ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਰਾਜ ਸਭਾ ਵਿਚ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਅਸਲ ਵਿਚ ਸੂਬੇ ਦੀ ਸਿਆਸਤ ਦੇ ਨਵੇਂ ਰੁਖ ਵਲ ਇਸ਼ਾਰਾ ਕਰ ਰਿਹਾ ਹੈ।
ਪਿਛਲੇ ਸਾਲ ਉਨ੍ਹਾਂ ਪਾਰਟੀ ਦੇ ਸਭ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਵਕਤ ਕਿਆਸਆਰਾਈਆਂ ਇਹ ਸਨ ਕਿ ਉਹ ਉਸ ਵਕਤ ਪਾਰਟੀ ਲੀਡਰਸ਼ਿਪ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਜਾਣਗੇ, ਜਿਨ੍ਹਾਂ ਨੇ ਮਾਝੇ ਦੇ ਕੁਝ ਹੋਰ ਸੀਨੀਅਰ ਆਗੂਆਂ ਨਾਲ ਰਲ ਕੇ ਵੱਖਰਾ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਲਿਆ ਸੀ। ਉਂਜ, ਉਹ ਉਕਾ ਖਾਮੋਸ਼ ਰਹੇ, ਪਰ ਪਾਰਟੀ ਲੀਡਰਸ਼ਿਪ ਤੋਂ ਦੂਰੀ ਵੀ ਲਗਾਤਾਰ ਬਣਾਈ ਰੱਖੀ। ਇਸੇ ਕਰਕੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵੀ ਉਨ੍ਹਾਂ ਬਾਰੇ ਇਹੀ ਕਿਆਸਆਰਾਈਆਂ ਚੱਲਦੀਆਂ ਰਹੀਆਂ। ਉਸ ਵਕਤ ਵੀ ਵਿਚਲਾ ਨੁਕਤਾ ਇਹੀ ਸੀ ਕਿ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਵੀ ਭਾਈਵਾਲ ਹੈ, ਨੇ ਅਕਾਲੀ ਲੀਡਰਸ਼ਿਪ ਨਾਲ ਕੋਈ ਵੀ ਸਲਾਹ-ਮਸ਼ਵਰਾ ਕੀਤੇ ਬਿਨਾ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਇਨਾਮ ਲਈ ਚੁਣ ਲਿਆ ਸੀ। ਐਤਕੀਂ ਵੀ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਹੀ ਲੀਡਰਸ਼ਿਪ ਨੂੰ ਸੂਚਨਾ ਦਿੱਤੀ।
ਇਹ ਸਪਸ਼ਟ ਸੁਨੇਹਾ ਹੈ ਕਿ ਉਨ੍ਹਾਂ ਦਾ ਭਾਜਪਾ ਦੀ ਲੀਡਰਸ਼ਿਪ ਨਾਲ ਲਗਾਤਾਰ ਰਾਬਤਾ ਬਣਿਆ ਹੋਇਆ ਹੈ। ਇਥੋਂ ਹੀ ਸੂਬੇ ਦੀ ਸਿਆਸਤ ਦੇ ਰੁਖ ਦੀ ਅਸਲ ਕਨਸੋਅ ਪੈਂਦੀ ਹੈ। ਭਾਜਪਾ ਪਿਛਲੇ ਸਮੇਂ ਤੋਂ ਅਜਿਹਾ ਸਿੱਖ ਲੀਡਰ ਲੱਭ ਰਹੀ ਹੈ, ਜੋ ਸੂਬੇ ਅੰਦਰ ਪਾਰਟੀ ਨੂੰ ਸੇਧ ਦੇ ਸਕੇ। ਉਂਜ, ਦੂਜੀ ਕਨਸੋਅ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਅੰਦਰ ਬਾਦਲ ਪਰਿਵਾਰ ਦੇ ਮੁਕਾਬਲੇ ਸੀਨੀਅਰ ਅਕਾਲੀ ਆਗੂਆਂ ਨੂੰ ਅੱਗੇ ਕਰਨਾ ਚਾਹੁੰਦੀ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਬਾਦਲ ਪਰਿਵਾਰ ਦਾ ਮੁਕੰਮਲ ਕਬਜ਼ਾ ਹੈ। ਇਹ ਕਬਜ਼ਾ ਤੋੜਨ ਲਈ ਵੱਖ-ਵੱਖ ਪੰਥਕ ਧਿਰਾਂ ਕਈ ਵਾਰ ਕੋਸ਼ਿਸ਼ ਕਰ ਚੁਕੀਆਂ ਹਨ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਬੇਅਦਬੀ ਅਤੇ ਹੋਰ ਕਈ ਮਾਮਲਿਆਂ ਵਿਚ ਫਸੇ ਹੋਣ ਅਤੇ ਲੋਕਾਂ ਵਲੋਂ ਵਾਰ-ਵਾਰ ਦੁਤਕਾਰਨ ਦੇ ਬਾਵਜੂਦ ਬਾਦਲਾਂ ਖਿਲਾਫ ਪਾਰਟੀ ਦੇ ਅੰਦਰੋਂ ਵੱਡਾ ਵਿਦਰੋਹ ਅਜੇ ਤਕ ਉਠਿਆ ਨਹੀਂ ਹੈ, ਜਿਸ ਕਰਕੇ ਬਾਦਲਾਂ ਦਾ ਅਕਾਲੀ ਦਲ ਉਤੇ ਪ੍ਰਭਾਵ ਅਜੇ ਵੀ ਬਰਕਰਾਰ ਹੈ। ਹੁਣ ਤਾਂ ਸਗੋਂ ਇਸ ਕਬਜ਼ੇ ਵਿਚ ਮਜੀਠੀਆ ਪਰਿਵਾਰ ਦਾ ਹਿੱਸਾ ਵੀ ਪੈ ਚੁਕਾ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਲਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਰਾ ਬਿਕਰਮ ਸਿੰਘ ਮਜੀਠੀਆ ਹੁਣ ਪਾਰਟੀ ਅੰਦਰ ਚੰਗਾ ਜੋੜ ਰੱਖਦਾ ਹੈ।
ਅਸਲ ਵਿਚ ਅਕਾਲੀ ਸਿਆਸਤ ਨੂੰ ਹੁਣ ਭਾਜਪਾ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰ ਰਹੀ ਹੈ। ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜ ਰਹੀਆਂ ਹਨ, ਪਰ ਦੇਸ਼ ਦੀ ਕੌਮੀ ਸਿਆਸਤ ਅੰਦਰ ਜਿਉਂ-ਜਿਉਂ ਭਾਜਪਾ ਦਾ ਪ੍ਰਭਾਵ ਵਧਦਾ ਗਿਆ, ਪਾਰਟੀ ਦੀ ਪੰਜਾਬ ਲੀਡਰਸ਼ਿਪ ਦਾ ਇਕ ਹਿੱਸਾ ਅਕਾਲੀ ਦਲ ਨਾਲੋਂ ਵੱਖ ਹੋ ਕੇ ਸਿਆਸਤ ਕਰਨ ਦਾ ਹਾਮੀ ਹੁੰਦਾ ਗਿਆ। ਪਿਛਲੇ ਕੁਝ ਸਮੇਂ ਤੋਂ ਪਾਰਟੀ ਅੰਦਰ ਇਹ ਬਹਿਸ-ਮੁਬਾਹਿਸਾ ਕਾਫੀ ਚਰਚਾ ਵਿਚ ਰਿਹਾ ਹੈ, ਪਰ ਸੂਬੇ ਵਿਚ ਪਾਰਟੀ ਦਾ ਬਹੁਤਾ ਆਧਾਰ ਨਾ ਹੋਣ ਕਰਕੇ ਗੱਲ ਆਈ-ਗਈ ਹੋ ਜਾਂਦੀ ਰਹੀ। ਐਤਕੀਂ ਲੋਕ ਸਭਾ ਚੋਣਾਂ ਦੌਰਾਨ ਸਮੁੱਚੇ ਦੇਸ਼ ਵਿਚ ਤਾਂ ਭਾਜਪਾ ਨੂੰ ਮਿਸਾਲੀ ਜਿੱਤ ਮਿਲੀ ਹੀ ਹੈ, ਪੰਜਾਬ ਵਿਚ ਵੀ ਇਸ ਦੀ ਕਾਰਗੁਜ਼ਾਰੀ ਅੰਦਰ ਸੁਧਾਰ ਆਇਆ ਹੈ; ਹਾਲਾਂਕਿ ਪਹਿਲਾਂ-ਪਹਿਲ ਸਿਆਸੀ ਮਾਹਿਰਾਂ ਨੇ ਇਹ ਨੁਕਤਾ ਉਭਾਰਿਆ ਸੀ ਕਿ ਹਰ ਵਾਰ ਵਾਂਗ ਪੰਜਾਬ ਇਸ ਵਾਰ ਵੀ ਦੇਸ਼ ਭਰ ਦੇ ਭਾਜਪਾ ਪੱਖੀ ਰੁਝਾਨ ਤੋਂ ਐਨ ਉਲਟ ਭੁਗਤਿਆ ਹੈ। ਅਸਲ ਗੱਲ ਇਹ ਸੀ ਕਿ ਪੰਜਾਬ ਵਿਚ ਵਿਰੋਧੀ ਧਿਰ ਦੀ ਮਾੜੀ ਹਾਲਤ ਹੋਣ ਕਾਰਨ ਸੂਬੇ ਵਿਚ ਸੱਤਾਧਾਰੀ, ਕਾਂਗਰਸ ਪਾਰਟੀ ਲੋਕ ਸਭਾ ਦੀਆਂ ਕੁੱਲ 13 ਵਿਚੋਂ 8 ਸੀਟਾਂ ਉਤੇ ਜਿੱਤ ਗਈ। ਉਂਜ, ਹੁਣ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ, ਜੋ 2022 ਵਿਚ ਹੋਣੀਆਂ ਹਨ, ਦੌਰਾਨ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਦਾਅਵੇ ਕਰ ਰਹੀ ਹੈ। ਮਾਹਿਰਾਂ ਦਾ ਆਖਣਾ ਹੈ ਕਿ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਵੱਧ ਸੀਟ-ਹਿੱਸਾ ਲੈਣ ਲਈ ਇਹ ਪਾਪੜ ਵੇਲ ਰਹੀ ਹੈ। ਨਾਲੇ ਕਮਜ਼ੋਰ ਅਕਾਲੀ ਦਲ ਇਸ ਪਾਰਟੀ ਨੂੰ ਵੈਸੇ ਵੀ ਰਾਸ ਆ ਰਿਹਾ ਹੈ। ਇਸੇ ਕਰਕੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਦੇ ਰੂਪ ਵਿਚ ਅਕਾਲੀ ਲੀਡਰਸ਼ਿਪ ਖਿਲਾਫ ਵਿਦਰੋਹ ਲਈ ਲਗਾਤਾਰ ਜਗ੍ਹਾ ਦੇ ਰਹੀ ਹੈ। ਬਿਨਾ ਸ਼ੱਕ, ਪੰਜਾਬ ਦੀ ਸਿਆਸਤ ਅਤੇ ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਕਾਲੀ ਦਲ ਉਤੇ ਅੱਜ ਕੱਲ੍ਹ ਵੱਡਾ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਪਾਰਟੀ ਉਤੇ ਬਾਦਲ ਪਰਿਵਾਰ ਦਾ ਕਬਜ਼ਾ, ਸੂਬੇ ਵਿਚ ਨਸ਼ਿਆਂ ਦੀ ਮਾਰ, ਬੇਅਦਬੀ ਆਦਿ ਕਈ ਮਸਲਿਆਂ ‘ਤੇ ਪਾਰਟੀ ਬੁਰੀ ਤਰ੍ਹਾਂ ਫਸੀ ਹੋਈ ਹੈ। ਆਮ ਆਦਮੀ ਪਾਰਟੀ ਅਤੇ ਹੋਰ ਕੋਈ ਵੀ ਪਾਰਟੀ ਸੂਬੇ ਵਿਚ ਆਪਣੀ ਪੈਂਠ ਬਣਾਉਣ ਵਿਚ ਨਾਕਾਮ ਹੀ ਸਾਬਤ ਹੋਈਆਂ ਹਨ। ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫਾ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀ ਸਿਆਸਤ ਉਤੇ ਕਿਸ ਤਰ੍ਹਾਂ ਦਾ ਅਸਰ ਪਾਵੇਗਾ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਕ ਤੱਥ ਸਪਸ਼ਟ ਹੈ ਕਿ ਅਕਾਲੀ ਸਿਆਸਤ ਵਿਚ ਕਿਸੇ ਤਬਦੀਲੀ ਦੇ ਆਸਾਰ ਜ਼ਰੂਰ ਬਣ ਰਹੇ ਹਨ, ਕਿਉਂਕਿ ਇਸ ਵਾਰ ਕੇਂਦਰ ਵਿਚ ਸੱਤਾਧਾਰੀ ਭਾਜਪਾ ਇਸ ਵਿਚਾਰ ਉਤੇ ਚੱਲਦੀ ਪ੍ਰਤੀਤ ਹੋ ਰਹੀ ਹੈ। ਕਈ ਪੰਥਕ ਧਿਰਾਂ ਅਕਾਲੀ ਦਲ ਉਤੇ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਬੜੀਆਂ ਔਖੀਆਂ ਰਹੀਆਂ ਹਨ, ਪਰ ਨਵੀਆਂ ਸਫਬੰਦੀਆਂ ਵਿਚ ਭਾਜਪਾ ਦਾ ਰੋਲ ਕੀ ਅਤੇ ਕਿੰਨਾ ਕੁ ਹੋਵੇਗਾ, ਇਸ ਤੱਥ ਨੇ ਵੀ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਾ ਹੈ।