ਪਰਮਜੀਤ ਰੋਡੇ
ਫੋਨ: 510-501-4191
ਛੇ ਅਕਤੂਬਰ ਨੂੰ ਵ੍ਹਾਈਟ ਹਾਊਸ ਦਾ ਹੈਰਾਨਕੁਨ ਬਿਆਨ ਜਾਰੀ ਹੋਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ ਪਿਛੋਂ ਸੀਰੀਆ ਵਿਚੋਂ ਅਮਰੀਕੀ ਫੌਜਾਂ ਵਾਪਿਸ ਬੁਲਾਈਆਂ ਜਾ ਰਹੀਆਂ ਹਨ। ਬਿਆਨ ਆਉਂਦਿਆਂ ਹੀ ਫੌਜਾਂ ਸੀਰੀਆ ‘ਚੋਂ ਨਿਕਲਣੀਆਂ ਸ਼ੁਰੂ ਹੋ ਗਈਆਂ। ਵਾਪਸੀ ਮੁਕੰਮਲ ਨਹੀਂ ਸੀ ਹੋਈ ਕਿ ਤੁਰਕੀ ਦੀ ਏਅਰਫੋਰਸ ਨੇ ਸੀਰੀਆ ਦੇ ਬਾਰਡਰ ਦੀ ਉਲੰਘਣਾ ਕਰਦਿਆਂ ਕੁਰਦ ਮਲੀਸ਼ੀਆ ਦੇ ਟਿਕਾਣਿਆਂ ‘ਤੇ ਭਾਰੀ ਬੰਬਾਰੀ ਸ਼ੁਰੂ ਕਰ ਦਿੱਤੀ। ਬੰਬਾਰੀ ਦੇ ਦੂਜੇ ਦਿਨ ਹੀ ਜ਼ਮੀਨੀ ਫੌਜਾਂ ਵੀ ਸੀਰੀਆ ਅੰਦਰ ਦਾਖਲ ਹੋ ਗਈਆਂ। ਕੁਰਦਾਂ ‘ਤੇ ਚੌਤਰਫਾ ਹਮਲਾ ਸ਼ੁਰੂ ਹੋ ਗਿਆ। ਇਹ ਹਮਲਾ ਇੰਨਾ ਨਿਰਦਈ ਅਤੇ ਅਚਾਨਕ ਸੀ ਕਿ ਡਰੇ ਅਤੇ ਘਾਬਰੇ ਪਰਿਵਾਰਾਂ ਦੇ ਪਰਿਵਾਰ ਆਪਣਾ ਸਭ ਕੁਝ ਛੱਡ-ਛਡਾ ਕੇ ਭੱਜ ਨਿਕਲੇ। ਹਮਲੇ ਦੇ ਪਹਿਲੇ ਕੁਝ ਹੀ ਦਿਨਾਂ ਵਿਚ ਇਕ ਲੱਖ ਤੋਂ ਵੱਧ ਬੇਵਸ ਲੋਕ ਬਾਰਡਰ ਟੱਪ ਕੇ ਤੁਰਕੀ ਜਾ ਵੜੇ।
ਟਰੰਪ ਅਤੇ ਤੁਰਕੀ ਸਰਕਾਰ ਦਾ ਦੁਨੀਆਂ ਭਰ ‘ਚ ਵਿਰੋਧ ਹੋਣਾ ਸੁਭਾਵਿਕ ਸੀ। ਅਮਰੀਕੀ ਕਾਂਗਰਸ ‘ਚ ਦੋਹਾਂ ਪਾਰਟੀਆਂ- ਰਿਪਬਲਿਕਨ ਪਾਰਟੀ ਤੇ ਡੈਮੋਕਰੈਟਿਕ ਪਾਰਟੀ ਦੇ ਵੱਡੀ ਗਿਣਤੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਯੂਰਪ ਦੇ ਪੰਜ ਮੈਂਬਰ ਦੇਸ਼ਾਂ-ਇੰਗਲੈਂਡ, ਫਰਾਂਸ, ਜਰਮਨੀ, ਬੈਲਜੀਅਮ ਤੇ ਪੋਲੈਂਡ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਫੌਰੀ ਮੀਟਿੰਗ ਦੀ ਮੰਗ ਕੀਤੀ। ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਤੁਰਕੀ ਦੇ ਹਮਲੇ ਦੀ ਨਿਖੇਧੀ ਕੀਤੀ।
ਯੂਰਪੀ ਯੂਨੀਅਨ ਦੀ ਵਿਦੇਸ਼ ਮਾਮਲੇ ਬਾਰੇ ਕੌਂਸਲ ਨੇ ਤੁਰਕੀ ਤੋਂ ਮੰਗ ਕੀਤੀ ਕਿ ਉਹ ਫੌਜਾਂ ਤੁਰੰਤ ਵਾਪਿਸ ਬੁਲਾਵੇ। ਜਰਮਨੀ, ਫਰਾਂਸ, ਇੰਗਲੈਂਡ, ਨਾਰਵੇ ਅਤੇ ਨੀਦਰਲੈਂਡ ਨੇ ਤੁਰਕੀ ਨੂੰ ਹਥਿਆਰਾਂ ਦੀ ਵਿਕਰੀ ਬੰਦ ਕਰ ਦਿੱਤੀ, ਪਰ ਤੁਰਕੀ ਦੇ ਰਾਸ਼ਟਰਪਤੀ ਐਰਡੋਗਨ ਨੇ ਇਸ ਸਾਰੇ ਵਿਰੋਧ ਨੂੰ ਟਿੱਚ ਜਾਣਦਿਆਂ ਉਲਟਾ ਯੂਰਪੀ ਦੇਸ਼ਾਂ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ ਦਾ ਵਿਰੋਧ ਜਾਰੀ ਰੱਖਿਆ ਗਿਆ ਤਾਂ ਉਹ ਤੁਰਕੀ ‘ਚ ਬੈਠੇ ਦੋ ਮਿਲੀਅਨ ਸੀਰੀਅਨ ਰਿਫੂਜੀਆਂ ਨੂੰ ਯੂਰਪ ਵੱਲ ਧੱਕ ਦੇਵੇਗਾ।
ਤੁਰਕੀ ਦਾ ਰਾਸ਼ਟਰਪਤੀ ਸਪਸ਼ਟ ਕਹਿ ਰਿਹਾ ਹੈ ਕਿ ਉਹ ਕਿਸੇ ਦਬਾਅ ਅੱਗੇ ਨਹੀਂ ਝੁਕੇਗਾ। ਉਹ ਉਦੋਂ ਤੱਕ ਪਿੱਛੇ ਨਹੀਂ ਮੁੜੇਗਾ, ਜਦ ਤੱਕ ਕੁਰਦਾਂ ਨੂੰ ਪਿੱਛੇ ਧੱਕ ਕੇ ਸੀਰੀਆ ਅੰਦਰ ਉਤਰੀ ਬਾਰਡਰ ਦੇ ਨਾਲ-ਨਾਲ 20 ਮੀਲ ਚੌੜੀ ਅਤੇ 272 ਮੀਲ ਲੰਮੀ ਪੱਟੀ ਖਾਲੀ ਨਹੀਂ ਕਰ ਲੈਂਦਾ। ਉਸ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਉਹ ਬਾਰਡਰ ‘ਤੇ ‘ਸੁਰੱਖਿਅਤ ਜ਼ੋਨ’ ਕਾਇਮ ਕਰੇਗਾ, ਜਿਥੇ ਤੁਰਕੀ ‘ਚ ਬੈਠੇ ਰਿਫਿਊਜੀਆਂ ਨੂੰ ਵਸਾਏਗਾ।
ਕੁਰਦ ਮਲੀਸ਼ੀਆ ਨੇ ਤੁਰਕੀ ਦੀ ਫੌਜ ਨੂੰ ਆਸ ਤੋਂ ਵੱਧ ਜਚਵੀਂ ਟੱਕਰ ਦਿੱਤੀ ਹੈ। ਕੌਮਾਂਤਰੀ ਭਾਈਚਾਰੇ ਨੂੰ ਮਦਦ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਨੂੰ ਪਛਤਾਵਾ ਹੈ ਕਿ ਤੁਰਕੀ ਦੇ ਹਮਲੇ ਦੇ ਮੁਕਾਬਲੇ ਲਈ ਬਣਾਈਆਂ ਪੱਕੀਆਂ ਮੋਰਚਾਬੰਦੀਆਂ ਉਹ ਅਮਰੀਕਾ ਦੇ ਕਹਿਣ ‘ਤੇ ਪਹਿਲਾਂ ਢਹਿ-ਢੇਰੀ ਕਰ ਬੈਠੇ ਸਨ।
ਸਭ ਨੂੰ ਸਪਸ਼ਟ ਹੈ ਕਿ ਰਾਸ਼ਟਰਪਤੀ ਟਰੰਪ ਦੀ ਅਮਰੀਕੀ ਫੌਜ ਦੀ ਸੀਰੀਆ ‘ਚੋਂ ਵਾਪਸੀ ਦੇ ਝੱਟ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਨਾਲ ਹੋਈ ਗੱਲਬਾਤ ‘ਚ ਹੋਰ ਗੱਲਾਂ ਤੋਂ ਇਲਾਵਾ ਤੁਰਕੀ ਨੂੰ ਕੁਰਦਾਂ ‘ਤੇ ਹਮਲੇ ਲਈ ਦਿੱਤੀ ਹਰੀ ਝੰਡੀ ਵੀ ਸ਼ਾਮਲ ਸੀ, ਪਰ ਕੌਮਾਂਤਰੀ ਭਾਈਚਾਰੇ ਵੱਲੋਂ ਟਰੰਪ ਅਤੇ ਤੁਰਕੀ ਦੀ ਇੰਨੀ ਤਿੱਖੀ ਆਲੋਚਨਾ ਹੋਈ ਕਿ ਅਮਰੀਕੀ ਸਰਕਾਰ ਨੂੰ ਇਸ ਦੀ ਵਾਜਬੀਅਤ ਦਰਸਾਉਣੀ ਔਖੀ ਹੋ ਗਈ। ਕਈ ਦਿਨ ਲਗਾਤਾਰ ਗੈਰ ਵਾਜਬ ਅਤੇ ਭੰਬਲਭੂਸੇ ਭਰੇ ਬਿਆਨ ਆਉਂਦੇ ਰਹੇ। ਛੇ ਅਕਤੂਬਰ ਨੂੰ ਵ੍ਹਾਈਟ ਹਾਊਸ ਵਲੋਂ ਸਟੇਟਮੈਂਟ ਜਾਰੀ ਹੋਈ ਕਿ ਰਾਸ਼ਟਰਪਤੀ ਟਰੰਪ ਦੀ ਤੁਰਕੀ ਦੇ ਰਾਸ਼ਟਰਪਤੀ ਐਰਡੋਗਨ ਨਾਲ ਹੋਈ ਗੱਲਬਾਤ ਪਿਛੋਂ ਸੀਰੀਆ ‘ਚੋਂ ਅਮਰੀਕੀ ਫੌਜਾਂ ਵਾਪਸ ਬੁਲਾਈਆਂ ਜਾਂਦੀਆਂ ਹਨ।
ਸੱਤ ਅਕਤੂਬਰ ਨੂੰ ਟਰੰਪ ਨੇ ਕਿਹਾ ਕਿ ਹੁਣ ਤੁਰਕੀ, ਯੂਰਪ, ਸੀਰੀਆ, ਇਰਾਨ, ਇਰਾਕ, ਰੂਸ ਤੇ ਕੁਰਦ ਸੋਚਣ ਕਿ ਉਨ੍ਹਾਂ ਕੀ ਕਰਨਾ ਹੈ। ਨਾਲ ਹੀ ਟਵੀਟ ਕੀਤਾ ਕਿ ਜੇ ਤੁਰਕੀ ਹੱਦ ਤੋਂ ਬਾਹਰ ਗਿਆ ਤਾਂ ਉਸ ਦੀ ਆਰਥਕਤਾ ਤਬਾਹ ਕਰ ਦਿੱਤੀ ਜਾਵੇਗੀ।
ਅੱਠ ਅਕਤੂਬਰ ਨੂੰ ਟਰੰਪ ਕਹਿੰਦਾ ਹੈ ਕਿ ਤੁਰਕੀ ਸਾਡਾ ਅਤੇ ਨਾਟੋ ਦਾ ਮਜ਼ਬੂਤ ਸਾਥੀ ਹੈ, ਪਰ ਅਸੀਂ ਕੁਰਦ ਜੋ ਖਾਸ ਲੋਕ ਹਨ, ਨੂੰ ਵੀ ਉਨ੍ਹਾਂ ਦੇ ਹੀ ਹਾਲ ‘ਤੇ ਨਹੀਂ ਛੱਡਿਆ।
ਨੌਂ ਅਕਤੂਬਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਅਮਰੀਕਾ ਨੇ ਤੁਰਕੀ ਨੂੰ ਕੁਰਦਾਂ ‘ਤੇ ਹਮਲੇ ਲਈ ਹਰੀ ਝੰਡੀ ਨਹੀਂ ਸੀ ਦਿੱਤੀ।
ਦਸ ਅਕਤੂਬਰ ਨੂੰ ਟਰੰਪ ਨੇ ਰਿਪੋਰਟਰਾਂ ਨੂੰ ਦੱਸਿਆ ਕਿ ਕੁਰਦਾਂ ਨੇ ਦੂਜੀ ਸੰਸਾਰ ਜੰਗ ਮੌਕੇ ਅਮਰੀਕਾ ਦੀ ਮਦਦ ਨਹੀਂ ਸੀ ਕੀਤੀ, ਨਾਲ ਹੀ ਜਾਣਕਾਰੀ ਦਿੱਤੀ ਕਿ ਅਮਰੀਕਾ ਤੁਰਕੀ ਅਤੇ ਕੁਰਦਾਂ ਵਿਚਾਲੇ ਵਿਚੋਲਗੀ ਲਈ ਤਿਆਰ ਹੈ।
ਇਥੇ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕੁਰਦ ਕੀ ਬਲਾ ਹਨ? ਆਖਿਰ ਉਹ ਚਾਹੁੰਦੇ ਕੀ ਹਨ? ਸੰਸਾਰ ਦੇ ਸਿਆਸੀ ਸੀਨ ‘ਤੇ ਉਨ੍ਹਾਂ ਦੀ ਥਾਂ ਕਿਥੇ ਹੈ?
