ਸੁਪਨਾ, ਸੰਭਾਵਨਾ ਅਤੇ ਸੱਚ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ, “ਸੁਪਨਿਆਂ ਦਾ ਨਾ ਆਉਣਾ ਬਹੁਤ ਦਰਦੀਲਾ। ਸੁਪਨਿਆਂ ਨੂੰ ਅਗਵਾ ਕਰਨਾ, ਘੋਰ ਅਪਰਾਧ; ਪਰ ਜਦ ਸੁਪਨਿਆਂ ਨੂੰ ਕਤਲ ਕਰ ਦਿਤਾ ਜਾਵੇ ਅਤੇ ਖਾਲੀ ਨੈਣਾਂ ਵਿਚ ਸੁਪਨਿਆਂ ਦੀ ਕਬਰ ਉਗ ਆਵੇ ਤਾਂ ਇਹ ਵਕਤ ਦਾ ਸਭ ਤੋਂ ਵੱਡਾ ਸਰਾਪ।”

ਹਥਲੇ ਲੇਖ ਵਿਚ ਡਾ. ਭੰਡਾਲ ਸੁਪਨਿਆਂ ਦਾ ਸੁਪਨਾ ਲੈਂਦੇ ਕਹਿੰਦੇ ਨੇ, “ਜੀਵਨ ਵਿਚ ਜਿੰਨੀ ਜਲਦੀ ਆਪਣਾ ਟੀਚਾ ਮਿੱਥੋਗੇ, ਸੰਭਾਵਨਾ ਨੂੰ ਸੱਚ ਕਰਨ ਦਾ ਸੰਕਲਪ ਲਵੋਗੇ, ਪ੍ਰਾਪਤੀ ਤੀਕ ਮਾਨਸਿਕ ਅਤੇ ਸਰੀਰਕ ਬੇਚੈਨੀ ਵਿਚ ਰਹੋਗੇ ਤਾਂ ਸੱਚ ਤੁਹਾਡਾ ਹੋਵੇਗਾ।” ਉਨ੍ਹਾਂ ਦੀ ਨਸੀਹਤ ਹੈ, “ਕਦੇ ਵੀ ਸੁਪਨਾ ਚੋਰੀ ਨਾ ਕਰੋ, ਨਿਆਰੇ ਮੁਹਾਂਦਰੇ ਵਾਲਾ ਸੁਪਨਾ ਖੁਦ ਸਿਰਜੋ।…ਸੁਪਨਾ ਨਾ ਲੈਣ ਵਾਲੇ ਵਿਅਕਤੀ ਜਿਉਂਦੇ ਨਹੀਂ, ਸੁਪਨੇ ਸਿਰਫ ਜਿਉਂਦਿਆਂ ਨੂੰ ਆਉਂਦੇ। ਮਰੇ ਹੋਏ ਸੁਪਨੇ ਨਹੀਂ ਲੈ ਸਕਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸੁਪਨਾ, ਸੰਭਾਵਨਾ ਅਤੇ ਸੱਚ ਦਾ ਬਹੁਤ ਗੂੜ੍ਹਾ ਸਬੰਧ। ਇਕ-ਦੂਜੇ ਦੀ ਪੂਰਤੀ ਦਾ ਸਾਧਨ ਤੇ ਸਬੱਬ। ਇਕ-ਦੂਜੇ ਦੀ ਹੱਲਾਸ਼ੇਰੀ ਅਤੇ ਨਿਸ਼ਠਾ ਦੀ ਦਾਸਤਾਨ।
ਸਭ ਤੋਂ ਪਹਿਲਾਂ ਸੁਪਨਾ ਲੈਣਾ ਪੈਂਦਾ ਤਾਂ ਸੰਭਾਵਨਾ ਪੈਦਾ ਹੁੰਦੀ। ਇਸ ਸੰਭਾਵਨਾ ਵਿਚੋਂ ਹੀ ਸੱਚ ਪ੍ਰਗਟ ਹੁੰਦਾ, ਜੋ ਸਫਲਤਾ ਦੀ ਸਿਖਰ ਵੀ ਹੋ ਸਕਦਾ।
ਸੁਪਨਾ ਹਰੇਕ ਲੈਂਦਾ। ਹਰੇਕ ਦੇ ਸੁਪਨੇ ਦਾ ਰੰਗ ਵੱਖਰਾ। ਸੁਪਨਾ, ਉਮਰ, ਆਸ ਅਤੇ ਆਰਜੂ ‘ਤੇ ਨਿਰਭਰ। ਕਿਸ ਨੇ, ਕਿਹੜਾ ਸੁਪਨਾ, ਕਦੋਂ ਲੈਣਾ ਅਤੇ ਸੁਪਨੇ ਦੇ ਕੀ ਅਰਥ ਹਨ? ਇਹ ਹਰ ਸ਼ਖਸ ਲਈ ਵੱਖ-ਵੱਖ। ਸੁਪਨੇ ਇਕਸਾਰ ਨਹੀਂ ਹੁੰਦੇ। ਇਨ੍ਹਾਂ ਦੀ ਵਿਭਿੰਨਤਾ, ਖੂਬਸੂਰਤੀ ਤੇ ਰੰਗ-ਬਰੰਗਤਾ ਕਾਰਨ ਹੀ ਦੁਨੀਆਂ ਖੂਬਸੂਰਤ ਅਤੇ ਜਿੰ.ਦਗੀ ਬਹੁਤ ਹੀ ਹੁਸੀਨ।
ਸੁਪਨੇ ਬਹੁਤ ਕਿਸਮ ਦੇ ਹੁੰਦੇ। ਕਿਸੇ ਦਾ ਸੁਪਨਾ ਚੰਗੇਰੀ ਵਿਦਿਆ ਪ੍ਰਾਪਤ ਕਰਨਾ, ਕੋਈ ਜਵਾਨੀ ਦੇ ਰੰਗ ਤਮਾਸ਼ੇ ਮਾਣਨ ਤੀਕ ਸੀਮਤ, ਕਿਸੇ ਲਈ ਸੁਪਨਿਆਂ ਦੇ ਅਰਥ ਸਮਾਜ ਨੂੰ ਨਵੀਂ ਸੇਧ ਦੇਣ ਜਾਂ ਕਿਸੇ ਲਈ ਕੁਝ ਅਜਿਹਾ ਸਿਰਜਣਾ, ਜੋ ਵਿਲੱਖਣ ਅਤੇ ਵਿਕੋਲਿਤਰਾ ਹੋਵੇ। ਕੋਈ ਸੁਪਨਾ ਸਮਾਜ ਨੂੰ ਸਮਰਪਿਤ, ਕੋਈ ਪਰਿਵਾਰ ਨੂੰ ਅਤੇ ਕੋਈ ਦੇਸ਼ ਨੂੰ; ਪਰ ਕੁਝ ਸੁਪਨੇ ਖੁਦ ਨੂੰ ਹੀ ਅਰਪਿਤ ਹੁੰਦੇ। ਸੁਪਨਾ ਕੋਈ ਵੀ ਹੋਵੇ। ਇਹ ਤਾਂ ਹੀ ਸਾਰਥਕ, ਜੇ ਇਸ ਦੇ ਅਰਥ ਵਡੇਰੇ ਹੋਣ। ਅਰਥਹੀਣ ਸੁਪਨਿਆਂ ਦੀ ਕਾਹਦੀ ਸਾਰਥਕਤਾ?
