ਆਫੀਆ ਸਦੀਕੀ ਦਾ ਜਹਾਦ-16

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਆਫੀਆ ਦਾ ਨਾਂ ਭਾਵੇਂ ਹਰ ਪਾਸੇ ਲੋਪ ਹੋ ਚੁੱਕਾ ਸੀ ਪਰ ਇੱਕ ਅਜਿਹਾ ਇਨਸਾਨ ਵੀ ਸੀ ਜੋ ਹਰ ਵਕਤ ਉਸ ਬਾਰੇ ਸੋਚਦਾ ਸੀ। ਉਹ ਸੀ ਉਸ ਦਾ ਪਹਿਲਾ ਪਤੀ ਅਮਜਦ। ਜਦੋਂ ਹੀ ਕਿਧਰੇ ਖ਼ਬਰ ਆਉਂਦੀ ਕਿ ਆਫੀਆ ਗ੍ਰਿਫਤਾਰ ਹੋ ਗਈ ਤਾਂ ਉਹ ਰਾਤ ਰਾਤ ਭਰ ਸੌਂ ਨਾ ਸਕਦਾ। ਆਫੀਆ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ। ਉਹ ਇਹ ਸੋਚ ਕੇ ਤੜਫਦਾ ਰਹਿੰਦਾ ਕਿ ਇਸ ਵੇਲੇ ਪਤਾ ਨਹੀਂ ਉਸ ‘ਤੇ ਕੀ ਬੀਤ ਰਹੀ ਹੋਵੇਗੀ; ਪਰ ਜਦੋਂ ਖ਼ਬਰ ਆ ਜਾਂਦੀ ਕਿ ਨਹੀਂ, ਉਹ ਅਜੇ ਤੱਕ ਕਿਸੇ ਦੀ ਹਿਰਾਸਤ ‘ਚ ਨਹੀਂ ਆਈ ਤਾਂ ਉਸ ਨੂੰ ਕੁਝ ਸ਼ਾਂਤੀ ਮਿਲਦੀ। ਉਸ ਦੇ ਆਪਣੇ ਆਪ ਦੇ ਆਫੀਆ ਨਾਲ ਡੂੰਘਾ ਜੁੜੇ ਹੋਣ ਦੇ ਇਲਾਵਾ ਉਸ ਨੂੰ ਬੱਚਿਆਂ ਦਾ ਬੜਾ ਫਿਕਰ ਰਹਿੰਦਾ ਸੀ। ਉਹ ਸੋਚਦਾ ਕਿ ਉਹ ਜਿਥੇ ਕਿਤੇ ਵੀ ਹੈ, ਰਹੀ ਜਾਵੇ ਪਰ ਪੁਲਿਸ ਦੇ ਹੱਥ ਨਾ ਆਵੇ। ਇਹ ਦਰਦ ਉਸ ਤੋਂ ਝੱਲ ਨਹੀਂ ਹੋਵੇਗਾ ਤੇ ਨਾਲੇ ਉਸ ਦੇ ਬੱਚੇ ਰੁਲ ਜਾਣਗੇ।
ਜਦੋਂ ਉਸ ਨੂੰ ਪਤਾ ਲੱਗਿਆ ਕਿ ਆਫੀਆ ਨਾਲ ਉਸ ਦਾ ਨਾਂ ਵੀ ਐਫ਼ਬੀæਆਈæ ਨੇ ਇਸ਼ਤਿਹਾਰੀ ਮੁਜਰਮਾਂ ਦੀ ਲਿਸਟ ‘ਤੇ ਪਾ ਦਿੱਤਾ ਹੈ ਤਾਂ ਉਸ ਦੇ ਹੋਸ਼ ਉਡ ਗਏ ਕਿਉਂਕਿ ਉਹ ਤਾਂ ਆਪਣੇ ਘਰ ਹੀ ਰਹਿੰਦਾ ਸੀ ਤੇ ਉਸ ਨੇ ਸੋਚਿਆ ਕਿ ਉਸ ਨੂੰ ਤਾਂ ਪੁਲਿਸ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਉਸ ਨੇ ਆਪਣੇ ਪਿਉ ਨਾਲ ਗੱਲ ਕੀਤੀ। ਪਿਉ ਨੇ ਕਿਸੇ ਆਪਣੇ ਦੋਸਤ ਦੀ ਰਾਇ ਲਈ। ਇਹ ਦੋਸਤ ਪਹਿਲਾਂ ਆਈæਐਸ਼ਆਈæ ਦਾ ਅਫਸਰ ਰਹਿ ਚੁੱਕਾ ਸੀ ਤੇ ਹੁਣ ਰਿਟਾਇਰ ਹੋ ਚੁੱਕਾ ਸੀ। ਇਸੇ ਦੋਸਤ ਦੇ ਉਦਮ ਨਾਲ ਅਮਜਦ ਦੀ ਆਈæਐਸ਼ਆਈæ ਦੇ ਕਿਸੇ ਅਫਸਰ ਨਾਲ ਮੁਲਾਕਾਤ ਕਰਵਾਈ ਗਈ। ਉਸ ਨੇ ਅਮਜਦ ਤੋਂ ਬਹੁਤ ਸਾਰੇ ਸੁਆਲ ਪੁੱਛੇ। ਅਮਜਦ ਨੇ ਜੋ ਸੱਚ ਸੀ, ਉਹ ਦੱਸ ਦਿੱਤਾ ਕਿ ਜਿਸ ਆਫੀਆ ਨੂੰ ਉਹ ਜਾਣਦਾ ਹੈ, ਉਹ ਇਹੋ ਜਿਹੀ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਆਫੀਆ ਉਸ ਤੋਂ ਉਹਲਾ ਰੱਖਦੀ ਕੋਈ ਦੂਹਰੀ ਜ਼ਿੰਦਗੀ ਜਿਉ ਰਹੀ ਹੋਵੇ। ਲੰਬੀ ਮੁਲਾਕਾਤ ਤੋਂ ਬਾਅਦ ਅਫਸਰ ਨੇ ਉਸ ਨੂੰ ਫਰੀ ਕਰ ਦਿੱਤਾ। ਆਪਣੇ ਰਿਕਾਰਡ ਵਿਚ ਉਸ ਲਿਖ ਦਿੱਤਾ ਕਿ ਇਸ ਬੰਦੇ ਦੀ ਪੁੱਛ-ਗਿੱਛ ਹੋ ਚੁੱਕੀ ਹੈ ਤੇ ਇਸ ਦਾ ਕਿਸੇ ਬੁਰੇ ਅਨਸਰ ਨਾਲ ਕੋਈ ਸਬੰਧ ਨਹੀਂ ਹੈ। ਹੁਣ ਐਫ਼ਬੀæਆਈæ ਉਸ ਨੂੰ ਸੌਖਿਆਂ ਈ ਗ੍ਰਿਫਤਾਰ ਨਹੀਂ ਕਰ ਸਕਦੀ ਸੀ; ਖਾਸ ਕਰ ਕੇ ਪਾਕਿਸਤਾਨ ਵਿਚ ਤਾਂ ਬਿਲਕੁਲ ਹੀ ਨਹੀਂ। ਇਸੇ ਦੌਰਾਨ ਅਮਰੀਕਾ ਦੇ ਬਾਲਟੀਮੋਰ ਦਫਤਰ ਤੋਂ ਐਫ਼ਬੀæਆਈæ ਦਾ ਇੱਕ ਏਜੰਟ ਉਸ ਦੇ ਘਰ ਆ ਪਹੁੰਚਿਆ। ਘਰ ਵਾਲਿਆਂ ਦੇ ਉਸਾਣ ਮਾਰੇ ਗਏ, ਪਰ ਅਮਜਦ ਨੇ ਉਸ ਨੂੰ, ਆਈæਐਸ਼ਆਈæ ਨਾਲ ਆਪਣੀ ਹੋਈ ਗੱਲਬਾਤ ਬਾਰੇ ਦੱਸਿਆ ਤੇ ਨਾਲ ਹੀ ਗੱਲਬਾਤ ਕਰਨ ਵਾਲੇ ਅਫਸਰ ਦਾ ਨਾਂ-ਪਤਾ ਵਗੈਰਾ ਦੇ ਦਿੱਤਾ। ਉਸ ਵੇਲੇ ਤਾਂ ਉਹ ਏਜੰਟ ਚਲਿਆ ਗਿਆ ਪਰ ਅਗਲੇ ਦਿਨ ਫਿਰ ਆ ਗਿਆ। ਖੈਰ, ਹੁਣ ਉਸ ਨੇ ਦੱਸਿਆ ਕਿ ਉਹ ਸਿਰਫ ਅਮਜਦ ਦੀ ਉਸ ਦੇ ਘਰ ‘ਚ ਹੀ ਪੁੱਛ-ਗਿੱਛ ਕਰੇਗਾ। ਲੰਬੀ ਗੱਲਬਾਤ ਤੋਂ ਪਿੱਛੋਂ ਇਸ ਏਜੰਟ ਨੇ ਵੀ ਇਹੀ ਨਤੀਜਾ ਕੱਢਿਆ ਕਿ ਅਮਜਦ ਨੂੰ ਆਫੀਆ ਦੀ ਦੂਹਰੀ ਜ਼ਿੰਦਗੀ ਦਾ ਇਲਮ ਨਹੀਂ ਹੈ। ਉਹ ਵਾਪਸ ਅਮਰੀਕਾ ਮੁੜ ਗਿਆ।
ਆਫੀਆ ਦੀ ਮਾਂ ਕੋਲ ਗਰੀਨ ਕਾਰਡ ਸੀ ਤੇ ਉਹ ਅਮਰੀਕਾ ਜਾ ਸਕਦੀ ਸੀ। ਉਹ ਆਪਣੀ ਧੀ ਨੂੰ ਭਾਲਣ ਲਈ ਅਮਰੀਕਾ ਚੱਲ ਪਈ। ਨਿਊ ਯਾਰਕ ਦੇ ਕਨੇਡੀ ਏਅਰਪੋਰਟ ‘ਤੇ ਹੀ ਉਸ ਨੂੰ ਐਫ਼ਬੀæਆਈæ ਵਗੈਰਾ ਨੇ ਘੇਰ ਲਿਆ, ਪਰ ਉਹ ਡਰੀ ਨਹੀਂ ਤੇ ਉਚੀ ਰੌਲਾ ਪਾਉਂਦਿਆਂ ਚੀਕ-ਚੀਕ ਕੇ ਕਹਿੰਦੀ ਰਹੀ ਕਿ ਤੁਸੀਂ ਹੀ ਮੇਰੀ ਧੀ ਨੂੰ ਕੈਦ ਕੀਤਾ ਹੋਇਆ ਹੈ। ਚਾਰ ਘੰਟਿਆਂ ਪਿੱਛੋਂ ਉਸ ਨੂੰ ਛੱਡਿਆ ਗਿਆ ਤਾਂ ਉਹ ਬਾਹਰ ਉਡੀਕ ਰਹੀ ਫੌਜ਼ੀਆ ਨਾਲ ਉਸ ਦੇ ਘਰ ਚਲੀ ਗਈ। ਦੋ ਕੁ ਦਿਨਾਂ ਬਾਅਦ ਹੀ ਫੌਜ਼ੀਆ ਦੇ ਦਰਵਾਜ਼ੇ ‘ਤੇ ਸ਼ੈਰਿਫ ਦਫਤਰ ਦਾ ਅਫਸਰ ਖੜ੍ਹਾ ਸੀ। ਉਸ ਨੇ ਇਸਮਤ ਸਦੀਕੀ ਬਾਰੇ ਪੁੱਛਿਆ, “ਮੈ’ਮ, ਮੈਂ ਇਸਮਤ ਸਦੀਕੀ ਨੂੰ ਮਿਲਣਾ ਚਾਹੁੰਦਾ ਆਂ।”
“ਕਾਹਦੇ ਲਈ?” ਫੌਜ਼ੀਆ ਦੇ ਚਿਹਰੇ ‘ਤੇ ਫਿਕਰ ਦੀਆਂ ਲਕੀਰਾਂ ਉਭਰ ਆਈਆਂ।
“ਉਸ ਨੂੰ ਕੋਰਟ ਦਾ ਹੁਕਮ ਐ ਕਿ ਉਹ ਗਰੈਂਡ ਜਿਊਰੀ ਦੇ ਪੇਸ਼ ਹੋਵੇ।”
ਇੰਨੇ ਨੂੰ ਇਸਮਤ ਉਥੇ ਆ ਗਈ। ਉਸ ਨੇ ਦਸਤਖਤ ਕਰ ਕੇ ਕੋਰਟ ਦਾ ਸਫੀਨਾ ਲੈ ਲਿਆ। ਇਸ ਪਿੱਛੋਂ ਦੋਨੋਂ ਮਾਵਾਂ ਧੀਆਂ ਫਿਕਰ ‘ਚ ਡੁੱਬ ਗਈਆਂ। ਫੌਜ਼ੀਆ ਨੇ ਆਪਣੇ ਭਰਾ ਨੂੰ ਟੈਕਸਸ ‘ਚ ਫੋਨ ਕਰ ਕੇ ਇਸ ਬਾਰੇ ਦੱਸਿਆ। ਉਸ ਨੇ ਵਕੀਲ ਕਰ ਲੈਣ ਦੀ ਸਲਾਹ ਦਿੱਤੀ। ਡਰ ਸੀ ਕਿ ਕਿਧਰੇ ਉਨ੍ਹਾਂ ਦੀ ਮਾਂ ਨੂੰ ਜੇਲ੍ਹ ਵਿਚ ਹੀ ਨਾ ਡੱਕ ਦੇਣ। ਕਿਸੇ ਦੋਸਤ ਨੇ ਬੋਸਟਨ ਦੀ ਮਸ਼ਹੂਰ ਵਕੀਲ, ਸ਼ਾਰਪ ਬਾਰੇ ਦੱਸਿਆ। ਫੌਜ਼ੀਆ ਨੇ ਸ਼ਾਰਪ ਨੂੰ ਫੋਨ ਕੀਤਾ। ਪਹਿਲਾਂ ਤਾਂ ਉਹ ਕੇਸ ਲੈਣ ਤੋਂ ਹਿਚਕਿਚਾਉਂਦੀ ਰਹੀ, ਪਰ ਫਿਰ ਮੰਨ ਗਈ। ਇਸ ਨਾਲ ਮਾਂਵਾਂ-ਧੀਆਂ ਨੂੰ ਬੜੀ ਰਾਹਤ ਮਿਲੀ। ਸ਼ਾਰਪ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਇਸਮਤ ਨੂੰ ਦਿਮਾਗੀ ਤੌਰ ‘ਤੇ ਪਰੇਸ਼ਾਨ ਦੱਸ ਕੇ, ਹਾਲ ਦੀ ਘੜੀ ਗਰੈਂਡ ਜਿਊਰੀ ਦੇ ਪੇਸ਼ ਹੋਣ ਤੋਂ ਛੋਟ ਦਿਵਾ ਦਿੱਤੀ। ਇੱਧਰੋਂ ਖਹਿੜਾ ਛੁੱਟਦਿਆਂ ਹੀ ਇਸਮਤ ਆਪਣੇ ਮੁੰਡੇ ਮੁਹੰਮਦ ਕੋਲ ਟੈਕਸਸ ਚਲੀ ਗਈ, ਪਰ ਉਸ ਦੇ ਉਥੇ ਪਹੁੰਚਣ ਦੇ ਅਗਲੇ ਦਿਨ ਸਵੇਰੇ ਹੀ ਐਫ਼ਬੀæਆਈæ ਵਾਲੇ ਉਸ ਦੇ ਦਰਵਾਜ਼ੇ ‘ਤੇ ਵੀ ਆ ਖੜ੍ਹੇ। ਉਹ ਇਸਮਤ ਦੀ ਇੰਟਰਵਿਊ ਕਰਨਾ ਚਾਹ ਰਹੇ ਸਨ। ਮੁਹੰਮਦ ਨੇ ਤੁਰੰਤ ਆਪਣੇ ਲੋਕਲ ਵਕੀਲ ਨੂੰ ਫੋਨ ਕੀਤਾ ਤਾਂ ਵਕੀਲ ਉਸੇ ਵੇਲੇ ਉਸ ਦੇ ਘਰ ਆ ਗਿਆ। ਐਫ਼ਬੀæਆਈæ ਏਜੰਟ ਨੇ ਇੰਟਰਵਿਊ ਸ਼ੁਰੂ ਕਰਦਿਆਂ ਸੁਆਲ ਕੀਤਾ, “ਮੈ’ਮ ਤੂੰ ਅਮਰੀਕਾ ‘ਚ ਕੀ ਕਰਨ ਆਈ ਐਂ?”
“ਮੇਰੇ ਕੋਲ ਗਰੀਨ ਕਾਰਡ ਐ। ਮੈਂ ਜਦੋਂ ਮਰਜ਼ੀ ਇੱਥੇ ਆਵਾਂ-ਜਾਵਾਂ, ਤੁਸੀਂ ਕੌਣ ਹੁੰਨੇ ਓਂ ਮੈਨੂੰ ਪੁੱਛਣ ਵਾਲੇ?” ਇਸਮਤ ਇੱਥੇ ਵੀ ਡਰੀ ਨਾ, ਸਗੋਂ ਡਟ ਕੇ ਉਤਰ ਦੇਣ ਲੱਗੀ।
“ਤੂੰ ਕਦੇ ਉਸਾਮਾ ਬਿਨ-ਲਾਦਿਨ ਨੂੰ ਮਿਲੀ ਐਂ?”
