ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਗੁਰੂਆਂ ਦੀ ਰਚੀ ਬਾਣੀ ਹੈ। ਇਸ ਵਿਚ ਸੰਤਾਂ, ਭਗਤਾਂ, ਭੰਡਾਂ ਤੇ ਸੂਫੀ ਕਵੀਆਂ ਆਦਿ ਦੀਆਂ ਰਚਨਾਵਾਂ ਵੀ ਸ਼ਾਮਲ ਹਨ। ਵਿਚਾਰਧਾਰਾ ਦੀ ਸਾਂਝ ਅਨੁਸਾਰ ਗੁਰੂ ਅਰਜਨ ਦੇਵ ਨੇ ਇਹ ਰਚਨਾਵਾਂ ਕਈ ਥਾਂਵਾਂ ਤੋਂ ਇਕੱਤਰ ਕੀਤੀਆਂ। ਫਿਰ ਉਨ੍ਹਾਂ ਨੇ ਇਨ੍ਹਾਂ ਨੂੰ ਤਰਤੀਬ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਪੰਚਮ ਪਾਤਸ਼ਾਹ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਵੰਡ ਕੇ ਰਚਨਾਕਾਰਾਂ ਦੀ ਪ੍ਰਮੁੱਖਤਾ ਅਨੁਸਾਰ ਆਦਿ ਗ੍ਰੰਥ ਵਿਚ ਸਮੋਇਆ। ਇਸ ਤਰਤੀਬ ਅਨੁਸਾਰ ਉਨ੍ਹਾਂ ਨੇ ਸਭ ਰਾਗਾਂ ਵਿਚ ਮਹਲਾ ਪਹਿਲਾ ਭਾਵ ਗੁਰੂ ਨਾਨਕ ਦੀ ਬਾਣੀ ਨੂੰ ਪਹਿਲੇ ਸਥਾਨ ‘ਤੇ ਰੱਖਿਆ ਅਤੇ ਬਾਕੀਆਂ ਨੂੰ ਕ੍ਰਮ ਅਨੁਸਾਰ ਉਨ੍ਹਾਂ ਤੋਂ ਬਾਅਦ।
ਗੁਰੂ ਨਾਨਕ ਦੀਆਂ ਰਚਨਾਵਾਂ ਵਿਚੋਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਬਾਣੀ ਜਪੁਜੀ ਸਾਹਿਬ ਰੱਖੀ, ਜੋ ਇਕ ਰਾਗ ਮੁਕਤ ਬਾਣੀ ਹੈ ਤੇ ਨਿਰੋਲ ਸਿੱਖ ਸਿਧਾਂਤ ਦੀ ਵਿਆਖਿਆ ਕਰਦੀ ਹੈ। ਘੋਖਿਆਂ ਪਤਾ ਲੱਗਦਾ ਹੈ ਕਿ ਇਹ ਬਾਣੀ ਪੂਰੀ ਤਰ੍ਹਾਂ ਵਿਗਿਆਨਕ ਹੈ ਤੇ ਇਸ ਦੇ ਵਿਗਿਆਨਕ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿਚ ਸਭ ਸ਼ਬਦ ਭਾਵ ਪੂਰਨ ਤੇ ਨਪੇ ਤੁਲੇ ਹਨ ਅਤੇ ਲੋੜ ਤੋਂ ਵੱਧ ਇਕ ਅੱਖਰ ਵੀ ਨਹੀਂ ਹੈ। ਗੁਰੂ ਸਾਹਿਬ ਨੇ ਇਸ ਵਿਚ ਇਕ ਵੀ ਦਾਅਵਾ ਐਸਾ ਨਹੀਂ ਕੀਤਾ, ਜੋ ਮਨਘੜਤ ਹੋਵੇ ਤੇ ਜੋ ਯਥਾਰਥ ਅਤੇ ਤੱਥਾਂ ਦੇ ਨੇੜੇ ਨਾ ਹੋਵੇ। ਇਸ ਦੀ ਸੰਪਾਦਨਾ ਗੁਰੂ ਨਾਨਕ ਨੇ ਆਪਣੇ ਜੀਵਨ ਦੀ ਪ੍ਰੌੜ ਅਵਸਥਾ ਵਿਚ ਕੀਤੀ ਤਾਂ ਜੋ ਉਹ ਆਪਣੀ ਵਿਚਾਰਧਾਰਾ ਦਾ ਨਿਚੋੜ ਇਕ ਥਾਂ ਲਿਖ ਕੇ ਆਪਣੇ ਸਿੱਖਾਂ ਨੂੰ ਇਸ ਦੀ ਸਹੀ ਤੇ ਸੰਖੇਪ ਸਿੱਖਿਆ ਦੇ ਸਕਣ।
ਗੁਰੂ ਨਾਨਕ ਨੇ ਜਪੁਜੀ ਸਾਹਿਬ ਦਾ ਅਰੰਭ ੴ ਦੇ ਸੰਕੇਤ ਨਾਲ ਕੀਤਾ ਤੇ ਇਸ ਉਪਰੰਤ ਤੇਰਾਂ ਹੋਰ ਸ਼ਬਦ ਜੋੜ ਕੇ ਮੂਲ ਮੰਤਰ ਲਿਖਿਆ। ਇਸ ਪਿਛੋਂ ਉਨ੍ਹਾਂ ਇਸ ਵਿਚ ਬੇਹਦ ਵਿਦਵਤਾ ਭਰਪੂਰ ਢੰਗ ਨਾਲ ਸਿੱਖੀ ਸਿਧਾਂਤ ਦੀ ਵਿਆਖਿਆ ਕੀਤੀ। ਆਪਣੀ ਦਾਰਸ਼ਨਿਕ ਗਹਿਰਾਈ ਕਾਰਨ ਇਹ ਸਾਢੇ ਸੱਤ ਸਫਿਆਂ ਦੀ ਸੰਖੇਪ ਬਾਣੀ ਗੁਰਮਤਿ ਵਿਚਾਰਾਂ ਦਾ ਮੁਢਲਾ ਸ੍ਰੋਤ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸਿਧਾਂਤਕ ਮਹੱਤਤਾ ਨੂੰ ਮੁੱਖ ਰੱਖਦਿਆਂ ਆਦਿ ਗ੍ਰੰਥ ਦੇ ਸੰਪਾਦਕ ਨੇ ਇਸ ਨੂੰ ਸਭ ਤੋਂ ਉਤਲਾ ਦਰਜਾ ਦਿੱਤਾ; ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖ ਵਿਦਵਾਨਾਂ ਨੇ ਇਸ ਨੂੰ ਇੰਨਾ ਸਮਝਣ ‘ਤੇ ਜੋਰ ਨਹੀਂ ਦਿੱਤਾ, ਜਿੰਨਾ ਗੁਰੂ ਸਾਹਿਬਾਨ ਨੇ ਸਮਝਾਉਣ ‘ਤੇ ਲਾਇਆ ਹੈ। ਇਸੇ ਲਈ ਅੱਜ 1% ਸਿੱਖ ਵਿਦਵਾਨ ਵੀ ਇਸ ਨੂੰ ਸਹੀ ਤੌਰ ‘ਤੇ ਸਮਝ ਨਹੀਂ ਸਕਦੇ।
ਅੱਜ ਬਾਣੀ ਨੂੰ ਸਮਝਣ-ਸਮਝਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਬਹੁਤੇ ਸਿੱਖ ਵਿਦਵਾਨ ਪੁਜਾਰੀਵਾਦੀ ਵਿਆਖਿਆ ਵਿਚ ਪੈ ਕੇ ਇਸ ਨੂੰ ਅਧਿਆਤਮਵਾਦ ਨਾਲ ਜੋੜਦੇ ਹਨ। ਕੁਝ ਨਵੇਂ ਵਿਦਵਾਨ ਇਸ ਨੂੰ ਵਿਸ਼ਵਾਸ ਤੋਂ ਨਿਖੇੜ ਕੇ ਇਸ ਦਾ ਸ਼ਾਬਦਿਕ ਤੇ ਵਿਚਾਰਧਾਰਕ ਵਿਸ਼ਲੇਸ਼ਣ ਕਰਦੇ ਹਨ। ਪੁਜਾਰੀਵਾਦੀ ਵਿਦਵਾਨ ਅਜਿਹਾ ਕਰਨਾ ਠੀਕ ਨਹੀਂ ਮੰਨਦੇ, ਕਿਉਂਕਿ ਉਨ੍ਹਾਂ ਅਨੁਸਾਰ ਗੁਰਬਾਣੀ ਆਸਥਾ ਦਾ ਮਾਮਲਾ ਹੈ। ਉਨ੍ਹਾਂ ਲਈ ਆਸਥਾ ਸੱਤਿ ਤੋਂ ਵੱਧ ਪਿਆਰੀ ਹੈ, ਇਸ ਲਈ ਉਹ ਇਸ ਨੂੰ ਹਰ ਤਰ੍ਹਾਂ ਦੇ ਕਿੰਤੂ-ਪ੍ਰੰਤੂ ਤੋਂ ਉਪਰ ਰੱਖਦੇ ਹਨ। ਕਈ ਸਿੱਖ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਕਈ ਕ੍ਰਤ੍ਰਿਮ ਸੰਸਥਾਨ ਉਨ੍ਹਾਂ ਦੇ ਧਾਰਮਿਕ ਗ੍ਰੰਥਾਂ ਨਾਲ ਛੇੜ-ਛਾੜ ਕਰਕੇ ਉਨ੍ਹਾਂ ਦੀ ਵੱਖਰੀ ਧਾਰਮਿਕ ਪਛਾਣ ਖਤਮ ਕਰਨ ਦੀ ਸਾਜ਼ਿਸ਼ ਕਰ ਰਹੇ ਹਨ। ਵੱਖ ਵੱਖ ਸਿੱਖ ਵਿਦਵਾਨ ਤੇ ਡੇਰਾਧਾਰੀ ਸੰਤ ਆਪੋ ਆਪਣੀ ਵਿਦਵਤਾ, ਵਿਸ਼ਵਾਸ ਤੇ ਸਿਧਾਂਤਕ ਤਜਰਬੇ ਅਨੁਸਾਰ ਬਾਣੀ ਦੀ ਆਪੋ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ।
ਸਮੁੱਚੇ ਰੂਪ ਵਿਚ ਵੇਖਿਆਂ ਲਗਦਾ ਹੈ ਕਿ ਕਈ ਵਿਦਵਾਨ ਮਨਮਾਨੀ ਵਿਆਖਿਆ ਕਰ ਰਹੇ ਹਨ ਤੇ ਕਈ ਦੂਜੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਰਹੇ ਹਨ। ਬਹੁਤੇ ਵਿਦਵਾਨ ਸੰਪਰਦਾਵਾਂ ਵਿਚ ਵੰਡੇ ਹੋਏ ਹਨ ਤੇ ਆਪਸ ਵਿਚ ਲੜ ਰਹੇ ਹਨ। ਕਿਸੇ ਨੂੰ ਕੁਝ ਪਤਾ ਨਹੀਂ ਲਗ ਰਿਹਾ ਕਿ ਸਹੀ ਕੀ ਹੈ ਤੇ ਗਲਤ ਕੀ? ਕਿਉਂਕਿ ਕਿਸੇ ਕੋਲ ਸਹੀ-ਗਲਤ ਦਾ ਪੈਮਾਨਾ ਹੀ ਨਹੀਂ ਹੈ।
ਗੁਰਬਾਣੀ ਵਿਚ ਵਿਵੇਕ ਤੇ ਤਰਕ ਤੋਂ ਹਟ ਕੇ ਕੀਤੀ ਵਿਆਖਿਆ ਨੂੰ ‘ਹਉਮੈ’ ਜਾਂ ਮਨਮੁਖਤਾ ਵਾਲਾ ਵਿਖਿਆਨ ਮੰਨਿਆ ਗਿਆ ਹੈ। ਵਿਆਖਿਆ ਉਹੀ ਪ੍ਰਮਾਣੀਕ ਹੈ, ਜੋ ਕਿਸੇ ਦੀ ਮਰਜੀ ਮੁਤਾਬਕ ਨਾ ਹੋ ਕੇ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਹੋਵੇ। ਵਿਆਖਿਆ ਕੇਵਲ ਓਹੀ ਠੀਕ ਹੈ, ਜਿਸ ਨੂੰ ਕਰੇ ਭਾਵੇਂ ਕੋਈ ਪਰ ਭਾਵ ਇਕੋ ਨਿਕਲੇ। ਇਸ ਦਾ ਆਧਾਰ ਅਰਥ ਕਰਨ ਵਾਲੇ ਦੀ ਇੱਛਾ, ਮਰਜੀ ਜਾਂ ਹਉਮੈ ਨਾ ਹੋਵੇ, ਸਗੋਂ ਇਹ ਪੱਕੇ ਸਾਪੇਖਕ ਤੇ ਤਾਰਕਿਕ ਮਾਪਦੰਡ ਅਨੁਸਾਰ ਹੋਵੇ, ਜਿਨ੍ਹਾਂ ਤੋਂ ਕੋਈ ਮੁਨਕਰ ਨਾ ਹੋ ਸਕੇ। ਸਵਾਲ ਹੈ ਕਿ ਅਜਿਹੀ ਵਿਆਖਿਆ ਕਿੱਦਾਂ ਕੀਤੀ ਜਾਵੇ, ਜੋ ਸੰਪੂਰਨ ਤੌਰ ‘ਤੇ ਤਰਕ-ਸੰਗਤ ਹੋਵੇ, ਤੇ ਹਿਸਾਬ ਦੀ ਕਸੌਟੀ ਵਾਂਗ ਹਰ ਇਕ ਲਈ ਹਰ ਵੇਲੇ ਇਕ ਹੀ ਅਰਥ ਦੇਣ ਵਾਲੀ ਹੋਵੇ?
