ਹਰਜਿੰਦਰ ਦੁਸਾਂਝ
ਚਾਲੀ ਸਾਲ ਪਹਿਲਾਂ ਚਾਰ ਕੁ ਸੌ ਦੇ ਇਕੱਠ ਨਾਲ ਸ਼ੁਰੂ ਹੋਇਆ ਯੂਬਾ ਸਿਟੀ ਦਾ ਨਗਰ ਕੀਰਤਨ ਭਾਰਤ ਤੋਂ ਬਾਹਰ ਸਿੱਖਾਂ/ਪੰਜਾਬੀਆਂ ਦਾ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਭਾਈਚਾਰੇ ਦੇ ਵੱਡੇ ਇਕੱਠਾਂ ‘ਚ ਸ਼ੁਮਾਰ ਹੁੰਦਾ ਹੈ। ਇਹ ਭਾਵੇਂ ਚਾਲੀਵਾਂ ਸਮਾਗਮ ਹੈ, ਪਰ ਇਸ ਵਾਰ ਇਸ ਦੀ ਹੋਰ ਵੀ ਵੱਧ ਅਹਿਮੀਅਤ ਹੈ। ਇਕ ਤਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ; ਦੂਜੇ, ਇਹ ਵਰ੍ਹਾ ਸਮਾਗਮ ਕਰਵਾਉਣ ਵਾਲੇ ਗੁਰਦੁਆਰਾ ਟਾਇਰਾ ਬਿਊਨਾ ਦਾ 50ਵਾਂ ਸਥਾਪਨਾ ਸਾਲ ਵੀ ਹੈ।
ਗੁਰਦੁਆਰੇ ਦੀ ਸਥਾਪਨਾ ਅਤੇ ਦੂਜੇ ਗੁਰਦੁਆਰੇ ਬਣਨ ਦਾ ਤਾਂ ਕਿਤੇ ਫਿਰ ਜ਼ਿਕਰ ਕਰਾਂਗੇ, ਇਥੇ ਅਸੀਂ ਨਗਰ ਕੀਰਤਨ ਬਾਰੇ ਹੀ ਚਰਚਾ ਕਰਾਂਗੇ। ਇਹ ਨਗਰ ਕੀਰਤਨ ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਪਹਿਲਾਂ ਹੀ ਸਜਾਏ ਜਾਂਦੇ ਨਗਰ ਕੀਰਤਨ ਦੀ ਤਰਜ਼ ‘ਤੇ ਸ਼ੁਰੂ ਕੀਤਾ ਗਿਆ ਸੀ। ਵੈਨਕੂਵਰ ਵਾਲੇ ਨਗਰ ਕੀਤਰਤਨ ‘ਚ ਸ਼ਾਮਲ ਹੋਣ ਲਈ ਯੂਬਾ ਸਿਟੀ ਤੋਂ ਬਖਤਾਵਰ ਸਿੰਘ ਪੁਰੇਵਾਲ, ਊਧਮ ਸਿੰਘ ਪੁਰੇਵਾਲ ਅਤੇ ਦੀਦਾਰ ਸਿੰਘ ਬੈਂਸ ਹਰ ਸਾਲ ਜਾਂਦੇ ਸਨ। ਇਕ ਸਾਲ ਭਾਰੀ ਬਾਰਿਸ਼ ਦੇ ਬਾਵਜੂਦ ਸੰਗਤ ਨੇ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਤਾਂ ਉਥੇ ਹੀ ਊਧਮ ਸਿੰਘ ਪੁਰੇਵਾਲ ਨੇ ਆਖਿਆ ਕਿ ਅਮਰੀਕੀ ਸਿੱਖਾਂ ਅੰਦਰ ਇਨ੍ਹਾਂ ਕੈਨੇਡੀਅਨ ਸਿੱਖਾਂ ਵਾਂਗ ਹੋਰ ਉਤਸ਼ਾਹ ਅਤੇ ਜੋਸ਼ ਭਰਨ ਲਈ ਅਜਿਹਾ ਨਗਰ ਕੀਰਤਨ ਯੂਬਾ ਸਿਟੀ ਵੀ ਸਜਾਇਆ ਜਾਵੇ।