ਸੁਪਨਾ ਅਜਿਹਾ ਹੋਵੇ ਕਿ ਸਮਾਜਕ ਸਰਦਲ ਨੂੰ ਚਮਤਕਾਰੀ ਅਹਿਸਾਸ ਹੋਵੇ, ਇਸ ਦੀਆਂ ਬਰੂਹਾਂ ਵਿਚ ਪਾਣੀ ਡੋਲਣ ਅਤੇ ਤੇਲ ਚੋਣ ਦਾ ਵੇਲਾ ਆਵੇ। ਸੁਪਨਾ ਲੋਕਾਈ, ਭਲਾਈ ਜਾਂ ਬੰਦਿਆਈ ਲਈ ਹੋਵੇ ਤਾਂ ਬਹੁਭਾਵੀ ਤੇ ਬਹੁਅਰਥੀ ਹੁੰਦਾ।
ਸੁਪਨਾ ਅਜਿਹਾ ਲੈਣਾ ਚਾਹੀਦਾ, ਜਿਸ ਦੀ ਸੰਭਾਵਨਾ ਹੋਵੇ, ਜਿਸ ‘ਚੋਂ ਕਿਰਦੀਆਂ ਕਿਰਨਾਂ ਰੂਹ ਨੂੰ ਚਮਕਾਉਣ ਅਤੇ ਮਨ-ਮਸਤਕ ਨੂੰ ਖਿਆਲਾਂ ਦੀ ਤਾਜ਼ਗੀ ਤੇ ਭਰਪੂਰਤਾ ਬਖਸ਼ਣ।
ਸੁਪਨਾ, ਅੱਖਾਂ ਵਿਚ ਵੀ ਤੈਰਦਾ, ਸੋਚ-ਸੈਰ ਵੀ ਅਤੇ ਕਰਮ-ਯੋਗਤਾ ਦਾ ਕਿਆਮ ਵੀ। ਬਹੁਤ ਸਾਰੇ ਸੁਪਨੇ ਮਨ ‘ਤੇ ਦਸਤਕ ਦਿੰਦੇ। ਕੁਝ ਸੁਪਨੇ ਅਸਲੀਅਤ ਦਾ ਬਾਣਾ ਪਹਿਨਣ ਲਈ ਤਿਆਰ, ਪਰ ਕੁਝ ਸੁਪਨੇ ਸਿਰਫ ਖਿਆਲੀ। ਅਜਿਹੇ ਸੁਪਨੇ ਸਿਰਫ ਸੁਪਨਾ ਲੈਣ ਲਈ ਹੀ ਹੁੰਦੇ, ਕਿਉਂਕਿ ਇਨ੍ਹਾਂ ਦੀ ਸੰਭਾਵਨਾ ਦੇ ਸੱਚ ਲਈ ਜਿਸ ਸਿਰੜ, ਸਾਧਨਾ ਅਤੇ ਸਮਰਪਣ ਦੀ ਲੋੜ ਹੁੰਦੀ, ਉਸ ਦੀ ਘਾਟ ਦਾ ਖੁਦ ਨੂੰ ਹੀ ਇਲਮ ਹੁੰਦਾ।
ਸੁਪਨਾ ਤਾਂ ਪੱਕੀ ਫਸਲ ਨੂੰ ਦੇਖ ਕੇ ਕਿਸਾਨ ਵੀ ਲੈਂਦਾ, ਜਵਾਨੀ ਦੀ ਦਹਿਲੀਜ਼ ‘ਤੇ ਚੜ੍ਹ ਰਹੇ ਗਭਰੀਟ ਵੀ, ਪੂਰਨੇ ਪਾਉਂਦਿਆਂ ਜਵਾਕ ਦੇ ਨੈਣਾਂ ਵਿਚ ਵੀ ਤਰਦਾ ਜਾਂ ਘਰ ਦੀ ਉਸਾਰੀ ਲਈ ਇੱਟਾਂ ਢੋਂਦੇ ਮਜਦੂਰ ਨੂੰ ਆਪਣੇ ਘਰ ਦਾ ਵੀ ਆਉਂਦਾ।
ਸੁਪਨਾ ਅਤੇ ਇਸ ਦਾ ਸੱਚ ਸਿਰਫ ਇਕ, ਪਰ ਸੁਪਨੇ ਤੋਂ ਸੱਚ ਵੱਲ ਨੂੰ ਜਾਂਦੀਆਂ ਸੰਭਾਵਨਾਵਾਂ ਕਈ। ਸਭ ਤੋਂ ਅਸਾਨ, ਮਨ ਭਾਉਂਦੀ ਅਤੇ ਛੁਟੇਰੀ ਸੰਭਾਵਨਾ ਵਧੀਆ ਪ੍ਰਾਪਤੀ ਹੁੰਦੀ।
ਜਦ ਕੋਈ ਸੁਪਨੇ ਲੈਣ ਤੀਕ ਹੀ ਸੀਮਤ ਨਾ ਹੋ ਕੇ ਇਸ ਦੀ ਪੂਰਤੀ ਵੰਨੀਂ ਅਹੁਲਦਾ ਤਾਂ ਸੁਪਨੇ ਵਿਚੋਂ ਸੰਭਾਵਨਾਵਾਂ ਉਦੈ ਹੁੰਦੀਆਂ।
ਸਾਰੇ ਸੁਪਨੇ ਸੱਚ ਨਹੀਂ ਹੋ ਸਕਦੇ, ਪਰ ਬਹੁਤ ਸਾਰੇ ਸੁਪਨਿਆਂ ਦੇ ਸੱਚ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ। ਸੁਪਨੇ ਦੀ ਸੰਭਾਵਨਾ, ਸੁਪਨੇ ਦੀ ਪੂਰਤੀ ਲਈ ਲੋੜੀਂਦੇ ਉਦਮ, ਵਸੀਲੇ, ਯਤਨ ਅਤੇ ਸਿਰੜ ‘ਤੇ ਨਿਰਭਰ। ਸੰਭਾਵਨਾ ਤਾਂ ਹੀ ਪੈਦਾ ਹੁੰਦੀ, ਜੇ ਇਸ ਸੁਪਨੇ ਦੀ ਸਮਝ ਹੋਵੇ। ਪੂਰਤੀ ਨੂੰ ਜਾਂਦੇ ਰਾਹਾਂ ਦੀ ਸਾਰ ਹੋਵੇ। ਸੁਪਨ-ਮਾਰਗ ਵਿਚ ਆਉਣ ਵਾਲੀਆਂ ਮੁਸ਼ਕਿਲਾਂ, ਔਕੜਾਂ ਦਾ ਅਹਿਸਾਸ ਹੋਵੇ। ਰਾਹ ਵਿਚ ਖੱਡਿਆਂ ਨੂੰ ਟੱਪਣ, ਖਾਈਆਂ ਨੂੰ ਮੇਟਣ ਅਤੇ ਰਾਹ ਦੇ ਕੰਡਿਆਂ ਨੂੰ ਮਿਧਣ ਦੀ ਆਰਜ਼ਾ ਹੋਵੇ। ਸਫਰ ਦੀਆਂ ਮੁਸ਼ਕਿਲਾਂ ਨੂੰ ਟੱਕਰਨ ਅਤੇ ਇਨ੍ਹਾਂ ਨੂੰ ਦਰੜ ਕੇ ਅੱਗੇ ਜਾਣ ਵਾਲਿਆਂ ਲਈ ਸੁਪਨਿਆਂ ਦੀਆਂ ਸੰਭਾਵਨਾਵਾਂ ਵੀ ਹਾਜ਼ਰ।
ਸੰਭਾਵਨਾ ਨੂੰ ਹਰ ਕੋਣ ਤੇ ਹਰ ਨੁਕਤੇ ਤੋਂ ਵਿਚਾਰ ਕੇ ਅਤੇ ਇਸ ਦੀ ਖੂਬਸੂਰਤੀ ਜਾਂ ਬਦਸੂਰਤੀ ਦੀ ਨਿਰਖ-ਪਰਖ ਕਰਕੇ ਰਾਹਾਂ ਦੀ ਨਿਸ਼ਾਨਦੇਹੀ ਤੇ ਦਿਸਹੱਦਿਆਂ ਦੇ ਹਾਣ ਦੀ ਸੋਚ ਕਰਕੇ ਹੀ ਸੰਭਾਵਨਾ ਨੂੰ ਹੱਕ-ਹਾਸਲ ਬਣਾ ਸਕਦੇ ਹਾਂ।
ਕੁਝ ਸੁਪਨਿਆਂ ਦੀ ਸੰਭਾਵਨਾ ਸਿਰਫ ਪੇਤਲੀ ਜਿਹੀ ਹੁੰਦੀ, ਜਦ ਕਿ ਕੁਝ ਦੀ ਬਹੁਤ ਗਾੜ੍ਹੀ। ਸੰਭਾਵਨਾ ਸਮਰੱਥਾ, ਸ਼ਕਤੀ, ਸਮਝ, ਸਾਧਨਾ ਅਤੇ ਸਿਰੜ ਨਾਲ ਲਬਰੇਜ਼ ਹੋਵੇ ਤਾਂ ਸੰਭਾਵਨਾ ਦਾ ਸੱਚ ਸਨਮੁੱਖ ਹੁੰਦਾ।
ਕੁਝ ਲੋਕ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੁੰਦੇ। ਕਾਮਯਾਬ ਹੋਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ। ਮਾਪਿਆਂ ਦੇ ਨੈਣਾਂ ਵਿਚ ਸੁਪਨੇ ਹੁੰਦੇ, ਪਰ ਸੰਭਾਵਨਾ ਦੀ ਪੂਰਤੀ ਤਾਂ ਹੀ ਹੁੰਦੀ, ਜੇ ਸਿਆਣਪ ਤੇ ਸਖਤ ਮਿਹਨਤ ਅਤੇ ਪ੍ਰਤੀਬੱਧਤਾ ਦੀ ਪਾਣ ਚੜ੍ਹਾਈ ਜਾਵੇ। ਕੁਝ ਤਾਂ ਆਮ ਲਿਆਕਤ ਵਾਲੇ ਵੀ ਮਿਹਨਤ ਤੇ ਟੀਚੇ ਪ੍ਰਤੀ ਸਮਰਪਣ ਕਾਰਨ ਉਚੇਰੀਆਂ ਕਾਮਯਾਬੀਆਂ ਹਾਸਲ ਕਰਦੇ; ਪਰ ਕਈ ਵਾਰ ਕੁਝ ਲਾਇਕ ਲੋਕ ਵੀ ਆਪਣੀ ਗਲਤਫਹਿਮੀ ਨਾਲ ਮਿਹਨਤ ਤੋਂ ਗੁਰੇਜ਼ ਕਰਨ ਕਰਕੇ ਸਫਲ ਨਹੀਂ ਹੋ ਸਕਦੇ। ਸਫਲਤਾ ਵਿਚ ਵੱਧ ਹਿੱਸਾ ਮਿਹਨਤ ਦਾ ਹੁੰਦਾ, ਲਿਆਕਤ ਤਾਂ ਬਾਅਦ ਵਿਚ ਆਉਂਦੀ।
ਸੁਪਨੇ ਦਾ ਸੱਚ ਭਾਲਦੇ, ਜੋ ਮਰਦ ਅਖਵਾਣ। ਸਾਬਤ ਕਦਮੀਂ ਤੁਰਦਿਆਂ, ਉਚ-ਮੰਜ਼ਿਲਾਂ ਪਾਣ। ਹਿੰਮਤ ਯਾਰ ਬਣਾ ਕੇ ਜਿਨ੍ਹਾਂ ਕਰੀ ਕਮਾਈ, ਉਨ੍ਹਾਂ ਦੇ ਸੁਪਨ-ਸੱਚ ਨੇ, ਖਾਲੀ ਰੂਹ ਰੁਸ਼ਨਾਈ। ਸਮਿਆਂ ਵੇ! ਤੇਰੀ ਬੀਹੀ ਵਿਚ ਕਈ ਸੁਪਨੇ ਮੋਏ, ਜਿਨ੍ਹਾਂ ਦੀ ਜੂਹੇ ਕਾਲ ਹੀ ਜਿੰਦ ਨੂੰ ਕੋਹੇ। ਸੁਪਨਸ਼ੀਲ ਅੱਖ ਦਾ ਨਾ ਕੋਈ ਸੁਪਨਾ ਤਿੜਕੇ, ਨਾ ਕਿਸੇ ਮਾਸੂਮ ਨੂੰ ਕੋਈ ਜਾਬਰ ਝਿੜਕੇ। ਬਾਲ-ਮਨਾਂ ਵਿਚ ਜਗਦੇ ਕੁਝ ਧਰੋ ਚਿਰਾਗ, ਤਾਂ ਕਿ ਮਿਟ ਜਾਣ ਮੱਥੇ ਦੇ ਲਿਖੇ ਕਾਲੇ ਭਾਗ। ਕਲਮਾਂ ਬੀਜਣ ਸੁਪਨੇ ਜੋ ਸਮੇਂ ਦੇ ਹਾਣੀ, ਤੇ ਕਲਮ-ਕੀਰਤੀ ਬਣ ਜੇ ਬਾਬੇ ਬਿਰਖ ਦੀ ਬਾਣੀ। ਤਿੜਕੇ ਹੋਏ ਸੁਪਨੇ ਦੇ ਜੋ ਭਰੇ ਤਰੋਪੇ, ਉਹੀ ਬਣਦੇ ਸੁਪਨੇ ਦੇ ਗਲ ਪਏ ਸਰੋਪੇ। ਸੁਪਨੇ ਵੰਨੀਂ ਜਾਣ ਦਾ ਸਫਰ ਰੱਖੋ ਜਾਰੀ, ਤਾਂ ਹੀ ਵਕਤ-ਵਿਰਾਸਤ ਨੇ ਜਾਣਾ ਬਲਿਹਾਰੀ।
ਸੰਭਾਵਨਾ ਨੂੰ ਸੰਭਾਵਨਾ ਹੀ ਨਾ ਰਹਿਣ ਦਿਓ, ਸਗੋਂ ਕਿਸੇ ਵੀ ਸੰਭਾਵਨਾ ਨੂੰ ਸੱਚ ਦੇ ਮਾਰਗ ਤੋਰਨ ਲਈ ਖੁਦ ਪਹਿਲ ਕਰੋ। ਸੁਪਨੇ ਤੋਂ ਸੰਭਾਵਨਾ ਅਤੇ ਸੰਭਾਵਨਾ ਤੋਂ ਸੱਚ ਦੇ ਸਫਰ ਦੀ ਪੂਰਨਤਾ ਵਿਚੋਂ ਹੀ ਕੁਝ ਹਾਸਲ ਹੁੰਦਾ।
ਸੰਭਾਵਨਾ ਨੂੰ ਸੱਚ ਬਣਾਉਣ ਲਈ ਨਿਸ਼ਠਾ, ਨਿਰੰਤਰਤਾ ਅਤੇ ਨੇਕ-ਨੀਤੀ ਦੀ ਲੋੜ। ਸਿਰਫ ਮੱਛੀ ਦੀ ਅੱਖ ‘ਤੇ ਨਿਸ਼ਾਨਾ ਸੇਧਤ ਕਰਕੇ ਹੀ ਟੀਚਾ ਹਾਸਲ ਕਰ ਸਕਦੇ ਹਾਂ। ਭਟਕਣਾ ਵਿਚ ਕੁਝ ਵੀ ਪ੍ਰਾਪਤ ਨਹੀਂ ਹੁੰਦਾ।
ਜੀਵਨ ਵਿਚ ਜਿੰਨੀ ਜਲਦੀ ਆਪਣਾ ਟੀਚਾ ਮਿੱਥੋਗੇ, ਸੰਭਾਵਨਾ ਨੂੰ ਸੱਚ ਕਰਨ ਦਾ ਸੰਕਲਪ ਲਵੋਗੇ। ਪ੍ਰਾਪਤੀ ਤੀਕ ਮਾਨਸਿਕ ਅਤੇ ਸਰੀਰਕ ਬੇਚੈਨੀ ਵਿਚ ਰਹੋਗੇ ਤਾਂ ਸੱਚ ਤੁਹਾਡਾ ਹੋਵੇਗਾ। ਸਫਲਤਾ ਸਿਰਫ ਉਨ੍ਹਾਂ ਨੂੰ ਮਿਲਦੀ, ਜਿਨ੍ਹਾਂ ਵਿਚ ਮੰਜ਼ਿਲ ‘ਤੇ ਪਹੁੰਚਣ ਦਾ ਸ਼ੁਦਾਅ ਤੇ ਚਾਅ ਹੋਵੇ। ਉਹ ਇਕ ਸੁਪਨੇ ਦੀ ਪੂਰਤੀ ਪਿਛੋਂ ਦੂਜਾ ਸੁਪਨਾ ਲੈਂਦੇ। ਉਨ੍ਹਾਂ ਲਈ ਸੁਪਨੇ ਲੈਣਾ ਅਤੇ ਇਨ੍ਹਾਂ ਨੂੰ ਪੂਰਾ ਕਰਨਾ, ਇਕ ਜੀਵਨ-ਜਾਚ। ਇਹ ਜੀਵਨ-ਜਾਚ ਜੇ ਹਰੇਕ ਵਿਅਕਤੀ ਦਾ ਕਰਮ-ਧਰਮ ਬਣ ਜਾਵੇ ਤਾਂ ਸੁਪਨਾ ਮਨ ਦਾ ਮਾਣ ਬਣਦਾ।
ਕੁਝ ਲੋਕ ਮਸ਼ਹੂਰ ਹੋਣ ਲਈ ਸੁਪਨਾ ਲੈਂਦੇ। ਚਕਾਚੌਂਧੀਂ ਮਸ਼ਹੂਰੀ ਚੰਗੇਰਾ ਕਰਕੇ ਨਹੀਂ, ਸਗੋਂ ਕੁਝ ਅਜਿਹਾ ਕਰਕੇ ਜੋ ਸਮਾਜ ਵਿਚ ਖਲਬਲੀ ਪੈਦਾ ਕਰੇ। ਕਿਸੇ ਨੀਚ ਹਰਕਤ, ਘਟੀਆ ਕਰਤੂਤ ਜਾਂ ਕਮੀਨਗੀ ਦੀ ਇੰਤਹਾ ਵਿਚੋਂ ਮਸ਼ਹੂਰ ਹੋਣ ਦਾ ਸੁਪਨਾ ਲੈਣਾ, ਸਭ ਤੋਂ ਵੱਡਾ ਗੁਨਾਹ। ਮਨੁੱਖਤਾ ਕਦੇ ਵੀ ਅਜਿਹੇ ਸੁਪਨਸਾਜ਼ਾਂ ਨੂੰ ਮੁਆਫ ਨਹੀਂ ਕਰਦੀ, ਪਰ ਜਦ ਕੋਈ ਸੁਪਨਾ ਕੁਝ ਚੰਗਾ ਕਰਨ ਦਾ ਹੋਵੇ, ਬੇਆਸੇ ਦੇ ਆਸ-ਚਿਰਾਗ ਵਿਚ ਰੂਹ-ਤੇਲ ਪਾਉਣਾ, ਸੁਗਮ-ਸੋਚ ਦੀ ਬੱਤੀ ਨਾਲ ਬਲਦਾ ਰੱਖਣਾ, ਸੁੰਨੇ ਵਿਹੜੇ ਨੂੰ ਹਾਸਿਆਂ ਦੀ ਹਵੇਲੀ ਬਣਾਉਣਾ ਜਾਂ ਕਿਸੇ ਬਾਪ ਦੀ ਲਾਚਾਰੀ ਨੂੰ ਦੂਰ ਕਰਨ ਤੇ ਬੁਢਾਪੇ ਦੀ ਡੰਗੋਰੀ ਬਣਨਾ ਜਾਂ ਕਿਸੇ ਅਰਥਹੀਣ ਹਰਫ ਨੂੰ ਪੂੰਝ ਕੇ ਇਸ ‘ਚ ਅਰਥਾਂ ਦੀ ਸੂਹੀ ਭਾਅ ਪੈਦਾ ਕਰਨ ਦਾ ਹੁਨਰ ਆ ਜਾਵੇ ਤਾਂ ਸੁਪਨੇ ਦੀ ਸਾਰਥਕਤਾ ਆਪਣੀ ਹੋਂਦ ‘ਤੇ ਮਾਣ ਕਰਦੀ।
ਕੁਝ ਲੋਕ ਸੁਪਨਾ ਲੈਂਦੇ, ਸੰਭਾਵਨਾ ਵੀ ਹੁੰਦੀ, ਪਰ ਇਸ ਦੇ ਸੱਚ ਤੋਂ ਟਾਲਾ ਵੱਟਦੇ, ਪਰ ਸੱਚ ਦੀ ਉਡੀਕ ਕਰਦੇ। ਬਿਨਾ ਮਿਹਨਤ ਦੇ ਕੁਝ ਹਾਸਲ ਨਹੀਂ ਹੋਵੇਗਾ। ਅਜਿਹੀ ਬੇਅਰਥ ਆਸ ਨੂੰ ਬੇਆਸ ਹੋਣਾ ਹੀ ਪੈਂਦਾ ਅਤੇ ਖੁਦ ਨੂੰ ਹਾਰ-ਹੀਣਤਾ ਵਿਚ ਕੋਹਣਾ ਹੀ ਪੈਂਦਾ।
ਕੁਝ ਲੋਕ ਸਿਰਫ ਸੁਪਨੇ ਹੀ ਲੈਂਦੇ। ਨਾ ਉਹ ਸੰਭਾਵਨਾ ਵੰਨੀਂ ਉਲਰਦੇ, ਤੇ ਸੱਚ ਦਾ ਤਾਂ ਉਹ ਧਿਆਨ ਵੀ ਨਹੀਂ ਧਰਦੇ। ਉਹ ਸਿਰਫ ਸੁਪਨਸਾਜ਼ ਹੁੰਦੇ।
ਰਾਤ ਵੇਲੇ ਲਏ ਸੁਪਨੇ ਨਿਰਾ ਛਲਾਵਾ। ਸੁਪਨੇ ਲੈਣੇ ਨੇ ਤਾਂ ਦਿਨ ਨੂੰ ਲਓ, ਆਪਣੇ ਅੰਤਰੀਵ ਵਿਚ ਉਤਾਰੋ ਅਤੇ ਸੁਪਨਿਆਂ ਦਾ ਹਾਣੀ ਬਣ ਕੇ ਇਸ ਦੀ ਸੰਪੂਰਨਤਾ ਨੂੰ ਜ਼ਿੰਦਗੀ ਦਾ ਲਕਸ਼ ਬਣਾਓ।
ਸੁਪਨਾ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਸਿਰਫ ਇਸ ਦੀ ਸੰਭਾਵਨਾ ਦਾ ਸੱਚ ਹੀ ਇਸ ਨੂੰ ਵੱਡਾ ਜਾਂ ਛੋਟਾ ਬਣਾਉਂਦਾ। ਮਹਾਨ ਇਨਸਾਨ ਸੁਪਨਿਆਂ ਵਿਚੋਂ ਵੱਡਾ ਸੱਚ ਦੇਖਦੇ ਤਾਂ ਹੀ ਉਨ੍ਹਾਂ ਦਾ ਸੁਪਨਾ ਤੇ ਸੱਚ-ਦੋਵੇਂ ਹੀ ਵੱਡੇ। ਛੋਟੇ ਲੋਕ ਤਾਂ ਸੁਪਨਿਆਂ ਦੇ ਨਿੱਕੇ ਸੱਚ ਨਾਲ ਹੀ ਵੱਡੇਪਣ ਦਾ ਭਰਮ ਪਾਲਦੇ।
ਕਈ ਵਾਰ ਸੁਪਨੇ ਦਾ ਸੱਚ ਸਿਰ ਨੂੰ ਚੜ੍ਹ ਜਾਂਦਾ ਤਾਂ ਮਨੁੱਖ ਵਿਚੋਂ ਮਨੁੱਖਤਾ ਮਰ ਜਾਂਦੀ। ਉਹ ਇਨਸਾਨੀਅਤ ਦਾ ਮਰਸੀਆ ਪੜ੍ਹਨ ਤੀਕ ਹੀ ਸੀਮਤ ਹੁੰਦਾ। ਇਸ ਮਰਸੀਏ ਦੇ ਨਾਲ ਖੁਦ ਦਾ ਮਰਸੀਆ ਵੀ ਪੜ੍ਹਿਆ ਜਾਂਦਾ।
ਸੁਪਨਾ, ਸੰਭਾਵਨਾ ਅਤੇ ਇਸ ਦੇ ਸੱਚ ਨੂੰ ਨਿਮਰਤਾ ਤੇ ਹਲੀਮੀ ਨਾਲ ਹਜ਼ਮ ਕਰਨ ਵਾਲੇ ਮਾਨਵਤਾ ਦਾ ਮਾਣਮੱਤਾ ਮੁਹਾਂਦਰਾ। ਉਨ੍ਹਾਂ ਵਿਚੋਂ ਮਨਫੀ ਹੁੰਦਾ ਹੰਕਾਰ, ਹੈਂਕੜ, ਹੱਠਧਰਮੀ ਜਾਂ ਹਿਮਾਕਤ। ਉਹ ਠਰੰਮੇ ਤੇ ਸਹਿਜ ਦਾ ਸਿਰਨਾਵਾਂ।
ਸੁਪਨੇ ਤੋਂ ਸੰਭਾਵਨਾ ਤੇ ਫਿਰ ਇਸ ਦੇ ਸੱਚ ਦਾ ਸਫਰ ਬਹੁਤ ਲੰਮੇਰਾ। ਕਸ਼ਟਮਈ ਅਤੇ ਕਠਿਨਾਈਆਂ ਭਰਪੂਰ। ਬਹੁਤ ਵਾਰ ਟੁੱਟਣਾ ਪੈਂਦਾ, ਪਰ ਫਿਰ ਜੁੜ ਕੇ ਸਫਰ ਜਾਰੀ ਰਹਿੰਦਾ। ਇਸ ਟੁੱਟਣ ਤੇ ਜੁੜਨ ਦੀ ਪ੍ਰਕ੍ਰਿਆ ਵਿਚੋਂ ਜੋ ਆਪਣਾ ਲੋਹਾ ਮੰਨਵਾ ਲੈਂਦੇ, ਉਨ੍ਹਾਂ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਸਿਰਫ ਦੇਰ ਹੋ ਸਕਦੀ, ਪਰ ਪ੍ਰਾਪਤੀ ਜਰੂਰ ਹੁੰਦੀ।
ਜਦ ਕਿਸੇ ਨੂੰ ਸੁਪਨਾ ਲੈਣ ਤੋਂ ਹੀ ਵਰਜਿਆ ਜਾਵੇ ਜਾਂ ਕਿਸੇ ਦੇ ਦੀਦਿਆਂ ਵਿਚ ਸਤਮਾਹੇ ਸੁਪਨੇ ਦਾ ਸੋਗ ਧਰ ਦਿਤਾ ਜਾਵੇ ਤਾਂ ਸੁਪਨ-ਸੱਟ ਸਦਾ ਚਸਕਦੀ। ਇਸ ਪੀੜਾ ਵਿਚ ਬਹੁਤ ਕੁਝ ਖੁਰ ਜਾਂਦਾ, ਜਿਸ ਨੇ ਸੰਸਾਰ ਨੂੰ ਸੁੰਦਰ ਤੇ ਸਜੀਵ ਬਣਾਉਣਾ ਹੁੰਦਾ। ਅਜੋਕਾ ਮਨੁੱਖ ਸੁਪਨੇ ਅਰਪਣ ਜਾਂ ਕਿਸੇ ਦੇ ਨੈਣਾਂ ਵਿਚ ਸੁਪਨਾ ਧਰਨ ਦੀ ਥਾਂ ਸੁਪਨਾ ਖੋਹਣ ਲਈ ਵੱਧ ਉਤਸੁਕ। ਇਸ ਹਾਬੜੀ ਉਤਸੁਕਤਾ ‘ਚ ਗਰਕ ਰਹੀ ਮਨੁੱਖਤਾ। ਮਨੁੱਖ ਸਿਰਫ ਖੁਦ ਤੀਕ ਹੀ ਸੀਮਤ।
ਸੁਪਨੇ ਲੈਣਾ, ਇਸ ਦਾ ਵਿਗਸਣਾ। ਇਸ ਦੀਆਂ ਸੰਭਾਵਨਾਵਾਂ ਦਾ ਪੁੰਗਰਨਾ, ਚੁਫੇਰੇ ਫੈਲਾਓ ਅਤੇ ਇਸ ਵਿਚੋਂ ਸੱਚ ਦੇ ਸੂਰਜ ਦੀ ਰੋਸ਼ਨੀ ਤੇ ਨਿੱਘ ਨਾਲ ਸਮੁੱਚੀ ਕਾਇਨਾਤ ਨੂੰ ਸਰਸ਼ਾਰ ਕਰਨਾ, ਇਕ ਸ਼ੁਭ ਸ਼ਗਨ। ਪਹਿਲ ਕਰਨਾ, ਸ਼ੁਭ ਬਚਨ। ਉਦਮ ਤੇ ਹੌਸਲਾ ਅਫਜ਼ਾਈ ਸੋਹਣੇ ਸ਼ਖਸ ਦਾ ਪਹਿਲਾ ਕਰਤੱਵ। ਇਸ ਦੀ ਪਾਲਣਾ ਦਾ ਕਿਸੇ ਸਮਾਜ ਵਿਚ ਸ਼ੁਰੂ ਹੋਣਾ, ਜਿਉਂਦੇ ਮਨੁੱਖ ਦਾ ਅਹਿਸਾਸ।
ਕਦੇ ਵੀ ਸੁਪਨਾ ਚੋਰੀ ਨਾ ਕਰੋ, ਨਿਆਰੇ ਮੁਹਾਂਦਰੇ ਵਾਲਾ ਸੁਪਨਾ ਖੁਦ ਸਿਰਜੋ। ਵੱਖਰੀ ਅਤੇ ਨਰੋਈ ਪਛਾਣ, ਸੁਪਨ-ਸੱਚ ਰਾਹੀਂ ਪ੍ਰਗਟ ਹੋਵੇਗੀ, ਜੋ ਸਿਰਫ ਤੁਹਾਡੀ ਹੋਵੇਗੀ। ਵਿਲੱਖਣ ਸੁਪਨੇ ਦਾ ਮੁੱਲ ਪੈਂਦਾ। ਜੇ ਸੁਪਨਿਆਂ ਵਿਚ ਅੰਤਰ ਨਾ ਹੋਵੇ ਤਾਂ ਵਿਭਿੰਨ ਕਿੰਜ ਹੋਵੋਗੇ?
ਕਿਸੇ ਦੀ ਸੁਪਨ-ਸੰਭਾਵਨਾ ਨੂੰ ਸੱਚ ਕਰਨ ਲਈ ਮਦਦ ਜਰੂਰ ਕਰੋ, ਕਿਉਂਕਿ ਕੀਤੀ ਹੋਈ ਮਦਦ ਤੁਹਾਡੀ ਸੁਪਨ ਪੂਰਤੀ ਵਿਚ ਵੀ ਸਾਰਥਕ ਹੋਵੇਗੀ। ਕਿਸੇ ਹੋਰ ਦੀ ਪੂਰਤੀ ਦੇ ਨਾਲ ਤੁਸੀਂ ਵੀ ਬਹੁਤ ਕੁਝ ਹਾਸਲ ਕਰੋਗੇ।
ਸੁਪਨੇ ਤੋਂ ਸੰਭਾਵਨਾ ਦਾ ਸਫਰ ਬਹੁਤ ਸਾਰੇ ਮੌਕਿਆਂ ਨੂੰ ਸਾਡੇ ਸਨਮੁੱਖ ਕਰਦਾ, ਜਿਨ੍ਹਾਂ ਦੀ ਸੁਯੋਗ ਵਰਤੋਂ ਨਾਲ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ। ਔਕੜਾਂ ਨਹੀਂ, ਸਗੋਂ ਸੰਭਾਵਨਾਵਾਂ ਦੇਖੋ, ਤੁਹਾਡੇ ਲਈ ਅਕਾਸ਼ ਵੀ ਨਿੱਕਾ ਹੋਵੇਗਾ।
ਸੰਭਾਵਨਾਵਾਂ ਅਥਾਹ ਹੁੰਦੀਆਂ, ਕਦੇ ਵੀ ਨਹੀਂ ਮੁਕਦੀਆਂ। ਜਦ ਸੰਭਾਵਨਾਵਾਂ ਨਾ ਦਿੱਸਣ ਤਾਂ ਸਮਝੋ ਬੰਦਾ ਹਾਰ ਗਿਆ ਏ। ਕੁਝ ਲੋਕ ਤਾਂ ਅਜਿਹੀਆਂ ਸੰਭਾਵਨਾਵਾਂ ਦਾ ਸੱਚ ਪ੍ਰਗਟ ਕਰਦੇ, ਜਿਨ੍ਹਾਂ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਸੁਪਨਾ ਉਹ ਸੰਭਾਵਨਾ, ਜੋ ਸੱਚ ਬਣਨ ਲਈ ਅੰਗੜਾਈ ਭਰਦੀ। ਕਿਸੇ ਮਰਦ ਅਗੰਮੜੇ ਦੀ ਦਸਤਕ ਲਈ ਉਤਾਵਲਾ। ਇਸ ਦੂਰੀ ਨੂੰ ਉਦਮੀ ਹੀ ਮੇਟਦੇ।
ਜਦ ਕੋਈ ਸੁਪਨਾ ਲੈਂਦਾ ਹੈ ਤਾਂ ਉਹ ਟੀਚਾ ਮਿੱਥਦਾ ਹੈ। ਇਸ ਟੀਚੇ ਦੀ ਪ੍ਰਾਪਤੀ ਵੱਲ ਪੁੱਟਿਆ ਕਦਮ, ਕੋਸ਼ਿਸ਼ ਦਾ ਅਰੰਭ। ਕੋਸ਼ਿਸ਼ ਨੂੰ ਪਿਆ ਹੋਇਆ ਬੂਰ ਪ੍ਰਾਪਤੀ ਦਾ ਅਹਿਸਾਸ ਮਨ-ਜੂਹ ਵਿਚ ਪੈਦਾ ਕਰਦਾ।
ਜਦ ਸੁਪਨਾ ਲੈਂਦੇ ਤਾਂ ਅਸੰਭਵ ਜਾਪਦਾ, ਪਰ ਜਦ ਇੱਛਾ ਸ਼ਕਤੀ ਨੂੰ ਸੁਪਨਾ ਪੂਰਤੀ ਵੰਨੀਂ ਸੇਧਤ ਕਰਦੇ ਤਾਂ ਕਈ ਸੰਭਾਵਨਾਵਾਂ ਸਾਹਮਣੇ ਆਉਂਦੀਆਂ। ਅਖੀਰ ਵਿਚ ਸਿਰੜ ਤੇ ਇਰਾਦਾ ਸੰਭਾਵਨਾਵਾਂ ਦਾ ਸੱਚ ਹੁੰਦਾ।
ਸੁਪਨਾ ਨਾ ਲੈਣ ਵਾਲੇ ਵਿਅਕਤੀ ਜਿਉਂਦੇ ਨਹੀਂ, ਸੁਪਨੇ ਸਿਰਫ ਜਿਉਂਦਿਆਂ ਨੂੰ ਆਉਂਦੇ। ਮਰੇ ਹੋਏ ਸੁਪਨੇ ਨਹੀਂ ਲੈ ਸਕਦੇ। ਦੇਖਣਾ ਕਿ ਤੁਸੀਂ ਜਿਉਂਦੇ ਹੋ ਜਾਂ ਮਾਨਸਿਕ ਤੌਰ ‘ਤੇ ਮਰ ਚੁਕੇ ਹੋ?
