ਅਕਾਲ ਤਖਤ ਦਾ ਸੱਚ ਬਨਾਮ ਮੋਹਨ ਭਾਗਵਤ ਦਾ ਕੱਚ

ਕੁਲਵੰਤ ਸਿੰਘ ਢੇਸੀ
ਆਰ. ਐਸ਼ ਐਸ਼ ਦੇ ਆਗੂ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਜ ਐਲਾਨੇ ਜਾਣ ਪਿਛੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਤੀਕਰਮ ‘ਤੇ ਹੈਰਾਨੀ ਦਾ ਆਲਮ ਹੈ। ਇਹ ਗੱਲ ਕਿਸੇ ਦੇ ਚਿੱਤ ਚੇਤੇ ਨਹੀਂ ਸੀ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਕਾਲ ਤਖਤ ਦੇ ਰੁਤਬੇ ਨੂੰ ਜਿਸ ਕਦਰ ਢਾਹ ਲਾਈ ਗਈ ਸੀ, ਉਸ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ; ਪਰ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ. ਐਸ਼ ਐਸ਼ ਨੂੰ ਗੈਰਕਾਨੂੰਨੀ ਕਰਾਰ ਦਿੱਤੇ ਜਾਣ ਬਾਰੇ ਆਏ ਬਿਆਨ ਨਾਲ ਸਿੱਖ ਭਾਈਚਾਰੇ ਵਿਚ ਕੁਝ ਰੌਸ਼ਨੀ ਦੀ ਕਿਰਨ ਜਗੀ ਹੈ।

ਜਿਸ ਤਰ੍ਹਾਂ ਹਿੰਦੂਤਵੀ ਆਗੂ ਮੁਸਲਮਾਨਾਂ ਤੇ ਭਾਰਤ ਦੀਆਂ ਹੋਰ ਘੱਟਗਿਣਤੀਆਂ ਨਾਲ ਪੇਸ਼ ਆ ਰਹੇ ਹਨ ਅਤੇ ਜਿਸ ਤਰ੍ਹਾਂ ਹਿੰਦੂ ਭੀੜਾਂ ਨੂੰ ਹਿੰਸਾ ਲਈ ਉਕਸਾਇਆ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਤਾਂ ਇਹ ਜਰੂਰੀ ਸਮਝਿਆ ਜਾਣਾ ਚਾਹੀਦਾ ਹੈ ਕਿ ਇੱਕ ਲੋਕ ਰਾਜੀ ਦੇਸ਼ ਵਿਚ ਅਜਿਹੀਆਂ ਗੈਰਕਾਨੂੰਨੀ ਕਾਰਵਾਈਆਂ ਦੀ ਕੱਤਈ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਸ ਬੁਰਛਾਗਰਦੀ ਪਿੱਛੇ ਲਾਮਬੰਦ ਆਰ. ਐਸ਼ ਐਸ਼ ਦੇ ਗਿਰੋਹ ਨੂੰ ਨਿਆਂਪਾਲਿਕਾ ਵਿਚ ਪੇਸ਼ ਕਰਕੇ ਗੈਰਕਾਨੂੰਨੀ ਕਰਾਰ ਦੇ ਹੀ ਦੇਣਾ ਚਾਹੀਦਾ ਹੈ; ਪਰ ਭਾਰਤ ਦੇ ਰਾਜ ਭਾਗ ‘ਤੇ ਹਾਵੀ ਭਾਜਪਾ ਤਾਂ ਆਰ. ਐਸ਼ ਐਸ਼ ਦੀ ਹੀ ਪੈਦਾਇਸ਼ ਹੈ ਅਤੇ ਕਾਂਗਰਸ ਵਿਚ ਏਨਾ ਦਮ ਹੀ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਦੇ ਖਿਲਾਫ ਕਾਰਵਾਈਆਂ ਕਰਨ ਵਾਲੇ ਆਰ. ਐਸ਼ ਐਸ਼ ਦੇ ਅਪਰਾਧੀ ਗਿਰੋਹ ਦੀ ਜਵਾਬਦੇਹੀ ਕਰਵਾ ਸਕੇ।
ਗਿਆਨੀ ਹਰਪ੍ਰੀਤ ਸਿੰਘ ਦੀ ਬੇਬਾਕੀ ਕਾਰਨ ਸ਼ਾਇਦ ਬਾਦਲਾਂ ਨੇ ਉਨ੍ਹਾਂ ਨੂੰ ਸਿਰਫ ਆਰਜ਼ੀ ਤੌਰ ‘ਤੇ ਹੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਿੱਤੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਆਰ. ਐਸ਼ ਐਸ਼ ਦੇ ਖਿਲਾਫ ਆਏ ਸਖਤ ਬਿਆਨਾਂ ਪਿੱਛੋਂ ਬਾਦਲ ਕੇ ਕੋਹੜੀ ਜਾਂ ਕਲੰਕੀ ਹੋਣ ਵਿਚੋਂ ਕਿਸ ਨੂੰ ਚੁਣਦੇ ਹਨ। ਕੁਝ ਲੋਕਾਂ ਦਾ ਖਿਆਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਰ. ਐਸ਼ ਐਸ਼ ‘ਤੇ ਪਾਬੰਦੀ ਦੇ ਬਿਆਨ ਮਹਿਜ ਸਿਆਸਤ ਤੋਂ ਪ੍ਰੇਰਿਤ ਹੀ ਹਨ, ਕਿਉਂਕਿ ਭਾਜਪਾ ਨਾਲ ਅਕਾਲੀ ਦਲ (ਬਾਦਲ) ਦੇ ਨਹੁੰ-ਮਾਸ ਦੇ ਰਿਸ਼ਤੇ ਦਾ ਹਰਿਆਣਾ ਵਿਚ ਤਲਾਕ ਹੋ ਗਿਆ ਅਤੇ ਪੰਜਾਬ ਵਿਚ ਬਾਦਲਾਂ ਦੇ ਲੱਤ ਮਾਰਨ ਲਈ ਭਾਜਪਾ ਸਿਰਫ ਮੁਨਾਸਬ ਮੌਕੇ ਦੀ ਭਾਲ ਵਿਚ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਿਸ ਤਰ੍ਹਾਂ ਦੇ ਬਿਆਨ ਅਕਾਲੀ ਦਲ ਖਿਲਾਫ ਪੰਜਾਬੀ ਵਿਚ ਦਿੱਤੇ ਹਨ, ਉਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਭਾਜਪਾ ਨਾਲ ਬਾਦਲਾਂ ਦੇ ਇਸ ਰਿਸ਼ਤੇ ਦਾ ਹੁਣ ਕੋਈ ਵੀ ਤੁਕ ਨਹੀਂ ਬਣਦਾ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਨੂੰ ਸਿਰਫ ਸਿਆਸੀ ਕਹਿਣਾ ਏਨਾ ਮੁਨਾਸਬ ਨਹੀਂ, ਕਿਉਂਕਿ ਉਨ੍ਹਾਂ ਨੇ ਪਹਿਲਾਂ ਕਸ਼ਮੀਰ ਦੇ ਮਾਮਲੇ ਵਿਚ ਵੀ ਉਸ ਵੇਲੇ ਡਟਵੇਂ ਬਿਆਨ ਦਿੱਤੇ ਸਨ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ‘ਜਿਨ੍ਹਾਂ ਲੋਕਾਂ ਦੇ ਵਿਆਹ ਨਹੀਂ ਹੁੰਦੇ, ਉਹ ਹੁਣ ਕਸ਼ਮੀਰ ਤੋਂ ਕੁੜੀਆਂ ਲਿਆ ਸਕਣਗੇ।’
