ਆਧੁਨਿਕ ਯੁੱਗ ਦੀਆਂ ਵਿਸ਼ਵ ਮਨੁੱਖੀ ਕਦਰਾਂ ਕੀਮਤਾਂ

ਮੱਧਕਾਲੀ ਯੁੱਗ ਦੀ ਪੰਜਾਬ ਜਾਗ੍ਰਿਤੀ ਲਹਿਰ ਅਤੇ ਯੂਰਪੀਅਨ ਰੈਨੇਸਾਂਸ ਲਹਿਰ ਵਿਚ
ਡਾ. ਸੁਖਪਾਲ ਸੰਘੇੜਾ
ਪ੍ਰੋਫੈਸਰ ਫਿਜ਼ਿਕਸ ਅਤੇ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਟੀ, ਯੂ ਐਸ ਏ।

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਿਛਲੇ ਲੇਖ ਵਿਚ ਅਸੀਂ ਪੰਜਾਬ ਜਾਗ੍ਰਿਤੀ ਲਹਿਰ ਵਿਚ ਆਧੁਨਿਕਤਾ ਬਾਰੇ ਵਿਚਾਰ ਕੀਤੀ ਸੀ। ਇਸ ਲੇਖ ਵਿਚ ਅਸੀਂ ਪੰਜਾਬ ਜਾਗ੍ਰਿਤੀ ਲਹਿਰ ਅਤੇ ਯੂਰਪੀਅਨ ਰੈਨੇਸਾਂਸ ਲਹਿਰ ਵਿਚ ਕੁਝ ਕਿਸਮਾਂ ਦੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਜ਼ਰਾ ਵਿਸਤਾਰ ਨਾਲ ਜਾਚਾਂਗੇ। ਇਹ ਕਿਸਮਾਂ ਹਨ: ਮਨੁੱਖੀ ਬਰਾਬਰੀ, ਖਾਸ ਕਰ ਮਰਦ-ਔਰਤ ਵਿਚਾਲੇ ਬਰਾਬਰੀ ਦੀ ਵਕਾਲਤ ਅਤੇ ਧਾਰਮਿਕ ਕੁਰੀਤੀਆਂ ਤੇ ਪਖੰਡਾਂ ਦਾ ਵਿਰੋਧ।
ਪੰਜਾਬ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਜਾਗ੍ਰਿਤੀ ਲਹਿਰ ਵਿਚ ਇੱਕ ਬਹੁਤ ਅਹਿਮ ਵਿਆਪਕ ਸਾਂਝਾ ਤੱਤ ਸੀ: ਮਾਨਵਵਾਦ। ਇਨ੍ਹਾਂ ਦੋਵਾਂ ਲਹਿਰਾਂ ਵਿਚਾਲੇ ਜੋ ਮਾਨਵਵਾਦ ਦੇ ਲੱਛਣ ਸਾਂਝੇ ਸਨ, ਉਨ੍ਹਾਂ ਵਿਚੋਂ ਮੁੱਖ ਹਨ: ਮਨੁੱਖੀ ਨੈਤਿਕਤਾ, ਮਨੁੱਖੀ ਆਤਮ-ਸਨਮਾਨ, ਮਨੁੱਖੀ ਬਰਾਬਰੀ, ਤੇ ਮਨੁੱਖੀ ਸਾਂਝੀਵਾਲਤਾ ਨੂੰ ਮਾਨਤਾ; ਲੋਕ ਭਲਾਈ ਲਈ ਸਰਗਰਮੀਆਂ; ਧਰਮ ਦੀਆਂ ਕੁਰੀਤੀਆਂ ਦਾ ਵਿਰੋਧ ਅਤੇ ਅੰਧ-ਵਿਸ਼ਵਾਸਾਂ ਦਾ ਖੰਡਨ ਤੇ ਤਰਕ ਦੀ ਵਰਤੋਂ। ਫਿਰ ਵੀ ਪੰਜਾਬ ਜਾਗ੍ਰਿਤੀ ਲਹਿਰ ਦਾ ਮਾਨਵਵਾਦ ਤੇ ਯੂਰਪੀਅਨ ਰੈਨੇਸਾਂਸ ਮਾਨਵਵਾਦ-ਦੋਵੇਂ ਬਹੁਤਾ ਅਧਿਆਤਮਵਾਦ ਦੇ ਘੇਰੇ ਵਿਚ ਹੀ ਚਲਾਈਆਂ ਜਾ ਰਹੀਆਂ ਸਨ। ਯੂਰਪੀਅਨ ਰੈਨੇਸਾਂਸ ਦੌਰਾਨ ਯੂਰਪ ਨੇ ਹਰ ਖੇਤਰ ਵਿਚ ਤਰੱਕੀ ਕੀਤੀ।

ਰੈਨੇਸਾਂਸ ਮਾਨਵਵਾਦੀ ਲਹਿਰ ਪਹਿਲਾਂ ਹੀ ਚਰਚ ਦੀਆਂ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁਧ ਤਰਕ ਦਾ ਹੱਲਾ ਬੋਲ ਰਹੀ ਸੀ। ਫਿਰ, ਉਹਨੇ ਚਰਚ ਵਲੋਂ ਲਏ ਵਿਗਿਆਨ ਵਿਰੋਧੀ ਸਟੈਂਡ ਨੂੰ ਰੱਦ ਕਰਦਿਆਂ ਵਿਗਿਆਨ ਦਾ ਸਾਥ ਦਿੱਤਾ। ਇੰਜ ਹੌਲੀ ਹੌਲੀ ਮਾਨਵਵਾਦੀ ਲਹਿਰ ਅਧਿਆਤਮਵਾਦ ਦੇ ਘੇਰੇ ਦੀ ਚੁੰਗਲ ਤੋਂ ਬਾਹਰ ਹੋ ਨਿਕਲੀ। ਵਿਗਿਆਨ ਦੇ ਸਹਾਰੇ ਰੈਨੇਸਾਂਸ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ।
