ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੁਪਨਿਆਂ ਦਾ ਸੁਪਨਾ ਲਿਆ ਸੀ, “ਜੀਵਨ ਵਿਚ ਜਿੰਨੀ ਜਲਦੀ ਆਪਣਾ ਟੀਚਾ ਮਿੱਥੋਗੇ, ਸੰਭਾਵਨਾ ਨੂੰ ਸੱਚ ਕਰਨ ਦਾ ਸੰਕਲਪ ਲਵੋਗੇ, ਪ੍ਰਾਪਤੀ ਤੀਕ ਮਾਨਸਿਕ ਅਤੇ ਸਰੀਰਕ ਬੇਚੈਨੀ ਵਿਚ ਰਹੋਗੇ ਤਾਂ ਸੱਚ ਤੁਹਾਡਾ ਹੋਵੇਗਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਵਕਤ ਅਤੇ ਵਖਤ ਦੀ ਗੱਲ ਕੀਤੀ ਹੈ। ਉਹ ਕਹਿੰਦੇ ਹਨ, “ਵਕਤ ਕਦੇ ਵੀ ਸਮੁੱਚੇ ਰੂਪ ਵਿਚ ਕਿਸੇ ਦੇ ਹੱਕ ਵਿਚ ਨਹੀਂ ਹੁੰਦਾ।
ਇਸ ਨੂੰ ਆਪਣੇ ਹੱਕ ਵਿਚ ਕਰਨਾ ਹੁੰਦਾ।…ਵਕਤ ਦੀ ਵਹਿੰਗੀ ਢੋਂਦਿਆਂ ਮਨੁੱਖ ਸਰਵਣ ਪੁੱਤਰ ਵੀ ਬਣਦਾ, ਹਰਨਾਖਸ਼ ਬਾਪ ਵਰਗਾ ਨਿਰਦਈ ਵੀ ਹੁੰਦਾ। ਨਾਨਕ ਦਰਵੇਸ਼ ਵੀ ਅਤੇ ਉਚ ਦਾ ਪੀਰ।…ਵਖਤ ਦੀ ਦਹਿਲੀਜ਼ ‘ਤੇ ਵਹਿਮ, ਵੈਰਾਗ, ਵੀਰਾਨੀ ਜਾਂ ਵਹਿਸ਼ਤ ਨਾ ਧਰੋ, ਸਗੋਂ ਇਸ ਨੂੰ ਦਲੇਰੀ, ਦਮਦਾਰੀ, ਦਿਲ-ਗੁਰਦੇ ਅਤੇ ਦਰਿਆ-ਦਿਲੀ ਨਾਲ ਲਬਰੇਜ਼ ਕਰੋ, ਵਖਤ ਨੂੰ ਆਪਣੀ ਹੋਂਦ ਛੁਪਾਉਣ ਦੀ ਕਾਹਲ ਹੋਵੇਗੀ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਵਕਤ ਹਮੇਸ਼ਾ ਇਕਸਾਰ ਨਹੀਂ ਹੁੰਦਾ। ਕਦੇ ਚੰਗਾ, ਕਦੇ ਮੰਦਾ। ਕਦੇ ਹੱਕ ‘ਚ, ਕਦੇ ਵਿਰੋਧ ਵਿਚ। ਕਦੇ ਸੁਖਾਵਾਂ ਤੇ ਕਦੇ ਅਕਾਵਾਂ। ਕਦੇ ਆਪਣਾ ਹੀ ਲਗਦਾ ਤੇ ਕਦੇ ਬੇਗਾਨਾ।
ਵਕਤ ਕਦੇ ਸੂਖਮ ਅਹਿਸਾਸ ਨਾਲ ਤਾਰੀ, ਕਦੇ ਖੁਆਬ ਖੁਮਾਰੀ। ਕਦੇ ਧਰਤ ‘ਤੇ ਡੇਰਾ ਤੇ ਕਦੇ ਅੰਬਰ ਉਡਾਰੀ। ਕਦੇ ਤ੍ਰੇਲ-ਭਿਜੀਆਂ ਜੂਹਾਂ, ਕਦੇ ਕੇਸਰ ਸੰਜੋਈਆਂ ਸੂਹਾਂ। ਕਦੇ ਚਾਅ-ਚਾਂਗਰ ਅਤੇ ਕਦੇ ਪਿਆਰ-ਪੁਖਤਗੀ। ਕਦੇ ਹਾਵਾਂ ਦੀ ਧੂਣੀ, ਕਦੇ ਗਮਾਂ ਦੀ ਨਾ ਕਤੇਂਦੀ ਪੂਣੀ। ਕਦੇ ਦੁੱਖਾਂ ਦਾ ਪਹਾੜ ਤੇ ਕਦੇ ਹਿੱਕ ਤਪੇਂਦਾ ਹਾੜ। ਕਦੇ ਸਾਵਣ ਦੀਆਂ ਝੜੀਆਂ ਤੇ ਕਦੇ ਮਾਰੂਥਲਾਂ ‘ਚ ਤਕਦੀਰਾਂ ਸੜੀਆਂ।
ਵਕਤ ਕਦੇ ਵੀ ਸਮੁੱਚੇ ਰੂਪ ਵਿਚ ਕਿਸੇ ਦੇ ਹੱਕ ਵਿਚ ਨਹੀਂ ਹੁੰਦਾ। ਇਸ ਨੂੰ ਆਪਣੇ ਹੱਕ ਵਿਚ ਕਰਨਾ ਹੁੰਦਾ। ਤੁਹਾਡੀ ਦਲੇਰੀ ਤੇ ਹਿੰਮਤ ਸਾਹਵੇਂ ਵਕਤ ਤੁਹਾਡੇ ਹੱਕ ਵਿਚ ਖੜਦਾ ਅਤੇ ਧਿਰ ਬਣ ਕੇ ਤਮੰਨਾਵਾਂ ਸੰਗ ਵਰਦਾ।
ਹਰ ਵਕਤ ਲੰਘ ਜਾਂਦਾ, ਕਦੇ ਨਹੀਂ ਰੁਕਦਾ, ਪਰ ਇਸ ਦੀਆਂ ਪੈੜਾਂ ਸਦਾ ਉਕਰੀਆਂ ਜਾਂਦੀਆਂ। ਇਨ੍ਹਾਂ ਪੈੜਾਂ ਦੀ ਮਹਾਨਤਾ ਹਰੇਕ ਲਈ ਵੱਖ-ਵੱਖ। ਪੈੜ-ਪੈਗੰਬਰੀ ਵਿਚੋਂ ਹੀ ਵਕਤ ਨੂੰ ਪਰਖਿਆ ਜਾਂਦਾ। ਵਕਤ ਸੁਨਹਿਰੀ ਵੀ ਹੁੰਦਾ ਤੇ ਕਾਲਖੀ ਵੀ। ਇਸ ਦੀ ਤਾਸੀਰ ਨੂੰ ਹਾਲਾਤ, ਹਾਕਮ ਅਤੇ ਹਸਤੀਆਂ ਨਿਰਧਾਰਤ ਕਰਦੀਆਂ। ਇਸ ਦੀ ਤਕਦੀਰ ਨੂੰ ਇਨਸਾਨੀਅਤ ਨਾਲ ਪ੍ਰਣਾਏ ਵਿਲੱਖਣ ਲੋਕਾਂ ਦੀਆਂ ਤਰਜ਼ੀਹਾਂ, ਤਕਦੀਰ ਨੂੰ ਨਵੀਂ ਸੇਧ, ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਦੀਆਂ।
ਵਕਤ ਦੀ ਵਹਿੰਗੀ ਢੋਂਦਿਆਂ ਮਨੁੱਖ ਸਰਵਣ ਪੁੱਤਰ ਵੀ ਬਣਦਾ, ਹਰਨਾਖਸ਼ ਬਾਪ ਵਰਗਾ ਨਿਰਦਈ ਵੀ ਹੁੰਦਾ। ਨਾਨਕ ਦਰਵੇਸ਼ ਵੀ ਅਤੇ ਉਚ ਦਾ ਪੀਰ। ਇਹ ਤਾਂ ਵਹਿੰਗੀ ਦੀ ਸੂਰਤ ਅਤੇ ਸੀਰਤ ਨੇ ਹੀ ਸਪੱਸ਼ਟ ਕਰਨਾ ਹੁੰਦਾ ਕਿ ਮਨੁੱਖ ਕੀ ਏ?
ਵਕਤ ਦੀ ਤਹਿਜ਼ੀਬ ਵਿਚ ਬਹੁਤ ਕੁਝ ਹੁੰਦਾ, ਜੋ ਮਨੁੱਖ ਦਾ ਹਾਸਲ ਵੀ ਤੇ ਹੋਣੀ ਵੀ ਹੁੰਦਾ। ਮਾਰਗ-ਦਰਸ਼ਨ ਵੀ ਅਤੇ ਦੁਬਿਧਾ ਵਿਚਲਾ ਦਵੰਦ ਵੀ। ਅੰਦਰ ਤੋਂ ਬਾਹਰ ਦਾ ਸਫਰ ਵੀ ਤੇ ਬਾਹਰੋਂ ਅੰਦਰ ਜਾਣ ਦਾ ਦਰ ਵੀ। ਖਲਾਅ ਦੀ ਪਰਵਾਜ਼ ਵੀ ਅਤੇ ਕਦਮ ਉਠਾਉਣ ਦੀ ਬੇਹਿੰਮਤੀ ਵੀ। ਆਪਣੇ ਤੋਂ ਆਪਣੇ ਤੀਕ ਪਹੁੰਚਣ ਦਾ ਹਰਫਨਾਮਾ ਵੀ ਅਤੇ ਆਪਣੇ ਤੋਂ ਦੂਰ ਜਾਣ ਦਾ ਬਹਾਨਾ ਵੀ।
ਵਕਤ ਦੇ ਬਹੁਤ ਸਾਰੇ ਰੰਗ। ਇਨ੍ਹਾਂ ਰੰਗਾਂ ਦੀ ਸਮੁੱਚਤਾ ਹੀ ਇਸ ਨੂੰ ਰੰਗ-ਬਰੰਗਤਾ ਬਖਸ਼ਦੀ। ਇਸ ਕਾਰਨ ਹੀ ਇਕਸਾਰਤਾ ਟੁੱਟਦੀ ਤੇ ਨਿਰੰਤਰਤਾ ਬਰਕਰਾਰ ਰਹਿੰਦੀ। ਇਸ ਨਿਰੰਤਰਤਾ ਵਿਚੋਂ ਹੀ ਜੀਵਨ ਨੂੰ ਗਤੀ ਅਤੇ ਮਨੁੱਖੀ ਸੋਚ ਨੂੰ ਖੰਭ ਮਿਲਦੇ।
ਵਕਤ ਦੀ ਹਨੇਰੀ ਵਿਚ ਜਦ ਆਲ੍ਹਣਿਆਂ ਦੇ ਤੀਲੇ ਬਿਖਰ ਜਾਂਦੇ, ਕੱਖਹੀਣ ਝੁੱਗੀਆਂ ਅੰਬਰ ਨੂੰ ਛੱਤ ਬਣਾਉਂਦੀਆਂ ਜਾਂ ਤਨ ਦੀਆਂ ਲੀਰਾਂ ਵੀ ਕੱਜਣ ਬਣਨ ਤੋਂ ਬੇਵੱਸ ਹੋ ਜਾਂਦੀਆਂ ਤਾਂ ਵਕਤ ਦੀ ਅੱਖ ਵਿਚ ਆਇਆਂ ਹੰਝੂ ਬਹੁਤ ਹੀ ਭਿਆਨਕ ਹੁੰਦਾ। ਇਸ ਭਿਆਨਕਤਾ ਕਾਰਨ ਨਿਰਬਲ ਵਿਅਕਤੀ ਵੀ ਜ਼ਰਜ਼ਰੀਆਂ ਮਰਿਆਦਾਵਾਂ, ਦਲੀਲਾਂ, ਮੱਕਾਰੀ, ਫਰੇਬ ਦਾ ਸਿਵਾ ਸੇਕਣ ਲਈ ਮਜਬੂਰ ਹੋ ਜਾਂਦਾ। ਫਿਰ ਸਮੇਂ ਦੇ ਮੱਥੇ ਦੀਆਂ ਲਿਖੀਆਂ ਵੀ ਉਘੜਦੀਆਂ।
ਵਕਤ ਦੇ ਵਿਹੜੇ ਵਿਚ ਵਕਤ ਵੀ ਤੇ ਵਿਚਾਰ ਵੀ। ਖੇੜੇ ਵੀ ਤੇ ਖੁਸ਼ੀਆਂ ਵੀ। ਜੰਗਾਂ ਵੀ ਅਤੇ ਕਬਰ-ਚਿਣਾਈ ਵੀ। ਰੁਸਵਾਈ ਵੀ ਤੇ ਮੰਨ-ਮਨਾਈ ਵੀ। ਪੀੜਾ ਤੇ ਪ੍ਰਸੰਨਤਾ ਵੀ, ਦੁੱਖ ਤੇ ਸੁੱਖ ਵੀ। ਹਾਸੇ ਵੀ ਤੇ ਹੰਝੂ ਵੀ। ਉਮੀਦ ਤੇ ਤਾਕੀਦ ਵੀ। ਦਿਲਗੀਰੀ ਵੀ ਤੇ ਉਦਮਗੀਰੀ ਵੀ। ਹੌਸਲਾ ਵੀ ਤੇ ਹੰਭਲਾ ਵੀ। ਹੂੰਗਰ ਵੀ ਤੇ ਹਾਕ ਵੀ। ਹੁੰਗਾਰਾ ਵੀ ਤੇ ਲਾਰਾ ਵੀ। ਪਿਆਰ ਦੀ ਛੋਹ ਵੀ ਅਤੇ ਦੁਸ਼ਮਣੀ ਦੀ ਅੱਗ ਵੀ। ਸੁਘੜ ਨਸੀਹਤਾਂ ਵੀ ਤੇ ਚੁਗਲੀਆਂ ਕਰਦੀ ਅੱਗ ਵੀ। ਜੀਵਨ ਨੂੰ ਸੁੰਦਰ ਬਣਾਉਣ ਦੀਆਂ ਸਲਾਹਾਂ ਵੀ ਤੇ ਲੋਕ-ਮਨਾਂ ਵਿਚ ਬੀਜੀਆਂ ਆਹਾਂ ਵੀ। ਬਹੁਤ ਕੁਝ ਹੁੰਦਾ ਸਮੇਂ ਦੀ ਕੁੱਖ ‘ਚ। ਸਮੇਂ ਕੋਲੋਂ ਕੀ ਲੈਣਾ, ਕਿਹੜੇ ਅਰਥਾਂ ਨੂੰ ਜੀਵਨ-ਜਾਚ ਦਾ ਅੰਗ ਬਣਾਉਣਾ ਅਤੇ ਕਿਵੇਂ ਸਾਥ ਸਦੀਵੀ ਨਿਭਾਉਣਾ, ਇਹ ਮਨੁੱਖ ਦੇ ਆਪਣੇ ਵੱਸ। ਸੁਚਾਰੂ ਸੋਚ ਵਕਤ ‘ਤੇ ਉਕਰੀਆਂ ਮਾਰੂ ਘਟਨਾਵਾਂ ਵਿਚੋਂ ਵੀ ਕੋਈ ਸੁਰਖ ਸੁਨੇਹੇ ਲੈ, ਰਾਹਾਂ ਵਿਚ ਚਾਨਣੀ ਤਰੌਂਕ ਸਕਦੀ, ਜਦੋਂ ਕਿ ਨਿੱਘਰੀ ਸੋਚ ਵਾਲੇ ਦੇ ਮਨ ਵਿਚ ਚੰਗੇਰੇ ਪੱਖ ਦੀ ਥਾਂ ਹਨੇਰਾ ਪੱਖ ਹੀ ਭਾਰੂ ਰਹਿੰਦਾ, ਤੇ ਕੁਝ ਹੋਰ ਮਾੜਾ ਕਰਨ ਲਈ ਉਤਾਰੂ ਰਹਿੰਦਾ। ਜਦ ਕਿਸੇ ਦੀ ਕਮੀਨਗੀ ਤੇ ਗਲਾਜ਼ਤ ਸੰਵੇਦਨਾ ‘ਤੇ ਭਾਰੂ ਹੋ ਜਾਵੇ ਤਾਂ ਚੰਗਿਆਈ ਦੀ ਆਸ ਕਿੰਜ ਰੱਖੋਗੇ?
ਵਕਤ ਦੇ ਪਿੰਡੇ ‘ਤੇ ਉਕਰੇ ਵਕਤ ਨੂੰ ਪਛਾਣਨਾ, ਸਮਝਣਾ, ਪਰਤਾਂ ਫਰੋਲਣਾ, ਦੂਰਗਾਮੀ ਅਸਰਾਂ ਦੀ ਨਿਸ਼ਾਨਦੇਹੀ ਕਰਨੀ, ਅਸੀਮ ਕੁ-ਪ੍ਰਭਾਵਾਂ ਅਤੇ ਸੁ-ਪ੍ਰਭਾਵਾਂ ਵਿਚਲੇ ਅਸਾਵੇਂਪਣ ਨੂੰ ਕਿਆਸਣਾ। ਫਿਰ ਵਕਤੀ ਵਖਤ ਵਿਚੋਂ ਉਭਰਨ ਲਈ ਵਸੀਲਿਆਂ ਨੂੰ ਮਨ ‘ਚ ਧਾਰਨਾ, ਉਨ੍ਹਾਂ ਦੀ ਸਾਰਥਕਤਾ ਨੂੰ ਵਿਚਾਰਨਾ ਅਤੇ ਵਕਤ ਦਾ ਹਾਣੀ ਬਣ ਕੇ ਇਸ ਵਿਚੋਂ ਉਭਰਨ ਲਈ ਨਰੋਏ ਕਦਮ ਉਠਾਉਣਾ ਹੀ ਇਨਸਾਨ ਦੀ ਸਭ ਤੋਂ ਵੱਡੀ ਪਹਿਲ ਹੁੰਦੀ। ਇਸ ਪਹਿਲ ਨੂੰ ਪ੍ਰਾਪਤੀ ਬਣਾ, ਵਕਤ ਦੇ ਮੱਥੇ ‘ਤੇ ਅਜਿਹਾ ਸੂਰਜ ਉਗਾਉਂਦਾ ਕਿ ਕੋਈ ਵੀ ਹਨੇਰੇ ਜਗਦੇ ਇਸ ਨੂੰ ਬੁਝਾਉਣ ਦਾ ਸੋਚ ਵੀ ਨਹੀਂ ਸਕਦਾ।
ਯਾਦ ਰੱਖਣਾ! ਵਕਤ ਗੁਜਰ ਜਾਂਦਾ, ਵਖਤ ਵੀ ਲੰਘ ਜਾਂਦਾ; ਪਰ ਅਜਿਹੇ ਵਕਤ ਆਪਣਿਆਂ/ਬਿਗਾਨਿਆਂ ਵਲੋਂ ਨਿਭਾਇਆ ਰੋਲ ਬਹੁਤ ਸਾਰੀਆਂ ਯਾਦਾਂ ਮਨ-ਤਖਤੀ ‘ਤੇ ਝਰੀਟ ਜਾਂਦਾ। ਇਹ ਝਰੀਟਾਂ ਸੁਖਦਾਈ ਅਨੁਭਵ ਵੀ ਹੁੰਦੀਆਂ ਤੇ ਦਰਦ ਦੀ ਇੰਤਹਾ ਵੀ। ਇਨ੍ਹਾਂ ਯਾਦਾਂ ਵਿਚੋਂ ਹੀ ਆਪਣੇਪਨ ਤੇ ਬਿਗਾਨੇਪਨ ਦੀ ਸੋਝੀ ਮਿਲਦੀ ਕਿ ਕਿਵੇਂ ਕੁਝ ਲੋਕ ਆਪਣੇ ਬਣ ਕੇ ਫਰੇਬ ਕਮਾਉਂਦੇ, ਜਦੋਂ ਕਿ ਕੁਝ ਪਰਾਏ ਨਿਸ਼ਕਾਮ ਤੇ ਨੇਕਨੀਤ ਹੁੰਦੇ।
ਵਕਤ ਦੀ ਬੀਹੀ ਵਿਚ ਜਦ ਵਕਤ ਦਨਦਨਾਉਂਦਾ ਤਾਂ ਕੁਝ ਅਜਿਹਾ ਕਰ ਜਾਂਦਾ ਕਿ ਮਨ ਡੋਲਦਾ। ਕਦਮਾਂ ਵਿਚ ਥਿੜਕਣ ਪੈਦਾ ਹੁੰਦੀ। ਸਭ ਕੁਝ ਫਨਾਹ ਹੋਇਆ ਜਾਪਦਾ। ਲੱਗਦਾ ਜਿਵੇਂ ਕਾਇਨਾਤ ਹੀ ਦੁਸ਼ਮਣ ਬਣ ਕੇ ਵਿਨਾਸ਼ ਕਰਨ ‘ਤੇ ਤੁਲੀ ਹੋਵੇ, ਪਰ ਅਜਿਹਾ ਕੁਝ ਨਹੀਂ ਹੁੰਦਾ। ਵਖਤ, ਮਨੁੱਖ ਦੀ ਪ੍ਰੀਖਿਆ। ਇਸ ਵਿਚੋਂ ਪਾਸ ਹੋਣਾ ਹੀ ਮਰਦ-ਨਿਸ਼ਾਨੀ। ਵਖਤ ਦੁਨਿਆਵੀ ਪਦਾਰਥ, ਵਸਤਾਂ, ਘਰ, ਡੰਗਰ, ਮਕਾਨ, ਜਾਇਦਾਦ ਜਾਂ ਫਸਲ ਤਬਾਹ ਕਰ ਸਕਦਾ; ਪਰ ਮਨੁੱਖ ਵਿਚਲੀ ਹਿੰਮਤ, ਮਨ ਦੀ ਕਰੜਾਈ ਅਤੇ ਸਿਰੜ ਨੂੰ ਨਹੀਂ ਡੁਲਾ ਸਕਦੀ। ਮਨੁੱਖ ਦੀ ਹਿੰਮਤ ਸਾਹਵੇਂ ਤਾਂ ਦਰਿਆ ਵੀ ਮੁਹਾਣ ਮੋੜ ਲੈਂਦੇ। ਪੌਣ ਵੀ ਦਿਸ਼ਾ ਬਦਲ ਲੈਂਦੀ। ਅੰਬਰ ਬਣਦਾ ਚਾਨਣ ਦਾ ਪੀੜ੍ਹਾ। ਚੰਨ ਤੇ ਤਾਰੇ ਮਨੁੱਖੀ ਦਿਲਦਾਰੀ ਤੇ ਉਸਾਰੂ ਸੋਚ ਨੂੰ ਸਲਾਮਾਂ ਕਰਦੇ। ਮਨੁੱਖ ਭਵਿੱਖ-ਮੁਖੀ ਸੋਚ ਤੇ ਕੁਝ ਚੰਗੇਰਾ ਕਰਨ ਦੀ ਉਪਾਸਨਾ ਨਾਲ ਪਹਿਲੇ ਨਾਲੋਂ ਬਿਹਤਰ ਪ੍ਰਾਪਤੀਆਂ ਕਰ, ਕੁਦਰਤ ਦੇ ਕਹਿਰ ਨੂੰ ਹੈਰਾਨੀ ਵਿਚ ਪਾ ਦਿੰਦਾ। ਅਕਸਰ ਹੀ ਬਜੁਰਗ ਕਿਹਾ ਕਰਦੇ ਸਨ ਕਿ ਹਰ ਸਾਲ ਹੜ੍ਹ ਨਾਲ ਸਾਡੀਆਂ ਫਸਲਾਂ ਤਾਂ ਮਰ ਜਾਂਦੀਆਂ ਸਨ, ਪਰ ਅਸੀਂ ਕਦੇ ਹਿੰਮਤ ਨਹੀਂ ਸੀ ਹਾਰੀ। ਫਿਰ ਉਸੇ ਤਨਦੇਹੀ ਨਾਲ ਫਿਰ ਤੋਂ ਸ਼ੁਰੂ ਕਰ, ਜ਼ਿੰਦਗੀ ਨੂੰ ਲੀਹ ‘ਤੇ ਲੈ ਆਉਂਦੇ ਸਾਂ। ਪਤਾ ਨਹੀਂ ਅਜੋਕਾ ਕਿਸਾਨ ਜਾਂ ਆਦਮੀ ਕਿਉਂ ਝੱਟ ਹੀ ਹਾਰ ਮੰਨ ਲੈਂਦਾ ਏ ਅਤੇ ਖੁਦਕੁਸ਼ੀਆਂ ਦੇ ਰਾਹੇ ਤੁਰ ਪੈਂਦਾ ਏ?