ਆਰ. ਐਸ਼ ਐਸ਼ ‘ਤੇ ਆਜ਼ਾਦ ਭਾਰਤ ਵਿਚ ਪਹਿਲਾਂ ਵੀ ਪਾਬੰਦੀ ਲੱਗ ਚੁਕੀ ਹੈ ਅਤੇ ਜੇ ਸਿੱਖਾਂ ਤੇ ਭਾਰਤ ਦੀਆਂ ਸਮੂਹ ਘੱਟਗਿਣਤੀਆਂ ਨੇ ‘ਹਿੰਦੀ, ਹਿੰਦੂ, ਹਿੰਦੋਸਤਾਨ’ ਅਤੇ ਹਿੰਦੂਤਵੀਆਂ ਦੇ ਰੁਝਾਨ ਦਾ ਵਿਰੋਧ ਨਾ ਕੀਤਾ ਤਾਂ ਭਾਰਤ ਵਿਚ ਘੱਟਗਿਣਤੀਆਂ ਦਾ ਰਹਿਣਾ ਮੁਹਾਲ ਹੋ ਜਾਏਗਾ। ਆਰ. ਐਸ਼ ਐਸ਼ ਵਲੋਂ ਹਿੰਦੂਆਂ ਨੂੰ ਹੀ ਭਾਰਤ ਦੇ ਅਸਲੀ ਵਾਸੀ ਮੰਨਿਆ ਜਾਣਾ ਵੀ ਸਰਾਸਰ ਗਲਤ ਹੈ। ਕੁਝ ਚਿੰਤਕ ਦਰਾਵੜ ਲੋਕਾਂ ਨੂੰ ਭਾਰਤ ਦੇ ਅਸਲ ਵਾਸੀ ਮੰਨਦੇ ਹਨ, ਜਦ ਕਿ ਸੱਚ ਇਹ ਹੈ ਕਿ ਭਾਰਤ ਕਦੀ ਵੀ ਇੱਕ ਦੇਸ਼ ਨਹੀਂ ਸੀ ਅਤੇ ਇਹ ਦੇਸ਼ ਅਨੇਕਾਂ ਕੌਮਾਂ, ਧਰਮਾਂ, ਬੋਲੀਆਂ ਅਤੇ ਨਸਲਾਂ ਦਾ ਸਮੂਹ ਹੈ। ਇਨ੍ਹਾਂ ਸਭ ਕੌਮਾਂ ਦਾ ਭਾਰਤ ‘ਤੇ ਓਨਾ ਹੀ ਹੱਕ ਹੈ, ਜਿੰਨਾ ਹਿੰਦੂਆਂ ਦਾ। ਸੱਚ ਇਹ ਹੈ ਕਿ ਆਰ. ਐਸ਼ ਐਸ਼ ਦੀ ਹਿੰਦੂਤਵੀ ਦਾਅਵੇਦਾਰੀ ਅਤੇ ਬੁਰਛਾਗਰਦੀ ਦੇਸ਼ ਵਿਚ ਗ੍ਰਹਿ ਯੁੱਧ ਜਿਹੇ ਹਾਲਾਤ ਪੈਦਾ ਕਰਕੇ ਭਾਰਤ ਨੂੰ ਤੋੜ ਦੇਵੇਗੀ।
550ਵੇਂ ਪ੍ਰਕਾਸ਼ ਪੁਰਬ ਸਬੰਧੀ ਸੰਦੇਸ਼: ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਦੇ ਨਾਂ ਕੁਝ ਸੰਦੇਸ਼ ਜਾਰੀ ਕੀਤੇ ਹਨ, ਜੋ ਕ੍ਰਮਵਾਰ ਇਸ ਤਰ੍ਹਾਂ ਹਨ,
-ਗੁਰਦੁਆਰਿਆਂ ਵਿਚ ਇਲੈਕਟ੍ਰਾਨਿਕ ਚੰਦੋਏ ਲਾਉਣ ਦੀ ਮਨਾਹੀ ਕੀਤੀ ਗਈ ਹੈ।
-ਬਾਜ਼ਾਰ ਵਿਚ ਗੁਰੂ ਸਾਹਿਬ ਦੀਆਂ ਵਿਕ ਰਹੀਆਂ ਮੂਰਤੀਆਂ ਦੀ ਮਨਾਹੀ ਕੀਤੀ ਗਈ ਹੈ ਕਿ ਇਹ ਬੰਦ ਕੀਤੀਆਂ ਜਾਣ।
-ਪਰਦੇਸਾਂ ਵਿਚ ਬਿਰਧ ਬੀੜਾਂ ਅਤੇ ਗੁਟਕਾ ਸਾਹਿਬ ਦੇ ਸਸਕਾਰ ਦੀ ਇਜਾਜ਼ਤ ਬਾਰੇ ਕਿਹਾ ਗਿਆ ਹੈ ਕਿ ਪਰਦੇਸਾਂ ਵਿਚ ਰਹਿਣ ਵਾਲੇ ਸਿੱਖ ਸਬੰਧਤ ਸਰਕਾਰਾਂ ਨਾਲ ਰਾਬਤਾ ਬਣਾ ਕੇ ਜਾਣਕਾਰੀ ਅਕਾਲ ਤਖਤ ਨੂੰ ਭੇਜਣ ਤਾਂ ਕਿ ਕੋਈ ਰੁਕਾਵਟ ਨਾ ਆਵੇ।
-12 ਨਵੰਬਰ ਨੂੰ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਵਿਖੇ ਪੰਥ ਵਲੋਂ ਇੱਕ ਸਰਬ ਸਾਂਝੀ ਸਟੇਜ ਲਾਈ ਜਾਵੇਗੀ, ਜਿਸ ਦੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ। ਇਸ ਮੌਕੇ ਆਏ ਸਿਆਸੀ ਅਤੇ ਗੈਰ-ਸਿਆਸੀ ਆਗੂਆਂ ਦਾ ਬਰਾਬਰ ਦਾ ਸਤਿਕਾਰ ਹੋਵੇਗਾ, ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਰੇ ਪੰਥਕ ਪ੍ਰਚਾਰਕ ਅਤੇ ਬੁਲਾਰੇ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਮਾਨਵਤਾ ਨੂੰ ਦੇਣ ਨੂੰ ਹੀ ਪ੍ਰਮੁਖ ਰੱਖਣ।