ਯੁੱਗ ਰਾਤੋ-ਰਾਤ ਨਹੀਂ ਪਲਟਦੇ। ਇਨ੍ਹਾਂ ਨੂੰ ਅਕਸਰ ਠੀਕ ਵਕਤ ਤੇ ਉਚਿਤ ਲਹਿਰਾਂ ਬਦਲਦੀਆਂ ਹਨ। ਹੁੰਦਾ ਇੰਜ ਹੈ ਕਿ ਇਨ੍ਹਾਂ ਲਹਿਰਾਂ ਵਿਚ ਅਗਲੇ ਯੁੱਗ ਵੱਲ ਇਸ਼ਾਰੇ ਕਰਦੇ ਅੰਸ਼ ਹੁੰਦੇ ਹਨ; ਇਸੇ ਲਈ ਇਨ੍ਹਾਂ ਨੂੰ ਅਗਾਂਹਵਧੂ, ਪ੍ਰਗਤੀਸ਼ੀਲ ਜਾਂ ਭਵਿੱਖਮੁਖੀ ਲਹਿਰਾਂ ਕਹਿੰਦੇ ਹਾਂ। ਮੱਧਕਾਲੀ ਯੁੱਗ ਵਿਚ ਚੱਲੀਆਂ ਪੰਜਾਬ ਜਾਗ੍ਰਿਤੀ ਲਹਿਰ ਤੇ ਯੂਰਪੀਅਨ ਰੈਨੇਸਾਂਸ ਲਹਿਰ-ਦੋਵੇਂ ਹੀ ਭਵਿੱਖਮੁਖੀ ਲਹਿਰਾਂ ਸਨ, ਕਿਉਂਕਿ ਇਨ੍ਹਾਂ ਵਿਚ ਆਧੁਨਿਕ ਯੁੱਗ ਵਲ ਇਸ਼ਾਰੇ ਕਰਦੇ ਅੰਸ਼ ਸਨ। ਇਹ ਯੁੱਗ ਬਦਲੀ ਵਿਰੋਧ-ਵਿਕਾਸ ਦੇ ਅਮਲ ਰਾਹੀਂ ਵਾਪਰਦੀ ਹੈ। ਦਾਰਸ਼ਨਿਕ ਸੰਕਲਪ ਦੇ ਤੌਰ Ḕਤੇ ਵਿਰੋਧ-ਵਿਕਾਸ ਦੀਆਂ ਜੜ੍ਹਾਂ ਗਰੀਕ ਫਿਲਾਸਫਰ ਅਰਸਤੂ ਤੇ ਜੇਨੋਂ ਤੱਕ ਜਾਂਦੀਆਂ ਹਨ। ਵਿਰੋਧ-ਵਿਕਾਸ ਦੇ ਸਿਧਾਂਤ ਨੂੰ ਭੌਤਿਕ ਜਗਤ ਵਿਚ ਆਧੁਨਿਕ ਰੂਪ ਮਾਰਕਸ ਤੇ ਏਂਗਲਜ ਨੇ ਦਿੱਤਾ। ਇਹ ਇੱਕ ਵਿਗਿਆਨਕ ਸੁਭਾਅ ਵਾਲਾ ਸਿਧਾਂਤ ਹੈ, ਜੋ ਮੂਲ ਰੂਪ ਵਿਚ ਭੌਤਿਕ ਜਗਤ ਦੇ ਹਰ ਖੇਤਰ ਵਿਚ ਕੁਦਰਤੀ ਤੌਰ Ḕਤੇ ਸਰਗਰਮ ਹੈ। ਵਿਰੋਧ-ਵਿਕਾਸ ਦੀਆਂ ਜੜ੍ਹਾਂ ਵਿਚ ਇੱਕ ਵਿਆਪਕ ਮੂਲ ਨਿਯਮ ਹੈ ਕਿ ਵਿਕਾਸ ਦੋ ਵਿਰੋਧੀ ਸ਼ਕਤੀਆਂ ਦੇ ਭੇੜ ਯਾਨਿ ਆਪਸੀ ਕ੍ਰਿਆ ਰਾਹੀਂ ਹੁੰਦਾ ਹੈ। ਮਿਸਾਲ ਵਜੋਂ ਜੇ ਧਰਤੀ ਰਗੜ ਨਾ ਪੇਸ਼ ਕਰੇ ਤਾਂ ਬੰਦਾ ਇੱਕ ਕਦਮ ਵੀ ਨਹੀਂ ਚੁੱਕ ਸਕਦਾ, ਤਿਲ੍ਹਕ ਕੇ ਡਿਗ ਪਏਗਾ। ਯੂਰਪੀਅਨ ਰੈਨੇਸਾਂਸ ਲਹਿਰ ਨੂੰ ਅੱਗੇ ਵਧਣ ਲਈ ਮੁੱਖ ਤੌਰ Ḕਤੇ ਚਰਚ ਨੇ ਅਤੇ ਪੰਜਾਬ ਜਾਗ੍ਰਿਤੀ ਲਹਿਰ ਨੂੰ ਮੁਗਲ ਰਾਜ ਤੇ ਕੱਟੜ ਹਿੰਦੂ ਧਰਮ ਦੀਆਂ ਕੁਰੀਤੀਆਂ ਨੇ ਵਿਰੋਧ ਮੁਹੱਈਆ ਕੀਤਾ।
ਇਸ ਲੇਖ ਵਿਚ ਆਧੁਨਿਕ ਯੁੱਗ ਤੋਂ ਸਾਡਾ ਭਾਵ ਹੈ, ਰੈਨੇਸਾਂਸ ਪਿਛੋਂ ਦਾ ਆਧੁਨਿਕ ਯੁੱਗ ਤੇ ਉਹਦੇ ਨਾਲ ਜੁੜਦਾ ਅਜੋਕਾ ਆਧੁਨਿਕ ਯੁੱਗ ਯਾਨਿ 20ਵੀਂ ਸਦੀ ਤੋਂ ਹੁਣ ਤੱਕ। ਅਜੋਕਾ ਮਾਨਵਵਾਦ ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਹਿੱਤਾਂ ਤੇ ਮਨੁੱਖੀ ਹੱਕਾਂ Ḕਤੇ ਕੇਂਦਰਿਤ ਅਗਾਂਹਵਧੂ ਫਲਸਫਾ ਜਾਂ ਜੀਵਨ ਜਾਂਚ ਹੈ, ਜੋ ਇਨ੍ਹਾਂ ਪਹਿਲੂਆਂ ਨੂੰ ਵੀ ਮਾਨਤਾ ਦਿੰਦਾ ਹੈ: ਤਰਕਸ਼ੀਲਤਾ ਤੇ ਵਿਗਿਆਨ; ਜਮਹੂਰੀਅਤ; ਮਨੁੱਖੀ ਬਰਾਬਰੀ; ਮਨੁੱਖੀ ਪਿਆਰ ਦੀ ਸ਼ਕਤੀ ਦੀ ਮਹੱਤਤਾ; ਮਨੁੱਖੀ ਭਾਈਵਾਲਤਾ ਤੇ ਸਾਂਝੀ ਭਲਾਈ; ਸਮਾਜਕ ਨਿਆਂ; ਮਨੁੱਖੀ ਹੱਕ, ਮਨੁੱਖੀ ਸਵੈ-ਮਾਣ, ਤੇ ਮਨੁੱਖੀ ਭਲਾਈ; ਅਤੇ ਨਿੱਜੀ ਖੁੱਲ੍ਹ ਤੇ ਮੌਕੇ ਦਾ ਅਧਿਕਤੀਕਰਣ, ਸਮਾਜ ਤੇ ਧਰਤੀ ਪ੍ਰਤੀ ਜਿੰਮੇਵਾਰੀਆਂ ਸੰਗ ਸੁਮੇਲ ਵਿਚੋਂ।
