ਨਵੀਂ ਦਿੱਲੀ: ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਵੱਲੋਂ 90 ਲੱਖ ਰੁਪਏ ਵੱਢੀ ਲੈਣ ਦੇ ਮਾਮਲੇ ਨੇ ਮਨਮੋਹਨ ਸਿੰਘ ਸਰਕਾਰ ਨੂੰ ਫਿਰ ਵਖਤ ਪਾ ਦਿੱਤਾ ਹੈ। ਸਰਕਾਰ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਉਲਝੀ ਹੋਈ ਹੈ ਅਤੇ ਵਿਰੋਧੀ ਧਿਰ ਨੇ ਸਬੰਧਤ ਮੰਤਰੀਆਂ ਦੇ ਅਸਤੀਫਿਆਂ ਦੀ ਮੰਗ ਨੂੰ ਲੈ ਕੇ ਇਸ ਵਾਰ ਵੀ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ।
ਗੌਰਤਲਬ ਹੈ ਕਿ ਵਿਜੈ ਸਿੰਗਲਾ ਨੇ ਰੇਲਵੇ ਬੋਰਡ ਦੇ ਮੈਂਬਰ (ਸਟਾਫ) ਮਹੇਸ਼ ਕੁਮਾਰ ਨੂੰ ਮੈਂਬਰ (ਇਲੈਕਟਰੀਕਲ) ਵਜੋਂ ਤਰੱਕੀ ਦਿਵਾਉਣ ਲਈ ਉਸ ਨਾਲ 12 ਕਰੋੜ ਰੁਪਏ ਦਾ ਸੌਦਾ ਕੀਤਾ ਸੀ ਅਤੇ ਇਸ ਦੀ 90 ਲੱਖ ਰੁਪਏ ਦੀ ਪਹਿਲੀ ਹੀ ਕਿਸ਼ਤ ਸੀæਬੀæਆਈæ ਨੇ ਫੜ ਲਈ। ਵਿਜੈ ਸਿੰਗਲਾ, ਮਹੇਸ਼ ਕੁਮਾਰ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਦੌਰਾਨ ਸ੍ਰੀ ਪਵਨ ਬਾਂਸਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਯੂæਪੀæਏæ ਦੀ ਚੇਅਰਪਰਸਨ ਸੋਨੀਆ ਗਾਂਧੀ ਸਮੇਤ ਕਾਂਗਰਸ ਦੀ ਲੀਡਰਸ਼ਿਪ ਸਾਹਮਣੇ ਆਪਣਾ ਪੱਖ ਪੇਸ਼ ਕੀਤਾ। ਫਿਲਹਾਲ ਕਾਂਗਰਸ ਤੇ ਸਰਕਾਰ ਆਪਣੇ ਰੇਲ ਮੰਤਰੀ ਬਾਂਸਲ ਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਹੱਕ ਵਿਚ ਡਟ ਗਏ ਹਨ। ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਇਨ੍ਹਾਂ ਦੇ ਅਸਤੀਫਿਆਂ ਦੀ ਮੰਗ ਨੂੰ ਕਾਂਗਰਸ ਤੇ ਸਰਕਾਰ ਨੇ ਉਕਾ ਹੀ ਨਾਮਨਜ਼ੂਰ ਕਰ ਦਿੱਤਾ ਹੈ। ਚੇਤੇ ਰਹੇ ਕਿ ਕੋਲਾ ਬਲਾਕ ਵੰਡ ਮਾਮਲੇ ਦੀ ਜਾਂਚ ਰਿਪੋਰਟ ਵਿਚ ਤਬਦੀਲੀ ਕਰਨ ਦੇ ਮਾਮਲੇ ਵਿਚ ਕਾਨੂੰਨ ਮੰਤਰੀ ਬੁਰੀ ਤਰ੍ਹਾਂ ਫਸ ਗਏ ਹਨ। ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਸੀæਬੀæਆਈæ ਸ੍ਰੀ ਬਾਂਸਲ ਕੋਲੋਂ ਵੀ ਪੁੱਛ-ਪੜਤਾਲ ਕਰ ਸਕਦੀ ਹੈ।
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਰਹੇ ਸੱਤਪਾਲ ਜੈਨ ਨੇ ਕਿਹਾ ਕਿ ਵੱਢੀ ਵਾਲੇ ਮਾਮਲੇ ਵਿਚ ਬਾਂਸਲ ਪੂਰੀ ਤਰ੍ਹਾਂ ਸ਼ਾਮਲ ਹੈ। ਬਾਂਸਲ ਦੇ ਆਪਣੇ ਭਾਣਜੇ ਵਿਜੈ ਸਿੰਗਲਾ ਨਾਲ ਵਪਾਰਕ ਰਿਸ਼ਤੇ ਸਨ। ਉਨ੍ਹਾਂ ਨੇ ਦਸਤਾਵੇਜ਼ ਦਿਖਾਉਂਦਿਆਂ ਦੱਸਿਆ ਕਿ ਜੇæਟੀæਐਲ਼ ਇਨਫਰਾ ਲਿਮਟਿਡ ਨਾਮ ਦੀ ਕੰਪਨੀ ਵਿਚ ਜਿੱਥੇ ਸੀæਬੀæਆਈæ ਵੱਲੋਂ 90 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜੇ ਵਿਜੇ ਸਿੰਗਲਾ ਡਾਇਰੈਕਟਰ ਹੈ, ਉੱਥੇ ਇਸ ਮੰਤਰੀ ਦਾ ਭਤੀਜਾ ਵਿਕਰਮ ਬਾਂਸਲ ਵੀ ਡਾਇਰੈਕਟਰ ਹੈ। ਵਿਕਰਮ ਬਾਂਸਲ ਵੱਲੋਂ ਇਸ ਕੰਪਨੀ ਦੇ ਡਾਇਰੈਕਟਰ ਵਜੋਂ ਆਪਣਾ ਪਤਾ ਸ੍ਰੀ ਬਾਂਸਲ ਦਾ ਘਰ (ਮਕਾਨ ਨੰਬਰ 64 ਸੈਕਟਰ 28 ਏ) ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਕੰਪਨੀ ਬੰਸੀ ਰੌਨੈਕ ਐਨਰਜੀ ਗਰੁੱਪ ਲਿਮਟਿਡ ਵਿਚ ਵੀ ਰੇਲ ਮੰਤਰੀ ਦਾ ਭਤੀਜਾ ਵਿਕਰਮ ਬਾਂਸਲ ਅਤੇ ਪੁੱਤਰ ਅਮਿਤ ਕੁਮਾਰ ਬਾਂਸਲ ਡਾਇਰੈਕਟਰ ਹਨ। ਇਸ ਕੰਪਨੀ ਵਿਚ ਵੀ ਵਿਕਰਮ ਬਾਂਸਲ ਨੇ ਆਪਣਾ ਪਤਾ ਸੈਕਟਰ 28 ਏ ਦੀ ਕੋਠੀ ਨੰਬਰ 64 ਲਿਖਾਇਆ ਹੈ।
Leave a Reply