ਗੁਲਜ਼ਾਰ ਸਿੰਘ ਸੰਧੂ
ਵੀਹ ਕੁ ਦਿਨ ਹੋਏ ਮੈਨੂੰ ਕਸ਼ਮੀਰ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਪੰਜ ਦਿਨ ਰਹਿ ਕੇ ਆਈਆਂ ਦੋ ਔਰਤਾਂ ਦੀ ਆਪ ਬੀਤੀ ਜਾਣਨ ਦਾ ਮੌਕਾ ਮਿਲਿਆ। ਉਹ ਦੋਵੇਂ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੁਮਨ ਦੀਆਂ ਸਰਗਰਮ ਮੈਂਬਰ ਹਨ। ਐਨੀ ਰਾਜਾ ਖੱਬੇ ਪੱਖੀ ਨੇਤਾ ਵੀ. ਰਾਜਾ ਦੀ ਜੀਵਨ ਸਾਥਣ ਹੈ ਤੇ ਕੰਵਲਜੀਤ ਢਿੱਲੋਂ ਥੀਏਟਰ ਸੰਸਾਰ ਦੀ ਜਾਣੀ-ਪਛਾਣੀ ਕਾਰਕੁਨ। ਉਨ੍ਹਾਂ ਨਾਲ ਕਸ਼ਮੀਰ ਗਈਆਂ ਤਿੰਨ ਹੋਰ ਔਰਤਾਂ ਵਿਚੋਂ ਮੁਸਲਿਮ ਵੁਮਨ ਫੋਰਮ ਦੀ ਡਾ. ਸਈਦਾ ਹਮੀਦ ਤੇ ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਪੂਨਮ ਕੌਸ਼ਿਕ ਤੋਂ ਬਿਨਾ ਨੈਸ਼ਨਲ ਫੈਡਰੇਸ਼ਨ ਦੀ ਪਾਖੜੀ ਜਹੀਰ ਵੀ ਸਨ।
ਇਸ ਟੋਲੀ ਨੇ 17 ਤੋਂ 21 ਸਤੰਬਰ ਤੱਕ ਸ੍ਰੀ ਨਗਰ, ਸ਼ੌਂਪੀਆ, ਬੰਦੀਪੁਰਾ ਤੇ ਪੁਲਵਾਮਾ ਦੀਆਂ ਔਰਤਾਂ ਅਤੇ ਬੱਚਿਆਂ ਤੋਂ ਬਿਨਾ ਸਕੂਲਾਂ, ਕਾਲਜਾਂ, ਹਸਪਤਾਲਾ ਤੇ ਵੱਡੀਆਂ ਦੁਕਾਨਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨਾਲ ਵੀ ਖੁਲ੍ਹ ਕੇ ਗੱਲਾਂ ਕੀਤੀਆਂ। ਉਹ ਸੱਭੇ ਧਾਰਾ 370 ਦੇ ਹਟਾਏ ਜਾਣ ਪਿੱਛੋਂ ਮੁਜਰਮਾਂ ਵਾਂਗ ਵਿਚਰ ਰਹੀਆਂ ਸਨ। ਜਿਧਰ ਜਾਂਦੀਆਂ, ਫੌਜੀ ਅੱਖਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਸਨ।