ਆਧੁਨਿਕ ਯੁਗ ਦੇ ਅਰੰਭ ਵਿਚ 4 ਜੁਲਾਈ 1776 ਨੂੰ ਜਾਰੀ ਕੀਤੇ ਇੰਗਲੈਂਡ ਤੋਂ ਆਜ਼ਾਦੀ ਦੇ ਜਿਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਅਮਰੀਕੀ ਫੌਜ ਲੜੀ, ਉਸ ਦੇ ਸ਼ੂਰੂ ਵਿਚ ਹੀ ਥੌਮਸ ਜੈਫਰਸਨ ਨੇ ਐਲਾਨ ਕੀਤਾ ਸੀ ਕਿ ਸਾਰੇ ਬੰਦੇ ਆਪਣੇ ਰਚਣਹਾਰੇ ਵਲੋਂ ਬਰਾਬਰ ਰਚੇ ਗਏ ਹਨ। ਥੌਮਸ ਜੈਫਰਸਨ ਨੇ ਜੋ 18ਵੀਂ ਸਦੀ ਵਿਚ ਕਿਹਾ, ਉਹੀ ਗੱਲ ਆਪਣੇ ਢੰਗ ਨਾਲ ਭਗਤ ਕਬੀਰ ਨੇ 16ਵੀਂ ਸਦੀ ਵਿਚ ਕਹਿ ਦਿੱਤੀ ਸੀ, ਰੈਨੇਸਾਂਸ ਦੌਰਾਨ,
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥ (ਗੁਰੂ ਗ੍ਰੰਥ ਸਾਹਿਬ, ਪੰਨਾ 1349)
ਇਹ ਮੱਧਕਾਲੀ ਯੁੱਗ ਦੀ ਲਹਿਰ ਵਿਚ ਆਧੁਨਿਕਤਾ ਦਾ ਅੰਸ਼ ਹੋਣ ਦੀ ਇੱਕ ਮਿਸਾਲ ਹੈ। ਅਜਿਹੇ ਅੰਸ਼ ਰੈਨੇਸਾਂਸ ਲਹਿਰ ਵਿਚ ਵੀ ਸਨ।
ਮਨੁੱਖਤਾ ਦਾ ਅੱਧਾ ਹਿੱਸਾ ਮਰਦ ਹੈ ਤੇ ਅੱਧਾ ਔਰਤ; ਇਸ ਲਈ Ḕਮਨੁੱਖੀ ਬਰਾਬਰੀḔ ਕੁਦਰਤੀ ਤੌਰ Ḕਤੇ ਹੀ ਮਰਦ-ਔਰਤ ਦੀ ਬਰਾਬਰੀ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਪਰ ਪੱਛਮ ਦੇ ਮਾਨਵਵਾਦ ਦੇ Ḕਮਨੁੱਖੀ ਬਰਾਬਰੀḔ ਦੇ ਸੰਕਲਪ ਵਿਚ ਮਰਦ-ਔਰਤ ਦੀ ਬਰਾਬਰੀ ਤੇ ਮਨੁੱਖੀ ਨਸਲਾਂ ਦੀ ਬਰਾਬਰੀ ਨੂੰ ਦਾਖਲ ਹੁੰਦਿਆਂ ਕਾਫੀ ਸਮਾਂ ਲੱਗ ਗਿਆ। ਹੁਣ ਆਧੁਨਿਕ ਯੁੱਗ ਵਿਚ ਔਰਤ-ਮਰਦ ਦੀ ਬਰਾਬਰੀ ਤੇ ਮਨੁੱਖੀ ਨਸਲਾਂ ਦੀ ਬਰਾਬਰੀ ਨੂੰ ਢੋਲ ਦੇ ਡਗੇ ਨਾਲ Ḕਮਨੁੱਖੀ ਬਰਾਬਰੀḔ ਦਾ ਹਿੱਸਾ ਸਮਝਿਆ ਜਾਂਦਾ ਹੈ।
ਯੂਰਪ ਤੇ ਪੰਜਾਬ ਦੇ ਵੱਖ ਵੱਖ ਸਥਾਨਕ ਹਾਲਾਤ ਨੂੰ ਧਿਆਨ-ਗੋਚਰੇ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਮਰਦ-ਔਰਤ ਬਰਾਬਰੀ ਦੇ ਮਾਮਲੇ ਵਿਚ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਲਹਿਰ ਰੈਨੇਸਾਂਸ ਲਹਿਰ ਤੋਂ ਵੀ ਦੋ ਕਦਮ ਅੱਗੇ ਸੀ। ਸਿੱਖ ਲਹਿਰ ਵਿਚ ਮਰਦ-ਔਰਤ ਬਰਾਬਰੀ ਸ਼ੁਰੂ ਤੋਂ ਹੀ ਮਨੁੱਖੀ ਬਰਾਬਰੀ ਦਾ ਹਿੱਸਾ ਸੀ; ਪਰ ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਪੰਜਾਬ ਸਣੇ ਭਾਰਤ ਵਿਚ ਔਰਤ ਦੀ ਸਮਾਜਕ ਦਸ਼ਾ ਯੂਰਪ ਦੇ ਮੁਕਾਬਲੇ ਵੱਧ ਬੁਰੀ ਸੀ। ਔਰਤ ਦੀ ਸਮਾਜਕ ਦਸ਼ਾ ਸੁਧਾਰਨ ਹਿੱਤ ਗੁਰੂ ਸਾਹਿਬਾਨ ਨੇ ਔਰਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਵਿਸ਼ੇ Ḕਤੇ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਸਿਰੇ ਦਾ ਤਰਕ ਪੇਸ਼ ਕਰਦਿਆਂ ਗੁਰੂ ਨਾਨਕ ਫੁਰਮਾਉਂਦੇ ਹਨ,
