ਲਾਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਚਿਰਾਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ 9 ਨਵੰਬਰ ਨੂੰ ਖੋਲ੍ਹੇ ਦੇਵੇਗਾ। ਖਾਨ ਨੇ ਫੇਸਬੁੱਕ ਉਤੇ ਲਿਖਿਆ ‘ਪਾਕਿਸਤਾਨ ਦੁਨੀਆਂ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਰਤਾਰਪੁਰ ਲਾਂਘੇ ਦਾ ਕੰਮ ਆਖਰੀ ਗੇੜ ਵਿਚ ਹੈ। ਉਸ ਨੂੰ ਨੌਂ ਨਵੰਬਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।’
ਇਹ ਐਲਾਨ ਕਰਕੇ ਇਮਰਾਨ ਨੇ ਜਤਾਏ ਜਾ ਰਹੇ ਉਹ ਸਾਰੇ ਖਦਸ਼ੇ ਦੂਰ ਕਰ ਦਿੱਤੇ ਹਨ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ ਕਿ ਨਹੀਂ। ਪਾਕਿ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਗੁਰਦੁਆਰੇ ਵਿਚ ਭਾਰਤ ਤੇ ਸੰਸਾਰ ਦੇ ਕਈ ਹਿੱਸਿਆਂ ਤੋਂ ਸਿੱਖ ਆਉਣਗੇ।
ਇਹ ਸਿੱਖਾਂ ਲਈ ਇਕ ਵੱਡਾ ਧਾਰਮਿਕ ਕੇਂਦਰ ਬਣ ਜਾਵੇਗਾ ਤੇ ਇਸ ਨਾਲ ਸਥਾਨਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ। ਮੁਲਕ ਵਿਚ ਵਿਦੇਸ਼ੀ ਕਰੰਸੀ ਆਵੇਗੀ ਤੇ ਯਾਤਰਾ ਅਤੇ ਮਹਿਮਾਨ ਨਿਵਾਜੀ ਸਣੇ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਪੈਦਾ ਹੋਣਗੀਆਂ। ਇਮਰਾਨ ਨੇ ਕਿਹਾ ਕਿ ਪਾਕਿ ਵਿਚ ਧਾਰਮਿਕ ਸੈਰ-ਸਪਾਟਾ ਵੱਧ ਰਿਹਾ ਹੈ। ਪਹਿਲਾਂ ਬੌਧੀ ਭਿਕਸ਼ੂ ਧਾਰਮਿਕ ਰੀਤੀ-ਰਿਵਾਜਾਂ ਲਈ ਆਏ ਸਨ ਤੇ ਹੁਣ ਲਾਂਘਾ ਖੋਲ੍ਹਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਸ ਅਕਤੂਬਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਸੀ ਕਿ ਲਾਂਘਾ ਖੋਲ੍ਹਣ ਲਈ ਹਾਲੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਲਾਂਘਾ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਇਕ ਹੋਰ ਸੀਨੀਅਰ ਪਾਕਿ ਅਧਿਕਾਰੀ ਨੇ ਵੀ ਇਸ ਦੇ 9 ਨਵੰਬਰ ਨੂੰ ਖੁੱਲ੍ਹਣ ਦੀ ਪੁਸ਼ਟੀ ਕੀਤੀ ਹੈ। ਤਜਵੀਜ਼ਤ ਲਾਂਘਾ ਕਰਤਾਰਪੁਰ (ਪਾਕਿਸਤਾਨ) ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਜ਼ਿਲ੍ਹਾ ਗੁਰਦਾਸਪੁਰ (ਭਾਰਤ) ਦੇ ਡੇਰਾ ਬਾਬਾ ਨਾਨਕ ਕਸਬੇ ਨਾਲ ਜੋੜੇਗਾ। ਇਸ ਨਾਲ ਭਾਰਤੀ ਸ਼ਰਧਾਲੂ ਬਿਨਾਂ ਵੀਜ਼ਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ ਇਕ ਪਰਮਿਟ ਲੈਣਾ ਪਵੇਗਾ। ਦੱਸਣਯੋਗ ਹੈ ਕਿ ਪਾਕਿਸਤਾਨ, ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਤੱਕ ਲਾਂਘੇ ਦਾ ਨਿਰਮਾਣ ਕਰ ਰਹੀ ਹੈ ਜਦਕਿ ਸੂਬਾ ਪੰਜਾਬ ‘ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਲਾਂਘੇ ਦਾ ਦੂਜਾ ਹਿੱਸਾ ਭਾਰਤ ਬਣਾਏਗਾ।
_________________________________
ਮਨਮੋਹਨ ਸਿੰਘ ਆਮ ਸ਼ਰਧਾਲੂ ਵਾਂਗ ਭਰਨਗੇ ਹਾਜ਼ਰੀ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ ਸਰਕਾਰ ਵੱਲੋਂ ਰੱਖੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਿਰਕਤ ਨਹੀਂ ਕਰਨਗੇ ਬਲਕਿ ‘ਇਕ ਆਮ ਸ਼ਰਧਾਲੂ’ ਵਜੋਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ। ਮਨਮੋਹਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਰਤਾਰਪੁਰ ਜਾਣ ਵਾਲੇ ਜਥੇ ਦੇ ਮੈਂਬਰ ਹੋਣਗੇ। ਉਹ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਉਸੇ ਦਿਨ ਪਰਤ ਆਉਣਗੇ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੁਲਤਾਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ 9 ਨਵੰਬਰ ਨੂੰ ਪਾਕਿ ਸਰਕਾਰ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਲਿਆ ਹੈ। ਡਾਅਨ ਅਖਬਾਰ ਦੀ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਕਿਹਾ ਸੀ ਕਿ ਉਹ ‘ਆਮ ਸ਼ਰਧਾਲੂ’ ਵਜੋਂ ਸ਼ਿਰਕਤ ਕਰਨਗੇ ਨਾ ਕਿ ਵਿਸ਼ੇਸ਼ ਮਹਿਮਾਨ ਵਜੋਂ।