ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-11

ਅਭਿਨਵ ਭਾਰਤ ਦਾ ਅਸਲ ਆਧਾਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਸਵੈਸੇਵੀ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਰਾਜਾਂ ‘ਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ‘ਚ ਕੀਤੀ ਹੈ।

ਇਸ ਕਿਸ਼ਤ ਵਿਚ ‘ਅਭਿਨਵ ਭਾਰਤ’ ਬਾਰੇ ਪੁਣਛਾਣ ਗਈ ਹੈ, ਜਿਸ ‘ਤੇ ਦੋਸ਼ ਹੈ ਕਿ ਇਸ ਦੀ ਅਗਵਾਈ ‘ਚ ਕਈ ਥਾਂਈਂ ਬੰਬ ਧਮਾਕੇ ਕੀਤੇ ਗਏ ਸਨ। -ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
‘ਅਭਿਨਵ ਭਾਰਤ’ ਦੇ ਮੈਂਬਰਾਂ ਵਲੋਂ 2007 ਅਤੇ 2008 ਦੌਰਾਨ ਕੀਤੀਆਂ ਗਈਆਂ ਮੀਟਿੰਗਾਂ ਵਿਚ ਰਚੀ ਸਾਜ਼ਿਸ਼ ਦੀ ਪਟਕਥਾ ਬਹੁਤ ਪਟਾਕੇ ਪਾਉਣ ਵਾਲੀ ਹੈ। ਇਨ੍ਹਾਂ ਮੀਟਿੰਗਾਂ ਦੀ ਪੂਰੀ ਕਾਰਵਾਈ ਇਨ੍ਹਾਂ ਵਿਚ ਸ਼ਾਮਲ ਸੁਧਾਕਰ ਦਿਵੇਦੀ ਉਰਫ ਅੰਮ੍ਰਿਤਾਨੰਦ ਦੇਵ ਤੀਰਥ ਨੇ ਆਪਣੇ ਲੈਪਟਾਪ ਵਿਚ ਬਾਕਾਇਦਾ ਰਿਕਾਰਡ ਕੀਤੀ ਸੀ। ਉਸ ਤੋਂ ਹਿੰਦੂ ਰਾਸ਼ਟਰ ਦੇ ਚਿਹਰੇ-ਮੋਹਰੇ ਦੀ ਝਲਕ ਮਿਲ ਜਾਂਦੀ ਹੈ, ਜੋ ‘ਅਭਿਨਵ ਭਾਰਤ’ ਦਾ ਨਿਸ਼ਾਨਾ ਹੈ। ਉਨ੍ਹਾਂ ਮੀਟਿੰਗਾਂ ਦੀ ਗੱਲਬਾਤ 2008 ਮਾਲੇਗਾਉਂ ਬੰਬ ਕਾਂਡ ਕੇਸ ਦੀ ਚਾਰਜਸ਼ੀਟ ਵਿਚ ਵੀ ਦਰਜ ਹੈ। ਉਸ ਤੋਂ ਬਹੁਤ ਸਾਰੇ ਪਹਿਲੂਆਂ ਦਾ ਖੁਲਾਸਾ ਹੁੰਦਾ ਹੈ ਕਿ ਨਵੇਂ ਹਿੰਦੂ ਰਾਸ਼ਟਰ ਦਾ ਨਵਾਂ ਸੰਵਿਧਾਨ ਤੇ ਨਵਾਂ ਝੰਡਾ ਕਿਹੋ ਜਿਹਾ ਹੋਵੇਗਾ, ਤੋਂ ਲੈ ਕੇ ਬੰਬ ਧਮਾਕਿਆਂ ਦੀ ਉਨ੍ਹਾਂ ਅਨੁਸਾਰ ਕੀ ਵਾਜਬੀਅਤ ਸੀ ਅਤੇ ‘ਅਭਿਨਵ ਭਾਰਤ’ ਦੇ ਆਰ. ਐਸ਼ ਐਸ਼ ਅਤੇ ਭਾਜਪਾ ਨਾਲ ਕਿੰਨੇ ਗੂੜ੍ਹੇ ਰਿਸ਼ਤੇ ਹਨ।
ਇਕ ਗੱਲਬਾਤ ਦਾ ਨਮੂਨਾ ਇਉਂ ਹੈ,
ਲੈਫਟੀਨੈਂਟ ਕਰਨਲ ਪੁਰੋਹਿਤ: ਅਸੀਂ ਸੰਵਿਧਾਨ ਵਿਰੁਧ ਲੜਾਂਗੇ, ਅਸੀਂ ਕੌਮ ਵਿਰੁਧ ਲੜਾਂਗੇ, ਇਹ ਸੰਵਿਧਾਨ ਸਾਡਾ ਨਹੀਂ ਹੈ… ਸਿਰਫ ਇਸ ਸੰਵਿਧਾਨ ਨੂੰ ਉਲਟਾ ਕੇ ਹੀ…।
ਸੁਧਾਕਰ ਦਿਵੇਦੀ: ਸੰਵਿਧਾਨ ਦੇ ਪਹਿਲੇ ਪੰਨੇ ਉਪਰ ਹੀ ਲਿਖਿਆ ਹੋਇਆ ਕਿ ਭਾਰਤ ਦੇ ਲੋਕਾਂ ਨੇ ਇਹ ਸੰਵਿਧਾਨ ਅਪਨਾ ਲਿਆ ਹੈ। ਇਹ ਕਿਵੇਂ ਹੋ ਸਕਦਾ ਹੈ? ਲੋਕ ਕਿਵੇਂ ਸੰਵਿਧਾਨ ਨੂੰ ਅਪਨਾ ਸਕਦੇ ਹਨ? ਕੀ ਕੋਈ ਰਾਇਸ਼ੁਮਾਰੀ ਕਰਵਾਈ ਗਈ ਸੀ? ਨਹੀਂ। ਕੀ ਇਸ ‘ਤੇ ਕੋਈ ਬਹਿਸ ਹੋਈ? ਨਹੀਂ। ਫਿਰ ਇਸ ਨੂੰ ਕਿਵੇਂ ਪਾਸ ਕਰ ਦਿੱਤਾ ਗਿਆ? ਇਸ ਨੂੰ ਲੋਕਾਂ ਵਲੋਂ ਕਿਵੇਂ ਲਿਖਿਆ ਗਿਆ ਅਤੇ ਕਿਸ ਨੇ ਲਿਖਿਆ?