“ਮੈਨੂੰ ਉਸ ਨੂੰ ਮਿਲਣ ਦੀ ਕੋਈ ਲੋੜ ਨ੍ਹੀਂ ਐ। ਨ੍ਹੀਂ ਮੈਂ ਉਸ ਨੂੰ ਨ੍ਹੀਂ ਮਿਲੀ।”
“ਤੇਰੀ ਧੀ ਆਫੀਆ ਕਿੱਥੇ ਐ?”
“ਮੈਂ ਤਾਂ ਖੁਦ ਉਸ ਨੂੰ ਲੱਭਦੀ ਫਿਰਦੀ ਆਂ। ਉਸੇ ਨੂੰ ਭਾਲਦੀ ਮੈਂ ਅਮਰੀਕਾ ਆਈ ਆਂ। ਇਸ ਗੱਲ ਦਾ ਜੁਆਬ ਤੁਸੀਂ ਦੇਵੋ ਕਿ ਤੁਸੀਂ ਆਫੀਆ ਨੂੰ ਕਿੱਥੇ ਕੈਦ ਕਰ ਕੇ ਰੱਖਿਆ ਹੋਇਐ।”
“ਵ੍ਹਟ ਨਾਨਸੈਂਸ। ਅਸੀਂ ਉਸ ਨੂੰ ਨ੍ਹੀਂ ਫੜਿਆ। ਉਹ ਸਾਡੇ ਕਬਜ਼ੇ ‘ਚ ਨ੍ਹੀਂ ਐ। ਤੂੰ ਜਾਣ-ਬੁੱਝ ਕੇ ਨ੍ਹੀਂ ਦੱਸ ਰਹੀ। ਤੁਸੀਂ ਮਾਂਵਾਂ-ਧੀਆਂ ਨੇ ਮਿਲ ਕੇ ਅਮਰੀਕਾ ਖਿਲਾਫ ਕੋਈ ਸਾਜ਼ਿਸ਼ ਰਚੀ ਐ। ਉਸੇ ਸਾਜਿਸ਼ ਨੂੰ ਅਮਲੀ ਰੂਪ ਦੇਣ ਤੂੰ ਇੱਥੇ ਆਈ ਐਂ।”
“ਇਹ ਸਭ ਬਕਵਾਸ ਐ। ਤੁਸੀਂ ਮੇਰੀ ਧੀ ਨੂੰ ਕਿਧਰੇ ਖਪਾ ਦਿੱਤਾ ਐ। ਦੱਸੋ ਕਿੱਥੇ ਐ ਮੇਰੀ ਧੀ?” ਉਹ ਉਚੀ ਬੋਲਣ ਲੱਗੀ।
“ਮੈ’ਮ ਤੂੰ ਸਾਡੀ ਇੰਟਰਵਿਊ ਨ੍ਹੀਂ ਕਰ ਰਹੀ, ਸਗੋਂ ਅਸੀਂ ਤੇਰੀ ਇੰਟਰਵਿਊ ਕਰ ਰਹੇ ਆਂ। ਇਸ ਕਰ ਕੇ ਤੈਨੂੰ ਸਾਡੇ ਸੁਆਲਾਂ ਦੇ ਉਤਰ ਤਾਂ ਈ ਦੇਣੇ ਪੈਣਗੇ। ਤੂੰ ਦੱਸ ਬਈ ਖਾਲਿਦ ਸ਼ੇਖ ਮੁਹੰਮਦ (ਕੇæਐਸ਼ਐਮæ) ਬਾਰੇ ਤੂੰ ਕੀ ਜਾਣਦੀ ਐਂ? ਮਜੀਦ ਖਾਨ ਤੇਰਾ ਕੀ ਲੱਗਦਾ ਐ? ਉਸ ਨੇ ਕੀ ਸਕੀਮਾਂ ਬਣਾਈਆਂ ਸਨ? ਤੇਰੀ ਧੀ ਆਫੀਆ ਨੇ ਉਸ ਦੇ ਲਈ ਪੋਸਟ ਆਫਿਸ ਬਾਕਸ ਕਿਰਾਏ ‘ਤੇ ਕਿਉਂ ਲੈ ਕੇ ਦਿੱਤਾ ਸੀ?”
“ਤੁਸੀਂ ਸਭ ਝੂਠੇ ਓਂ। ਮੈਂ ਨ੍ਹੀਂ ਕਿਸੇ ਵੀ ਗੱਲ ਦਾ ਉਤਰ ਦੇਣਾ। ਜਾਹ ਕਰ ਲਉ ਜੋ ਕਰਨਾ ਐਂ।”
“ਉਤਰ ਤਾਂ ਮੈ’ਮ ਤੈਨੂੰ ਦੇਣੇ ਈ ਪੈਣਗੇ।”
ਇੰਨਾ ਕਹਿੰਦਿਆਂ ਐਫ਼ਬੀæਆਈæ ਦੇ ਏਜੰਟ ਉਠ ਖੜ੍ਹੇ ਹੋਏ। ਉਨ੍ਹਾਂ ਨੂੰ ਵਕੀਲ ਨੇ ਕਿਹਾ ਕਿ ਤੁਸੀਂ ਵੇਖ ਹੀ ਰਹੇ ਓਂ ਕਿ ਇਸ ਔਰਤ ਦਾ ਦਿਮਾਗ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਆਪਣੀ ਧੀ ਦੇ ਗਮ ਵਿਚ ਇਹ ਬੇਜ਼ਾਰ ਹੋ ਚੁੱਕੀ ਹੈ। ਇਸ ਨੂੰ ਇਲਾਜ ਦੀ ਜ਼ਰੂਰਤ ਹੈ, ਪਰ ਐਫ਼ਬੀæਆਈæ ਵਾਲੇ ਉਸ ਦੀ ਗੱਲ ਦਾ ਨੋਟਿਸ ਲਏ ਬਿਨਾਂ ਬਾਹਰ ਨਿਕਲ ਗਏ। ਅਗਲੇ ਦਿਨ ਇੱਥੇ ਵੀ ਕੋਰਟ ਦਾ ਸਫੀਨਾ ਆ ਪਹੁੰਚਿਆ ਕਿ ਇਸਮਤ ਸਦੀਕੀ ਗਰੈਂਡ ਜਿਊਰੀ ਦੇ ਪੇਸ਼ ਹੋਵੇ, ਪਰ ਵਕੀਲ ਨੇ ਇੱਕ ਵਾਰ ਫਿਰ ਉਸ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਇਹ ਕੰਮ ਟਾਲ ਦਿੱਤਾ।
“ਅੰਮੀ ਮੈਨੂੰ ਲੱਗਦਾ ਐ ਕਿ ਤੈਨੂੰ ਵਾਪਸ ਚਲੇ ਜਾਣਾ ਚਾਹੀਦੈ। ਕਿਤੇ ਇਹ ਨਾ ਹੋਵੇ ਕਿ ਤੂੰ ਇੱਥੇ ਈ ਘਿਰ ਕੇ ਰਹਿ ਜਾਵੇਂ।” ਉਸੇ ਸ਼ਾਮ ਘਰ ਬੈਠਿਆਂ ਫੌਜ਼ੀਆ ਨੇ ਗੱਲ ਛੇੜੀ।
“ਮੇਰੀ ਇੱਕ ਧੀ ਤਾਂ ਗਾਇਬ ਹੋ ਹੀ ਚੁੱਕੀ ਐ, ਮੈਂ ਨ੍ਹੀਂ ਚਾਹੁੰਦੀ ਕਿ ਤੂੰ ਵੀ ਐਫ਼ਬੀæਆਈæ ਦੇ ਚੱਕਰਾਂ ਵਿਚ ਫਸ ਜਾਵੇਂ। ਤੂੰ ਵੀ ਇੱਥੋਂ ਚਲੀ ਚੱਲ।” ਇਸਮਤ ਨੇ ਫੌਜ਼ੀਆ ਨੂੰ ਕਿਹਾ।
“ਫੌਜ਼ੀਆ ਮੈਂ ਵੀ ਤੈਨੂੰ ਇਹੀ ਸਲਾਹ ਦੇਊਂਗਾ, ਜੋ ਅੰਮੀ ਦੇ ਰਹੀ ਐ।” ਕੋਲ ਬੈਠਾ ਮੁਹੰਮਦ ਬੋਲਿਆ।
“ਵੈਸੇ ਤਾਂ ਭਾਈ ਜਾਨ ਮੇਰੇ ਮਗਰ ਵੀ ਐਫ਼ਬੀæਆਈæ ਘੁੰਮਦੀ ਰਹਿੰਦੀ ਐ। ਮੇਰੀ ਪਹਿਲਾਂ ਵਾਲੀ ਜਾਬ ਚਲੀ ਗਈ। ਹਰ ਰੋਜ਼ ਹਸਪਤਾਲ ਆ ਪਹੁੰਚਦੇ ਸਨ। ਆਪਣੇ ਰੈਪੂਟੇਸ਼ਨ ਕਰ ਕੇ ਹਸਪਤਾਲ ਵਾਲਿਆਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਇਸੇ ਗੱਲ ਦੀ ਸਤਾਈ ਮੈਂ ਉਥੋਂ ਦੂਰ ਬਾਲਟੀਮੋਰ ਜਾ ਕੇ ਕਿਸੇ ਦਰਮਿਆਨੀ ਜਿਹੀ ਨੌਕਰੀ ‘ਤੇ ਲੱਗੀ ਤਾਂ ਐਫ਼ਬੀæਆਈæ ਨੇ ਉਥੇ ਵੀ ਮੇਰਾ ਟਿਕਾਣਾ ਲੱਭ ਲਿਆ, ਪਰ ਮੈਂ ਇੱਕ ਗੱਲ ਸੋਚਦੀ ਆਂ।”
“ਉਹ ਕੀ?”
“ਜਦੋਂ ਮੇਰਾ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਈ ਨ੍ਹੀਂ, ਤਾਂ ਮੈਨੂੰ ਕੋਈ ਕੀ ਕਰ ਦਊਗਾ।”
“ਫੌਜ਼ੀਆ ਇਹ ਗੱਲ ਨ੍ਹੀਂ ਐ। ਅਸਲ ਵਿਚ ਤੂੰ ਅਤੇ ਆਫੀਆ ਸ਼ੁਰੂ ਦੇ ਕਾਫੀ ਦਿਨ ਇਕੱਠੀਆਂ ਰਹਿੰਦੀਆਂ ਰਹੀਆਂ ਓਂ। ਫਿਰ ਤੂੰ ਉਥੇ ਉਸ ਕੋਲ ਬੋਸਟਨ ‘ਚ ਵੀ ਰਹੀ। ਇਸੇ ਕਰ ਕੇ ਐਫ਼ਬੀæਆਈæ ਸੋਚਦੀ ਐ ਕਿ ਤੂੰ ਉਸ ਬਾਰੇ ਬਹੁਤ ਕੁਛ ਜਾਣਦੀ ਹੋਵੇਂਗੀ; ਜਾਂ ਉਹ ਜ਼ਰੂਰ ਤੇਰੇ ਨਾਲ ਰਾਬਤਾ ਕਾਇਮ ਕਰਦੀ ਹੋਊਗੀ।”
“ਭਾਈ ਜਾਨ ਆਫੀਆ ਦੀ ਵਜ੍ਹਾ ਕਰ ਕੇ ਸਾਰਾ ਪਰਿਵਾਰ ਮੁਸ਼ਕਲਾਂ ‘ਚ ਫਸਿਆ ਫਿਰਦਾ ਐ। ਪਤਾ ਨ੍ਹੀਂ ਉਸ ਨੇ ਇਹ ਰਾਹ ਕਿਉਂ ਚੁਣਿਆ?” ਇੰਨਾ ਕਹਿੰਦੀ ਹੋਈ ਫੌਜ਼ੀਆ ਰੋਣ ਲੱਗੀ। ਮਾਂ ਨੇ ਉਸ ਨੂੰ ਧਰਵਾਸਾ ਦਿੱਤਾ।
“ਫੌਜ਼ੀਆ ਇਹ ਮੌਕਾ ਇਸ ਤਰ੍ਹਾਂ ਢੇਰੀ ਢਾਹ ਦੇਣ ਦਾ ਨ੍ਹੀਂ ਐ। ਮੈਂ ਚਾਹੁੰਨਾਂ ਕਿ ਤੂੰ ਕੱਲ੍ਹ ਨੂੰ ਆਪਣੀ ਵਕੀਲ ਨੂੰ ਸਾਰੀ ਗੱਲ ਦੱਸ ਦੇ, ਤੇ ਅੰਮੀ ਨੂੰ ਲੈ ਕੇ ਇੱਥੋਂ ਤੁਰਦੀ ਬਣ।”
“ਠੀਕ ਐ ਭਾਈ ਜਾਨ।” ਫੌਜ਼ੀਆ ਵਾਪਸੀ ਲਈ ਮਨ ਬਣਾਉਣ ਲੱਗੀ।
ਅਗਲੇ ਦਿਨ ਫੌਜ਼ੀਆ ਨੇ ਵਕੀਲ ਸ਼ਾਰਪ ਨੂੰ ਫੋਨ ਕੀਤਾ, “ਮੈ’ਮ ਮੈਂ ਇਨ੍ਹਾਂ ਐਫ਼ਬੀæਆਈæ ਵਾਲਿਆਂ ਤੋਂ ਬੜੀ ਤੰਗ ਆ ਚੁੱਕੀ ਆਂ। ਜਿਸ ਹਸਪਤਾਲ ਵਿਚ ਮੈਂ ਕੰਮ ਕਰਦੀ ਸੀ, ਉਨ੍ਹਾਂ ਮੈਨੂੰ ਐਫ਼ਬੀæਆਈæ ਦੇ ਚੱਕਰਾਂ ਕਰ ਕੇ ਨੌਕਰੀ ਤੋਂ ਕੱਢ ਦਿੱਤਾ। ਹੁਣ ਮੈਨੂੰ ਕਿਧਰੇ ਢੰਗ ਦੀ ਨੌਕਰੀ ਨ੍ਹੀਂ ਮਿਲ ਰਹੀ। ਮੈਂ ਇੱਥੋਂ ਜਾਣ ਦਾ ਸੋਚ ਰਹੀ ਆਂ।”
“ਮਿਸ ਫੌਜ਼ੀਆ, ਇਹ ਤਾਂ ਤੇਰੀ ਮਰਜ਼ੀ ਐ। ਤੈਨੂੰ ਕੋਈ ਇੱਥੇ ਧੱਕੇ ਨਾਲ ਨ੍ਹੀਂ ਰੋਕ ਸਕਦਾ। ਤੇਰੇ ‘ਤੇ ਕੇਸ ਵੀ ਕੋਈ ਨ੍ਹੀਂ ਦਰਜ ਹੋਇਆ। ਇਸ ਕਰ ਕੇ ਤੂੰ ਜਾਣ ਲਈ ਆਜ਼ਾਦ ਐਂ। ਦੂਜਾ ਇਸਮਤ ਸਦੀਕੀ ਨੂੰ ਵੀ ਆਪਣੇ ਮੁਲਕ ਜਾ ਕੇ ਚੰਗਾ ਇਲਾਜ ਕਰਵਾਉਣਾ ਚਾਹੀਦਾ ਐ।” ਇਸ਼ਾਰੇ ਨਾਲ ਵਕੀਲ ਨੇ ਕਹਿ ਦਿੱਤਾ ਕਿ ਚੰਗਾ ਹੈ ਇਸਮਤ ਇੱਥੋਂ ਚਲੀ ਜਾਵੇ। ਅਗਲੇ ਦਿਨ ਹੀ ਮਾਂਵਾਂ-ਧੀਆਂ ਵਾਪਸ ਜਾਣ ਦੀ ਤਿਆਰੀ ਕਰਨ ਲੱਗੀਆਂ ਤੇ ਦੋ ਦਿਨਾਂ ਬਾਅਦ ਉਹ ਪਾਕਿਸਤਾਨ ਪਹੁੰਚ ਗਈਆਂ।
ਇਨ੍ਹੀਂ ਦਿਨੀਂ ਆਈæਐਸ਼ਆਈ ਦੀ ਪੂਰੀ ਟੀਮ ਇੱਕ ਦਿਨ ਆਫੀਆ ਦੇ ਪਹਿਲੇ ਪਤੀ ਅਮਜਦ ਦੇ ਘਰ ਆ ਪਹੁੰਚੀ।
“ਮਿਸਟਰ ਅਮਜਦ, ਤੈਨੂੰ ਸਾਡੀ ਮਦਦ ਕਰਨੀ ਪਵੇਗੀ। ਅਸੀਂ ਆਫੀਆ ਨੂੰ ਫੜਨ ਦੀ ਸਕੀਮ ਬਣਾ ਰਹੇ ਆਂ।”
“ਕਿੱਥੇ ਐ ਆਫੀਆ? ਕੀ ਮੇਰੇ ਬੱਚੇ ਵੀ ਉਸ ਦੇ ਕੋਲ ਨੇ?” ਅਮਜਦ ਨੇ ਉਤਸ਼ਾਹ ਨਾਲ ਆਈæਐਸ਼ਆਈæ ਦੇ ਅਫਸਰ ਨੂੰ ਪੁੱਛਿਆ।
“ਇਹ ਨ੍ਹੀਂ ਪਤਾ, ਪਰ ਤੈਨੂੰ ਸਾਡੇ ਨਾਲ ਚੱਲਣਾ ਪਵੇਗਾ।”
“ਨਾਲ ਚੱਲਣਾ ਪਊ? ਪਰ ਕਿੱਥੇ?”