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥ (ਪੰਨਾ 685)
ਭਾਵ ਪ੍ਰਭੂ ਔਰਤ ਤੇ ਨਾ ਮਰਦ ਹੈ। ਦੱਸੋ, ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ?
ਅਤੇ
ਆਪੇ ਪੁਰਖੁ ਆਪੇ ਹੀ ਨਾਰੀ॥ (ਪੰਨਾ 1020)
ਭਾਵ ਪ੍ਰਭੂ ਆਪ ਹੀ ਮਰਦ ਹੈ ਤੇ ਆਪ ਔਰਤ ਵੀ ਹੈ।
ਗੁਰੂ ਜੀ ਪ੍ਰਭੂ ਨੂੰ ਪਿਤਾ ਤੇ ਮਾਤਾ-ਦੋਵੇਂ ਦਰਸਾਉਂਦੇ ਹਨ,
ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥ (ਪੰਨਾ 1144)
ਇੰਜ ਮਰਦ-ਪ੍ਰਧਾਨ ਸਮਾਜ ਵਿਚ ਗੁਰੂ ਜੀ ਮਰਦ-ਔਰਤ ਬਰਾਬਰੀ ਦਾ ਸੱਦਾ ਦਿੰਦੇ ਹਨ। ਬਾਬੇ ਨਾਨਕ ਨੇ ਔਰਤ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਮਨੁੱਖੀ ਸਮਾਜ ਵਿਚ ਉਸ ਦਾ ਉਚਿਤ ਸਥਾਨ ਦਰਸਾਇਆ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਭਾਵ ਜਿਸ ਔਰਤ ਦੇ ਗਰਭ ਤੋਂ ਰਾਜੇ ਵੀ ਜਨਮ ਲੈਂਦੇ ਹਨ, ਉਹਨੂੰ ਮੰਦੀ ਕਿਵੇਂ ਮੰਨਿਆ ਜਾ ਸਕਦਾ ਹੈ! ਪ੍ਰਸੂਤ ਦੇ ਦਿਨੀਂ ਔਰਤ ਨੂੰ ਅਪਵਿਤਰ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਇਸ ਵਹਿਮ ਦਾ ਖੰਡਨ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਅਪਵਿਤਰ ਪ੍ਰਸੂਤ ਔਰਤ ਦਾ ਨਹੀਂ, ਸਗੋਂ ਲੋਭ, ਝੂਠ ਬੋਲਣ ਆਦਿ ਪ੍ਰਵਿਰਤੀ ਦਾ ਹੈ,
ਮਨ ਕਾ ਸੂਤਕੁ ਲੋਭੁ ਹੈ
ਜਿਹਵਾ ਸੂਤਕੁ ਕੂੜੁ॥
ਅਖੀ ਸੂਤਕੁ ਵੇਖਣਾ
ਪਰ ਤ੍ਰਿਅ ਪਰ ਧਨ ਰੂਪੁ॥ (ਪੰਨਾ 472)
ਇੱਕ ਹੋਰ ਲਾਹਨਤ ਸਤੀ ਪ੍ਰਥਾ ਸੀ। ḔਸਤੀḔ ਦਾ ਅਰਥ ਹੈ, ਸੱਚੀ, ਭਾਵ ਠੀਕ, ਨੇਕ ਜਾਂ ਹਕੀਕੀ। ਹਿੰਦੂ ਧਰਮ ਵਿਚ ḔਸਤੀḔ ਸੁਖੀ ਵਿਆਹੁਤਾ ਜੀਵਨ ਦੀ ਦੇਵੀ ਹੈ, ਜੋ ਸ਼ਿਵ ਜੀ ਦੀ ਪਹਿਲੀ ਪਤਨੀ ਸੀ। ਸਤੀ ਪ੍ਰਥਾ ਅਨੁਸਾਰ ਆਪਣੇ ਮਰਦ ਨਾਲ ਅੱਗ ਵਿਚ ਸੜ-ਮਰਨ ਵਾਲੀ ਔਰਤ ਨੂੰ ḔਸਤੀḔ ਸਨਮਾਨ ਵਜੋਂ ਕਿਹਾ ਜਾਂਦਾ ਸੀ, ਕਿਉਂਕਿ ਉਹਨੇ Ḕਧਰਮ ਨਿਭਾਉਂਦਿਆਂ ਆਪਣੇ ਖਸਮ ਦੀ ਲਾਜ ਰੱਖ ਕੇ ਨੇਕ ਕੰਮ ਕੀਤਾ ਹੈ।Ḕ ਗੁਰੂ ਸਾਹਿਬਾਨ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਮਿਸਾਲ ਵਜੋਂ ਗੁਰੂ ਅਮਰ ਦਾਸ ਸਤੀ ਪ੍ਰਥਾ ਦੇ ਸੰਕਲਪ ਦਾ ਸਹਿਜ ਤਰਕ ਸਹਿਤ ਖੰਡਨ ਕਰਦੇ ਹਨ,
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ
ਜਿ ਬਿਰਹੇ ਚੋਟ ਮਰੰਨਿ॥ (ਪੰਨਾ 787)
ਭਾਵ ਆਪਣੇ ਮਰਦਾਂ ਦੀ ਲਾਸ਼ ਨਾਲ ਸੜ-ਮਰਨ ਵਾਲੀਆਂ ਨੂੰ ਸਤੀ ਮੱਤ ਕਹੋ, ਸਤੀ ਜਾਂ ਸੱਚੇ ਤਾਂ ਉਹ ਹਨ, ਜੋ ਵਿਛੋੜੇ ਦੀ ਸੱਟ ਨਾਲ ਮਰਦੇ ਹਨ।
ਕੁੜੀਆਂ ਨੂੰ ਜੰਮਦਿਆਂ ਸਾਰ ਮਾਰ ਦੇਣ ਦੀ ਇੱਕ ਹੋਰ ਜ਼ਾਲਮਾਨਾ ਸਮਾਜਕ ਕੁਰੀਤੀ ਵਿਰੁਧ ਆਵਾਜ਼ ਉਠਾਉਂਦਿਆਂ ਗੁਰੂ ਅਮਰ ਦਾਸ ਸਹਿਜ ਤਰਕ ਸਹਿਤ ਫੁਰਮਾਉਂਦੇ ਹਨ,
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਪੰਨਾ 1413)
ਭਾਵ ਬੱਚੀ ਦੀ ਹੱਤਿਆ ਗਊ ਜਾਂ ਬ੍ਰਾਹਮਣ ਹੱਤਿਆ ਤੇ ਦੁਸ਼ਟਾਂ ਦੀ ਭੇਟ ਸਵੀਕਾਰਨ ਵਾਂਗ ਹੀ ਪਾਪ ਹੈ, ਤੇ ਇਹ ਪਾਪੀ ਸਦਾ ਹੰਕਾਰੀ ਅਭਿਮਾਨ ਨਾਲ ਭਰਿਆ ਹੁੰਦਾ ਹੈ। ਇੰਜ ਗੁਰੂ ਸਾਹਿਬਾਨ ਦੀ ਸਿੱਖ ਲਹਿਰ ਸਮੇਤ ਪੰਜਾਬ ਜਾਗ੍ਰਿਤੀ ਲਹਿਰ ਨੇ ਧਾਰਮਿਕ ਕੁਰੀਤੀਆਂ, ਖੋਖਲੀਆਂ ਰਸਮਾਂ ਤੇ ਪਖੰਡਾਂ ਦਾ ਖੰਡਨ ਕੀਤਾ। ਪੰਜਾਬ ਸਣੇ ਭਾਰਤ ਵਿਚ ਜਾਤ-ਪਾਤ ਦਾ ਵਿਤਕਰਾ ਨਸਲਵਾਦ ਜਿੰਨਾ ਹੀ ਖਤਰਨਾਕ ਸੀ। ਉਸ ਸਮੇਂ ਭਾਰਤੀ ਸਮਾਜ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਬ੍ਰਾਹਮਣ ਤੇ ਖੱਤਰੀ ਉਚ ਜਾਤੀ ਦੇ ਤੇ ਪਵਿੱਤਰ, ਅਤੇ ਸ਼ੂਦਰ ਨੀਵੇਂ ਵਰਗ ਦੇ ਤੇ ਅਛੂਤ ਸਮਝੇ ਜਾਂਦੇ ਸਨ। ਸ਼ੂਦਰਾਂ ਨੂੰ ਰੱਬੀ ਗਿਆਨ ਦੇ ਯੋਗ ਨਹੀਂ ਸੀ ਸਮਝਿਆ ਜਾਂਦਾ। ਮਿਸਾਲ ਵਜੋਂ ਬ੍ਰਾਹਮਣਾਂ ਸਮੇਤ ḔਉਚੀਆਂḔ ਜਾਤਾਂ ਵਲੋਂ ḔਨੀਚḔ ਜਾਤਾਂ Ḕਤੇ ਢਾਹੇ ਜਾਂਦੇ ਜ਼ੁਲਮਾਂ ਦੀ ਕਾਵਿਕ ਤਸਵੀਰ ਪੇਸ਼ ਕਰਦਿਆਂ ਭਗਤ ਕਬੀਰ ਫੁਰਮਾਉਂਦੇ ਹਨ,
ਭੁਜਾ ਬਾਂਧਿ ਭਿਲਾ ਕਰਿ ਡਾਰਿਓ॥
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥ (ਪੰਨਾ 870)
ਭਾਵ ਇਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਕੇ ਢੀਮ ਵਾਂਗ ਮੈਨੂੰ ਹਾਥੀ ਅੱਗੇ ਸੁੱਟ ਦਿੱਤਾ ਹੈ ਅਤੇ ਹਾਥੀ-ਚਾਲਕ ਨੇ ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉਤੇ ਸੱਟ ਮਾਰੀ ਹੈ।
ਪੁਜਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਤੇ ਜ਼ੁਲਮ ਦਾ ਵਿਰੋਧ ਕਰਦਿਆਂ ਗੁਰੂ ਨਾਨਕ ਫੁਰਮਾਉਂਦੇ ਹਨ,
ਮਥੈ ਟਿਕਾ ਤੇੜਿ ਧੋਤੀ ਕਖਾਈ॥
ਹਥਿ ਛੁਰੀ ਜਗਤ ਕਾਸਾਈ॥ (ਪੰਨਾ 471)
ਭਾਵ ਹਿੰਦੂ ਪੁਜਾਰੀ ਮੱਥੇ ਉਤੇ ਟਿੱਕਾ ਲਾਉਂਦੇ ਹਨ ਤੇ ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਹਨ, ਪਰ ਹੱਥ ਵਿਚ (ਲੁੱਟ ਤੇ ਜ਼ੁਲਮ ਦੀ) ਛੁਰੀ ਫੜੀ ਹੋਈ ਹੈ।
ਗੁਰੂ ਜੀ ਫੁਰਮਾਉਂਦੇ ਹਨ ਕਿ ਬੰਦੇ ਦਾ ਜੀਵਨ ḔਉਚੀḔ ਜਾਤ ਤੇ ਸੋਹਣੇ ਰੂਪ ਤੋਂ ਨਹੀਂ, ਉਹਦੇ ਕੰਮਾਂ ਤੋਂ ਬਣਦਾ ਹੈ,
ਆਗੈ ਜਾਤਿ ਰੂਪੁ ਨ ਜਾਇ॥
ਤੇਹਾ ਹੋਵੈ ਜੇਹੇ ਕਰਮ ਕਮਾਇ॥ (ਪੰਨਾ 363)
ਭਗਤ ਰਵਿਦਾਸ ਜਾਤ-ਪਾਤ ਦਾ ਖੰਡਨ ਕਰਦਿਆਂ ਉਚਾਰਦੇ ਹਨ, ਸਾਰਾ ਸੰਸਾਰ ਇੱਕ ਹੀ ਨੂਰ ਤੋਂ ਉਪਜਿਆ ਹੈ, ਕੀ ਬਾਹਮਣ ਤੇ ਕੀ ਚਮਾਰ,
ਰਵਿਦਾਸ ਇਕ ਹੀ ਨੂਰ ਤੇ
ਜਿਮਿ ਉਪਜਿਯੋ ਸੰਸਾਰ॥
ਊਚ ਨੀਚ ਕਿਹ ਬਿਧਿ ਭਏ
ਬਾਹਮਣ ਅਰੁ ਚਮਾਰ॥
ਭਗਤ ਕਬੀਰ ਨੇ ਹੇਠਲੇ ਬ੍ਰਾਹਮਣਵਾਦ ਨੂੰ ਤਰਕ ਸਹਿਤ ਵੰਗਾਰਦਿਆਂ ਸਵਾਲ ਕੀਤਾ,
ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥੧॥ ਰਹਾਉ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥ (ਪੰਨਾ 324)
ਭਾਵ ਮਾਂ ਦੇ ਗਰਭ ਵਿਚ ਕਿਸੇ ਦੀ ਕੁਲ ਜਾਤ ਨਹੀਂ ਹੁੰਦੀ, ਕਿਉਂਕਿ ਸਾਰੇ ਜੀਵਾਂ ਦੀ ਉਤਪਤੀ ਇੱਕੋ ਬਿੰਦੂ, ਬ੍ਰਹਮਾ ਤੋਂ ਹੁੰਦੀ ਹੈ। ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਆਪਣਾ ਜਨਮ ਅਜਾਈਂ ਨਾ ਗਵਾਓ। ਹਰ ਬ੍ਰਾਹਮਣ ਵੀ ਬ੍ਰਾਹਮਣੀ, ਇੱਕ ਔਰਤ ਦੇ ਪੇਟੋਂ ਹੀ ਜੰਮਿਆ ਏ, ਕਿਸੇ ਹੋਰ ਰਸਤਿਓਂ ਕਿਉਂ ਨਹੀਂ ਜੰਮ ਪਿਆ। ਫੇਰ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ, ਤੇ ਅਸੀਂ ਕਿਵੇਂ ਸ਼ੂਦਰ ਰਹਿ ਗਏ? ਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ, ਤੇ ਤੁਹਾਡੇ ਸਰੀਰ ਵਿਚ ਕਿਵੇਂ ਦੁੱਧ ਹੈ?
ਮੂਰਤੀ ਪੂਜਾ ਦੇ ਅਡੰਬਰ ਦਾ ਸਹਿਜ ਤਰਕ ਨਾਲ ਖੰਡਨ ਕਰਦਿਆਂ ਭਗਤ ਕਬੀਰ ਫੁਰਮਾਉਂਦੇ ਨੇ,
ਪੱਥਰ ਪੂਜੇ ਪ੍ਰਭੂ ਮਿਲੇ, ਤਾਂ ਮੈਂ ਪੂਜੂੰ ਪਹਾੜ।
ਤਾਂ ਤੇ ਯਹ ਚੱਕੀ ਭਲੀ, ਪੀਸ ਖਾਏ ਸੰਸਾਰ।
ਇਸੇ ਤਰ੍ਹਾਂ ਉਨ੍ਹਾਂ ਇਸਲਾਮ ਦੀਆਂ ਖੋਖਲੀਆਂ ਪੂਜਾ ਰੀਤਾਂ ਨਕਾਰੀਆਂ,
ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਨਾਇ।
ਤਾਂ ਚੜ੍ਹ ਮੁੱਲਾ ਬਾਂਗ ਦੇ, ਕਿਯਾ ਬਹਰਾ ਹੁਆ ਖੁਦਾਇ।
ਭਾਵ ਕੰਕਰਾਂ ਤੇ ਪੱਥਰਾਂ ਦੀ ਮਸਜਿਦ ਬਣਾ ਕੇ, ਜੋ ਤੂੰ ਚੜ੍ਹ ਚੜ੍ਹ ਬਾਂਗਾਂ ਦਿੰਦਾ ਏਂ, ਮੁਲਾਂ ਜੀ! ਕੀ ਖੁਦਾ ਬੋਲਾ ਹੈ?
ਇਸੇ ਤਰ੍ਹਾਂ ਸੂਫੀ ਕਵੀ ਬੁੱਲ੍ਹੇ ਸ਼ਾਹ ਧਾਰਮਿਕ ਪਖੰਡ-ਜੁਗਾੜ ਨਕਾਰਦਾ ਹੈ,
ਨਾ ਖੁਦਾ ਮਸੀਤੇ ਲੱਭਦਾ ਨਾ ਖੁਦਾ ਵਿਚ ਕਾਅਬੇ।
ਨਾ ਖੁਦਾ ਕੁਰਾਨ ਕਿਤਾਬਾਂ ਨਾ ਖੁਦਾ ਨਿਮਾਜੇ।
ਨਾ ਖੁਦਾ ਮੈ ਤੀਰਥ ਡਿੱਠਾ ਐਵੇ ਪੈਂਡੇ ਝਾਗੇ।
ਤੇ ਧਾਰਮਿਕ ਰਸਮਾਂ ਨੂੰ ਰੱਦ ਕਰਦਿਆਂ ਤਰਕ ਦਾ ਹੋਕਾ ਦਿੰਦਾ ਹੈ,
ਫੂਕ ਮੁਸੱਲਾ ਭੰਨ ਸੁੱਟ ਲੋਟਾ
ਨਾ ਫੜ ਤਸਬੀ ਕਾਸਾ ਸੋਟਾ,
ਆਸ਼ਕ ਕਹਿੰਦੇ ਦੇ ਦੇ ਹੋਕਾ
ਤਰਕ ਹਲਾਲੋਂ ਖਾਹ ਮੁਰਦਾਰ।
ਪੰਜਾਬ ਦੀ ਜਾਗ੍ਰਿਤੀ ਲਹਿਰ ਦੇ ਸੰਚਾਲਕ ਗੁਰੂ ਸਾਹਿਬਾਨ, ਭਗਤਾਂ, ਤੇ ਸੂਫੀਆਂ/ਫਕੀਰਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਮਿਸਾਲ ਵਜੋਂ ਗੁਰੂ ਸਾਹਿਬਾਨ ਨੇ ਆਪੋ ਆਪਣੇ ਜੀਵਨ ਤੇ ਲਹਿਰ ਦੇ ਸੰਚਾਲਕੀ ਘੇਰੇ ਵਿਚ ਆਪਣੀ ਕਹਿਣੀ ਤੇ ਉਪਦੇਸ਼ਾਂ ਨੂੰ ਲਾਗੂ ਕੀਤਾ। ਜਿਨ੍ਹਾਂ ਧਾਰਮਿਕ ਤੇ ਸਮਾਜਕ ਬੁਰਾਈਆਂ ਦੇ ਵਿਰੁਧ ਸਿੱਖ ਲਹਿਰ ਸਣੇ ਪੰਜਾਬ ਜਾਗ੍ਰਿਤੀ ਲਹਿਰ ਨੇ ਸੰਘਰਸ਼ ਕੀਤਾ, ਉਨ੍ਹਾਂ Ḕਚੋਂ ਬਹੁਤੇ ਪੰਜਾਬ ਦੇ Ḕਆਧੁਨਿਕ ਯੁੱਗḔ ਵਿਚ ਵੀ ਦਾਖਲ ਹੋ ਗਏ, ਤੇ ਕਈ ਕਿਸੇ ਹੱਦ ਤੱਕ ਉਸੇ ਜਾਂ ਭਿੰਨ ਰੂਪ ਵਿਚ ਅਜੇ ਤੱਕ ਕਾਇਮ ਨੇ; ਜਿਵੇਂ ਜਾਤ-ਪਾਤ; ਧਾਰਮਿਕ ਕੁਰੀਤੀਆਂ, ਦੁਰਵਿਹਾਰ ਤੇ ਪਖੰਡ; ਕਈ ਸਮਾਜਕ ਹਲਕਿਆਂ ਵਿਚ ਔਰਤ ਦੇ ਪੁਨਰ-ਵਿਆਹ ਦੀ ਮਨਾਹੀ ਜਾਂ ਅਪ੍ਰਵਾਨਗੀ ਤਾਂ ਹੈ ਹੀ, ਉਨ੍ਹਾਂ ਨੂੰ ਪਹਿਲਾ ਵਿਆਹ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਾਉਣ ਦਿੱਤਾ ਜਾਂਦਾ; ਗਰਭ ਡੇਗ ਕੇ ਬੱਚੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ ਤੇ ਔਰਤ ਨਾਲ ਹੋਰ ਵਿਤਕਰਾ ਆਦਿ। ਫਰਕ ਸਿਰਫ ਇੰਨਾ ਹੈ ਕਿ ਹੁਣ ਇਹ ਸਮਾਜਕ ਲਾਹਨਤਾਂ ਸਿਰਫ ਕੱਟੜ ਹਿੰਦੂ ਧਰਮ ਤੇ ਇਸਲਾਮ ਤੱਕ ਹੀ ਸੀਮਿਤ ਨਹੀਂ ਰਹੀਆਂ। ਇੰਜ ਪੰਜਾਬ ਜਾਗ੍ਰਿਤੀ ਲਹਿਰ ਪਿਛੋਂ ਪੰਜਾਬ ਕੂਹਣੀ-ਮੋੜ ਕੱਟ ਗਿਆ, ਪਰ ਰੈਨੇਸਾਂਸ ਪਿਛੋਂ ਯੂਰਪ ਅੱਗੇ ਵਧਦਾ ਗਿਆ।