ਵਕਤ ਦੀ ਇਬਾਰਤ ਨੂੰ ਫਰੋਲਿਆਂ ਮਨੁੱਖ ਬਹੁਤ ਕੁਝ ਨੂੰ ਆਪਣਾ ਹਾਸਲ ਬਣਾ ਸਕਦਾ, ਕਿਉਂਕਿ ਵਕਤ ਦੀ ਵਹੀ ਵਿਚ ਵੀ ਛੁਪਿਆ ਏ ਸਭ ਤੋਂ ਵੱਡਾ ਸੱਚ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਨੂੰ ਵਿਚਾਰ ਕੇ, ਸਮਝ ਕੇ ਅਤੇ ਇਸ ਅਨੁਸਾਰ ਕਦਮ ਉਠਾਉਣ ਵਾਲਿਆਂ ਦੇ ਭਾਗਾਂ ਵਿਚ ਮੰਜ਼ਿਲਾਂ ਹੁੰਦੀਆਂ, ਦੂਰ-ਦਿਸਹੱਦੇ ਉਨ੍ਹਾਂ ਨੂੰ ਨਮਸਕਾਰਦੇ ਅਤੇ ਦਰ-ਦਰਵਾਜੀਂ ਉਨ੍ਹਾਂ ਲਈ ਪਾਣੀ ਡੋਲ੍ਹਿਆ ਤੇ ਤੇਲ ਚੋਇਆ ਜਾਂਦਾ। ਸ਼ਗਨਾਂ ਦੀ ਰੁੱਤ ਵਿਹੜਿਆਂ ਨੂੰ ਹੀ ਨਸੀਬ ਹੁੰਦੀ, ਜੋ ਵਕਤ ਦੀ ਵਿਸੰਗਤੀ ਨੂੰ ਆਪਣੇ ਹੱਕ ਵਿਚ ਵਿਗਸਣ ਲਾਉਂਦੇ ਅਤੇ ਚਮਨ ਦਾ ਹਾਸਲ ਬਣਾਉਂਦੇ।
ਉਜੜੇ ਬਾਗਾਂ ਨੂੰ ਭਾਗ ਲਾਉਣੇ, ਸੁੰਨਸਾਨ ਨਗਰ ਵਿਚ ਜੀਵਨ ਧੜਕਾਉਣਾ ਅਤੇ ਸੁੰਨਤਾ ਦੇ ਹੋਠਾਂ ‘ਤੇ ਬੋਲ ਟਿਕਾਉਣਾ, ਉਨ੍ਹਾਂ ਦੇ ਹਿੱਸੇ ਆਇਆ, ਜੋ ਵਕਤ ਲਈ ਵੰਗਾਰ ਬਣੇ।
ਵਕਤ ਨੂੰ ਲਲਕਾਰਨਾ ਅਤੇ ਇਸ ਦੀਆਂ ਅਮੋੜ ਕੰਨੀਆਂ ਨੂੰ ਸਾਧਣਾ, ਜਦ ਇਤਿਹਾਸ ਦਾ ਰੌਸ਼ਨ ਵਰਕਾ ਬਣਦਾ ਤਾਂ ਇਸ ਵਿਚੋਂ ਬਾਬਾ ਨਾਨਕ ਵੀ ਪ੍ਰਗਟਦਾ, ਜੋ ਬਾਬਰ ਨੂੰ ਲਲਕਾਰ ਸਕਦਾ ਅਤੇ ਰੱਬ ਨੂੰ ਉਲਾਹਮਾ ਵੀ ਦੇ ਸਕਦਾ। ਜਦ ਅਜਿਹੇ ਰਹਿਬਰ ਦੇ ਭਗਤ ਦੇ ਬੋਲ ਹੀ ਖਾਮੋਸ਼ ਹੋ ਜਾਣ ਜਾਂ ਉਨ੍ਹਾਂ ਦੀਆਂ ਕਲਮਾਂ ਵਿਚ ਖੜੋਤ ਪੈਦਾ ਹੋ ਜਾਵੇ ਤਾਂ ਕੌਣ ਹੋਵੇਗਾ ਜੋ ਵਕਤ ਨੂੰ ਵੰਗਾਰ ਸਕੇ? ਕਬਰ ‘ਤੇ ਜਗਦਾ ਚਿਰਾਗ, ਉਨ੍ਹਾਂ ਸੂਰਜਾਂ ਦੇ ਮੱਥੇ ‘ਤੇ ਬੇਸ਼ਰਮੀ ਧਰ ਜਾਂਦਾ, ਜੋ ਹਨੇਰਿਆਂ ਤੋਂ ਡਰ ਕੇ ਅਲੋਪ ਹੋ ਗਏ। ਜਿਸ ਚਾਨਣ ਵਿਚ ਕਾਲਖ ਨਾਲ ਆਢਾ ਲਾਉਣ ਦੀ ਹਿੰਮਤ ਨਾ ਹੋਵੇ, ਉਸ ਨੂੰ ਚਾਨਣ ਅਖਵਾਉਣ ਦਾ ਕੋਈ ਹੱਕ ਨਹੀਂ।
ਵਖਤ ਦੀ ਦਹਿਲੀਜ਼ ‘ਤੇ ਵਹਿਮ, ਵੈਰਾਗ, ਵੀਰਾਨੀ ਜਾਂ ਵਹਿਸ਼ਤ ਨਾ ਧਰੋ, ਸਗੋਂ ਇਸ ਨੂੰ ਦਲੇਰੀ, ਦਮਦਾਰੀ, ਦਿਲ-ਗੁਰਦੇ ਅਤੇ ਦਰਿਆ-ਦਿਲੀ ਨਾਲ ਲਬਰੇਜ਼ ਕਰੋ, ਵਖਤ ਨੂੰ ਆਪਣੀ ਹੋਂਦ ਛੁਪਾਉਣ ਦੀ ਕਾਹਲ ਹੋਵੇਗੀ।
ਵਖਤ ਵਿਚ ਵਹਿਮੀ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ। ਉਹ ਇਕ ਕਸ਼ਟ ਕਾਰਨ ਕਈ ਕਸ਼ਟਾਂ ਨੂੰ ਖਿਆਲਾਂ ਵਿਚ ਉਪਜਾਉਂਦੇ। ਇਕ ਔਕੜ ਵਿਚੋਂ ਲੰਘਣ ਦੀ ਥਾਂ ਨਵੀਆਂ ਔਕੜਾਂ ਸਿਰਜਦੇ। ਬਹੁਤੀ ਵਾਰ ਮਨ ਦਾ ਵਹਿਮ ਤੁਹਾਡੀ ਕਮਜੋਰੀ ਹੁੰਦੀ। ਇਸ ਨੂੰ ਆਪਣੀ ਤਾਕਤ ਬਣਾ ਕੇ ਮਨੁੱਖ ਨਵੀਆਂ ਪੁਲਾਂਘਾਂ ਨੂੰ ਪਹਿਲ-ਕਦਮੀ ਬਣਾ ਸਕਦਾ।
