ਘੱਟ ਗਿਣਤੀ ਸਰਕਾਰ ਲਈ ਰਾਹ ਪੱਧਰਾ ਹੋਇਆ
ਔਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ, ਫੈਡਰਲ ਚੋਣਾਂ ਵਿਚ ਭਾਵੇਂ ਮੁਕੰਮਲ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਇਸ ਨੇ 157 ਸੀਟਾਂ ਉਤੇ ਜਿੱਤ ਹਾਸਲ ਕਰਕੇ ਅਗਲੀ ਘੱਟ ਗਿਣਤੀ ਸਰਕਾਰ ਲਈ ਰਾਹ ਪੱਧਰਾ ਕਰ ਲਿਆ। ਕੰਜਰਵੇਟਿਵ ਪਾਰਟੀ ਨੂੰ 121, ਬਲਾਕ ਕਿਊਬਕ ਨੂੰ 32, ਨਿਊ ਡੈਮੋਕਰੈਟਿਕ ਪਾਰਟੀ ਨੂੰ 24 ਅਤੇ ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਹੁਣ ਲਿਬਰਲ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦੇ ਸਮਰਥਨ ਨਾਲ ਘੱਟ ਗਿਣਤੀ ਸਰਕਾਰ ਬਣਾਏਗੀ।
ਯਾਦ ਰਹੇ ਕਿ ਪਿਛਲੀ ਵਾਰ 2015 ਵਿਚ ਹੋਈਆਂ ਚੋਣਾਂ ਵਿਚ ਲਿਬਰਲ ਪਾਰਟੀ ਨੂੰ 184, ਕੰਜਰਵੇਟਿਵ ਪਾਰਟੀ ਨੂੰ 99, ਨਿਊ ਡੈਮੋਕਰੈਟਿਕ ਪਾਰਟੀ ਨੂੰ 44, ਬਲਾਕ ਕਿਊਬਕ ਨੂੰ 10 ਅਤੇ ਗ੍ਰੀਨ ਪਾਰਟੀ ਨੂੰ ਸਿਰਫ ਇਕ ਸੀਟ ਮਿਲੀ ਸੀ।
ਐਤਕੀਂ ਕੈਨੇਡਾ ਦੀਆਂ ਕੌਮੀ ਚੋਣਾਂ ਕਾਫੀ ਦਿਲਚਸਪ ਹੋ ਗਈਆਂ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਪਿਛਲੀ ਵਾਰ ਧੜੱਲੇ ਨਾਲ ਚੋਣ ਜਿੱਤੇ ਸਨ, ਇਸ ਵਾਰ ਕੁਝ ਵਿਵਾਦਾਂ ਵਿਚ ਘਿਰਨ ਕਰਕੇ ਕੁਝ ਥਾਈਂ ਪਛੜ ਰਹੇ ਸਨ। ਲਿਬਰਲ ਪਾਰਟੀ ਨੂੰ ਇਸ ਵਾਰ ਕੁੱਲ ਪਈਆਂ ਵੋਟਾਂ ਵਿਚੋਂ 33 ਫੀਸਦੀ ਵੋਟਾਂ ਪਈਆਂ। ਇਹ ਵੋਟਾਂ ਪਿਛਲੀਆਂ ਚੋਣਾਂ ਨਾਲੋਂ 6æ5 ਫੀਸਦੀ ਘੱਟ ਹਨ। ਕੰਜਰਵੇਟਿਵ ਪਾਰਟੀ ਦੀ ਵੋਟ ਫੀਸਦ ਐਤਕੀਂ ਢਾਈ ਫੀਸਦੀ ਵਧ ਕੇ 34æ4 ਹੋ ਗਈ। ਨਿਊ ਡੈਮੋਕਰੈਟਿਕ ਪਾਰਟੀ ਦੀ ਵੋਟ ਫੀਸਦ 3æ8 ਫੀਸਦ ਘਟ ਕੇ 15æ9 ਫੀਸਦ ‘ਤੇ ਆ ਗਈ ਜਦਕਿ ਗ੍ਰੀਨ ਪਾਰਟੀ ਨੂੰ 3 ਫੀਸਦੀ ਦਾ ਫਾਇਦਾ ਹੋਇਆ ਅਤੇ ਇਹ 6æ5 ਫੀਸਦ ‘ਤੇ ਪੁੱਜ ਗਈ। ਜ਼ਾਹਿਰ ਹੈ ਕਿ ਵੋਟ ਫੀਸਦ ਘਟਣ ਦੇ ਬਾਵਜੂਦ ਲਿਬਰਲ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ।
ਬਕਸਾ:
ਪੰਜਾਬੀ ਭਾਈਚਾਰਾ ਅਤੇ ਜਸਟਿਨ ਟਰੂਡੋ
ਕੈਨੇਡਾ ਦੀਆਂ ਆਮ ਚੋਣਾਂ ਵਿਚ ਪੰਜਾਬੀਆਂ ਦੇ ਐਮæਪੀæ ਚੁਣਨ ਨਾਲ ਪੰਜਾਬ ਵਿਚ ਜਸ਼ਨ ਮਨਾਏ ਜਾ ਰਹੇ ਹਨ। ਲਿਬਰਲ ਪਾਰਟੀ ਦੇ 13 ਪੰਜਾਬੀ ਐਮæਪੀæ ਬਣੇ ਹਨ, ਜਕ ਕਿ ਕੰਜਰਵੇਟਿਵ ਪਾਰਟੀ ਦੇ 4 ਅਤੇ ਐਨæਡੀæਪੀæ ਦਾ ਇਕ ਪੰਜਾਬੀ ਐਮæਪੀæ ਬਣਿਆ ਹੈ। ਇਨ੍ਹਾਂ ਪੰਜਾਬੀਆਂ ਵਿਚ 7 ਦੁਆਬੇ ਨਾਲ ਸਬੰਧਤ ਹਨ। ਜਿਨ੍ਹਾਂ ਵਿਚੋਂ 5 ਹੁਸ਼ਿਆਰਪੁਰ ਨਾਲ ਸਬੰਧਤ ਹਨ। ਪੰਜਾਬੀ ਭਾਈਚਾਰਾ ਇਸ ਵਾਰ ਜਸਟਿਨ ਟਰੂਡੋ ਦੀ ਜਿੱਤ ਲਈ ਅਰਦਾਸਾਂ ਕਰ ਰਿਹਾ ਸੀ, ਕਿਉਂਕਿ ਇਸ ਵਾਰ ਡਰ ਸੀ ਕਿ ਜੇ ਕੰਜਰਵੇਟਿਵ ਪਾਰਟੀ ਜਿੱਤ ਗਈ ਤਾਂ ਇਸ ਨੇ ਇੰਮੀਗਰੇਸ਼ਨ ਉਤੇ ਹੋਰ ਪਾਬੰਦੀਆਂ ਲਾ ਦੇਣੀਆਂ ਸਨ। ਪਹਿਲਾਂ ਇਹ ਕਿਆਸਆਰਾਈਆਂ ਸਨ ਕਿ ਲਿਬਰਲ ਪਾਰਟੀ ਨੂੰ ਹੋਣ ਵਾਲਾ ਨੁਕਸਾਨ ਨਿਊ ਡੈਮੋਕਰੈਟਿਕ ਪਾਰਟੀ ਦੇ ਖਾਤੇ ਵਿਚ ਪੈ ਜਾਵੇਗਾ ਪਰ ਨਿਊ ਡੈਮੋਕਰੈਟਿਕ ਪਾਰਟੀ ਦੀ ਵੋਟ ਫੀਸਦ ਪਿਛਲੀ ਵਾਰ ਨਾਲੋਂ ਵੀ ਘਟ ਗਈ ਅਤੇ ਜੇਤੂ ਸੀਟਾਂ ਦੀ ਗਿਣਤੀ ਵੀ ਤਕਰੀਬਨ ਅੱਧੀ ਰਹਿ ਗਈ।