-ਸਿੱਖ ਮਾਈ ਭਾਈ ਸੋਸ਼ਲ ਮੀਡੀਏ ‘ਤੇ ਕੀਤੀ ਜਾ ਰਹੀ ਬੇਲੋੜੀ ਅਤੇ ਬੇਰਸੀ ਬਿਆਨਬਾਜ਼ੀ ਤੋਂ ਸੰਕੋਚ ਕਰਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਏ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਸਬੰਧੀ ਆਈਆਂ ਸ਼ਿਕਾਇਤਾਂ ਲਈ ਪੰਜ ਮੈਂਬਰੀ ਵਿਦਵਾਨਾਂ ਦੀ ਟੀਮ ਬਣਾਈ ਜਾਵੇਗੀ, ਜੋ ਉਨ੍ਹਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਬਿਆਨ ਰਿਕਾਰਡ ਕਰਕੇ ਅਕਾਲ ਤਖਤ ‘ਤੇ ਪੇਸ਼ ਕਰੇਗੀ। ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਪੰਜ ਸਿੰਘ ਸਾਹਿਬਾਨ ਕੋਈ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਈ ਢੱਡਰੀਆਂ ਵਾਲੇ ਵਲੋਂ ਮਾਤਾ ਭਾਗ ਕੌਰ ਸਬੰਧੀ ਬਿਆਨਬਾਜ਼ੀ ਬਾਰੇ ਅਕਾਲ ਤਖਤ ਸਾਹਿਬ ‘ਤੇ ਆਈਆਂ ਸ਼ਿਕਾਇਤਾਂ ਪਿਛੋਂ ਇਹ ਮਾਮਲਾ ਭਖ ਗਿਆ ਸੀ। ਭਾਈ ਢੱਡਰੀਆਂ ਵਾਲੇ ਨੇ ਕਿਹਾ ਸੀ ਕਿ ਗੀਤਕਾਰ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਅਯੋਗ ਟਿੱਪਣੀ ਬਾਰੇ ਤਾਂ ਮੁਆਫੀ ਮੰਗ ਲਈ ਹੈ, ਪਰ ‘ਸਾਡੇ ਵਾਲੇ’ ਤਾਂ ਕਵੀ ਸੰਤੋਖ ਸਿੰਘ ਵਲੋਂ ਲਿਖਤ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਗੁਰਦੁਆਰਿਆਂ ਵਿਚ ਕਰਵਾ ਰਹੇ ਹਨ, ਜਿਸ ਵਿਚ ਨਾ ਕੇਵਲ ਮਾਤਾ ਭਾਗ ਕੌਰ ਬਾਰੇ ਹੀ ਸਗੋਂ ਗੁਰਮਤਿ ਤੋਂ ਉਲਟ ਹੋਰ ਵੀ ਅਨੇਕਾਂ ਹਵਾਲੇ ਹਨ।