ਵਕਤ ਦੇ ਵਿਹੜੇ ਵਿਚ ਕੁਝ ਚਿਰਾਗ ਹਰਦਮ ਬੁਝਣ ਬੁਝਣ ਹੀ ਕਰਦੇ। ਕੁਝ ਚਿਰਾਗ ਖੁਦ ਨੂੰ ਬੁਝਣ ਨਹੀਂ ਦਿੰਦੇ ਕਿਉਂਕਿ ਜਿੰਨਾ ਚਿਰ ਅੰਤਰੀਵੀ ਜੋਤ ਜਗਦੀ ਹੈ, ਕੋਈ ਵੀ ਤਾਕਤ ਚਿਰਾਗ ਨੂੰ ਬੁਝਾ ਨਹੀਂ ਸਕਦੀ। ਕੁਝ ਚਿਰਾਗ ਤਾਂ ਤੇਲ ਅਤੇ ਬੱਤੀ ਦੀ ਅਣਹੋਂਦ ਵਿਚ ਖੁਦ ਨੂੰ ਬਾਲ ਕੇ ਰੌਸ਼ਨੀ ਵੰਡਣ ਦੇ ਕਰਮ ਵਿਚ ਖੜੋਤ ਨਹੀਂ ਆਉਣ ਦਿੰਦੇ, ਕਿਉਂਕਿ ਚਾਨਣ ਦਾ ਬਿਨ-ਲਾਭ ਵਣਜ ਕਰਨਾ, ਉਨ੍ਹਾਂ ਦਾ ਧਰਮ।
ਵਕਤ ਨੂੰ ਹਰ ਵੇਲੇ ਹੀ ਚਾਨਣ ਦੀ ਲੋੜ, ਕਿਉਂਕਿ ਆਲੇ-ਦੁਆਲੇ ਤਾਂ ਪਸਰਿਆ ਹੋਇਆ ਹੈ ਅੰਧ-ਗੁਬਾਰ; ਤਾਂ ਹੀ ਕਲਮ ਕੂਕਦੀ,
ਵਕਤ ‘ਤੇ ਉਕਰੀ ਮਸਤਕ ਰੇਖਾ
ਕਿਰਨਾਂ ਦੀ ਤ੍ਰਿਹਾਈ
ਗਮ-ਗਰਭ ਨੂੰ ਗੋਦ ਖਿਡਾਵੇ
ਤੇ ਪੀੜਾ ਸੰਗ ਪ੍ਰਣਾਈ
ਇਸ ਦੀ ਜੂਹੇ ਤਦਬੀਰ-ਤੰਦਾਂ ਨੇ
ਤਰਜ਼ੀਹਾਂ ਉਲਝਾਈਆਂ
ਤੇ ਵਕਤ-ਪੱਲੇ ‘ਚ ਬੰਨ ਗਈਆਂ
ਤੜਫ, ਤਾਂਘ, ਤਨਹਾਈਆਂ
ਵਕਤਾ ਵੇ! ਕਦੇ ਵਖਤ ਵਿਚਾਰੀਂ
ਤੇ ਮੱਥੇ ਬੀਜੀਂ ਤਾਰੇ
ਕਲਮ, ਹਰਫ ਤੇ ਜ਼ਰਜ਼ਰੀ ਵਰਕਾ
‘ਵਾਜਾਂ ਮਾਰ ਕੇ ਹਾਰੇ
ਵਕਤਾ ਵੇ! ਤੇਰੇ ਮੋਢੇ ਬਗਲੀ
ਕਾਹਤੋਂ ਖਾਲਮ-ਖਾਲੀ
ਕੇਹੀ ਸੁੰਨ ਤੇ ਕਾਹਦਾ ਝੋਰਾ
ਤੇ ਭੁੱਖ ਦੇ ਸੰਗ ਭਿਆਲੀ
ਵੇਲਿਆ ਵੇ! ਤੇਰੇ ਨੈਣੀਂ ਸੁਪਨੇ
ਸਾਹੋਂ ਵਿਰਵੇ ਹੋਏ
ਕਦੇ ਤਾਂ ਇਸ ਦੀ ਕਾਲਖ ਨਗਰੀ
ਚਾਨਣ ਪਹਿਰ-ਪਰੋਏ
ਵਕਤਾ ਵੇ! ਤੇਰੇ ਵਿਹੜੇ ਵਿਚ
ਰਾਤ ਕਦੇ ਨਾ ਹੋਵੇ
ਹਰ ਘਰ ਦੇ ਹੀ ਦਰ-ਦਰਵਾਜੇ
ਸਰਘੀ ਆ ਕੇ ਧੋਵੇ
ਵਕਤਾ ਵੇ! ਚੱਲ ਸੁਪਨ ਵਿਹਾਜੀਏ
ਤੇ ਸੋਚੀਂ ਸਫਰ ਉਗਾਈਏ
ਤੇ ਅੰਦਰ ਉਗਮੇ ਰਾਤ-ਬਨੇਰੇ
ਹਿੰਮਤ-ਚਿਰਾਗ ਜਗਾਈਏ
ਰੁੱਸ ਗਈਆਂ ਜੋ ਰਾਹਾਂ ਸਾਥੋਂ
ਪੈੜਾਂ ਦੇ ਨਾਂ ਲਾਈਏ
ਤੇ ਸਮਿਆਂ ਦੀ ਸੱਖਣੀ ਸਰਦਲੇ
ਪਾਣੀ ਡੋਲ ਕੇ ਆਈਏ।
ਕਈ ਵਾਰ ਵਖਤ ਕੁਝ ਲੋਕਾਂ ਦੀ ਵੀ ਉਪਜ ਹੁੰਦਾ। ਸਿਰਫ ਨਿੱਜੀ ਸੁਆਰਥ ਦੀ ਪੂਰਤੀ ਲਈ, ਹਉਮੈ ਲਈ, ਧੌਂਸ ਜਮਾਉਣ ਜਾਂ ਵਕਤ ਨੂੰ ਪੁਠਾ ਗੇੜਾ ਦੇਣ ਲਈ। ਵਖਤ ਪਾਉਣਾ, ਇਨ੍ਹਾਂ ਦਾ ਸ਼ੁਗਲ, ਪਰ ਕਈਆਂ ਲਈ ਜਾਨ ਦਾ ਖੌਅ ਵੀ ਹੁੰਦਾ। ਵਖਤੀ ਲੋਕ ਨਾ ਬਣੋ ਸਗੋਂ ਵਕਤ ਦੀ ਤਲੀਆਂ ‘ਤੇ ਲੱਗੀ ਉਸ ਮਹਿੰਦੀ ਦਾ ਗੂੜ੍ਹਾ ਰੰਗ ਬਣੋ, ਜੋ ਸੁਹਾਗਣ ਦਾ ਰੂਪ ਨਿਖਾਰਦੀ, ਬੁੱਢ-ਸੁਹਾਗਣ ਹੋਣ ਦੀ ਦੁਆ ਵੀ ਹੁੰਦਾ।
