ਫਰਜ਼ੀ ਗਵਾਹ ਨਾਲ ਸੱਜਣ ਕੁਮਾਰ ਨੂੰ ਬਚਾਉਂਦੀ ਰਹੀ ਪੁਲਿਸ
ਨਵੀਂ ਦਿੱਲੀ: ਸੱਜਣ ਕੁਮਾਰ ਤੇ 1984 ਸਿੱਖ ਕਤਲੇਆਮ ਦੇ ਹੋਰ ਦੋਸ਼ੀਆਂ ਨਾਲ ਪੁਲਿਸ ਦੀ ਗੰਢ-ਤੁਪ ਪਟਿਆਲਾ ਹਾਊਸ ਕੋਰਟ ਵਿਚ ਉਦੋਂ ਜੱਗ ਜ਼ਾਹਰ ਹੋ ਗਈ ਜਦੋਂ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਜਾਅਲੀ ਗਵਾਹ ਖੜ੍ਹੇ ਕਰ ਕੇ ਦੋਸ਼ੀਆਂ ਨੂੰ ਅਦਾਲਤਾਂ ਵਿਚੋਂ ਕਲੀਨ ਚਿੱਟ ਦਿਵਾਉਂਦੀ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੁਲਿਸ ਨੇ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿਚ ਖੜ੍ਹਾ ਕਰ ਕੇ ਸੱਜਣ ਕੁਮਾਰ ਲਈ ਕਲੀਨ ਚਿੱਟ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਅਲੀ ਜੋਗਿੰਦਰ ਸਿੰਘ ਅਦਾਲਤ ਵਿਚ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਵਾਉਂਦਾ ਰਿਹਾ ਤੇ ਅਦਾਲਤ ਵਿਚ ਬਿਆਨ ਦਿੰਦਾ ਰਿਹਾ ਕਿ ਸੱਜਣ ਕੁਮਾਰ ਤੇ ਹੋਰ ਦੋਸ਼ੀ 1984 ਕਤਲੇਆਮ ਦੇ ਕੇਸਾਂ ਵਿਚ ਬੇਕਸੂਰ ਹਨ।
ਦੋਸ਼ੀਆਂ ਦੀ ਪੁਲਿਸ ਨਾਲ ਗੰਢ-ਤੁਪ ਉਦੋਂ ਜ਼ਾਹਰ ਹੋਈ ਜਦੋਂ ਅਸਲੀ ਜੋਗਿੰਦਰ ਸਿੰਘ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਹੋ ਗਿਆ ਤੇ ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਅੰਗਰੇਜ਼ੀ ਵਿਚ ਹਸਤਾਖਰ ਕਰਕੇ ਅਦਾਲਤ ਵਿਚ ਗਵਾਹੀ ਨਹੀਂ ਦਿੱਤੀ ਕਿਉਂਕਿ ਉਹ ਅੰਗਰੇਜ਼ੀ ਜਾਣਦਾ ਹੀ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਉਹ ਵਾਰ-ਵਾਰ ਪੁਲਿਸ ਕੋਲ ਗਵਾਹੀ ਦਿੰਦਾ ਰਿਹਾ ਹੈ ਕਿ ਉਸ ਨੇ ਸੱਜਣ ਕੁਮਾਰ ਨੂੰ ਆਪਣੇ ਭਰਾ ਦਾ ਕਤਲ ਕਰਦਿਆਂ ਵੇਖਿਆ ਹੈ ਤੇ ਉਹ 1984 ਸਿੱਖ ਕਤਲੇਆਮ ਦਾ ਦੋਸ਼ੀ ਹੈ। ਸ੍ਰੀ ਸਿਰਸਾ ਨੇ ਦੱਸਿਆ ਕਿ ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਵਿਚ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦਾ ਵਿਰੋਧ ਕੀਤਾ ਪਰ ਜੱਜ ਨੇ ਆਖਿਆ ਕਿ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਉਹ ਅਸਲੀ ਜੋਗਿੰਦਰ ਸਿੰਘ ਦਾ ਬਿਆਨ ਦਰਜ ਕਰਨ ਦੀ ਪ੍ਰਵਾਨਗੀ ਦੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਦਾਲਤ ‘ਚ ਸੀ.ਬੀ.ਆਈ. ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਨਾਲ ਰਲੀ ਹੋਈ ਸੀ।