1978 ਦੇ ਮਗਰਲੇ ਮਹੀਨਿਆਂ ਦੌਰਾਨ ਯੂਬਾ ਸਿਟੀ ਦੇ ਪੰਜਾਬੀ ਭਾਈਚਾਰੇ ਵਿਚ ਨਗਰ ਕੀਰਤਨ ਸਜਾਉਣ ਦੀਆਂ ਵਿਚਾਰਾਂ ਤੁਰੀਆਂ। ਭਾਈਚਾਰੇ ਵਿਚੋਂ ਕੁਝ ਕੁ ਨੇ ਡਰ ਵੀ ਦਰਸਾਇਆ ਕਿ ਗੈਰ-ਭਾਰਤੀ ਉਨ੍ਹਾਂ ਦਾ ਵਿਰੋਧ ਕਰਨਗੇ। ਉਦੋਂ ਅਜੇ ਨਸਲੀ ਵਿਤਕਰੇ ਦੀ ਰਹਿੰਦ-ਖੂੰਹਦ ਬਾਕੀ ਸੀ। ਖੈਰ, ਫੈਸਲਾ ਹੋਇਆ ਕਿ ਯੂਬਾ ਸਿਟੀ ਵਿਚ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਕੀਤਾ ਜਾਵੇ, ਜੋ ਨਵੰਬਰ ਵਿਚ ਆਉਂਦਾ ਹੈ। ਵੈਨਕੂਵਰ ਵਾਲਾ ਨਗਰ ਕੀਰਤਨ ਵਿਸਾਖੀ ਮੌਕੇ ਹੁੰਦਾ ਹੋਣ ਕਰਕੇ ਵੱਖਰਾ ਦਿਨ ਰੱਖਣ ਬਾਰੇ ਵਿਚਾਰਾਂ ਹੋਈਆਂ। ਉਂਜ, ਇਸ ਦਾ ਇਕ ਅਹਿਮ ਕਾਰਨ ਯੂਬਾ ਸਿਟੀ ਦਾ ਖੇਤੀ ਕਿੱਤਾ ਹੋਣਾ ਵੀ ਸੀ। ਬਹੁਗਿਣਤੀ ਭਾਈਚਾਰਾ ਖੇਤੀ ਨਾਲ ਜੁੜਿਆ ਹੋਇਆ ਸੀ। ਨਵੰਬਰ ਮਹੀਨੇ ਖੇਤੀ ਦੇ ਅਹਿਮ ਕੰਮ ਮੁੱਕ ਜਾਂਦੇ ਹਨ ਤੇ ਉਦੋਂ ਬਹੁਗਿਣਤੀ ਕੋਲ ਖੁੱਲ੍ਹਾ ਸਮਾਂ ਹੁੰਦਾ ਸੀ।
ਫੈਸਲੇ ਉਪਰੰਤ ਦੀਦਾਰ ਸਿੰਘ ਬੈਂਸ ਤੇ ਡਾ. ਗੁਲਜ਼ਾਰ ਸਿੰਘ ਜੌਹਲ ਨੇ ਅੱਗੇ ਹੋ ਕੇ ਉਸ ਵਕਤ ਦੇ ਪੰਜਾਬੀ ਪਤਵੰਤਿਆਂ ਨੂੰ ਨਾਲ ਲੈ ਕੇ ਸ਼ਹਿਰ ਅਤੇ ਕਾਊਂਟੀ ਦੇ ਪ੍ਰਸ਼ਾਸਨ ਨਾਲ ਨਗਰ ਕੀਰਤਨ ਬਾਰੇ ਸਲਾਹ ਮਸ਼ਵਰਾ ਕੀਤਾ ਤੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ। ਇਸ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਜਾਉਣ ਲਈ ਵੈਨਕੂਵਰ ਦੀ ਤਰਜ਼ ‘ਤੇ ਫਲੋਟ ਬਣਾਇਆ ਗਿਆ। ਫਲੋਟ ਬਣਾਉਣ ਲਈ ਉਹੀ ਕਾਰੀਗਰ ਤੇ ਸੇਵਾਦਾਰ ਮੰਗਵਾਏ ਗਏ, ਜੋ ਵੈਨਕੂਵਰ ਨਗਰ ਕੀਰਤਨ ਦੀ ਤਿਆਰੀ ਕਰਦੇ ਸਨ।
ਸ਼ ਦੀਦਾਰ ਸਿੰਘ ਬੈਂਸ ਨੇ ਨਵੇਂ ਲਿਆਂਦੇ ਟਰੈਕਟਰਾਂ ‘ਚੋਂ ਇਕ ਫਲੋਟ ਬਣਾਉਣ ਲਈ ਦਿੱਤਾ ਅਤੇ ਨਾਲ ਹੀ ਕਹਿ ਦਿੱਤਾ ਕਿ ਇਸ ਫਲੋਟ ਨੂੰ ਇਸੇ ਤਰ੍ਹਾਂ ਹੀ ਰੱਖ ਲਿਆ ਜਾਵੇ। ਇਹ ਫਲੋਟ ਸ਼ ਬੈਂਸ ਦੇ ਫਾਰਮ ਦੀ ਮਕੈਨਿਕ ਸ਼ਾਪ ‘ਚ ਤਿਆਰ ਕੀਤਾ ਗਿਆ।
ਇਸ ਪਿਛੋਂ ਹੋਰ ਫਲੋਟ ਵੀ ਬਣਦੇ ਗਏ, ਜਿਨ੍ਹਾਂ ਨੂੰ ਬਣਾਉਣ ਲਈ ਸਥਾਨਕ ਗੱਭਰੂ ਅਤੇ ਕਾਰੀਗਰ ਵੀ ਜੁੜਦੇ ਗਏ। ਪੁਰਾਣੇ ਫਲੋਟਾਂ ‘ਚੋਂ ਹੁਣ ਤੱਕ ਸੋਭਾ ਬਣਦਾ ਆ ਰਿਹਾ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਹੈ, ਜੋ ਕਾਰੀਗਰ ਸਵਰਨ ਸਿੰਘ ਅਤੇ ਉਨ੍ਹਾਂ ਦੇ ਭਰਾ ਨੇ ਸਥਾਨਕ ਗੱਭਰੂਆਂ ਦੀ ਮਦਦ ਨਾਲ ਤਿਆਰ ਕੀਤਾ ਸੀ। ਨਗਰ ਕੀਰਤਨ ਨੂੰ ਪ੍ਰਸ਼ਾਸਨ ਨੇ ‘ਸਿੱਖ ਪਰੇਡ’ ਵਜੋਂ ਮਾਨਤਾ ਦਿੱਤੀ ਅਤੇ ਪੰਜਾਬੀ ਭਾਈਚਾਰਾ ਇਸ ਨੂੰ ‘ਸਿੱਖ ਜਲੂਸ’ ਵਜੋਂ ਪ੍ਰਚਾਰਦਾ ਤੇ ਸਤਿਕਾਰਦਾ ਸੀ। ‘ਜਲੂਸ’ ਸ਼ਬਦ ਜਲਸੇ ਤੋਂ ਬਣਿਆ ਹੈ। 1994-95 ਵਿਚ ਕੁਝ ਲੋਕਾਂ ਨੇ ਜਲੂਸ ਸ਼ਬਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ਬਦ ਨਗਰ ਕੀਰਤਨ ਪ੍ਰਚਲਿਤ ਹੋ ਗਿਆ। ਬਜੁਰਗ ਅਜੇ ਵੀ ਜਲੂਸ ਹੀ ਕਹਿੰਦੇ ਹਨ।
1980 ਵਿਚ ਦੂਜੇ ਨਗਰ ਕੀਰਤਨ ਵੇਲੇ ਸੰਗਤ ਵਿਚ ਉਤਸ਼ਾਹ ਕੁਝ ਘਟਿਆ ਲੱਗਦਾ ਸੀ। ਉਦੋਂ ਮੁੜ ਦੀਦਾਰ ਸਿੰਘ ਬੈਂਸ ਨੇ ਆਪਣੇ ਪਰਿਵਾਰ ਤੇ ਹਮਖਿਆਲ ਦੋਸਤਾਂ ਨੂੰ ਪ੍ਰੇਰ ਕੇ ਨਾਲ ਤੋਰਿਆ ਅਤੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਉਪਰਾਲਾ ਕੀਤਾ। ਇਹ ਯਤਨ ਬੇਹੱਦ ਸਫਲ ਹੋਇਆ। ਨਗਰ ਕੀਰਤਨ ਵੇਲੇ ਸਮੁੱਚੇ ਲੰਗਰ ਦੀ ਸੇਵਾ ਮੌਜੂਦਾ ਪ੍ਰਧਾਨ ਅਤੇ ਦੀਦਾਰ ਸਿੰਘ ਬੈਂਸ ਦੇ ਛੋਟੇ ਭਰਾ ਜਸਵਤ ਸਿੰਘ ਬੈਂਸ ਨੇ ਕੀਤੀ। ਇਸ ਤੋਂ ਇਲਾਵਾ ਊਧਮ ਸਿੰਘ ਪੁਰੇਵਾਲ ਤੇ ਬਖਤਾਵਰ ਸਿੰਘ ਪੁਰੇਵਾਲ ਪਰਿਵਾਰ, ਪੁੰਨਾ ਸਿੰਘ ਤੇ ਮਾਤਾ ਨੰਦ ਕੌਰ ਪਰਿਵਾਰ, ਬਖਤਾਵਰ ਸਿੰਘ ਢਿੱਲੋਂ ਪਰਿਵਾਰ, ਖਜ਼ਾਨ ਸਿੰਘ ਪਰਿਵਾਰ, ਉਜਾਗਰ ਸਿੰਘ ਚੀਮਾ ਤੇ ਸਮੂਹ ਚੀਮਾ ਪਰਿਵਾਰ, ਡਾ. ਗੁਲਜ਼ਾਰ ਸਿੰਘ ਜੌਹਲ, ਮਲਕੀਤ ਸਿੰਘ ਜੌਹਲ ਤੇ ਸਮੂਹ ਜੌਹਲ ਪਰਿਵਾਰਾਂ, ਲਾਈਵਓਕ ਵਾਲੇ ਰਾਜਿੰਦਰ ਸਿੰਘ ਧਾਮੀ ਪਰਿਵਾਰ, ਮਾਸਟਰ ਗੁਲਜ਼ਾਰ ਸਿਘ ਪਰਿਵਾਰ, ਕਰਨੈਲ ਸਿੰਘ ਤੱਖਰ, ਮੌਜੂਦਾ ਸਕੱਤਰ ਸਰਬਜੀਤ ਸਿੰਘ ਥਿਆੜਾ ਦੇ ਦਾਦਾ ਭਗਤ ਸਿੰਘ ਥਿਆੜਾ ਪਰਿਵਾਰ, ਸੇਵਾ ਸਿੰਘ ਤੇ ਬੀਬੀ ਪ੍ਰੀਤਮ ਕੌਰ ਅਤੇ ਅਜਮੇਰ ਸਿੰਘ ਸਮੇਤ ਅਨੇਕਾਂ ਹੋਰ ਸ਼ਖਸੀਅਤਾਂ ਤੇ ਪਰਿਵਾਰਾਂ ਨੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਤਨੋ-ਮਨੋ-ਧਨੋਂ ਸੇਵਾ ਕੀਤੀ।
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਉਦੋਂ ਦਿਲਬਾਗ ਸਿੰਘ ਬੈਂਸ, ਸਤਿੰਦਰ ਨਾਥ ਡੇਵਿਡ, ਮਹਿੰਗਾ ਸਿੰਘ ਭੱਟੀ, ਹਰਿਭਜਨ ਸਿੰਘ ਸੰਧੂ ਤੇ ਇਨ੍ਹਾਂ ਦੇ ਹੋਰ ਸੰਗੀ-ਸਾਥੀ ਸੇਵਾ ਭੇਟਾ ਇਕੱਤਰ ਕਰਨ ਤੋਂ ਲੈ ਕੇ ਸਭ ਕਾਰਜ ਸੁਚੱਜੇ ਰੂਪ ‘ਚ ਨੇਪਰੇ ਚਾੜ੍ਹਦੇ ਰਹੇ। ਕੈਪਟਨ ਜਗਰੂਪ ਸਿੰਘ ਅਟਵਾਲ, ਮਾਸਟਰ ਹਰੀ ਸਿੰਘ ਐਵਰਿਸਟ ਅਤੇ ਗੁਰਪਾਲ ਸਿੰਘ ਬੈਂਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਦਾ ਜ਼ਿੰਮਾ ਅਨੁਸ਼ਾਸਨ ਬਣਾਈ ਰੱਖਣ ਦਾ ਹੁੰਦਾ ਸੀ।
ਇਸ ਦੇ ਨਾਲ ਹੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਦੀਦਾਰ ਸਿੰਘ ਬੈਂਸ ਆਪਣਾ ਨਿੱਜੀ ਅਸਰ-ਰਸੂਖ ਅਤੇ ਪੈਸਾ ਖਰਚ ਕੇ ਦੇਸ਼-ਵਿਦੇਸ਼ ਤੋਂ ਸਿੱਖ ਵਿਦਵਾਨ ਅਤੇ ਰਾਗੀ-ਢਾਡੀ ਸੱਦਦੇ ਰਹੇ। ਗੈਰ ਭਾਰਤੀਆਂ ਵਿਚ ਸਮਾਗਮ ਨੂੰ ਪ੍ਰਵਾਨ ਕਰਵਾਉਣ ਲਈ ਉਨ੍ਹਾਂ ਕੈਲੀਫੋਰਨੀਆ ਅਤੇ ਕੌਮੀ ਪੱਧਰ ਦੇ ਰਾਜਸੀ ਨੇਤਾਵਾਂ ਨੂੰ ਸਮੇਂ-ਸਮੇਂ ਸੱਦਿਆ। ਦਰਜਨਾਂ ਵਾਰ ਇਥੇ ਕੈਲੀਫੋਰਨੀਆ ਦੇ ਗਵਰਨਰ ਆਏ। 1984 ਦੇ ਚੱਕਰਵਿਊ ਦੌਰਾਨ ਪ੍ਰਸ਼ਾਸਨ ਨਗਰ ਕੀਰਤਨ ਦੀ ਪ੍ਰਵਾਨਗੀ ਦੇਣ ਤੋਂ ਹਿਚਕਚਾ ਰਿਹਾ ਸੀ, ਪਰ ਸ਼ਹਿਰ ਦੇ ਪੰਜਾਬੀ ਪਤਵੰਤਿਆਂ ਦੀਆਂ ਕੋਸ਼ਿਸਾਂ ਕਰਕੇ ਉਸ ਸਮੇਂ ਵੀ ਪ੍ਰਵਾਨਗੀ ਮਿਲ ਗਈ ਤੇ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ।
