵਾਂਕਰਨ ਤਹਿਤ ਸਰਕਾਰੀ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ। ਇਸੇ ਤਰ੍ਹਾਂ ਤਾਮਿਲਨਾਡੂ ਦੇ ਨੀਲਗਿਰੀ ਪਰਬਤਾਂ ਦੇ ਇਰੂਲਾ ਤੇ ਮੱਧ ਪ੍ਰਦੇਸ਼ ਦੇ ਮਹਾਦੇਵ ਪਰਬਤਾਂ ਦੇ ਗੋਂਡ ਆਦਿਵਾਸੀਆਂ ਦਰਮਿਆਨ ਵੀ ਕੋਈ ਮੇਲ ਨਹੀਂ, ਸਿਰਫ ਇਸ ਗੱਲ ਨੂੰ ਛੱਡ ਕੇ ਕਿ ਦੋਵੇਂ Ḕਐਸ਼ਟੀ.Ḕ ਰਾਖਵਾਂਕਰਨ ਤਹਿਤ ਸਰਕਾਰੀ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ।
ਇਸ ਸੂਰਤ ਵਿਚ, ਭਾਰਤ ਭਰ ਦੇ ਦਲਿਤ ਅਸਲ Ḕਚ ਇਕ ਪੱਖ ਤੋਂ ਹੀ ਇਕਮੁੱਠ ਹਨ; ਉਹ ਭਾਵੇਂ ਕੇਰਲ ਦੇ ਹੋਣ ਜਾਂ ਕਰਨਾਟਕ ਦੇ, ਪੰਜਾਬ ਜਾਂ ਪੱਛਮੀ ਬੰਗਾਲ ਦੇ, ਉਨ੍ਹਾਂ ਅੱਗੇ ਮਹਾਨ ਡਾ. ਬੀ.ਆਰ. ਅੰਬੇਡਕਰ ਦੀ ਰੌਸ਼ਨ ਮਿਸਾਲ ਹੈ। ਆਪਣੀ ਬੌਧਿਕਤਾ ਤੇ ਸਿਆਣਪ ਅਤੇ ਉਚੇ ਸਿਆਸੀ ਅਹੁਦੇ ਹਾਸਲ ਕਰਨ ਸਦਕਾ ਅੰਬੇਡਕਰ ਦਾ ਆਪਣੇ ਜੀਵਨ ਦੌਰਾਨ ਤਾਂ ਆਪਣੀ ਉਪ-ਜਾਤ, ਭਾਵ ਮਹਾਂਰਾਸ਼ਟਰ ਦੇ ਮਹਾਰਾਂ ਦਰਮਿਆਨ ਹੀ ਆਧਾਰ ਸੀ ਪਰ ਮੌਤ ਤੋਂ ਬਾਅਦ ਉਹ ਦੇਸ਼ ਭਰ ਦੇ ਦਲਿਤਾਂ ਦੀ ਪਛਾਣ ਬਣ ਗਏ। ਦੂਜੇ ਪਾਸੇ, ਆਦਿਵਾਸੀਆਂ ਕੋਲ ਅਜਿਹੀ ਕੋਈ ਸ਼ਖਸੀਅਤ ਨਹੀਂ; ਕੋਈ ਅਜਿਹਾ ਮੌਜੂਦਾ ਜਾਂ ਮਰਹੂਮ ਕਬਾਇਲੀ ਆਗੂ ਨਹੀਂ ਜਿਸ ਦਾ ਅਜਿਹਾ ਕੱਦ ਤੇ ਰੁਤਬਾ ਹੋਵੇ ਕਿ ਉਹ ਸਭ ਇਲਾਕਾਈ ਤੇ ਭਾਸ਼ਾਈ ਵਖਰੇਵਿਆਂ ਤੋਂ ਪਾਰ ਚਲਾ ਗਿਆ ਹੋਵੇ।
ਦਲਿਤਾਂ ਵਿਚ ਡਾ. ਅੰਬੇਡਕਰ ਦੇ ਇਸ ਮਿਸਾਲੀ ਰੁਤਬੇ ਤੋਂ ਮੈਂ ਚਿਰਾਂ ਤੋਂ ਵਾਕਫ ਹਾਂ ਅਤੇ ਕਾਇਲ ਵੀ ਹਾਂ। ਇਹ ਪ੍ਰਭਾਵ ਏਕਨਾਥ ਆਵਾਡ ਦੀ ਸਵੈਜੀਵਨੀ ਪੜ੍ਹਦਿਆਂ ਮੁੜ ਤਾਜ਼ਾ ਹੋ ਗਿਆ ਜਿਹੜੀ ਮੂਲ ਮਰਾਠੀ ਵਿਚ ਲਿਖੀ ਗਈ ਹੈ ਤੇ ਜੈਰੀ ਪਿੰਟੋ ਨੇ ਇਸ ਦਾ ਅੰਗਰੇਜ਼ੀ ਤਰਜਮਾ ਕੀਤਾ ਹੈ। ਆਵਾਡ ਦਾ ਜਨਮ ਦਲਿਤ ਮਾਂਗ ਜਾਂ ਮਤਾਂਗ ਭਾਈਚਾਰੇ ਵਿਚ, ਮਹਾਂਰਾਸ਼ਟਰ ਦੇ ਮਰਾਠਵਾੜਾ ਖਿੱਤੇ Ḕਚ ਹੋਇਆ ਪਰ ਉਸ ਨੂੰ ਪੜ੍ਹਾਈ ਵਿਚ ਬਹੁਤ ਰੁਚੀ ਸੀ ਜੋ ਛੋਟੀ ਉਮਰੇ ਹੀ ਜ਼ਾਹਰ ਹੋ ਗਈ। ਇਸ ਕਾਰਨ ਉਸ ਦੇ ਰਿਸ਼ਤੇਦਾਰ ਉਸ ਨੂੰ Ḕਮਹਾਰਾਚਾ ਔਲਾਦḔ ਭਾਵ ਮਹਾਰ ਦਾ ਪੁੱਤ ਕਹਿਣ ਲੱਗੇ। ਇਸ ਦਾ ਕਾਰਨ ਮਹਾਰ ਭਾਈਚਾਰੇ ਨਾਲ ਸਬੰਧਿਤ ਡਾ. ਬੀ.ਆਰ. ਅੰਬੇਡਕਰ ਸਨ ਜਿਨ੍ਹਾਂ ਦਾ ਕਹਿਣਾ ਸੀ, “ਸਿੱਖਿਆ ਸ਼ੇਰਨੀ ਦਾ ਦੁੱਧ ਹੈ। ਜੋ ਵੀ ਇਸ ਨੂੰ ਪੀਵੇਗਾ, ਉਹੀ ਦਹਾੜੇਗਾ।”
ਸਕੂਲ ਪੜ੍ਹਾਈ ਦੌਰਾਨ ਹੀ ਏਕਨਾਥ ਆਵਾਡ ਨੇ ਡਾ. ਅੰਬੇਡਕਰ ਨੂੰ ਖੁੱਭ ਕੇ ਪੜ੍ਹ ਲਿਆ; ਉਹ ਨਾਲ ਹੀ ਸੋਸ਼ਲਿਸਟ ਆਗੂ ਅਤੇ ਐਮ.ਪੀ. ਨਾਥ ਪਾਈ ਦੇ ਭਾਸ਼ਣ ਵੀ ਸੁਣਦਾ ਜੋ ਕਿਸੇ ਸਮੇਂ ਬਹੁਤ ਪ੍ਰੇਰਨਾਦਾਈ ਹਸਤੀ ਸੀ ਪਰ ਹੁਣ ਭੁਲਾ ਦਿੱਤਾ ਗਿਆ ਹੈ। ਆਵਾਡ 1970ਵਿਆਂ ਦੌਰਾਨ ਸਮਾਜਿਕ ਜਥੇਬੰਦੀ ਦਲਿਤ ਪੈਂਥਰਜ਼ ਤੇ ਉਸ ਸਮੇਂ ਮਰਾਠਵਾੜਾ ਯੂਨੀਵਰਸਿਟੀ ਨੂੰ ਡਾ. ਅੰਬੇਡਕਰ ਦਾ ਨਾਂ ਦੇਣ ਦੀ ਮੰਗ ਲਈ ਹੋਏ ਜ਼ੋਰਦਾਰ ਅੰਦੋਲਨ ਤੋਂ ਕਾਫੀ ਪ੍ਰਭਾਵਿਤ ਸੀ। ਇਸ ਅੰਦੋਲਨ ਬਾਰੇ ਉਸ ਨੇ ਲਿਖਿਆ ਹੈ: “ਜੇ ਇਕ ਦਿਨ ਯੂਨੀਵਰਸਿਟੀ ਦਾ ਨਾਂ ਬਦਲਣ ਦੇ ਹੱਕ Ḕਚ ਮੋਰਚਾ ਨਿਕਲਦਾ ਤਾਂ ਦੂਜੇ ਦਿਨ ਖਿਲਾਫ ਨਿਕਲਦਾ। ਇਸ ਤਰ੍ਹਾਂ ਇਕ ਤੋਂ ਬਾਅਦ ਦੂਜੇ ਮੋਰਚਿਆਂ ਦੀ ਲੜੀ ਜਿਹੀ ਬਣ ਗਈ। ਸ਼ਿਵ ਸੈਨਾ ਵਲੋਂ ਨਾਂ ਬਦਲੀ (ਯੂਨੀਵਰਸਿਟੀ ਦਾ ਨਾਂ ਡਾ. ਅੰਬੇਡਕਰ ਦੇ ਨਾਂ Ḕਤੇ ਰੱਖਣ) ਦਾ ਵਿਰੋਧ ਕੀਤਾ ਜਾ ਰਿਹਾ ਸੀ। ਸਾਰੇ ਲੋਕ, ਅਧਿਆਪਕ, ਵਿਦਿਆਰਥੀ, ਵਕੀਲ, ਡਾਕਟਰ ਤੋਂ ਲੈ ਕੇ ਪੇਂਡੂ ਤੱਕ ਇਕ ਜਾਂ ਦੂਜੀ ਧਿਰ Ḕਚ ਵੰਡੇ ਗਏ ਸਨ।”
ਨਾਂ ਬਦਲੀ ਦੇ ਇਸ ਅੰਦੋਲਨ ਤੋਂ ਖਿਝ ਕੇ ਉਚੀਆਂ ਜਾਤਾਂ ਨੇ ਦਲਿਤਾਂ ਦਾ ਵਹਿਸ਼ੀਆਨਾ ਦਮਨ ਸ਼ੁਰੂ ਕਰ ਦਿੱਤਾ। ਆਵਾਡ ਲਿਖਦਾ ਹੈ, “ਮਹਾਰ ਗਿਣੇ-ਮਿਥੇ ਹਮਲਿਆਂ ਤੇ ਅੱਗਜ਼ਨੀ ਦਾ ਸ਼ਿਕਾਰ ਹੋਏ। ਮਰਾਠਵਾੜਾ ਦੇ 180 ਪਿੰਡਾਂ ਵਿਚ ਅਜਿਹੀ ਹਿੰਸਾ ਹੋਈ। ਦੰਗੇ-ਫਸਾਦ ਦਸ ਦਿਨ ਜਾਰੀ ਰਹੇ। ਅਠਾਰਾਂ ਥਾਈਂ ਪੁਲੀਸ ਨੇ ਗੋਲੀ ਚਲਾਈ। ਦਲਿਤਾਂ ਦੇ ਹਜ਼ਾਰ ਤੋਂ ਵੱਧ ਘਰ ਸਾੜ ਦਿੱਤੇ ਗਏ।” ਆਵਾਡ ਜੋ ਉਸ ਸਮੇਂ ਕਾਲਜ ਵਿਦਿਆਰਥੀ ਸੀ, ਇਸ ਟਕਰਾਅ ਤੋਂ ਬਹੁਤ ਦੁਖੀ ਹੋਇਆ। ਉਸ ਮੁਤਾਬਿਕ, “ਜਦੋਂ ਇਹ (ਦਲਿਤਾਂ ਖਿਲਾਫ ਹਿੰਸਾ ਦੀਆਂ) ਖਬਰਾਂ ਆਉਂਦੀਆਂ, ਮੈਂ ਬੇਚੈਨ ਹੋ ਜਾਂਦਾ; ਮੇਰਾ ਦਿਲ ਗੁੱਸੇ ਨਾਲ ਭਰ ਜਾਂਦਾ।”
ਗ਼ਰੀਬੀ ਅਤੇ ਜਾਤੀਵਾਦੀ ਵਿਤਕਰੇ ਖਿਲਾਫ ਆਪਣੀ ਮੁੱਢਲੀ ਜੱਦੋਜਹਿਦ ਦਾ ਜ਼ਿਕਰ ਕਰਦਿਆਂ ਆਵਾਡ ਕਹਿੰਦਾ ਹੈ: “ਥੁੜ੍ਹਾਂ-ਤੰਗੀਆਂ Ḕਚ ਕੋਈ ਖੁਸ਼ੀ ਨਹੀਂ ਹੋ ਸਕਦੀ। ਜੇ ਤੁਹਾਨੂੰ ਸਾਰੀ ਜ਼ਿੰਦਗੀ ਬੇਇਜ਼ਤੀ ਤੇ ਅਪਮਾਨ ਦਾ ਸ਼ਿਕਾਰ ਹੋਣਾ ਪਵੇ ਤਾਂ ਇਹ ਜ਼ਿੰਦਗੀ ਆਨੰਦਮਈ ਨਹੀਂ ਹੋਵੇਗੀ ਪਰ ਜਦੋਂ ਕੋਈ ਇਨਸਾਨ ਜ਼ਿੰਦਗੀ ਦੇ ਹਾਲਾਤ ਖਿਲਾਫ ਲੜਦਾ ਹੈ, ਬੇਇਨਸਾਫੀ ਖਿਲਾਫ ਖੜ੍ਹਾ ਹੁੰਦਾ ਹੈ ਤਾਂ ਜ਼ਿੰਦਗੀ ਨਿਵੇਕਲਾ ਜੋਸ਼ ਦਿੰਦੀ ਹੈ। ਮੇਰਾ ਤਜਰਬਾ ਹੈ ਕਿ ਸੰਘਰਸ਼ ਨੇ ਹੀ ਮੈਨੂੰ ਰਾਹ ਦਿਖਾਇਆ ਤੇ ਇਸ ਨਾਲ ਮੈਨੂੰ ਆਪਣਾ ਰੋਹ ਤੇ ਗੁੱਸਾ ਸ਼ਾਂਤ ਕਰਨ ਦਾ ਮੌਕਾ ਮਿਲਿਆ। ਇੰਜ ਇਹ ਇਕ ਤਰ੍ਹਾਂ ਮੇਰੀ ਆਦਤ ਹੀ ਬਣ ਗਈ।” ਸੱਤਰਵਿਆਂ ਤੇ ਅੱਸੀਵਿਆਂ ਦੇ ਮਹਾਂਰਾਸ਼ਟਰ ਬਾਰੇ ਆਵਾਡ ਲਿਖਦਾ ਹੈ: “ਉਸ ਵੇਲੇ, ਦੋਵਾਂ ਸ਼ਿਵ ਸੈਨਾ ਤੇ ਕਾਂਗਰਸ ਪਾਰਟੀ ਦਾ ਦਲਿਤਾਂ ਪ੍ਰਤੀ ਜ਼ਹਿਰੀ ਰਵੱਈਆ ਸੀ… ਸ਼ਿਵ ਸੈਨਾ ਨੂੰ ਮੁੰਬਈ ਆਧਾਰਿਤ ਪਾਰਟੀ ਵਜੋਂ ਦੇਖਿਆ ਜਾਂਦਾ ਸੀ ਜਿਹੜੀ ਮਰਾਠੀ ਲੋਕਾਂ ਦੇ ਹੱਕਾਂ ਲਈ ਲੜ ਰਹੀ ਸੀ। ਪਿੰਡਾਂ ਵਿਚ ਇਸ ਦੀ ਦਿੱਖ ਉਚੀਆਂ ਜਾਤਾਂ ਦੀ ਪਾਰਟੀ ਵਾਲੀ ਸੀ ਜਿਹੜੀ ਹਿੰਦੂ ਜਾਤੀਵਾਦੀ ਉਚਤਾ ਦੀ ਰਾਖੀ ਕਰਦੀ ਸੀ।”
ਪਹਿਲਾਂ ਬੀ.ਏ. ਅਤੇ ਫਿਰ ਸਮਾਜਿਕ ਕਾਰਜ ਦੀ ਐਮ.ਏ. ਕਰਨ ਤੋਂ ਬਾਅਦ ਏਕਨਾਥ ਆਵਾਡ ਨੇ ਉਚ-ਜਾਤੀ ਆਦਰਸ਼ਵਾਦੀ ਜੋੜੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਹ ਜੋੜਾ ਆਪਣੀ ਸੋਸ਼ਲਿਸਟ ਸੋਚ ਸਦਕਾ ਆਦਿਵਾਸੀਆਂ ਲਈ ਕੰਮ ਕਰਨਾ ਚਾਹੁੰਦਾ ਸੀ, ਕਿਉਂਕਿ ਆਦਿਵਾਸੀ ਵਰਗ ਉਦੋਂ (ਹੁਣ ਵਾਂਗ ਹੀ) ਭਾਰਤੀ ਸਮਾਜ ਦਾ ਸਭ ਤੋਂ ਵੱਧ ਸੋਸ਼ਿਤ ਤਬਕਾ ਸੀ। ਆਪਣੇ ਤਜਰਬੇ ਦੇ ਆਧਾਰ Ḕਤੇ ਆਵਾਡ ਲਿਖਦਾ ਹੈ: “ਕਬਾਇਲੀ ਕਾਫੀ ਜ਼ੁਲਮ-ਜਬਰ ਬਰਦਾਸ਼ਤ ਕਰ ਸਕਦੇ ਹਨ ਪਰ ਦਲਿਤ ਕਾਫੀ ਸੰਘਰਸ਼ ਕਰ ਸਕਦੇ ਹਨ।” ਉਹ ਜ਼ੋਰ ਦੇ ਕੇ ਆਖਦਾ ਹੈ, “ਕਿਸੇ ਵੀ ਸਮਾਜਿਕ ਅੰਦੋਲਨ ਜਾਂ ਇਨਕਲਾਬ ਵਿਚ ਆਦਿਵਾਸੀ ਕਿਸੇ ਹੋਰ ਭਾਈਚਾਰੇ ਜਾਂ ਆਗੂ ਦੇ ਮਹਿਜ਼ ਪੈਰੋਕਾਰਾਂ ਵਜੋਂ ਹੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦਾ ਕਦੇ ਆਪਣਾ ਕੋਈ ਆਗੂ ਨਹੀਂ ਹੋਇਆ। ਅੱਜ ਤੱਕ ਵੀ, ਕਬਾਇਲੀਆਂ ਦੇ ਬੜੇ ਘੱਟ ਆਪਣੇ ਆਗੂ ਹਨ।” ਮਹਾਂਰਾਸ਼ਟਰ ਭਰ ਵਿਚ ਆਪਣੇ ਦੌਰਿਆਂ ਦੌਰਾਨ, ਆਵਾਡ ਨੂੰ ਵਾਰ-ਵਾਰ ਆਪਣੇ ਬਚਪਨ ਦੇ ਇਸ ਤਜਰਬੇ ਦੀ ਪੁਸ਼ਟੀ ਹੋਈ ਕਿ ਉਸ ਦੇ ਆਪਣੇ ਮਾਂਗ ਭਾਈਚਾਰੇ ਦੇ ਲੋਕ ਅੰਬੇਡਕਰ ਦੇ ਮਹਾਰਾਂ ਦੇ ਮੁਕਾਬਲੇ ਕਿਤੇ ਵੱਧ ਅਧੀਨਗੀ ਪਸੰਦ ਸਨ।
ਉਸ ਨੇ ਉਨ੍ਹਾਂ ਨੂੰ ਇਸ ਅਧੀਨਗੀ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਮਾਂਗ ਲੋਕਾਂ ਨੂੰ ਆਪਣੇ ਰਵਾਇਤੀ ਜਾਤ ਆਧਾਰਿਤ ਕੰਮ ਛੱਡਣ ਤੇ ਸਿੱਖਿਅਤ ਹੋਣ ਲਈ ਪ੍ਰੇਰਿਆ। ਉਸ ਦੀ ਇਹ ਸਵੈਜੀਵਨੀ ਅਜਿਹੇ ਅਨੇਕਾਂ ਸੰਘਰਸ਼ਾਂ ਦਾ ਵੇਰਵਾ ਦਿੰਦਾ ਹੈ ਜਿਨ੍ਹਾਂ ਵਿਚ ਉਸ ਨੇ ਸ਼ਿਰਕਤ ਕੀਤੀ- ਕੁਝ ਅੰਦੋਲਨ ਸਫਲ ਰਹੇ, ਕੁਝ ਨਹੀਂ। ਆਪਣੇ ਇਸ ਸੰਘਰਸ਼ਮਈ ਪੈਂਡੇ ਨੂੰ ਤਨਜ਼ੀਆ ਢੰਗ ਨਾਲ ਚੇਤੇ ਕਰਦਾ ਉਹ ਕਹਿੰਦਾ ਹੈ, “ਮੈਂ ਮੋਰਚਿਆਂ, ਅੰਦੋਲਨਾਂ ਵਿਚ ਗਲ-ਗਲ ਤੱਕ ਡੁੱਬਾ ਸਾਂ। ਥਾਣਿਆਂ ਤੇ ਸਰਕਾਰੀ ਦਫਤਰਾਂ ਵਿਚ ਆਮ ਆਉਣਾ-ਜਾਣਾ ਰਹਿੰਦਾ ਸੀ।” ਉਸ ਨੇ ਇਹ ਗੱਲ ਜਾਤੀਵਾਦੀ ਜ਼ੁਲਮਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਸੰਘਰਸ਼ ਤੋਂ ਬਾਅਦ ਕਹੀ। ਉਹ ਕਹਿੰਦਾ ਹੈ ਕਿ ਉਸ ਦੇ Ḕਹਰ ਪਿੰਡ ਵਿਚ ਦੁਸ਼ਮਣ ਸਨ ਅਤੇ ਜਾਨ ਦਾ ਖਤਰਾ ਬਣਿਆ ਰਹਿੰਦਾḔ ਸੀ।
