ਅਣਸੁਖਾਵੇਂ ਗਵਾਂਢ ਵਿਚਾਲੇ ਵੱਸਦਾ ਭਾਰਤ

-ਜਤਿੰਦਰ ਪਨੂੰ
ਭਿੱਖੀਵਿੰਡ ਵਾਲੇ ਸਰਬਜੀਤ ਸਿੰਘ ਦੀ ਮੌਤ ਨੇ ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਅਤੇ ਪਾਕਿਸਤਾਨ ਵਿਚ ਜਿਹੜੇ ਅੰਦਰੂਨੀ ਹਾਲਾਤ ਹਨ, ਉਨ੍ਹਾਂ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ। ਸਰਬਜੀਤ ਇੱਕ ਸਧਾਰਨ ਆਦਮੀ ਸੀ, ਹਾਲਾਤ ਨੇ ਉਸ ਨੂੰ ਸਧਾਰਨ ਨਹੀਂ ਸੀ ਰਹਿਣ ਦਿੱਤਾ ਤੇ ਉਹ ਦੋ ਦੇਸ਼ਾਂ ਦੇ ਸਬੰਧਾਂ ਵਿਚ ਕੁੜਿੱਤਣ ਦਾ ਇਸ ਤਰ੍ਹਾਂ ਦਾ ਮੁੱਦਾ ਬਣ ਗਿਆ, ਜਿਸ ਬਾਰੇ ਪਾਕਿਸਤਾਨ ਦੇ ਕੱਟੜਪੰਥੀ ਇਹ ਸਮਝਣ ਲੱਗ ਪਏ ਕਿ ਜਿੰਨਾ ਇਸ ਇਕੱਲੇ ਬੰਦੇ ਨੂੰ ਤੰਗ ਕੀਤਾ ਜਾਵੇਗਾ, ਉਨਾ ਹੀ ਭਾਰਤ ਦੇ ਲੋਕ ਚੀਕਾਂ ਮਾਰਨਗੇ। ਉਸ ਉਤੇ ਹੋਇਆ ਜਾਂ ਕਰਵਾਇਆ ਗਿਆ ਜਾਨ-ਲੇਵਾ ਹਮਲਾ ਵੀ ਇਸੇ ਮਾਨਸਿਕਤਾ ਦਾ ਸਬੂਤ ਸੀ। ਸਾਡੇ ਲਈ ਤਸੱਲੀ ਦੀ ਗੱਲ ਇਹ ਹੋ ਸਕਦੀ ਹੈ ਕਿ ਉਥੋਂ ਦਾ ਜਿਹੜਾ ਮੀਡੀਆ ਆਮ ਕਰ ਕੇ ਸਰਬਜੀਤ ਦੇ ਮਾਮਲੇ ਵਿਚ ਸਾਡੇ ਤੋਂ ਟਕਰਾਵਾਂ ਪੱਖ ਲੈਂਦਾ ਰਿਹਾ ਸੀ, ਸਰਬਜੀਤ ਦੇ ਕਤਲ ਦੇ ਮਾਮਲੇ ਵਿਚ ਲਗਭਗ ਉਹੋ ਸਟੈਂਡ ਲੈ ਰਿਹਾ ਹੈ, ਜਿਹੜਾ ਅਸੀਂ ਲੈ ਰਹੇ ਹਾਂ। ਉਸ ਨੇ ਇਸ ਸਬੰਧ ਵਿਚ ਆਪਣੇ ਦੇਸ਼ ਦੇ ਕੱਟੜਪੰਥੀਆਂ ਤੋਂ ਵੀ ਅਤੇ ਆਪਣੀ ਸਰਕਾਰ ਤੋਂ ਵੀ ਵੱਖਰਾ ਸਟੈਂਡ ਲੈ ਕੇ ਠੀਕ ਕੀਤਾ ਤਾਂ ਇਸ ਦੇ ਫੌਰੀ ਬਾਅਦ ਜੰਮੂ ਦੀ ਜੇਲ੍ਹ ਵਿਚ ਪਾਕਿਸਤਾਨੀ ਕੈਦੀ ਸਨਾ-ਉਲਾ ਉਤੇ ਹਮਲੇ ਬਾਰੇ ਭਾਰਤੀ ਮੀਡੀਏ ਅਤੇ ਭਾਰਤੀ ਲੋਕਾਂ ਨੇ ਵੀ ਉਹੋ ਨੀਤੀ ਧਾਰਨ ਕੀਤੀ ਹੈ, ਜਿਹੜੀ ਕਰਨੀ ਚਾਹੀਦੀ ਹੈ। ਕਿਸੇ ਨੇ ਵੀ ਇਸ ਹਮਲੇ ਨੂੰ ਸਰਬਜੀਤ ਵਾਲੇ ਕੇਸ ਨਾਲ ਜੋੜ ਕੇ ਜਾਇਜ਼ ਠਹਿਰਾਉਣ ਦੀ ਬੇਵਕੂਫੀ ਜਾਂ ਬਦਤਮੀਜ਼ੀ ਨਹੀਂ ਕੀਤੀ।