ਅਕਾਲ ਤਖਤ ਸਾਹਿਬ ਦੀ ਸਰਬ-ਉਚਤਾ ਬਾਰੇ ਵਿਵਾਦ: ਕੁਝ ਵਿਦਵਾਨਾਂ ਵਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਅਕਾਲ ਤਖਤ ਨੂੰ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਸਿਆਸੀ ਧਿਰਾਂ ਆਪਣੇ ਸੌੜੇ ਹਿੱਤਾਂ ਲਈ ਵਰਤ ਰਹੀਆਂ ਹਨ, ਇਸ ਕਰਕੇ ਅੱਜ ਕਲ ਦੇ ਅਮਲਾਂ ਵਿਚ ਤਖਤ ਸਾਹਿਬ ਦੀ ਤਾਬਿਆ ਰਹਿਣ ਦਾ ਮਤਲਬ ਆਰ. ਐਸ਼ ਐਸ਼ ਅਤੇ ਸਿਆਸੀ ਮੋਹਰਿਆਂ ਦੇ ਦੁਸ਼ਟ ਚੱਕਰ ਦੀ ਤਾਬਿਆ ਹੋਣਾ ਹੈ, ਜਿਸ ਖਿਲਾਫ ਬਗਾਵਤ ਜਰੂਰੀ ਹੈ। ਇਸ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਅਕਾਲ ਤਖਤ ਦੇ ਦਾਇਰੇ ਵਿਚ ਨਹੀਂ ਸਨ।
ਜਿਥੋਂ ਤਕ ਗੁਰੂ ਕਾਲ ਦਾ ਸਬੰਧ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਧੀਰ ਮੱਲੀਆਂ ਨੇ ਗੁਰੂ ਤੇਗ ਬਾਹਦਰ ਦੇ ਅੰਮ੍ਰਿਤਸਰ ਆਉਣ ‘ਤੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਸਨ ਅਤੇ ਗੁਰੂ ਸਾਹਿਬ ‘ਤੇ ਗੋਲੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਭਲਕ ਨੂੰ ਸਿੱਖ ਸਮਾਜ ਨੂੰ ਦਰਬਾਰ ਸਾਹਿਬ ਤੋਂ ਬੇਮੁਖ ਕਰਨ ਲਈ ਢੁੱਚਰਾਂ ਖੜ੍ਹੀਆਂ ਕੀਤੀਆਂ ਜਾਣ। ਜਿਥੋਂ ਤਕ ਦਸਮ ਪਾਤਸ਼ਾਹ ਦਾ ਸਬੰਧ ਹੈ, ਹਰ ਆਮ ਖਾਸ ਸਿੱਖ ਸਮਝ ਸਕਦਾ ਹੈ ਕਿ ਉਨ੍ਹਾਂ ਨੇ ਜੰਗੀ ਵਿਓਂਤਬੰਦੀ ਦੀ ਲੋੜ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਨੂੰ ਚੁਣਿਆ ਸੀ ਅਤੇ ਹਾਲਾਤ ਦੇ ਬਦਲਣ ਨਾਲ ਖਾਲਸੇ ਨੇ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਦੀ ਸੇਵਾ ਸੌਂਪ ਦਿੱਤੀ ਸੀ।
ਅੰਗਰੇਜ਼ਾਂ ਅਤੇ ਭਾਰਤੀ ਹਾਕਮਾਂ ਵਲੋਂ ਲਗਾਤਾਰ ਇਹ ਕੋਸ਼ਿਸ਼ਾਂ ਜਾਰੀ ਰਹੀਆਂ ਕਿ ਖਾਲਸੇ ਦੇ ਪ੍ਰਮੁਖ ਸ੍ਰੋਤਾਂ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਨੂੰ ਆਪਣੇ ਹਿੱਤ ਲਈ ਕਿਵੇਂ ਭੁਗਤਾਇਆ ਜਾਵੇ। ਇਸੇ ਕਰਕੇ ਅਕਾਲ ਤਖਤ ਸਾਹਿਬ ‘ਤੇ ਓਹੀ ਜਥੇਦਾਰ ਨਿਯੁਕਤ ਕੀਤੇ ਗਏ, ਜੋ ਸਰਕਾਰਾਂ ਨੂੰ ਮਨਜ਼ੂਰ ਸਨ। ਇਹ ਲੜੀ ਅਕਾਲ ਤਖਤ ਦੇ ਅੰਗਰੇਜ਼ਾਂ ਦੇ ਵੇਲੇ ਤੋਂ ਸਥਾਪਤ ਅਰੂੜ ਸਿੰਘ ਜਿਹੇ ਸਰਬਰਾਹਾਂ ਤੋਂ ਸ਼ੁਰੂ ਹੋ ਕੇ ਗਿਆਨੀ ਗੁਰਬਚਨ ਸਿੰਘ ਤਕ ਚਲੀ ਆਈ ਹੈ। ਇਥੋਂ ਤਕ ਕਿ ਸੰਨ ਚੁਰਾਸੀ ‘ਚ ਜਦੋਂ ਭਾਰਤੀ ਫੌਜ ਨੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਸੀ ਤਾਂ ਜਥੇਦਾਰ ਅਕਾਲ ਤਖਤ ਵਲੋਂ ਬਿਆਨ ਆਏ ਸਨ ਕਿ ਕੋਠਾ ਸਾਹਿਬ ਸੁਰੱਖਿਅਤ ਹਨ।
ਸੌਦੇ ਵਾਲੇ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਤੋਂ ਬਰੀ ਕਰਵਾ ਕੇ ਬਾਦਲਾਂ ਨੇ ਨਤੀਜਾ ਭੁਗਤ ਲਿਆ ਹੈ। ਇਹ ਵੀ ਸਪੱਸ਼ਟ ਹੈ ਕਿ ਭਾਜਪਾ ਨਾਲ ਅਕਾਲੀ ਦਲ ਦਾ ਰਿਸ਼ਤਾ ਡਾਵਾਂਡੋਲ ਹੈ ਅਤੇ ਹੁਣ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਬੁਲੰਦ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣ। ਇਸ ਲਈ ਹੇਠ ਲਿਖੇ ਨੁਕਤਿਆਂ ‘ਤੇ ਅਮਲ ਜਰੂਰੀ ਹੈ,
1. ਸੰਪਰਦਾਵਾਂ, ਡੇਰੇ, ਨਿਹੰਗ ਛਾਉਣੀਆਂ, ਮਿਸ਼ਨਰੀ ਅਤੇ ਸਮੂਹ ਪੰਥਕ ਧਿਰਾਂ ਆਪੋ ਆਪਣੇ ਹਿੱਤਾਂ ਲਈ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਵਰਤਣ ਜਾਂ ਇਸ ਤੋਂ ਬਾਗੀ ਹੋਣ ਦੀਆਂ ਸਾਜ਼ਿਸ਼ਾਂ ਤੋਂ ਸੰਕੋਚ ਕਰਨ। ਪੰਥਕ ਸਟੇਜਾਂ ‘ਤੇ ਕਿਸੇ ਇੱਕ ਧਿਰ ਦਾ ਹੱਕ ਨਾ ਹੋਵੇ, ਸਗੋਂ ਸਮੁੱਚੇ ਪੰਥ ਲਈ ਸਾਂਝਿਆਂ ਕੀਤਾ ਜਾਵੇ। ਪੰਥ ਵਿਚ ਆਪਸੀ ਸਦਭਾਵਨਾ ਦਾ ਮਾਹੌਲ ਬਣਾਇਆ ਜਾਵੇ।
2. ਸਮੁੱਚਾ ਪੰਥ ਹੀ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਤਾਬਿਆ ਰਹੇ ਅਤੇ ਜੋ ਧਿਰਾਂ ਇਸ ਤੋਂ ਬਾਗੀ ਹਨ, ਉਨ੍ਹਾਂ ਨੂੰ ਪੰਥਕ ਸਟੇਜਾਂ ਦੀ ਇਜਾਰੇਦਾਰੀ ਦੇਣ ਜਾਂ ਪੰਥ ਦੀ ਅਗਵਾਈ ਦੀ ਇਜਾਰੇਦਾਰੀ ਦੇਣ ਤੋਂ ਸੰਕੋਚ ਕੀਤਾ ਜਾਵੇ। ਮੌਜੂਦਾ ਤਲਖੀ ਵਾਲੇ ਮਾਹੌਲ ਵਿਚ ਸਿੱਖ ਰਹਿਤ ਮਰਿਆਦਾ ਵਿਚ ਸੋਧਾਂ ਨਹੀਂ ਹੋ ਸਕਣੀਆਂ, ਇਸ ਲਈ ਯੋਗ ਮਾਹੌਲ ਬਣਾਉਣ ਦੀ ਲੋੜ ਹੈ।
3. ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖੀ ਦੇ ਪ੍ਰਚਾਰ ਸਬੰਧੀ ਪੁਰਾਤਨ ਸਰੋਤਾਂ ਵਿਚ ਸਮੇਂ ਸਮੇਂ ਮਿਲਾਵਟਾਂ ਹੋਈਆਂ ਹਨ, ਪਰ ਅੱਜ ਦੇ ਮਾਹੌਲ ਵਿਚ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਇਸ ਮੁੱਦੇ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇ ਕਿਸੇ ਨੇ ਇਸ ਸਬੰਧੀ ਪੰਥ ਦਾ ਧਿਆਨ ਦਿਵਾਉਣਾ ਵੀ ਹੋਵੇ ਤਾਂ ਆਪਣੀ ਭਾਸ਼ਾ ਦਾ ਖਾਸ ਖਿਆਲ ਰੱਖਿਆ ਜਾਵੇ। ਮੌਜੂਦਾ ਦੌਰ ਵਿਚ ਅਨੇਕਾਂ ਪ੍ਰਚਾਰਕਾਂ ਦੇ ਇਰਾਦੇ ਇਤਿਹਾਸਕ ਸ੍ਰੋਤਾਂ ਵਿਚ ਸੋਧ ਦੇ ਨਹੀਂ, ਸਗੋਂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਵੱਧ ਤੋਂ ਵੱਧ ਉਕਸਾਊ ਅਤੇ ਘਟੀਆ ਬੋਲੀ ਬੋਲਣ ਦੇ ਹਨ।
4. ਸੋਸ਼ਲ ਮੀਡੀਏ ‘ਤੇ ਆਪੋ ਆਪਣੀ ਧਾਕ ਜਮਾਉਣ ਦੀ ਪ੍ਰਵਿਰਤੀ ਅਤੇ ਗਾਲ੍ਹ-ਮੰਦੇ ਜਾਂ ਆਪੇ ਤੋਂ ਬਾਹਰ ਹੋਣ ਦੀ ਬਿਆਨਬਾਜੀ ਮੁਕੰਮਲ ਤੌਰ ‘ਤੇ ਬੰਦ ਕੀਤੀ ਜਾਵੇ।
5. ਪਰਮਾਤਮਾ ਦੀ ਹੋਂਦ, ਨਾਮ ਸਿਮਰਨ, ਪਵਿੱਤਰ ਗੁਰੂਧਾਮਾਂ, ਪਵਿੱਤਰ ਸਰੋਵਰਾਂ ਅਤੇ ਗੁਰੂਕਾਲ ਦੇ ਇਤਿਹਾਸ ਬਾਰੇ ਦਿਮਾਗੀ ਘਾੜਤਾਂ ਘੜ ਕੇ ਪੰਥ ਵਿਚ ਦੁਬਿਧਾ ਪਾਉਣ ਤੋਂ ਪੂਰੀ ਤਰ੍ਹਾਂ ਸੰਕੋਚ ਕੀਤਾ ਜਾਵੇ। ਇਹ ਖਾਸ ਖਿਆਲ ਰੱਖਿਆ ਜਾਵੇ ਕਿ ਪਰਮਾਤਮਾ, ਪਰਮਾਤਮਾ ਦੀ ਬੰਦਗੀ ਅਤੇ ਸੇਵਾ ਦੀ ਮਹਾਨਤਾ ਨੂੰ ਮਹਿਜ਼ ਮਨੁੱਖੀ ਗੁਣਾਂ, ਕਾਮਨ ਸੈਂਸ ਜਾਂ ਵਿਗਿਆਨਕ ਅਸੂਲਾਂ ਤਕ ਸੀਮਤ ਕਰਨ ਦੀਆਂ ਰੁਚੀਆਂ ਗੁਰਬਾਣੀ ਦੇ ਸੱਚ ‘ਤੇ ਪੂਰੀਆਂ ਨਹੀਂ ਉਤਰਦੀਆਂ। ਮਿਸਾਲ ਵਜੋਂ ਨਾਮ ਸਿਮਰਨ ਅਤੇ ਵਾਹਿਗੁਰੂ ਦੀ ਅਸੀਮ ਸ਼ਕਤੀ, ਕਿਰਪਾ ਅਤੇ ਦਾਤਾਂ ਪ੍ਰਤੀ ਫੁਰਮਾਨ ਹਨ,
ਸਲੋਕ ਮ: ੧ ॥
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ॥੧॥
ਗਉੜੀ ਮਾਲਾ ੫॥
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ॥
ਹਮ ਤੇ ਕਛੂ ਨ ਹੋਵੈ ਸੁਆਮੀ
ਜਿਉ ਰਾਖਹੁ ਤਿਉ ਰਹੀਐ॥੧॥ ਰਹਾਉ॥