ਸ੍ਰੀਮਤੀ ਰਾਜਾ ਤੇ ਕੰਵਲਜੀਤ ਦੀ ਪੇਸ਼ਕਾਰੀ ਏਨੀ ਕਰੁਣਾਮਈ ਸੀ ਕਿ ਮੈਨੂੰ ਯਕੀਨ ਨਹੀਂ ਸੀ ਆ ਰਿਹਾ; ਪਰ ਜਦੋਂ ਅਕਤੂਬਰ ਅੱਧ ਵਿਚ ਕਸੌਲੀ ਵਿਖੇ ਖੁਸ਼ਵੰਤ ਸਿੰਘ ਸਾਹਿਤ ਮੇਲੇ ਦੇ ਅਜੋਕੇ ਕਸ਼ਮੀਰ ਨੂੰ ਪ੍ਰਣਾਏ ਸੈਸ਼ਨ ਵਿਚ ਭਾਗ ਲੈ ਰਹੀ ਰਾਧਾ ਕੁਮਾਰ ਨੇ ਆਪਣੇ ਭਾਸ਼ਣ ਦਾ ਤੋੜਾ ਇਹ ਕਹਿ ਕੇ ਝਾੜਿਆ ਕਿ ਢਾਈ ਮਹੀਨਿਆਂ ਤੋਂ ਕੈਦੀਆਂ ਵਾਲਾ ਜੀਵਨ ਜਿਉ ਰਹੇ ਕਸ਼ਮੀਰੀਆਂ ਦੀ ਸੁਤੰਤਰਤਾ ਬਹਾਲ ਕਰਨ ਦੀ ਸਖਤ ਲੋੜ ਹੈ ਤਾਂ ਰਾਜਾ ਤੇ ਢਿੱਲੋਂ ਦੀ ਪੇਸ਼ਕਾਰੀ ‘ਤੇ ਮੋਹਰ ਲੱਗ ਗਈ। ਜਦੋਂ ਦੋ ਦਿਨ ਹੋਰ ਲੰਘਣ ‘ਤੇ ਮੀਡੀਆਂ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਉਥੋਂ ਦੀ ਸਰਕਾਰ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਪੱਕੀ ਕਰਨ ਦੀ ਜ਼ਿੰਮੇਵਾਰੀ ਜਿਲਾ ਪ੍ਰਸ਼ਾਸਕਾਂ ਦੇ ਮੋਢਿਆਂ ‘ਤੇ ਲੱਦ ਦਿੱਤੀ ਹੈ ਤਾਂ ਰਾਜਾ ਤੇ ਢਿਲੋਂ ਦਾ ਬਿਆਨ ਪੱਥਰ ਉਤੇ ਲੀਕ ਵਾਂਗ ਜਾਪਿਆ। ਖਬਰਾਂ ਤਾਂ ਇਹ ਵੀ ਹਨ ਕਿ ਸਰਕਾਰ ਵਲੋਂ ਸੈਨਿਕ ਪਾਬੰਦੀਆਂ ਹਟਾਏ ਜਾਣ ਦੇ ਦਾਅਵੇ ਪੂਰਾ ਸੱਚ ਨਹੀਂ। ਜੇ ਕਿਸੇ ਥਾਂ ਤੋਂ ਅਜ ਪਾਬੰਦੀ ਹਟਾਈ ਜਾਂਦੀ ਹੈ ਤਾਂ ਅਗਲੇ ਦਿਨ ਫੇਰ ਲਾਉਣੀ ਪੈ ਜਾਂਦੀ ਹੈ।