ਏਕਨਾਥ ਆਵਾਡ ਦੀ ਸਵੈਜੀਵਨੀ ਦੇ ਅੰਗਰੇਜ਼ੀ ਅਨੁਵਾਦ ਦਾ ਸਿਰਲੇਖ Ḕਸਟਰਾਈਕ ਏ ਬਲੋਅ ਟੂ ਚੇਂਜ ਦਿ ਵਰਲਡḔ ਹੈ। ਇਹ ਵਧੀਆ ਸਾਹਿਤਕ ਤੇ ਸਮਾਜ ਸ਼ਾਸਤਰੀ ਲਿਖਤ ਹੈ। ਇਸ ਵਿਚ ਉਸ ਦੇ ਸਾਥੀ ਸੰਘਰਸ਼ਸ਼ੀਲ ਕਾਰਕੁਨਾਂ ਤੇ ਪਰਿਵਾਰਕ ਜੀਆਂ (ਖਾਸਕਰ ਉਸ ਦੀ ਪਤਨੀ) ਦੇ ਵਧੀਆ ਰੇਖਾ ਚਿੱਤਰ ਹਨ ਤੇ ਨਾਲ ਹੀ ਉਨ੍ਹਾਂ ਤਾਕਤਾਂ ਬਾਰੇ ਵੀ ਤਿੱਖੇ ਵਿਸ਼ਲੇਸ਼ਣ ਹਨ ਜਿਹੜੀਆਂ ਸਮਾਜਿਕ ਨਿਆਂ ਦੇ ਅੰਦੋਲਨ ਦੇ ਰਾਹ ਵਿਚ ਅੜਿੱਕਾ ਬਣਦੀਆਂ ਹਨ ਜਾਂ ਇਸ ਨੂੰ ਹੁਲਾਰਾ ਦਿੰਦੀਆਂ ਹਨ। ਉਹ ਲਿਖਦਾ ਹੈ: “ਦਲਿਤਾਂ ਨੂੰ ਮਹਿਜ਼ ਖਾਣਾ ਖੁਆਉਣ ਜਾਂ ਕੁਝ ਪੱਕੇ ਮਕਾਨ ਦੇਣ ਨਾਲ ਛੂਤ-ਛਾਤ ਦੀ ਸਮੱਸਿਆ ਨਹੀਂ ਮੁੱਕ ਸਕਦੀ। ਉਨ੍ਹਾਂ ਵਿਚ ਸਵੈਮਾਣ ਦੀ ਭਾਵਨਾ ਜਗਾਉਣਾ ਇਸ ਤੋਂ ਜ਼ਿਆਦਾ ਜ਼ਰੂਰੀ ਹੈ।” ਇਸੇ ਤਰ੍ਹਾਂ ਮਜ਼ਦੂਰਾਂ ਦੇ ਠੇਕੇਦਾਰੀ ਕਰਨ ਵਾਲੇ ਮਾਂਗ ਭਾਈਚਾਰੇ ਦੇ ਕਿਸੇ ਵਿਅਕਤੀ ਵਲੋਂ ਖਾਹਮਖਾਹ ਹੰਕਾਰ ਦਿਖਾਏ ਜਾਣ Ḕਤੇ ਉਹ ਲਿਖਦਾ ਹੈ: “ਕਿਸੇ ਬੰਦੇ ਦਾ ਜਾਤੀ ਰੁਤਬਾ ਜੋ ਵੀ ਹੋਵੇ, ਜਿਉਂ ਹੀ ਉਸ ਨੂੰ ਰਤਾ ਤਾਕਤ ਮਿਲਦੀ ਹੈ, ਭਾਵੇਂ ਕਿਸੇ ਗਰੀਬ ਮਜ਼ਦੂਰ Ḕਤੇ ਹੀ ਮਿਲੀ ਹੋਵੇ, ਉਹ ਮਗਰੂਰ ਬਣ ਜਾਂਦਾ ਹੈ।”
ਆਪਣੇ ਸੰਘਰਸ਼ ਦੀ ਸ਼ੁਰੂਆਤ ਬਾਰੇ ਉਹ ਲਿਖਦਾ ਹੈ: “ਮਾਂਗ ਭਾਈਚਾਰੇ ਦਾ ਹੋਣ ਕਾਰਨ ਮੁੱਖ ਦਲਿਤ ਪਾਰਟੀਆਂ ਮੇਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ। ਜਿਵੇਂ ਬਾਬਾ ਸਾਹਿਬ ਦਾ ਨਾਂ ਵਰਤਣ ਦਾ ਹੱਕ ਕਿਸੇ ਇਕ ਜਾਤ ਨੂੰ ਹੀ ਹੋਵੇ। ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਅਸੀਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਜਾਤੀਵਾਦੀ ਵਲਗਣਾਂ ਵਿਚ ਬੰਦ ਕਰੀਏ।” ਇਸ ਤਰ੍ਹਾਂ ਆਵਾਡ ਨੇ ਬੀ.ਆਰ. ਅੰਬੇਡਕਰ ਦੀਆਂ ਪ੍ਰਾਪਤੀਆਂ ਨੂੰ ਬਣਦੀ ਮਾਨਤਾ ਦਿਵਾਉਣ ਲਈ ਖੁਦ ਅਹਿਮ ਕਿਰਦਾਰ ਨਿਭਾਇਆ, ਉਨ੍ਹਾਂ ਨੂੰ ਮਹਾਰਾਂ ਵਾਂਗ ਹੀ ਮਾਂਗਾਂ ਲਈ ਤੇ ਨਾਲ ਹੀ ਉਚੀ ਜਾਤ ਦੇ ਵੱਖ-ਵੱਖ ਵਿਅਕਤੀਆਂ ਲਈ ਪ੍ਰੇਰਨਾ ਦਾ ਪ੍ਰਤੀਕ ਬਣਾਇਆ।
ਸੱਤਰਵਿਆਂ ਦੌਰਾਨ ਜਦੋਂ ਏਕਨਾਥ ਆਵਾਡ ਨੌਜਵਾਨ ਹੀ ਸੀ ਤਾਂ ਮਰਾਠਵਾੜਾ ਦੀਆਂ ਉਚੀਆਂ ਜਾਤਾਂ ਯੂਨੀਵਰਸਿਟੀ ਦਾ ਨਾਂ ਡਾ. ਅੰਬੇਡਕਰ ਦੇ ਨਾਂ Ḕਤੇ ਰੱਖਣ ਦਾ ਹਿੰਸਕ ਵਿਰੋਧ ਕਰ ਰਹੀਆਂ ਸਨ। ਇਸ ਤੋਂ ਬਹੁਤ ਸਾਲਾਂ ਬਾਅਦ ਆਵਾਡ ਨੇ ਡਾ. ਅੰਬੇਡਕਰ ਦੀ ਪਤਨੀ ਰਮਾਬਾਈ ਦੇ ਨਾਂ Ḕਤੇ ਸਹਿਕਾਰੀ ਸਭਾ ਬਣਾਈ ਤੇ ਕਾਮਯਾਬੀ ਨਾਲ ਚਲਾਈ। ਵੱਖ-ਵੱਖ ਜਾਤਾਂ ਦੀਆਂ ਔਰਤਾਂ ਦੀ ਮੈਂਬਰੀ ਵਾਲੀ ਇਹ ਸੁਸਾਇਟੀ ਮਛੇਰਿਆਂ, ਪਸ਼ੂ ਪਾਲਕਾਂ ਅਤੇ ਅਜਿਹੇ ਹੋਰ ਕਿਰਤੀਆਂ ਨੂੰ ਦਲਾਲਾਂ ਦੀ ਲੁੱਟ ਤੋਂ ਬਚਾ ਕੇ ਉਨ੍ਹਾਂ ਦੀ ਜਿਣਸ ਦਾ ਵਾਜਬ ਮੁੱਲ ਦਿਵਾਉਂਦੀ।
ਇਸ Ḕਤੇ ਮਾਣ ਕਰਦਾ ਹੋਇਆ ਆਵਾਡ ਲਿਖਦਾ ਹੈ: “ਇਥੋਂ ਤੱਕ ਜਿਹੜੇ ਪੇਂਡੂ ਲੋਕ ਇਸ ਕਾਰਨ ਮੇਰਾ ਵਿਰੋਧ ਕਰਦੇ ਸਨ ਕਿ ਮੈਂ ਮਰਾਠਵਾੜਾ ਯੂਨੀਵਰਸਿਟੀ ਦੀ ਨਾਂ ਬਦਲੀ ਦਾ ਹਮਾਇਤੀ ਸਾਂ, ਉਹ ਵੀ ਬਾਬਾ ਸਾਹਿਬ ਦੀ ਪਤਨੀ ਦੇ ਨਾਂ ਵਾਲੀ ਇਸ ਸੁਸਾਇਟੀ ਦੇ ਮੈਂਬਰ ਸਨ। ਹੋਰ ਮੈਂ ਕੀ ਚਾਹ ਸਕਦਾ ਸਾਂ? ਇਸ ਸਮਾਜਿਕ ਤੌਰ Ḕਤੇ ਪਛੜੇ ਜ਼ਿਲ੍ਹੇ ਵਿਚ ਹੁਣ ਉਚੀਆਂ ਜਾਤਾਂ ਵਾਲੇ ਵੀ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਹਨ। ਕੌਣ ਅਜਿਹਾ ਸੁਪਨਾ ਤੱਕ ਦੇਖ ਸਕਦਾ ਸੀ? ਪਰ ਹੁਣ ਇਹ ਸਾਲਾਨਾ ਸਮਾਗਮ ਬਣ ਚੁੱਕਾ ਹੈ।”
ਡਾ. ਬੀ.ਆਰ. ਅੰਬੇਡਕਰ ਛੇ ਦਹਾਕੇ ਪਹਿਲਾਂ ਚਲਾਣਾ ਕਰ ਗਏ ਸਨ ਪਰ ਉਹ ਅੱਜ ਵੀ ਭਾਰਤ ਭਰ ਦੇ ਦਲਿਤਾਂ ਨੂੰ ਸਿੱਖਿਅਤ ਹੋਣ, ਜਥੇਬੰਦ ਹੋਣ ਤੇ ਸੰਘਰਸ਼ ਕਰਨ ਅਤੇ ਨਾਲ ਹੀ ਆਪਣੇ ਨਾਲ ਹੁੰਦੇ ਜਾਤੀਵਾਦੀ ਵਿਤਕਰੇ ਦਾ ਟਾਕਰਾ ਕਰਨ ਅਤੇ ਇਸ ਤੋਂ ਪਾਰ ਪਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਤੋਂ ਵੀ ਵੱਡੀ ਗੱਲ ਇਹ ਕਿ ਸ਼ਾਇਦ ਅੱਜ ਉਚੀਆਂ ਜਾਤਾਂ ਵਿਚ ਵੀ ਅੰਬੇਡਕਰ ਦੇ ਨਾਂ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਪ੍ਰਤੀ ਸਤਿਕਾਰ ਹੈ। ਇਹ ਸਤਿਕਾਰ ਸ਼ਾਇਦ ਕਾਫੀ ਦੇਰ ਬਾਅਦ ਆਇਆ ਹੈ ਤੇ ਜਿਸ Ḕਤੇ ਕਿੰਤੂ-ਪ੍ਰੰਤੂ ਵੀ ਹੈ ਪਰ ਇਸ ਨੂੰ ਹੋਰ ਰੋਕਿਆ ਨਹੀਂ ਸੀ ਜਾ ਸਕਦਾ।
ਆਪਣੀ ਮੌਤ ਤੋਂ ਇੰਨੇ ਸਾਲਾਂ ਬਾਅਦ ਵੀ ਡਾ. ਅੰਬੇਡਕਰ ਦਲਿਤਾਂ ਲਈ ਇਖਲਾਕੀ, ਸਿਆਸੀ ਤੇ ਬੌਧਿਕ ਅਗਵਾਈ ਲਈ ਸੇਧਗਾਰ ਬਣੇ ਹੋਏ ਹਨ। ਅਫਸੋਸ, ਆਦਿਵਾਸੀਆਂ ਕੋਲ ਅਜਿਹਾ ਕੋਈ ਆਗੂ ਨਹੀਂ ਹੈ ਜਿਹੜਾ ਉਨ੍ਹਾਂ ਨੂੰ ਪ੍ਰੇਰਿਤ ਕਰ ਸਕੇ ਅਤੇ ਇਜ਼ਤ-ਅਣਖ ਤੇ ਸਵੈ-ਮਾਣ ਦੇ ਸੰਘਰਸ਼ ਵਿਚ ਉਨ੍ਹਾਂ ਨੂੰ ਸੇਧ ਦੇ ਸਕੇ।