ਸਾਮਰਾਜੀ ਧੌਂਸ ਨੂੰ ਵੰਗਾਰਨ ਵਾਲਾ ਇਨਕਲਾਬੀ ਸ਼ਹੀਦ ਊਧਮ ਸਿੰਘ

ਭਾਰਤ ਅਤੇ ਬ੍ਰਿਟਿਸ਼ ਸਾਮਰਾਜ ਨੇ ਆਪਣੇ ਚਹੇਤੇ, ਚੇਲਿਆਂ-ਚਾਟੜਿਆਂ, ਟੋਡੀਆਂ ਨੂੰ ਪਤਾ ਨਹੀਂ ਕਿੰਨੀਆਂ ਉਪਾਧੀਆਂ ਤੇ ਲਕਬ ਜਿਵੇਂ ਸਫੈਦਪੋਸ਼, ਨੰਬਰਦਾਰ, ਜ਼ੈਲਦਾਰ, ਖਾਨ ਸਾਹਿਬ, ਸਰਦਾਰ ਸਾਹਿਬ, ਰਾਇ ਸਾਹਿਬ, ਰਾਏ ਬਹਾਦਰ, ਰਾਈਸ ਆਜ਼ਮ ਦੇ ਕੇ ਨਿਵਾਜਣ ਵਾਲਿਆਂ ਰਾਹੀਂ ਮੱਕੜੀ ਜਾਲ ਬੁਣ ਤਿੰਨ ਸਦੀਆਂ ਤੋਂ ਵੀ ਉਪਰ ਨਿਸਲ ਕਰ ਲੰਮੀਆਂ ਤਾਣ ਕੇ ਸੁਆਈ ਹਿੰਦੋਸਤਾਨੀ ਵਸੋਂ ਨੂੰ ਦੇਸ਼ ਦੇ ਦੇਸ਼ ਭਗਤ, ਅਣਖੀ, ਇਨਕਲਾਬੀ ਸੂਰਮਿਆਂ ਵਲੋਂ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਆਜ਼ਾਦੀ ਦੇ ਇਤਿਹਾਸ ਦੀ ਜਦੋਂ ਵੀ ਗੱਲ ਛਿੜਦੀ ਹੈ ਤਾਂ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੇਸ਼ ਨੂੰ ਆਜ਼ਾਦ ਕਰਾਉਣ ਤੇ ਬਰਾਬਰੀ ਵਾਲਾ ਰਾਜ ਪ੍ਰਬੰਧ ਚਲਾਉਣ ਲਈ ਇਨਕਲਾਬੀ ਤੇ ਲਾਸਾਨੀ ਢੰਗ ਨਾਲ ਦਿੱਤੀ ਕੁਰਬਾਨੀ ਕਰਕੇ ਦੇਸ਼ ਦੇ ਸਿਰਮੌਰ ਨਾਮਵਰ ਸ਼ਹੀਦਾਂ ਦੀ ਕਤਾਰ ਵਿਚ ਲਿਆ ਜਾਣ ਵਾਲਾ ਨਾਂ ਹੈ।

ਕ੍ਰਿਪਾਲ ਸਿੰਘ ਸੰਧੂ, ਫਰਿਜ਼ਨੋ
ਫੋਨ: 559-259-4844
ਫੁੰਡਿਆ ਜ਼ਾਲਮ ਭੱਜਿਆ ਨਾਹੀਂ,
ਉਹ ਊਧਮ ਸਿੰਘ ਸੂਰਾ,
ਮੈਂ ਟੈਸਟ ‘ਚੋਂ ਪਾਸ ਹੋ ਗਿਆ,
ਮਿਸ਼ਨ ਹੋ ਗਿਆ ਪੂਰਾ।
ਅਣਖ ਕੌਮ ਦੀ ਖਾਤਰ ਜਿਹੜਾ,
ਵਾਰ ਗਿਆ ਜਿੰਦ ਜਾਨ,
ਇਕ ਨਵਾਂ ਇਤਿਹਾਸ ਸਿਰਜਿਆ,
ਸਜਦਾ ਕਰੇ ਜਹਾਨ।
ਹੁਣ ਬਹੁਤੀ ਦੇਰ ਰਹਿਣਾ ਨਾਹੀਂ,
ਮੇਰਾ ਦੇਸ ਗੁਲਾਮ,
ਜਿਸ ਮਿੱਟੀ ਨੇ ਊਧਮ ਜਾਇਆ,
ਉਸ ਮਿੱਟੀ ਨੂੰ ਦਿਲੀ ਸਲਾਮ!
ਭਾਰਤ ਅਤੇ ਬ੍ਰਿਟਿਸ਼ ਸਾਮਰਾਜ ਨੇ ਆਪਣੇ ਚਹੇਤੇ, ਚੇਲਿਆਂ-ਚਾਟੜਿਆਂ, ਟੋਡੀਆਂ ਨੂੰ ਪਤਾ ਨਹੀਂ ਕਿੰਨੀਆਂ ਉਪਾਧੀਆਂ ਤੇ ਲਕਬ ਜਿਵੇਂ ਸਫੈਦਪੋਸ਼, ਨੰਬਰਦਾਰ, ਜ਼ੈਲਦਾਰ, ਖਾਨ ਸਾਹਿਬ, ਸਰਦਾਰ ਸਾਹਿਬ, ਰਾਇ ਸਾਹਿਬ, ਰਾਏ ਬਹਾਦਰ, ਰਾਈਸ ਆਜ਼ਮ ਦੇ ਕੇ ਨਿਵਾਜਣ ਵਾਲਿਆਂ ਰਾਹੀਂ ਮੱਕੜੀ ਜਾਲ ਬੁਣ ਤਿੰਨ ਸਦੀਆਂ ਤੋਂ ਵੀ ਉਪਰ ਨਿਸਲ ਕਰ ਲੰਮੀਆਂ ਤਾਣ ਕੇ ਸੁਆਈ ਹਿੰਦੋਸਤਾਨੀ ਵਸੋਂ ਨੂੰ ਦੇਸ਼ ਦੇ ਦੇਸ਼ ਭਗਤ, ਅਣਖੀ, ਇਨਕਲਾਬੀ ਸੂਰਮਿਆਂ ਵਲੋਂ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਆਜ਼ਾਦੀ ਦੇ ਇਤਿਹਾਸ ਦੀ ਜਦੋਂ ਵੀ ਗੱਲ ਛਿੜਦੀ ਹੈ ਤਾਂ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੇਸ਼ ਨੂੰ ਆਜ਼ਾਦ ਕਰਾਉਣ ਤੇ ਬਰਾਬਰੀ ਵਾਲਾ ਰਾਜ ਪ੍ਰਬੰਧ ਚਲਾਉਣ ਲਈ ਇਨਕਲਾਬੀ ਤੇ ਲਾਸਾਨੀ ਢੰਗ ਨਾਲ ਦਿੱਤੀ ਕੁਰਬਾਨੀ ਕਰਕੇ ਦੇਸ਼ ਦੇ ਸਿਰਮੌਰ ਨਾਮਵਰ ਸ਼ਹੀਦਾਂ ਦੀ ਕਤਾਰ ਵਿਚ ਲਿਆ ਜਾਣ ਵਾਲਾ ਨਾਂ ਹੈ।