ਪੁਰੋਹਿਤ: ਸਵਾਮੀ ਜੀ, ਜੇ ਉਦੋਂ ਇਉਂ ਹੋਇਆ ਤਾਂ ਸਾਨੂੰ ਸੰਵਿਧਾਨ ਖਿਲਾਫ ਲੜਨਾ ਪਵੇਗਾ। ਸਾਨੂੰ ਆਪਣੀ ਆਜ਼ਾਦੀ ਦੀ ਲੜਾਈ ਲੜਨੀ ਪਵੇਗੀ।
ਸੁਧਾਕਰ ਦਿਵੇਦੀ: ਸਾਡੇ ਕੋਲ ਰਾਜਭਾਗ ਨੂੰ ਚਲਾਉਣ ਦਾ ਪੁਰਾਤਨ ਸ਼ਾਸਤਰ ਹੈ। ਸਾਡੀਆਂ ਸਿਮਰਤੀਆਂ ਸਾਡੇ ਸਮਾਜ ਦਾ ਸੰਵਿਧਾਨ ਹਨ। ਇਸ ਵਕਤ ਪੂਰੇ ਭਾਰਤ ਅੰਦਰ 14 ਸਿਮਰਤੀਆਂ ਹਨ। ਸਭ ਨੂੰ ਇਕੱਠਾ ਕਰੋ…।
ਪੁਰੋਹਿਤ: ਅਸੀਂ ਚਾਹੁੰਦੇ ਹਾਂ, ਇਸ ਦੇਸ਼ ਵਿਚ ਵੇਦਾਂ ਦੇ ਸਿਧਾਂਤਾਂ ‘ਤੇ ਆਧਾਰਿਤ ਹਿੰਦੂ ਧਰਮ ਜਾਂ ਵੈਦਿਕ ਧਰਮ ਸਥਾਪਤ ਹੋਵੇ।
ਮੇਜਰ (ਰਿਟਾਇਰਡ) ਰਾਮੇਸ਼ ਉਪਾਧਿਆਏ: ਇਹ ਸੰਵਿਧਾਨ ਸਾਡੇ ‘ਤੇ ਲਾਗੂ ਨਹੀਂ ਹੁੰਦਾ, ਸਾਨੂੰ ਮਨਜ਼ੂਰ ਨਹੀਂ। ਨਵਾਂ ਸੰਵਿਧਾਨ ਇਸ ਦੀ ਥਾਂ ਲਵੇਗਾ ਅਤੇ ਫਿਰ ਹਿੰਦੂ ਰਾਸ਼ਟਰ ਸਥਾਪਤ ਕੀਤਾ ਜਾਵੇਗਾ।
ਇਸ ਤਰ੍ਹਾਂ ਨਵੇਂ ਹਿੰਦੂ ਰਾਸ਼ਟਰ ਦੀ ਸਥਾਪਤੀ ਲਈ ਸਿਰਫ ਸਿਮਰਤੀਆਂ ਆਧਾਰਤ ਸੰਵਿਧਾਨ ਨੂੰ ਹੀ ਕਾਫੀ ਨਹੀਂ ਸਮਝਿਆ ਗਿਆ। ‘ਅਭਿਨਵ ਭਾਰਤ’ ਦੇ ਘਾੜੇ ਨੇ ਰਾਸ਼ਟਰੀ ਝੰਡੇ ਨੂੰ ਵੀ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਤਜਵੀਜ਼ ਪੇਸ਼ ਕੀਤੀ:
‘ਇਹ ਝੰਡਾ ਸੁਨਹਿਰੀ ਕਿਨਾਰੀ ਵਾਲਾ ਭਗਵਾਂ ਝੰਡਾ ਹੋਵੇਗਾ, ਜਿਸ ‘ਤੇ ਪੁਰਾਤਨ ਸੁਨਹਿਰੀ ਮਸ਼ਾਲ ਛਪੀ ਹੋਵੇਗੀ। ਇਸ ਝੰਡੇ ਦੀ ਲੰਬਾਈ ਚੌੜਾਈ ਨਾਲੋਂ ਦੁੱਗਣੀ ਹੋਵੇਗੀ। ਉਸ ਭਗਵੇਂ ਝੰਡੇ ‘ਤੇ ਚਾਰ ਦਿਸ਼ਾਵਾਂ ਵਿਚ ਚਾਰ ਲਾਟਾਂ ਹੋਣਗੀਆਂ ਜੋ ਚਾਰ ਵੇਦਾਂ ਨੂੰ ਦਰਸਾਉਣਗੀਆਂ।’
‘ਅਭਿਨਵ ਭਾਰਤ’ ਨੂੰ ਨਵੇਂ ਰਾਸ਼ਟਰ ਦੀ ਰੂਹਾਨੀ ਧਾਰਾ ਦੇ ਤੌਰ ‘ਤੇ ਸਥਾਪਤ ਕਰਨ ਲਈ ਸ੍ਰੀਕਾਂਤ ਪੁਰੋਹਿਤ ਨੇ ਦਲੀਲ ਦਿੱਤੀ ਕਿ ‘ਜਦੋਂ ਅਭਿਨਵ ਭਾਰਤ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਇਕ ਭਾਰਤ ਮਾਤਾ ਮੰਦਿਰ ਬਣਾਉਣਾ ਹੋਵੇਗਾ। ਇਸ ਨਾਲ ਰਾਸ਼ਟਰੀਅਤਾ ਦਾ ਵਿਚਾਰ ਪੂਜਨੀਕ ਬਣ ਜਾਵੇਗਾ।’
ਇਹ ਭਾਸ਼ਾ ਉਨ੍ਹਾਂ ਦੇ ਮਨਾਂ ਵਿਚਲੀ ਭਾਰਤੀ ਸਟੇਟ ਦੀਆਂ ਸੰਸਥਾਵਾਂ ਅਤੇ ਕਾਨੂੰਨ ਪ੍ਰਤੀ ਘੋਰ ਨਫਰਤ ਨੂੰ ਸਾਹਮਣੇ ਲਿਆਉਂਦੀ ਹੈ। ਇਕ ਸਮੇਂ ਦੀ ਗੱਲਬਾਤ ਵਿਚ ਸ਼ਾਮਲ ਸ਼ਖਸ, ਜਿਨ੍ਹਾਂ ਵਿਚ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਰਿਟਾਇਰਡ ਮੇਜਰ ਉਪਧਿਆਏ ਸ਼ਾਮਿਲ ਸਨ, ਪਹਿਲਾਂ ਹੋਏ ਕਈ ਬੰਬ ਕਾਂਡਾਂ ਦਾ ਸਿਹਰਾ ਹੁੱਬ ਕੇ ਆਪਣੇ ਸਿਰ ਲੈਂਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ‘ਆਈ. ਐਸ਼ ਆਈ. ਦਾ ਕਾਰਾ’ ਸਮਝਿਆ ਜਾਂਦਾ ਸੀ। ਇਕ ਹੋਰ ਸਮੇਂ ਪੁਰੋਹਿਤ ਸਪਸ਼ਟ ਕਰਦਾ ਕਹਿੰਦਾ ਹੈ ਕਿ ਜੋ ਕੋਈ ਵੀ ਹਿੰਦੂ ਰਾਸ਼ਟਰ ਬਣਾਉੁਣ ਦੇ ਰਸਤੇ ਵਿਚ ਆਵੇਗਾ, ‘ਉਸ ਨੂੰ ਨਾ ਸਿਰਫ ਸਿਆਸੀ ਤੌਰ ‘ਤੇ ਛੇਕਿਆ ਜਾਵੇਗਾ ਸਗੋਂ ‘ਪਾਰ ਬੁਲਾ’ ਦਿੱਤਾ ਜਾਵੇਗਾ।’
ਗੱਲਬਾਤ ਦਾ ਉਤਾਰਾ ਦਿਖਾਉਂਦਾ ਹੈ ਕਿ ‘ਅਭਿਨਵ ਭਾਰਤ’ ਦੇ ਆਗੂ, ਭਾਜਪਾ ਅਤੇ ਆਰ. ਐਸ਼ ਐਸ਼ ਨੂੰ ਆਪਣੀ ਮਿੱਤਰ ਜਥੇਬੰਦੀ ਤਾਂ ਸਮਝਦੇ ਹਨ, ਪਰ ਉਹ ਨੇੜ ਭਵਿਖ ਵਿਚ ਉਨ੍ਹਾਂ ਤੋਂ ਬਹੁਤੀ ਆਸ ਨਹੀਂ ਸਨ ਰੱਖਦੇ। ਉਨ੍ਹਾਂ ਨੂੰ ਲੱਗਦਾ ਸੀ ਕਿ ਆਰ. ਐਸ਼ ਐਸ਼ ਸਿਰਫ ਵਿਚਾਰਧਾਰਾ ਅਤੇ ਏਜੰਡੇ ਦੇ ਤੌਰ ‘ਤੇ ਹੀ ਕਮਜ਼ੋਰ ਨਹੀਂ ਸਗੋਂ ਕੰਮ ਕਰਨ ਦੇ ਤਰੀਕੇ ਅਤੇ ‘ਫੌਰੀ ਕਾਰਵਾਈਆਂ ਕਰਨ’ ਪੱਖੋਂ ਵੀ ਕਮਜ਼ੋਰ ਹੈ।
ਗੱਲਬਾਤ ਵਿਚ ‘ਫੌਰੀ ਕਾਰਵਾਈ’ ਦੀ ਚਰਚਾ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਹੀ ਪੁਰੋਹਿਤ ਅਤੇ ਇਨ੍ਹਾਂ ਲੋਕਾਂ ਨੂੰ ਇਸ ਪਾਸੇ ਪ੍ਰੇਰਿਆ। ਇਸ ਲਈ ਉਨ੍ਹਾਂ ਨੂੰ ਸਮਰਪਿਤ ਬੰਦਿਆਂ ਅਤੇ ਕਾਫੀ ਮਾਤਰਾ ਵਿਚ ਫੰਡਾਂ ਦੀ ਲੋੜ ਸੀ। ਮਹਾਰਾਸ਼ਟਰ ਏ. ਟੀ. ਐਸ਼ (ਐਂਟੀ ਟੈਰਰਿਸਟ ਸਕੁਐਡ) ਨੇ ‘ਅਭਿਨਵ ਭਾਰਤ’ ਦੇ ਧਨ ਦੇ ਵਸੀਲਿਆਂ ਦਾ ਭਾਂਡਾ ਭੰਨਿਆ। ਚਾਰਜਸ਼ੀਟ ਅਨੁਸਾਰ ਰਾਕੇਸ਼ ਧਾਵੜੇ ‘ਜੋ ਪੁਰੋਹਿਤ ਅਤੇ ਅਜੇ ਰਹੀਰਕਰ ਨਾਲ ਰਾਏਗੜ੍ਹ ਵਿਖੇ 2006 ਵਿਚ ਅਭਿਨਵ ਭਾਰਤ ਦੇ ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਸੀ, ਜਥੇਬੰਦ ਜੁਰਮ ਨਾਲ ਜੁੜਿਆ ਹੋਇਆ ਹੈ। ਉਸ ਨੇ ਇੰਸਟੀਚਿਊਟ ਆਫ ਰਿਸਰਚ ਅਂੈਡ ਡਿਵੈਲਪਮੈਂਟ ਇਨ ਓਰੀਐਂਟਲ ਸਟੱਡੀਜ਼-ਆਰਮਜ਼ ਐਂਡ ਆਰਮਰ (ਆਈ. ਆਰ. ਡੀ. ਓ. ਐਸ਼-ਇਰਡੋਸ) ਦੇ ਨਾਂ ਹੇਠ ਸੰਸਥਾ ਵੀ ਬਣਾਈ ਸੀ। ‘ਇਰਡੋਸ’ ਨੂੰ ਅਭਿਨਵ ਭਾਰਤ ਦੇ ਖਾਤੇ ਵਿਚੋਂ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ‘ਸਹਿਯੋਗ ਦੇਣ ਬਦਲੇ’ ਸਵਾ ਦੋ ਲੱਖ ਰੁਪਏ ਦਾ ਚੈੱਕ ਪੁਰੋਹਿਤ ਦੇ ਕਹਿਣ ‘ਤੇ ਦਿੱਤਾ ਗਿਆ। ਚਾਰਜਸ਼ੀਟ ਨੇ ਇਹ ਖੁਲਾਸਾ ਵੀ ਕੀਤਾ ਕਿ ਅਭਿਨਵ ਭਾਰਤ ਦੇ ਖਜਾਨਚੀ ਅਜੇ ਰਹੀਰਕਰ ਨੇ ਰਾਕੇਸ਼ ਧਾਵੜੇ ਨੂੰ ਪੁਰੋਹਿਤ ਦੇ ਕਹਿਣ ‘ਤੇ ‘ਹਥਿਆਰ ਲੈਣ ਲਈ ਸਵਾ ਦੋ ਲੱਖ ਰੁਪਏ ਅਦਾ ਕੀਤੇ’।
ਹਿੰਦੂ ਰਾਸ਼ਟਰ ਸਥਾਪਤ ਕਰਨਾ ਅਤੇ ਭਾਰਤੀ ਮੁਸਲਮਾਨਾਂ ਤੋਂ ਉਨ੍ਹਾਂ ਦੀਆਂ ‘ਪਿਛਲੀਆਂ ਦਹਿਸ਼ਤਵਾਦੀ ਕਾਰਵਾਈਆਂ’ ਦਾ ਬਦਲਾ ਲੈਣ ਦੀ ਭਾਵਨਾ ਹੀ ‘ਅਭਿਨਵ ਭਾਰਤ’ ਨੂੰ ਚਲਾਉਣ ਦਾ ਇਕੋ-ਇਕ ਕਾਰਨ ਨਹੀਂ ਸੀ। ਰਾਕੇਸ਼ ਧਾਵੜੇ ਇਹ ਸਾਰਾ ਕੁਝ ਪੈਸਿਆਂ ਖਾਤਰ ਕਰ ਰਿਹਾ ਸੀ। ਚਾਰਜਸ਼ੀਟ ਇਹ ਜਾਣਕਾਰੀ ਵੀ ਦਿੰਦੀ ਹੈ ਕਿ ਬਹੁਤ ਸਾਰੇ ਹੋਰ ਲੋਕ ਵੀ ਆਰਥਕ ਲਾਹੇ ਲਈ ਕੰਮ ਕਰ ਰਹੇ ਸਨ:
“ਰਾਕੇਸ਼ ਧਾਵੜੇ ਦਾ ਸੰਗਠਿਤ ਦਹਿਸ਼ਤਵਾਦੀ ਟੋਲਾ 2003 ਤੋਂ ਹੀ ਬੰਬ ਧਮਾਕੇ ਕਰ ਰਿਹਾ ਸੀ। ਮੌਜੂਦਾ ਦੋਸ਼ੀ ਇਸ ਸੰਗਠਿਤ ਦਹਿਸ਼ਤਵਾਦੀ ਟੋਲੇ ਨਾਲ ਬਾਅਦ ਵਿਚ ਜੁੜੇ ਅਤੇ ਉਹ ਆਪਣੇ ਲਾਹੇ ਖਾਤਰ ਆਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਚਲਾ ਰਹੇ ਸਨ।…ਉਨ੍ਹਾਂ ਨੇ ਇਹ ਪ੍ਰਭਾਵ ਪੈਦਾ ਕੀਤਾ ਹੈ ਕਿ ਉਹ ਤਾਂ ਮੁਸਲਿਮ ਭਾਈਚਾਰੇ ਦੇ ਕਥਿਤ ਦੋਸ਼ੀਆਂ ਦੇ ਕਾਰਿਆਂ ਦਾ ਬਦਲਾ ਲੈ ਰਹੇ ਹਨ। ਇਹ ਸੰਗਠਿਤ ਦਹਿਸ਼ਤਵਾਦੀ ਸਿੰਡੀਕੇਟ ਇਹ ਆਰਥਕ ਕਮਾਈ ਕਿਵੇਂ ਕਰਦਾ ਸੀ ਅਤੇ ਫਿਰ ਇਸ ਨੂੰ ਵੱਖ-ਵੱਖ ਮਨੋਰਥਾਂ ਲਈ ਆਪਣੇ ਮੈਂਬਰਾਂ ਵਿਚ ਵੰਡ ਲਿਆ ਜਾਂਦਾ ਸੀ, ਇਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ।”
2008 ਮਾਲੇਗਾਉਂ ਧਮਾਕਿਆਂ ਤੋਂ ਪਹਿਲਾਂ ਪੈਸਾ ‘ਅਭਿਨਵ ਭਾਰਤ’ ਦੇ ਕੇਂਦਰੀ ਧੁਰੇ ਤੋਂ ਵੱਖ-ਵੱਖ ਪਾਸਿਆਂ ਨੂੰ ਭੇਜਿਆ ਜਾ ਰਿਹਾ ਸੀ। ਅਜਿਹਾ ਤੱਥ ਚਾਰਜਸ਼ੀਟ ਵਿਚ ਦਰਜ ਹੈ, ਜੋ ਪੁਰੋਹਿਤ ਦੁਆਰਾ ਹਥਿਆਰ ਵੇਚਣ ਬਾਰੇ ਹੈ: ‘ਕਰਨਲ ਪੁਰੋਹਿਤ ਨੇ ਇਕ ਹਥਿਆਰ ਭੋਪਾਲ ਦੇ ਅਲੋਕ ਨੂੰ ਸੁਧਾਕਰ ਦਿਵੇਦੀ ਦੇ ਆਦੇਸ਼ਾਂ ‘ਤੇ ਪਹੁੰਚਾਇਆ ਸੀ। ਇਸ ਹਥਿਆਰ ਦਾ ਮੁੱਲ 80,000 ਰੁਪਏ ਸੀ, ਜੋ ਪੁਰੋਹਿਤ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏ ਜਾਣ ਦੇ ਸਬੂਤ ਹਨ।’
26 ਨਵੰਬਰ 2008 ਨੂੰ ਏ. ਟੀ. ਐਸ਼ ਮੁਖੀ ਹੇਮੰਤ ਕਰਕਰੇ ਦੇ ਕਤਲ ਤੋਂ ਇਕ ਦਿਨ ਪਹਿਲਾਂ ਏ. ਟੀ. ਐਸ਼ ਨੇ ਖੁਲਾਸਾ ਕੀਤਾ ਕਿ ਉਸ ਵਲੋਂ ਪੂਨੇ ਦੇ ਬਹੁਤ ਸਾਰੇ ਉਦਯੋਗਪਤੀਆਂ ਵਲੋਂ ‘ਅਭਿਨਵ ਭਾਰਤ’ ਨੂੰ ਦਿੱਤੇ ਚੰਦਿਆਂ ਦੀ ਤਫਤੀਸ਼ ਕੀਤੀ ਜਾ ਰਹੀ ਸੀ। 25 ਨਵੰਬਰ ਨੂੰ ‘ਹਿੰਦੋਸਤਾਨ ਟਾਈਮਜ਼’ ਅਖਬਾਰ ਵਿਚ ਛਪੀ ਰਿਪੋਰਟ ਅਨੁਸਾਰ ਏ. ਟੀ. ਐਸ਼ ਨੂੰ ਪੂਰਾ ਭਰੋਸਾ ਸੀ ਕਿ ਪੂਨੇ ਤੋਂ ਸ਼ਿਆਮ ਆਪਟੇ ‘ਅਭਿਨਵ ਭਾਰਤ’ ਦਾ ਸੰਪਰਕ ਸੂਤਰ ਹੈ, ਜੋ ਸਨਅਤਕਾਰਾਂ ਨੂੰ ਦਾਨ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰਦਾ ਹੈ। ਇਹ ਪੈਸਾ ਅੱਗੇ ਕਾਰਕੁਨਾਂ ਨੂੰ ਦਹਿਸ਼ਤਵਾਦੀ ਹਮਲਿਆਂ ਦੀ ਸਿਖਲਾਈ ਦੇਣ ਲਈ ਵਰਤਿਆ ਜਾਂਦਾ ਸੀ। ਏ. ਟੀ. ਐਸ਼ ਨੂੰ ਇਹ ਵੀ ਯਕੀਨ ਸੀ ਕਿ ਪੁਰੋਹਿਤ ਆਪਟੇ ਨਾਲ ਮਿਲ ਕੇ ‘ਅਭਿਨਵ ਭਾਰਤ’ ਲਈ ਫੰਡ ਉਗਰਾਹੁਣ ਵਿਚ ਉਸ ਦਾ ਹੱਥ ਵਟਾਉਂਦਾ ਸੀ। ਰਿਪੋਰਟ ਅਨੁਸਾਰ ਆਪਟੇ ਜਦੋਂ ਅਮਰੀਕਾ ਰਹਿੰਦਾ ਸੀ, ਉਸ ਨੇ ਕਈ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਸੰਪਰਕ ਬਣਾ ਕੇ ਪੂਰਾ ਤਾਣਾਬਾਣਾ ਤਿਆਰ ਕਰ ਲਿਆ ਸੀ। ਉਥੇ ਉਹ ਆਰ. ਐਸ਼ ਐਸ਼ ਅਤੇ ਹੋਰ ਹਿੰਦੂ ਜਥੇਬੰਦੀਆਂ ਨਾਲ ਮਿਲ ਕੇ ਸਰਗਰਮੀ ਨਾਲ ਕੰਮ ਕਰ ਰਿਹਾ ਸੀ। 1980ਵਿਆਂ ਦੇ ਅੱਧ ਵਿਚ ਉਹ ਪੂਨੇ ਵਾਪਸ ਆ ਗਿਆ ਅਤੇ ਇਥੇ ਉਹ ਪੁਰੋਹਿਤ ਅਤੇ ‘ਅਭਿਨਵ ਭਾਰਤ’ ਦੇ ਕੰਮ ਵਿਚ ਜੁਟ ਗਿਆ।
ਇਹ ਵੀ ਰਿਪੋਰਟਾਂ ਹਨ ਕਿ ਅਜੇ ਰਹੀਰਕਾਰ (ਏ. ਟੀ. ਐਸ਼ ਅਨੁਸਾਰ ਜਿਸ ਦੀ ਸ਼ਨਾਖਤ ‘ਅਭਿਨਵ ਭਾਰਤ’ ਦੇ ਮੁੱਖ ਵਿੱਤੀ ਪ੍ਰਬੰਧਕ ਦੇ ਤੌਰ ‘ਤੇ ਕਰ ਲਈ ਗਈ ਸੀ) ਨੇ ਬਹੁਤ ਸਾਰੇ ਹਵਾਲਾ ਕਾਰੋਬਾਰੀਆਂ ਤੋਂ 10 ਲੱਖ ਰੁਪਏ ਵਸੂਲ ਕੀਤੇ ਸਨ। ਚਾਰਜਸ਼ੀਟ ਵਿਚ ਦਰਜ ਹੈ ਕਿ ਉਸ ਨੇ 3,20,000 ਰਾਕੇਸ਼ ਧਾਵੜੇ ਨੂੰ ਦਿੱਤੇ। ਉਸ ਨੇ 3,98,500 ਇਕ ਹੋਰ ਦੋਸ਼ੀ ਜਗਦੀਸ਼ ਮਾਹਤਰੇ ਨੂੰ ਦਿੱਤੇ। ਇਸ ਤੋਂ ਇਲਾਵਾ 1,95000 ਰੁਪਏ ਰਿਟਾਇਰਡ ਮੇਜਰ ਰਾਮੇਸ਼ ਉਪਾਧਿਆਏ ਅਤੇ 95,000 ਰੁਪਏ ਸਮੀਰ ਕੁਲਕਰਨੀ ਨੂੰ ਵੀ ਦਿੱਤੇ।
ਜੋ ਪੈਸਾ ‘ਅਭਿਨਵ ਭਾਰਤ’ ਦੇ ਨਾਂ ਹੇਠ ਉਗਰਾਹਿਆ ਜਾਂਦਾ ਸੀ, ਉਹ ਸਾਰਾ ਸੰਸਥਾ ਦੀਆਂ ਸਰਗਰਮੀਆਂ ਲਈ ਨਹੀਂ ਸੀ ਵਰਤਿਆ ਜਾਂਦਾ। ਏ. ਟੀ. ਐਸ਼ ਨੇ ਨੋਟ ਕੀਤਾ ਕਿ ਇਸ ਦਾ ਇਕ ਹਿੱਸਾ ਨਿੱਜੀ ਵਰਤੋਂ ਲਈ ਵੀ ਖਿਸਕਾ ਲਿਆ ਜਾਂਦਾ ਸੀ। ਪ੍ਰਵੀਨ ਮੁਥਾਲਿਕ ਜਿਸ ਨੇ ਬੰਬ ਕਾਂਡਾਂ ਤੋਂ ਪਹਿਲਾਂ ਤਿੰਨ ਮਹੀਨੇ ਪੁਰੋਹਿਤ ਦੇ ਨਿੱਜੀ ਸਕੱਤਰ ਵਜੋਂ ਕੰਮ ਕੀਤਾ ਅਤੇ ਜੋ ਦੋ ਸਾਲ ਤੋਂ ਗ੍ਰਿਫਤਾਰੀ ਤੋਂ ਬਚਣ ਲਈ ਲੁਕਿਆ ਹੋਇਆ ਸੀ, ਉਸ ਬਾਰੇ ਰਿਪੋਰਟ ਖੁਲਾਸਾ ਕਰਦੀ ਹੈ ਕਿ ਉਸ ਨੇ ਅਭਿਨਵ ਭਾਰਤ ਦੇ ਫੰਡਾਂ ਦੀ ਵਰਤੋਂ ਆਪਣਾ ਕਾਰੋਬਾਰ ਖੜ੍ਹਾ ਕਰਨ ਲਈ ਕੀਤੀ। ਉਸ ਨੇ ਪੁਰੋਹਿਤ ਤੋਂ ਤਿੰਨ ਲੱਖ ਤੋਂ ਵੱਧ ਰੁਪਏ ਲਏ ਅਤੇ ਗ੍ਰਿਫਤਾਰੀਆਂ ਸ਼ੁਰੂ ਹੋਣ ‘ਤੇ ਇਹ ਪੈਸੇ ਲੈ ਕੇ ਗਾਇਬ ਹੋ ਗਿਆ। ਮੁਥਾਲਿਕ, ਜਿਸ ਨੇ ਇਕ ਹੋਰ ਦੋਸ਼ੀ ਦੀ ਬੰਬ ਬਣਾਉਣ ਅਤੇ ਬੰਬਾਂ ਦੇ ਪਲੀਤੇ ਲਾਉਣ ਵਿਚ ਮਦਦ ਕੀਤੀ ਸੀ, ਨੂੰ 31 ਜਨਵਰੀ 2011 ਨੂੰ ਕਰਨਾਟਕ ਦੇ ਬੈਲਗਾਮ ਜਿਲੇ ਵਿਚ ਗੋਕਾਕ ਨਾਂ ਦੇ ਸਥਾਨ ਤੋਂ ਉਸ ਦੀ ਮੋਬਾਈਲ ਸਿਮ ਕਾਰਡਾਂ ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਥਂੋ ਤੱਕ ਕਿ ਪੁਰੋਹਿਤ ਵੀ ਲਾਲਚ ਤੋਂ ਬਚ ਨਾ ਸਕਿਆ ਅਤੇ ਉਸ ਨੇ ‘ਅਭਿਨਵ ਭਾਰਤ’ ਦੇ ਫੰਡਾਂ ਵਿਚੋਂ ਚਾਰ ਲੱਖ ਰੁਪਏ ਤੋਂ ਵੱਧ ਵਰਤ ਕੇ ਨਾਸਿਕ ਵਿਚ ਫਲੈਟ ਖਰੀਦ ਲਿਆ।

‘ਅਭਿਨਵ ਭਾਰਤ’ ਦੇ ਦਹਿਸ਼ਤਵਾਦੀ ਤਾਣੇਬਾਣੇ ਦਾ ਭੇਤ ਖੁੱਲ੍ਹ ਜਾਣ ‘ਤੇ ਆਰ. ਐਸ਼ ਐਸ਼ ਅਤੇ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਜਾਪਦਾ ਹੈ, ਹੁਣ ਉਹ ਇਸ ਦੀਆਂ ਕਾਰਵਾਈਆਂ ਅਤੇ ਇਨ੍ਹਾਂ ਕਾਰਵਾਈਆਂ ਦੇ ਅਣਕਿਆਸੇ ਨਤੀਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਆਰ. ਐਸ਼ ਐਸ਼ ਅਤੇ ਭਾਜਪਾ ਦੇ ਸਿਖਰਲੇ ਆਗੂ ਸਮਝਦੇ ਸਨ ਕਿ ਪੁਰੋਹਿਤ ਅਤੇ ਉਨ੍ਹਾਂ ਦੇ ਸਾਥੀ ਤਾਂ ਇਕ ‘ਹਾਸ਼ੀਏ ਵਾਲੇ ਗਰੁੱਪ’ ਨਾਲ ਸਬੰਧਤ ਹਨ, ਜਿਸ ਦੀ ਉਨ੍ਹਾਂ ਕਦੇ ਪੁਸ਼ਤਪਨਾਹੀ ਨਹੀਂ ਕੀਤੀ। ਉਸ ਵੇਲੇ ਦੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਕੋਲ ਸਾਧਵੀ ਪ੍ਰੱਗਿਆ ਸਿੰਘ ਅਤੇ ਮਾਲੇਗਾਓਂ ਬੰਬ ਕਾਂਡ ਦੇ ਹੋਰ ਦੋਸ਼ੀਆਂ ਖਿਲਾਫ ਕੋਈ ਠੋਸ ਸਬੂਤ ਨਹੀਂ।
ਫਿਰ ਵੀ ‘ਅਭਿਨਵ ਭਾਰਤ’ ਦੀਆਂ ਆਰ. ਐਸ਼ ਐਸ਼ ਵਿਚ ਜੜ੍ਹਾਂ ਸਾਫ ਨਜ਼ਰ ਆ ਰਹੀਆਂ ਹਨ। ਸਮੀਰ ਕੁਲਕਰਨੀ ਆਰ. ਐਸ਼ ਐਸ਼ ਦਾ ਪ੍ਰਚਾਰਕ ਸੀ। ਉਸ ਨੇ ਹਿਮਾਨੀ ਸਾਵਰਕਰ ਨੂੰ ਜਥੇਬੰਦੀ ਦੀ ਮੁਖੀ ਬਣਨ ਲਈ ਕਿਹਾ ਸੀ ਅਤੇ ਇਸ ਨੇ ਜਥੇਬੰਦੀ ਦੀ ਮੱਧ ਪ੍ਰਦੇਸ਼ ਬਰਾਂਚ ਦੀ ਨੀਂਹ ਰੱਖੀ। 26 ਦਸੰਬਰ 2008 ਨੂੰ ਹਿਮਾਨੀ ਨੇ ਪੁਲਿਸ ਨੂੰ ਦੱਸਿਆ, ‘ਮੈਂ ਕੁਲਕਰਨੀ ਨੂੰ ਡੇਢ ਸਾਲ ਪਹਿਲਾਂ ਮਿਲੀ, ਜਦੋਂ ਉਹ ਆਰ. ਐਸ਼ ਐਸ਼ ਦੇ ਕੁਲਵਕਤੀ ਮੈਂਬਰ ਵਜੋਂ ਕੰਮ ਕਰਦਾ ਸੀ। ਮੇਰਾ ਘਰ ਸਾਵਰਕਰ ਦੇ ਘਰ ਦੇ ਬਿਲਕੁਲ ਨਾਲ ਹੀ ਹੈ, ਉਹ ਅਕਸਰ ਉਥੇ ਆਉਂਦਾ ਸੀ। ਉਦੋਂ ਉਸ ਨੇ ਮੈਨੂੰ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿਚ ‘ਅਭਿਨਵ ਭਾਰਤ’ ਲਈ ਕੰਮ ਕਰੇਗਾ।
‘ਅਭਿਨਵ ਭਾਰਤ’ ਦੇ ਸਿਰਮੌਰ ਆਗੂ ਰਿਟਾਇਰਡ ਮੇਜਰ ਰਾਮੇਸ਼ ਉਪਧਿਆਏ ਦੇ ਵੀ ਸੰਘ ਪਰਿਵਾਰ ਨਾਲ ਗੂੜ੍ਹੇ ਰਿਸ਼ਤੇ ਹਨ। ਇਸ ਜਥੇਬੰਦੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਭਾਜਪਾ ਦੀ ਮੁੰਬਈ ਇਕਾਈ ਦੇ ਸਾਬਕਾ ਫੌਜੀ ਸੈੱਲ ਦਾ ਪ੍ਰਧਾਨ ਸੀ। ਸਾਧਵੀ ਪ੍ਰੱਗਿਆ ਸਿੰਘ ਦਾ ਸਿਆਸੀ ਸਫਰ ਵੀ ਘੱਟ ਅਹਿਮ ਨਹੀਂ। ਮਾਲੇਗਾਉਂ ਬੰਬ ਕਾਂਡ ਵਿਚ ਸਭ ਤੋਂ ਪਹਿਲਾਂ ਉਸੇ ਦੀ ਗ੍ਰਿਫਤਾਰੀ ਹੋਈ ਸੀ। ਉਹ 1997 ਤਕ ਉਜੈਨ ਤੇ ਇੰਦੌਰ ਵਿਚ ਏ.ਬੀ.ਵੀ.ਪੀ. ਦੀ ਆਗੂ ਸੀ, ਜੋ ਆਰ. ਐਸ਼ ਐਸ਼ ਦਾ ਵਿਦਿਆਰਥੀ ਵਿੰਗ ਹੈ। ਬਾਅਦ ਵਿਚ ਉਹ ਇਸ ਦੀ ਕੌਮੀ ਕਾਰਜਕਾਰਨੀ ਵਿਚ ਵੀ ਸ਼ਾਮਲ ਰਹੀ ਅਤੇ ਫਿਰ ਉਸ ਨੇ ‘ਸੰਨਿਆਸ’ ਲੈ ਲਿਆ।
ਸਭ ਤੋਂ ਅਹਿਮ ਸਾਬਕਾ ਆਰ. ਐਸ਼ ਐਸ਼ ਕਾਰਕੁਨ ਬੀ. ਐਲ਼ ਸ਼ਰਮਾ ‘ਅਭਿਨਵ ਭਾਰਤ’ ਵਿਚ ਸ਼ਾਮਲ ਹੋਇਆ। ਉਸ ਨੇ ਪੂਰਬੀ ਦਿੱਲੀ ਤੋਂ 1991 ਅਤੇ 1996 ਦੀ ਲੋਕ ਸਭਾ ਚੋਣ ਭਾਜਪਾ ਦੀ ਟਿਕਟ ‘ਤੇ ਜਿੱਤੀ ਸੀ। ਉਹ 1940 ਤੋਂ ਆਰ. ਐਸ਼ ਐਸ਼ ਕਾਰਕੁਨ ਸੀ। ਉਹਨੇ ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਵੀ ਕੰਮ ਕੀਤਾ ਅਤੇ ਰਾਮ ਜਨਮ ਭੂਮੀ ਅੰਦੋਲਨ ਵਿਚ ਵੀ ਸਰਗਰਮੀ ਨਾਲ ਹਿੱਸਾ ਲਿਆ। ‘ਅਖੰਡ ਭਾਰਤ’ ਦੀ ਪ੍ਰਾਪਤੀ ਨਾ ਹੁੰਦੀ ਦੇਖ ਕੇ ਉਸ ਦਾ ਸੰਘ ਪਰਿਵਾਰ ਤੋਂ ਮੋਹ ਭੰਗ ਹੋ ਗਿਆ। ਉਸ ਨੇ ਐਲ਼ ਕੇ. ਅਡਵਾਨੀ ਨੂੰ ਚਿੱਠੀ ਵੀ ਲਿਖੀ। ਇਹ ਚਿੱਠੀ ਉਸ ਨੇ ‘ਅਭਿਨਵ ਭਾਰਤ’ ਦੀ ਮੀਟਿੰਗ ਸਮੇਂ ਪੜ੍ਹ ਕੇ ਵੀ ਸੁਣਾਈ: ‘ਅਖੰਡ ਭਾਰਤ ਦੀ ਸੋਚ ਮਰ ਮੁੱਕ ਚੁੱਕੀ ਸੀ। ਸਾਵਰਕਰ ਜੀ ਨੇ ਇਸ ਨੂੰ ਮੁੜ ਸੁਰਜੀਤ ਕੀਤਾ ਅਤੇ ਇਸ ਦਾ ਪ੍ਰਚਾਰ ਕੀਤਾ, ਪਰ ਸੰਘ ਨੇ ਇਸ ਸੋਚ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ। ਜਨ ਸੰਘ (ਭਾਜਪਾ ਦਾ ਪਹਿਲਾ ਰੂਪ) ਨੇ ਇਸ ਨੂੰ ਅਪਨਾਇਆ ਪਰ ਭਾਜਪਾ ਬਣਨ ਪਿਛੋਂ ਇਸ ਨੂੰ ਖੂੰਜੇ ਲਾ ਦਿੱਤਾ ਗਿਆ।’
ਇਹ ਕਰਨਲ ਪੁਰੋਹਿਤ ਹੀ ਸੀ, ਜਿਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ. ਐਸ਼ ਐਸ਼ ਦੇ ਨਿਰਾਸ਼ ਆਗੂਆਂ ਨੂੰ ‘ਅਭਿਨਵ ਭਾਰਤ’ ਦਾ ਹਿੱਸਾ ਬਣਨ ਲਈ ਪ੍ਰੇਰਿਆ ਅਤੇ ਇਸ ਦਾ ਕਾਡਰ ਬੰਨ੍ਹਿਆ। ‘ਇਕਨਾਮਿਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਉੁਹ ‘ਸੰਪਰਕ ਬਣਾਉਣ ਦਾ ਮਾਹਰ’ ਹੈ। ਰਿਪੋਰਟ ਅਗਾਂਹ ਕਹਿੰਦੀ ਹੈ, ‘ਪੁਰੋਹਿਤ ਦੇ ਛੇਵੀਂ, ਨਿਆਰੀ ਗਿਆਨ ਇੰਦਰੀ ਸੀ, ਜੋ ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਸੱਜੇ ਪੱਖੀ ਜਥੇਬੰਦੀਆਂ ਦੇ ਤੱਤੇ ਖਿਆਲਾਂ ਵਾਲੇ ਕਾਰਕੁਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ‘ਅਭਿਨਵ ਭਾਰਤ’ ਦਾ ਅੰਗ ਬਣਨ ਲਈ ਪ੍ਰੇਰਦੀ ਸੀ। ਉਸ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗੁਣਾਂ ਵਾਲੇ ਕਾਰਕੁਨਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਸ ਵਿਚ ਕਰਨ ਦੀ ਮੁਹਾਰਤ ਦੇਖ ਕੇ ਪ੍ਰੀਸ਼ਦ ਦੀ ਆਗੂ ਟੀਮ ਵੀ ਉਸ ਵਿਚ ਰੁਚੀ ਲੈਣ ਲਈ ਮਜਬੂਰ ਹੋ ਗਈ। ਪ੍ਰਵੀਨ ਤੋਗੜੀਆ ਨੇ ਉਸੇ ਸਾਲ 2008 ਵਿਚ ਮੁੰਬਈ ਦੇ ਇਕ ਹੋਟਲ ਵਿਚ ਉਸ ਨਾਲ ਮੀਟਿੰਗ ਕੀਤੀ। ਤੋਗੜੀਆ ਨੇ ਪੁਰੋਹਿਤ ਦੀ ‘ਅਭਿਨਵ ਭਾਰਤ’ ਛੱਡ ਕੇ ਉਸ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਕੰਮ ਕਰਨ ਲਈ ਮਨਾਉਣ ਵਾਸਤੇ ਮਿੰਨਤ ਕੀਤੀ, ਪਰ ਪੁਰੋਹਿਤ ਨੇ ਨਾਂਹ ਕਰ ਦਿੱਤੀ।
ਦਰਅਸਲ, ਪੁਰੋਹਿਤ ਦਾ ਤੋਗੜੀਆ ਨਾਲ ਕੁਝ ਸਮੇਂ ਤੋਂ ਸੰਪਰਕ ਚੱਲ ਰਿਹਾ ਸੀ। ਉਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਨੂੰ ਇਹ ਸੁਝਾਅ ਵੀ ਦਿੱਤਾ ਕਿ ‘ਅਭਿਨਵ ਭਾਰਤ’ ਬੰਬ ਧਮਾਕੇ ਕਰੇਗਾ ਅਤੇ ਸੰਘ ਪਰਿਵਾਰ ਇਸ ਦੀ ਜ਼ਿੰਮੇਵਾਰੀ ਲਵੇ। ਉਸ ਨੇ ਤੋਗੜੀਆ ਨਾਲ ਹੋਈ ਇਸ ਗੱਲਬਾਤ ਬਾਰੇ ‘ਅਭਿਨਵ ਭਾਰਤ’ ਦੀ ਮੀਟਿੰਗ ਵਿਚ ਵੀ ਜਾਣਕਾਰੀ ਦਿੱਤੀ, “ਮੈਂ ਪ੍ਰਵੀਨ ਭਾਈ ਨੂੰ ਕਿਹਾ, ਮੈਂ ਇਹ ਕਾਰਵਾਈਆਂ ਕਰਨ ਕਰਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ, ਪਰ ਕੀ ਤੁਸੀਂ ਇਸ ਦੀ ਜ਼ਿੰਮੇਵਾਰੀ ਲਵੋਗੇ? ਕੀ ਭਾਜਪਾ ਅੱਗੇ ਆਏਗੀ? ਉਸ ਨੇ ਮੈਨੂੰ ਸਾਫ ਜਵਾਬ ਦਿੱਤਾ ਕਿ ਉਨ੍ਹਾਂ ‘ਚੋਂ ਕੋਈ ਵੀ ਜਥੇਬੰਦੀ ਅੱਗੇ ਆ ਕੇ ਜ਼ਿੰਮੇਵਾਰੀ ਨਹੀਂ ਲਵੇਗੀ।”
ਪੁਰੋਹਿਤ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਬਹੁਤ ਉਮੀਦਾਂ ਸਨ: “ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਵਿਚੋਂ ਅਸ਼ੋਕ ਸਿੰਘਲ ਜੀ ਨਿਕਲ ਗਏ ਜਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਇਹ ਬੁੱਧੀਹੀਣ ਸੰਸਥਾ ਬਣ ਜਾਵੇਗੀ। ਇਹ ਸਿਰ-ਕੱਟਿਆ ਸਰੀਰ ਬਣ ਕੇ ਰਹਿ ਜਾਵੇਗਾ, ਭਾਜਪਾ ਇਹੋ ਚਾਹੁੰਦੀ ਹੈ। ਇਹ ਵਿੰਗ ਸਾਡੇ ਨਾਲ ਆ ਜਾਣਾ ਚਾਹੀਦਾ ਹੈ। ਇਸ ਗੱਲ ‘ਤੇ ਮੇਰਾ ਵਿਰੋਧ ਨਾ ਕਰੋ। ਇਹ ਸਾਡਾ ਮੁੱਖ ਹਥਿਆਰ ਹੋਵੇਗਾ।”
‘ਅਭਿਨਵ ਭਾਰਤ’ ਦਾ ਸੰਘ ਪਰਿਵਾਰ ਨਾਲ ਰਿਸ਼ਤਾ ਨਾਰਾਜ਼ਗੀ ਤੇ ਉਮੀਦ, ਨਫਰਤ ਤੇ ਮੋਹ ਦੀ ਅਜੀਬ ਖਿੱਚੜੀ ਰਿਹਾ ਹੈ; ਜਿਵੇਂ ਨੱਥੂਰਾਮ ਗੌਡਸੇ ਦੇ ਆਰ. ਐਸ਼ ਐਸ਼ ਨਾਲ ਸਬੰਧ ਅਸੁਖਾਵੇਂ ਹੋਣ ਦੇ ਬਾਵਜੂਦ ਉਹ ਇਕ ਪਾਸੇ ਇਸ ਦੇ ਜਥੇਬੰਦਕ ਢਾਂਚੇ ਦੀਆਂ ਤਾਰੀਫਾਂ ਕਰਦਾ ਸੀ, ਦੂਜੇ ਪਾਸੇ ਇਸ ਦੇ ਮੁਲਕ ਦੀ ਵੰਡ ਸਮੇਂ ਕੋਈ ਕਾਰਵਾਈ ਨਾ ਕਰਨ ਲਈ ਰੋਸ ਵੀ ਜਾਹਰ ਕਰਦਾ ਸੀ।