ਉਸ ਵਕਤ ਨੂੰ ਨਤਮਸਤਕ ਹੋਵੋ, ਜਿਸ ਵਿਚ ਮਰਨਹਾਰੇ ਪਲ ਜਿਉਣ ਜੋਗੇ ਪਹਿਰ ਬਣਦੇ। ਕੋਰੇ ਵਰਕਿਆਂ ਨੂੰ ਹਰਫ ਨਸੀਬ ਹੁੰਦੇ। ਘਰਾਂ ਨੂੰ ਦਰ ਤੇ ਦਰਾਂ ਨੂੰ ਚੋਏ ਤੇਲ ਦਾ ਵਿਸਮਾਦ ਹਾਸਲ ਹੁੰਦਾ। ਜੋੜੇ ਹੱਥਾਂ ਵਿਚ ਆਸਥਾ ਤੇ ਅਰਦਾਸ ਦਾ ਭਰਿਆ ਕਾਸਾ ਅਤੇ ਦੀਦਿਆਂ ਵਿਚ ਸੁਪਨਿਆਂ ਦਾ ਵਾਸਾ ਹੁੰਦਾ। ਉਦਾਸ ਚਿਹਰਿਆਂ ‘ਤੇ ਆਸ ਚਮਕੇ, ਹਾਰੇ ਹੋਇਆਂ ਨੂੰ ਵਿਸ਼ਵਾਸ ਮਿਲੇ ਅਤੇ ਰੱਕੜ ਬਣੇ ਮਨਾਂ ਵਿਚ ਫੁੱਲ ਖਿੜਨ।
ਕੁਝ ਵਕਤ ਕਦੇ ਨਹੀਂ ਪਰਤਦੇ। ਸਿਰਫ ਉਨ੍ਹਾਂ ਦੀਆਂ ਯਾਦਾਂ ਸੰਗ ਜਿਉਣਾ ਹੀ ਜੀਵਨ ਦਾ ਹਾਸਲ ਹੁੰਦਾ। ਅਜਿਹੀਆਂ ਯਾਦਾਂ ਵਿਚ ਹੀ ਵੱਸਦਾ ਹੈ-ਮਾਂ ਦੀ ਗੋਦ ਦਾ ਨਿੱਘ, ਬਾਪ ਦੀ ਛਾਂਵੇਂ ਤੁਰਨਾ, ਬਚਪਨ ਦੀਆਂ ਨਿੱਕੀਆਂ ਸ਼ਰਾਰਤਾਂ ਦਾ ਚੇਤਾ, ਕੋਠਿਆਂ ਤੋਂ ਬੇਧਿਆਨੇ ਵਿਚ ਹੀ ਛਾਲ ਮਾਰਨੀ, ਦਾਦੇ-ਦਾਦੀ ਤੇ ਨਾਨੇ-ਨਾਨੀ ਦੀਆਂ ਬਾਤਾਂ ਦੇ ਹੁੰਗਾਰੇ ਭਰਦਿਆਂ ਉਨ੍ਹਾਂ ਦੀ ਗੋਦ ਵਿਚ ਹੀ ਸੌਂ ਜਾਣਾ, ਲੰਗੋਟੀਏ ਯਾਰਾਂ ਨਾਲ ਮੌਜ-ਮਸਤੀ ਦੇ ਦਿਨ, ਜੀਵਨ ਦੀ ਦੁਪਹਿਰੇ ਸੂਹੇ ਰੰਗਾਂ ਵਿਚ ਰੰਗੇ ਜਾਣਾ, ਰੂਹ-ਰਮਜ਼ ਨੂੰ ਮਿਲਣ ਦੀ ਤਮੰਨਾ, ਸੱਜਣਾਂ ਦੀ ਮੋਹ-ਮਿਲਣੀ ‘ਚ ਸਮੇਂ ਦੇ ਰੁਕ ਜਾਣ ਦਾ ਅਹਿਸਾਸ, ਆਪਣੀ ਧੁਨ ਵਿਚ ਸਫਰ ਨੂੰ ਨਵੇਂ ਦਿਸਹੱਦੇ ਦੇਣਾ ਅਤੇ ਇਕ ਸੁਪਨੇ ਦੀ ਪੂਰਤੀ ਪਿਛੋਂ ਇਕ ਹੋਰ ਸੁੰਦਰ ਸੁਪਨੇ ਵੰਨੀਂ ਲੰਮੀ ਪੁਲਾਂਘ ਪੁੱਟਣੀ। ਇਨ੍ਹਾਂ ਯਾਦਾਂ ਦਾ ਸਰਮਾਇਆ ਵਿਰਲਿਆਂ ਦਾ ਨਸੀਬ। ਇਹ ਯਾਦਾਂ ਹੀ ਅਖੀਰ ‘ਚ ਬਣਦੀਆਂ ਅਦੀਬ।
ਸਫਲ ਵਿਅਕਤੀ ਉਹ ਹੁੰਦੇ, ਜੋ ਵਕਤ ਦੀ ਅੱਖ ਵਿਚ ਝਾਕਦੇ, ਇਸ ਦੀਆਂ ਸੂਖਮ-ਤਰੰਗਾਂ ਨੂੰ ਮਹਿਸੂਸ ਕਰਦੇ ਅਤੇ ਫਿਰ ਵਕਤ ਨੂੰ ਸੁਪਨਿਆਂ ਦੀ ਸਰਜ਼ਮੀਂ ਬਣਾ, ਨਵੀਆਂ ਚਾਨਣ-ਖਿੱਤੀਆਂ ਦਾ ਸਿਰਨਾਵਾਂ ਦਿੰਦੇ, ਕਿਉਂਕਿ,
ਚਾਨਣਾਂ ਦੀ ਹੋਣੀ ਜਦ ‘ਨੇਰੇ ਦੀ ਗੁਲਾਮ ਹੋ ਜੇ
ਤਾਂ ਦਿਨ-ਦੀਵੀਂ ਪੈਂਦੀ ਘੁੱਪ ਰਾਤ
ਸੂਰਜ ਵੀ ਧਰਤੀ ਤੋਂ ਪਰੇ ਪਰੇ ਰਹਿੰਦਾ ਉਦੋਂ
ਅੱਖਾਂ ਅੱਡੀ ਉਡੀਕੇ ਪ੍ਰਭਾਤ
ਬੰਦਿਆਂ ‘ਚੋਂ ਬੰਦਾ ਫਿਰ ਖੁਦ ਹੀ ਅਲੋਪ ਹੁੰਦਾ
ਹਰ ਇਕ ਬਣ ਜਾਂਦਾ ਜਾਤ
ਸਮਿਆਂ ਦੀ ਦੇਹਲੀ ਉਤੇ ਹੰਝੂਆਂ ਦਾ ਖਾਰਾ ਪਾਣੀ
ਬਿਨ-ਤਾਰੇ ਅੰਬਰੀਂ ਪਰਾਤ
ਹਰਫਾਂ ‘ਚ ਹੇਰਵੇ ਤੇ ਹਾਵਿਆਂ ਦੀ ਲੇਰ ਗੂੰਜੇ
ਪੀੜਾ ਬਣੇ ਹਰਫ-ਸੁਗਾਤ
ਅਰਥੀ ਨੂੰ ਆਪਣੇ ਹੀ ਮੋਢੇ ਉਤੇ ਚੁੱਕੀ ਫਿਰੇ
ਹੌਕੇ ਜਿਹੀ ਆਦਮ ਦੀ ਜਾਤ
ਪੌਣਾਂ ਉਤੇ ਉਕਰੀ ਇਬਾਦਤ ਦੀ ਆਸਥਾ ਵੀ
ਭੁੱਲ ਜਾਂਦੀ ਪਾਉਣੀ ਖੈਰਾਤ
ਘਰਾਂ ਅਤੇ ਖੇਤਾਂ ਵਿਚ ਖੇੜਾ ਜੋ ਸੀ ਮੌਲਦਾ
ਬਣ ਜਾਂਦਾ ਬੀਤੀ ਹੋਈ ਬਾਤ
ਪਰ! ਅਜਿਹੇ ਵਕਤ
ਰਹਿਣ ਨਾ ਸਦੀਵ ਕਦੇ
ਆਉਣਾ ਇਕ ਪਲ ਜਦ ਸੂਰਜ ਨੇ ਅੱਖ ਖੋਲ੍ਹ
ਸਰਘੀ ਦਾ ਦਰ ਖੜਕਾਉਣਾ
ਸੁੰਨੇ ਪਏ ਬਨੇਰਿਆਂ ਤੋਂ ਝਰ ਰਹੀ ਧੁੱਪੜੀ ਨੇ
ਵਿਹੜਿਆਂ ਦੀ ਚੁੱਪ ਨੂੰ ਬੁਲਾਉਣਾ
ਬੁੱਢੇ ਹੋਏ ਘਰਾਂ ‘ਚ ਪਰਤ ਕੇ ਪਰਿੰਦਿਆਂ ਨੇ
ਘਰ-ਨਾਦ ਘਰ-ਜੂਹੇ ਲਾਉਣਾ
ਮੀਚੇ ਹੋਏ ਦੀਦਿਆਂ ਨੇ ਸੁਪਨੇ ਹੰਘਾਲ ਕੇ
ਆਲ੍ਹਣੇ ‘ਚ ਅੰਬਰ ਸਜਾਉਣਾ
ਪੌਣ-ਸਰਗੋਸ਼ੀਆਂ ਨੇ ਵੰਡ ਕੇ ਸੁਗੰਧੀਆਂ
ਵੀਰਾਨ ਹੋਇਆ ਚਮਨ ਮਹਿਕਾਉਣਾ
ਸੋਚ-ਸੰਧੂਰੀਆਂ ਨੇ ਪੈੜਾਂ ਦਾ ਸਫਰ ਬਣ
ਸਿਦਕ ਨਾਂਵੇਂ ਮੰਜ਼ਿਲਾਂ ਨੂੰ ਲਾਉਣਾ
ਵਕਤ ‘ਤੇ ਉਕਰੀ ਇਬਾਰਤ ਦੀ ਇਨਾਇਤ ਨਾਲ
ਸੁੱਤਾ ਪਿਆ ਅੰਦਰ ਜਗਾਉਣਾ।
ਉਹ ਵਕਤ ਕਿੰਜ ਭੁੱਲੇ, ਜਿਸ ਨੇ ਸੁੰਨ ਨੂੰ ਤੋੜਿਆ। ਚੁੱਪ ਦੇ ਹੋਠਾਂ ‘ਤੇ ਬੋਲ ਧਰੇ, ਸ਼ਬਦਾਂ ਨੂੰ ਅਰਥ ਵਰੇ। ਜੋ ਤਿੱਖੜ ਦੁਪਹਿਰਾਂ ‘ਚ ਛਾਂ ਕਰੇ, ਮਨ ਦੇ ਖਾਲੀਪਣ ਨੂੰ ਭਰੇ, ਸੁੱਕੇ ਅੰਤਰੀਵ ਨੂੰ ਹਰਾ ਕਰੇ ਅਤੇ ਜਿੰਦ ਦੇ ਖਾਲੀ ਛਾਬੇ ਨੂੰ ਸੁਖਨ ਦੇ ਟੁੱਕ ਨਾਲ ਭਰੇ।
ਵਕਤ ਹੀ ਹੁੰਦਾ, ਜੋ ਅੰਬਰ ਨੂੰ ਸੰਦਲੀ ਜੂਹ ਬਣਾਉਂਦਾ। ਧਰਤ ਨੂੰ ਰਾਗ-ਰੰਗੀ ਰੂਹ ਬਣਾਉਂਦਾ। ਵਿਹੜਿਆਂ ਨੂੰ ਭਾਗ ਲਾਉਂਦਾ ਅਤੇ ਵਕਤ ਦੀ ਬੇਰੁਖੀ ਦੇ ਕੰਨਾਂ ‘ਚ ਬਹਾਰ ਦੀ ਆਮਦ ਦੀ ਸੂਹ ਗੁਣਗੁਣਾਉਂਦਾ। ਅਜਿਹਾ ਵਕਤ ਸਦਾ ਸਲਾਮਤ ਰਹੇ ਅਤੇ ਇਸ ਵਕਤ ਵਿਚੋਂ ਵਰਕਿਆਂ ਨੂੰ ਇਬਾਰਤ, ਇਬਾਰਤ ਨੂੰ ਇਬਾਦਤ ਅਤੇ ਇਬਾਦਤ ਨੂੰ ਇਨਾਇਤ ਹਾਸਲ ਹੁੰਦੀ ਰਹੇ।
ਵਖਤ ਦੇ ਵਿਹੜੇ ਵਿਚ ਸ਼ੁਭ-ਚਿੰਤਨ ਦੀਆਂ ਕਲਮਾਂ ਲਾਓ। ਸ਼ੁਭ-ਭਾਵਨਾ ਦਾ ਪਾਣੀ ਪਾਓ ਅਤੇ ਸ਼ੁਭ-ਵਿਚਾਰ ਦੀ ਰੂੜੀ ਮਿਲਾਓ। ਇਹ ਕਲਮਾਂ ਬਹੁਤ ਵੱਡੇ ਬਿਰਖ ਬਣ ਕੇ ਮੌਲਣਗੀਆਂ, ਟਾਹਣੀਆਂ ‘ਤੇ ਲੱਗੇ ਸੂਹੇ ਫੁੱਲਾਂ ਨਾਲ ਜ਼ਿੰਦਗੀ ਨੂੰ ਮੌਲਣ ਦਾ ਸ਼ਰਫ ਹਾਸਲ ਹੋਵੇਗਾ। ਫੁੱਲਾਂ ਦੀ ਸੁਗੰਧ ਵਿਚ ਤਮਾਮ ਨਿਆਮਤਾਂ ਹੀ ਮਨੁੱਖ ਦਾ ਹਾਸਲ ਹੋਣਗੀਆਂ। ਅਜਿਹੇ ਚੌਗਿਰਦੇ ਵਿਚ ਮਾਨਵਤਾ ਨੂੰ ਨਵਾਂ ਮੁਹਾਂਦਰਾ ਮਿਲੇਗਾ, ਜੋ ਵਕਤ ਦਾ ਹਾਸਲ ਹੋਵੇਗਾ।
ਵਕਤ ਨੂੰ ਅਜਿਹਾ ਹਾਸਲ ਬਣਾਉਣ ਵਿਚ ਦੇਰ ਕਿਉਂ ਕਰਨੀ!