ਸ਼ਹੀਦ ਊਧਮ ਸਿੰਘ ਦੇ ਇਨਕਲਾਬੀ ਜੀਵਨ ਫਲਸਫੇ ਨੂੰ ਪੜ੍ਹਦਿਆਂ, ਯਾਦ ਕਰਦਿਆਂ ਨੌਜਵਾਨਾਂ ਵਿਚ ਨਵਾਂ ਜੋਸ਼ ਭਰ ਜਾਂਦਾ ਹੈ। ਸ਼ਹੀਦ ਊਧਮ ਸਿੰਘ ਦੀ ਦੇਸ਼ ਭਗਤੀ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਸਿਦਕ ਦਿਲੀ ਬਾਰੇ ਜਾਣ ਕੇ ਬਹੁਤ ਹੈਰਾਨੀ ਹੁੰਦੀ ਹੈ। ਉਹ 21 ਸਾਲ ਇੰਤਜ਼ਾਰ ਕਰਦਾ ਰਿਹਾ। ਆਓ, ਉਸ ਮਹਾਨ ਇਨਕਲਾਬੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਜੀਵਨ ‘ਤੇ ਝਾਤ ਮਾਰੀਏ।
ਇਸ ਇਨਕਲਾਬੀ ਸੂਰਮੇ ਦਾ ਜਨਮ 26 ਦਸੰਬਰ 1899 ਨੂੰ ਮਾਤਾ ਨਰੈਣੀ ਅਤੇ ਚੂਹੜ ਰਾਮ ਕੰਬੋਜ (ਜੋ ਧਾਰਮਿਕ ਖਿਆਲਾਂ ਵਾਲਾ ਸ਼ਖਸ ਸੀ) ਦੇ ਘਰ ਕਸਬਾ ਸੁਨਾਮ ਵਿਚ ਹੋਇਆ। ਮਾਪਿਆਂ ਨੇ ਉਸ ਦਾ ਨਾਂ ਊਧਮ ਸਿੰਘ ਰਖਿਆ। ਉਸ ਦਾ ਦੋ ਸਾਲ ਵੱਡਾ ਭਰਾ ਸਾਧੂ ਸਿੰਘ ਵੀ ਸੀ। ਊਧਮ ਸਿੰਘ ਨੂੰ ਮਾਂ ਦੀ ਨਿੱਘੀ ਗੋਦ ਦਾ ਪਿਆਰ ਸਿਰਫ 5 ਸਾਲ ਹੀ ਮਿਲਿਆ। ਬਿਮਾਰੀ ਕਾਰਨ ਮਾਤਾ ਨਰੈਣੀ 1905 ਵਿਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ। ਦੋਹਾਂ ਭਰਾਵਾਂ ਦੀ ਜਿਵੇਂ ਦੁਨੀਆਂ ਹੀ ਉਜੜ ਗਈ ਹੋਵੇ। ਪਿਤਾ ਚੂਹੜ ਰਾਮ ਜਿਥੇ ਪੇਚਿਸ਼ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸੀ, ਉਥੇ ਪਰਿਵਾਰ ਅੱਤ ਦੀ ਗਰੀਬੀ ਵਿਚ ਰਹਿ ਰਿਹਾ ਸੀ। ਫਿਰ ਵੀ ਉਹ ਬੱਚਿਆਂ ਦੀ ਪਰਵਰਿਸ਼ ਦਾ ਖਿਆਲ ਰੱਖਦਾ ਅਤੇ ਇਮਾਨਦਾਰੀ ਦੀ ਰੋਟੀ ਕਮਾ ਕੇ ਖਾਣ ਵਾਸਤੇ ਕਈ ਤਰ੍ਹਾਂ ਦੇ ਪਾਪੜ ਵੇਲਦਾ। ਗਰੀਬੀ ਕਾਰਨ ਦੇਸੀ ਦਵਾ-ਦਾਰੂ ਦਾ ਓਹੜ-ਪੋਹੜ ਕਰਦਾ, ਪਰ ਬਿਮਾਰੀ ਦਿਨੋ ਦਿਨ ਜ਼ੋਰ ਪਾਉਂਦੀ ਰਹੀ। ਆਖਰ ਇਕ ਦਿਨ ਇਨ੍ਹਾਂ ਦੋਹਾਂ ਬੱਚਿਆਂ ਦਾ ਇਹ ਸਹਾਰਾ ਵੀ ਇਸ ਫਾਨੀ ਸੰਸਾਰ ਤੋਂ ਸਦਾ ਲਈ ਚਲਾ ਗਿਆ। ਚੂਹੜ ਰਾਮ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਇਸ ਕਾਬਲ ਨਹੀਂ ਸਨ, ਜੋ ਇਨ੍ਹਾਂ ਬੱਚਿਆਂ ਨੂੰ ਪਾਲਣ ਦਾ ਜ਼ਿੰਮਾ ਲੈਂਦੇ।
ਅੰਮ੍ਰਿਤਸਰ ਵਿਚ ਚੀਫ ਖਾਲਸਾ ਦੀਵਾਨ ਵਾਲਿਆਂ ਨੇ 16 ਅਪਰੈਲ 1904 ਤੋਂ ਅਨਾਥ ਬੱਚਿਆਂ ਲਈ ਯਤੀਮ ਘਰ ਚਾਲੂ ਕੀਤਾ ਹੋਇਆ ਸੀ। ਇਨ੍ਹਾਂ ਦੋਹਾਂ ਬੱਚਿਆਂ ਨੂੰ ਉਥੇ ਦਾਖਲ ਕਰਵਾ ਦਿੱਤਾ ਗਿਆ। ਯਤੀਮ ਘਰ ਦੇ ਰਜਿਸਟਰ ਮੁਤਾਬਕ ਦੋਹਾਂ ਬਾਰੇ ਇੰਦਰਾਜ ਸਾਧੂ ਸਿੰਘ 121 ਅਤੇ ਊਧਮ ਸਿੰਘ 122 ਨੰਬਰ ‘ਤੇ ਹੈ। ਯਤੀਮ ਘਰ ਵਿਚ ਇਹ ਦੋਵੇਂ ਭਰਾ ਇਕ ਦੂਜੇ ਦਾ ਹੱਥ ਫੜ ਜ਼ਿੰਦਗੀ ਦਾ ਸਫਰ ਤੈਅ ਕਰਨ ਲੱਗੇ, ਪਰ ਦੁੱਖਾਂ ਦੀ ਕਹਾਣੀ ਅਜੇ ਖਤਮ ਨਹੀਂ ਸੀ ਹੋਈ। ਸਾਧੂ ਸਿੰਘ ਨਮੂਨੀਏ ਕਾਰਨ 1917 ਵਿਚ ਅਕਾਲ ਚਲਾਣਾ ਕਰ ਗਿਆ। ਊਧਮ ਸਿੰਘ ਇਕੱਲਾ ਰਹਿ ਗਿਆ, ਪਰ ਉਸ ਨੇ ਹਿੰਮਤ ਨਾ ਹਾਰੀ, ਪੜ੍ਹਾਈ ਵਲ ਧਿਆਨ ਦਿੰਦਾ ਰਿਹਾ ਅਤੇ 1918 ਵਿਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਮੈਟ੍ਰਿਕ ਪਾਸ ਕਰ ਲਈ।
ਉਸ ਵਕਤ ਅੰਗਰੇਜ਼ ਹਕੂਮਤ ਇਕ ਪਾਸੇ ਜਰਮਨੀ ਖਿਲਾਫ ਲੜੀ ਜਾ ਰਹੀ ਜੰਗ ਵਿਚ ਹੋ ਰਹੇ ਖਰਚੇ ਨੂੰ ਪੂਰਾ ਕਰਨ ਲਈ ਭਾਰਤੀਆਂ ਪਾਸੋਂ ਮਾਲੀ ਮਦਦ ਹਾਸਲ ਕਰ ਰਹੀ ਸੀ, ਬਦਲੇ ਵਿਚ ਮਹਾਤਮਾ ਗਾਂਧੀ ਨੂੰ ਹਿੰਦ ਕੇਸਰੀ ਦਾ ਖਿਤਾਬ ਵੀ ਦਿੱਤਾ ਹੋਇਆ ਸੀ। ਨਾਲ ਹੀ ਸਰਕਾਰ ਨੇ ਰੋਲਟ ਕਮੇਟੀ ਬਣਾਈ ਹੋਈ ਸੀ, ਜਿਸ ਦੇ ਚੇਅਰਮੈਨ ਬ੍ਰਿਟਿਸ਼ ਜੱਜ ਸਰ ਸਿਡਨੀ ਰੋਲਟ ਸਨ। ਇਸੇ ਕਰਕੇ ਇਸ ਕਾਨੂੰਨ ਨੂੰ ਰੋਲਟ ਐਕਟ ਦਾ ਨਾਂ ਦਿੱਤਾ ਗਿਆ ਸੀ। ਇਸ ਕਾਨੂੰਨ ਅਨੁਸਾਰ ਕਿਸੇ ਵੀ ਸ਼ਖਸ ਨੂੰ ਕਿਸੇ ਜਗ੍ਹਾ ਤੋਂ ਕਿਸੇ ਵਕਤ ਵੀ ਬਿਨਾ ਕਾਰਨ ਦੱਸੇ ਜੇਲ੍ਹ ਵਿਚ ਡੱਕਿਆ ਜਾ ਸਕਦਾ ਸੀ। ਇਸ ਦੀ ਨਾ ਕਿਤੇ ਅਪੀਲ ਅਤੇ ਨਾ ਹੀ ਦਲੀਲ ਸੀ। ਇਹ ਕਾਨੂੰਨ ਸਿਰਫ ਭਾਰਤੀ ਲੋਕਾਂ ਨੂੰ ਦਬਾ ਕੇ ਰੱਖਣ ਲਈ ਬਣਾਇਆ ਗਿਆ ਸੀ ਤਾਂ ਜੋ ਅੰਗਰੇਜ਼ੀ ਰਾਜ ਬਰਕਰਾਰ ਰਹੇ।
9 ਅਪਰੈਲ 1919 ਨੂੰ ਰੋਲਟ ਐਕਟ ਖਿਲਾਫ ਜਲੰਧਰ, ਫਿਰੋਜ਼ਪਰ, ਅੰਮ੍ਰਿਤਸਰ, ਲਾਹੌਰ ਤੇ ਲਾਇਲਪੁਰ ਵਿਚ ਪੁਰਅਮਨ ਹੜਤਾਲ ਕੀਤੀ ਗਈ। ਸਰਕਾਰ ਘਬਰਾ ਗਈ। ਪੰਜਾਬ ਦੇ ਗਵਰਨਰ ਸਰ ਮਾਇਕਲ ਓ’ਡਵਾਇਰ ਨੇ ਇਸ ਕਾਨੂੰਨ ਬਾਰੇ ਸਲਾਹ-ਮਸ਼ਵਰਾ ਕਰਨ ਦੇ ਬਹਾਨੇ ਲੋਕਾਂ ਦੇ ਆਗੂ ਸਤਪਾਲ ਅਤੇ ਸੈਫ-ਉਦ-ਦੀਨ ਕਿਚਲੂ ਨੂੰ ਆਪਣੇ ਘਰ ਬੁਲਾਇਆ ਅਤੇ ਧੋਖੇ ਨਾਲ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਖਬਰ ਸਾਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।
10 ਅਪਰੈਲ ਨੂੰ ਅੰਮ੍ਰਿਤਸਰ ਵਿਚ ਪੰਜਾਬੀ ਲੀਡਰਾਂ ਨੇ ਗ੍ਰਿਫਤਾਰੀ ਖਿਲਾਫ ਰੋਸ ਜਲੂਸ ਕੱਢਿਆ। ਪੁਰਅਮਨ ਅਤੇ ਨਿਹੱਥੇ ਲੋਕਾਂ ਦੇ ਜਲੂਸ ‘ਤੇ ਅੰਗਰੇਜ਼ ਹਾਕਮ ਦੇ ਹੁਕਮ ਨਾਲ ਪੁਲਿਸ ਨੇ ਗੋਲੀ ਚਲਾ ਕੇ ਚੰਦ ਬੰਦੇ ਮਾਰ ਦਿੱਤੇ। ਮੁਜਾਹਰਾਕਾਰੀ ਲਾਸ਼ਾਂ ਚੁੱਕ ਕੇ ਡੀ. ਸੀ. ਦਫਤਰ ਵਲ ਹੋ ਤੁਰੇ। ਪੁਲਿਸ ਨੇ ਰੋਕਣ ਲਈ ਲਾਠੀਚਾਰਜ ਕੀਤਾ ਅਤੇ ਗੋਲੀ ਵੀ ਚਲਾਈ। ਲੋਕ ਭੜਕ ਉਠੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾਇਆ।
ਅਗਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਅਤੇ ਇਰਦ-ਗਿਰਦ ਦੇ ਪਿੰਡਾਂ ਵਾਲਿਆਂ ਨੇ ਸਰਕਾਰੀ ਜਬਰ, ਰੋਲਟ ਐਕਟ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਲੀਡਰਾਂ ਅਤੇ ਹਾਲਾਤ ‘ਤੇ ਰੌਸ਼ਨੀ ਪਾਉਣ ਲਈ 13 ਅਪਰੈਲ, ਵਿਸਾਖੀ ਵਾਲੇ ਦਿਨ ਜੱਲਿਆਂਵਾਲੇ ਬਾਗ ਵਿਚ ਬਾਅਦ ਦੁਪਹਿਰ ਪਹੁੰਚਣ ਦੀ ਮੁਨਾਦੀ ਕਰਵਾ ਦਿੱਤੀ। ਅੰਗਰੇਜ਼ ਸਰਕਾਰ ਵੀ ਆਪਣੇ ਏਜੰਟ ਹੰਸ ਰਾਜ ਅਤੇ ਸੀ. ਆਈ. ਡੀ. ਵਾਲਿਆਂ ਰਾਹੀਂ ਉਸ ਜਲਸੇ ਵਿਚ ਵੱਧ ਤੋਂ ਵੱਧ ਲੋਕਾਂ ਦਾ ਇਕੱਠ ਕਰਵਾਉਣਾ ਚਾਹੁੰਦੀ ਸੀ ਤਾਂ ਜੋ ਹਿੰਸਾ ਦਾ ਬਹਾਨਾ ਬਣਾ ਕੇ ਇਹ ਤਹਿਰੀਕ ਸਖਤੀ ਨਾਲ ਕੁਚਲ ਦਿੱਤੀ ਜਾਵੇ। ਪੰਜਾਬ ਦੇ ਗਵਰਨਰ ਸਰ ਮਾਇਕਲ ਓ’ਡਵਾਇਰ ਨੇ ਲਾਹੌਰ ਵਾਲੇ ਗੌਰਮਿੰਟ ਹਾਊਸ ਵਿਚ ਰਹਿੰਦੇ ਜਨਰਲ ਡਾਇਰ ਨਾਲ ਗੁਪਤ ਗੱਲ ਕੀਤੀ ਅਤੇ ਸਖਤ ਸ਼ਬਦਾਂ ਵਿਚ ਇਸ ਅੰਦੋਲਨ ਨੂੰ ਦਬਾ ਦੇਣ ਲਈ ਮਨਜ਼ੂਰੀ ਦਿੱਤੀ।
ਪੰਜਾਬ ਵਿਚ ਆਮ ਰਿਵਾਜ ਸੀ, ਗਰਮੀਆਂ ਸ਼ੁਰੂ ਹੁੰਦਿਆਂ ਹੀ ਦਾਨੀ ਸੱਜਣ, ਖੁਦਾ ਤਰਸ ਅਤੇ ਕੁਝ ਸੰਸਥਾਵਾਂ ਮਿੱਟੀ ਦੇ ਦੋ ਬੜੇ-ਬੜੇ ਘੜੇ ਜਿਨ੍ਹਾਂ ਵਿਚ ਪਾਣੀ ਠੰਢਾ ਰਹੇ, ਖਰੀਦ ਕੇ ਰੋਜ਼ਾਨਾ ਤਾਜ਼ਾ ਪਾਣੀ ਨਾਲ ਭਰ ਕੇ ਕਰੀਬ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤਕ ਕੁਟੀਆਨੁਮਾ ਕਮਰੇ ਵਿਚ ਰੱਖਦੇ। ਪਿਆਸੇ ਲੋਕਾਂ ਨੂੰ ਪਾਣੀ ਪਿਆਉਣ ਲਈ ਇਕ ਆਦਮੀ ਦੀ ਡਿਊਟੀ ਵੀ ਲਾਈ ਜਾਂਦੀ। ਉਸ ਜਗ੍ਹਾ ਨੂੰ ਛਬੀਲ ਕਿਹਾ ਜਾਂਦਾ, ਜੋ ਆਮ ਤੌਰ ‘ਤੇ ਪੈਦਲ ਚਲਣ ਵਾਲੇ ਰਾਹਾਂ ‘ਤੇ ਲਾਈਆਂ ਜਾਂਦੀਆਂ। ਜੱਲਿਆਂਵਾਲੇ ਬਾਗ ਨੂੰ ਜਾਂਦੀ ਤੰਗ ਗਲੀ ਵਿਚ ਇਹ ਛਬੀਲ ਚੀਫ ਖਾਲਸਾ ਦੀਵਾਨ ਨੇ ਲਵਾਈ ਹੋਈ ਸੀ, ਜਿਥੇ ਊਧਮ ਸਿੰਘ ਦੀ ਡਿਊਟੀ ਪਾਣੀ ਪਿਆਉਣ ਦੀ ਲਾਈ ਹੋਈ ਸੀ। ਛਬੀਲ ਵਾਲੀ ਥਾਂ ਤੋਂ ਜੱਲਿਆਂਵਾਲੇ ਬਾਗ ਦਾ ਸਾਰਾ ਨਜ਼ਾਰਾ ਬਾਖੂਬੀ ਦੇਖਿਆ ਜਾ ਸਕਦਾ ਸੀ।
13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਦੁਪਹਿਰ ਢਲੇ ਜੱਲਿਆਂਵਾਲੇ ਬਾਗ ਵਿਚ ਜਲਸੇ ਵਾਲੀ ਜਗ੍ਹਾ ਦੂਰੋਂ ਨੇੜਿਉਂ ਬੱਚੇ, ਬੁੱਢੇ, ਔਰਤਾਂ, ਨੌਜਵਾਨ, ਵਿਦਿਆਰਥੀ, ਹਰ ਧਰਮ ਦੇ ਲੋਕ ਬੜੀ ਤਾਦਾਦ ਵਿਚ ਪਹੁੰਚਣੇ ਸ਼ੁਰੂ ਹੋ ਗਏ। ਪੰਡਾਲ ਖਚਾਖਚ ਭਰ ਗਿਆ। ਇਹ ਜਲਸਾ ਲਾਲਾ ਘਨੱਈਆ ਲਾਲ ਐਡਵੋਕੇਟ ਦੀ ਪ੍ਰਧਾਨਗੀ ਹੇਠ ਚਲ ਰਿਹਾ ਸੀ। ਲੋਕ ਆਪਣੇ ਨੇਤਾਵਾਂ ਦੇ ਭਾਸ਼ਣ ਚੁੱਪ-ਚਾਪ ਬੈਠੇ ਸੁਣ ਰਹੇ ਸਨ।
