ਭਾਰਤ ਨੇ ਹੁਣ ਆਪਣੀਆਂ ਤੋਪਾਂ ਦੇ ਮੂੰਹ ਮਕਬੂਜ਼ਾ ਕਸ਼ਮੀਰ ਵੱਲ ਘੁੰਮਾਏ

ਨਵੀਂ ਦਿੱਲੀ: ਭਾਰਤੀ ਫੌਜ ਨੇ ਮਕਬੂਜ਼ਾ ਕਸ਼ਮੀਰ ਦੀ ਨੀਲਮ ਵਾਦੀ ਵਿਚ ਚਾਰ ਦਹਿਸ਼ਤੀ ਟਿਕਾਣਿਆਂ ਤੇ ਪਾਕਿ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੌਰਾਨ ਛੇ ਤੋਂ ਦਸ ਪਾਕਿਸਤਾਨੀ ਫੌਜੀ ਮਾਰੇ ਗਏ। ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਗੋਲਾਬਾਰੀ ਵਿਚ ਇੰਨੇ ਹੀ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ। ਭਾਰਤ ਵੱਲੋਂ ਤੋਪਖਾਨੇ ਦਾ ਮੂੰਹ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਖਾਸਾ ਨੁਕਸਾਨ ਹੋਇਆ ਹੈ।

ਇਸ ਦੌਰਾਨ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤੀ ਫੌਜ ਦੀ ਉਪਰੋਕਤ ਕਾਰਵਾਈ ‘ਚ 6 ਤੋਂ 10 ਪਾਕਿ ਫੌਜੀ ਮਾਰੇ ਗਏ ਹਨ ਤੇ ਕੰਟਰੋਲ ਰੇਖਾ ਦੇ ਨਾਲ ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਪੁੱਜਾ ਹੈ। ਸੂਤਰਾਂ ਮੁਤਾਬਕ ਭਾਰਤ ਨੇ ਇਹ ਜਵਾਬੀ ਕਾਰਵਾਈ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਦੇ ਨਾਲ ਤੰਗਧਾਰ ਸੈਕਟਰ ਵਿਚ ਗੋਲੀਬਾਰੀ ਦੇ ਮੱਦੇਨਜ਼ਰ ਕੀਤੀ ਹੈ। ਬਿਨਾਂ ਭੜਕਾਹਟ ਤੋਂ ਕੀਤੀ ਗੋਲੀਬਾਰੀ ‘ਚ ਦੋ ਭਾਰਤੀ ਫੌਜੀ ਸ਼ਹੀਦ ਤੇ ਇਕ ਆਮ ਨਾਗਰਿਕ ਮਾਰਿਆ ਗਿਆ ਸੀ। ਹਮਲੇ ‘ਚ ਤਿੰਨ ਹੋਰ ਜਣੇ ਜਖਮੀ ਹੋ ਗਏ ਸਨ।
ਸੂਤਰਾਂ ਮੁਤਾਬਕ ਜੰਮੂ ਤੇ ਕਸ਼ਮੀਰ ਵਿਚ ਤੰਗਧਾਰ ਸੈਕਟਰ ਤੋਂ ਬਿਲਕੁਲ ਉਲਟ ਸਰਹੱਦ ਪਾਰ ਪੈਂਦੀ ਨੀਲਮ ਵਾਦੀ ਵਿਚ ਦਹਿਸ਼ਤੀਆਂ ਦੇ ਚਾਰ ਟਿਕਾਣੇ ਸਨ। ਭਾਰਤੀ ਫੌਜ ਵੱਲੋਂ ਕੀਤੀ ਕਾਰਵਾਈ ਦੌਰਾਨ ਇਹ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਹਮਲੇ ਮੌਕੇ ਹਰ ਟਿਕਾਣੇ ਉਤੇ ਦਸ ਤੋਂ 15 ਦਹਿਸ਼ਤਗਰਦ ਮੌਜੂਦ ਸਨ। ਫਰਵਰੀ ਵਿਚ ਬਾਲਾਕੋਟ ਸਟਰਾਈਕ ਮਗਰੋਂ ਇਨ੍ਹਾਂ ਹਮਲਿਆਂ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਉੱਚ ਮਿਆਰੀ ਸੂਤਰਾਂ ਨੇ ਭਾਰਤੀ ਫੌਜ ਦੀ ਗੋਲਾਬਾਰੀ ‘ਚ ਘੱਟੋ ਘੱਟ 20 ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨਾਲ ਗੱਲਬਾਤ ਕਰਕੇ ਭਾਰਤੀ ਹਮਲੇ ਸਬੰਧੀ ਜਾਣਕਾਰੀ ਲਈ। ਰੱਖਿਆ ਮੰਤਰੀ ਵੱਲੋਂ ਕੰਟਰੋਲ ਰੇਖਾ ਦੇ ਨਾਲ ਹਾਲਾਤ ‘ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਫੌਜ ਸਰਹੱਦ ਪਾਰੋਂ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਜਾਰੀ ਰੱਖਦੀ ਹੈ ਤਾਂ ਭਾਰਤੀ ਫੌਜ ਨੂੰ ਆਪਣੇ ਮਰਜ਼ੀ ਦੇ ਸਮੇਂ ਤੇ ਥਾਂ ਮੁਤਾਬਕ ਵਾਜਬ ਜਵਾਬ ਦੇਣ ਦਾ ਪੂਰਾ ਹੱਕ ਹੈ। ਉਧਰ, ਸੂਤਰਾਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਦਹਿਸ਼ਤੀ ਟਿਕਾਣੇ ਤਬਾਹ ਕੀਤੇ ਜਾਣ ਨੂੰ ਸਤੰਬਰ 2016 ਵਿਚ ਭਾਰਤੀ ਥਲ ਸੈਨਾ ਵੱਲੋਂ ਕੰਟਰੋਲ ਰੇਖਾ ਉਲੰਘ ਕੇ ਕੀਤੇ ਸਰਜੀਕਲ ਸਟਰਾਈਕ ਨਾਲ ਨਾ ਮੇਲਿਆ ਜਾਵੇ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ‘ਤੇ ਦੁਵੱਲੀ ਗੋਲੀਬਾਰੀ ਦੌਰਾਨ ਨੌਂ ਭਾਰਤੀ ਫੌਜੀ ਮਾਰੇ ਜਾਣ ਦਾਅਵਾ ਕੀਤਾ ਹੈ। ਭਾਰਤੀ ਫੌਜ ਨੇ ਇਹ ਦਾਅਵੇ ਖਾਰਜ ਕੀਤੇ ਹਨ।
__________________________________________
ਭਾਰਤੀ ਦਾਅਵਾ ਖਾਰਜ
ਇਸਲਾਮਾਬਾਦ: ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਭਾਰਤੀ ਦਾਅਵਾ ਖਾਰਜ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ‘ਝੂਠ’ ਦਾ ਪਰਦਾਫਾਸ਼ ਕਰਨ ਲਈ ਪੀ5 (ਸੰਯੁਕਤ ਰਾਸ਼ਟਰ ਦੇ 5 ਸਥਾਈ ਮੈਂਬਰ) ਮੁਲਕਾਂ ਨਾਲ ਸਬੰਧਤ ਸਫੀਰਾਂ ਦੀ ਫੇਰੀ (ਮਕਬੂਜ਼ਾ ਕਸ਼ਮੀਰ ਦੀ) ਦਾ ਪ੍ਰਬੰਧ ਕਰ ਸਕਦਾ ਹੈ। ਪਾਕਿਸਤਾਨ ਵਿਦੇਸ਼ ਦਫਤਰ ਨੇ ਕਿਹਾ ਕਿ ਪਾਕਿਸਤਾਨ ਨੇ ਪੀ 5 ਮੁਲਕਾਂ ਤੱਕ ਰਸਾਈ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤ ਤੋਂ ਮਕਬੂਜ਼ਾ ਕਸ਼ਮੀਰ ‘ਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਜਾਣਕਾਰੀ ਮੰਗਣ।
_________________________________________
ਕਸ਼ਮੀਰ ਵਿਧਾਨ ਪ੍ਰੀਸ਼ਦ ਭੰਗ ਕਰਨ ਦੇ ਹੁਕਮ
ਜੰਮੂ: ਜੰਮੂ ਕਸ਼ਮੀਰ ਦੀ ਇਸੇ ਮਹੀਨੇ ਦੇ ਅੰਤ ਵਿਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦੇ ਮੱਦੇਨਜ਼ਰ 62 ਸਾਲ ਪੁਰਾਣੀ ਸੂਬਾਈ ਵਿਧਾਨ ਪ੍ਰੀਸ਼ਦ ਨੂੰ ਭੰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸੂਬਾ ਪ੍ਰਸ਼ਾਸਨ ਨੇ ਇਸ ਦੇ 116 ਮੈਂਬਰੀ ਸਟਾਫ ਨੂੰ ਆਮ ਪ੍ਰਸ਼ਾਸਨ ਵਿਭਾਗ ਨੂੰ ਰਿਪੋਰਟ ਕਰਨ ਲਈ ਕਿਹਾ ਹੈ।
31 ਅਕਤੂਬਰ ਨੂੰ ਸੂਬਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਵਿਚ ਤਬਦੀਲ ਹੋ ਜਾਵੇਗਾ। ਜੰਮੂ ਕਸ਼ਮੀਰ ਰਾਜ ਵਿਧਾਨ ਸਭਾ ਦੇ ਨਾਲ ਯੂਟੀ ਵਿਚ ਤਬਦੀਲ ਹੋ ਜਾਵੇਗਾ। ਇਹ ਹੁਕਮ ਰਾਜ ਸਰਕਾਰ ਦੇ ਸਕੱਤਰ ਫਾਰੂਕ ਅਹਿਮਦ ਲੋਨ ਨੇ ਜਾਰੀ ਕੀਤੇ ਹਨ। ਉਨ੍ਹਾਂ ਸਾਰੇ ਵਾਹਨਾਂ ਨੂੰ ਡਾਇਰੈਟਕਰ, ਸੂਬਾ ਮੋਟਰ ਗੈਰਾਜ ਦੇ ਹਵਾਲੇ ਕਰਨ ਤੇ ਪ੍ਰੀਸ਼ਦ ਦੀ ਇਮਾਰਤ ਨੂੰ ਵੀ ਸਾਰੇ ਫਰਨੀਚਰ ਤੇ ਇਲੈਕਟ੍ਰਾਨਿਕ ਵਸਤਾਂ ਸਣੇ ਅਸਟੇਟ ਡਾਇਰੈਕਟਰ ਨੂੰ ਸੌਂਪਣ ਲਈ ਕਿਹਾ ਹੈ। ਯਾਦ ਰਹੇ ਕਿ 36 ਮੈਂਬਰੀ ਸੂਬਾ ਪ੍ਰੀਸ਼ਦ 1957 ਵਿਚ ਸੰਸਦ ਵਿਚ ਇਕ ਐਕਟ ਪਾਸ ਕਰ ਕੇ ਕਾਇਮ ਕੀਤੀ ਗਈ ਸੀ। ਇਹ 87 ਮੈਂਬਰੀ ਵਿਧਾਨ ਸਭਾ ਦੇ ਉਪਰਲੇ ਸਦਨ ਵਜੋਂ ਕੰਮ ਕਰਦੀ ਰਹੀ ਹੈ।