ਪਾਕਿਸਤਾਨ ਦੇ ਅੰਦਰੋਂ ਕੁਝ ਲੋਕਾਂ ਨੇ ਸਰਬਜੀਤ ਦੇ ਮਾਮਲੇ ਨੂੰ ਜਦੋਂ ਅਜਮਲ ਕਸਾਬ ਨਾਲ ਜੋੜਨ ਦੀ ਸੁਰ ਕੱਢੀ ਤਾਂ ਉਥੋਂ ਦਾ ਮੀਡੀਆ ਵੀ ਇਸ ਸੋਚ-ਧਾਰਾ ਦੇ ਨਾਲ ਨਹੀਂ ਤੁਰਿਆ। ਉਂਜ ਵੀ ਇਨ੍ਹਾਂ ਦੋਵਾਂ ਮਾਮਲਿਆਂ ਦੀ ਕੋਈ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਮਲ ਕਸਾਬ ਗੋਲੀਆਂ ਚਲਾਉਂਦਾ ਜ਼ਖਮੀ ਹੋਣ ਮਗਰੋਂ ਮੌਕੇ ਉਤੇ ਫੜਿਆ ਗਿਆ ਦਹਿਸ਼ਤਗਰਦ ਸੀ, ਜਿਸ ਕੋਲੋਂ ਆਟੋਮੈਟਿਕ ਹਥਿਆਰ ਵੀ ਮਿਲੇ ਅਤੇ ਸੀ ਸੀ ਟੀ ਵੀ ਕੈਮਰਿਆਂ ਵਿਚ ਉਹ ਸਾਫ ਦਿਖਾਈ ਦਿੰਦਾ ਸੀ, ਜਦ ਕਿ ਸਰਬਜੀਤ ਕੋਲੋਂ ਚਾਕੂ ਤੱਕ ਮਿਲਣ ਦਾ ਪਾਕਿਸਤਾਨ ਦੀ ਪੁਲਿਸ ਦਾਅਵਾ ਨਹੀਂ ਸੀ ਕਰ ਸਕੀ। ਫਿਰ ਵੀ ਜਦੋਂ ਕੁਝ ਲੋਕਾਂ ਨੇ ਉਧਰੋਂ ਇਹੋ ਜਿਹੀ ਸੁਰ ਕੱਢੀ ਤਾਂ ਬਾਕੀ ਪਾਕਿਸਤਾਨੀ ਲੋਕਾਂ ਨੇ ਇਸ ਦੀ ਹਾਮੀ ਨਹੀਂ ਭਰੀ।
ਹੁਣ ਜਦੋਂ ਸਰਬਜੀਤ ਵਾਲਾ ਦੁਖਾਂਤ ਵਾਪਰ ਗਿਆ ਹੈ ਤਾਂ ਬਹੁਤ ਸਾਰੀਆਂ ਨਵੀਂਆਂ ਸਲਾਹਾਂ ਭਾਰਤ ਵਿਚ ਵੀ ਦਿੱਤੀਆਂ ਜਾਣ ਲੱਗੀਆਂ ਹਨ। ਇਨ੍ਹਾਂ ਵਿਚੋਂ ਇੱਕ ਇਹ ਹੈ ਕਿ ਅੱਗੇ ਤੋਂ ਪਾਕਿਸਤਾਨ ਨਾਲ ਹਰ ਕਿਸਮ ਦੇ ਸਬੰਧ ਖਤਮ ਕਰ ਦਿੱਤੇ ਜਾਣ। ਅੱਗੇ ਕਈ ਵਾਰੀ ਇਹ ਸਬੰਧ ਖਤਮ ਕੀਤੇ ਗਏ, ਪਰ ਸਿੱਟੇ ਬਹੁਤੇ ਖਾਸ ਨਹੀਂ ਸੀ ਨਿਕਲ ਸਕੇ ਤੇ ਕੁਝ ਦੇਰ ਬਾਅਦ ਫਿਰ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੇ ਮੇਜ਼ ਉਤੇ ਆਉਣਾ ਪਿਆ ਸੀ। ਇੱਕ ਵਾਰੀ ਵਾਜਪਾਈ ਸਰਕਾਰ ਵੇਲੇ ਜਦੋਂ ਸਾਡੀ ਪਾਰਲੀਮੈਂਟ ਉਤੇ ਹਮਲਾ ਹੋਇਆ ਸੀ, ਉਦੋਂ ਵੀ ਇਹੋ ਜਿਹੇ ਹਾਲਾਤ ਬਣ ਗਏ ਸਨ ਅਤੇ ਹਰ ਕਿਸਮ ਦੇ ਸਬੰਧ ਤੋੜ ਲਏ ਗਏ ਸਨ। ਜਿਹੜੀ ਭਾਰਤੀ ਜਨਤਾ ਪਾਰਟੀ ਅੱਜ ਸਭ ਤੋਂ ਤਿੱਖੀ ਸੁਰ ਵਿਚ ਸਖਤ ਸਟੈਂਡ ਲੈਣ ਦੀ ਗੱਲ ਕਰਦੀ ਹੈ, ਉਸ ਨੂੰ ਵੀ ਬਾਅਦ ਵਿਚ ਗੱਲ ਕਰਨੀ ਪਈ ਸੀ।
ਪਾਕਿਸਤਾਨ ਤੇ ਭਾਰਤ ਦਾ ਫਰਕ ਇਹ ਹੈ ਕਿ ਉਸ ਪਾਸੇ ਕੋਈ ਰੂਲ-ਅਸੂਲ ਨਹੀਂ ਤੇ ਅਸੀਂ ਬੰਧੇਜ ਦੇ ਬੱਧੇ ਹੋਏ ਹਾਂ। ਅਸੀਂ ਜਦੋਂ ਇਹ ਕਿਹਾ ਕਿ ਸਰਬਜੀਤ ਦੀ ਮੌਤ ਦਾ ਹਿਸਾਬ ਚਾਹੀਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਨੇ ਇਸ ਮਕਸਦ ਲਈ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਹੈ, ਪਰ ਭਾਰਤ ਦੀ ਤਸੱਲੀ ਕਰਵਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਮੌਜੂਦਾ ਸਰਕਾਰ ਕਦੇ ਵੀ ਨਹੀਂ ਨਿਭਾ ਸਕਦੀ। ਇਸ ਦਾ ਕਾਰਨ ਇਹ ਹੈ ਕਿ ਉਹ ਸਰਕਾਰ ਹੁੰਦੇ ਹੋਏ ਵੀ ਮੁਕੰਮਲ ਸਰਕਾਰ ਨਹੀਂ, ਕੰਮ-ਚਲਾਊ ਢਾਂਚੇ ਵਰਗੀ ਹੈ, ਜਿਸ ਨੇ 11 ਮਈ ਨੂੰ ਕੌਮੀ ਅਸੈਂਬਲੀ ਦੀਆਂ ਚੋਣਾਂ ਹੁੰਦੇ ਸਾਰ ਪਾਸੇ ਹਟ ਜਾਣਾ ਹੈ। ਉਹ ਤਾਂ ਆਪਣੇ ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਲਿਖਤੀ ਸਪਸ਼ਟੀਕਰਨ ਭੇਜ ਚੁੱਕੀ ਹੈ ਕਿ ਉਹ ਕੰਮ-ਚਲਾਊ ਸਰਕਾਰ ਹੈ ਅਤੇ ਨੀਤੀ ਨਾਲ ਸਬੰਧਤ ਫੈਸਲੇ ਲੈਣ ਦਾ ਉਸ ਨੂੰ ਕੋਈ ਹੱਕ ਨਹੀਂ ਹੈ। ਫੇਰ ਉਹ ਸਰਬਜੀਤ ਦੇ ਕੇਸ ਬਾਰੇ ਕੀ ਕਰੇਗੀ?
ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਹ ਹਨ ਕਿ ਉਨ੍ਹਾਂ ਦਾ ਇੱਕ ਸਾਬਕਾ ਰਾਸ਼ਟਰਪਤੀ ਇਸ ਵਕਤ ਦੇਸ਼-ਧਰੋਹ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਵਿਚ ਨਾ ਏਦਾਂ ਦੀ ਗੱਲ ਕਦੀ ਹੋਈ ਤੇ ਨਾ ਹੋਣ ਦੀ ਸੰਭਾਵਨਾ ਹੈ। ਆਪਣੀ ਹੋਂਦ ਦੇ ਪਿਛਲੇ 66 ਸਾਲਾਂ ਵਿਚੋਂ ਅੱਧਾ ਸਮਾਂ ਉਹ ਦੇਸ਼ ਆਪਣੀ ਉਸ ਫੌਜ ਦੇ ਜਰਨੈਲਾਂ ਦੇ ਠੁੱਡੇ ਖਾਂਦਾ ਰਿਹਾ ਹੈ, ਜਿਹੜੀ ਹੱਦਾਂ ਉਤੇ ਲੜਨ ਲਈ ਜਦੋਂ ਵੀ ਗਈ, ਹਮੇਸ਼ਾ ਕੁੱਟ ਖਾ ਕੇ ਪਰਤੀ ਹੈ। ਜੇਲ੍ਹ ਵਿਚ ਤਾੜਿਆ ਹੋਇਆ ਸਾਬਕਾ ਰਾਸ਼ਟਰਪਤੀ ਕਿਉਂਕਿ ਫੌਜ ਦਾ ਸਾਬਕਾ ਮੁਖੀ ਵੀ ਹੈ ਤੇ ਫੌਜ ਇਹ ਕਹਿ ਰਹੀ ਹੈ ਕਿ ਉਹ ਆਪਣੇ ਸਾਬਕਾ ਜਰਨੈਲ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਇਸ ਵਕਤ ਚੋਣਾਂ ਦੇ ਦੌਰਾਨ ਵੀ ਉਥੋਂ ਦੇ ਲੋਕ ਇਸ ਚਿੰਤਾ ਵਿਚ ਪਏ ਹੋਏ ਹਨ ਕਿ ਫੌਜ ਮੁੜ ਕੇ ਦੇਸ਼ ਦੀ ਹਕੂਮਤ ਸਾਂਭ ਸਕਦੀ ਹੈ। ਫੌਜੀ ਰਾਜ ਦੀ ਤਲਵਾਰ ਉਥੋਂ ਦੇ ਲੋਕਤੰਤਰ ਦੇ ਸਿਰ ਉਤੇ ਕੱਚੀ ਤੰਦ ਨਾਲ ਲਟਕ ਰਹੀ ਹੈ। ਇਹੋ ਜਿਹੇ ਗਵਾਂਢੀ ਦੇਸ਼ ਨਾਲ ਦਿਨ ਕੱਟਣ ਲਈ ਕਾਫੀ ਸਮਝਦਾਰੀ ਦੀ ਲੋੜ ਹੈ।
ਕਦੀ ਲਿਬਨਾਨ ਦੁਨੀਆਂ ਦੇ ਤਰੱਕੀ ਕਰ ਰਹੇ ਦੇਸ਼ਾਂ ਵਿਚ ਹੁੰਦਾ ਸੀ, ਪਰ ਹੁਣ ਇੱਦਾਂ ਦੀ ਗੜਬੜ ਦਾ ਸ਼ਿਕਾਰ ਹੈ ਕਿ ਕਿਸੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਜਿਨ੍ਹਾਂ ਧਿਰਾਂ ਨੇ ਲਿਬਨਾਨ ਦਾ ਇਹ ਹਾਲ ਕੀਤਾ ਹੈ, ਪਾਕਿਸਤਾਨ ਵਿਚ ਵੀ ਇਸ ਵਕਤ ਉਨ੍ਹਾਂ ਹੀ ਦੋਵਾਂ ਧਿਰਾਂ ਦਾ ਭੇੜ ਚੱਲ ਰਿਹਾ ਹੈ। ਇੱਕ ਪਾਸੇ ਮਹਾਂ-ਸ਼ਕਤੀ ਹੋਣ ਦਾ ਘੁਮੰਡ ਰੱਖੀ ਫਿਰਦਾ ਅਮਰੀਕਾ ਹੈ, ਜਿਹੜਾ ਸਾਰੀ ਦੁਨੀਆਂ ਦੇ ਲੋਕਤੰਤਰ ਦਾ ਸਰਪ੍ਰਸਤ ਵੀ ਆਪਣੇ ਆਪ ਨੂੰ ਬਣਾਈ ਫਿਰਦਾ ਹੈ। ਦੂਸਰੇ ਪਾਸੇ ਉਹ ਕੱਟੜਪੰਥੀ ਹਨ, ਜਿਹੜੇ ਲੋਕਤੰਤਰ ਨੂੰ ਵੀ ਕੁਫਰ ਮੰਨਦੇ ਹਨ। ਇਨ੍ਹਾਂ ਦੋਵਾਂ ਦੇ ਭੇੜ ਵਿਚ ਪਾਕਿਸਤਾਨੀ ਲੋਕਾਂ ਦੀ ਹਾਲਤ ਸ਼ੇਰ ਤੇ ਬਘਿਆੜ ਵਿਚਾਲੇ ਫਸੇ ਹੋਏ ਮੇਮਣੇ ਵਾਲੀ ਬਣੀ ਪਈ ਹੈ।
ਭਾਰਤ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਸਮੱਸਿਆ ਤਾਂ ਗੰਭੀਰਤਾ ਤੋਂ ਸੱਖਣੀ ਰਾਜਨੀਤੀ ਦੀ ਹੈ। ਇਸ ਦੇਸ਼ ਵਿਚ ਇੱਕ ਪਾਰਟੀ ਇਹੋ ਜਿਹੀ ਹੈ, ਜਿਹੜੀ ਹਰ ਵਕਤ ਕਿਸੇ ਨਾ ਕਿਸੇ ਨਾਲ ਜੰਗ ਲਾਉਣ ਲਈ ਸਰਕਾਰ ਨੂੰ ਉਕਸਾਉਂਦੀ ਰਹਿੰਦੀ ਹੈ। ਇਹੋ ਇੱਕ ਰਾਗ ਅਲਾਪਣਾ ਉਸ ਦੀ ਨੀਤੀ ਦਾ ਹਿੱਸਾ ਬਣ ਗਿਆ ਹੈ ਕਿ ਦੇਸ਼ ਦੀ ਸਰਕਾਰ ਕਮਜ਼ੋਰ ਹੈ ਤੇ ਇਹ ਕਾਸੇ ਜੋਗੀ ਨਾ ਹੋਣ ਕਰ ਕੇ ਗਵਾਂਢ ਦੇ ਦੇਸ਼ ਭਾਰਤ ਵਿਰੁਧ ਸਾਜ਼ਿਸ਼ਾਂ ਕਰ ਰਹੇ ਹਨ। ਉਸ ਪਾਰਟੀ ਨੂੰ ਪਾਕਿਸਤਾਨ ਹੀ ਨਹੀਂ, ਚੀਨ ਵੀ ਚੁਭਦਾ ਹੈ ਤੇ ਬੰਗਲਾ ਦੇਸ਼ ਵੀ ਰੜਕਦਾ ਹੈ। ਇੱਕ ਹੋਰ ਪਾਰਟੀ ਇਸ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਰਾਜ ਕਰਦੀ ਹੈ ਅਤੇ ਉਸ ਪਾਰਟੀ ਦਾ ਮੁਖੀ ਇਹ ਕਹਿੰਦਾ ਹੈ ਕਿ ਚੀਨ ਦੀ ਫੌਜ ਨੂੰ ਕੁੱਟ ਕੇ ਪਿੱਛੇ ਧੱਕ ਦੇਣਾ ਚਾਹੀਦਾ ਹੈ, ਜੇ ਇਸ ਕਾਰਨ ਜੰਗ ਵੀ ਲੱਗਦੀ ਹੈ ਤਾਂ ਲੱਗ ਜਾਣ ਦਿਓ ਪਰ ਇਹ ਦੱਸ ਦਿਓ ਕਿ ਭਾਰਤ ਇੱਕ ਤਾਕਤ ਹੈ। ਆਪ ਉਸ ਦੀ ‘ਤਾਕਤ’ ਏਨੀ ਕੁ ਹੈ ਕਿ ਜਦੋਂ ਇਹ ਬਿਆਨ ਦਿੱਤਾ ਤਾਂ ਕੇਂਦਰ ਦੇ ਦੋ ਮੰਤਰੀਆਂ ਨੇ ਜਾ ਕੇ ਸਮਝਾਇਆ ਤੇ ਸ਼ਾਮ ਹੋਣ ਤੱਕ ਉਸ ਨੇ ਆਪਣੀ ਬੋਲੀ ਬਦਲ ਲਈ। ਮੀਡੀਆ ਇਹ ਕਹਿ ਰਿਹਾ ਹੈ ਕਿ ਉਸ ਆਗੂ ਨੂੰ ਅਗਲੇ ਹਫਤੇ ਭ੍ਰਿਸ਼ਟਾਚਾਰ ਦੇ ਉਸ ਦੇ ਮੁਕੱਦਮੇ ਦੇ ਹਵਾਲੇ ਨਾਲ ਇਹ ਗੱਲ ‘ਸਮਝਾਈ ਗਈ’ ਸੀ। ਇਹ ਗੱਲ ਹੋਵੇ ਤਾਂ ਉਹ ਵੀ ਸਾਊ ਨਹੀਂ ਤੇ ਉਸ ਨੂੰ ‘ਸਮਝਾਉਣ ਵਾਲੇ’ ਵੀ ਸਲਾਹੁਣ ਵਾਲੇ ਨਹੀਂ ਕਹੇ ਜਾ ਸਕਦੇ। ਜੇ ਦੇਸ਼ ਨੇ ਇਹੋ ਜਿਹੇ ਲੀਡਰਾਂ ਦੇ ਆਖੇ ਚੱਲਣਾ ਹੈ ਤਾਂ ਇਹ ਰੋਜ਼ ਕਿਸੇ ਨਾ ਕਿਸੇ ਨਾਲ ਸਿੰਗ ਫਸਾਈ ਰੱਖਿਆ ਕਰੇਗਾ ਤੇ ਹੌਲੀ-ਹੌਲੀ ਉਸੇ ਘੁੰਮਣਘੇਰੀ ਵਿਚ ਫਸਦਾ ਜਾਵੇਗਾ, ਜਿਸ ਵਿਚ ਪਾਕਿਸਤਾਨ ਵੀ ਫਸਿਆ ਪਿਆ ਹੈ ਤੇ ਬੰਗਲਾ ਦੇਸ਼ ਵੀ ਬਦਅਮਨੀ ਦਾ ਸ਼ਿਕਾਰ ਹੋਇਆ ਸਾਫ ਦਿੱਸਦਾ ਹੈ।
ਸਾਨੂੰ ਇੱਕ ਗੱਲ ਉਹ ਯਾਦ ਕਰਨੀ ਚਾਹੀਦੀ ਹੈ, ਜਿਹੜੀ ਪ੍ਰਧਾਨ ਮੰਤਰੀ ਹੁੰਦਿਆਂ ਅਟਲ ਬਿਹਾਰੀ ਵਾਜਪਾਈ ਅਕਸਰ ਆਖਿਆ ਕਰਦੇ ਸਨ ਕਿ ਦੋਸਤ-ਮਿੱਤਰ ਮਰਜ਼ੀ ਦੇ ਚੁਣੇ ਜਾ ਸਕਦੇ ਹਨ, ਰਿਸ਼ਤੇਦਾਰ ਅਤੇ ਗਵਾਂਢੀ ਮਰਜ਼ੀ ਦੇ ਨਹੀਂ ਚੁਣੇ ਜਾ ਸਕਦੇ। ਇਹ ਸਾਰੇ ਦੇਸ਼ ਜਿਹੋ ਜਿਹੇ ਵੀ ਹਾਲਾਤ ਵਿਚੋਂ ਲੰਘ ਰਹੇ ਹੋਣ, ਉਨ੍ਹਾਂ ਨੂੰ ਅਸੀਂ ਭਾਰਤ ਦੇ ਗਵਾਂਢੋਂ ਚੁੱਕ ਕੇ ਕਿਸੇ ਹੋਰ ਥਾਂ ਨਹੀਂ ਰੱਖ ਸਕਦੇ ਤੇ ਆਪਣੇ ਦੇਸ਼ ਨੂੰ ਖਿਸਕਾ ਕੇ ਕਿਸੇ ਹੋਰ ਥਾਂ ਲਿਜਾ ਸਕਣ ਵਰਗੀ ਕੋਈ ਸੰਭਾਵਨਾ ਨਹੀਂ ਹੋ ਸਕਦੀ। ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੇ ਕੋਲ ਹੀ ਰਹਿਣਾ ਪੈਣਾ ਹੈ। ਇਸ ਦੌਰਾਨ ਜਿੰਨੀਆਂ ਵੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦੇ ਹੱਲ ਕੱਢਣ ਵਾਸਤੇ ਇੱਕਸੁਰਤਾ ਦੀ ਲੋੜ ਹੈ, ਉਨ੍ਹਾਂ ਉਕਸਾਹਟਾਂ ਦੀ ਨਹੀਂ, ਜਿਹੜੀਆਂ ਸਿਰਫ ਰਾਜਸੀ ਚਾਂਦਮਾਰੀ ਖਾਤਰ ਦਿੱਤੀਆਂ ਜਾਂਦੀਆਂ ਹਨ। ਜਿਸ ਕਿਸੇ ਨੇ ਸਰਕਾਰ ਬਾਰੇ ਇੱਦਾਂ ਦੀ ਗੱਲ ਕਹਿਣੀ ਹੈ ਕਿ ਉਹ ਕੁਝ ਕਰਦੀ ਨਹੀਂ, ਉਸ ਨੂੰ ਪਹਿਲਾਂ ਆਪਣੇ ਬਾਰੇ ਉਠਦੇ ਐਨ ਇਹੋ ਜਿਹੇ ਕਈ ਮੁੱਦਿਆਂ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ।