ਅੱਜ ਇਹ ਨਗਰ ਕੀਰਤਨ ਯੂਬਾ ਸਿਟੀ ਜਾਂ ਕੈਲੀਫੋਰਨੀਆ ਦਾ ਨਾ ਰਹਿ ਕੇ ਦੁਨੀਆਂ ਭਰ ਵਿਚ ਫੈਲੀ ਸਿੱਖ ਸੰਗਤ ਦਾ ਬਣ ਗਿਆ ਹੈ। ਸਾਧਾਰਨ ਸਿੱਖਾਂ ਤੋਂ ਲੈ ਕੇ ਉਚ ਅਹੁਦਿਆਂ ‘ਤੇ ਬੈਠੇ ਸਿੱਖਾਂ ਸਮੇਤ ਹਰ ਸਾਲ ਦੁਨੀਆਂ ਭਰ ‘ਚੋਂ ਤਮਾਮ ਨਾਮਣੇ ਵਾਲੇ ਸਿੱਖ ਇਸ ਵਿਚ ਸ਼ਿਰਕਤ ਕਰਦੇ ਹਨ। ਸਿੱਖਾਂ ਤੋਂ ਬਿਨਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਿਮ ਭਾਈਚਾਰੇ ਸਮੇਤ ਭਾਰਤ ਦੇ ਹੋਰ ਫਿਰਕਿਆਂ ਦੇ ਲੋਕ ਇਸ ਸਮਾਗਮ ਨੂੰ ਆਪਣਾ ਸਮਝ ਕੇ ਆਉਂਦੇ ਹਨ।
ਨਗਰ ਕੀਰਤਨ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੈ, ਪਰ ਸੰਗਤ ਦੀ ਸਹੂਲਤ ਲਈ ਆਏ ਸਾਲ ਨਵੰਬਰ ਦੇ ਪਹਿਲੇ ਹਫਤੇ ਕੀਤਾ ਜਾਂਦਾ ਹੈ। ਇਸ ਸਾਲ ਇਹ ਨਗਰ ਕੀਰਤਨ ਤਿੰਨ ਨਵੰਬਰ ਨੂੰ ਸਜਾਇਆ ਜਾ ਰਿਹਾ ਹੈ। ਪਿਛਲੇ ਸਾਲਾਂ ਵਾਂਗ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਦੇਸ਼-ਵਿਦੇਸ਼ ਤੋਂ ਰਾਗੀ-ਢਾਡੀ ਤੇ ਹੋਰ ਸਿੱਖ ਵਿਦਵਾਨ ਪੁੱਜ ਰਹੇ ਹਨ। ਅਖੀਰਲਾ ਅਖੰਡ ਪਾਠ ਸੰਗਤ ਵਲੋਂ ਪਹਿਲੀ ਨਵੰਬਰ ਨੂੰ ਖੁੱਲ੍ਹੇਗਾ, ਜਿਸ ਦਾ ਭੋਗ 3 ਨਵੰਬਰ ਨੂੰ ਪਵੇਗਾ। ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸ਼ਹਿਰ ਵਿਚ ਫੇਰੀ ਪਾਉਣ ਲਈ ਨਿਕਲੇਗੀ।
ਇਸ ਵਾਰ ਜਿਥੇ ਇਹ ਚਾਲੀਵਾਂ ਨਗਰ ਕੀਰਤਨ ਹੈ, ਇਸ ਦੇ ਨਾਲ ਹੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰਦੁਆਰੇ ਦੇ 50ਵੇਂ ਸਥਾਪਨਾ ਦਿਵਸ ਨੂੰ ਵੀ ਸਮਰਪਿਤ ਹੈ। ਸੋ, ਕੁਦਰਤੀ ਇਸ ਵਾਰ ਸੰਗਤ ਪਹਿਲੇ ਸਾਲਾਂ ਤੋਂ ਵੱਧ ਹੋਵੇਗੀ। ਸੰਗਤ ਵਧਣ ਨਾਲ ਗੁਰਦੁਆਰਾ ਪ੍ਰਬੰਧਕਾਂ ਅਤੇ ਯੂਬਾ ਸਿਟੀ ਤੇ ਆਸ ਪਾਸ ਦੇ ਸ਼ਹਿਰਾਂ ਦੀ ਮੇਜ਼ਬਾਨ ਸੰਗਤ ਦੀ ਅਨੁਸ਼ਾਸਨ ਬਣਾਉਣ ਅਤੇ ਬਾਹਰੋਂ ਆਏ ਸ਼ਰਧਾਲੂਆਂ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।