ਕੁਰਦ ਇੱਕ ਸਟੇਟ ਵਿਹੂਣੀ ਕੌਮ ਹੈ, ਜੋ ਸਾਂਝੇ ਬਾਰਡਰ ਵਾਲੇ ਚਾਰ ਮੁਲਕਾਂ ਇਰਾਨ, ਇਰਾਕ, ਤੁਰਕੀ ਅਤੇ ਸੀਰੀਆ ਵਿਚ ਵੰਡੀ ਹੋਈ ਹੈ। ਬਿਲਕੁੱਲ ਉਸੇ ਤਰ੍ਹਾਂ ਜਿਵੇਂ ਕਸ਼ਮੀਰੀ ਅਤੇ ਪੰਜਾਬੀ ਕੌਮਾਂ ਭਾਰਤ ਤੇ ਪਾਕਿਸਤਾਨ ‘ਚ ਵੰਡੀਆਂ ਹੋਈਆਂ ਹਨ। ਪੰਜਾਬੀ ਜਾਂ ਕਸ਼ਮੀਰੀ ਕੌਮ ਨਾਲੋਂ ਕੁਰਦ ਕੌਮ ਵਿਚ ਫਰਕ ਇਹ ਹੈ ਕਿ ਇਹ ਕੌਮ ਚਾਰ ਦੇਸ਼ਾਂ ਵਿਚ ਵੰਡੀ ਹੋਣ ਦੇ ਬਾਵਜੂਦ ਇਕ ਸਾਂਝੇ ਸੁਪਨੇ ਅਤੇ ਉਦੇਸ਼ (ਕੁਰਦਿਸਤਾਨ) ਦੀ ਸਥਾਪਤੀ ਲਈ ਆਪੋ-ਆਪਣੀਆਂ ਸਰਕਾਰਾਂ ਖਿਲਾਫ ਸੰਘਰਸ਼ ਕਰਦਿਆਂ ਆਪਸ ‘ਚ ਵੀ ਸਜਿੰਦ ਤਾਲਮੇਲ ਰੱਖਦੇ ਹਨ। ਇਰਾਨ ‘ਚ ਤਾਂ ਕੁਰਦਾਂ ਦੀ ਬਹੁਗਿਣਤੀ ਵਸੋਂ ਵਾਲੇ ਖਿੱਤੇ ਨੂੰ ਕਿਹਾ ਹੀ ਕੁਰਦਿਸਤਾਨ ਜਾਂਦਾ ਹੈ। ਇਹ ਉਹ ਇਲਾਕਾ ਹੈ, ਜਿਥੇ ਸੱਦਾਮ ਹੁਸੈਨ ਨੇ ਕੁਰਦਾਂ ‘ਤੇ ਕੈਮੀਕਲ ਗੈਸ ਦੀ ਵਰਤੋਂ ਕੀਤੀ ਸੀ, ਜਿਸ ਦੇ ਦੋਸ਼ ਅਤੇ ਬਹਾਨੇ ਥੱਲੇ ਉਸ ਨੂੰ ਫਾਂਸੀ ਦਿਤੀ ਗਈ ਸੀ। ਬਾਕੀ ਤਿੰਨਾਂ ਦੇਸ਼ਾਂ ‘ਚ ਵੀ ਭਾਵੇਂ ਉਹ ਸਰਕਾਰ ਤੋਂ ਵੱਖਰੀ ਸਿਆਸੀ ਸਭਿਆਚਾਰਕ ਪਛਾਣੀ ਵਾਲੀ ਖੁਦਮੁਖਤਾਰ ਇਕਾਈ ਲਈ ਸੰਘਰਸਸ਼ੀਲ ਹਨ, ਪਰ ਵੱਡੇ ਉਦੇਸ਼, ਭਾਵ ਵੱਖਰੇ ਦੇਸ਼ ਕੁਰਦਿਸਤਾਨ ਲਈ ਸੰਘਰਸ਼ ਦਾ ਲੜ ਉਨ੍ਹਾਂ ਕਦੇ ਨਹੀਂ ਛੱਡਿਆ।
ਸੀਰੀਆਈ ਕੁਰਦਾਂ ਦੇ ਅੱਜ ਦੇ ਹਾਲਾਤ ਨੂੰ ਸਮਝਣ ਲਈ ਪਿਛਲੇ ਕੁਝ ਸਾਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਜ਼ਰੂਰੀ ਹੈ। ਸੀਰੀਆ ਵਿਚ ਅਜੋਕੀ ਲੜਾਈ ਦਾ ਮੁੱਢ 15 ਮਾਰਚ 2011 ਦੇ ਮੁਜਾਹਰਿਆਂ ਤੋਂ ਬੱਝਾ, ਜਦੋਂ ਹਜ਼ਾਰਾਂ ਲੋਕਾਂ ਦੇ ਵੱਡੇ ਹਜੂਮ ਨੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੇ ਅਸਤੀਫੇ ਅਤੇ ਨਵੀਂ ਸਰਕਾਰ ਦੀ ਸਥਾਪਤੀ ਦੀ ਮੰਗ ਕੀਤੀ ਅਤੇ ਰਾਜਧਾਨੀ ਦਮਸ਼ਕ ਦੀਆਂ ਸੜਕਾਂ ‘ਤੇ ਨਿਕਲ ਤੁਰਿਆ। ਸੀਰੀਆ ਦਾ ਇਹ ਉਭਾਰ ‘ਅਰਬ ਸਪਰਿੰਗ’ ਦੇ ਨਾਮ ਨਾਲ ਜਾਣੇ ਜਾਂਦੇ ਉਸ ਵੱਡੇ ਉਭਾਰ ਦਾ ਹਿੱਸਾ ਸੀ, ਜਿਸ ਨੇ ਬਹੁਤ ਸਾਰੇ ਅਰਬ ਮੁਲਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ। ਸੀਰੀਆ ਦਾ ਇਹ ਉਭਾਰ ਤੇਜ਼ੀ ਨਾਲ ਦੇਸ਼ ਦੇ ਬਾਕੀ ਹਿੱਸਿਆਂ ਅੰਦਰ ਫੈਲ ਰਿਹਾ ਸੀ ਅਤੇ ਖਾੜਕੂ ਰੁਖ ਅਖਤਿਆਰ ਕਰ ਰਿਹਾ ਸੀ। ਅਮਰੀਕਾ ਅਤੇ ਇਸ ਦੇ ਸੰਗੀਆਂ ਦੀਆਂ ਅੱਖਾਂ ਵਿਚ ਸੀਰੀਆ ਪਹਿਲਾਂ ਹੀ ਰੋੜ ਵਾਂਗ ਰੜਕਦਾ ਸੀ। ਸੋ, ਸੀਰੀਅਨ ਲੋਕਾਂ ਦੇ ਹੱਕੀ ਸੰਘਰਸ਼ ਦਾ ਇਹ ਉਹ ਪੜਾਅ ਹੈ, ਜਿਥੇ ਆ ਕੇ ਅਮਰੀਕਾ ਅਤੇ ਉਸ ਦੇ ਸੰਗੀ ਦੇਸ਼ਾਂ, ਖਾਸ ਕਰਕੇ ਇੰਗਲੈਂਡ, ਫਰਾਂਸ ਅਤੇ ਜਾਰਡਨ ਨੇ ਸੁਨਹਿਰੀ ਮੌਕਾ ਜਾਣ ਕੇ ਸਰਗਰਮ ਮਿਲਟਰੀ ਦਖਲਅੰਦਾਜ਼ੀ ਕੀਤੀ। ਸੀਰੀਅਨ ਵਿਰੋਧੀ ਧਿਰ ਅਤੇ ਫੈਡਰੇਸ਼ਨ ਆਫ ਨਾਰਦਰਨ ਅਲਾਇੰਸ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਧਿਰਾਂ ਸੰਘਰਸ਼ ਦੇ ਮੂਹਰੇ ਸਨ। ਅਮਰੀਕਾ ਦੀ ਅਗਵਾਈ ਵਾਲੀਆਂ ਅਲਾਈਡ ਫੋਰਸਾਂ ਹੀ ਸੰਘਰਸ਼ ਨੂੰ ਚਲਾ ਰਹੀਆਂ ਸਨ। ਹਥਿਆਰਬੰਦ ਸੰਘਰਸ਼ ਵੇਗ ਫੜ ਗਿਆ। ਇਸ ਹਾਲਾਤ ਦਾ ਲਾਹਾ ਲੈਂਦਿਆਂ ਸੀਰੀਆਈ ਕੁਰਦਾਂ ਨੇ ਵੀ ਉਸ ਇਲਾਕੇ ‘ਤੇ ਕਬਜ਼ਾ ਜਮਾ ਲਿਆ, ਜਿਸ ਨੂੰ ਉਹ ਆਪਣਾ ਇਲਾਕਾ ਸਮਝਦੇ ਆ ਰਹੇ ਸਨ।
ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਪੂਰੀ ਤਰ੍ਹਾਂ ਹਥਿਆਰਬੰਦ, ਟਰੇਂਡ ਅਤੇ ਤਾਕਤਵਰ ਆਈ. ਐਸ਼ ਨਾਂ ਦੀ ਇਸਲਾਮੀ ਜਥੇਬੰਦੀ ਲੜ ਰਹੀਆਂ ਸਾਰੀਆਂ ਧਿਰਾਂ ਨਾਲ ਇਕੋ ਸਮੇਂ ਵੱਡੀ ਟੱਕਰ ਲੈਣ ਲਈ ਪਰ ਤੋਲ ਰਹੀ ਹੈ। ਇਸ ਖੂੰਖਾਰ ਫੋਰਸ ਦੇ ਉਭਾਰ ਅਤੇ ਦਖਲ ਨੇ ਲੜ ਰਹੀਆਂ ਸਾਰੀਆਂ ਧਿਰਾਂ ਦੀਆਂ ਸਭ ਗਿਣਤੀਆਂ ਮਿਣਤੀਆਂ ਪੁੱਠੀਆਂ ਪਾ ਦਿੱਤੀਆਂ। ਆਈ. ਐਸ਼ ਦਾ ਚੈਲੇਂਜ ਐਡਾ ਵੱਡਾ ਸੀ ਕਿ ਅਮਰੀਕੀ ਧਿਰ ਨੂੰ ਰਾਸ਼ਟਰਪਤੀ ਅਸਦ ਖਿਲਾਫ ਲੜਾਈ ਤੋਂ ਧਿਆਨ ਹਟਾਉਂਦਿਆਂ ਸਾਰੀ ਫੋਰਸ ਆਈ. ਐਸ਼ ਖਿਲਾਫ ਲੜਾਈ ਵਿਚ ਝੋਕਣੀ ਪਈ।
ਹਾਲਾਤ ਦੇ ਇਸੇ ਪ੍ਰਸੰਗ ਵਿਚ ਹੀ ਅਮਰੀਕਾ ਦਾ ਸੀਰੀਆਈ ਡੈਮੋਕਰੈਟਿਕ ਫੋਰਸਜ਼ (ਐਸ਼ ਡੀ. ਐਫ਼) ਨਾਲ ਗੱਠਜੋੜ ਸਾਹਮਣੇ ਆਉਂਦਾ ਹੈ। 2014 ਦੇ ਇਸ ਗਠਜੋੜ ਨੂੰ ਅਮਰੀਕਾ-ਕੁਰਦ ਗਠਜੋੜ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਐਸ਼ ਡੀ. ਐਫ਼ ਵਿਚ ਕੁਰਦਾਂ ਤੋਂ ਬਿਨਾ ਬਾਕੀ ਧਿਰਾਂ ਨਾਂ-ਮਾਤਰ ਹੀ ਸਨ। ਲੜਨ ਵਾਲੀ ਮੁੱਖ ਧਿਰ ਤਾਂ ਕੁਰਦ ਹੀ ਸਨ।
ਤੁਰਕੀ ਦਾ ਰਾਸ਼ਟਰਪਤੀ ਐਰਡੋਗਨ ਅਮਰੀਕੀ-ਕੁਰਦ ਗਠਜੋੜ ਤੋਂ ਕਦਾਚਿਤ ਖੁਸ਼ ਨਹੀਂ ਸੀ, ਕਿਉਂਕਿ ਉਹ ਸੀਰੀਆ ਵਿਚ ਕੁਰਦਾਂ ਦੀ ਜਥੇਬੰਦੀ ਵਾਈ. ਪੀ. ਜੀ. ਨੂੰ ਤੁਰਕੀ ‘ਚ ਕੁਰਦਾਂ ਦੀ ਗੈਰ ਕਾਨੂੰਨੀ ਕਰਾਰ ਦਿੱਤੀ ਜਥੇਬੰਦੀ ਪੀ. ਕੇ. ਕੇ. ਦਾ ਹੀ ਵਧਵਾਂ ਰੂਪ ਸਮਝਦਾ ਸੀ। ਐਰਡੋਗਨ ਅਮਰੀਕਾ ਦੀ ਅਸਦ ਖਿਲਾਫ ਜੰਗਬੰਦੀ ਤੋਂ ਵੀ ਨਾਖੁਸ਼ ਸੀ, ਕਿਉਂਕਿ ਉਹ ਹਰ ਹਾਲਤ ਵਿਚ ਅਸਦ ਨੂੰ ਗੱਦੀਓਂ ਲੱਥਾ ਦੇਖਣਾ ਚਾਹੁੰਦਾ ਸੀ।
ਬੁਰੀ ਤਰ੍ਹਾਂ ਘਿਰ ਚੁਕੇ ਅਸਦ ਨੂੰ ਅਮਰੀਕੀ ਧਿਰ ਦੇ ਲੜਾਈ ਦਾ ਰੁਖ ਬਦਲਣ ਨਾਲ ਸੁੱਖ ਦਾ ਸਾਹ ਆਇਆ। ਅਮਰੀਕੀ ਧਿਰ ਦੀਆਂ ਇਛਾਵਾਂ ਦਾ ਘਾਣ ਉਦੋਂ ਹੋਇਆ, ਜਦੋਂ ਸਤੰਬਰ 2015 ਵਿਚ ਸੀਰੀਆ ਸਰਕਾਰ ਦੀ ਬੇਨਤੀ ‘ਤੇ ਰੂਸ ਦੀਆਂ ਫੌਜਾਂ ਅਸਦ ਦੀ ਮਦਦ ਲਈ ਸੀਰੀਆ ਆਣ ਵੜੀਆਂ। ਦੇਖਦਿਆਂ ਹੀ ਦੇਖਦਿਆਂ ਲੜਾਈ ਦਾ ਪਾਸਾ ਹੀ ਪਲਟ ਗਿਆ। ਰੂਸ ਅਤੇ ਸੀਰੀਆਈ ਫੌਜਾਂ ਨੇ ਇਕੋ ਸਮੇਂ ਆਈ. ਐਸ਼ ਅਤੇ ਅਸਦ ਖਿਲਾਫ ਲੜ ਰਹੀ ਅਮਰੀਕਾ ਪੱਖੀ ਵਿਰੋਧੀ ਧਿਰ ਖਿਲਾਫ ਲੜਾਈ ਦਾ ਮੋਰਚਾ ਖੋਲ੍ਹ ਦਿੱਤਾ। ਹਾਲਾਤ ਇਹ ਬਣ ਗਏ ਕਿ ਅਮਰੀਕੀ ਧਿਰ ਨੇ ਅਸਦ ਖਿਲਾਫ ਲੜਾਈ ਤਾਂ ਰੋਕ ਹੀ ਦਿੱਤੀ ਸੀ, ਨਾਲ ਹੀ ਆਈ. ਐਸ਼ ਖਿਲਾਫ ਲੜਾਈ ਲਈ ਵੀ ਰੂਸੀ ਸੀਰੀਆਈ ਧਿਰ ਨਾਲ ਤਾਲਮੇਲ ਕਰਨਾ ਪਿਆ।
15 ਜੁਲਾਈ 2016 ਨੂੰ ਇਕ ਹੋਰ ਵੱਡੀ ਘਟਨਾ ਵਾਪਰ ਗਈ। ਤੁਰਕੀ ਦੇ ਰਾਸ਼ਟਰਪਤੀ ਐਰਡੋਗਨ ਦੀ ਸਰਕਾਰ ਖਿਲਾਫ ਰਾਜ ਪਲਟੇ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਛੇਤੀ ਹੀ ਸਪਸ਼ਟ ਹੋ ਗਿਆ ਕਿ ਰਾਜ ਪਲਟੇ ਦੀ ਇਸ ਸਾਜ਼ਿਸ਼ ਵਿਚ ਅਮਰੀਕਾ ਦਾ ਹੱਥ ਸੀ। ਤੁਰਕੀ ਦੀ ਹੁਕਮਰਾਨ ਧਿਰ ਦੇ ਹਿੱਤ ਅਮਰੀਕਾ ਸਾਮਰਾਜ ਅਤੇ ਨਾਟੋ ਨਾਲ ਜੁੜੇ ਹੋਣ ਦੇ ਬਾਵਜੂਦ ਤੁਰਕੀ ਸਰਕਾਰ ਨੂੰ ਵਕਤੀ ਤੌਰ ‘ਤੇ ਅਮਰੀਕੀ ਧਿਰ ਤੋਂ ਦੂਰ ਹੋਣਾ ਪਿਆ। ਮੌਕਾ ਦੇਖ ਕੇ ਰੂਸ ਨੇ ਤੁਰਕੀ ਨਾਲ ਹੱਥ ਮਿਲਾ ਲਿਆ ਅਤੇ ਇਕ ਵਾਰ ਅਸਦ ਖਿਲਾਫ ਚਲ ਰਹੀ ਅਮਰੀਕੀ ਲੜਾਈ ਵਿਚੋਂ ਤੁਰਕੀ ਨੂੰ ਨਿਰਪੱਖ ਕਰ ਦਿੱਤਾ।
