ਕਰਤਾਰਪੁਰ ਲਾਂਘਾ: ਭਾਰਤ ਵਲੋਂ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਦਾ ਦਾਅਵਾ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ ‘ਇੰਟਰਨੈਸ਼ਨਲ ਵਿਜ਼ਟਰ ਸੈਂਟਰ ਕੰਪਲੈਕਸ’ ਤੇ ਲਾਂਘੇ ਲਈ ਸਰਹੱਦ ਤੱਕ ਉਸਾਰੀ ਗਈ 4.2 ਕਿੱਲੋਮੀਟਰ ਸੜਕ ਦਾ ਉਦਘਾਟਨ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਰੱਖੇ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਕਰਨਗੇ। ਕੈਬਨਿਟ ਮੰਤਰੀ ਤੇ ਰਾਜ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਲਈ ਇੰਚਾਰਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਰਾਜ ਦੇ ਮੁੱਖ ਸਕੱਤਰ ਨੂੰ ਕੇਂਦਰ ਸਰਕਾਰ ਵੱਲੋਂ ਉਕਤ ਪ੍ਰੋਗਰਾਮ ਸਬੰਧੀ ਬਕਾਇਦਾ ਲਿਖਤੀ ਸੂਚਨਾ ਪ੍ਰਾਪਤ ਹੋਈ, ਜਿਸ ‘ਚ ਰਾਜ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਇਸ ਫੇਰੀ ਅਤੇ ਪ੍ਰੋਗਰਾਮ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਵਰਨਣਯੋਗ ਹੈ ਕਿ ਕਰਤਾਰਪੁਰ ਲਾਂਘੇ ਲਈ ਹਿੰਦ-ਪਾਕਿ ਸਰਹੱਦ ਉਤੇ ਡੇਰਾ ਬਾਬਾ ਨਾਨਕ ਵਿਖੇ ਸੰਗਤ ਦੀ ਆਮਦ ਅਤੇ ਕਸਟਮ ਤੇ ਇਮੀਗ੍ਰੇਸ਼ਨ ਜਾਂਚ ਲਈ ਭਾਰਤ ਸਰਕਾਰ ਵੱਲੋਂ ‘ਇੰਟਰਨੈਸ਼ਨਲ ਵਿਜ਼ਟਰ ਸੈਂਟਰ’ ਅਟਾਰੀ ਸਰਹੱਦ ਦੀ ਤਰਜ਼ ਉਤੇ ਹੀ ਉਸਾਰਿਆ ਜਾ ਰਿਹਾ ਹੈ ਤਾਂ ਜੋ ਰੋਜ਼ਾਨਾ 5 ਤੋਂ 10 ਹਜ਼ਾਰ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ-ਆਉਣ ਦਾ ਪ੍ਰਬੰਧ ਹੋ ਸਕੇ। ਕੇਂਦਰ ਦੇ ਸੜਕੀ ਆਵਾਜਾਈ ਵਿਭਾਗ ਵੱਲੋਂ ਹਿੰਦ-ਪਾਕਿ ਸਰਹੱਦ ਤੋਂ ਇਸ ਸੈਂਟਰ ਤੱਕ ਬਣਾਈ ਗਈ 4.2 ਕਿੱਲੋਮੀਟਰ ਸੜਕ ਦਾ ਕੰਮ ਵੀ ਤਕਰੀਬਨ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਸ ਲਾਂਘੇ ਲਈ ਕੰਮ ਕਰਨ ਵਾਲੇ ਵੱਡੀ ਗਿਣਤੀ ਵਿਚ ਸੁਰੱਖਿਆ ਅਮਲੇ ਅਤੇ ਦਫਤਰੀ ਅਮਲੇ ਲਈ ਲੋੜੀਂਦੇ ਦਫਤਰ ਅਤੇ ਰਿਹਾਇਸ਼ੀ ਕੰਪਲੈਕਸ ਵੀ ਭਾਰਤ ਸਰਕਾਰ ਵੱਲੋਂ ਹੀ ਉਸਾਰੇ ਜਾ ਰਹੇ ਹਨ।
ਕੇਂਦਰ ਸਰਕਾਰ ਵੱਲੋਂ ਉਸਾਰੀਆਂ ਜਾ ਰਹੀਆਂ ਸਾਰੀਆਂ ਇਮਾਰਤਾਂ ਦੇ ਉਦਘਾਟਨ ਲਈ ਪ੍ਰੋਗਰਾਮ ਵੀ ਕੇਂਦਰ ਸਰਕਾਰ ਵੱਲੋਂ ਹੀ ਕੀਤਾ ਜਾ ਰਿਹਾ ਹੈ, ਜਿਸ ‘ਚ ਪੰਜਾਬ ਸਰਕਾਰ ਵੱਲੋਂ ਪੂਰੀ ਮਿਲਵਰਤਨ ਅਤੇ ਸ਼ਮੂਲੀਅਤ ਕੀਤੇ ਜਾਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਕੇਂਦਰ ਦੇ ਗ੍ਰਹਿ ਸਕੱਤਰ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਕੁਝ ਦਿਨ ਪਹਿਲਾਂ ਹੀ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈ ਕੇ ਗਈ ਸੀ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਵੀ ਲਾਂਘੇ ਨਾਲ ਸਬੰਧਿਤ ਪ੍ਰੋਜੈਕਟਾਂ ਅਤੇ ਇਮਾਰਤਾਂ ਆਦਿ ਦਾ ਜਾਇਜ਼ਾ ਲਿਆ ਗਿਆ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਆਉਣ ਸਬੰਧੀ ਵਿਸਤ੍ਰਿਤ ਪ੍ਰੋਗਰਾਮ ਬਾਅਦ ਵਿਚ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ, ਜਦੋਂ ਕਿ ਅਨੁਮਾਨ ਹੈ ਕਿ ਪ੍ਰਧਾਨ ਮੰਤਰੀ ਪਠਾਨਕੋਟ ਜਾਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਜਾਣਗੇ।
ਵਰਨਣਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਪਹਿਲਾ ਜਥਾ, ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣੀ ਹੈ ਕੀ 9 ਨਵੰਬਰ ਨੂੰ ਪਾਕਿਸਤਾਨ ਜਾ ਸਕੇਗਾ ਜਾਂ ਨਹੀਂ, ਇਸ ਸਬੰਧੀ ਅਨਿਸ਼ਚਿਤਤਾ ਬਣੀ ਹੋਈ ਹੈ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਜਥੇ ਭੇਜਣ ਦਾ ਸਿਲਸਲਾ ਪਾਕਿਸਤਾਨ ਵਾਲੇ ਪਾਸਿਉਂ ਲਾਂਘਾ ਖੁੱਲ੍ਹਣ ਤੋਂ ਬਾਅਦ ਹੀ ਸੰਭਵ ਹੋ ਸਕੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ 12 ਅਕਤੂਬਰ ਨੂੰ ਦਿੱਲੀ ਤੋਂ ਟਵਿੱਟਰ ਉਤੇ ਟਵੀਟ ਕਰ ਕੇ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ 8 ਨਵੰਬਰ ਨੂੰ ਡੇਰਾ ਬਾਬਾ ਨਾਨਕ ਆਉਣਗੇ।
__________________________________
ਬੀ.ਐਸ਼ਐਫ਼ ਦੇ ਵਿਸ਼ੇਸ਼ ਦਸਤੇ ਹਵਾਲੇ ਹੋਵੇਗੀ ਆਈ.ਪੀ.ਸੀ.
ਡੇਰਾ ਬਾਬਾ ਨਾਨਕ: ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਸਾਹਿਬ ਕੋਰੀਡੋਰ ਇਮੀਗ੍ਰੇਸ਼ਨ ਚੈੱਕ ਪੋਸਟ (ਆਈ.ਪੀ.ਸੀ.) ਨੂੰ ਸੀਮਾ ਸੁਰੱਖਿਆ ਬਲ (ਬੀ.ਐਸ਼ਐਫ਼) ਦੇ ਵਿਸ਼ੇਸ਼ ਦਸਤੇ ਹਵਾਲੇ ਕਰਨ ਦੀ ਆਗਿਆ ਦੇ ਦਿੱਤੀ ਹੈ। ਸੀਮਾ ਸੁਰੱਖਿਆ ਬਲ ਵੱਲੋਂ 8 ਨਵੰਬਰ ਤੋਂ ਪਹਿਲਾਂ ਪਹਿਲਾਂ ਚੈੱਕ ਪੋਸਟ ਦਾ ਚਾਰਜ ਸੰਭਾਲ ਲੈਣ ਦੀ ਉਮੀਦ ਹੈ। ਇਹ ਦਸਤੇ ‘ਪੈਸੇਂਜਰ ਟਰਮੀਨਲ ਬਿਲਡਿੰਗ’ ਅਤੇ 4.2 ਕਿਲੋਮੀਟਰ ਲਾਂਘੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲੈਣਗੇ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਚ ਤਿਆਰ ਕੀਤਾ ਜਾ ਰਿਹਾ ਪ੍ਰੋਜੈਕਟ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੂੰ ਸੌਂਪਿਆ ਹੋਇਆ ਹੈ। ਟਰਮੀਨਲ ਉਤੇ ਸ਼ਰਧਾਲੂਆਂ ਦੀ ਸਹਾਇਤਾ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਨਾਲ-ਨਾਲ ਕਸਟਮ ਅਤੇ ਸੂਬਾ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਹੋਣਗੇ।