ਚੰਡੀਗੜ੍ਹ: ਮੈਕਸੀਕੋ ਸਰਕਾਰ ਵੱਲੋਂ ਅਮਰੀਕਾ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਵਾਪਸ ਆਉਣ ਵਾਲਿਆਂ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੈ ਅਤੇ ਇਨ੍ਹਾਂ ਵਿਚ ਬਹੁਤੇ ਪੰਜਾਬੀ ਹਨ।
ਇਹ ਨੌਜਵਾਨ ਚੰਗੇ ਭਵਿੱਖ ਲਈ ਜਾਨ ਤਲੀ ਉਤੇ ਧਰ ਕੇ ਕਈ ਦੇਸ਼ਾਂ ਵਿਚੋਂ ਹੁੰਦੇ ਹੋਏ ਇਥੋਂ ਤੱਕ ਪੁੱਜੇ ਸਨ ਪਰ ਆਪਣੀ ਅਸਲ ਮੰਜ਼ਿਲ (ਅਮਰੀਕਾ) ਉਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਮੋੜ ਦਿੱਤੇ ਗਏ। ਇਨ੍ਹਾਂ ਨੌਜਵਾਨਾਂ ਵੱਲੋਂ ਵਾਪਸੀ ਤੋਂ ਬਾਅਦ ਜੋ ਖੁਲਾਸੇ ਕੀਤੇ ਹਨ, ਉਹ ਦਿਲ ਕੰਬਾਊ ਹਨ ਤੇ ਸਰਕਾਰੀ ਨੀਤੀਆਂ ਉਤੇ ਸਵਾਲ ਵੀ ਖੜ੍ਹੇ ਕਰਦੇ ਹਨ। ਬੇਰੁਜ਼ਗਾਰੀ ਦੇ ਭੰਨੇ ਇਨ੍ਹਾਂ ਨੌਜਵਾਨ ਨੇ ਘਰ ਦੀ ਥੋੜ੍ਹੀ-ਬਹੁਤ ਪੂੰਜੀ ਵੀ ਸੁਰੱਖਿਅਤ ਲਾਂਘੇ ਦੀ ਗਰੰਟੀ ਦੇਣ ਵਾਲੇ ਟਰੈਵਲ ਏਜੰਟਾਂ ਦੀਆਂ ਜੇਬਾਂ ਭਰਨ ਉਤੇ ਖਰਚ ਕਰ ਦਿੱਤੀ। ਅਮਰੀਕਾ ਪਹੁੰਚ ਕੇ ਭਵਿੱਖ ਸੰਵਾਰਨ ਦੇ ਸੁਪਨੇ ਨਾਲ ਇਹ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਲਈ ਜਾਨ ਜੋਖਮ ਵਿਚ ਪਾਉਣ ਤਿਆਰ-ਬਰ-ਤਿਆਰ ਸਨ ਪਰ ਕਿਸਮਤ ਨੇ ਇਨ੍ਹਾਂ ਦਾ ਸਾਥ ਨਾ ਦਿੱਤਾ।
ਇਨ੍ਹਾਂ ਨੌਜਵਾਨਾਂ ਨੇ ਗੈਰਕਾਨੂੰਨੀ ਏਜੰਟਾਂ ਨੂੰ 15 ਤੋਂ 25 ਲੱਖ ਰੁਪਏ ਤੱਕ ਦਿੱਤੇ। ਇਨ੍ਹਾਂ ਨੂੰ ਪਹਿਲਾਂ ਦੱਖਣੀ ਅਮਰੀਕਾ ਦੇ ਦੇਸ਼ਾਂ ਬਰਾਜ਼ੀਲ, ਪੇਰੂ, ਪਨਾਮਾ, ਇਕੁਆਡੋਰ, ਕੋਸਟਾ ਰੀਕਾ, ਨਿਕਾਰੂਗੁਆ, ਹਾਂਡਰੂਸ, ਗੁਆਟੇਮਾਲਾ ਆਦਿ ਪਹੁੰਚਾਇਆ ਗਿਆ ਅਤੇ ਅਖੀਰ ਵਿਚ ਮੈਕਸੀਕੋ। ਵੱਖ-ਵੱਖ ਦੇਸ਼ਾਂ ਵਿਚ ਸਸਤੇ ਹੋਟਲਾਂ ਵਿਚ ਕਈ ਹਫਤੇ ਬਿਤਾਉਣ ਮਗਰੋਂ ਉਨ੍ਹਾਂ ਨੂੰ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘਣਾ ਪਿਆ। ਉਨ੍ਹਾਂ ਨੂੰ ਤਿੰਨ ਦਿਨ ਤੱਕ ਪਾਣੀ ਨਸੀਬ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣੇ ਕੱਪੜਿਆਂ ‘ਚੋਂ ਮੁੜ੍ਹਕਾ ਨਿਚੋੜ ਕੇ ਪੀਤਾ। ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਮਨਦੀਪ ਸਿੰਘ (19) 7 ਦੇਸ਼ਾਂ ਤੋਂ ਹੁੰਦਾ ਹੋਇਆ ਮੈਕਸੀਕੋ ਪੁੱਜਾ ਸੀ ਤੇ 12 ਸਤੰਬਰ ਨੂੰ ਮੈਕਸੀਕੋ ਪੁੱਜਣ ਤੱਕ ਉਹ ਤੇ ਉਸ ਦੇ ਸਾਥੀ 7 ਦਿਨ ਤੱਕ ਪਨਾਮਾ ਦੇ ਜੰਗਲਾਂ ‘ਚ ਭਟਕਦੇ ਰਹੇ।
ਉਹ ਅਮਰੀਕਾ ਦੀ ਸਰਹੱਦ ਤੋਂ ਮਹਿਜ਼ 800 ਕਿਲੋਮੀਟਰ ਦੂਰ ਸਨ ਜਦੋਂ ਮੈਕਸੀਕੋ ‘ਚ ਉਹ ਫੜੇ ਗਏ। ਉਹ 13 ਤੋਂ 15 ਦਿਨ ਤੱਕ ਜ਼ਹਿਰੀਲੇ ਸੱਪਾਂ ਤੇ ਜਾਨਵਰਾਂ ਕੋਲੋਂ ਹੋ ਕੇ ਭੁੱਖੇ-ਭਾਣੇ ਤੁਰਦੇ ਰਹੇ। ਇਨ੍ਹਾਂ ਸਫਰਾਂ ਵਿਚ ਕਈ ਮੌਤਾਂ ਵੀ ਹੋਈਆਂ। ਏਜੰਟ ਇਹ ਦਿਲਾਸਾ ਦਿਵਾਉਂਦੇ ਰਹੇ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ ‘ਪਾਸ’ ਮਿਲਣਗੇ ਅਤੇ ਫਿਰ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਇਆ ਜਾਏਗਾ। ਮੈਕਸੀਕੋ ਨੇ ਇਹ ਕਾਰਵਾਈ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਵਿਚ ਆ ਕੇ ਕੀਤੀ ਹੈ ਕਿਉਂਕਿ ਉਹਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਗੈਰਕਾਨੂੰਨੀ ਤੌਰ ਉਤੇ ਪਰਵਾਸ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਮੈਕਸੀਕੋ ਦੀ ਸਮੁੱਚੀ ਦਰਾਮਦ ‘ਤੇ ਵੱਡੇ ਟੈਕਸ ਲਾਏ ਜਾਣਗੇ।
ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ‘ਚ ਦਾਖਲ ਹੋਣ ਲਈ ਟਰੈਵਲ ਏਜੰਟਾਂ ਵੱਲੋਂ ਪੰਜ ਅਜਿਹੇ ਰੂਟ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿਚ ਜਾਨ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਖਤਰਨਾਕ ਰਸਤਾ ਬਹਾਮਾਸ ਦਾ ਦੱਸਿਆ ਜਾਂਦਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਅਮਰੀਕਾ ਜਾਣ ਵਾਲੇ ਬਹੁਤ ਸਾਰੇ ਪੰਜਾਬੀ ਮੁੰਡੇ ਸਮੁੰਦਰ ਦੀਆਂ ਲਹਿਰਾਂ ਵਿਚ ਹੀ ਡੁੱਬ ਜਾਂਦੇ ਹਨ। ਦੋ ਸਾਲ ਪਹਿਲਾਂ ਇਸੇ ਰਸਤੇ ਰਾਹੀਂ ਅਮਰੀਕਾ ਜਾ ਰਹੀ ਬੇੜੀ ਵਿਚੋਂ ਛੇ ਪੰਜਾਬੀ ਮੁੰਡੇ ਡੁੱਬ ਗਏ ਸਨ, ਇਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਾ।
ਦੂਜਾ ਰਸਤਾ ਅਰਜਨਟੀਨਾ ਤੇ ਐਕਵਾਡੋਰ ਰਾਹੀਂ ਜਾਂਦਾ ਹੈ। ਇਟਲੀ ਰਾਹੀਂ ਅਮਰੀਕਾ ਭੇਜਣ ਲਈ ਵੀ ਟਰੈਵਲ ਏਜੰਟ ਇਹ ਰਸਤਾ ਵਰਤ ਰਹੇ ਹਨ। ਹਾਲਾਂਕਿ ਇਹ ਰੂਟ ਕਾਫੀ ਮਹਿੰਗਾ ਦੱਸਿਆ ਜਾਂਦਾ ਹੈ। ਟਰੈਵਲ ਏਜੰਟ ਇਟਲੀ ਦਾ ਵੀਜ਼ਾ ਲੈ ਕੇ ਦਿੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਇਟਲੀ ਦੇ ਮਿਲਾਨ ਸ਼ਹਿਰ ਦੇ ਨੇੜਲੇ ਕਿਸੇ ਛੋਟੇ ਕਸਬੇ ਵਿੱਚ ਰੱਖਿਆ ਜਾਂਦਾ ਹੈ। ਉਥੋਂ ਸਿੱਧੀ ਫਲਾਈਟ ਮੈਕਸੀਕੋ ਦੀ ਕਰਾਈ ਜਾਂਦੀ ਹੈ। ਮੈਕਸੀਕੋ ਤੋਂ ਅਮਰੀਕਾ ਦੇ ਸਾਂਡਿਆਗੋ ਵਿਚ ਕੰਧ ਟਪਾ ਕੇ ਦਾਖਲਾ ਕਰਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਊਥ ਅਮਰੀਕਾ, ਹਾਂਗਕਾਂਗ ਤੇ ਗਰੀਸ ਨੂੰ ਵੀ ਟਰੈਵਲ ਏਜੰਟ ਪੰਜਾਬੀਆਂ ਨੂੰ ਅਮਰੀਕਾ ‘ਚ ਦਾਖਲਾ ਦਿਵਾਉਣ ਲਈ ਰਾਹ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਰਸਤਿਆਂ ਰਾਹੀਂ ਹਮੇਸ਼ਾ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਚੁੰਗੀ ਅਤੇ ਸਰਹੱਦੀ ਸੁਰੱਖਿਆ ਦੇ ਅੰਕੜਿਆਂ ਮੁਤਾਬਕ ਸਾਲ 2000 ‘ਚ 16 ਲੱਖ ਤੋਂ ਵੱਧ ਲੋਕਾਂ ਨੂੰ ਸਰਹੱਦ ਵਿਚ ਦਾਖਲ ਹੁੰਦਿਆਂ ਹੀ ਫੜਿਆ ਗਿਆ। ਸਾਲ 2018 ‘ਚ 4 ਲੱਖ ਲੋਕਾਂ ਨੂੰ ਫੜਿਆ ਗਿਆ। ਪਿਛਲੇ ਸਾਲ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ‘ਚ ਦਾਖਲ ਹੋਣ ਵਾਲੇ ਤਕਰੀਬਨ 2400 ਭਾਰਤੀ ਉਥੋਂ ਦੀਆਂ ਜੇਲ੍ਹਾਂ ‘ਚ ਬੰਦ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਹਨ। ਫੜੇ ਜਾਣ ਤੇ ਵਾਪਸ ਮੁਲਕ ਭੇਜੇ ਜਾਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦਾ ਇਕੋ ਹੀ ਜਵਾਬ ਹੁੰਦਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਇਨ੍ਹਾਂ ਨੌਜਵਾਨਾਂ ਦਾ ਇਹ ਜਵਾਬ ਸਰਕਾਰਾਂ ਦੀਆਂ ਨਲਾਇਕੀਆਂ ਉਤੇ ਵੱਡੇ ਸਵਾਲ ਚੁੱਕਦਾ ਹੈ।