ਰਾਜਾ-ਢਿੱਲੋਂ ਜੋੜੀ ਨੇ ਉਨ੍ਹਾਂ ਮਾਂਵਾਂ ਦੀ ਹਿਰਦੇਵੇਦਕ ਕਹਾਣੀ ਵੀ ਸੁਣਾਈ, ਜੋ ਆਪਣੇ ਹੱਥੀਂ ਪਾਲੇ 13 ਤੇ 18 ਸਾਲ ਦੇ ਪੁੱਤਰਾਂ ਦੇ ਮੂੰਹ ਵੇਖਣ ਨੂੰ ਤਰਸ ਰਹੀਆਂ ਸਨ। ਉਨ੍ਹਾਂ ਨੂੰ ਫੌਜੀ ਵਰਦੀ ਵਾਲੇ ਉਨ੍ਹਾਂ ਦੇ ਸਾਹਮਣੇ ਘਰੋਂ ਚੁੱਕ ਕੇ ਲਿਜਾ ਚੁਕੇ ਹਨ। ਉਨ੍ਹਾਂ ਵਿਚ ਉਨ੍ਹਾਂ ਭੈਣਾਂ ਦੇ ਛੋਟੇ ਭਰਾ ਵੀ ਸ਼ਾਮਲ ਸਨ, ਜੋ ਆਉਣ ਵਾਲੇ ਇਮਤਿਹਾਨ ਦੀ ਤਿਆਰੀ ਕਰਨ ਲਈ ਸੁਤੇ ਸਿੱਧ ਹੀ ਘਰ ਦੇ ਅੰਦਰਲੇ ਕਮਰੇ ਦੀ ਬੱਤੀ ਜਗਾ ਕੇ ਬੈਠੀਆਂ ਸਨ। ਉਨ੍ਹਾਂ ਬਾਲਕਾਂ ਦੇ ਵੱਡੇ ਭਰਾ ਵੀ, ਜਿਨ੍ਹਾਂ ਦੀਆਂ ਮਾਂਵਾਂ ਨੇ ਆਪਣੇ ਬਾਲਕ ਨੂੰ ਪੌਟੀ ਕਰਾਉਣ ਵਾਸਤੇ ਆਪਣੇ ਮੋਬਾਈਲ ਦੀ ਲੋਅ ਦਾ ਸਹਾਰਾ ਲਿਆ ਸੀ। ਮੈਨੂੰ ਉਨ੍ਹਾਂ ਦੀ ਗੱਲਾਂ ਸੁਣ ਕੇ ਆਪਣੇ ਮਰਹੂਮ ਮਿੱਤਰ ਸ਼ ਸ਼ ਮੀਸਾ ਦਾ ਸ਼ੇਅਰ ਚੇਤੇ ਆ ਗਿਆ,
ਘਰਾਂ ਦੇ ਵਿਚ ਹਨੇਰਾ ਹੈ
ਕਿਹੋ ਜਿਹਾ ਸਵੇਰਾ ਹੈ।
ਰੂਹ ਦਾ ਜ਼ਿਕਰ ਨਾ ਕਰਿਆ ਕਰ
ਦੇਹ ਦਾ ਚੁੱਪ ਬਥੇਰਾ ਹੈ।
ਸ੍ਰੀਮਤੀ ਰਾਜਾ ਇੱਕ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰ ਰਹੀ ਸੀ ਕਿ ਪੰਜ ਸਾਲ ਦੇ ਬੱਚੇ ਨੇ ਗਲੀ ਦੇ ਕੁੱਤਿਆਂ ਦੀ ਆਵਾਜ਼ ਸੁਣ ਕੇ ਆਪਣੇ ਬੁੱਲ੍ਹਾਂ ‘ਤੇ ਉਂਗਲੀ ਧਰ ਕੇ ਇਸ਼ਾਰਾ ਕੀਤਾ ਕਿ ਉਚੀ ਨਾ ਬੋਲੋ। ਇਸ ਬਾਲਕ ਨੂੰ ਪਤਾ ਸੀ ਕਿ ਕੁੱਤੇ ਤਦ ਹੀ ਭੌਂਕਦੇ ਸਨ, ਜਦ ਫੌਜੀ ਘਰਾਂ ਦੇ ਬਾਹਰ ਗਸ਼ਤ ਕਰਦੇ ਸਨ। ਫੌਜੀ ਔਰਤਾਂ ਨੂੰ ਤਾਂ ਬਖਸ਼ ਦਿੰਦੇ ਸਨ, ਪਰ ਘਰਾਂ ਦੇ ਮਰਦ, ਬੱਚੇ ਹੋਣ ਜਾਂ ਬੁੱਢੇ, ਉਨ੍ਹਾਂ ਦੀਆਂ ਚਪੇੜਾਂ ਦੇ ਹੀ ਨਹੀਂ, ਫੌਜੀ ਬੂਟਾਂ ਦੇ ਠੁੱਡਿਆਂ ਦੇ ਵੀ ਸ਼ਿਕਾਰ ਹੋ ਜਾਂਦੇ ਸਨ। ਪਬਲਿਕ ਟਰਾਂਸਪੋਰਟ ਬੰਦ ਹੋਣ ਕਾਰਨ ਬੇਹਦ ਗੰਭੀਰ ਹਾਲਤਾਂ ਵਿਚ ਵੀ ਆਉਣਾ-ਜਾਣਾ ਅਸੰਭਵ ਸੀ।
ਇਕ ਕਸ਼ਮੀਰੀ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਸ ਦੀ ਮਾਂ ਚਲਾਣਾ ਕਰ ਗਈ ਤਾਂ ਉਹ ਆਪਣੀਆਂ ਭੈਣਾਂ ਨੂੰ ਖਬਰ ਨਹੀਂ ਦੇ ਸਕਿਆ ਤੇ ਉਸ ਨੂੰ ਧੀਆਂ ਦੀ ਗੈਰਹਾਜ਼ਰੀ ਵਿਚ ਹੀ ਦਫਨਾ ਦਿੱਤਾ ਗਿਆ। ਟੈਲੀਫੋਨ, ਇੰਟਰਨੈਟ ਤੇ ਮੋਬਾਈਲ ਜਾਮ ਸਨ। ਆਵਾਜਾਈ ਦੇ ਵਸੀਲਿਆਂ ਦੀ ਤੰਗੀ ਤੇ ਫੌਜੀਆਂ ਵਲੋਂ ਕੀਤੇ ਤਸ਼ੱਦਦ ਦੀਆਂ ਖਬਰਾਂ ਸੁਣ ਕੇ ਗਰਭਵਤੀ ਔਰਤਾਂ ਸਤਮਾਹੇ ਤੇ ਅਠਮਾਹੇ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ। ਪੰਜ ਮੈਂਬਰੀ ਟੀਮ ਨੂੰ ਦੋ ਤਿੰਨ ਗਰਭਵਤੀਆਂ ਦੇ ਹਮਲ ਗਿਰਨ ਦੇ ਕਿੱਸੇ ਵੀ ਸੁਣਨੇ ਪਏ। ਰਾਤ ਦੀ ਡਿਊਟੀ ‘ਤੇ ਜਾ ਰਹੇ ਹੱਡੀਆਂ ਦੇ ਇੱਕ ਡਾਕਟਰ ਨੂੰ ਨਾਕੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਸੱਤ ਦਿਨ ਹਵਾਲਾਤ ਵਿਚ ਡੱਕੀ ਰਖਣ ਦੀ ਘਟਨਾ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ।
ਇੱਕ ਘਰ ਦੇ 22 ਸਾਲ ਦੇ ਨੌਜਵਾਨ ਨੂੰ ਫੌਜੀ ਚੁੱਕਣ ਆਏ ਤਾਂ ਉਸ ਦੇ ਹੱਥ ‘ਤੇ ਪਲੱਸਤਰ ਲੱਗਾ ਵੇਖ ਉਸ ਤੋਂ ਛੋਟੇ 17 ਸਾਲ ਦੇ ਮੁੰਡੇ ਨੂੰ ਲੈ ਗਏ। ਇੱਕ ਹੋਰ ਪਿੰਡ ਦੇ ਦੋ ਨੌਜਵਾਨਾਂ ਨੂੰ ਲੈ ਗਏ ਸਨ। ਉਨ੍ਹਾਂ ਵਿਚੋਂ ਇੱਕ ਹੱਡੀਆਂ ਭੰਨਵਾ ਕੇ ਪਰਤ ਆਇਆ, ਪਰ ਦੂਜੇ ਦੀ ਕਿਸੇ ਨੂੰ ਕੋਈ ਖਬਰ ਨਹੀਂ ਸੀ।