ਜਨਰਲ ਡਾਇਰ 90 ਸਿਪਾਹੀਆਂ ਦੀ ਟੁਕੜੀ ਲੈ ਕੇ ਤੰਗ ਗਲੀ ਵਾਲੇ ਰਸਤੇ ਜੱਲਿਆਂਵਾਲੇ ਬਾਗ ਪਹੁੰਚ ਗਿਆ। ਪਬਲਿਕ ਦੇ ਬਾਹਰ ਜਾਣ ਵਾਲਾ ਹੋਰ ਕੋਈ ਰਾਹ ਨਹੀਂ ਸੀ। ਡਾਇਰ ਨੇ ਫੌਜੀ ਟੁਕੜੀ ਨੂੰ ਪੁਜੀਸ਼ਨ ਲੈਣ ਦਾ ਹੁਕਮ ਦਿੱਤਾ। ਬਿਨਾ ਚਿਤਾਵਨੀ ਪੁਰਅਮਨ, ਨਿਹੱਥੇ ਲੋਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦਸ ਮਿੰਟਾਂ ‘ਚ 1650 ਗੋਲੀਆਂ ਚਲਾਈਆਂ ਗਈਆਂ। ਸਰਕਾਰੀ ਰਿਪੋਰਟਾਂ ਅਨੁਸਾਰ 369 ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖਮੀ ਹੋਏ। ਇਨ੍ਹਾਂ ਵਿਚ 42 ਬੱਚੇ ਵੀ ਸਨ। ਅਖਬਾਰੀ ਅੰਕੜੇ ਇਸ ਤੋਂ ਕਿਤੇ ਵੱਧ ਸਨ।
ਊਧਮ ਸਿੰਘ ਨੇ ਇਹ ਨਜ਼ਾਰਾ ਅੱਖੀਂ ਦੇਖਿਆ। ਅੰਮ੍ਰਿਤਸਰ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ। ਊਧਮ ਸਿੰਘ ਯਤੀਮ ਘਰ ਵਾਲੀ ਸਮਾਜ ਸੇਵਾ ਦੀ ਵਰਦੀ ਪਾਈ ਛਬੀਲ ਤੋਂ ਪਾਣੀ ਦੀ ਬਾਲਟੀ ਭਰ ਜ਼ਖਮੀਆਂ ਨੂੰ ਪਾਣੀ ਪਿਆਉਣ ਲਗ ਪਿਆ, ਜੋ ਪਾਣੀ-ਪਾਣੀ ਪੁਕਾਰ ਰਹੇ ਸਨ। ਊਧਮ ਸਿੰਘ ਨੇ ਲਾਸ਼ਾਂ ਵਿਚ ਖਲੋ ਕੇ ਪ੍ਰਣ ਕੀਤਾ ਕਿ ਉਹ ਮਨੁੱਖਤਾ ਦੇ ਇਸ ਘਾਣ ਦਾ ਬਦਲਾ ਲਵੇਗਾ।
ਅਗਲੇ ਦਿਨ 14 ਅਪਰੈਲ ਨੂੰ ਡੀ. ਸੀ. ਅੰਮ੍ਰਿਤਸਰ ਅਤੇ ਜਨਰਲ ਡਾਇਰ ਨੇ ਸਾਂਝੀ ਮੀਟਿੰਗ ਆਪਣੇ ਝੋਲੀ ਚੁੱਕ ਲਾਣੇ ਨਾਲ ਕੀਤੀ ਅਤੇ ਉਲਟਾ ਤਾੜਨਾ ਕੀਤੀ ਕਿ ਆਉਣ ਵਾਲੇ ਵਕਤਾਂ ਵਿਚ ਮੁੜ ਅਜਿਹਾ ਕੁਝ ਵਾਪਰਾ ਸਕਦਾ ਹੈ। ਨਾਲ ਹੀ ਗੋਲੀਬਾਰੀ ਨੂੰ ਜਾਇਜ਼ ਠਹਿਰਾਇਆ।
1921 ਵਿਚ ਊਧਮ ਸਿੰਘ ਅਫਰੀਕਾ ਪਹੁੰਚ ਗਿਆ ਅਤੇ ਸਰਦਾਰ ਸੁੱਧ ਸਿੰਘ ਦੀ ਮਦਦ ਨਾਲ ਰੇਲਵੇ ਵਰਕਸ਼ਾਪ ਵਿਚ ਨੌਕਰੀ ਕਰਨ ਲੱਗਾ। ਮਿਹਨਤੀ ਹੋਣ ਕਰਕੇ ਅਤੇ ਕੁਝ ਹਿੰਦੁਸਤਾਨੀਆਂ ਦੀ ਮਦਦ ਨਾਲ ਜਲਦੀ ਹੀ ਤਜਰਬੇਕਾਰ ਮਿਸਤਰੀ ਬਣ ਗਿਆ। ਊਧਮ ਸਿੰਘ ਜਿਥੇ ਹਰ ਵਕਤ ਮੁਸਕਰਾਉਂਦਾ ਰਹਿੰਦਾ, ਉਥੇ ਜਦੋਂ ਇਕੱਲਾ ਹੁੰਦਾ ਤਾਂ ਸ਼ਾਂਤ ਚਿੱਤ ਹੋ ਕੇ ਆਪਣੇ ਪ੍ਰਣ ਬਾਰੇ ਸੋਚਦਾ ਰਹਿੰਦਾ। ਇਕ ਦਿਨ ਉਹ ਲੋਪ ਹੋ ਗਿਆ ਅਤੇ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚ ਗਿਆ। ਉਥੇ ਕੈਲੀਫੋਰਨੀਆ ਦੇ ਬਾਗਾਂ ਵਿਚ ਕੰਮ ਕੀਤਾ। ਗਦਰ ਪਾਰਟੀ ਦਾ ਮੈਂਬਰ ਬਣ ਗਿਆ। ਪਾਰਟੀ ‘ਚ ਬਹੁਤੇ ਪੰਜਾਬੀ ਸਨ। ਊਧਮ ਸਿੰਘ ‘ਗਦਰ’ ਅਖਬਾਰ ਦੀਆਂ ਕਾਪੀਆਂ ਲੈ ਕੇ ਪੜ੍ਹਦਾ ਰਹਿੰਦਾ।
