ਕਲਵੰਤ ਸਿੰਘ ਸਹੋਤਾ
ਫੋਨ: 604-589-5919
ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਪ੍ਰਤੱਖ ਰਿਹਾ ਹੈ ਕਿ ਤਕੜਾ ਰਾਜਾ ਮਾੜੇ ਨੂੰ ਕਿਸੇ ਨਾ ਕਿਸੇ ਬਹਾਨੇ ਹੜੱਪ ਲੈਂਦਾ ਸੀ: ਚਾਹੇ ਉਸ ਨੂੰ ਡਰਾ ਧਮਕਾ ਕੇ ਆਪਣੇ ਅਧੀਨ ਕਰ ਕੇ ਥੋੜ੍ਹੀ ਬਹੁਤੀ ਸਾਹ ਆਉਣ ਜੋਗੀ ਚੌਧਰ ਦੇ ਕੇ ਆਪਣੇ ਅਧੀਨ ਸਹਿਕਦਾ ਰੱਖਦਾ ਸੀ ਜਾਂ ਫਿਰ ਪੂਰੀ ਤਰ੍ਹਾਂ ਹਰਾ ਕੇ ਸਾਰਾ ਰਾਜ ਭਾਗ ਆਪਣੇ ‘ਚ ਰਲਾ ਕੇ ਉਸ ਦਾ ਪੂਰਨ ਸਫਾਇਆ ਕਰ ਦਿੰਦਾ ਸੀ। ਹਜ਼ਾਰਾਂ ਸਾਲਾਂ ਤੋਂ ਇਵੇਂ ਹੀ ਚੱਲਿਆ ਆ ਰਿਹਾ ਹੈ। ਅੱਜ ਕੱਲ ਦੁਨੀਆਂ ‘ਚ ਵਾਪਰ ਰਹੀਆਂ ਥਾਂ ਥਾਂ ਤਰਥੱਲੀਆਂ ਦੇ ਸਨਮੁੱਖ ਉਹ ਸਭ ਕੁਝ ਉਵੇਂ ਹੀ ਤਰੋ ਤਾਜ਼ਾ ਹੈ, ਜਿਵੇਂ ਹਜ਼ਾਰਾਂ ਸਾਲ ਪਹਿਲਾਂ ਸੀ; ਸਿਰਫ ਪ੍ਰਸਥਿਤੀਆਂ ਤੇ ਸਮਾਂ ਬਦਲਿਆ ਹੈ; ਘਟਨਾਵਾਂ ਦਾ ਸੁਭਾਅ ਤੇ ਰੰਗ ਰੂਪ, ਨੈਣ ਨਕਸ਼ ਉਹੀ ਹਨ।
ਕੋਈ ਕਿਸੇ ਨੂੰ ਰਾਜ ਭਾਗ ਥਾਲੀ ‘ਚ ਪਰੋਸ ਕੇ ਨਹੀਂ ਦਿੰਦਾ, ਇਹ ਹਿੱਕ ਦੇ ਜ਼ੋਰ ਨਾਲ ਲਿਆ ਜਾਂਦਾ ਹੈ; ਸਮੇਂ ਮੁਤਾਬਕ ਆਪਣੇ ਆਪ ਨੂੰ ਚੌਕੰਨਾ ਰੱਖਦਿਆਂ ਤਾਕਤ ਦੇ ਜ਼ੋਰ ਇਸ ਦੀ ਰਾਖੀ ਕੀਤੀ ਜਾਂਦੀ ਹੈ; ਨਹੀਂ ਤਾਂ ਕਿਸੇ ਦੇ ਰਹਿਮੋ ਕਰਮ ‘ਤੇ ਕਿੰਨਾ ਕੁ ਚਿਰ ਰਹੋਗੇ। ਮਿਸਾਲ ਵਜੋਂ ਪਹਿਲਾਂ ਕਸ਼ਮੀਰੀ ਰਾਜੇ ਅੰਗਰੇਜ਼ਾਂ ਦੇ ਰਹਿਮੋ-ਕਰਮ ‘ਤੇ ਸਨ ਤੇ ਫਿਰ ਭਾਰਤੀ ਸੰਵਿਧਾਨ ਦੀ ਧਾਰਾ 370 ਅਧੀਨ ਉਨ੍ਹਾਂ ਦੀ ਅਰਧ ਆਜ਼ਾਦੀ ਦੀ ਸਾਹ ਰਗ ਕੱਚੇ ਧਾਗੇ ਨਾਲ ਲਟਕਦੀ ਸੀ, ਜੋ ਹਿੰਦੂਤਵ ਤਾਕਤ ਦੇ ਨਸ਼ੇ ‘ਚ ਧੁੱਤ ਮੋਦੀ ਸਰਕਾਰ ਨੇ ਸਹਿਜੇ ਹੀ ਕੱਟ ਦਿੱਤੀ, ਇਹ ਝਟਕਾ ਇੰਨਾ ਜ਼ਬਰਦਸਤ ਸੀ ਕਿ ਕਸ਼ਮੀਰੀ ਲੀਡਰਾਂ ਤੇ ਆਵਾਮ ਨੂੰ ਫਟਕਣ ਦਾ ਮੌਕਾ ਵੀ ਨਾ ਦਿੱਤਾ।
ਭਾਰਤ ਬਹੁ ਸੱਭਿਆਚਾਰਕ ਮੁਲਕ ਹੈ, ਕਿੰਨੀਆਂ ਹੀ ਵੱਖੋ ਵੱਖ ਭਾਸ਼ਾਵਾਂ ਤੇ ਕਿੰਨੇ ਹੀ ਸਭਿਆਚਾਰ ਹਨ; ਜੇ ਕਹਿ ਲਈਏ ਕਿ ਇਹ ਛੋਟੇ ਛੋਟੇ ਮੁਲਕਾਂ ਦਾ ਇੱਕ ਸੰਘ ਹੀ ਹੈ ਤਾਂ ਗਲਤ ਨਹੀਂ। ਜਿਸ ਤਰ੍ਹਾਂ ਯੂਰਪ 25-30 ਦੇਸ਼ਾਂ ਦਾ ਇੱਕ ਸੰਗਠਨ ਹੈ, ਇਹ ਵੀ ਉਹੋ ਜਿਹਾ ਹੀ ਇੱਕ ਸਮੂਹ ਹੈ, ਪਰ ਇਹ ਗੱਲ ਹਿੰਦੂਤਵੀ ਵਿਚਾਰਧਾਰਾ ਵਾਲੇ, ਹਿੰਦੂਤਵ ਦੇ ਵਾਵਰੋਲੇ ‘ਚ ਕੱਖ-ਕਾਨੇ ਵਾਂਗ ਉਡਦੇ ਤੰਗ ਦਿਲ, ਸੌੜੀ ਸੋਚ ਤੇ ਹੰਕਾਰੀ ਬਿਰਤੀ ਵਾਲੇ ਲੋਕਾਂ ਦੇ ਹਜਮ ਨਹੀਂ ਹੋਣੀ ਕਿ ਭਾਰਤ ਬਹੁ-ਸੱਭਿਆਚਾਰਕ ਤੇ ਬਹੁ-ਭਾਸ਼ਾਈ ਸੂਬਿਆਂ ਦਾ ਹੀ ਸਮੂਹ ਹੈ! ਨਾ ਕਿ ਹਿੰਦੂਤਵ ਵਿਚਾਰਧਾਰਾ ਦੀ ਮਲਕੀਅਤ। ਉਨ੍ਹਾਂ ਦੀ ਹਿੰਦੂਤਵੀ ਮਾਨਸਿਕਤਾ ਇਕਪਾਸੜ ਝੁਕਾ ਰੱਖਦੀ ਇਕੋ ਪਾਸੇ ਹੀ ਧੂ ਪਾਈ ਜਾ ਰਹੀ ਹੈ ਕਿ ਉਹੀ ਉਚੇ ਹਨ ਤੇ ਸਮਝਦਾਰੀ ਦਾ ਠੇਕਾ ਵੀ ਉਨ੍ਹਾਂ ਨੇ ਹੀ ਲਿਆ ਹੋਇਆ ਹੈ, ਅਤੇ ਡੰਡੇ ਦੇ ਜ਼ੋਰ ਘੱਟ ਗਿਣਤੀਆਂ ਨੂੰ ਕੁੱਟ ਕੇ ਹੀ ਦਬਦਬਾ ਬਣਾਈ ਰੱਖਣਾ ਹੈ।
ਅੱਜ ਕੱਲ ਕਸ਼ਮੀਰ, ਖਾਸ ਕਰ ਕਸ਼ਮੀਰੀ ਲੋਕ ਤਿੰਨ ਪੁੜਾਂ ਵਿਚਾਲੇ ਪਿਸ ਰਹੇ ਹਨ। ਚੀਨ, ਪਾਕਿਸਤਾਨ ਤੇ ਭਾਰਤੀ ਹੜੱਪਮਈ ਨੀਤੀਆਂ ਨੇ ਕਸ਼ਮੀਰੀਆਂ ਦਾ ਨਾਸ ਕਰਕੇ ਰੱਖ ਦਿੱਤਾ ਹੈ। ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਵੇਲੇ ਤੋਂ ਪਹਿਲਾਂ, ਭਾਵੇਂ ਸਾਰੇ ਭਾਰਤ ‘ਤੇ ਅੰਗਰੇਜ਼ ਰਾਜ ਸੀ, ਪਰ ਫਿਰ ਵੀ ਇਸ ਸਮੁੱਚੇ ਸਮੂਹ ‘ਚ ਬਹੁਤ ਸਾਰੀਆਂ ਅਰਧ ਆਜ਼ਾਦ ਰਿਆਸਤਾਂ ਤੇ ਸਟੇਟਾਂ ਸਨ। ਬਾਹਰੋਂ ਦਿਖਣ ਨੂੰ ਤਾਂ ਭਾਵੇਂ ਉਹ ਅੰਗਰੇਜ਼ਾਂ ਅਧੀਨ ਸਨ, ਪਰ ਥੋੜ੍ਹੇ-ਬਹੁਤੇ ਅਫਸਰਸ਼ਾਹੀ ਹੱਕ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦੇ ਰੱਖੇ ਸਨ। ਅੰਗਰੇਜ਼ਾਂ ਦੀ ਰਾਜ ਕਰਨ ਦੀ ਨੀਤੀ ਵੀ ਇਹੋ ਸੀ ਕਿ ਜਿਸ ਰਾਜੇ ਤੋਂ ਉਨ੍ਹਾਂ ਨੂੰ ਖਤਰਾ ਭਾਸਦਾ, ਉਸ ਨੂੰ ਧੱਕੇ ਨਾਲ ਹਰਾ ਕੇ ਜਾਂ ਕੂਟਨੀਤਕ ਚਾਲਾਂ ਨਾਲ ਖਤਮ ਕਰ ਕੇ ਆਪਣੇ ਰਾਜ ‘ਚ ਮਿਲਾ ਲੈਂਦੇ। ਪ੍ਰਤੱਖ ਮਿਸਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਸਿੱਖ ਰਾਜ ਨੂੰ ਅੰਦਰੂਨੀ ਗੱਦਾਰਾਂ ਤੋਂ ਖੋਰਾ ਲੁਆ ਕੇ ਅੰਗਰੇਜ਼ ਰਾਜ ਦਾ ਹਿੱਸਾ ਬਣਾ ਲੈਣਾ ਅਤੇ ਗੱਦਾਰੀ ਬਦਲੇ ਖੱਸੀ ਰਿਆਸਤਾਂ ਦੇ ਮੁਖੀ ਬਣਾ ਕੇ, ਉਨ੍ਹਾਂ ਤੋਂ ਅੰਗਰੇਜ਼ਾਂ ਦੀ ਰਣਨੀਤੀ ਮੁਤਾਬਕ ਸਮੇਂ ਸਮੇਂ ਵਰਤ ਕੇ ਲਾਭ ਲੈਂਦੇ ਰਹਿਣਾ ਸੀ। ਕਸ਼ਮੀਰ ਦੀ ਤ੍ਰਾਸਦੀ ਅੰਗਰੇਜ਼ਾਂ ਦੀ ਇਸ ਰਣਨੀਤੀ ਦੀ ਉਪਜ ਦਾ ਹੀ ਇੱਕ ਹਿੱਸਾ ਹੈ, ਜੋ ਰਾਜਾ ਹਰੀ ਸਿੰਘ ਦੇ ਪੜਦਾਦਾ ਗੁਲਾਬ ਸਿੰਘ ਡੋਗਰੇ ਨੂੰ ਸਿੱਖ ਰਾਜ ਨਾਲ ਗੱਦਾਰੀ ਦੇ ਇਵਜ਼ ਵਜੋਂ ਕਸ਼ਮੀਰ ਦਾ ਰਾਜਾ ਥੋਪਿਆ ਗਿਆ ਸੀ।
ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਦੌਰਾਨ ਇਨ੍ਹਾਂ ਅਰਧ ਆਜ਼ਾਦ ਰਿਅਸਤਾਂ ਨੇ ਇੱਕ ਚੌਕੀਦਾਰ ਵਜੋਂ ਕੰਮ ਕੀਤਾ। ਜਿੱਥੇ ਵੀ ਕਿਤੇ ਆਜ਼ਾਦੀ ਦੀ ਲਹਿਰ ਉਠੀ, ਉਸ ਨੂੰ ਦਬਾਉਣ ਲਈ ਅੰਗਰੇਜ਼ਾਂ ਦੀ ਚਾਪਲੂਸੀ ਕਰਦਿਆਂ ਰੱਜ ਕੇ ਆਪਣੇ ਅੰਗਰੇਜ਼ਾਂ ਪ੍ਰਤੀ ਵਫਾਦਾਰ ਹੋਣ ਦਾ ਕੋਈ ਭੀ ਮੌਕਾ ਹੱਥੋਂ ਨਾ ਜਾਣ ਦਿੱਤਾ। ਡਰ ਅੰਦਰੋਂ ਇਹੀ ਸੀ ਕਿ ਅਣਖੀ ਰਾਜਿਆਂ ਵਾਂਗ ਕਿਤੇ ਉਨ੍ਹਾਂ ਦਾ ਲੰਗੜਾ ਰਾਜ ਭਾਗ ਨਾ ਖੁੱਸ ਜਾਏ। ਅੰਗਰੇਜ਼ਾਂ ਖਿਲਾਫ ਵਿਦਰੋਹੀ ਉਭਾਰਾਂ ਨੂੰ ਕੁਚਲਣ ਲਈ ਇਹ ਨਿਪੁੰਸਕ ਤੇ ਐਸ਼ਪ੍ਰਸਤ ਰਾਜੇ ਆਪਣੀਆਂ ਟੁੱਟੀਆਂ ਫੁੱਟੀਆਂ ਫੌਜਾਂ ਨਾਲ ਆਜ਼ਾਦੀ ਘੁਲਾਟੀਆਂ ਖਿਲਾਫ ਅੰਗਰੇਜ਼ਾਂ ਦੇ ਬਰਾਬਰ ਮੂਹਰੇ ਹੋ ਕੇ ਲੜਦੇ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਫਰੰਗੀਆਂ ਨੂੰ ਵਫਾਦਾਰੀ ਦਾ ਸਬੂਤ ਦਿੰਦੇ। ਸੌ ਸਾਲ ਤੋਂ ਵੱਧ ਅੰਗਰੇਜ਼ਾਂ ਨੇ ਭਾਰਤ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ।
ਜਦੋਂ 1947 ‘ਚ ਅੰਗਰੇਜ਼ ਅੰਦੋਲਨਾਂ ਤੇ ਸੰਸਾਰਕ ਜੰਗਾਂ ਤੋਂ ਅੱਕੇ-ਥੱਕੇ ਭਾਰਤ ਤੋਂ ਕੂਚ ਕਰਨ ਲੱਗੇ ਤਾਂ ਆਪਣੇ ਕਈ ਰੰਗਾਂ ਦੇ ਕੂਟਨੀਤਕ ਪੱਤੇ ਖੇਡ ਗਏ। ਪਹਿਲਾਂ ਤਾਂ ਭਾਰਤ ਨੂੰ ਤਿੰਨ ਹਿੱਸਿਆਂ ‘ਚ ਵੰਡ ਗਏ-ਪੂਰਬੀ ਪਾਕਿਸਤਾਨ, (ਬੰਗਲਾ ਦੇਸ਼) ਪੱਛਮੀ ਪਾਕਿਸਤਾਨ ਤੇ ਅੱਜ ਦਾ ਭਾਰਤ। ਦੂਜਾ, ਅਰਧ ਆਜ਼ਾਦ ਨਿਪੁੰਸਕ ਰਿਆਸਤਾਂ ਨੂੰ ਯਤੀਮ ਬਣਾ ਕੇ ਜਾਂਦੇ ਹੋਏ ਇਹ ਕਹਿ ਗਏ ਕਿ ਤੁਸੀਂ ਹੁਣ ਖੁਦ ਮੁਖਤਿਆਰ ਤੇ ਆਜ਼ਾਦ ਹੋ। ਤੀਜਾ, ਆਜ਼ਾਦ ਭਾਰਤ ਦੇ ਸਿਆਸੀ ਭੁੱਖ ਵਾਲੇ ਨਵੇਂ ਉਭਰੇ ਲੀਡਰਾਂ ਨੂੰ ਸੰਕੇਤ ਦੇ ਦਿੱਤਾ ਕਿ ਹੁਣ ਤੁਹਾਡੀ ਮਰਜ਼ੀ ਹੈ, ਚਾਹੇ ਆਜ਼ਾਦ ਕੀਤੀਆਂ ਰਿਆਸਤਾਂ ਤੇ ਸਟੇਟਾਂ ਨੂੰ ਆਜ਼ਾਦ ਰਹਿਣ ਦਿਓ ਜਾਂ ਆਪਣੀ ਮਰਜੀ ਤੇ ਧੌਂਸ ਨਾਲ ਭਾਰਤੀ ਸੰਘ ‘ਚ ਹੀ ਹੜੱਪ ਕਰ ਲਓ।