ਰਾਜਾ-ਢਿੱਲੋਂ ਜੋੜੀ ਨੂੰ ਇਹ ਵੀ ਦੱਸਿਆ ਗਿਆ ਕਿ ਜੇ ਕਿਸੇ ਕਸ਼ਮੀਰੀ ਬੂਹੇ ‘ਤੇ ਫੌਜ ਦੀ ਖੌਫਨਾਕ ਦਸਤਕ ਸੁਣਾਈ ਦੇਵੇ ਤਾਂ ਅਕਸਰ ਘਰ ਦੇ ਬਜੁਰਗ ਨੂੰ ਬੂਹਾ ਖੋਲ੍ਹਣ ਲਈ ਭੇਜਿਆ ਜਾਂਦਾ ਸੀ, ਇਹ ਸੋਚ ਕੇ ਕਿ ਬਜੁਰਗ ਨੂੰ ਸ਼ਾਇਦ ਉਹ ‘ਬਖਸ਼’ ਦੇਣ; ਪਰ ਫੌਜੀਆਂ ਦੇ ਥੱਪੜ ਬਜੁਰਗ, ਨੌਜਵਾਨ ਤੇ ਅੱਲ੍ਹੜ ‘ਚ ਫਰਕ ਨਹੀਂ ਸਨ ਕਰਦੇ ਅਤੇ ਸਭ ਦੇ ਮੂੰਹ ‘ਤੇ ਥੱਪੜ ਦੀ ਗੂੰਜ ਓਨੀ ਹੀ ਜ਼ੋਰਦਾਰ ਹੁੰਦੀ ਸੀ।
ਪਿੰਡਾਂ ਵਿਚ ਬਹੁਤ ਸਾਰੀਆਂ ਔਰਤਾਂ ਦੀਆਂ ਸੁੰਨੀਆਂ ਅੱਖਾਂ ਵਿਚ ਸਵਾਲ ਸਨ ਕਿ ਫੌਜ ਵੱਲੋਂ ਘਰਾਂ ‘ਚੋਂ ਚੁੱਕੇ ਗਏ ਉਨ੍ਹਾਂ ਦੇ ਪੁੱਤਰ ਕਿਥੇ ਸਨ? ਉਨ੍ਹਾਂ ਦੇ ਆਦਮੀ ਜਦੋਂ ਬੱਚਿਆਂ ਬਾਰੇ ਪੁੱਛਣ ਪੁਲਿਸ ਚੌਕੀ ਜਾਂਦੇ ਤਾਂ ਉਨ੍ਹਾਂ ਨੂੰ ਹੈਡਕੁਆਰਟਰ ਜਾਣ ਲਈ ਕਹਿ ਦਿੱਤਾ ਜਾਂਦਾ। ਉਹ ਔਖੇ-ਸੌਖੇ ਹੈਡਕੁਆਰਟਰ ਪਹੁੰਚਦੇ ਤਾਂ ਉਥੇ ਅੱਗੇ ਬੋਰਡ ‘ਤੇ ਲੱਗੀਆਂ ਪੱਥਰਬਾਜ਼ਾਂ ਦੀਆਂ ਸੂਚੀਆਂ ‘ਚ ਉਨ੍ਹਾਂ ਦੇ ਬੱਚਿਆਂ ਦੇ ਨਾਂ ਲਿਖੇ ਹੁੰਦੇ, ਜਿਨ੍ਹਾਂ ਨੂੰ ਅੱਗੋਂ ਆਗਰਾ, ਜੋਧਪੁਰ, ਲਖਨਊ ਅਤੇ ਝੱਜਰ ਦੀਆਂ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਪੁੱਤਰ ਕਿੱਥੇ ਬੰਦ ਹਨ!