ਸੰਗਤ ਵਿਚੋਂ ਬਹੁਤ ਸਾਰੇ ਸ਼ਰਧਾਲੂ ਸ਼ਾਇਦ ਬੁਰਾ ਮੰਨਾਉਣ ਪਰ ਸੱਚੀ ਗੱਲ ਹੈ ਕਿ ਸੰਗਤ ਵਿਚੋਂ ਬਹੁਤ ਸਾਰੇ ਸੱਜਣ-ਸਨੇਹੀ ਕੁਤਾਹੀ ਵੀ ਕਰ ਜਾਂਦੇ ਹਨ ਅਤੇ ਜ਼ਿੰਮੇਵਾਰੀ ਵੀ ਭੁੱਲ ਜਾਂਦੇ ਹਨ। ਸਾਨੂੰ ਯਾਦ ਹੈ ਕਿ 1993 ਤੱਕ ਸੰਗਤ ਸੜਕ ਦੇ ਇਕ ਪਾਸੇ ਹੀ ਤੁਰਦੀ ਸੀ। ਅਸੀਂ ਸਮਝਦੇ ਹਾਂ, ਉਦੋਂ ਸੰਗਤ ਘੱਟ ਹੁੰਦੀ ਸੀ, ਪਰ ਇਸ ਦੇ ਬਾਵਜੂਦ ਕੁਝ ਸੱਜਣ ਲੰਗਰ ਦੇ ਜੂਠੇ ਕੱਪ-ਪਲੇਟਾਂ ਵਗੈਰਾ ਲੋਕਾਂ ਦੇ ਘਰਾਂ ਅੱਗੇ ਸੁੱਟ ਦਿੰਦੇ ਸਨ। ਇਥੋਂ ਤੱਕ ਕਿ ਬੀਬੀਆਂ ਬੱਚਿਆਂ ਦੇ ਨੈਪਕਿਨ ਲੈਟਰ ਬਾਕਸਾਂ ‘ਚ ਰੱਖਦੀਆਂ ਦੇਖੀਆਂ ਗਈਆਂ। ਇਸ ਬਾਰੇ ਸ਼ਿਕਾਇਤਾਂ ਹੋਈਆਂ, ਨਤੀਜੇ ਵਜੋਂ ਨਗਰ ਕੀਰਤਨ ਦਾ ਰੂਟ ਬਦਲ ਦਿੱਤਾ ਗਿਆ। ਉਂਜ ਵੀ ਸੰਗਤ ਵਧਦੀ ਗਈ ਅਤੇ ਫਲੋਟ ਛੋਟੇ ਵਾਹਨਾਂ ਦੀ ਥਾਂ ਵੱਡੇ ਟਰੱਕਾਂ ‘ਤੇ ਬਣਨ ਲੱਗੇ। ਰੂਟ ਬਦਲਣ ਦਾ ਇਹ ਵੀ ਇਕ ਕਾਰਨ ਹੈ, ਪਰ ਵੱਡਾ ਕਾਰਨ ਸ਼ਿਕਾਇਤਾਂ ਸਨ। ਪ੍ਰਬੰਧਕਾਂ ਵਲੋਂ ਸਮੁੱਚੇ ਰੂਟ ‘ਤੇ ਕੂੜਾ-ਕਰਕਟ ਸੁੱਟਣ ਲਈ ਅਤੇ ਬਾਥਰੂਮ ਦੇ ਪ੍ਰਬੰਧ ਕੀਤੇ ਜਾਂਦੇ ਹਨ। ਸੰਗਤ ਨੂੰ ਵੀ ਸਹਿਯੋਗ ਦਿੰਦਿਆਂ ਕੂੜਾ-ਕਰਕਟ ਰੱਖੇ ਗਏ ਡਰੰਮਾਂ ਵਿਚ ਹੀ ਸੁੱਟਣਾ ਚਾਹੀਦਾ ਹੈ ਤੇ ਬਾਥਰੂਮਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਗਰ ਕੀਰਤਨ ਦੌਰਾਨ ਕੂੜਾ-ਕਰਕਟ ਇਕੱਤਰ ਕਰ ਰਹੇ ਸੇਵਾਦਾਰਾਂ ਨੂੰ ਸੰਗਤ ਦੇ ਅਥਾਹ ਸਹਿਯੋਗ ਦੀ ਲੋੜ ਹੁੰਦੀ ਹੈ।
ਸੰਗਤ ਦੀ ਸਹੂਲਤ ਅਤੇ ਟਰੈਫਿਕ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਅਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਰੂਟ ਬਣਾਏ ਜਾਂਦੇ ਹਨ। ਸ਼ਹਿਰ ਦੇ ਬਾਹਰ ਪਾਰਕਿੰਗ ਬਣਾਈ ਜਾਂਦੀ ਹੈ, ਜਿਥੋਂ ਗੁਰਦੁਆਰੇ ਤੱਕ ਵਿਸ਼ੇਸ਼ ਬੱਸਾਂ ਚਲਦੀਆਂ ਹਨ। ਪੁਲਿਸ ਵਲੋਂ ਕੁਝ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਹਰ ਸਾਲ ਸੰਗਤ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਨਗਰ ਕੀਰਤਨ ਮੌਕੇ ਸ਼ਹਿਰ ਦੇ ਦੂਜੇ ਭਾਈਚਾਰਿਆਂ ਦੀ ਸਹੂਲਤ ਦਾ ਖਿਆਲ ਰੱਖਦਿਆਂ ਉਨ੍ਹਾਂ ਦਾ ਸਤਿਕਾਰ ਬਹਾਲ ਰੱਖਣ। ਦੁਕਾਨਦਾਰਾਂ ਨੂੰ ਕਿਰਪਾਨਾਂ ਵਰਗੇ ਤਿੱਖੇ ਹਥਿਆਰ ਵੇਚਣ ਦੀ ਮਨਾਹੀ ਹੁੰਦੀ ਹੈ। ਪਤਾ ਲੱਗਾ ਹੈ ਕਿ ਪੁਲਿਸ ਇਸ ਵਾਰ ਵੱਧ ਸਖਤੀ ਵਰਤ ਸਕਦੀ ਹੈ।
ਇਸ ਵਾਰ ਦਾ ਨਗਰ ਕੀਰਤਨ ਭਾਵੇਂ ਕਈ ਪੱਖਾਂ ਤੋਂ ਅਹਿਮ ਹੈ, ਪਰ ਪ੍ਰਬੰਧਕਾਂ ਵਿਚਾਲੇ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਘਾਟ ਰੜਕਦੀ ਹੈ। ਵੱਖੋ-ਵੱਖਰੇ ਕਾਰਜ ਨੇਪਰੇ ਚਾੜ੍ਹਨ ਲਈ ਭਾਵੇਂ ਵੱਖੋ-ਵੱਖਰੀਆਂ ਕਮੇਟੀਆਂ ਬਣੀਆਂ ਹੋਈਆਂ ਹਨ, ਪਰ ਕਮੇਟੀਆਂ ਦੇ ਸਮੂਹ ਮੈਂਬਰਾਂ ਦੀ ਥਾਂ ਸੰਗਤ ਵੱਧ ਉਤਸ਼ਾਹ ਨਾਲ ਸੇਵਾ ਕਰ ਰਹੀ ਹੈ। ਗੁਰਦੁਆਰੇ ਵਿਚ ਲੰਮੇ ਸਮੇਂ ਤੋਂ ਆਉਣ ਵਾਲੇ ਬਜੁਰਗ ਮਹਿਸੂਸ ਕਰ ਰਹੇ ਹਨ ਕਿ ਨਵੀਂ ਪੀੜ੍ਹੀ ਦੇ ਪ੍ਰਬੰਧਕਾਂ ਵਿਚ ਆਪਸੀ ਸਤਿਕਾਰ ਅਤੇ ਸਹਿਯੋਗ ਦੀ ਕਿਧਰੇ ਘਾਟ ਰੜਕਦੀ ਰਹਿੰਦੀ ਹੈ। ਦੋਸ਼ ਇਹ ਵੀ ਹੈ ਕਿ ਨਵੀਂ ਨਸਲ ਵਿਚ ਸੇਵਾ ਦੀ ਘਾਟ ਹੈ ਅਤੇ ਚੌਧਰ ਦੀ ਭੁੱਖ ਜਾਂ ਦਿਖਾਵਾ ਵੱਧ ਹੈ। ਕਈ ਸੇਵਾਦਾਰ ਤਾਂ ਲੰਗਰ ਲਾਉਣ ਦੀ ਥਾਂ ਨੂੰ ਲੈ ਕੇ ਬਹਿਸਦੇ ਦੇਖੇ ਗਏ।
ਉਂਜ, ਚੰਗੀ ਗੱਲ ਇਹ ਹੈ ਕਿ ਪ੍ਰਧਾਨ ਜਸਵੰਤ ਸਿੰਘ ਬੈਂਸ ਅਤੇ ਸਕੱਤਰ ਸਰਬਜੀਤ ਸਿੰਘ ਥਿਆੜਾ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚ ਤਕੜੀ ਕੜੀ ਹਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਮਰਥ ਹੈ ਅਤੇ ਤਾਲਮੇਲ ਬਣਾ ਕੇ ਚੱਲ ਰਹੀ ਹੈ।
