ਨਵੀਂ ਦਿੱਲੀ: ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਮੁੜ ਬਾਜ਼ੀ ਮਾਰ ਕੇ ਹਿੰਦੂਤਵ ਦੀ ਚੜ੍ਹਤ ਬਰਕਰਾਰ ਰੱਖੀ ਹੈ। ਇਸੇ ਸਾਲ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ਵਾਂਗ ਇਨ੍ਹਾਂ ਦੋਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਥਾਨਕ ਤੇ ਲੋਕ ਮੁੱਦੇ ਬਹੁਤ ਪਿਛਾਂਹ ਛੁੱਟ ਗਏ ਅਤੇ ਲੋਕਾਂ ਸਿਰ ਰਾਸ਼ਟਰਵਾਦ ਦਾ ਜਾਦੂ ਮੁੜ ਸਿਰ ਚੜ੍ਹ ਕੇ ਬੋਲਿਆ ਹੈ। ਇਸੇ ਦੌਰਾਨ ਪੰਜਾਬ ਦੀਆਂ ਚਾਰ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਝੰਡੀ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਦੋਹਾਂ ਸੂਬਿਆਂ- ਹਰਿਆਣਾ ਅਤੇ ਮਹਾਰਾਸ਼ਟਰ, ਵਿਚ ਸਥਾਨਕ ਕਿਸੇ ਵੀ ਮੁੱਦੇ ਦੀ ਥਾਂ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੇ ਵਿਰੋਧੀ ਧਿਰ ਨੂੰ ਵੰਗਾਰਿਆ ਕਿ ਇਹ ਧਾਰਾ 370 ਨੂੰ ਮੁੜ ਲਾਗੂ ਕਰਨ ਬਾਰੇ ਵਾਅਦਾ ਕਰਕੇ ਦਿਖਾਵੇ। ਇਹੀ ਨਹੀਂ, ਵੋਟਾਂ ਪੈਣ ਤੋਂ ਐਨ ਇਕ ਦਿਨ ਪਹਿਲਾਂ ਵਿਚ ਮਕਬੂਜ਼ਾ ਕਸ਼ਮੀਰ ਵਿਚ ਭਾਰਤੀ ਫੌਜ ਵਲੋਂ ਹਮਲਾ ਕਰਨ ਦੇ ਦਾਅਵੇ ਕੀਤੇ ਗਏ ਜਿਸ ਤੋਂ ਐਨ ਸਾਫ ਜ਼ਾਹਿਰ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਰਾਸ਼ਟਰਵਾਦ ਦੇ ਮੁੱਦੇ ਨੂੰ ਹੁਣ ਥੋੜ੍ਹੀ ਕੀਤੇ ਮੱਠਾ ਨਹੀਂ ਪੈ ਦੇਵੇਗੀ।
ਹੋਰ ਤਾਂ ਹੋਰ ਸਿਆਸੀ ਮਾਹਿਰ ਤਾਂ ਹੁਣ ਇਸੇ ਸਾਲ ਦੇ ਅਖੀਰ ਵਿਚ ਝਾਰਖੰਡ ਅਤੇ ਅਗਲੇ ਸਾਲ 2020 ਵਿਚ ਹੋਣ ਵਾਲੀਆਂ ਦਿੱਲੀ ਤੇ ਬਿਹਾਰ ਵਿਧਾਨ ਸਭਾ ਚੋਣਾਂ ਬਾਰੇ ਵੀ ਕਿਆਸਆਰਾਈਆਂ ਲਾਉਣ ਲੱਗ ਪਏ ਹਨ। ਇਹੀ ਨਹੀਂ, 2021 ਵਿਚ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ ਅਤੇ ਅਸਾਮ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸੇ ਪਾਰਟੀ ਦੀ ਚੜ੍ਹਤ ਬਰਕਰਾਰ ਰਹਿਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਇਸ ਤੋਂ ਬਾਅਦ 2022 ਵਿਚ ਪੰਜਾਬ ਵਿਚ ਹੋਣ ਵਾਲੀ ਵਿਧਾਨ ਸਭਾ ਚੋਣ ਬਾਰੇ ਵੀ ਬਹਿਸ ਚੱਲ ਪਈ ਹੈ ਕਿ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਆਪਣੀ ਪੈਂਠ ਬਣਾਉਣ ਵਿਚ ਜੋੜ-ਤੋੜ ਵਜੋਂ ਕੁਝ ਵੀ ਕਰ ਸਕਦੀ ਹੈ।