ਹਰ ਇਕ ਨੂੰ ਆਪਣਾ ਜੀਵਨ ਸਫਰ ਇਸ ਤਰ੍ਹਾਂ ਨਿਰਧਾਰਤ ਕਰਨਾ ਚਾਹੀਦਾ ਕਿ ਹਰ ਮੋੜ ‘ਤੇ ਸੁਪਨਾ ਤੇ ਇਸ ਦਾ ਸੱਚ ਇਕ ਦੂਜੇ ਨੂੰ ਗਲਵੱਕੜੀ ਪਾ ਕੇ ਮਿਲਣ।
ਜ਼ਿੰਦਗੀ ਵਿਚ ਕਈ ਵਾਰ ਅਜਿਹਾ ਪਲ ਆਉਂਦਾ ਕਿ ਸੱਚ, ਸੁਪਨਾ ਹੀ ਲੱਗਦਾ, ਜਦ ਕਿ ਸੁਪਨਾ ਸੱਚ ਜਾਪਣ ਲੱਗ ਪੈਂਦਾ। ਮਿੱਟ ਜਾਂਦਾ ਸੁਪਨੇ ਤੇ ਸੱਚ ਵਿਚਲਾ ਫਰਕ।
ਜੀਵਨ ਵਿਚ ਕੁਝ ਵੀ ਗਾਰੰਟੀਸ਼ੁਦਾ ਨਹੀਂ। ਸਿਰਫ ਜੀਵਨ ਵਿਚ ਸੰਭਾਵਨਾਵਾਂ ਅਤੇ ਮੌਕੇ ਹੀ ਹੁੰਦੇ, ਜਿਨ੍ਹਾਂ ਨੂੰ ਵਰਤ ਕੇ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ। ਕੁਝ ਵੀ ਨਿਸ਼ਚਿਤ ਨਹੀਂ। ਕੋਈ ਵਿਗਿਆਨੀ ਬਣਨ ਵੱਲ ਜਾਂਦਾ ਜਾਂਦਾ ਇਕ ਵਧੀਆ ਕਲਾਕਾਰ ਬਣ ਜਾਂਦਾ।
ਭਵਿੱਖ ਉਨ੍ਹਾਂ ਦਾ ਹੀ ਜੋ ਸੰਭਾਵਨਾ ਵਿਚੋਂ ਸਰਘੀ ਦੀ ਆਮਦ ਦਾ ਅੰਦਾਜ਼ਾ ਲਾਉਂਦੇ। ਉਨ੍ਹਾਂ ਦੇ ਜੀਵਨ ਵਿਚ ਸ਼ਾਮ ਨਹੀਂ, ਸਗੋਂ ਸਵੇਰ ਹੀ ਹੁੰਦੀ।
ਹਰ ਦਿਨ ਨਵਾਂ ਸੁਪਨਾ ਨਵੀਆਂ ਸੰਭਾਵਨਾਵਾਂ, ਨਵੀਂ ਸੋਚ ਅਤੇ ਨਵੀਂ ਸ਼ਕਤੀ ਲੈ ਕੇ ਮਨ-ਦਰ ‘ਤੇ ਦਸਤਕ ਦਿੰਦਾ। ਇਹ ਵਿਅਕਤੀ ‘ਤੇ ਨਿਰਭਰ ਕਿ ਇਸ ਦਾ ਕਿੰਨਾ ਕੁ ਲਾਹਾ ਲੈਣਾ ਅਤੇ ਕਿਹੜਾ ਸੱਚ ਆਪਣਾ ਬਣਾਉਣਾ?
ਨਵਾਂ ਸੁਪਨਾ ਤੇ ਸੰਭਾਵਨਾ ਤਬਦੀਲੀ ਦੀ ਸੂਚਕ। ਨਵੀਆਂ ਤਰਜ਼ੀਹਾਂ, ਤਦਬੀਰਾਂ ਤੇ ਤਕਦੀਰਾਂ ਦੀ ਨਿਸ਼ਾਨਦੇਹੀ। ਤਰੱਕੀ ਅਤੇ ਬੁਲੰਦੀ ਦਾ ਪ੍ਰਮਾਣ।
ਸੰਸਾਰ ਦੀਆਂ ਸਮੁੱਚੀਆਂ ਪ੍ਰਾਪਤੀਆਂ, ਸੁਪਨੇ ਲੈਣ, ਸੰਭਾਵਨਾਵਾਂ ਅਤੇ ਇਨ੍ਹਾਂ ਦੀ ਪੂਰਤੀ ਵਿਚੋਂ ਹੀ ਪੈਦਾ ਹੋਈਆਂ। ਸੁਪਨੇ ਤੋਂ ਵੱਡਾ ਤਾਂ ਕੋਈ ਸੱਚ ਨਹੀਂ। ਬੱਚਾ ਜਦ ਸੁਪਨੇ ਦੇਖਣ ਲੱਗ ਪਵੇ ਤਾਂ ਇਸ ਨੂੰ ਪੂਰਾ ਕਰਨ ਲਈ ਉਹ ਖੁਦ ਵੀ ਉਚੇਚ ਕਰਦਾ, ਹੱਲ ਤਲਾਸ਼ਦਾ ਅਤੇ ਪੂਰਤੀ ਦੀ ਲਗਨ ਦਿਨ-ਰਾਤ ਉਕਸਾਉਂਦੀ।
ਜਦ ਕੋਈ ਵਿਅਕਤੀ ਕੁਝ ਚੰਗੇਰਾ ਕਰਨ ਦਾ ਸੁਪਨਾ ਲੈਂਦਾ ਤਾਂ ਦਰਅਸਲ ਉਹ ਪੂਰਨ ਮਨੁੱਖ ਬਣਨ ਵੰਨੀਂ ਰੁਚਿਤ ਹੁੰਦਾ। ਇਹ ਰੁਚੀ ਹੀ ਉਸ ਦੇ ਇਨਸਾਨ ਹੋਣ ਦਾ ਪ੍ਰਮਾਣ।
ਸੁਪਨਾ, ਸੰਭਾਵਨਾ ਤੇ ਸੱਚ, ਸਭ ਦਾ ਹਾਸਲ ਹੋਵੇ। ਹਰੇਕ ਹੀ ਸੁਪਨ-ਪ੍ਰਾਪਤੀ ਨੂੰ ਆਪਣਾ ਇਸ਼ਟ ਮੰਨ ਕੇ ਅਰਾਧਨਾ ਕਰੇ। ਇਸ ਦੀ ਆਸਥਾ ਦੌਰਾਨ ਖੁਦ ‘ਤੇ ਪੂਰਨ ਭਰੋਸਾ ਰੱਖੋਗੇ ਤਾਂ ਸੁਪਨ-ਪੂਰਤੀ ਨੂੰ ਕੋਈ ਨਹੀਂ ਰੋਕ ਸਕਦਾ। ਕਾਮਨਾ, ਸ਼ੁਭ-ਚਿੰਤਨ ਹੋਵੇ। ਚੇਤਨਾ, ਚਿਰਾਗ ਬਣ ਕੇ ਹਰ ਮਸਤਕ ਨੂੰ ਪ੍ਰਾਪਤੀ ਨਾਲ ਰੁਸ਼ਨਾਵੇ, ਇਹ ਕਾਮਨਾ ਤਾਂ ਕੀਤੀ ਹੀ ਜਾ ਸਕਦੀ।