ਫਿਰ ਵੀ ਭਾਈਚਾਰੇ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕਮੇਟੀ ਦੇ ਚੰਗੇ ਪ੍ਰਬੰਧਾਂ ਦੇ ਬਾਵਜੂਦ ਨਵੀਂ ਪੀੜ੍ਹੀ ਦੇ ਕੁਝ ਲੋਕ ਜਿਨ੍ਹਾਂ ਦੀ ਗੁਰਦੁਆਰੇ, ਸਿੱਖ ਧਰਮ ਅਤੇ ਭਾਈਚਾਰੇ ਲਈ ਕੋਈ ਦੇਣ ਜਾਂ ਕੁਰਬਾਨੀ ਨਹੀਂ, ਉਹ ਆਪਣੀ ਹਉਮੈ ਲਈ ਪੁਰਾਣੇ, ਕੁਰਬਾਨੀ ਵਾਲੇ ਸੱਜਣਾਂ ਤੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਫੋਕੀ ਸ਼ੋਹਰਤ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਜਦ ਕਿ ਪੁਰਾਣੀ ਪੀੜ੍ਹੀ ਦੇ ਬਜੁਰਗਾਂ ਦੀਆਂ ਕੁਰਬਾਨੀਆਂ ਤੇ ਭਾਈਚਾਰੇ ਨੂੰ ਦੇਣ ਤੋਂ ਸਬਕ ਲੈਣ ਦੀ ਲੋੜ ਹੈ, ਨਾ ਕਿ ਉਨ੍ਹਾਂ ਦੇ ਨਾਂਵਾਂ ‘ਤੇ ਕੂਚੀ ਫੇਰਨ ਦੀ ਕੋਝੀ ਕੋਸ਼ਿਸ਼ ਕਰਨਾ।
11 ਸਤੰਬਰ 2001 ਨੂੰ ਅਮਰੀਕਾ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵਾਲੇ ਨਗਰ ਕੀਰਤਨ ਵਿਚ ਦੁਨੀਆਂ ਭਰ ਤੋਂ ਆਏ ਸਿੱਖਾਂ ਅਤੇ ਗੈਰ ਸਿੱਖ ਸਕਾਲਰਾਂ ਦਾ ਇਕੱਠ ਰਿਕਾਰਡ ਤੋੜ ਸੀ। ਉਸ ਵਕਤ ਸਿੱਖਾਂ ‘ਤੇ ਨਸਲੀ ਹਮਲੇ ਹੋਏ ਪਰ ਸਿੱਖਾਂ ਦੇ ਹੱਕ ਵਿਚ ਦੇਸ਼ ਭਰ ‘ਚੋਂ ਗੈਰ ਭਾਰਤੀ ਅਮਰੀਕੀ ਬੁੱਧੀਜੀਵੀ ਅਤੇ ਰਾਜਸੀ ਲੀਡਰ ਯੂਬਾ ਸਿਟੀ ਦੇ ਨਗਰ ਕੀਰਤਨ ਵਿਚ ਪੁੱਜੇ। ਉਹ ਸਭ ਪੁਰਾਣੇ ਸਿੱਖਾਂ ਦੀ ਕੁਰਬਾਨੀ ਅਤੇ ਭਾਈਚਾਰਕ ਸਾਂਝ ਦੇ ਨਾਂ ਸੀ। ਦੋ ਨਵੰਬਰ ਨੂੰ ਹੁੰਦੇ ਸੈਮੀਨਾਰ ਵਿਚ ਉਸ ਵਕਤ ਤਮਾਮ ਅਮਰੀਕੀ ਬੁੱਧੀਜੀਵੀ ਆਏ ਸਨ। ਇਸ ਵਾਰ ਵੀ ਦੋ ਨਵੰਬਰ ਦੇ ਦਿਨ ਹੋ ਰਹੇ ਸੈਮੀਨਾਰ ਵਿਚ ਭਾਰਤ ਦਾ ਸੰਵਿਧਾਨ ਘੜਨ ਵਾਲੀ ਕਮੇਟੀ ਦੇ ਚੇਅਰਮੈਨ ਅਤੇ ਦਲਿਤ ਆਗੂ ਡਾ. ਭੀਮ ਰਾਓ ਅੰਬੇਡਕਰ ਦੇ ਪੋਤਰੇ ਅਤੇ ਭਾਰਤੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਪ੍ਰਕਾਸ਼ ਰਾਓ ਆ ਰਹੇ ਹਨ। ਉਹ ਬੁੱਧ ਧਰਮ ਦੇ ਗਿਆਤਾ ਹਨ। ਸਮਾਗਮ ਬਾਰੇ ਹੋਰ ਜਾਣਕਾਰੀ ਗੁਰਦੁਆਰੇ ਦੇ ਫੋਨ: 530-673-9918 ਰਾਹੀਂ ਲਈ ਜਾ ਸਕਦੀ ਹੈ।