ਮੁੱਕਦੀ ਗੱਲ, ਆਧੁਨਿਕ ਮਾਨਵਵਾਦ ਦੀਆਂ ਕੁਝ ਮਨੁੱਖੀ ਕਦਰਾਂ ਕੀਮਤਾਂ ਨੂੰ ਮੱਧਕਾਲੀ ਯੁੱਗ ਵਿਚ ਚੱਲੀਆਂ ਲਹਿਰਾਂ, ਪੰਜਾਬ ਜਾਗ੍ਰਿਤੀ ਲਹਿਰ ਤੇ ਯੂਰਪੀਅਨ ਰੈਨੇਸਾਂਸ ਨੇ ਆਪਣੇ ਸਮੇਂ ਵਿਚ ਹੀ ਉਤਸ਼ਾਹਤ ਤੇ ਵਾਹ ਲੱਗਦੀ ਨੂੰ ਲਾਗੂ ਕੀਤਾ; ਜਿਨ੍ਹਾਂ ਵਿਚੋਂ ਮੁੱਖ ਹਨ: ਮਰਦ-ਔਰਤ ਬਰਾਬਰੀ ਦੀ ਵਕਾਲਤ, ਜਾਤ-ਪਾਤ (ਯੂਰਪ ਵਿਚ ਨਸਲ) ਦੇ ਆਧਾਰ Ḕਤੇ ਵਿਤਕਰੇ ਦਾ ਵਿਰੋਧ, ਅਤੇ ਕੁਰੀਤੀਆਂ ਤੇ ਪਾਖੰਡਾਂ ਦੀ ਵਰਤੋਂ ਕਰਕੇ ਧਾਰਮਿਕ ਚੌਧਰੀਆਂ ਵਲੋਂ ਲੋਕਾਂ Ḕਤੇ ਢਾਹੇ ਜਾ ਰਹੇ ਜ਼ੁਲਮ ਤੇ ਉਨ੍ਹਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਵਿਰੋਧ। ਜੇ ਸਮਾਜਕ ਦਸ਼ਾ ਦੇ ਹਿਸਾਬ ਨਾਲ ਜਾਤ-ਪਾਤ ਦਾ ਅਨੁਵਾਦ ਉਸ ਸਮੇਂ ਦੇ ਯੂਰਪ ਵਿਚ ਸਮਾਜਕ ਜਮਾਤ (ਸ਼ੋਸ਼ਲ ਕਲਾਸ) ਤੇ ਮਨੁੱਖੀ ਨਸਲ ਮੰਨ ਲਈਏ, ਤਾਂ ਜਿਵੇਂ ਇਸ ਲੇਖ ਵਿਚ ਵੀ ਦਿਖਾਇਆ ਹੈ, ਪੰਜਾਬ ਜਾਗ੍ਰਿਤੀ ਲਹਿਰ ਮਰਦ-ਔਰਤ ਬਰਾਬਰੀ ਦੀ ਅਮਲੀ ਵਕਾਲਤ ਅਤੇ ਜਾਤ-ਪਾਤ, ਜਮਾਤ ਤੇ ਨਸਲ Ḕਤੇ ਆਧਾਰਤ ਵਿਤਕਰੇ ਵਿਰੁਧ ਆਢਾ ਲੈਣ ਵਿਚ ਪੱਛਮ ਜਾਂ ਯੂਰਪ ਤੋਂ ਵੀ ਕਿਤੇ ਅੱਗੇ ਸਨ; ਪਰ ਯੂਰਪੀਅਨ ਰੈਨੇਸਾਂਸ ਲਹਿਰ ਨੇ ਅਤੀਤ ਤੇ ਉਦੋਂ ਦੇ ḔਅੱਜḔ ਨੂੰ ਤਰਕ ਨਾਲ ਪੜਚੋਲ ਕੇ ਧਾਰਮਿਕ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁਧ ਤਰਕ ਦਾ ਹੱਲਾ ਬੋਲਦਿਆਂ ਯੂਰਪ ਨੂੰ ਆਧੁਨਿਕ ਯੁੱਗ ਨਾਲ ਜੋੜ ਦਿੱਤਾ, ਪਰ ਪੰਜਾਬ ਜਾਗ੍ਰਿਤੀ ਲਹਿਰ ਕੋਲ ਤਰਕ ਹੁੰਦਿਆਂ ਵੀ, ਕੁਝ ਆਧੁਨਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਤੇ ਵਾਹ ਲੱਗਦੀ ਨੂੰ ਲਾਗੂ ਕਰਨ ਵਿਚ ਪੱਛਮ/ਯੂਰਪ ਤੋਂ ਦੋ ਕਦਮ ਅੱਗੇ ਹੋਣ ਦੇ ਬਾਵਜੂਦ ਜਾਗ੍ਰਿਤੀ ਲਹਿਰ ਪੰਜਾਬ ਨੂੰ ਆਧੁਨਿਕ ਯੁੱਗ ਨਾਲ ਜੋੜਨ ਤੋਂ ਅਸਮਰਥ ਹੀ ਨਹੀਂ ਰਹੀ, ਸਗੋਂ ਲਹਿਰ ਪਿਛੋਂ ਪੰਜਾਬ ਕਰੀਬ ਸਾਰਾ ਕੀਤਾ ਕਰਾਇਆ ਖੂਹ ਵਿਚ ਸੁੱਟਦਿਆਂ ਕੂਹਣੀ-ਮੋੜ ਕੱਟ ਗਿਆ। ਕਿਉਂ? ਇਸ ਸੁਆਲ ਦਾ ਜੁਆਬ ਵੱਖਰੇ ਲੇਖ ਵਿਚ ਤਲਾਸ਼ਿਆ ਗਿਆ ਹੈ। ਉਸ ਤੋਂ ਪਹਿਲਾਂ ਸਾਨੂੰ ਪੰਜਾਬ ਜਾਗ੍ਰਿਤੀ ਲਹਿਰ ਤੇ ਯੂਰਪੀਅਨ ਰੈਨੇਸਾਂਸ ਵਿਚ ਵਿਗਿਆਨ ਤੇ ਵਿਗਿਆਨਕ ਸੋਚ ਦੇ ਵਿਸ਼ੇ ਨਾਲ ਦੋ-ਹੱਥ ਹੋਣਾ ਪਵੇਗਾ।
(ਚਲਦਾ)