“ਇਸ ਗੱਲ ਦਾ ਪਤਾ ਵੀ ਉਥੇ ਜਾ ਕੇ ਹੀ ਲੱਗੂਗਾ। ਹੁਣ ਤੂੰ ਤੁਰਨ ਵਾਲਾ ਬਣ।”
ਇਸ ਪਿੱਛੋਂ ਆਈæਐਸ਼ਆਈæ ਵਾਲਿਆਂ ਨੇ ਅਮਜਦ ਨੂੰ ਨਾਲ ਲਿਆ ਤੇ ਕਰਾਚੀ ਏਅਰਪੋਰਟ ‘ਤੇ ਪਹੁੰਚ ਗਏ। ਉਹ ਉਥੇ ਖੜ੍ਹ ਗਏ ਜਿਥੇ ਜਹਾਜ਼ ‘ਚੋਂ ਸਵਾਰੀਆਂ ਉਤਰ ਕੇ ਆ ਰਹੀਆਂ ਸਨ। ਅੱਧੇ ਕੁ ਘੰਟੇ ਪਿੱਛੋਂ ਆਈæਐਸ਼ਆਈæ ਵਾਲਿਆਂ ਨੇ ਅਮਜਦ ਨੂੰ ਕਿਹਾ ਕਿ ਸਾਹਮਣੇ ਜੋ ਔਰਤ ਆ ਰਹੀ ਹੈ, ਉਹ ਉਸ ਨੂੰ ਪਛਾਣੇ ਅਤੇ ਦੱਸੇ ਕਿ ਕੀ ਇਹ ਹੀ ਆਫੀਆ ਸਦੀਕੀ ਹੈ। ਅਮਜਦ ਨੇ ਧਿਆਨ ਨਾਲ ਸਾਹਮਣੇ ਆ ਰਹੀ ਔਰਤ ਵੱਲ ਵੇਖਿਆ। ਉਸ ਦਾ ਸਾਰਾ ਸਰੀਰ ਲੰਬੇ ਬੁਰਕੇ ਨਾਲ ਢਕਿਆ ਹੋਇਆ ਸੀ। ਅਮਜਦ ਨੇ ਉਸ ਦੀਆਂ ਅੱਖਾਂ ਵੇਖ ਕੇ ਨੱਬੇ ਪ੍ਰਤੀਸ਼ਤ ਅੰਦਾਜ਼ਾ ਲਾ ਲਿਆ ਕਿ ਇਹ ਆਫੀਆ ਹੀ ਹੈ। ਉਸ ਦੇ ਨਾਲ ਚੱਲ ਰਹੇ ਬੱਚੇ ਨੂੰ ਵੀ ਅਮਜਦ ਨੇ ਪਛਾਣ ਲਿਆ ਕਿ ਉਹ ਉਸ ਦਾ ਹੀ ਮੁੰਡਾ ਹੈ। ਇੱਕ ਵਾਰ ਤਾਂ ਉਹ ਬਹੁਤ ਹੀ ਭਾਵੁਕ ਹੋ ਗਿਆ, ਪਰ ਨਾਲ ਹੀ ਉਸ ਨੇ ਸੋਚਿਆ ਕਿ ਜੇ ਉਸ ਨੇ ਆਈæਐਸ਼ਆਈæ ਵਾਲਿਆਂ ਨੂੰ ਦੱਸ ਦਿੱਤਾ ਕਿ ਉਸ ਨੂੰ ਲੱਗਦਾ ਹੈ, ਬਈ ਇਹ ਆਫੀਆ ਹੀ ਹੈ ਤਾਂ ਉਹ ਝੱਟ ਉਸ ਨੂੰ ਗ੍ਰਿਫਤਾਰ ਕਰ ਲੈਣਗੇ। ਉਸ ਦੇ ਅੰਦਰਲਾ ਅਮਜਦ ਇਹ ਨਹੀਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਸਿਰ ਮਾਰਦਿਆਂ ਕਹਿ ਦਿੱਤਾ ਕਿ ਇਹ ਆਫੀਆ ਨਹੀਂ ਹੈ।
ਉਧਰ ਆਫੀਆ ਦੇ ਮਾਮੇ ਐਸ਼ਐਚæ ਫਾਰੂਕੀ ਨੂੰ ਵੀ ਆਈæਐਸ਼ਆਈæ ਤੰਗ ਕਰਨ ਲੱਗ ਪਈ ਤਾਂ ਉਸ ਨੇ ਭੱਜ-ਨੱਸ ਕਰ ਕੇ ਮਸਾਂ ਆਪਣਾ ਖਹਿੜਾ ਛੁਡਵਾਇਆ। ਫੌਜ਼ੀਆ ਅਤੇ ਉਸ ਦੀ ਮਾਂ, ਪਾਕਿਸਤਾਨ ਆ ਕੇ ਆਪਣੇ ਘਰ ਰਹਿਣ ਲੱਗ ਪਈਆਂ ਸਨ। ਇਸ ਵਿਚਕਾਰ ਹੀ ਉਨ੍ਹਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਜਾਂ ਤਾਂ ਉਹ ਆਫੀਆ ਦੇ ਮਾਮਲੇ ਵਿਚ ਚੁੱਪ ਹੋ ਜਾਣ, ਨਹੀਂ ਤਾਂ ਉਨ੍ਹਾਂ ਦਾ ਹਾਲ ਵੀ ਉਸੇ ਵਰਗਾ ਹੋਵੇਗਾ। ਇਸ ਪਿੱਛੋਂ ਮਾਂਵਾਂ ਧੀਆਂ ਨੇ ਆਫੀਆ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ। ਨਾਲ ਹੀ ਉਨ੍ਹਾਂ ਮੀਡੀਏ ਨੂੰ ਵੀ ਬੇਨਤੀ ਕੀਤੀ ਕਿ ਉਹ ਆਫੀਆ ਦਾ ਮਾਮਲਾ ਨਾ ਉਠਾਉਣ। ਮੀਡੀਏ ਨੇ ਮੰਨਣਾ ਤਾਂ ਕੀ ਸੀ, ਸਗੋਂ ਉਨ੍ਹਾਂ ਨੂੰ ਇੱਕ ਹੋਰ ਖ਼ਬਰ ਮਿਲ ਗਈ ਕਿ ਆਈæਐਸ਼ਆਈæ ਸਦੀਕੀ ਪਰਿਵਾਰ ਨੂੰ ਤੰਗ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਲੋਕਾਂ ‘ਚ ਆਫੀਆ ਦਾ ਨਾਂ ਚਰਚਾ ਦਾ ਵਿਸ਼ਾ ਬਣ ਗਿਆ।
ਜੋ ਕੁਝ ਹੋ ਰਿਹਾ ਸੀ, ਅਮਜਦ ਬੜੇ ਧਿਆਨ ਨਾਲ ਸਭ ਵੇਖ ਰਿਹਾ ਸੀ। ਉਹ ਚਾਹੁੰਦਾ ਸੀ ਕਿ ਬੱਸ ਇੱਕ ਵਾਰ ਉਹ ਆਪਣੇ ਬੱਚਿਆਂ ਨੂੰ ਵੇਖ ਲਵੇ, ਪਰ ਮੁਮਕਿਨ ਨਾ ਹੋ ਸਕਿਆ। ਇੱਕ ਦਿਨ ਉਹ ਆਪਣੇ ਅੱਬਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਉਸੇ ਆਈæਐਸ਼ਆਈæ ਦੇ ਰਿਟਾਇਰਡ ਅਫਸਰ ਦੋਸਤ ਨੂੰ ਮਿਲਣ ਪਹੁੰਚਿਆ ਜਿਸ ਨੇ ਉਸ ਦੀ ਆਈæਐਸ਼ਆਈæ ਨਾਲ ਮੁਲਾਕਾਤ ਕਰਵਾ ਕੇ ਉਸ ਨੂੰ ਕਲੀਐਂਰਸ ਦਿਵਾਈ ਸੀ। ਉਹ ਅਫਸਰ ਅਮਜਦ ਨੂੰ ਸਲਾਹ ਦਿੰਦਿਆਂ ਬੋਲਿਆ, “ਚੰਗਾ ਇਹੀ ਰਹੇਗਾ ਕਿ ਤੂੰ ਇੱਥੋਂ ਕਿਧਰੇ ਪਾਸੇ ਹੋ ਜਾ। ਇੱਥੇ ਕਿਸੇ ਦਾ ਕੋਈ ਭਰੋਸਾ ਨ੍ਹੀਂ ਕਿ ਕੀ ਕਰਵਾ ਦੇਵੇ। ਤੂੰ ਪਰੈਜ਼ੀਡੈਂਟ ਮੁਸ਼ੱਰਫ ਦੀ ਮਿਸਾਲ ਲੈ ਲੈ। ਉਹ ਅਮਰੀਕਨਾਂ ਨੂੰ ਖੁਸ਼ ਕਰਨ ਲਈ ਕਿਸੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦਾ ਐ। ਮੇਰੇ ਕਹਿਣ ਦਾ ਭਾਵ ਐ ਕਿ ਕਈ ਅਜਿਹੇ ਬੰਦੇ ਵੀ ਉਸ ਨੇ ਅਮਰੀਕਨਾਂ ਨੂੰ ਸੌਂਪ ਦਿੱਤੇ ਜਿਨ੍ਹਾਂ ਦਾ ਗੁਨਾਹ ਇੰਨਾ ਵੱਡਾ ਨ੍ਹੀਂ ਸੀ ਕਿ ਉਨ੍ਹਾਂ ਨੂੰ ਬਿਗਾਨੇ ਮੁਲਕ ਦੇ ਸਪੁਰਦ ਕੀਤਾ ਜਾਵੇ। ਕਈ ਤਾਂ ਸਿਰਫ ਪੁੱਛ ਪੜਤਾਲ ਤੱਕ ਹੀ ਸੀਮਤ ਸਨ, ਪਰ ਇਸ ਨੇ ਸਭ ‘ਤੇ ਅਲ-ਕਾਇਦਾ ਮੈਂਬਰ ਹੋਣ ਦਾ ਲੇਬਲ ਲਾ ਕੇ ਗ੍ਰਿਫਤਾਰ ਕੀਤਾ ਤੇ ਐਫ਼ਬੀæਆਈæ ਦੇ ਹਵਾਲੇ ਕਰ ਦਿੱਤਾ।”
ਉਸ ਦੀਆਂ ਗੱਲਾਂ ਸੁਣ ਕੇ ਪਿਉ ਪੁੱਤਰ ਫਿਕਰਮੰਦ ਹੋ ਗਏ। ਕੁਝ ਦੇਰ ਗੱਲਾਂ ਬਾਤਾਂ ਕਰ ਕੇ ਉਹ ਵਾਪਸ ਮੁੜਨ ਲੱਗੇ ਤਾਂ ਉਹ ਅਮਜਦ ਦੇ ਪਿਉ ਨੂੰ ਪਾਸੇ ਲੈ ਗਿਆ। ਫਿਰ ਹੌਲੀ ਜਿਹੀ ਬੋਲਿਆ, “ਨਈਮ ਖਾਂ, ਤੁਹਾਨੂੰ ਭੇਤ ਦੀ ਗੱਲ ਦੱਸਦਾ ਆਂ।”
“ਜੀæææ।”
“ਤੁਹਾਨੂੰ ਯਾਦ ਹੋਣਾ ਐਂ ਕਿ ਕੁਝ ਦੇਰ ਪਹਿਲਾਂ ਕੇæਐਸ਼ਐਮæ ਦਾ ਭਾਣਜਾ ਅਲੀ ਅਤੇ ਇੱਕ ਹੋਰ ਅਤਿਵਾਦੀ ਫੜੇ ਗਏ ਸਨ। ਦੂਜੇ ਅਤਿਵਾਦੀ ‘ਤੇ ਚਾਰਜ ਨੇ ਕਿ ਉਸ ਨੇ ਅਮਰੀਕੀ ਯੂæਐਸ਼ਐਸ਼ ਕੋਹਲ ਨਾਮੀਂ ਸਮੁੰਦਰੀ ਬੇੜੇ ‘ਤੇ ਹਮਲਾ ਕੀਤਾ ਸੀ।”
“ਜੀ ਹਾਂ, ਯਾਦ ਐ ਮੈਨੂੰ ਉਹ ਘਟਨਾ।”
“ਤਾਂ ਫਿਰ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਉਸ ਦਿਨ ਉਨ੍ਹਾਂ ਦੀ ਪੁਲਿਸ ਨਾਲ ਗੋਲੀਬਾਰੀ ਹੋ ਗਈ ਸੀ ਅਤੇ ਉਨ੍ਹਾਂ ਨੇ ਉਥੇ ਫਸੇ ਹੋਏ ਕਿਸੇ ਬੱਚੇ ਨੂੰ ਬਾਹਰ ਕੱਢਣ ਲਈ ਕੁਝ ਦੇਰ ਲਈ ਫਾਇਰਿੰਗ ਰੁਕਵਾਈ ਸੀ। ਪਿੱਛੋਂ ਆਈæਐਸ਼ਆਈæ ਦਾ ਹਥਿਆਰਬੰਦ ਦਸਤਾ ਵੀ ਉਥੇ ਪਹੁੰਚ ਗਿਆ ਸੀ।”
“ਹਾਂ ਜੀ ਬਿਲਕੁਲ। ਪਿੱਛੋਂ ਪਤਾ ਲੱਗਿਆ ਸੀ ਕਿ ਆਈæਐਸ਼ਆਈæ ਨੇ ਉਸ ਬੱਚੇ ਨੂੰ ਆਪਣੇ ਕਾਬੂ ‘ਚ ਕਰ ਲਿਆ ਸੀ।”
“ਹਾਂ ਹਾਂ ਉਹੀ ਘਟਨਾ, ਪਰ ਕੀ ਤੁਹਾਨੂੰ ਪਤਾ ਐ ਕਿ ਉਹ ਕੋਈ ਬੱਚਾ ਨ੍ਹੀਂ ਸੀ ਸਗੋਂ ਔਰਤ ਸੀ?”
“ਜੀ ਨ੍ਹੀਂ, ਇਹ ਤਾਂ ਨ੍ਹੀਂ ਪਤਾ; ਪਰ ਫਿਰ ਉਹ ਔਰਤ ਕੌਣ ਸੀ?”
“ਉਹ ਤੁਹਾਡੇ ਪੁੱਤਰ ਦੀ ਪਹਿਲੀ ਬੀਵੀ ਆਫੀਆ ਈ ਸੀ।”
“ਹੈਂ! ਇਹ ਤੁਸੀਂ ਕੀ ਕਹਿ ਰਹੇ ਓਂ?”
“ਇਹ ਬਿਲਕੁਲ ਸਹੀ ਐ। ਉਹ ਅਲ-ਕਾਇਦਾ ਦੀ ਬਹੁਤ ਸਰਗਰਮ ਮੈਂਬਰ ਐ। ਨਾਲ ਹੀ ਉਹ ਬਹੁਤ ਜ਼ਿਆਦਾ ਖਤਰਨਾਕ ਵੀ ਐ। ਇਸੇ ਕਰ ਕੇ ਕਹਿ ਰਿਹਾ ਆਂ ਕਿ ਤੁਸੀਂ ਆਪਣੇ ਪੁੱਤਰ ਨੂੰ ਕਿਧਰੇ ਬਾਹਰ ਤੋਰ ਦਿਉ। ਕੱਲ੍ਹ ਨੂੰ ਉਹ ਫਿਰ ਤੋਂ ਕਿਤੋਂ ਫੜੀ ਗਈ ਤੇ ਉਸ ਨੇ ਕਿਧਰੇ ਅਮਜਦ ਦਾ ਨਾਂ ਲੈ ਦਿੱਤਾ ਤਾਂ ਇਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ।”
“ਪਰ ਜਨਾਬ ਇੱਕ ਗੱਲ ਹੋਰæææ।” ਨਈਮ ਖਾਂ ਕੋਈ ਹੋਰ ਗੱਲ ਸ਼ੁਰੂ ਕਰਦਾ ਕਰਦਾ ਰੁਕ ਗਿਆ।
“ਹਾਂ ਦੱਸੋ, ਤੁਸੀਂ ਕੀ ਕਹਿਣਾ ਚਾਹੁੰਦੇ ਓ?”
“ਉਦੋਂ ਜਿਹੇ ਈ ਪਤਾ ਲੱਗਿਆ ਸੀ ਕਿ ਆਫੀਆ ਇੱਕ ਵਾਰ ਆਈæਐਸ਼ਆਈæ ਦੁਆਰਾ ਫੜ ਲਈ ਗਈ ਸੀ, ਪਰ ਕੀ ਉਹ ਫਿਰ ਤੋਂ ਛੱਡ ਦਿੱਤੀ ਗਈ? ਮੇਰਾ ਮਤਲਬ ਇਹ ਸਭ ਕੀ ਐ?”