ਮਿਸਾਲ ਦੇ ਤੌਰ ਉਤੇ ਇਸ ਵਾਰੀ ਜਨਤਕ ਬਹਿਸ ਵਿਚ ਇੱਕ ਭਾਜਪਾ ਆਗੂ ਨੇ ਇਹ ਕਿਹਾ ਕਿ ਜੇ ਭਾਰਤ ਸਰਕਾਰ ਸਖਤ ਸਟੈਂਡ ਲੈਂਦੀ ਤਾਂ ਸਰਬਜੀਤ ਨੂੰ ਬਚਾਇਆ ਜਾ ਸਕਦਾ ਸੀ। ਅੱਗੋਂ ਕਿਸੇ ਨੇ ਇਹ ਪੁੱਛ ਲਿਆ ਕਿ ਜੇ ਤੁਹਾਡੀ ਸਰਕਾਰ ਹੁੰਦੀ ਤਾਂ ਕੀ ਕਰਦੇ, ਕੀ ਤੁਸੀਂ ਇਸ ਮੁੱਦੇ ਉਤੇ ਜੰਗ ਲਾ ਦਿੰਦੇ? ਉਸ ਆਗੂ ਦਾ ਜਵਾਬ ਸੀ ਕਿ ਸਾਡੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਸਿੱਧੀ ਗੱਲ ਕਰਨੀ ਸੀ। ਜਵਾਬ ਵਿਚ ਕਾਂਗਰਸ ਦੇ ਬੁਲਾਰੇ ਨੇ ਸੂਚੀ ਗਿਣਾ ਦਿੱਤੀ ਕਿ ਸਰਬਜੀਤ ਦਾ ਮੁੱਦਾ ਇਸ ਪੱਧਰ ਦੀ ਗੱਲਬਾਤ ਵਿਚ ਕਿੰਨੀ ਵਾਰੀ ਉਠਾਇਆ ਗਿਆ ਸੀ ਤੇ ਨਾਲ ਇਹ ਵੀ ਦੱਸ ਦਿੱਤਾ ਕਿ ਵਾਜਪਾਈ-ਮੁਸ਼ੱਰਫ ਦੀ ਆਗਰਾ ਗੱਲਬਾਤ ਵੇਲੇ ਇਹ ਮੁੱਦਾ ਭਾਜਪਾ ਸਰਕਾਰ ਨੇ ਆਪਣੀ ਸੂਚੀ ਵਿਚ ਰੱਖਿਆ ਹੀ ਨਹੀਂ ਸੀ, ਹਾਲਾਂਕਿ ਸਰਬਜੀਤ ਦੀ ਅਪੀਲ ਨਵਾਜ਼ ਸ਼ਰੀਫ ਦੇ ਵੇਲੇ ਹੀ ਰੱਦ ਕੀਤੀ ਜਾ ਚੁੱਕੀ ਸੀ। ਭਾਜਪਾ ਆਗੂ ਨੇ ਦੂਸਰਾ ਸਵਾਲ ਉਛਾਲ ਦਿੱਤਾ ਕਿ ਭਾਰਤ ਦੇ ਫੌਜੀ ਹੇਮ ਰਾਜ ਦਾ ਸਿਰ ਲਾਹ ਕੇ ਪਾਕਿਸਤਾਨ ਵਾਲੇ ਲੈ ਗਏ, ਮਨਮੋਹਨ ਸਿੰਘ ਦੀ ਸਰਕਾਰ ਉਸ ਦਾ ਸਿਰ ਹੀ ਵਾਪਸ ਨਹੀਂ ਲਿਆ ਸਕੀ ਤਾਂ ਹੋਰ ਕੀ ਕਰੇਗੀ? ਸਾਹਮਣੇ ਬੈਠੇ ਆਮ ਲੋਕਾਂ ਵਿਚੋਂ ਕਿਸੇ ਨੇ ਜਵਾਬੀ ਸਵਾਲ ਉਛਾਲ ਦਿੱਤਾ ਕਿ ਵਾਜਪਾਈ ਸਰਕਾਰ ਵੇਲੇ ਭਾਰਤ ਦੇ ਕੈਪਟਨ ਸੌਰਭ ਕਾਲੀਆ ਦੀਆਂ ਅੱਖਾਂ ਕੱਢ ਕੇ ਪਾਕਿਸਤਾਨੀ ਫੌਜ ਨੇ ਲਾਸ਼ ਤੁਹਾਨੂੰ ਦਿੱਤੀ ਸੀ, ਉਸ ਦੀਆਂ ਅੱਖਾਂ ਤੁਹਾਡੀ ਸਰਕਾਰ ਕਿਉਂ ਨਹੀਂ ਸੀ ਲਿਆ ਸਕੀ?