ਉਧਰ ਅਮਰੀਕੀ ਕੁਰਦ ਗਠਜੋੜ ਭਾਵੇਂ ਆਈ. ਐਸ਼ ਖਿਲਾਫ ਲੜਾਈ ਦੇ ਰਿਹਾ ਸੀ, ਪਰ ਗਠਜੋੜ ਅੰਦਰ ਸਭ ਅੱਛਾ ਨਹੀਂ ਸੀ। ਕੁਰਦ ਅਮਰੀਕਾ ਤੋਂ ਵੱਧ ਤੋਂ ਵੱਧ ਆਧੁਨਿਕ ਹਥਿਆਰਾਂ ਦੀ ਮੰਗ ਕਰ ਰਹੇ ਸਨ, ਪਰ ਅਮਰੀਕਾ ਦੇਣ ਤੋਂ ਕੰਜੂਸੀ ਦਿਖਾ ਰਿਹਾ ਸੀ। ਇਹ ਕੁੜਿੱਤਣ ਵਧਣ ਕਰਕੇ ਹੀ ਕੁਰਦਾਂ ਨੇ ਸੀਰੀਆ ਵਿਚ ਰੂਸੀ ਦਖਲ ਨੂੰ ਜੀ ਆਇਆਂ ਕਿਹਾ ਤਾਂ ਕਿ ਹਥਿਆਰ ਰੂਸ ਤੋਂ ਪ੍ਰਾਪਤ ਕੀਤੇ ਜਾ ਸਕਣ। ਅਮਰੀਕਾ ਨੇ ਗੱਲ ਇਸ ਰੁਖ ਤਾਂ ਨਹੀਂ ਵਧਣ ਦਿੱਤੀ, ਪਰ ਉਸ ਦੀ ਲਗਾਤਾਰ ਕੋਸ਼ਿਸ਼ ਰਹੀ ਕਿ ਕੁਰਦਾਂ ਨੂੰ ਐਨੇ ਕੁ ਹਥਿਆਰ ਹੀ ਦਿੱਤੇ ਜਾਣ ਕਿ ਲੜਾਈ ਦੇ ਖਾਤਮੇ ਪਿਛੋਂ ਉਨ੍ਹਾਂ ਕੋਲ ਕੋਈ ਮਾਰੂ ਹਥਿਆਰ ਨਾ ਬਚੇ।
ਹੁਣ ਜਦੋਂ ਰੂਸ-ਸੀਰੀਆ ਗਠਜੋੜ ਅਤੇ ਅਮਰੀਕਾ-ਕੁਰਦ ਗਠਜੋੜ ਵਲੋਂ ਆਈ.ਐਸ਼ ਖਿਲਾਫ ਦਿੱਤੀ ਗਈ ਜ਼ਬਰਦਸਤ ਲੜਾਈ ਸਦਕਾ ਆਈ. ਐਸ਼ ਦਾ ਆਖਰੀ ਗੜ੍ਹ ਵੀ ਸਰ ਕਰ ਲਿਆ ਗਿਆ ਤਾਂ ਅਮਰੀਕਾ ਨੂੰ ਕੁਰਦਾਂ ਨਾਲ ਗਠਜੋੜ ਫਜ਼ੂਲ ਲੱਗਣ ਲੱਗ ਪਿਆ। ਅਮਰੀਕੀ ਸਾਮਰਾਜੀ ਅਤੇ ਕੁਰਦ ਖਾਹਿਸ਼ਾਂ ਵਿਚਲਾ ਵਕਤੀ ਤੌਰ ‘ਤੇ ਮੱਠਾ ਪਿਆ ਬੁਨਿਆਦੀ ਵਿਰੋਧ ਮੁੜ ਉਸਲਵੱਟੇ ਲੈਣ ਲੱਗਾ। ਅਮਰੀਕਾ ਦੇ ਕੁਰਦਾਂ ਨੂੰ ਬੇਵਸੀ ਦੀ ਹਾਲਤ ਵਿਚ ਛੱਡਣ ਅਤੇ ਤੁਰਕੀ ਨੂੰ ਕੁਰਦਾਂ ‘ਤੇ ਹਮਲੇ ਲਈ ਹਰੀ ਝੰਡੀ ਦੇਣ ਦੀ ਸਾਜ਼ਿਸ਼ ਪਿੱਛੇ ਵੀ ਅਮਰੀਕੀ ਸਾਮਰਾਜੀ ਹਿੱਤ ਹੀ ਕੰਮ ਕਰਦੇ ਹਨ। ਕੁਰਦਾਂ ਦਾ ਇਹ ਕਹਿਣਾ ਕਿ ਅਮਰੀਕਾ ਨੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਬਿਲਕੁਲ ਸੱਚ ਹੈ। ਹੁਣ ਦੇ ਹਾਲਾਤ ਮੁਤਾਬਕ ਇਹ ਕੁਰਦ ਹੁਣ ਤੁਰਕੀ ਦੇ ਟਾਕਰੇ ਲਈ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੇ ਨੇੜੇ ਹੋ ਗਏ ਹਨ।