“ਇਹ ਦੋਨੋਂ ਗੱਲਾਂ ਸਹੀ ਨੇ, ਪਰ ਇਹ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੁੰਦਾ ਐ, ਤੁਸੀਂ ਇਸ ਗੱਲ ਮਗਰ ਨਾ ਜਾਉ। ਬੱਸ ਅਮਜਦ ਦਾ ਕੁਝ ਸੋਚੋ।”
“ਜੀ ਬਹੁਤ ਬਿਹਤਰ ਜਨਾਬ। ਮੈਂ ਸਭ ਸਮਝ ਗਿਆ।”
ਗੱਲ ਮੁਕਾ ਕੇ ਨਈਮ ਖਾਂ, ਬਾਹਰ ਖੜ੍ਹੇ ਅਮਜਦ ਨਾਲ ਕਾਰ ਵਿਚ ਆ ਬੈਠਾ। ਘਰ ਤੱਕ ਉਹ ਆਪਣੇ ਦੋਸਤ ਦੀ ਕਹੀ ਗੱਲ ਬਾਰੇ ਈ ਸੋਚਦਾ ਆਇਆ। ਘਰ ਆ ਕੇ ਉਸ ਨੇ ਅਮਜਦ ਨੂੰ ਸਮਝਾਇਆ ਕਿ ਉਸ ਨੂੰ ਚਾਹੀਦਾ ਹੈ ਕਿ ਹੁਣ ਅਤੀਤ ਦਾ ਖਹਿੜਾ ਛੱਡ ਕੇ ਭਵਿੱਖ ਬਾਰੇ ਸੋਚੇ। ਅਮਜਦ ਵੀ ਆਫੀਆ ਦੀ ਭਾਲ ਤੋਂ ਅੱਕ ਚੁੱਕਾ ਸੀ। ਪਿਉ ਦੀ ਗੱਲ ਨਾਲ ਸਹਿਮਤ ਹੁੰਦਿਆਂ ਉਸ ਨੇ ਆਪਣੀ ਜ਼ਿੰਦਗੀ ‘ਚ ਅਗਾਂਹ ਤੁਰਨ ਦਾ ਫੈਸਲਾ ਕਰ ਲਿਆ। ਉਸ ਦਾ ਨਾਂ ਐਫ਼ਬੀæਆਈæ ਦੀ ਵਾਂਟਿਡ ਲਿਸਟ ਤੋਂ ਲਹਿ ਚੁੱਕਾ ਸੀ। ਇਸ ਕਰ ਕੇ ਉਸ ਨੇ ਪਾਕਿਸਤਾਨ ਛੱਡਣ ਦਾ ਫੈਸਲਾ ਕਰਦਿਆਂ ਸਾਊਦੀ ਅਰਬ ਦੇ ਕਿਸੇ ਹਸਪਤਾਲ ਵਿਚ ਨੌਕਰੀ ਕਰ ਲਈ। ਉਹ ਆਪਣੀ ਨਵੀਂ ਪਤਨੀ ਅਤੇ ਛੋਟੀ ਜਿਹੀ ਬੱਚੀ ਨੂੰ ਲੈ ਕੇ ਸਾਊਦੀ ਅਰਬ ਚਲਾ ਗਿਆ।
ਇਸਮਤ ਅਤੇ ਫੌਜ਼ੀਆ ਆਪਣੇ ਘਰ ਤੱਕ ਸੀਮਤ ਹੋ ਕੇ ਰਹਿ ਗਈਆਂ ਸਨ। ਉਹ ਡਰਦੀਆਂ ਕਿਸੇ ਨਾਲ ਆਫੀਆ ਬਾਰੇ ਗੱਲ ਵੀ ਨਹੀਂ ਸਨ ਕਰਦੀਆਂ। ਇਸ ਤੋਂ ਬਿਨਾਂ ਉਨ੍ਹਾਂ ਦੇ ਘਰ ਦੀ ਆਈæਐਸ਼ਆਈæ ਨਿਗਰਾਨੀ ਕਰਦੀ ਰਹਿੰਦੀ ਸੀ। ਕਦੇ ਉਨ੍ਹਾਂ ਨੂੰ ਗੁਪਤ ਫੋਨ ਆਉਂਦੇ ਸਨ ਕਿ ਆਫੀਆ ਬਾਰੇ ਗੱਲ ਨ੍ਹੀਂ ਕਰਨੀ, ਨਹੀਂ ਤਾਂ ਉਨ੍ਹਾਂ ਦਾ ਹਸ਼ਰ ਵੀ ਆਫੀਆ ਵਰਗਾ ਹੀ ਹੋਵੇਗਾ। ਅਜਿਹੇ ਵੇਲੇ ਉਨ੍ਹਾਂ ਨੂੰ ਲੱਗਦਾ ਕਿ ਆਫੀਆ ਇਸ ਦੁਨੀਆਂ ਵਿਚ ਨਹੀਂ ਹੈ। ਫਿਰ ਅਗਲੇ ਹੀ ਦਿਨ ਕੋਈ ਫੋਨ ਆ ਜਾਂਦਾ ਕਿ ਆਫੀਆ ਜਿਥੇ ਕਿਤੇ ਵੀ ਹੈ, ਠੀਕ ਠਾਕ ਹੈ; ਤੁਸੀਂ ਉਸ ਦਾ ਫਿਕਰ ਨਾ ਕਰੋ। ਅਜਿਹਾ ਫੋਨ ਸੁਣ ਕੇ ਉਨ੍ਹਾਂ ਨੂੰ ਲੱਗਦਾ ਕਿ ਆਫੀਆ ਜ਼ਿੰਦਾ ਹੈ। ਇਨ੍ਹਾਂ ਭੰਬਲਭੂਸਿਆਂ ਵਿਚ ਹੀ ਦਿਨ ਮਹੀਨੇ, ਸਾਲਾਂ ‘ਚ ਬਦਲ ਗਏ ਪਰ ਉਨ੍ਹਾਂ ਨੂੰ ਕਦੇ ਆਫੀਆ ਦੀ ਕੋਈ ਸੂਹ ਨਾ ਮਿਲੀ। ਇੱਕ ਦਿਨ ਇਸਮਤ ਨੇ ਆਪਣੇ ਪੁੱਤਰ ਮੁਹੰਮਦ ਨੂੰ ਹਿਊਸਟਨ ਫੋਨ ਕਰਦਿਆਂ ਕਿਹਾ, “ਪੁੱਤਰ, ਅਸੀਂ ਦੱਸ ਕੀ ਕਰੀਏ। ਸਾਡੇ ਕੋਲ ਤਾਂ ਕੋਈ ਘਰ ਦਾ ਮਰਦ ਮੈਂਬਰ ਵੀ ਨਹੀਂ ਐ। ਤੈਨੂੰ ਦੱਸ ਨ੍ਹੀਂ ਸਕਦੀ ਕਿ ਅਸੀਂ ਡਰ ਦੇ ਸਾਏ ਹੇਠਾਂ ਕਿਵੇਂ ਦਿਨ ਬਿਤਾ ਰਹੇ ਆਂ।”
“ਅੰਮੀ ਮੈਂ ਇਹ ਗੱਲ ਸਮਝ ਸਕਦਾ ਆਂ, ਪਰ ਕੀ ਕੀਤਾ ਜਾਵੇ।”
“ਬੇਟਾ ਮੈਂ ਚਾਹੁੰਨੀ ਆਂ ਕਿ ਤੂੰ ਵੀ ਇੱਥੇ ਪਾਕਿਸਤਾਨ ਈ ਆ ਜਾ। ਕਿਤੇ ਇਹ ਨਾ ਹੋਵੇ ਕਿ ਤੈਨੂੰ ਵੀ ਅਮਰੀਕਨ ਸਰਕਾਰ ਕਿਸੇ ਕੇਸ ‘ਚ ਫਸਾ ਲਵੇ।”
“ਨ੍ਹੀਂ ਅੰਮੀ ਅਜਿਹਾ ਨ੍ਹੀਂ ਹੋਵੇਗਾ। ਮੈਂ ਕਦੇ ਵੀ ਕਿਸੇ ਗਲਤ ਅਨਸਰ ਨਾਲ ਨ੍ਹੀਂ ਜੁੜਿਆ। ਹਮੇਸ਼ਾ ਆਪਣੇ ਕੰਮ ਨਾਲ ਕੰਮ ਰੱਖਿਆ ਐ। ਇਸ ਕਰ ਕੇ ਮੈਨੂੰ ਇੱਥੇ ਕੋਈ ਖਤਰਾ ਨ੍ਹੀਂ ਐ।”
“ਫੌਜ਼ੀਆ ਨਾਲ ਵੀ ਤਾਂ ਇਹੋ ਕੁਛ ਹੋ ਚੁਕਾ ਐ। ਉਹ ਜਿਥੇ ਕਿਤੇ ਵੀ ਨੌਕਰੀ ਕਰਨ ਲੱਗਦੀ ਸੀ, ਉਥੇ ਹੀ ਐਫ਼ਬੀæਆਈæ ਪਹੁੰਚ ਜਾਂਦੀ ਸੀ। ਆਖਰ ਉਸ ਨੂੰ ਅਮਰੀਕਾ ਛੱਡਣਾ ਪਿਆ।”
“ਅੰਮੀ ਮੇਰੇ ਤੇ ਫੌਜ਼ੀਆ ‘ਚ ਫਰਕ ਐ।”
“ਉਹ ਕਿਵੇਂ?”