ਜੇ ਇਹੋ ਜਿਹੇ ਸਵਾਲਾਂ ਵਿਚ ਹੀ ਉਲਝੇ ਰਹਿਣਾ ਹੋਵੇ ਤਾਂ ਸਵਾਲਾਂ ਦੀ ਇੱਕ ਲੰਮੀ ਸੂਚੀ ਕੋਈ ਵੀ ਪੇਸ਼ ਕਰ ਸਕਦਾ ਹੈ, ਪਰ ਜੇ ਹਕੀਕਤਾਂ ਨੂੰ ਸਮਝ ਕੇ ਚੱਲਣਾ ਹੋਵੇ, ਫਿਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗਵਾਂਢੀ ਦੇਸ਼ ਵਿਚ ਜਿਹੜੇ ਹਾਲਾਤ ਬਣ ਰਹੇ ਹਨ, ਉਨ੍ਹਾਂ ਦੀ ਲਾਗ ਤੋਂ ਭਾਰਤ ਨੂੰ ਕਿਵੇਂ ਬਚਾਇਆ ਜਾਵੇ? ਅਸੀਂ ਆਪਣੇ ਦੇਸ਼ ਦੀ ਚਿੰਤਾ ਕਰੀਏ ਤਾਂ ਅਕਲ ਇਹੋ ਕਹਿੰਦੀ ਹੈ ਕਿ ਉਸ ਗਵਾਂਢ ਨਾਲ ਉਲਝਣ ਤੋਂ ਬਚਣ ਦਾ ਹਰ ਯਤਨ ਹਰ ਸਮੇਂ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਆਪਣੇ ਘਰ ਵਿਚ ਸੁੱਖ-ਸਾਂਦ ਨਹੀਂ। ਇਸ ਦੀ ਥਾਂ ਇਹੋ ਸਮਾਂ ਭਾਰਤ ਦੇ ਅੰਦਰ ਦੀਆਂ ਸਮੱਸਿਆਵਾਂ ਤੇ ਮੁੱਦਿਆਂ ਨੂੰ ਸੁਲਝਾਉਣ ਵੱਲ ਲਾਇਆ ਜਾਣਾ ਚਾਹੀਦਾ ਹੈ। ਮਾਰੂਥਲ ਵਿਚਾਲੇ ਜਿਹੜੀ ਕੁਝ ਥਾਂ ਹਰੀ-ਭਰੀ ਬਚੀ ਹੋਈ ਹੋਵੇ, ਉਸ ਨੂੰ ‘ਨਖਲਸਤਾਨ’ ਕਿਹਾ ਜਾਂਦਾ ਹੈ। ਜਿਹੋ ਜਿਹੇ ਗਵਾਂਢੀ ਦੇਸ਼ਾਂ ਦੇ ਵਿਚਾਲੇ ਭਾਰਤ ਦੇਸ਼ ਫਸਿਆ ਪਿਆ ਹੈ, ਉਨ੍ਹਾਂ ਵਿਚੋਂ ਕਿਸੇ ਦੇ ਹਾਲਾਤ ਵੀ ਠੀਕ ਨਹੀਂ। ਵਿਚਾਲੇ ਖੜਾ ਇਹ ਨਖਲਸਤਾਨ ਕਈਆਂ ਦੀ ਅੱਖ ਵਿਚ ਰੜਕਦਾ ਹੈ। ਜੇ ਅਸੀਂ ਉਕਸਾਹਟਾਂ ਦਾ ਸ਼ਿਕਾਰ ਹੋ ਕੇ ਭੜਕ ਪਏ ਤਾਂ ਨੁਕਸਾਨ ਉਨ੍ਹਾਂ ਦਾ ਨਹੀਂ, ਇਸ ਨਖਲਸਤਾਨ ਦਾ ਹੀ ਹੋਣਾ ਹੈ।

Be the first to comment

Leave a Reply

Your email address will not be published.