ਪੰਜਾਬ ਵਿਚ ਗਠਜੋੜ ਕਰਕੇ ਚੋਣ ਮੈਦਾਨ ਵਿਚ ਕੁੱਦਣ ਵਾਲੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਚ ਇਕ ਦੂਸਰੇ ਦੇ ਸਾਹਮਣੇ ਖੜ੍ਹੇ ਸਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਰੈਲੀਆਂ ਵਿਚ ਭਾਜਪਾ ਦੀ ਸਰਕਾਰ ਨਾ ਬਣਨ ਦਾ ਦਾਅਵਾ ਕੀਤਾ ਸੀ। ਦੱਸਣਯੋਗ ਹੈ ਕਿ 2014 ਦੀਆਂ ਚੋਣਾਂ ਦੌਰਾਨ ਮਹਾਰਾਸ਼ਟਰ ਵਿਚ ਭਾਜਪਾ 122 ਤੇ ਸ਼ਿਵ ਸੈਨਾ 63 ਸੀਟਾਂ ਜਦਕਿ ਕਾਂਗਰਸ 42 ਅਤੇ ਐਨæਸੀæਪੀæ 41 ਸੀਟਾਂ ‘ਤੇ ਜੇਤੂ ਰਹੀ ਸੀ। ਹਰਿਆਣਾ ‘ਚ ਭਾਜਪਾ 47, ਇਨੈਲੋ 19 ਅਤੇ ਕਾਂਗਰਸ ਨੂੰ 15 ਸੀਟਾਂ ਉਤੇ ਜੇਤੂ ਰਹੀ ਸੀ।
ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਲਈ 66æ15 ਫੀਸਦੀ ਜਦ ਕਿ ਮਹਾਰਾਸ਼ਟਰ ਅਸੈਂਬਲੀ ਦੀਆਂ 288 ਸੀਟਾਂ ਲਈ 63æ38 ਫੀਸਦੀ ਵੋਟਾਂ ਪੋਲ ਹੋਈਆਂ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਇਲਾਕਿਆਂ ਵਿਚ ਵੋਟਿੰਗ ਦੌਰਾਨ ਵੋਟਰਾਂ ‘ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। 2014 ਦੀਆਂ ਚੋਣਾਂ ਮੌਕੇ ਹਰਿਆਣਾ ਦੇ 76æ54 ਫੀਸਦ ਵੋਟਰਾਂ ਨੇ ਮਤਦਾਨ ਕੀਤਾ ਸੀ। 2019 ਦੀਆਂ ਸੰਸਦੀ ਚੋਣਾਂ ਮੌਕੇ ਇਹ ਅੰਕੜਾ 70æ36 ਫੀਸਦ ਸੀ। ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਕੁੱਲ 1169 ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਨ੍ਹਾਂ ਵਿਚ 105 ਮਹਿਲਾਵਾਂ ਵੀ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ ਨੇ ਐਤਕੀਂ 75 ਸੀਟਾਂ ‘ਤੇ ਕਮਲ ਖਿੜਾਉਣ ਦਾ ਟੀਚਾ ਮਿਥਿਆ ਸੀ। ਪਿਛਲੀ ਅਸੈਂਬਲੀ ਵਿਚ ਭਾਜਪਾ ਦੇ 48 ਵਿਧਾਇਕ ਸਨ।