“ਤੈਨੂੰ ਪਤਾ ਈ ਐ ਕਿ ਆਫੀਆ, ਫੌਜ਼ੀਆ ਕੋਲ ਰਹਿੰਦੀ ਰਹੀ ਐ। ਆਫੀਆ ਦੀਆਂ ਕਈ ਚੈਰਿਟੀਆਂ ਦੇ ਪਤੇ ਫੌਜ਼ੀਆ ਦੇ ਘਰ ਦੇ ਸਨ। ਫੌਜ਼ੀਆ ਭਾਵੇਂ ਕਿਸੇ ਗੱਲ ਨਾਲ ਸਬੰਧਤ ਨ੍ਹੀਂ ਸੀ, ਪਰ ਇਹ ਆਫੀਆ ਨਾਲ ਜੁੜੀ ਰਹੀ ਐ। ਇਸੇ ਕਰ ਕੇ ਐਫ਼ਬੀæਆਈæ ਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਕਦੇ ਨਾ ਕਦੇ ਆਫੀਆ ਇਸ ਨਾਲ ਜ਼ਰੂਰ ਸਬੰਧ ਕਾਇਮ ਕਰੂਗੀ। ਇਸੇ ਕਰ ਕੇ ਇਸ ਦਾ ਹਰ ਵਕਤ ਪਿੱਛਾ ਕੀਤਾ ਜਾਂਦਾ ਸੀ, ਪਰ ਮੈਨੂੰ ਉਸ ਪਿੱਛੋਂ ਕਦੇ ਕੋਈ ਤਕਲੀਫ ਨ੍ਹੀਂ ਆਈ।”
“ਫਿਰ ਪੁੱਤਰਾ ਤੂੰ ਈ ਦੱਸ ਕਿ ਅਸੀਂ ਮਾਵਾਂ ਧੀਆਂ ਕਿੱਧਰ ਜਾਈਏ। ਅਮਰੀਕਾ ‘ਚ ਸਾਨੂੰ ਐਫ਼ਬੀæਆਈæ ਨ੍ਹੀਂ ਟਿਕਣ ਦਿੰਦੀ ਸੀ। ਇੱਥੇ ਪਾਕਿਸਤਾਨ ਸਰਕਾਰ ਨ੍ਹੀਂ ਚੈਨ ਨਾਲ ਰਹਿਣ ਦਿੰਦੀ। ਆਈæਐਸ਼ਆਈæ ਸਾਰਾ ਦਿਨ ਆਪਣੇ ਘਰ ਦੁਆਲੇ ਘੁੰਮਦੀ ਫਿਰਦੀ ਐ। ਰੋਜ਼ ਗੁਪਤ ਫੋਨ ਆਉਂਦੇ ਰਹਿੰਦੇ ਨੇ। ਪਤਾ ਨ੍ਹੀਂ ਸਾਡਾ ਕੀ ਬਣੂੰਗਾ।” ਇੰਨਾ ਕਹਿੰਦਿਆਂ ਇਸਮਤ ਰੋਣ ਲੱਗੀ। ਉਸ ਦੇ ਪੁੱਤਰ ਦਾ ਮਨ ਭਰ ਆਇਆ।
“ਅੰਮੀ ਤੂੰ ਰੋ ਨਾ, ਇਸ ਤਰ੍ਹਾਂ ਤਾਂ ਮਸਲਾ ਹੱਲ ਨ੍ਹੀਂ ਹੋਣਾ।”
“ਪੁੱਤਰਾ ਤੂੰ ਕਿਹੜੇ ਮਸਲੇ ਦੀ ਗੱਲ ਕਰਦਾ ਐਂ। ਸਾਡੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਐ। ਤੂੰ ਵੀ ਸਾਨੂੰ ਵਿਸਾਰ ਚੁੱਕਾ ਐਂ।”
“ਅੰਮੀ ਅਜਿਹੀ ਗੱਲ ਨ੍ਹੀਂ ਐ। ਮੈਂ ਦੱਸੋ ਕਰ ਈ ਕੀ ਸਕਦਾ ਆਂ।”
“ਪੁੱਤਰਾ ਆਫੀਆ ਤੇਰੀ ਵੀ ਮਾਂ ਜਾਈ ਭੈਣ ਐ। ਤੂੰ ਈ ਉਸ ਨੂੰ ਕਿਧਰਿਉਂ ਭਾਲਣ ਦੀ ਕੋਸ਼ਿਸ਼ ਕਰ।”
“ਅੰਮੀ ਪਹਿਲਾਂ ਕਿਹੜਾ ਆਪਾਂ ਘੱਟ ਭਾਲ ਕੀਤੀ ਐ, ਪਰ ਉਹ ਕਿਤੇ ਮਿਲੇ ਵੀ।”
“ਮੁਹੰਮਦ ਪੁੱਤਰ, ਤੂੰ ਇੱਕ ਵਾਰ ਫਿਰ ਤੋਂ ਹੰਭਲਾ ਮਾਰ। ਮੇਰਾ ਦਿਲ ਕਹਿੰਦਾ ਐ ਕਿ ਉਹ ਕਿਧਰੇ ਨੇੜੇ-ਤੇੜੇ ਈ ਐ।”
“ਅੰਮੀ ਮੇਰੀ ਆਪਣੀ ਨੌਕਰੀ ਐ। ਨਾਲੇ ਮੇਰੇ ਵੀ ਬਾਲ-ਬੱਚੇ ਨੇ। ਮੈਂ ਇਵੇਂ ਕਿਵੇਂ ਕਿਧਰੇ ਜਾ ਸਕਦਾ ਆਂ। ਤੈਨੂੰ ਪਤਾ ਈ ਐ ਕਿ ਪਹਿਲਾਂ ਮੇਰੇ ਘਰ ‘ਚ ਕੀ ਹੋਇਆ ਸੀ।”
ਅਸਲ ‘ਚ ਮੁਹੰਮਦ ਦੀ ਬੀਵੀ, ਆਫੀਆ ਦਾ ਜ਼ਿਕਰ ਛਿੜਦਿਆਂ ਹੀ ਲੜਾਈ ਪਾ ਕੇ ਬਹਿ ਜਾਂਦੀ ਸੀ। ਉਸ ਦਾ ਕਹਿਣਾ ਸੀ ਕਿ ਉਸ ਦੀ ਵਜ੍ਹਾ ਕਰ ਕੇ ਸਾਰਾ ਪਰਿਵਾਰ ਫਾਹੇ ਚੜ੍ਹਿਆ ਪਿਆ ਹੈ।
“ਪੁੱਤਰਾ ਕਿਵੇਂ ਵੀ ਕਰ। ਕੋਈ ਗੱਲ ਨ੍ਹੀਂ ਤੂੰ ਆਪਣੀ ਵਹੁਟੀ ਦਾ ਗੁੱਸਾ ਇੱਕ ਵਾਰ ਹੋਰ ਝੱਲ ਲੈ। ਜੇ ਮੇਰੀ ਧੀ ਦਾ ਕੋਈ ਪਤਾ ਟਿਕਾਣਾ ਨਾ ਲੱਗਿਆ ਤਾਂ ਮੈਂ ਪਾਗਲ ਹੋ ਜਾਣਾ ਐਂ।”
“ਠੀਕ ਐ ਅੰਮੀ ਮੈਂ ਵੇਖਦਾ ਆਂ ਕਿ ਮੈਂ ਕੀ ਕਰ ਸਕਦਾਂ, ਪਰ ਇੱਕ ਗੱਲ ਐ ਕਿ ਇੱਥੇ ਉਜ਼ੇਰ ਪਰਾਚਾ ਨਾਂ ਦੇ ਮੁੰਡੇ ‘ਤੇ ਅਤਿਵਾਦ ਸਬੰਧੀ ਕੇਸ ਸ਼ੁਰੂ ਹੋਣ ਵਾਲਾ ਐ। ਮੈਨੂੰ ਲੱਗਦਾ ਐ ਕਿ ਉਸ ਦੇ ਕੇਸ ‘ਚ ਜ਼ਰੂਰ ਆਫੀਆ ਦਾ ਜ਼ਿਕਰ ਆਵੇਗਾ। ਸ਼ਾਇਦ ਇਸ ਤਰ੍ਹਾਂ ਈ ਕੋਈ ਪਤਾ ਚੱਲ ਜਾਵੇ।”
“ਠੀਕ ਐ ਤੂੰ ਮੈਨੂੰ ਛੇਤੀ ਇਸ ਬਾਰੇ ਦੱਸੀਂ।” ਇਸਮਤ ਨੇ ਫੋਨ ਕੱਟ ਦਿੱਤਾ।
(ਚੱਲਦਾ)

Be the first to comment

Leave a Reply

Your email address will not be published.