ਭਾਰਤ ਰਤਨ ਪੁਰਸਕਾਰ ਅਤੇ ਭਾਜਪਾ ਦੇ ਸੌੜੇ ਸਿਆਸੀ ਹਿੱਤ

ਹਰਜਿੰਦਰ ਗੁਲਪੁਰ
ਮੈਲਬੌਰਨ, ਆਸਟਰੇਲੀਆ।
ਫੋਨ: +0061411218801
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ (ਪਹਿਲੀ ਤੇ ਮੌਜੂਦਾ) ਦਾ ਇਹੀ ਯਤਨ ਰਿਹਾ ਹੈ ਕਿ ਦੇਸ਼ ਦੀਆਂ ਸਿਰਮੌਰ ਸੰਵਿਧਾਨਕ ਸੰਸਥਾਵਾਂ ਦੀਆਂ ਅਹਿਮ ਅਸਾਮੀਆਂ ‘ਤੇ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਸਬੰਧਿਤ ਲੋਕਾਂ ਨੂੰ ਹੀ ਬਿਠਾਇਆ ਜਾਵੇ। ਅਜਿਹਾ ਕਰਨ ਸਮੇਂ ਜੇ ਕਾਇਦੇ ਕਾਨੂੰਨ ਤੋੜਨੇ-ਮਰੋੜਨੇ ਪੈਣ ਤਾਂ ਕੋਈ ਪਰਵਾਹ ਨਹੀਂ। ਸਰਕਾਰ ਇੱਕ ਤਰ੍ਹਾਂ ਨਾਲ ਸੰਵਿਧਾਨਕ ਸੰਸਥਾਵਾਂ ਦੀ ਕਸਟੋਡੀਅਨ ਹੁੰਦੀ ਹੈ। ਜੇ ਇਨ੍ਹਾਂ ਸੰਸਥਾਵਾਂ ਨੂੰ ਕੋਈ ਠੇਸ ਪਹੁੰਚਦੀ ਹੈ ਤਾਂ ਉਸ ਦੀ ਜਿੰਮੇਵਾਰ ਤਤਕਾਲੀ ਸਰਕਾਰ ਹੁੰਦੀ ਹੈ। ਸਰਕਾਰ ਦੀ ਕਾਰਜਸ਼ੈਲੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੇ ਇਰਾਦੇ ਕੁਝ ਹੋਰ ਹੀ ਹਨ। ਗੱਲ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਤੋਂ ਵੀ ਅੱਗੇ ਚਲੇ ਗਈ ਹੈ।

ਚਰਚਾ ਹੈ ਕਿ ਭਾਜਪਾ ਸਰਕਾਰ ਨੇ ਭਾਰਤ ਰਤਨ ਜਿਹੇ ਵੱਕਾਰੀ ਪੁਰਸਕਾਰਾਂ ਨੂੰ ਵੀ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਦਾ ਤਹੱਈਆ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੱਟੜਵਾਦੀ ਅਤੇ ਵਿਵਾਦਗ੍ਰਸਤ ਹਿੰਦੂ ਨੇਤਾ ਰਹੇ ਵਿਨਾਇਕ ਦਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਭਾਜਪਾ ਦੀ ਚਾਹਤ ਦਾ ਸਿਰਫ ਐਲਾਨ ਹੋਣਾ ਹੀ ਬਾਕੀ ਹੈ, ਜੋ ਕਦੇ ਵੀ ਹੋ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਆਗੂ ਭਾਜਪਾ ਦੇ ਇਸ ਸੰਭਾਵੀ ਫੈਸਲੇ ‘ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ। ਹਾਲਾਂਕਿ ਇਸੇ ਭਾਜਪਾ ਸਰਕਾਰ ਨੇ ਕਾਂਗਰਸ ਪਾਰਟੀ ਦੇ ਬਜੁਰਗ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦਾ ਪੁਰਸਕਾਰ ਇਸੇ ਵਰ੍ਹੇ ਦਿੱਤਾ ਸੀ। ਉਦੋਂ ਇਨ੍ਹਾਂ ਨੇਤਾਵਾਂ ਨੂੰ ਕਿਉਂ ਮਹਿਸੂਸ ਨਹੀਂ ਹੋਇਆ ਕਿ ਪ੍ਰਣਬ ਮੁਖਰਜੀ ਨੂੰ ਉਸ ਕੱਟੜਵਾਦੀ ਅਤੇ ਸੰਪਰਦਾਇਕ ਸਰਕਾਰ ਦੇ ਹੱਥੋਂ ਇਹ ਸਨਮਾਨ ਨਹੀਂ ਲੈਣਾ ਚਾਹੀਦਾ, ਜਿਸ ਦੀ ਵਿਚਾਰਧਾਰਾ ਕਾਂਗਰਸ ਤੋਂ ਇੱਕ ਦਮ ਉਲਟ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਸਰਕਾਰ ਸਰਕਾਰੀ ਪੁਰਸਕਾਰਾਂ ਦੇ ਮਾਮਲੇ ਵਿਚ ਵੀ ਮਨਮਰਜੀ ਕਰਨ ‘ਤੇ ਉਤਾਰੂ ਹੋ ਗਈ ਹੈ। ਉਹ ਚੁਣ ਚੁਣ ਕੇ ਉਨ੍ਹਾਂ ਵਿਅਕਤੀਆਂ ਨੂੰ ਖਿਤਾਬਾਂ ਨਾਲ ਨਿਵਾਜ਼ ਰਹੀ ਹੈ, ਜੋ ਹਿੰਦੂਤਵ ਦੇ ਪ੍ਰੋਮੋਟਰ ਅਤੇ ਵਰਣ ਵਿਵਸਥਾ ਦੇ ਮੁੱਦਈ ਰਹੇ ਹਨ। ਸਾਵਰਕਰ ਨੂੰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਕਾਂਗਰਸ ਪਾਰਟੀ ਭਾਜਪਾ ਦੀ ਮਨਸ਼ਾ ਦਾ ਇਸ ਕਰਕੇ ਵੀ ਵਿਰੋਧ ਕਰ ਰਹੀ ਹੈ ਕਿ ਸਾਵਰਕਰ ਦਾ ਨਾਂ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਵਿਚ ਸ਼ਾਮਲ ਸੀ। ਹਾਲਾਂਕਿ ਉਸ ਦੇ ਖਿਲਾਫ ਲੋੜੀਂਦੇ ਸਬੂਤ ਨਾ ਹੋਣ ਕਰ ਕੇ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ। ਦਰਅਸਲ ਭਾਰਤ ਰਤਨ ਦੇਣ ਦਾ ਕੋਈ ਤੈਅਸ਼ੁਦਾ ਪੈਮਾਨਾ ਨਾ ਕਾਂਗਰਸ ਦੇ ਰਾਜ ਸਮੇਂ ਸੀ ਅਤੇ ਨਾ ਮੌਜੂਦਾ ਸਰਕਾਰ ਵੇਲੇ ਹੈ। ਜੇ ਅਜਿਹਾ ਕੋਈ ਪੈਮਾਨਾ ਹੁੰਦਾ ਤਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਹਿੰਦੂਵਾਦੀ ਨੇਤਾ ਨਾਨਾ ਜੀ ਦੇਸਮੁਖ ਵਰਗੇ ਲੋਕ ਕਦੇ ਵੀ ਭਾਰਤ ਰਤਨ ਲਈ ਬਣਾਏ ਗੁਣੀਏ ਵਿਚ ਫਿੱਟ ਨਾ ਬੈਠਦੇ। ਇੱਕ ਤਰ੍ਹਾਂ ਨਾਲ ਭਾਜਪਾ ਸਰਕਾਰ ਨੇ ਇਨ੍ਹਾਂ ਨੂੰ ਭਾਰਤ ਰਤਨ ਦੇ ਰੂਪ ਵਿਚ ਖੈਰਾਤ ਦਿੱਤੀ ਹੈ। ਕਾਂਗਰਸ ਪਾਰਟੀ ਵੀ ਆਪਣੇ ਸਮੇਂ ਇਸੇ ਤਰ੍ਹਾਂ ਕਰਦੀ ਰਹੀ ਹੈ। ਬੇਸ਼ਕ ਗਾਂਧੀ ਅਤੇ ਸਾਵਰਕਰ ਦੀਆਂ ਵਿਚਾਰਧਾਰਾਵਾਂ ਨਦੀ ਦੇ ਦੋ ਕਿਨਾਰਿਆਂ ਵਾਂਗ ਸਨ, ਜੋ ਕਦੇ ਨਹੀਂ ਮਿਲਦੇ। ਸਾਵਰਕਰ ਅੰਗਰੇਜ਼ਾਂ ਤੋਂ ਤਾਂ ਆਜ਼ਾਦੀ ਚਾਹੁੰਦਾ ਸੀ, ਪਰ ਉਸ ਨੂੰ ਦੇਸ਼ ਦੇ ਦਲਿਤਾਂ, ਪੱਛੜੇ ਵਰਗਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਦੀ ਤਰਸਯੋਗ ਹਾਲਤ ਨਾਲ ਕੋਈ ਸਰੋਕਾਰ ਨਹੀਂ ਸੀ। ਇਸ ਤੋਂ ਉਲਟ ਮਹਾਤਮਾ ਗਾਂਧੀ ਨੂੰ ਲੱਗ ਰਿਹਾ ਸੀ ਕਿ ਜੇ ਇਨ੍ਹਾਂ ਵਰਗਾਂ ਨੂੰ ਸਵਰਣਾਂ ਦੇ ਦਬਦਬੇ ਤੋਂ ਮੁਕਤੀ ਨਾ ਮਿਲੀ ਤਾਂ ਆਜ਼ਾਦੀ ਬੇਮਾਅਨਾ ਹੋ ਕੇ ਰਹਿ ਜਾਏਗੀ।
ਸਵਾਲ ਹੈ ਕਿ ਸਾਵਰਕਰ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ ਜਾਂ ਨਹੀਂ? ਸਾਵਰਕਰ ਦੇ ਪੱਖ ਵਿਚ ਇੱਕੋ ਗੱਲ ਜਾਂਦੀ ਹੈ ਕਿ ਸੱਤਾ ਇਸ ਸਮੇਂ ਹਿੰਦੂ ਕੱਟੜਪੰਥੀਆਂ ਦੇ ਹੱਥ ਵਿਚ ਹੈ, ਜੋ ਸ਼ੱਰੇਆਮ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿੰਦੇ ਹੋਏ ਕਿਸੇ ਧਰਮ, ਜਾਤੀ ਸਮੂਹ ਜਾਂ ਵਿਚਾਰਧਾਰਾ ਦਾ ਲਿਹਾਜ਼ ਨਹੀਂ ਕਰ ਰਹੇ। ਇਸ ਲਈ ਉਹ ਸਾਵਰਕਰ ਨੂੰ ਭਾਰਤ ਰਤਨ ਦੇ ਰੁਤਬੇ ਨਾਲ ਨਿਵਾਜਣ ਲਈ ਕਾਹਲੇ ਹਨ। ਸਿੱਖ ਜਗਤ ਸਮੇਤ ਹੋਰ ਘਟ ਗਿਣਤੀਆਂ ਨਾਲ ਸਬੰਧਿਤ ਲੋਕ ਆਰ. ਐਸ਼ ਐਸ਼ ਸੁਪਰੀਮੋ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖਤ ਵਿਰੋਧ ਕਰ ਰਹੇ ਹਨ, ਜਿਸ ਵਿਚ ਉਸ ਨੇ ਸਾਰੇ ਭਾਰਤੀਆਂ ਨੂੰ ਹਿੰਦੂ ਕਿਹਾ ਸੀ। ਇਸੇ ਤਰ੍ਹਾਂ ਕੋਈ ਵੀ ਉਦਾਰਵਾਦੀ ਹਿੰਦੂ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਜ਼ਿਦ ਨਾਲ ਸਹਿਮਤ ਨਹੀਂ ਹੈ। ਯੋਗਤਾ ਜਾਂ ਰਾਸ਼ਟਰ ਨਿਰਮਾਣ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਕਿਸੇ ਸਚਿਨ, ਦੇਸਮੁਖ ਜਾਂ ਮੁਖਰਜੀ ਵਾਂਗ ਸਾਵਰਕਰ ਨੇ ਜ਼ਿਕਰਯੋਗ ਕੋਈ ਕੰਮ ਨਹੀਂ ਕੀਤਾ। ਹਿੰਦੂਵਾਦੀਆਂ ਦੀ ਦਲੀਲ ਹੈ ਕਿ ਸਾਵਰਕਰ ‘ਚ ਆਜ਼ਾਦੀ ਲਈ ਜਨੂੰਨ ਸੀ। ਜ਼ਿਕਰਯੋਗ ਹੈ ਕਿ ਕਿਸੇ ਅਕੀਦੇ ਦੀ ਪ੍ਰਾਪਤੀ ਲਈ ਮਹਿਜ ਜਨੂੰਨ ਹੀ ਕਾਫੀ ਨਹੀਂ ਹੁੰਦਾ, ਸਮਾਜਕ ਸਮਝ ਦੀ ਵੀ ਲੋੜ ਹੁੰਦੀ ਹੈ, ਜਿਸ ਦੀ ਉਸ ਵਿਚ ਕਮੀ ਸੀ।
ਅਸਲ ਵਿਚ ਸਾਵਰਕਰ ਇੱਕ ਰੋਮਾਂਟਿਕ ਕਿਸਮ ਦਾ ਨੇਤਾ ਸੀ। ਉਸ ਨੇ ਸਜ਼ਾ ਤੋਂ ਬਚਣ ਲਈ ਛੇ ਵਾਰ ਅੰਗਰੇਜ਼ਾਂ ਤੋਂ ਲਿਖਤੀ ਮੁਆਫੀ ਮੰਗੀ। ਲੋਕ ਆਜ਼ਾਦੀ ਦੀ ਜੰਗ ਵਿਚ ਮੁਆਫੀ ਮੰਗਣ ਵਾਲਿਆਂ ਨੂੰ ਕਦੇ ਪਸੰਦ ਨਹੀਂ ਕਰਦੇ। ਜੇ ਭਾਜਪਾ ਸਰਕਾਰ ਨੇ ਜ਼ਿਦ ਪੁਗਾਉਣ ਲਈ ਉਸ ਨੂੰ ਭਾਰਤ ਰਤਨ ਦੇ ਵੀ ਦਿੱਤਾ ਤਾਂ ਇਹ ਕਦਮ ਆਪਣੇ ਪੈਰਾਂ ‘ਤੇ ਆਪ ਕੁਹਾੜਾ ਮਾਰਨ ਦੇ ਤੁਲ ਹੋਵੇਗਾ। ਹਿੰਦੂਵਾਦੀਆਂ ਕੋਲ ਕੋਈ ਸਰਬ ਸਾਂਝਾ ਚਿਹਰਾ ਕਦੇ ਨਹੀਂ ਰਿਹਾ। ਸੰਨ 2014 ਵਿਚ ਸੱਤਾ ਵਿਚ ਆਉਣ ਤੋਂ ਲੈ ਕੇ ਭਾਜਪਾ ਦੀਨ ਦਿਆਲ ਉਪਾਧਿਆਏ, ਸ਼ਿਆਮਾ ਪ੍ਰਸ਼ਾਦ ਮੁਖਰਜੀ ਆਦਿ ਮਰਹੂਮ ਨੇਤਾਵਾਂ ਤੋਂ ਬਾਅਦ ਸਰਦਾਰ ਪਟੇਲ ਨੂੰ ਇਹ ਰੁਤਬਾ ਦੇਣ ਦੀ ਭਰਪੂਰ ਕੋਸ਼ਿਸ਼ ਕਰ ਚੁਕੀ ਹੈ, ਪਰ ਦੇਸ਼ ਦੀ ਆਮ ਜਨਤਾ ਨੂੰ ਇਹ ਸਭ ਰੜਕ ਰਿਹਾ ਹੈ। ਆਮ ਜਨਤਾ ਵਿਚ 80-85 ਕਰੋੜ ਉਹ ਲੋਕ ਹਨ, ਜਿਨ੍ਹਾਂ ਵਿਚ ਦਲਿਤ, ਆਦਿਵਾਸੀ ਅਤੇ ਮੁਸਲਮਾਨਾਂ ਸਮੇਤ ਦੂਜੇ ਘੱਟਗਿਣਤੀ ਧਰਮਾਂ ਦੇ ਲੋਕ ਆਉਂਦੇ ਹਨ।