ਮਾਲੇਗਾਉਂ ਬੰਬ ਕਾਂਡ ਪਿਛੋਂ ਭਾਵੇਂ ਸੰਘ ਪਰਿਵਾਰ ਦੀਆਂ ਅਹਿਮ ਜਥੇਬੰਦੀਆਂ ਨੇ ‘ਅਭਿਨਵ ਭਾਰਤ’ ਤੋਂ ਵਿਥ ਬਣਾਈ ਰੱਖੀ, ਪਰ ਆਰ. ਐਸ਼ ਐਸ਼ ਨਾਲ ਜੁੜੀ ਇਕ ਹੋਰ ਜਥੇਬੰਦੀ ‘ਬਜਰੰਗ ਦਲ’ ਖੁੱਲ੍ਹੇਆਮ ਦੋਸ਼ੀਆਂ ਦੀ ਹਮਾਇਤ ਵਿਚ ਆ ਡਟੀ। ਬਜਰੰਗ ਦਲ ਦੇ ਮੁਖੀ ਪ੍ਰਕਾਸ਼ ਸ਼ਰਮਾ ਨੇ ਐਲਾਨ ਕੀਤਾ, “ਜੇ ਹਿੰਦੂ ਹਥਿਆਰ ਚੁੱਕਦੇ ਹਨ ਤਾਂ ਨੀਤੀ ਘਾੜੇ ਤਾਂ ਫਿਕਰਮੰਦ ਹੋਣਗੇ ਹੀ, ਕਿਉਂਕਿ ਸਰਕਾਰ ਦਾ ਦਹਿਸ਼ਤਵਾਦ ਵਿਰੁਧ ਲੜਾਈ ਦਾ ਨਜ਼ਰੀਆ ਟੀਰਾ ਹੈ।” ਉਸ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਦੀ ਜਥੇਬੰਦੀ ‘ਆਪਣੇ ਮੈਂਬਰਾਂ ਦਾ ਹੌਸਲਾ ਵਧਾਉਣ ਲਈ ਸਿਖਲਾਈ ਕੈਂਪ ਲਾਉਂਦੀ ਹੈ। ਜੇ ਨੌਜਵਾਨਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਨਾ ਦਿੱਤੀ ਗਈ, ਫਿਰ ਮੁਲਕ ਨੂੰ ਅਭਿਨਵ ਬਿੰਦਰੇ ਨਹੀਂ ਮਿਲਣਗੇ।’
ਬਜਰੰਗ ਦਲ ਅਤੇ ਅਭਿਨਵ ਭਾਰਤ ਦੀਆਂ ਸਮਾਨਤਾਵਾਂ ਬਹੁਤ ਉਘੜਵੀਂਆਂ ਹਨ। ਬਜਰੰਗ ਦਲ ਸੰਘ ਪਰਿਵਾਰ ਦੇ ਕੁਲ ਘਿਨਾਉਣੇ ਕੰਮ ਕਰਦਾ ਹੈ ਅਤੇ ਸੰਘ ਪਰਿਵਾਰ ਔਖੀ ਘੜੀ ਵਿਚ ਉਨ੍ਹਾਂ ਦੀ ਮਦਦ ਲਈ ਬਹੁੜਦਾ ਹੈ। ਜੂਨ 2015 ਵਿਚ ਰੋਹਿਨੀ ਸਾਲਿਆਨ ਨੇ ਮਾਲੇਗਾਉਂ ਬੰਬ ਧਮਾਕਿਆਂ ਦੇ ਮਾਮਲਿਆਂ ਵਿਚ ਐਨ. ਆਈ. ਏ. ਵਲੋਂ ਉਸ ‘ਤੇ ਨਰਮੀ ਵਰਤਣ ਲਈ ਦਬਾਓ ਪਾਉਣ ਦਾ ਜੋ ਖੁਲਾਸਾ ਕੀਤਾ, ਉਹ ਵੀ ਇਸੇ ਪਾਸੇ ਇਸ਼ਾਰਾ ਕਰਦਾ ਹੈ।
‘ਅਭਿਨਵ ਭਾਰਤ’ ਭਵਿਖ ਵਿਚ ਸੰਘ ਪਰਿਵਾਰ ਦੀ ਕਿਸ ਹੱਦ ਤਕ ਮਦਦ ਕਰ ਸਕਦਾ ਹੈ, ਇਹ ਮੁੱਖ ਤੌਰ ‘ਤੇ ਇਸ ਵਿਰੁਧ ਅਦਾਲਤ ਵਿਚ ਚੱਲ ਰਹੇ ਕੇਸਾਂ ਦੇ ਨਿਬੇੜੇ ‘ਤੇ ਨਿਰਭਰ ਕਰਦਾ ਹੈ। ਪੂਨੇ ਤੋਂ ‘ਅਭਿਨਵ ਭਾਰਤ’ ਦੇ ਬੁਲਾਰੇ ਮਿਲਿੰਦ ਜੋਸ਼ੀਰਾਓ ਅਨੁਸਾਰ, ‘ਅਦਾਲਤਾਂ ਵਿਚ ਕੇਸਾਂ ਦਾ ਨਿਬੇੜਾ ਹੋਣ ਲਈ ਵਕਤ ਲੱਗਦਾ ਹੈ ਅਤੇ ਇਸ ਦੇ ਨਤੀਜਿਆਂ ਬਾਰੇ ਵੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਜਦੋਂ ਸਾਡੇ ਬਹੁਤ ਸਾਰੇ ਆਗੂਆਂ ਦੇ ਗ੍ਰਿਫਤਾਰ ਹੋਣ ਪਿਛੋਂ ਸਾਡਾ ਹਮਾਇਤੀ ਆਧਾਰ ਘਟਣਾ ਸ਼ੁਰੂ ਹੋ ਗਿਆ ਤਾਂ ਹਿਮਾਨੀ ਸਾਵਰਕਾਰ ਸਾਡੇ ਲਈ ਆਸ ਦੀ ਕਿਰਨ ਬਣ ਕੇ ਆਈ। ਸਾਵਰਕਾਰ ਅਤੇ ਗੌਡਸੇ ਦੇ ਵਿਰਸੇ ਦੀ ਚਿੰਨ੍ਹ ਹੋਣ ਕਾਰਨ ਉਸ ਦੇ ਸਾਡੇ ਨਾਲ ਮੌਜੂਦ ਹੋਣ ਨਾਲ ਸਾਨੂੰ ਯਕੀਨ ਹੋ ਗਿਆ ਕਿ ਸਾਨੂੰ ਆਪਣੀ ਜਥੇਬੰਦੀ ਮੁੜ ਖੜ੍ਹੀ ਕਰਨ ਲਈ ਤੀਲਾ ਤੀਲਾ ਨਹੀਂ ਜੋੜਨਾ ਪਵੇਗਾ। ਅਸੀਂ ਘੱਟੋ-ਘੱਟ ਆਪਣਾ ਕੁਝ ਸਰਗਰਮ ਕਾਡਰ ਬਚਾ ਕੇ ਰੱਖਣ ਦੇ ਯੋਗ ਹੋ ਗਏ। ਸਾਡੇ ਆਗੂਆਂ ਦੇ ਰਿਹਾ ਹੋਣ ਤੋਂ ਪਹਿਲਾਂ ਹੀ ਉਸ (ਹਿਮਾਨੀ) ਦਾ ਚਲਾਣਾ ਬਹੁਤ ਵੱਡਾ ਘਾਟਾ ਹੈ।”
(ਚਲਦਾ)