ਊਧਮ ਸਿੰਘ 1923 ਵਿਚ ਭਾਰਤ ਵਾਪਸ ਆ ਗਿਆ। ਅੰਮ੍ਰਿਤਸਰ ਘੰਟਾ ਘਰ ਨਜ਼ਦੀਕ ਕਿਰਾਏ ‘ਤੇ ਮਿਸਤਰੀ ਦੀ ਦੁਕਾਨ ਖੋਲ੍ਹ ਲਈ। ਦੁਕਾਨ ਦੇ ਮਾਲਕ ਦਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖ ਕੇ ਖੁਦ ਕਾਰਿੰਦੇ ਵਜੋਂ ਕੰਮ ਕਰਨ ਲੱਗਾ। ਗਦਰ ਪਾਰਟੀ ਵਾਲਿਆਂ ਨਾਲ ਸੰਪਰਕ ਪੈਦਾ ਕੀਤਾ। ਭਗਤ ਸਿੰਘ ਦੇ ਗਰੁਪ ਨਾਲ ਵੀ ਦੋਸਤੀ ਪਾਈ। ਉਨ੍ਹੀਂ ਦਿਨੀਂ ਬੱਬਰ ਅਕਾਲੀ ਲਹਿਰ ਜ਼ੋਰਾਂ ‘ਤੇ ਸੀ। ਇਨ੍ਹਾਂ ਨਾਲ ਇਥੋਂ ਤਕ ਸੰਪਰਕ ਪੈਦਾ ਕੀਤਾ ਕਿ ਦੁਕਾਨ ਇਨਕਲਾਬੀਆਂ ਦਾ ਅੱਡਾ ਬਣ ਗਈ।
ਇਕ ਵਾਰ ਭਾਰਤ ਨੌਜਵਾਨ ਸਭਾ ਦੇ ਇਕੱਠ ਵਿਚ 1857 ਵਾਲੇ ਅਤੇ ਗਦਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਊਧਮ ਸਿੰਘ ਨੇ ਆਖਿਆ, ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਖਿਲਾਫ ਇਨਕਲਾਬ ਮਨੁੱਖ ਦਾ ਧਰਮ ਹੈ। ਕੁੱਲੀ, ਜੁੱਲੀ, ਗੁੱਲੀ, ਵਿਦਿਆ ਤੇ ਸਿਹਤ ਸਹੂਲਤਾਂ ਬੁਨਿਆਦੀ ਲੋੜਾਂ ਹਨ। ਮੈਂ ਕਿਸੇ ਖਾਸ ਵਿਅਕਤੀ, ਅੰਗਰੇਜ਼ਾਂ ਜਾਂ ਹੋਰ ਨਸਲ ਦੇ ਲੋਕਾਂ ਦੇ ਖਿਲਾਫ ਨਹੀਂ ਹਾਂ ਸਗੋਂ ਹਰ ਉਸ ਮੁਲਕ ਦੇ ਖਿਲਾਫ ਹਾਂ, ਜੋ ਦੂਜੇ ਮੁਲਕ ਦੇ ਪੈਦਾਵਾਰੀ ਸੋਮਿਆਂ ‘ਤੇ ਕਬਜ਼ਾ ਕਰਕੇ ਉਸ ਦੀ ਲੁੱਟ ਕਰਦੇ ਹਨ। ਇਕੱਠ ਦੌਰਾਨ ਉਸ ਨੇ ਇਹ ਭਰੋਸਾ ਵੀ ਜਤਾਇਆ ਕਿ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਨਾਲ ਪਿਆਰ ਰੱਖਣ ਵਾਲੇ ਸਾਰੇ ਕਿਰਤੀ ਲੋਕ ਇਕੱਠੇ ਹੋ ਕੇ ਐਨ ਸਿਖਰ ਦੁਪਹਿਰੇ ਸਾਮਰਾਜੀ ਬ੍ਰਿਟਿਸ਼ ਸਰਕਾਰ ਨੂੰ ਚਲਦੀ ਕਰ ਦੇਣਗੇ।
ਊਧਮ ਸਿੰਘ ਫਿਰ ਅਚਾਨਕ ਅਫਰੀਕਾ ਪਹੁੰਚ ਗਿਆ। ਉਥੋਂ ਮੈਕਸੀਕੋ, ਕੈਨੇਡਾ, ਫਰਾਂਸ, ਜਰਮਨੀ, ਸਵਿਟਰਜ਼ਰਲੈਂਡ, ਪੋਲੈਂਡ, ਇਟਲੀ ਆਦਿ ਦੇਸ਼ਾਂ ਵਿਚ ਵੀ ਗਿਆ। ਉਹ ਜਿਸ ਵੀ ਮੁਲਕ ਜਾਂਦਾ, ਉਥੋਂ ਦੀ ਬੋਲੀ ਤੇ ਰਹਿਣ-ਸਹਿਣ ਅਨੁਸਾਰ ਬਹੁਤ ਜਲਦ ਆਪਣੇ ਆਪ ਨੂੰ ਢਾਲ ਲੈਂਦਾ ਅਤੇ ਦੋਸਤ ਮਿੱਤਰ ਬਣਾ ਲੈਂਦਾ। ਊਧਮ ਸਿੰਘ ਅੰਦਰ ਜੱਲਿਆਂਵਾਲੇ ਬਾਗ ਦੇ ਸਾਕੇ ਬਾਰੇ ਓਨਾ ਹੀ ਗੁੱਸਾ ਕਾਇਮ ਸੀ। ਬਦਲੇ ਦੀ ਇਹੀ ਅੱਗ ਉਸ ਨੂੰ ਦੇਸ-ਪਰਦੇਸ ਲਈ ਫਿਰਦੀ ਰਹੀ।
ਇਕ ਵਾਰ ਫਿਰ ਊਧਮ ਸਿੰਘ ਹਿੰਦੋਸਤਾਨ, ਪੰਜਾਬ ਆ ਗਿਆ ਅਤੇ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਵਾਲੇ ਇਲਾਕੇ ਵਿਚ ਨੂਰਜਹਾਂ ਮਹੱਲੇ ਵਿਚ ਕਮਰਾ ਕਿਰਾਏ ‘ਤੇ ਲੈ ਕੇ ਰਹਿਣ ਲੱਗਾ। ਅਮਰੀਕਾ ਤੋਂ ਊਧਮ ਸਿੰਘ ਦੇ ਖਿਲਾਫ ਕੁਝ ਖੁਫੀਆ ਕਾਗਜ਼ਾਤ ਸਰਕਾਰ ਨੂੰ ਭੇਜੇ ਗਏ ਜਿਸ ਕਰਕੇ ਬਿਟ੍ਰਿਸ਼ ਸਰਕਾਰ ਉਸ ‘ਤੇ ਖਾਸ ਧਿਆਨ ਰੱਖਣ ਲੱਗੀ। 