ਸੌ ਸਾਲ ਤੋਂ ਵੱਧ ਸਮੇਂ ਤੋਂ ਅੰਗਰੇਜ਼ਾਂ ਦੇ ਰਹਿਮੋ ਕਰਮ ‘ਤੇ ਪਲ ਰਹੀਆਂ ਰਿਆਸਤਾਂ ਯਤੀਮ ਜਿਹੀਆਂ ਬਣ ਕੇ ਰਹਿ ਗਈਆਂ, ਕਸ਼ਮੀਰ ਵੀ ਇਨ੍ਹਾਂ ਵਿਚੋਂ ਇੱਕ ਸੀ। ਜੋ ਰਾਜੇ ਅੱਜ ਤੱਕ ਆਪਣੇ ਬਚਾ ਲਈ ਅੰਗਰੇਜ਼ਾਂ ‘ਤੇ ਨਿਰਭਰ ਸਨ, ਉਹ ਹੁਣ ਬੇਆਸਰਾ ਹੋ ਗਏ। ਬਾਹਰੀ ਮੁਲਕਾਂ ਦੇ ਹਮਲਿਆਂ ਤੋਂ ਬਚਾ ਲਈ ਫੌਜੀ ਤਾਕਤ ਦਾ ਹੋਣਾ ਤਾਂ ਦੂਰ ਦੀ ਗੱਲ, ਉਨ੍ਹਾਂ ਕੋਲ ਤਾਂ ਮਾੜੀ ਮੋਟੀ ਅੰਦਰੂਨੀ ਬਗਾਵਤ ਨਾਲ ਸਿੱਝਣ ਜੋਗੀ ਤਾਕਤ ਵੀ ਨਹੀਂ ਸੀ। ਅਜਿਹੀ ਸਥਿਤੀ ਦਾ ਫਾਇਦਾ ਨਵੇਂ ਸਿਰਜੇ ਭਾਰਤ ਤੇ ਪਾਕਿਸਤਾਨ ਨੇ ਪੂਰੀ ਮੱਕਾਰੀ, ਢੀਠਤਾ ਅਤੇ ਬੇਰਹਿਮ ਕਤਲੋਗਾਰਤ ਨਾਲ ਰੱਜ ਕੇ ਲਿਆ, ਅਤੇ ਇਨ੍ਹਾਂ ਖੱਸੀ ਰਿਆਸਤਾਂ ਨੂੰ ਆਪਣੇ ਵਿਚ ਸਮੋ ਲਿਆ।
ਕਸ਼ਮੀਰ ਦੀ ਤ੍ਰਾਸਦੀ ਇੱਥੋਂ ਹੀ ਨਵੀਂ ਕਰਵਟ ਲੈਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਿਛੋਂ ਅੰਗਰੇਜ਼ਾਂ ਨੇ ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰੇ ਦੀ ਗੱਦਾਰੀ ਦੇ ਇਵਜ਼ ਵਜੋਂ ਉਨ੍ਹਾਂ ਨੂੰ ਕਸ਼ਮੀਰ ਦਾ ਅਰਧ ਆਜ਼ਾਦ ਰਾਜ ਭਾਗ ਸੌਂਪ ਦਿੱਤਾ। ਉਨ੍ਹਾਂ ਅਤੇ ਉਨ੍ਹਾਂ ਦੀ ਔਲਾਦ ਨੇ ਰੱਜ ਕੇ ਕਸ਼ਮੀਰ ਦੇ ਰਾਜ ਭਾਗ ਦਾ, ਅੰਗਰੇਜ਼ਾਂ ਦੀ ਸਰਪ੍ਰਸਤੀ ਥੱਲੇ ਅਨੰਦ ਤੇ ਸੁੱਖ ਮਾਣਿਆ। ਰਾਜਾ ਹਰੀ ਸਿੰਘ ਗੁਲਾਬ ਸਿੰਘ ਡੋਗਰੇ ਦਾ ਪੜਪੋਤਾ ਸੀ।
ਜ਼ਿਕਰਯੋਗ ਹੈ ਕਿ ਗੁਲਾਬ ਸਿੰਘ ਤੇ ਧਿਆਨ ਸਿੰਘ ਡੋਗਰੇ ਨੇ ਹੀ ਅੰਗਰੇਜ਼ਾਂ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਪਿਛੋਂ ਸਾਜਿਸ਼ਾਂ ਰਚ ਕੇ ਤਰ੍ਹਾਂ ਤਰ੍ਹਾਂ ਦੀ ਗੱਦਾਰੀ ਅਤੇ ਮੱਕਾਰੀ ਕਰ ਕੇ ਸਿੱਖ ਰਾਜ ਨੂੰ ਕੁਝ ਸਾਲਾਂ ‘ਚ ਹੀ ਤਹਿਸ ਨਹਿਸ ਕਰ/ਕਰਾ ਕੇ ਅੰਗਰੇਜ਼ਾਂ ਨੂੰ ਉਂਗਲੀ ਫੜ ਕੇ ਸਿੱਖ ਰਾਜ ‘ਚ ਲਿਆ ਵਾੜਿਆ ਸੀ। ਇਸ ਦੇ ਇਵਜ਼ਾਨੇ ਵਜੋਂ ਹੀ ਅੰਗਰੇਜ਼ਾਂ ਨੇ ਕਸ਼ਮੀਰ ਦਾ ਰਾਜ ਭਾਗ ਇਨ੍ਹਾਂ ਗੱਦਾਰ ਡੋਗਰਿਆਂ ਨੂੰ ਥਾਲੀ ‘ਚ ਪਰੋਸ ਕੇ ਦਿੱਤਾ।
ਅੰਗਰੇਜ਼ਾਂ ਦੇ ਜਾਣ ਪਿਛੋਂ ਕਸ਼ਮੀਰ ਰਿਆਸਤ ਦੇ ਰਾਜੇ ਹਰੀ ਸਿੰਘ ਨੂੰ ਵੀ ਉਸੇ ਹਾਲਤ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਬਾਕੀ ਭਾਰਤੀ ਅਰਧ ਆਜ਼ਾਦ ਰਿਆਸਤਾਂ ਕਰ ਰਹੀਆਂ ਸਨ: ਕਸ਼ਮੀਰ ਦਾ ਫਰਕ ਸਿਰਫ ਭੂਗੋਲਿਕ ਸੀ, ਜਦ ਕਿ ਬਾਕੀ ਬਹੁਤੀਆਂ ਰਿਆਸਤਾਂ ਭਾਰਤ ‘ਚ ਲੈਂਡ ਲਾਕ ਸਨ। ਕਸ਼ਮੀਰ ਦੀ ਸਰਹੱਦ ਪੱਛਮ ਪਾਸੇ ਨਵੇਂ ਬਣੇ ਪਾਕਿਸਤਾਨ ਨਾਲ, ਉਤਰ ਪੂਰਬ ਵਲ ਚੀਨ ਨਾਲ ਖਹਿੰਦੀ ਸੀ ਅਤੇ ਦੱਖਣੀ ਪਾਸੇ ਭਾਰਤ ਨਾਲ। ਰਾਜਾ ਹਰੀ ਸਿੰਘ ਨੂੰ ਆਜ਼ਾਦੀ ਤਾਂ ਮਿਲ ਗਈ, ਪਰ ਚਾਰ ਚੁਫੇਰੇ ਭਾਰਤ, ਚੀਨ ਤੇ ਪਾਕਿਸਤਾਨ ਰੂਪੀ ਬਘਿਆੜ ਕਸ਼ਮੀਰ ਨੂੰ ਹੜੱਪਣ ਲਈ ਮੂੰਹ ਅੱਡੀ ਖੜੇ ਸਨ। ਮੌਕੇ ਦਾ ਫਾਇਦਾ ਲੈਂਦਿਆਂ ਲਗਦੇ ਹੱਥ ਪਾਕਿਸਤਾਨ ਨੇ ਕਬਾਇਲੀਆਂ ਤੋਂ ਪੱਛਮ ਵਲੋਂ ਕਸ਼ਮੀਰ ‘ਤੇ ਹਮਲਾ ਕਰਵਾ ਦਿੱਤਾ। ਰਾਜਾ ਹਰੀ ਸਿੰਘ ਕੋਲ ਕਸ਼ਮੀਰ ਦੀ ਸੁਰੱਖਿਆ ਲਈ ਲੜਾਈ ਜੋਗੀ ਫੌਜੀ ਸਮਰੱਥਾ ਨਹੀਂ ਸੀ। ਥੋੜ੍ਹੇ ਅਰਸੇ ‘ਚ ਹੀ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਕਬਾਇਲੀਆਂ ਨੇ ਅੱਧਾ ਕਸ਼ਮੀਰ ਨੱਪ ਲਿਆ, ਤੇ ਆਖਿਰ ਸਭ ਕੁਝ ਜਾਂਦਾ ਦੇਖ ਰਾਜਾ ਹਰੀ ਸਿੰਘ ਨੂੰ ਭਾਰਤ ਦੀ ਮਦਦ ਲੈਣ ਲਈ ਕੋਹੜ ਕਿਰਲੀ ਖਾਣੀ ਪਈ। ਭਾਰਤੀ ਫੌਜ ਨੇ ਕਬਾਇਲੀਆਂ ਨੂੰ ਅੱਗੇ ਵਧਣ ਤੋਂ ਤਾਂ ਰੋਕ ਦਿੱਤਾ ਪਰ ਕਸ਼ਮੀਰ ਦੋ ਹਿੱਸਿਆਂ ‘ਚ ਵੰਡਿਆ ਗਿਆ। ਅੱਧੇ ਕਸ਼ਮੀਰੀ ਓਧਰ ਤੇ ਅੱਧੇ ਇੱਧਰ। ਪਾਕਿਸਤਾਨ ਅਧੀਨ ਕਸ਼ਮੀਰ ਆਜ਼ਾਦ ਕਸ਼ਮੀਰ ਕਹਾਉਣ ਲੱਗਾ ਤੇ ਭਾਰਤ ਵਾਲਾ ਜੰਮੂ ਕਸ਼ਮੀਰ ਦੇ ਨਾਂ ਨਾਲ ਇਕ ਅਰਧ ਆਜ਼ਾਦ ਰਾਜ ਭਾਰਤੀ ਸੰਵਿਧਾਨ ਦੀ ਧਾਰਾ 370 ਮਤਾਬਕ ਮੁੜ ਸਿਰਜਿਆ ਗਿਆ।
ਹੋਇਆ ਇਹ ਕਿ ਸਮਾਂ ਪਾ ਕੇ ਕਸ਼ਮੀਰੀ ਲੋਕ ਤਿੰਨ ਮੁਲਕਾਂ ਦੇ ਅਧੀਨ ਹੋ ਗਏ, ਉਤਰ-ਪੱਛਮ ਵਲ ਪਾਕਿਸਤਾਨ ਨੇ ਕਬਜ਼ਾ ਕਰ ਲਿਆ, ਪਿਛੋਂ ਪਾਕਿਸਤਾਨ ਨੇ ਚੀਨ ਨਾਲ ਮਿੱਤਰਤਾ ਪੱਕੀ ਰੱਖਣ ਲਈ ਉਤਰ ਵਾਲੇ ਪਾਸੇ ਤੋਂ ਕੁਝ ਹਿੱਸਾ ਕਸ਼ਮੀਰ ਦਾ ਆਪ ਚੀਨ ਦੀ ਝੋਲੀ ਪਾ ਦਿੱਤਾ; ਜਦ ਕਿ ਲੱਦਾਖ ਨਾਲ ਲਗਦਾ ਕਸ਼ਮੀਰ ਦਾ ਕੁੱਝ ਹਿੱਸਾ 1962 ਦੀ ਭਾਰਤ-ਚੀਨ ਜੰਗ ਸਮੇਂ ਚੀਨ ਨੇ ਦੱਬ ਲਿਆ ਸੀ: ਰਹਿੰਦੀ ਕਸਰ ਹੁਣ ਭਾਰਤ ਨੇ ਧਾਰਾ 370 ਖਤਮ ਕਰਕੇ ਕਸ਼ਮੀਰ ਨੂੰ ਆਪਣੇ ਵਿਚ ਸਮੋ ਲਿਆ।
ਜ਼ਿਕਰਯੋਗ ਹੈ ਕਿ ਫਲਸਤੀਨੀਆਂ ਦਾ ਇਹੋ ਹਾਲ 1948 ‘ਚ ਇਜ਼ਰਾਈਲ ਬਣਨ ਪਿਛੋਂ ਹੋਇਆ, ਉਹ ਹੁਣ ਤੱਕ ਬੇਘਰੇ ਹੋਏ ਯੁੱਧ ਦੀ ਅੱਗ ਵਿਚ ਮੱਚ ਰਹੇ ਹਨ। ਕੁਰਦਾਂ ਨੂੰ ਤੁਰਕੀ, ਸੀਰੀਆ ਤੇ ਇਰਾਕ ਨੇ ਕਸ਼ਮੀਰ ਵਾਂਗ ਹੀ ਹੜੱਪਿਆ ਹੋਇਆ ਹੈ। ਪਿਛਲੇ ਸਾਲਾਂ ‘ਚ ਹੀ ਕਰੀਮੀਆ ਨੂੰ ਰੂਸ ਨੇ ਯੁਕਰੇਨ ਤੋਂ ਖੋਹ ਕੇ ਰੂਸ ਦਾ ਹਿੱਸਾ ਬਣਾ ਲਿਆ। ਇਥੇ ਹੀ ਬੱਸ ਨਹੀਂ, ਤਿੱਬਤ ਜੋ ਇੱਕ ਆਜ਼ਾਦ ਦੇਸ਼ ਸੀ, ਨੂੰ ਵੀ ਚੀਨ ਨੇ ਡੰਡੇ ਦੇ ਜ਼ੋਰ ਆਪਣੇ ‘ਚ ਰਲਾ ਲਿਆ।
ਤਾਕਤਵਰਾਂ ਦੀ ਲੜਾਈ ਵਿਚ ਇੱਕ ਜਿੱਤਦਾ ਤੇ ਇੱਕ ਹਾਰਦਾ ਹੈ, ਪਰ ਲੋਕ ਹਮੇਸ਼ਾ ਹੀ ਹਾਰੇ ਹਨ, ਕਸ਼ਮੀਰੀਆਂ ਦਾ ਵੀ ਅੱਜ ਇਹੋ ਹਾਲ ਹੈ। ਸੱਤ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਸਰਕਾਰਾਂ ਨੇ ਸੂਹੀਆ ਏਜੰਸੀਆਂ ਰਾਹੀਂ ਘੁਸਪੈਠੀਏ ਭੇਜ ਭੇਜ ਕਸ਼ਮੀਰ ਵਿਚ ਤਰਥੱਲੀ ਹੀ ਮਚਾਈ ਰੱਖੀ। ਇਸੇ ਦੌਰਾਨ ਭਾਰਤ ਦੀ ਕਸ਼ਮੀਰ ‘ਚ ਕੀਤੀ ਸਖਤੀ ਤੇ ਵਰਤਿਆ ਡੰਡਾ ਵੀ ਆਮ ਕਸ਼ਮੀਰੀ ਆਵਾਮ ਲਈ ਸੂਲੀ ਹੀ ਬਣਿਆ ਰਿਹਾ ਹੈ।
ਹੁਣ ਮੋਦੀ ਸਰਕਾਰ ਨੇ ਹਿੰਦੂਤਵ ਤਾਕਤਾਂ ਦੇ ਦਬਾ ਥੱਲੇ ਧਾਰਾ 370 ਖਤਮ ਕਰ ਕੇ, ਜੋ ਮਾੜੀ ਮੋਟੀ ਕਸ਼ਮੀਰ ਦੀ ਖੁਦ ਮੁਖਤਿਆਰੀ ਦੀ ਸਾਹ ਰਗ ਵਗਦੀ ਸੀ, ਵੀ ਕੱਟ ਦਿੱਤੀ ਅਤੇ ਅੱਗੇ ਹੀ ਬਾਰੂਦ ‘ਤੇ ਬੈਠੇ ਭਾਰਤੀ ਖਿਤੇ ਨੂੰ ਤਿੰਨ ਐਟਮੀ ਤਾਕਤਾਂ-ਭਾਰਤ, ਪਾਕਿਸਤਾਨ ਤੇ ਚੀਨ ਦੇ ਹੱਥ ਇਸ ਨਵੀਂ ਸਥਿਤੀ ਨੇ ਬਲਦੀ ਅੱਗ ਦੇ ਪਲੀਤੇ ਫੜਾ ਦਿੱਤੇ ਹਨ। ਰੱਬ ਖੈਰ ਕਰੇ, ਸਥਿਤੀ ਵਿਸਫੋਟਕ ਨਾ ਬਣੇ।
ਭਾਰਤੀ ਹਿੰਦੂਤਵੀਆਂ ਨੂੰ ਤਾਕਤ ਦੇ ਨਸ਼ੇ ਦਾ ਜੋ ਗੁਬਾਰ ਚੜ੍ਹਿਆ ਹੋਇਆ ਹੈ, ਇਹ ਬਹੁਤਾ ਚਿਰ ਨਹੀਂ ਟਿਕਣਾ। ਭਾਰਤ ਦਾ ਭਲਾ ਇਸ ਵਿਚ ਹੀ ਹੈ ਕਿ ਵੱਖ ਵੱਖ ਬੋਲੀਆਂ ਤੇ ਵੱਖੋ ਵੱਖਰੇ ਸਭਿਆਚਾਰਾਂ ਦੇ ਸਮੂਹ ਵਾਲੇ ਭਾਰਤ ਨੂੰ ਕਸ਼ਮੀਰੀਆਂ ਦੀ ਅਰਧ ਆਜ਼ਾਦੀ ਖੋਹਣ ਦੀ ਥਾਂ, ਬਾਕੀ ਸੂਬਿਆਂ ਤੇ ਪ੍ਰਾਂਤਾਂ ਨੂੰ ਵੀ ਕੁਝ ਮਹਿਕਮੇ ਕੇਂਦਰ ਕੋਲ ਰੱਖ ਕੇ, ਖੁਦਮੁਖਤਿਆਰੀ ਦੇਣ ਵਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਭਾਰਤੀ ਪ੍ਰਾਂਤ ਜੇ ਇਹ ਸੰਤੁਸ਼ਟੀ ਮਹਿਸੂਸ ਕਰਨ ਕਿ ਉਹ ਅਰਧ ਆਜ਼ਾਦ ਹਨ ਤਾਂ ਕੇਂਦਰ ਨਾਲ ਉਹ ਪਰਪੱਕ ਬੱਝਣਗੇ; ਇੰਜ ਇਲਾਕਾਈ ਸ਼ਿਕਵੇ-ਸ਼ਿਕਾਇਤਾਂ ਵੀ ਘੱਟ ਹੋਣਗੇ। ਇੰਜ ਇਕੱਲਾ ਕਸ਼ਮੀਰ ਹੀ ਨਹੀਂ, ਸਗੋਂ ਸਾਰਾ ਭਾਰਤੀ ਖਿਤਾ ਹੀ ਬਰਬਾਦ ਹੋਣੋਂ ਬਚਾਇਆ ਜਾ ਸਕੇਗਾ।