ਬਹੁਤੀਆਂ ਗੱਲਾਂ ਵਿਚ ਨਾ ਪੈ ਕੇ, ਅਜਿਹਾ ਕਰਨ ਦੀ ਇਕੋ ਇਕ ਸਿੱਧੀ ਤੇ ਵਿਗਿਆਨਕ ਵਿਧੀ ਹੈ, ਜਿਸ ਦੇ ਦੋ ਪਹਿਲੂ ਹਨ। ਪਹਿਲਾ, ਬਾਣੀ ਦੀ ਵਿਆਖਿਆ ਮੂਲ ਬਾਣੀ ਪੜ੍ਹ ਕੇ ਕੀਤੀ ਜਾਵੇ, ਭਾਵ ਟੀਕੇ ਜਾਂ ਸਟੀਕ ਪੜ੍ਹ ਕੇ ਨਹੀਂ। ਇਸ ਮੰਤਵ ਲਈ ਬਾਣੀ ਨੂੰ ਇਕ ਕਾਨੂੰਨੀ ਲਿਖਤ ਸਮਝਿਆ ਜਾਵੇ ਤੇ ਇਸ ਦੀ ਵਿਆਖਿਆ ਸਿਰਫ ਇਸ ਵਿਚ ਲਿਖੇ ਸ਼ਬਦਾਂ ਅਨੁਸਾਰ ਕੀਤੀ ਜਾਵੇ। ਆਪਣੇ ਕੋਲੋਂ ਕੋਈ ਅਜਿਹਾ ਸ਼ਬਦ ਨਾ ਜੋੜਿਆ ਜਾਵੇ, ਜਿਸ ਨਾਲ ਵਿਆਖਿਆ ਦੀ ਦਿਸ਼ਾ ਬਦਲ ਜਾਵੇ ਜਾਂ ਇਸ ਵਿਚ ਵਿਚਾਰਧਾਰਕ ਖੋਟ ਪੈ ਜਾਵੇ। ਇਸ ਕੰਮ ਵਿਚ ਸਿਰਫ ਕਾਗਜ਼, ਕਲਮ ਤੇ ਸ਼ਬਦ-ਕੋਸ਼ ਹੀ ਵਰਤੇ ਜਾਣ। ਪੂਰਵ-ਪ੍ਰਕਾਸ਼ਿਤ ਟੀਕਿਆਂ ਨੂੰ ਦੂਰ ਰੱਖਿਆ ਜਾਵੇ ਤਾਂ ਜੋ ਇਨ੍ਹਾਂ ਦੀਆਂ ਹਉਮੈ-ਗ੍ਰਸਤ ਟਿੱਪਣੀਆਂ ਤੱਥਾਂ ਨੂੰ ਪ੍ਰਭਾਵਿਤ ਨਾ ਕਰਨ। ਪਰ ਜੇ ਇਨ੍ਹਾਂ ਟੀਕਿਆਂ ਨੂੰ ਕਦੇ ਸ਼ਬਦ-ਕੋਸ਼ ਵਜੋਂ ਵਰਤਣਾ ਵੀ ਪਵੇ ਤਾਂ ਇਨ੍ਹਾਂ ਦੀ ਵਰਤੋਂ ਇਕ ਅੱਧ ਸ਼ਬਦ ਦੇ ਅਰਥ ਤੈਅ ਕਰਨ ਤੀਕ ਹੀ ਸੀਮਤ ਰਹੇ। ਪੂਰੇ ਵਾਕ ਜਾਂ ਲਾਈਨ ਦੇ ਅਰਥ ਕਦੇ ਇਨ੍ਹਾਂ ਨੂੰ ਵੇਖ ਕੇ ਨਾ ਕੀਤੇ ਜਾਣ। ਟੀਕਿਆਂ ਤੋਂ ਲਏ ਅਰਥਾਂ ਨੂੰ ਵਰਤਣ ਵੇਲੇ ਇਨ੍ਹਾਂ ਨੂੰ ਬਾਣੀ ਦੇ ਸ਼ਬਦਾਂ ਨਾਲ ਤੇ ਗੁਰੂ ਸਾਹਿਬ ਦੀ ਪ੍ਰਤਿਭਾ ਨਾਲ ਮੇਲਣਾ ਅਤਿ ਜਰੂਰੀ ਹੈ। ਇਸ ਦੇ ਨਾਲ ਨਾਲ ਇਨ੍ਹਾਂ ਅਰਥਾਂ ਦਾ ਸਮੁੱਚੀ ਬਾਣੀ ਨਾਲ ਤਾਲ-ਮੇਲ ਵੀ ਵਿਚਾਰਿਆ ਜਾਣਾ ਜਰੂਰੀ ਹੈ। ਵੱਡੀ ਗੱਲ ਇਨ੍ਹਾਂ ਸ਼ਬਦਾਂ ਦੀ ਸਿੱਖੀ ਸਿਧਾਂਤ ਨਾਲ ਤਰਕ-ਸੰਗਤਾ ਪਰਖੀ ਜਾਣੀ ਅਤਿ ਜਰੂਰੀ ਹੈ।
ਇਸ ਵਿਧੀ ਦਾ ਦੂਜਾ ਪਹਿਲੂ ਗੁਰੂ ਅਰਜਨ ਦੇਵ ਦੀ ਸੰਪਾਦਨ ਵਿਧੀ ਨੂੰ ਮੁੱਖ ਰੱਖ ਕੇ ਵਿਆਖਿਆ ਕਰਨਾ ਹੈ। ਪੰਚਮ ਗੁਰੂ ਨੇ ਆਦਿ ਗ੍ਰੰਥ ਦਾ ਸੰਪਾਦਨ ਕਾਰਜ ਮਨਮਾਨੇ ਢੰਗ ਨਾਲ ਨਹੀਂ ਕੀਤਾ, ਸਗੋਂ ਨਿਰਪੱਖ ਨਿਯਮਾਂ ਅਨੁਸਾਰ ਕੀਤਾ ਹੈ। ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਇਸ ਮੰਤਵ ਲਈ ਉਨ੍ਹਾਂ ਨੇ ਪਹਿਲਾਂ ਸਾਰੀ ਬਾਣੀ ਨੂੰ ਗੁਰੂਆਂ, ਭਗਤਾਂ, ਭੱਟਾਂ ਆਦਿ ਅਨੁਸਾਰ ਰੱਖ ਕੇ ਵੱਖ ਵੱਖ ਕੀਤਾ ਤੇ ਫਿਰ ਇਸ ਦਾ ਰਾਗਾਂ ਅਨੁਸਾਰ ਵਰਗੀਕਰਣ ਕੀਤਾ। ਅੰਤ ਵਿਚ ਉਨ੍ਹਾਂ ਨੇ ਇਸ ਨੂੰ ਪਹਿਲ ਅਨੁਸਾਰ ਲੜੀਬੱਧ ਕਰ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਇਸ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੀ ਬਾਣੀ ਰੱਖੀ, ਜਿਸ ਵਿਚ ਜਪੁਜੀ ਸਾਹਿਬ ਨੂੰ ਅਗੇਤਰਾ ਸਥਾਨ ਦਿੱਤਾ। ਜਪੁਜੀ ਸਾਹਿਬ ਦੇ ਸ਼ੁਰੂ ਵਿਚ ਮੂਲ ਮੰਤਰ ਹੈ, ਜਿਸ ਦੇ ਅਰੰਭ ਵਿਚ ੴ ਦਾ ਸੰਕੇਤ ਦਰਜ ਹੈ। ਇਸ ਲਈ ਆਦਿ ਗ੍ਰੰਥ ਦਾ ਅਰੰਭ ੴ ਨਾਲ ਕੀਤਾ, ਜਿਸ ਦੀ ਵਿਆਖਿਆ ਮੂਲ ਮੰਤਰ ਕਰਦਾ ਹੈ ਤੇ ਮੂਲ ਮੰਤਰ ਦੀ ਵਿਆਖਿਆ ਸਮੁੱਚਾ ਜਪੁਜੀ ਸਾਹਿਬ ਹੈ। ਇਸੇ ਤਰ੍ਹਾਂ ਜਪੁਜੀ ਸਾਹਿਬ ਦੀ ਸਿੱਖਿਆ ਦਾ ਪ੍ਰਭਾਵੀ ਸੰਦੇਸ਼ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਵਾਨ ਹੈ।
ਇਹ ਵਰਗੀਕਰਣ ਸਾਪੇਖਕ ਵੀ ਹੈ ਤੇ ਭਾਵਪੂਰਵਕ ਵੀ। ਸਾਪੇਖਕ ਇਸ ਲਈ ਕਿ ਸਿੱਖੀ ਦੇ ਸੰਸਥਾਪਕ ਗੁਰੂ ਨਾਨਕ ਦੀ ਬਾਣੀ ਸਿੱਖ ਸਿਧਾਂਤ ਦੀ ਮੂਲ ਪ੍ਰਤੀਨਿਧਤਾ ਕਰਦੀ ਹੈ। ਗੁਰੂ ਨਾਨਕ ਦੀ ਵਿਚਾਰਧਾਰਕ ਸੇਧ ਵਿਚ ਹੀ ਦੂਜੇ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਤੇ ਇਸੇ ਸੇਧ ਨਾਲ ਮੇਲ ਖਾਂਦੀ ਭਗਤਾਂ ਆਦਿ ਦੀ ਬਾਣੀ ਹੈ, ਜੋ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜਿਹੇ ਵਿਦਵਾਨ ਸਹਿਯੋਗੀਆਂ ਦੀ ਸਲਾਹ ਨਾਲ ਬੜੀ ਮਿਹਨਤ ਪਿਛੋਂ ਚੁਣ ਕੇ ਇਸ ਵਿਚ ਸ਼ਾਮਲ ਕੀਤੀ। ਇਸ ਲਈ ਜਿਥੋਂ ਤੀਕ ਸਿੱਖ ਸਿਧਾਂਤ ਦਾ ਸਬੰਧ ਹੈ, ਸਿੱਖੀ ਦੇ ਮੋਢੀ ਗੁਰੂ ਨਾਨਕ ਦੀ ਬਾਣੀ ਹੀ ਸਰਬ-ਪ੍ਰਥਮ ਸਥਾਨ ‘ਤੇ ਆਉਣੀ ਬਣਦੀ ਹੈ ਤੇ ਲਿਆਂਦੀ ਵੀ ਗਈ ਹੈ। ਇਹ ਵਰਗੀਕਰਣ ਭਾਵਪੂਰਵਕ ਇਸ ਲਈ ਹੈ ਕਿ ਗੁਰੂ ਅਰਜੁਨ ਨੇ ਜਪੁਜੀ ਸਾਹਿਬ ਦੀ ਸਿਧਾਂਤਕ ਬਾਣੀ ਨੂੰ ਆਦਿ ਗ੍ਰੰਥ ਵਿਚ ਸਰਬ-ਪ੍ਰਥਮ ਸਥਾਨ ਦਿੱਤਾ ਹੈ। ਇਹ ਉਨ੍ਹਾਂ ਦਾ ਨਿਰਪੱਖ ਤੇ ਬੇਹਦ ਤਰਕਮਈ ਫੈਸਲਾ ਸੀ, ਕਿਉਂਕਿ ਸਿਧਾਂਤਕ ਲਿਖਤ ਦਾ ਸਥਾਨ ਜੀਵ ਦੇ ਸਿਰ ਵਾਂਗ ਬਾਕੀ ਅੰਗਾਂ ਤੋਂ ਉਤੇ ਹੀ ਹੁੰਦਾ ਹੈ। ਸਿਧਾਂਤਕ ਲਿਖਤ ਦਾ ਦਰਜਾ ਵਿਆਕਰਣ ਵਾਲਾ ਹੁੰਦਾ ਹੈ, ਜਿਸ ਦੇ ਨਿਯਮਾਂ ਅਨੁਸਾਰ ਸਬੰਧਤ ਲਿਖਤਾਂ ਦੀ ਰਚਨਾ ਤੇ ਵਿਆਖਿਆ ਹੁੰਦੀ ਹੈ। ਜੇ ਆਦਿ ਗ੍ਰੰਥ ਨੂੰ ਸਿੱਖੀ ਦਾ ਵਿਧਾਨ ਮੰਨ ਲਈਏ ਤਾਂ ਜਪੁਜੀ ਸਾਹਿਬ ਇਸ ਦਾ ਸੰਵਿਧਾਨ ਤੇ ਮੂਲ ਮੰਤਰ ਇਸ ਦੀ ਪ੍ਰਸਤਾਵਨਾ ਹੋਇਆ। ਇਸ ਤਰ੍ਹਾਂ ੴ ਦਾ ਸੰਕੇਤ ਸੰਵਿਧਾਨ ਦੀ ਪ੍ਰਸਤਾਵਨਾ ਵਿਚ ‘ਅਸੀਂ ਲੋਕ…’ (ੱe ਟਹe ਪeੋਪਲe…) ਦੇ ਆਧਾਰ ਵਾਕ ਵਾਂਗ ਹੋਇਆ, ਜੋ ਸਮੁੱਚੇ ਸੰਵਿਧਾਨ ਦੀ ਸ਼ਕਤੀ ਤੇ ਵਿਧੀ ਦੇ ਸ੍ਰੋਤ ਵਲ ਇਸ਼ਾਰਾ ਕਰਦਾ ਹੈ। ਭਾਵੇਂ ਇਹ ਤੁਲਨਾ ਹੂਬਹੂ ਠੀਕ ਨਹੀਂ, ਪਰ ਕਈ ਵਿਧੀਗਤ ਗੁੰਝਲਾਂ ਨੂੰ ਹੱਲ ਕਰਦੀ ਹੈ। ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਗੁਰੂ ਅਰਜੁਨ ਦੇ ਸੰਪਾਦਨ ਸਿਧਾਂਤ ਅਨੁਸਾਰ ਆਦਿ ਗ੍ਰੰਥ ਦੀ ਵਿਆਖਿਆ ਜਪੁਜੀ ਸਾਹਿਬ ਅਨੁਸਾਰ, ਜਪੁਜੀ ਸਾਹਿਬ ਦੀ ਵਿਆਖਿਆ ਮੂਲ ਮੰਤਰ ਅਨੁਸਾਰ ਤੇ ਮੂਲ ਮੰਤਰ ਦੀ ਵਿਆਖਿਆ ੴ ਦੇ ਸੰਕੇਤ ਦੀ ਸੇਧ ਵਿਚ ਹੋਣੀ ਚਾਹੀਦੀ ਹੈ। ਇਸੇ ਗੱਲ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਮੂਲ ਮੰਤਰ ਦਾ ਵਿਚਾਰ ੴ ਦੇ ਪ੍ਰਸੰਗ ਵਿਚ, ਜਪੁਜੀ ਸਾਹਿਬ ਦਾ ਵਿਚਾਰ ਮੂਲ ਮੰਤਰ ਦੀ ਸੇਧ ਵਿਚ ਤੇ ਸਮੁੱਚੇ ਆਦਿ ਗ੍ਰੰਥ ਦੀ ਵਿਆਖਿਆ ਜਪੁਜੀ ਸਾਹਿਬ ਦੇ ਸਿਧਾਂਤਕ ਆਸ਼ੇ ਅਨੁਸਾਰ ਹੋਣੀ ਚਾਹੀਦੀ ਹੈ। ਪੰਚਮ ਪਾਤਸ਼ਾਹ ਦੀ ਦਰਸਾਈ ਸਾਪੇਖਕ ਸੰਪਾਦਨ ਕਰਮਬੱਧਤਾ ਵਿਚ ਰਹਿ ਕੇ ਹੀ ਸਮੁੱਚੇ ਆਦਿ ਗ੍ਰੰਥ ਦੀ ਵਿਆਖਿਆ ਵਿਚ ਸੰਜਮ ਤੇ ਸੁਮੇਲ ਰਹਿ ਸਕਦਾ ਹੈ।
ਨਿਰਪੇਖ ਵਿਆਖਿਆ (ੌਬਜeਚਟਵਿe ੀਨਟeਰਪਰeਟਅਟਿਨ) ਦੇ ਕਈ ਹੋਰ ਛੋਟੇ-ਵੱਡੇ ਨਿਯਮ ਵੀ ਹਨ, ਜੋ ਅੱਖੋਂ ਓਹਲੇ ਨਹੀਂ ਕੀਤੇ ਜਾਣੇ ਚਾਹੀਦੇ। ਵਿਆਖਿਆਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦੀ ਪ੍ਰਤੀਬੱਧਤਾ ਸਤਿ ਭਾਵ ਸੱਚ ਨਾਲ ਹੈ, ਨਾ ਕਿ ਕਿਸੇ ਵਿਅਕਤੀ ਜਾਂ ਸਿਧਾਂਤ ਨਾਲ। ਉਸ ਦਾ ਫਰਜ਼ ਹੈ ਕਿ ਉਹ ਆਪਣੀ ਪਸੰਦ ਜਾਂ ਨਾ-ਪਸੰਦ ਭਾਵ ਹਉਮੈ ਨੂੰ ਪਿੱਛੇ ਰੱਖ ਕੇ ਤੱਥਾਂ ਨੂੰ ਪਹਿਲ ਦੇਵੇ ਤੇ ਰਾਹ ਲਗਦੀ ਗੱਲ ਸੋਚੇ। ਵਿਆਖਿਆਕਾਰ ਨੂੰ ਮੰਨ ਕੇ ਚਲਣਾ ਚਾਹੀਦਾ ਹੈ ਕਿ ਸਾਰੀ ਬਾਣੀ ਪਿੱਛੇ ਇਕੋ ਤਰਕ ਤੇ ਇਕੋ ਮੰਤਵ ਹੈ। ਹਰ ਸ਼ਬਦ ਦੀ ਓਹੀ ਸੇਧ ਹੈ, ਜੋ ਮੂਲ ਮੰਤਰ ਦੀ ਸੇਧ ਹੈ। ਹਰ ਤੁਕ ਇਸ ਦੇ ਸਿਧਾਂਤ ਦੇ ਤਰਕ ਦੀ ਲੜੀ ਵਿਚ ਪਰੋਏ ਮਣਕੇ ਵਾਂਗ ਹੈ ਤੇ ਉਸ ਦਾ ਇਕ ਵੀ ਸ਼ਬਦ ਇਸ ਤੋਂ ਬਾਹਰ ਨਹੀਂ ਹੈ। ਵਿਆਖਿਆ ਕਰਨ ਵੇਲੇ ਹਰ ਸ਼ਬਦ ਤੇ ਹਰ ਤੁਕ ਨੂੰ ਜਪੁਜੀ ਦੀ ਇਸ ਸੇਧ ਵਿਚ ਰੱਖ ਕੇ ਪਰਖਿਆ ਜਾਣਾ ਚਾਹੀਦਾ ਹੈ। ਜਿਵੇਂ ਸਾਡੀ ਸੋਚ ਦੇ ਕਈ ਦਾਇਰੇ ਹਨ, ਇਵੇਂ ਹੀ ਤਰਕ ਦੇ ਵੀ ਵੱਖ ਵੱਖ ਦਾਇਰੇ ਜਾਂ ਚੱਕਰ ਹਨ। ਵਿਆਖਿਆਕਾਰ ਦਾ ਕੰਮ ਹੈ, ਇਨ੍ਹਾਂ ਸਭ ਦਾਇਰਿਆਂ ਵਿਚ ਘੁੰਮ ਕੇ ਸਹੀ ਅਰਥ ਲੱਭੇ। ਜੇ ਕਿਤੇ ਬਿਰਤਾਂਤ ਵਿਚ ਤ੍ਰੇੜ ਜਾਪੇ ਤਾਂ ਉਹ ਸਮਝੇ ਕਿ ਇਹ ਬਾਣੀ ਦੀ ਤ੍ਰੇੜ ਨਹੀਂ, ਸਗੋਂ ਉਸ ਦੀ ਆਪਣੀ ਬੁੱਧੀ ਦਾ ਵੱਟ ਹੈ। ਅਜਿਹੇ ਮੌਕੇ ਵੀ ਉਹ ਆਪਣੀ ਬੁੱਧੀ ਨੂੰ ਤਰਕ ਦੇ ਆਰ-ਪਾਰ ਘੁਮਾਵੇ ਤੇ ਆਪਣੀ ਸੋਚ ਨੂੰ ਰਚਨਾਕਾਰ ਦੀ ਸੋਚ ਦੇ ਸਮਾਨੰਤਰ ਕਰੇ।
ਵਿਆਖਿਆਕਾਰ ਇਹ ਗੱਲ ਵੀ ਹਰ ਵੇਲੇ ਯਾਦ ਰੱਖੇ ਕਿ ਮਸਲਾ ਉਸ ਦੀ ਬੁੱਧੀ ਦੇ ਵੱਕਾਰ ਦਾ ਜਾਂ ਉਸ ਦੀ ਕਲਾ ਚਮਕਾਉਣ ਦਾ ਨਹੀਂ, ਸਗੋਂ ਬਾਣੀ ਦੇ ਸਹੀ ਅਰਥਾਂ ਰਾਹੀਂ ਸੱਚ ਦੇ ਨੇੜੇ ਲੱਗਣ ਦਾ ਹੈ। ਮਸਲਾ ੴ ਦੇ ਗੁਰ ਦੀ ਸਹੀ ਵਰਤੋਂ ਕਰ ਕੇ ਗੁਰ ਆਸ਼ੇ ਮੁਤਾਬਕ ਸ੍ਰਿਸ਼ਟੀ ਦੇ ਕਾਰਕ ਦੀਆਂ ਵਿਸ਼ੇਸ਼ਤਾਈਆਂ ਦੀ ਭਾਲ ਦਾ ਤੇ ਉਨ੍ਹਾਂ ਅਨੁਸਾਰ ਉਸ ਦੇ ਅਸਲ ਨਾਂ ਦੀ ਪੜਤਾਲ ਦਾ ਹੈ।
ਵਿਆਖਿਆਕਾਰ ਨੂੰ ਸਨਮੁਖ ਰੱਖਣਾ ਚਾਹੀਦਾ ਹੈ ਕਿ ਬਾਣੀ ਦੇ ਰਚਨਾਕਾਰ, ਗੁਰੂ ਜਾਂ ਭਗਤ, ਇਕ ਯਥਾਰਥਕ ਵਿਸ਼ੇ ਦੇ ਕਿਸੇ ਅਦਿੱਖ ਜਾਂ ਖਿਆਲੀ ਪੱਖ ‘ਤੇ ਲਿਖ ਰਹੇ ਹਨ, ਜੋ ਗਿਆਨ ਇੰਦਰੀਆਂ ਦੇ ਘੇਰੇ ਤੋਂ ਬਾਹਰ ਹੈ। ਉਹ ਆਪਣੇ ਅਨੁਭਵਾਂ ਜਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਸੰਸਾਰਕ ਬਿੰਬਾਂ ਦਾ ਸਹਾਰਾ ਲੈਂਦੇ ਹਨ; ਪਰ ਇਸ ਵਿਸ਼ੇ ਵਿਚ ਕੋਈ ਨਿੱਗਰ ਪੂਰਵ-ਪ੍ਰਾਪਤੀਆਂ ਨਾ ਹੋਣ ਕਰ ਕੇ ਠੋਸ ਬਿੰਬਾਂ ਦੀ ਘਾਟ ਹੈ। ਇਨ੍ਹਾਂ ਬਿੰਬਾਂ ਦੀ ਸ਼ਬਦਾਵਲੀ ਦੀ ਪ੍ਰਵਿਰਤੀ ਹੈ ਕਿ ਇਹ ਸਮੇਂ ਦੇ ਦੌਰ ਨਾਲ ਅਸਲ ਵਿਸ਼ੇ ਤੋਂ ਨਿੱਖੜ ਜਾਂਦੀ ਹੈ। ਅਸਲ ਮੁੱਦਿਆਂ ਤੋਂ ਵਿਛੜ ਕੇ ਸ਼ਰਧਾਲੂਆਂ ਦੀ ਸ਼ਰਧਾ ਕੇਵਲ ਥੋਥੇ ਬਿੰਬਾਂ ਦੁਆਲੇ ਘੁੰਮਣ ਲਗਦੀ ਹੈ, ਜਿਸ ਵਿਚੋਂ ਕਰਮ ਕਾਂਡ ਤੇ ਪਖੰਡ ਉਪਜਦੇ ਹਨ। ਵਿਆਖਿਆਕਾਰ ਨੂੰ ਬਿੰਬਾਂ ਨਾਲ ਸਿਝਦਿਆਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਪਿਛੋਕੜ ਦੀਆਂ ਭਾਵਨਾਵਾਂ ਨੂੰ ਧਿਆਨ ਗੋਚਰੇ ਕਰਨਾ ਚਾਹੀਦਾ ਹੈ। ਉਹ ਸਮਝੇ ਕਿ ਗੁਰੂ ਦੀ ਬਾਣੀ ਤਰਕ ਤੇ ਵਿਵੇਕ ਭਰਪੂਰ ਹੈ, ਜਿਸ ਵਿਚ ਪਾਈ ਕਲਪਨਾ ਤੇ ਬਿੰਬ ਵਿਖਿਆਨ ਦੇ ਸਹਾਰੇ ਵਜੋਂ ਹੀ ਵਰਤੇ ਗਏ ਹਨ।
ਕਿਉਂਕਿ ਸਮਕਾਲੀ ਪਰੰਪਰਾਵਾਂ ਅਨੁਸਾਰ ਬਾਣੀ ਰਚਨਾ ਕਾਵਿ ਪ੍ਰਬੰਧ ਵਿਚ ਕੀਤੀ ਗਈ ਹੈ, ਇਸ ਲਈ ਬਾਣੀ ਰਚਣ ਵਾਲਿਆਂ ਦੀਆਂ ਕਾਵਿ-ਬੰਦਿਸ਼ਾਂ ਤੇ ਕਾਵਿ-ਉਡਾਣਾਂ ਵੀ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਵਾਹ ਵਿਚ ਘੁਲੀਆਂ-ਮਿਲੀਆਂ ਹੋਈਆਂ ਹਨ। ਨਿਸ਼ਚੇ ਹੀ ਇਨ੍ਹਾਂ ਸਭ ਗੱਲਾਂ, ਖਾਸ ਕਰ ਕਾਵਿ ਰਚਨਾ ਦੀਆਂ ਸੀਮਾਵਾਂ ਨੂੰ ਤਰਕ-ਸੰਗਤ ਢੰਗ ਨਾਲ ਨਿਖੇੜ ਕੇ ਬਾਣੀ ਦੇ ਅਸਲ ਸੰਦੇਸ਼ ਤੱਕ ਪਹੁੰਚਿਆ ਜਾ ਸਕਦਾ ਹੈ।