ਇਕ ਅੰਦਾਜ਼ੇ ਅਨੁਸਾਰ ਧਾਰਾ-370 ਹਟਾਉਣ ਪਿਛੋਂ ਕਸਮੀਰ ਵਿਚ ਆਇਦ ਪਾਬੰਦੀਆਂ ਤੋਂ ਬਾਅਦ ਫੌਜ ਨੇ ਹੁਣ ਤੱਕ ਲਗਪਗ 13 ਹਜ਼ਾਰ ਨੌਜਵਾਨਾਂ ਨੂੰ ਚੁੱਕ ਲਿਆ ਹੈ।
ਉਥੇ ਤਾਂ ਇਕ ਟਰੱਕ ਚਾਲਕ ਦਾ ਟਰੱਕ ਫੌਜ ਜ਼ਬਰੀ ਵਰਤ ਰਹੀ ਹੈ। ਉਸ ਦਾ ਡਰਾਈਵਿੰਗ ਲਾਇਸੈਂਸ ਤੇ ਹੋਰ ਅਹਿਮ ਦਸਤਾਵੇਜ਼ ਫੌਜ ਨੇ ਆਪਣੇ ਕੋਲ ਰੱਖ ਲਏ ਹਨ ਤੇ ਉਹ ਹੁਣ ਫੌਜ ਲਈ ਟਰੱਕ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ 45 ਦਿਨਾਂ ਤੋਂ ਫੌਜ ਦੇ ਨਾਲ ਸੀ ਤੇ ਉਸ ਦੇ ਪਰਿਵਾਰ ਨੂੰ ਉਸ ਬਾਰੇ ਕੋਈ ਸੂਚਨਾ ਨਹੀਂ ਸੀ ਦਿੱਤੀ ਗਈ।
ਕਸ਼ਮੀਰੀਆਂ ਵੱਲੋਂ ਏਸ ਤਰ੍ਹਾਂ ਝੱਲੇ ਜਾ ਰਹੇ ਜ਼ਲਾਲਤ ਅਤੇ ਤਸ਼ੱਦਦ ਨੇ ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਾ ਦਿੱਤਾ ਹੈ, ਜਿਥੋਂ ਪਿੱਛੇ ਮੁੜਨਾ ਹੁਣ ਮੁਸ਼ਕਿਲ ਹੈ। ਧਾਰਾ 370 ਖਤਮ ਕੀਤੇ ਜਾਣ ਪਿਛੋਂ ਉਨ੍ਹਾਂ ਦੀ ਭਾਰਤ ਨਾਲ ਜੁੜੀ ਆਖਰੀ ਤੰਦ ਵੀ ਹੁਣ ਟੁੱਟ ਗਈ ਹੈ। ਕਸ਼ਮੀਰ ਦੇ ਉਹ ਆਗੂ ਤੇ ਲੋਕ, ਜੋ ਹਮੇਸ਼ਾ ਭਾਰਤ ਦੇ ਪੱਖ ਵਿਚ ਖੜ੍ਹੇ ਰਹੇ, ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਐਨੀ ਰਾਜਾ ਤੇ ਕੰਵਲਜੀਤ ਢਿੱਲੋ ਨੇ ਦੱਸਿਆ ਕਿ ਅਜੋਕੇ ਕਸ਼ਮੀਰੀ ਪੂਰਨ ਸੁਤੰਤਰਤਾ ਮੰਗਦੇ ਹਨ। ਉਹ ਨਾ ਹੀ ਭਾਰਤ ਨਾਲ ਰਲਣਾ ਚਾਹੁੰਦੇ ਹਨ ਤੇ ਨਾ ਹੀ ਪਾਕਿਸਤਾਨ ਨਾਲ। ਇਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਕਸ਼ਮੀਰ ਵਿਚ ਬੇਚੈਨੀ ਦੇ ਬੀਜ ਸਤ ਦਹਾਕੇ ਪਹਿਲਾਂ 22 ਅਕਤੂਬਰ 1947 ਨੂੰ ਕਸ਼ਮੀਰੀਆਂ ‘ਤੇ ਬੋਲੇ ਕਬਾਇਲੀਆਂ ਦੇ ਹਮਲੇ ਨੇ ਬੀਜੇ ਸਨ, ਜਿਨ੍ਹਾਂ ਨੂੰ ਨਵੀਂ ਹੋਂਦ ਵਿਚ ਆਈ ਪਾਕਿਸਤਾਨੀ ਸਰਕਾਰ ਨੇ ਭੇਜਿਆ ਸੀ। ਖੁਦਾ ਖੈਰ ਕਰੇ! ਰਾਜਾ-ਢਿੱਲੋਂ ਟੋਲੀ ਦੇ ਬਾਕੀ ਮੈਂਬਰਾਂ ਨੇ ਵੀ ਇਹੀਓ ਨਤੀਜਾ ਕੱਢਿਆ ਸੀ।
ਅੰਤਿਕਾ: ਮਿਰਜ਼ਾ ਗ਼ਾਲਿਬ
ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ,
ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯਹ ਖਿਆਲ ਅੱਛਾ ਹੈ।