30 ਅਗਸਤ 1923 ਨੂੰ ਸ਼ਾਮੀਂ ਸਿਟੀ ਕੋਤਵਾਲੀ ਦੇ ਥਾਣੇਦਾਰ ਅਲੀਸ਼ਾਹ ਨੇ ਪੁਲਿਸ ਫੋਰਸ ਨਾਲ ਲੈ ਕੇ ਬਾਜ਼ਾਰ ਜਾ ਰਹੇ ਊਧਮ ਸਿੰਘ ਨੂੰ ਰੋਕ ਕੇ ਉਸ ਪਾਸੋਂ ਵਿਦੇਸ਼ੀ ਪਿਸਤੌਲ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ। ਭਾਰਤੀ ਅਸਲਾ ਐਕਟ ਅਧੀਨ ਐਫ਼ ਆਈ. ਆਰ ਦਰਜ ਕਰ ਲਈ। ਉਸ ਨੂੰ ਸਥਾਨਕ ਮੈਜਿਸਟਰੇਟ ਬਿਸ਼ਨ ਸਿੰਘ ਪੀ. ਸੀ. ਐਸ਼ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪਹਿਲੀ ਅਕਤੂਬਰ 1927 ਨੂੰ 5 ਸਾਲ ਕੈਦ ਬਾ-ਮਸ਼ੱਕਤ ਸਜ਼ਾ ਸੁਣਾਈ ਗਈ ਅਤੇ ਮੁਲਤਾਨ ਜੇਲ੍ਹ ਭੇਜ ਦਿੱਤਾ।
23 ਅਕਤੂਬਰ 1931 ਨੂੰ ਊਧਮ ਸਿੰਘ ਜੇਲ੍ਹ ਤੋਂ ਰਿਹਾ ਹੋ ਕੇ ਸਭ ਤੋਂ ਪਹਿਲਾਂ ਹੁਸੈਨੀਵਾਲਾ ਗਏ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ। ਫਿਰ ਆਪਣੇ ਜੱਦੀ ਪਿੰਡ ਸੁਨਾਮ ਗਏ ਅਤੇ ਵਾਪਸ ਅੰਮ੍ਰਿਤਸਰ ਪੁੱਜ ਗਏ। ਉਹ ਜਦੋਂ ਕਦੇ ਇਕੱਲੇ ਹੁੰਦੇ ਤਾਂ ਗੁਣਗੁਣਾਉਂਦੇ ਰਹਿੰਦੇ: ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ।
1937 ਵਿਚ ਇਨਕਲਾਬੀ ਯੋਧਾ ਊਧਮ ਸਿੰਘ ਇਟਲੀ ਵਲ ਦੀ ਹੁੰਦਾ ਇੰਗਲੈਂਡ ਪਹੁੰਚ ਗਿਆ। ਉਹ ਪਹਿਲਾਂ ਗੁਰਦੁਆਰੇ ਗਏ ਅਤੇ ਆਪਣੀ ਪਛਾਣ ਬਾਵਾ ਕਰਕੇ ਕਰਵਾਈ। ਜਲਦੀ ਹੀ ਆਇਰਲੈਂਡ ਦੇ ਮਜ਼ਦੂਰਾਂ ਨਾਲ ਮਿਲ ਕੇ ਸਬਜ਼ੀਆਂ ਤੇ ਫਲਾਂ ਦੀਆਂ ਟੋਕਰੀਆਂ ਢੋਣ ਦੇ ਕੰਮ ਵਿਚ ਲੱਗ ਗਏ। ਦੋਸਤਾਂ, ਮਿੱਤਰਾਂ ਨਾਲ ਕਪੜਾ ਵੇਚਣ ਦਾ ਕੰਮ ਵੀ ਕੀਤਾ।
12 ਮਾਰਚ 1940 ਨੂੰ ਉਹ ਭਾਰਤੀ ਦਫਤਰ ਗਏ ਤਾਂ ਜੋ ਮੁਲਕੀ ਹਾਲਾਤ ਦਾ ਪਤਾ ਲੱਗੇ। ਉਥੋਂ ਪਤਾ ਲੱਗਾ ਕਿ 13 ਮਾਰਚ 1940 ਨੂੰ ਕੈਕਸਟਨ ਹਾਲ ਵਿਚ ਕੋਈ ਪਬਲਿਕ ਮੀਟਿੰਗ ਹੋ ਰਹੀ ਹੈ, ਜਿਸ ਵਿਚ ਅਫਗਾਨਿਸਤਾਨ ਦੀ ਬਗਾਵਤ ਬਾਰੇ ਹਿੰਦੋਸਤਾਨ ਦੇ ਸੂਬਾ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਓ’ਡਵਾਇਰ ਅਤੇ ਹੋਰ ਸ਼ਖਸੀਅਤਾਂ ਚਾਨਣਾ ਪਾਉਣਗੀਆਂ।
ਅਗਲੇ ਦਿਨ ਊਧਮ ਸਿੰਘ ਨੇ ਸੂਟ ਪਾਇਆ ਅਤੇ ਸਿਰ ‘ਤੇ ਅੰਗਰੇਜ਼ੀ ਹੈਟ, ਹੱਥੀਂ ਦਸਤਾਨੇ, ਉਤੋਂ ਦੀ ਲੰਮਾ ਕੋਟ ਪਾ ਲਿਆ ਅਤੇ ਐਨ ਵਕਤ ਹਾਲ ਵਿਚ ਪਹੁੰਚ ਗਿਆ ਤਾਂ ਜੋ ਆਪਣੀ ਸੀਟ ਦਾ ਬੰਦੋਬਸਤ ਕਰ ਸਕੇ। ਮੀਟਿੰਗ ਮਿਸਟਰ ਮਾਰਕੋਸ ਔਫ ਜੈਟਲੈਂਡ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਫਿਰ ਵਾਰੀ ਆਈ ਸਰ ਮਾਈਕਲ ਓ’ਡਵਾਇਰ ਦੀ, ਉਹ ਭਾਰਤੀਆਂ ਖਿਲਾਫ ਜ਼ਹਿਰ ਉਗਲਣ ਲੱਗਾ ਕਿ ਇਹ ਪੰਜਾਬੀ ਡੰਡੇ ਦੇ ਯਾਰ ਹਨ, ਇਨ੍ਹਾਂ ਨੂੰ ਮੈਂ ਐਸਾ ਸਬਕ ਦਿੱਤਾ ਸੀ, ਜੋ ਸਦੀਆਂ ਤੱਕ ਯਾਦ ਰੱਖਣਗੇ। ਇਸੇ ਰਣਨੀਤੀ ਤਹਿਤ ਸਦੀਆਂ ਤੱਕ ਇਨ੍ਹਾਂ ਨੂੰ ਗੁਲਾਮ ਰੱਖਿਆ ਜਾ ਸਕਦਾ ਹੈ।
ਊਧਮ ਸਿੰਘ ਇਹ ਭਾਸ਼ਣ ਸੁਣ ਨਾ ਸਕਿਆ। ਉਸ ਨੇ ਸੱਜਾ ਹੱਥ ਕੋਟ ਦੀ ਜੇਬ ਵਿਚ ਪਾਇਆ ਅਤੇ ਪਿਸਤੌਲ ਬਾਹਰ ਕੱਢ ਤਾੜ-ਤਾੜ ਕਰਦੀਆਂ ਗੋਲੀਆਂ ਮਾਈਕਲ ਓ’ਡਵਾਇਰ ਦੇ ਸੀਨੇ ਵਿਚੋਂ ਪਾਰ ਕਰ ਦਿੱਤੀਆਂ।
ਇਸ ਨਾਲ ਜੁੜਵੀਂ ਇਕ ਇਤਿਹਾਸਕ ਗੱਲ ਹੋਰ ਹੈ। ਮਹਾਤਮਾ ਗਾਂਧੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਨ੍ਹੀਂ ਦਿਨੀਂ ਹੋਏ ਰਾਮਗੜ੍ਹ ਵਾਲੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ: ਸਰ ਮਾਈਕਲ ਓ’ਡਵਾਇਰ ਦੀ ਮੌਤ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ, ਮੈਨੂੰ ਉਸ ਦੇ ਪਰਿਵਾਰ ਨਾਲ ਹਮਦਰਦੀ ਹੈ ਅਤੇ ਇਹ ਕਾਰਾ ਪਾਗਲਪਣ ਹੈ।
ਮਗਰੋਂ ਜੱਜ ਮਿਸਟਰ ਐਕਟਸਨ ਦੇ ਸਾਹਮਣੇ ਇਨਕਲਾਬੀ ਸੂਰਮੇ ਊਧਮ ਸਿੰਘ ਨੇ ਗਰਜਵੀਂ ਆਵਾਜ਼ ਵਿਚ ਆਖਿਆ: ਜੱਜ ਸਾਹਿਬ! ਜਿਸ ਮੁਲਕ ਦੇ ਵਿਦਿਆਰਥੀ, ਨੌਜਵਾਨ ਤੇ ਮੁਲਕ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਮਸ਼ੀਨਗੰਨਾਂ ਦੀਆਂ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੋਵੇ, ਗਰੀਬਾਂ ਦੇ ਬੱਚਿਆਂ ਤੇ ਔਰਤਾਂ ਨੂੰ ਗੁਲਾਮੀ ਭਰਿਆ ਜੀਵਨ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ, ਬ੍ਰਿਟਿਸ਼ ਸਰਕਾਰ ਦੇ ਉਹ ਸਤਾਏ ਹੋਏ ਲੋਕ ਆਜ਼ਾਦੀ ਲਈ ਕਿਉਂ ਨਾ ਲੜ ਮਰਨਗੇ?
ਇਸ ਕੇਸ ਵਿਚ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ। ਉਸ ਨੇ ਕਚਹਿਰੀ ਵਿਚ ਇਹ ਸ਼ੇਅਰ ਗੁਣ-ਗੁਣਾਇਆ:
ਕਿਆ ਹੂਆ ਅਗਰ ਮਿਟ ਜਾਊਂਗਾ,
ਅਪਨੇ ਵਤਨ ਕੇ ਵਾਸਤੇ।
ਬੁਲਬੁਲੇਂ ਭੀ ਤੋ ਹੋਤੀ ਹੈਂ ਕੁਰਬਾਨ,
ਅਪਨੇ ਚਮਨ ਕੇ ਵਾਸਤੇ।
ਲੰਡਨ ਦੀ ਪੈਂਟਲ ਜੇਲ੍ਹ ਅੰਦਰ ਫਾਂਸੀ ਲੱਗਣ ਵੇਲੇ ਤੋਂ 15 ਦਿਨ ਪਹਿਲਾਂ ਬੁਲੰਦ ਹੌਂਸਲੇ ਦਾ ਸਬੂਤ ਦਿੰਦਿਆਂ ਊਧਮ ਸਿੰਘ ਨੇ ਦੇਸ਼ ਵਾਸੀਆਂ ਦੇ ਨਾਂ ਖਤ ਲਿਖਿਆ। 31 ਜੁਲਾਈ 1940 ਵਾਲੇ ਦਿਨ ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ ਦੇ ਨਾਅਰੇ ਮਾਰਦਾ ਊਧਮ ਸਿੰਘ ਫਾਂਸੀ ਦੇ ਤਖਤੇ ‘ਤੇ ਝੂਲ ਗਿਆ ਅਤੇ ਸ਼ਹੀਦ ਹੋਣ ਵਾਲੇ ਆਪਣੇ ਸਾਥੀਆਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ।