ਮੱਧਕਾਲੀ ਪੰਜਾਬ ਦੀ ਜਾਗ੍ਰਿਤੀ ਲਹਿਰ ਵਿਚ ਵਿਸ਼ਵ ਆਧੁਨਿਕਤਾ

ਡਾ. ਸੁਖਪਾਲ ਸੰਘੇੜਾ*
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੱਧਕਾਲੀ ਯੁੱਗ ਦੌਰਾਨ ਯੂਰਪ ਤੇ ਪੰਜਾਬ ਵਿਚ ਇੱਕੋ ਸਮੇਂ ਦੋ ਲਹਿਰਾਂ ਚੱਲੀਆਂ। ਯੂਰਪ ਵਿਚ ਚੱਲੀ ‘ਰੈਨੇਸਾਂਸ’ (14ਵੀਂ ਸਦੀ ਤੋਂ 17ਵੀਂ ਸਦੀ ਤੱਕ) ਨਾਂ ਦੀ ਜਾਗ੍ਰਿਤੀ ਲਹਿਰ ਅਤੇ ਪੰਜਾਬ ਵਿਚ ਜਾਗ੍ਰਿਤੀ ਲਹਿਰ, ਜਿਹਦੇ ਤਿੰਨ ਹਿੱਸੇ ਸਨ- 1. ਗੁਰੂ ਨਾਨਕ ਦੇਵ (1469-1539) ਵਲੋਂ ਪੰਜਾਬ ‘ਚ ਸ਼ੁਰੂ ਕੀਤੀ ਗਈ ਸਿੱਖ ਲਹਿਰ, 2. ਭਗਤੀ ਲਹਿਰ ਅਤੇ 3. ਸੂਫੀ ਲਹਿਰ। ਇਨ੍ਹਾਂ ਲਹਿਰਾਂ ਵਿਚ ਬੜਾ ਕੁਝ ਸਾਂਝਾ ਸੀ, ਤੇ ਪੰਜਾਬ ਜਾਗ੍ਰਿਤੀ ਲਹਿਰ ਦੀ ਇਸ ਸਾਂਝ ਦੇ ਤੱਤ ਰੈਨੇਸਾਂਸ ਨਾਲ ਵੀ ਸਾਂਝੇ ਸਨ। ਪੰਜਾਬ ਜਾਗ੍ਰਿਤੀ ਤੇ ਰੈਨੇਸਾਂਸ ਲਹਿਰ ਦਾ ਤੁਲਨਾਤਮਕ ਅਧਿਐਨ ਇੱਕ ਹੋਰ ਲੇਖ ਵਿਚ ਪੇਸ਼ ਕੀਤਾ ਗਿਆ ਹੈ। ਇਸ ਲੇਖ ਵਿਚ ਅਸੀਂ ਪੰਜਾਬ ਜਾਗ੍ਰਿਤੀ ਲਹਿਰ ਵਿਚ ਆਧੁਨਿਕਤਾ ਦੇ ਅੰਸ਼ ਪਛਾਣਦੇ ਤੇ ਵਿਚਾਰਦੇ ਹਾਂ।

ਯੂਰਪ ਵਿਚ ਮੱਧਕਾਲੀ ਯੁੱਗ 5ਵੀਂ ਤੋਂ 16ਵੀਂ ਸਦੀ ਤੱਕ ਮੰਨਿਆ ਜਾਂਦਾ ਹੈ; ਉਸ ਪਿਛੋਂ ਆਧੁਨਿਕ ਯੁੱਗ ਦੀ ਸ਼ੁਰੂਆਤ ਤੱਕ ਦੇ ਸਮੇਂ ਨੂੰ ਅਰਧ-ਮੱਧਕਾਲੀ ਯੁੱਗ ਕਹਿ ਸਕਦੇ ਹਾਂ। ਇਹ ਸਮਾਂ ਬਹੁਤਾ ‘ਰੈਨੇਸਾਂਸ’ ਦਾ ਸਮਾਂ ਸੀ, ਜੋ ਸੱਭਿਆਚਾਰਕ ਪੁਨਰ-ਜਨਮ ਜਾਂ ਜਾਗ੍ਰਿਤੀ ਲਹਿਰ ਸੀ, ਜਿਸ ਦੌਰਾਨ ਯੂਰਪ ਦਾ ਅਤੀਤ ਤੇ ਉਦੋਂ ਦਾ ‘ਅੱਜ’ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਵੇਖਿਆ ਤੇ ਪਰਖਿਆ ਜਾਣ ਲੱਗਾ। ਰੈਨੇਸਾਂਸ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਆਧੁਨਿਕ ਯੁੱਗ ਦੀ ਸ਼ੁਰੂਆਤ ਹੌਲੀ ਹੌਲੀ 18ਵੀਂ ਸਦੀ ਦੌਰਾਨ ਯੂਰਪ ਤੇ ਅਮਰੀਕਾ ਵਿਚ ਸਨਅਤੀ ਇਨਕਲਾਬ ਨਾਲ ਹੋਈ, ਜਿਸ ਨੇ ਪੈਦਾਵਾਰੀ ਸਾਧਨ, ਤੇ ਨਤੀਜਨ ਪੈਦਾਵਾਰੀ ਰਿਸ਼ਤੇ ਬਦਲ ਦਿੱਤੇ। ਇਸ ਤਰ੍ਹਾਂ ਸਮਾਜ ਵਿਚ ਨਵੀਆਂ ਜਮਾਤਾਂ ਤੇ ਨਵੇਂ ਰਿਸ਼ਤੇ ਪੈਦਾ ਹੋਣੇ ਸ਼ੁਰੂ ਹੋਏ।
20ਵੀਂ ਸਦੀ ਦੇ ਅੱਧ ਤੋਂ ਹੁਣ ਤੱਕ ਦੇ ਸਮੇਂ ਨੂੰ ਸਮਕਾਲੀ ਯੁੱਗ ਜਾਂ ਅਜੋਕਾ ਆਧੁਨਿਕ ਯੁੱਗ ਵੀ ਕਿਹਾ ਜਾਂਦਾ ਹੈ। ਇਸ ਲੇਖ ਵਿਚ ਅਸੀਂ ਆਧੁਨਿਕ ਯੁੱਗ ਤੇ ਅਜੋਕੇ ਆਧੁਨਿਕ ਯੁੱਗ ਨੂੰ ਆਧੁਨਿਕ ਯੁੱਗ ਹੀ ਕਹਿੰਦੇ ਹਾਂ। ਪੰਜਾਬ ਸਣੇ ਭਾਰਤ ਵਿਚ ਆਧੁਨਿਕ ਯੁੱਗ 19ਵੀਂ ਸਦੀ ਵਿਚ ਇੱਥੇ ਅਰਥਚਾਰੇ ਜਾਂ ਗਿਆਨ-ਵਿਗਿਆਨ ਜ਼ਰੀਏ ਹੋਈ ਤਰੱਕੀ ਕਰਕੇ ਨਹੀਂ, ਸਗੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਬਸਤੀਵਾਦੀ ਰੂਪ ਵਿਚ ਆਇਆ। ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਦਾ ਅਹਿਮ ਹਿੱਸਾ ਹਨ, ਆਧੁਨਿਕ ਮਾਨਵਵਾਦ ਦੇ ਬਾਹਲੇ ਤੱਤ।
ਪੱਛਮ ਵਿਚ ਮਾਨਵਵਾਦੀ ਲਹਿਰ ਯੂਰਪੀ ਰੈਨੇਸਾਂਸ ਦੌਰਾਨ ਅਧਿਆਤਮਵਾਦ ਦੇ ਘੇਰੇ ਵਿਚ ਪੈਦਾ ਹੋਈ, ਤੇ ਉਦੋਂ ਤੋਂ ਇਹਦਾ ਵਿਕਾਸ ਹੁੰਦਾ ਗਿਆ। ਆਧੁਨਿਕ ਮਾਨਵਵਾਦ ਮਨੁੱਖ ਨੂੰ ਕੁਦਰਤ ਦਾ ਹਿੱਸਾ ਸਮਝਦਿਆਂ ਮੰਨਦਾ ਹੈ ਕਿ ਮਨੁੱਖੀ ਕਦਰਾਂ (ਜਿਵੇਂ ਕਿ ਸਮਾਜਕ, ਰਾਜਨੀਤਕ, ਨੈਤਿਕ, ਧਾਰਮਿਕ ਆਦਿ) ਮਨੁੱਖੀ ਤਰਜਬੇ ਤੇ ਸੱਭਿਆਚਾਰ ਦੀ ਪੈਦਾਵਾਰ ਹਨ। ਸੋ, ਦੈਵੀ ਦ੍ਰਿਸ਼ਟੀਕੋਣਾਂ ਨੂੰ ਨਕਾਰਦਿਆਂ ਮਾਨਵਵਾਦੀ ਫਲਸਫਾ ਜ਼ਿੰਦਗੀ ਦੇ ਉਦੇਸ਼ ਮਨੁੱਖੀ ਹਿੱਤਾਂ ਤੇ ਲੋੜਾਂ ਤੋਂ ਕੱਢਦਾ ਹੈ, ਨਾ ਕਿ ਅਧਿਆਤਮਕ ਧਾਰਨਾਵਾਂ ਤੋਂ। ਹੁਣ ਮਾਨਵਵਾਦੀ ਲਹਿਰ ਧਰਮ ਨਿਰਪੱਖਤਾ ਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਂਦੀ ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਆਤਮ-ਸਨਮਾਨ ਤੇ ਮਨੁੱਖੀ ਮੁਖਤਿਆਰੀ (ਏਜੰਸੀ) ‘ਤੇ ਕੇਂਦ੍ਰਿਤ ਹੈ। ਇਸ ਆਧਾਰ ‘ਤੇ ਇਨ੍ਹਾਂ ਪਹਿਲੂਆਂ ਨੂੰ ਉਤਸ਼ਾਹ ਦੇਣਾ ਵੀ ਮਾਨਵਵਾਵ ਦੇ ਕਾਰਜ ਘੇਰੇ ਵਿਚ ਆਉਂਦਾ ਹੈ-ਤਰਕਸ਼ੀਲਤਾ, ਪ੍ਰਮਾਣ, ਜਮਹੂਰੀਅਤ, ਔਰਤ-ਮਰਦ ਬਰਾਬਰੀ ਸਮੇਤ ਮਨੁੱਖੀ ਬਰਾਬਰੀ, ਮਨੁੱਖੀ ਪਿਆਰ ਦੀ ਸ਼ਕਤੀ ਦੀ ਮਹੱਤਤਾ, ਭਾਈਵਾਲਤਾ ਤੇ ਸਾਂਝੀ ਭਲਾਈ, ਸਮਾਜਕ ਨਿਆਂ, ਮਨੁੱਖੀ ਆਤਮ-ਸਨਮਾਨ ਤੇ ਭਲਾਈ ਅਤੇ ਸਮਾਜ ਤੇ ਧਰਤੀ ਪ੍ਰਤੀ ਜਿੰਮੇਵਾਰੀਆਂ ਸੰਗ ਸੁਮੇਲ ਵਿਚੋਂ ਨਿੱਜੀ ਖੁੱਲ੍ਹ ਤੇ ਮੌਕੇ ਦੀ ਬਹੁਤਾਤ।
ਆਧੁਨਿਕ ਮਾਨਵਵਾਦ ਦੇ ਬਾਹਲੇ ਤੱਤ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ‘ਚੋਂ ਕੁਝ ਮੁੱਖ ਹਨ-ਮਨੁੱਖੀ ਹੱਕ; ਜਮਹੂਰੀਅਤ; ਵੱਖ ਵੱਖ ਸੱਭਿਆਚਾਰਾਂ, ਜੀਵਨ-ਆਚਾਰਾਂ, ਮਨੁੱਖੀ ਨਸਲਾਂ ਆਦਿ ਵਿਚਾਲੇ ਆਪਸੀ ਪ੍ਰਵਾਨਗੀ ਤੇ ਸਹਿਣਸ਼ੀਲਤਾ; ਕੁਦਰਤ ਦੀ ਪ੍ਰਵਾਹ ਜਿਵੇਂ ਵਾਤਾਵਰਣ ਦਾ ਧਿਆਨ ਰੱਖਣਾ; ਗਿਆਨ-ਵਿਗਿਆਨ; ਖੋਜੀ-ਨਵੀਨ ਤੇ ਸਿਰਜਣਾਤਮਕ ਸੋਚ; ਵਿਸ਼ਵ ਪੱਧਰ ‘ਤੇ ਸੋਚਣ ਦੀ ਯੋਗਤਾ ਤੇ ਅਮਲ। ਪੰਜਾਬ ਜਾਗ੍ਰਿਤੀ ਲਹਿਰ ਦੌਰਾਨ ਮੁਢਲੇ ਮਨੁੱਖੀ ਹੱਕਾਂ ‘ਤੇ ਧਾਵਾ ਬੋਲਣ ਵਾਲੀਆਂ ਮੁੱਖ ਤੌਰ ‘ਤੇ ਦੋ ਧਿਰਾਂ ਸਨ-ਧਾਰਮਿਕ ਆਗੂ ਅਤੇ ਮੁਗਲ ਹਮਲਾਵਰ ਤੇ ਬਾਦਸ਼ਾਹ।
ਮੁਗਲਾਂ ਦੇ ਪੰਜਾਬ ਸਣੇ ਭਾਰਤ ਉਤੇ ਹਮਲੇ ਤੇ ਰਾਜ ਅਤੇ ਸਿੱਖ ਲਹਿਰ ਇੱਕ ਦੂਜੇ ਦੇ ਸਮਾਨੰਤਰ ਚੱਲੇ। ਮੁਗਲ ਹਮਲਾਵਰਾਂ ਦੇ ਪੰਜਾਬ ਦੇ ਰਸਤਿਓਂ ਭਾਰਤ ਵਿਚ ਦਾਖਲ ਹੋਣ ਸਮੇਂ ਉਨ੍ਹਾਂ ਦੀ ਪਹਿਲੀ ਟੱਕਰ ਵੀ ਸਿੱਖ ਲਹਿਰ ਨਾਲ ਹੁੰਦੀ ਸੀ। ਇਸ ਤਰ੍ਹਾਂ ਸਿੱਖ ਲਹਿਰ ਅਤੇ ਮੁਗਲ ਹਮਲਾਵਰਾਂ ਤੇ ਬਾਦਸ਼ਾਹਾਂ ਵਿਚਾਲੇ ਟੱਕਰ ਚੱਲਦੀ ਰਹੀ: ਮੁਗਲ ਰਾਜ ਦੇ ਬਾਨੀ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੇ ਉਹਦੀ ਰਹਿੰਦ-ਖੂੰਹਦ ਤੱਕ। ਇਸ ਟੱਕਰ ਦੌਰਾਨ ਸਿੱਖ ਲਹਿਰ ਨੇ ਜ਼ਬਰ-ਜ਼ੁਲਮ, ਲੁੱਟ-ਖਸੁੱਟ ਤੇ ਭ੍ਰਿਸ਼ਟਾਚਾਰ ਦਾ ਡਟ ਕੇ ਵਿਰੋਧ ਕੀਤਾ; ਇਸ ਤਰ੍ਹਾਂ ਮਨੁੱਖੀ ਸਵੈ-ਮਾਣ, ਹੱਕ-ਸੱਚ, ਨਿਆਂ ਤੇ ਹੋਰ ਮਨੁੱਖੀ ਕਦਰਾਂ-ਕੀਮਤਾਂ ਦਾ ਪੱਖ ਪੂਰਿਆ। ਇਸ ਤਰ੍ਹਾਂ ਵਧੇਰੇ ਕਰੂਰ ਸਥਾਨਕ ਹਾਲਾਤ ਦਾ ਸਾਹਮਣਾ ਕਰਦੀ ਉਸ ਸਮੇਂ ਦੀ ਪੰਜਾਬ ਜਾਗ੍ਰਿਤੀ ਲਹਿਰ ਮਨੁੱਖੀ ਕਦਰਾਂ-ਕੀਮਤਾਂ ਦੀ ਹਮਾਇਤ ਤੇ ਰਾਖੀ ਕਰਨ ਵਿਚ ਰੈਨੇਸਾਂਸ ਲਹਿਰ ਨਾਲੋਂ ਵੀ ਆਧੁਨਿਕ ਯੁੱਗ ਦੇ ਵੱਧ ਨੇੜੇ ਹੋ ਨਿਬੜੀ।
ਜਿਵੇਂ ਰੈਨੇਸਾਂਸ ਵਿਚ ਮਾਨਵਵਾਦੀ ਬੁੱਧੀਜੀਵੀ ਚਰਚ ਦੀਆਂ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁਧ ਤਰਕ ਦਾ ਹੱਲਾ ਬੋਲ ਰਹੇ ਸਨ, ਉਵੇਂ ਹੀ ਗੁਰੂ ਨਾਨਕ ਧਾਰਮਿਕ ਕੱਟੜਤਾ, ਕੁਰੀਤੀਆਂ, ਅਰਥਹੀਣ ਰਸਮਾਂ ਤੇ ਪਖੰਡਾਂ ਦਾ ਤਾਰਕਿਤ ਖੰਡਨ ਕਰਦਿਆਂ ਸਮਾਜ ਨੂੰ ਜਾਗ੍ਰਿਤ ਕਰ ਰਹੇ ਸਨ; ਪਰ ਉਨ੍ਹਾਂ ਦੇ ਜਿੰਮੇ ਰੈਨੇਸਾਂਸ ਮਾਨਵਵਾਦੀਆਂ ਦੇ ਕੰਮਾਂ ਤੋਂ ਵੱਖਰਾ ਕੰਮ ਵੀ ਆਣ ਪਿਆ ਸੀ, ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਹਿੱਤ ਸਮੇਂ ਦੀ ਹਕੂਮਤ ਸੰਗ ਟੱਕਰ ਲੈਣ ਦਾ। ਪੰਜਾਬ ਜਾਗ੍ਰਿਤੀ ਲਹਿਰ ਨੇ ਮਨੁੱਖੀ ਸਵੈ-ਮਾਣ ਤੇ ਹੋਰ ਮੁਢਲੀਆਂ ਮਨੁੱਖੀ ਕਦਰਾਂ ਕੀਮਤਾਂ ‘ਤੇ ਪਹਿਰਾ ਦਿੱਤਾ। ਸੰਨ 1521 ਵਿਚ ਬਾਬਰ ਦੀ ਫੌਜ ਹੱਥੋਂ ਸੈਦਪੁਰ (ਐਮਨਾਬਾਦ) ਦੇ ਲੋਕਾਂ ਦੀ ਹੋਈ ਦੁਰਗਤੀ ਤੇ ਪੈਂਦੇ ਕੀਰਨਿਆਂ ਦਾ ਅੱਖੀਂ ਵੇਖਿਆ ਤਰਸਯੋਗ ਦ੍ਰਿਸ਼ ਬਾਣੀ ਵਿਚ ਪੇਸ਼ ਕਰਦਿਆਂ ਗੁਰੂ ਨਾਨਕ ਰੱਬ ਨੂੰ ਉਲਾਂਭਾ ਦੇਣੋਂ ਵੀ ਨਾ ਰਹਿ ਸਕੇ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥…
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)
ਭਾਵ, ਖੁਰਾਸਾਨ ਦੇ ਇਲਾਕੇ ਨੂੰ ਕਿਸੇ ਦੇ ਹਵਾਲੇ ਕਰ ਬਾਬਰ ਨੇ ਹਮਲਾ ਕਰ ਕੇ ਭਾਰਤ ਨੂੰ ਡਰਾ ਦਿੱਤਾ। ਲੋਕਾਂ ਨੂੰ ਇੰਨੀ ਮਾਰ ਪਈ ਕਿ ਉਹ ਕੁਰਲਾ ਉਠੇ। ਹੇ ਪ੍ਰਭੂ! ਕੀ ਤੈਨੂੰ ਲੋਕਾਂ ਦੀ ਇਸ ਹਾਲਤ ‘ਤੇ ਰਹਿਮ ਨਹੀਂ ਆਇਆ? ਹਮਲਾਵਰ ਸਿਪਾਹੀ ਕੁੱਤਿਆਂ ਨੇ ਰਤਨਾਂ ਜਿਹੇ ਇਨਸਾਨ ਬੁਰੀ ਤਰ੍ਹਾਂ ਨਾਸ਼ ਕਰ ਦਿੱਤੇ; ਇਨ੍ਹਾਂ ਮਰੇ ਹੋਇਆਂ ਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਰਿਹਾ।
ਗੁਰੂ ਜੀ ਬਾਬਰ ਦੀ ਧਾੜਵੀ ਫੌਜ ਨੂੰ ਪਾਪ ਦੀ ਜੰਝ ਨਾਲ ਤੁਲਨਾ ਦਿੰਦਿਆਂ ਫੁਰਮਾਉਂਦੇ ਹਨ,
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ 722)
ਭਾਵ, ਬਾਬਰ ਪਾਪ ਦੀ ਜੰਜ ਲੈ ਕੇ ਕਾਬਲੋਂ ਹਮਲਾ ਬੋਲਦਾ ਆਇਆ ਹੈ ਅਤੇ ਮੱਲੋਜ਼ੋਰੀ (ਲੁੱਟ ਦੇ ਮਾਲ ਦੇ) ਦਾਜ ਦੀ ਮੰਗ ਕਰ ਰਿਹਾ ਹੈ। ਲੱਜਾ ਤੇ ਸੱਚਾਈ-ਦੋਵੇਂ ਹੀ ਅਲੋਪ ਹੋ ਗਏ ਹਨ ਅਤੇ ਝੂਠ ਆਗੂ ਬਣਿਆ ਫਿਰਦਾ ਹੈ।
ਮਿੱਟੀ ਵਿਚ ਰੁਲਦੇ ਮਨੁੱਖੀ ਸਵੈ-ਮਾਣ ਨੂੰ ਗੁਰੂ ਜੀ ਇੰਜ ਪ੍ਰਗਟਾਉਂਦੇ ਹਨ,
ਜਿਨ ਸਿਰਿ ਸੋਹਨਿ ਪਟੀਆ
ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ
ਗਲ ਵਿਚਿ ਆਵੈ ਧੂੜਿ॥ (ਪੰਨਾ 417)
ਭਾਵ, ਜਿਨ੍ਹਾਂ ਨਾਰਾਂ ਦੇ ਸਿਰਾਂ ਉਤੇ ਪਾਇਆ ਸੰਧੂਰ ਤੇ ਕੇਸੀਂ ਪੱਟੀਆਂ ਸੋਂਹਦੀਆਂ ਸਨ, ਉਨ੍ਹਾਂ ਦੇ ਕੇਸ ਮੁੰਨ ਦਿੱਤੇ ਗਏ ਹਨ, ਤੇ ਉਨ੍ਹਾਂ ਸਿਰ-ਮੂੰਹ ਮਿੱਟੀ ਪੈ ਰਹੀ ਹੈ।
ਇਕਨਾ ਪੇਰਣ ਸਿਰ ਖੁਰ ਪਾਟੇ
ਇਕਨਾ ਵਾਸੁ ਮਸਾਣੀ॥ (ਪੰਨਾ 418)
ਭਾਵ, ਕਈ ਔਰਤਾਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਪਾਟ ਗਏ ਹਨ, ਤੇ ਇੱਕ ਉਹ ਨੇ ਜੋ ਇਸ ਹਮਲੇ ਵਿਚ ਮਰ-ਮੁੱਕ ਕੇ ਮਸਾਣਾਂ ਵਿਚ ਜਾ ਵਸੀਆਂ ਨੇ।
ਮਨੁੱਖੀ ਸਵੈ-ਮਾਣ ਯਾਨਿ ਡਿਗਨਿਟੀ ਮੁਢਲੇ ਮਨੁੱਖੀ ਹੱਕਾਂ ਵਿਚ ਆਉਂਦੀ ਹੈ; ਪਰ ਹਕੂਮਤੀ ਜ਼ਬਰ ਨੇ ਗੁਰੂ ਸਹਿਬਾਨ ਨੂੰ ਮੱਧਕਾਲੀ ਯੁੱਗ ਵਿਚ ਹੀ ਐਸੀ ਸਥਿਤੀ ਵਿਚ ਪਾ ਦਿੱਤਾ, ਜਿੱਥੇ ਉਨ੍ਹਾਂ ਦਾ ਵਾਹ ਮਨੁੱਖੀ ਹੱਕਾਂ ਦੇ ਐਸੇ ਮੁੱਦਿਆਂ ਨਾਲ ਪਿਆ, ਜਿਨ੍ਹਾਂ ਸੰਗ ਅਸਰਦਾਰ ਢੰਗ ਨਾਲ ਨਿਪਟਣ ਜੋਗੀ ਯੂਰਪੀਅਨ (ਪੱਛਮੀ) ਮਾਨਵਵਾਦੀ ਲਹਿਰ ਆਧੁਨਿਕ ਯੁੱਗ ਵਿਚ ਹੀ ਹੋ ਸਕੀ।
ਮਾਨਵਵਾਦੀ ਲਹਿਰ ਤੇ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਦਾ ਇੱਕ ਅਹਿਮ ਅੰਗ ਹਨ-ਮਨੁੱਖੀ ਹੱਕ। ਦੂਜੇ ਸੰਸਾਰ ਯੁੱਧ ਦੇ ਅੰਤ ‘ਤੇ 1945 ‘ਚ ਹੋਂਦ ਵਿਚ ਆਈ ਵਿਸ਼ਵ ਸੰਸਥਾ ਯੁਨਾਈਟਡ ਨੇਸ਼ਨਜ਼ ਵਲੋਂ ਜਾਰੀ ਕੀਤੇ ਵਿਸ਼ਵ-ਵਿਆਪੀ ਮਨੁੱਖੀ ਹੱਕਾਂ ਦੇ ਐਲਾਨਨਾਮੇ ‘ਚ ਸ਼ਾਮਲ ਹੱਕਾਂ ਵਿਚੋਂ ਕੁਝ ਹਨ-ਜ਼ਿੰਦਗੀ ਦਾ ਹੱਕ ਅਤੇ ਆਜ਼ਾਦੀ ਤੇ ਹਿਫਾਜ਼ਤ ਵਿਚ ਜਿਉਣ ਦਾ ਹੱਕ; ਸਾਰੇ ਮਨੁੱਖ ਜਨਮ ਤੋਂ ਹੀ ਆਜ਼ਾਦ ਤੇ ਬਰਾਬਰ ਹਨ, ਤੇ ਉਹ ਬਰਾਬਰੀ ਦੇ ਸਲੂਕ ਦੇ ਹੱਕਦਾਰ ਹਨ; ਕਿਸੇ ਵੀ ਹੋਰ ਮਨੁੱਖ ਵਲੋਂ ਤਸੀਹੇ ਨਾ ਦਿੱਤੇ ਜਾਣ ਦਾ ਹੱਕ; ਕਿਸੇ ਵੀ ਮਨੁੱਖ ਦਾ ਗੁਲਾਮ ਨਾ ਬਣਨ ਦਾ ਹੱਕ; ਨਸਲਾਂ, ਵਿਚਾਰਾਂ, ਲਿੰਗ, ਕੌਮੀਅਤ, ਜਾਤ-ਪਾਤ ਆਦਿ ਦੇ ਵਖਰੇਵਿਆਂ ਦੇ ਆਧਾਰ ‘ਤੇ ਡਰਾਉਣਾ ਮਨ੍ਹਾਂ ਹੈ। ਆਧੁਨਿਕ ਯੁੱਗ ਵਿਚ ਪ੍ਰਵਾਨਿਤ ਹਰ ਮਨੁੱਖੀ ਹੱਕ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਵਿਚ ਸ਼ਾਮਲ ਹੈ।
ਗੁਰੂ ਸਾਹਿਬਾਨ ਨੇ ਆਧੁਨਿਕ ਯੁੱਗ ਵਿਚ ਪ੍ਰਵਾਨਿਤ ਮੁਢਲੇ ਮਨੁੱਖੀ ਹੱਕਾਂ ਦੇ ਪੱਖ ਵਿਚ ਸੰਘਰਸ਼ ਚਲਾਇਆ, ਪਹਿਲਾਂ ਸ਼ਾਂਤਮਈ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋ ਕੇ ਹਥਿਆਰਬੰਦ। ਮਿਸਾਲ ਵਜੋਂ, ਜਿਵੇਂ ਉਪਰ ਦੱਸਿਆ ਗਿਆ ਹੈ, ਗੁਰੂ ਨਾਨਕ ਨੇ ਬਾਬਰ ਦੇ ਹਮਲੇ ਦਾ ਵਿਰੋਧ ਕਰਦਿਆਂ ਇਨ੍ਹਾਂ ਮਨੁੱਖੀ ਹੱਕਾਂ ‘ਤੇ ਪਹਿਰਾ ਦਿੱਤਾ: ਜ਼ਿੰਦਗੀ ਦਾ ਹੱਕ ਅਤੇ ਆਜ਼ਾਦੀ ਤੇ ਹਿਫਾਜ਼ਤ ਵਿਚ ਜਿਉਣ ਦਾ ਹੱਕ, ਤੇ ਕਿਸੇ ਹੋਰ ਵਲੋਂ ਤਸੀਹੇ ਨਾ ਦਿੱਤੇ ਜਾਣ ਦਾ ਹੱਕ। ਉਨ੍ਹਾਂ ਨੇ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਤੇ ਸਮਾਜਕ ਨਿਆਂ ‘ਤੇ ਪਹਿਰਾ ਦਿੰਦਿਆਂ ਹਕੂਮਤੀ ਅਤੇ ਸਮਾਜਕ ਲੁੱਟ ਖਸੁੱਟ ਤੇ ਭ੍ਰਿਸ਼ਟਾਚਾਰ ਦਾ ਵੀ ਵਿਰੋਧ ਕੀਤਾ।
ਗੁਰੂ ਨਾਨਕ ਦੇਵ ਜੀ ਨੇ ਦੋਹਾਂ-ਮੁਗਲ ਤੇ ਪਠਾਣ ਰਾਜਿਆਂ ਦੇ ਪੱਖਪਾਤੀ ਵਤੀਰੇ, ਲੁੱਟ ਖਸੁੱਟ ਤੇ ਭ੍ਰਿਸ਼ਟਾਚਾਰ ਵਿਰੁਧ ਆਵਾਜ਼ ਉਠਾਈ,
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਭਾਵ, ਰਾਜੇ ਸ਼ੇਰ ਹਨ ਤੇ ਉਨ੍ਹਾਂ ਦੇ ਅਫਸਰ ਕੁੱਤੇ ਹਨ, ਜੋ ਬੈਠੇ-ਸੁੱਤੇ ਬੰਦਿਆਂ ਨੂੰ ਵੇਲੇ-ਕੁਵੇਲੇ ਜਾ ਜਗਾਉਂਦੇ ਹਨ, ਤੰਗ ਕਰਨ ਲਈ। ਇਹ ਕੁੱਤਿਆਂ ਦੀਆਂ ਨਹੁੰਦਰਾਂ ਲੋਕਾਂ ਦਾ ਘਾਤ ਕਰਦੀਆਂ ਹਨ, ਤੇ ਰਾਜੇ-ਸ਼ੀਂਹ ਇਨ੍ਹਾਂ ਕੁੱਤਿਆਂ ਰਾਹੀਂ ਲੋਕਾਂ ਦਾ ਲਹੂ ਪੀਂਦੇ ਹਨ।
ਅਨੁਚਿੱਤ ਟੈਕਸ ਤੇ ਰਿਸ਼ਵਤ ਬਾਰੇ ਲਿਖਿਆ,
ਦੇਵਲ ਦੇਵਤਿਆ ਕਰੁ ਲਾਗਾ
ਐਸੀ ਕੀਰਤਿ ਚਾਲੀ॥ (ਪੰਨਾ 1191)

ਦਰਸਨਿ ਦੇਖਿਐ ਦਇਆ ਨ ਹੋਇ॥
ਲਏ ਦਿਤੇ ਵਿਣੁ ਰਹੈ ਨ ਕੋਇ॥
ਰਾਜਾ ਨਿਆਉ ਕਰੇ ਹਥਿ ਹੋਇ॥
ਕਹੈ ਖੁਦਾਇ ਨ ਮਾਨੈ ਕੋਇ॥ (ਪੰਨਾ 350)
ਭਾਵ, ਮੰਦਿਰਾਂ ਤੇ ਦੇਵਤਿਆਂ ‘ਤੇ ਵੀ ਟੈਕਸ ਲੱਗਾ ਹੋਇਆ ਹੈ। ਇਕ ਦੂਜੇ ਨੂੰ ਵੇਖ ਕੇ ਪਿਆਰ ਭਾਵਨਾ ਜਾਂ ਦਇਆ ਨਹੀਂ ਆਉਂਦੀ; (ਅਫਸਰ) ਰਿਸ਼ਵਤ ਲੈਣੋਂ ਨਹੀਂ ਰਹਿੰਦਾ। ਹਾਕਮ ਵੀ ਤਾਂ ਹੀ ਇਨਸਾਫ ਕਰਦਾ ਹੈ, ਜੇ ਉਸ ਨੂੰ ਦੇਣ ਲਈ ਬੰਦੇ ਹੱਥ ਮਾਇਆ ਹੋਵੇ। ਨਿਰਾ ਪੁਰਾ ਰੱਬ ਦਾ ਵਾਸਤਾ ਪਾਏ, ਉਸ ਦੀ ਵੀ ਕੋਈ ਪੁਕਾਰ ਨਹੀਂ ਸੁਣਦਾ।
ਰਾਜ-ਪ੍ਰਬੰਧ ਵਿਚਲੇ ਅਨਿਆਂ ਤੋਂ ਇਲਾਵਾ ਗੁਰੂ ਜੀ ਨੇ ਸਮਾਜ ਦੇ ਚੌਧਰੀਆਂ ਵਲੋਂ ਲੋਕਾਂ ਨੂੰ ਵਰਤਾਏ ਜਾ ਰਹੇ ਅਨਿਆਂ ਦਾ ਵੀ ਵਿਰੋਧ ਕੀਤਾ। ਹੋਰਾਂ ਦੀ ਹੱਕੀ ਕਮਾਈ ਲੁੱਟਣ ਵਾਲੇ ਮਲਕ ਭਾਗੋਆਂ ਖਿਲਾਫ ਗੁਰੂ ਨਾਨਕ ਜੀ ਆਵਾਜ਼ ਉਠਾਉਂਦੇ ਹਨ,
ਹਕੁ ਪਰਾਇਆ ਨਾਨਕਾ
ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ
ਜਾ ਮੁਰਦਾਰੁ ਨ ਖਾਇ॥ (ਪੰਨਾ 141)
ਭਾਵ, ਪਰਾਇਆ ਹੱਕ ਮਾਰਨਾ ਜਾਂ ਖਾਣਾ ਉਂਜ ਹੀ ਬੁਰਾ ਹੈ, ਜਿਵੇਂ ਕਿਸੇ ਮੁਸਲਮਾਨ ਲਈ ਸੂਰ ਦਾ ਤੇ ਹਿੰਦੂ ਲਈ ਗਾਂ ਦਾ ਮਾਸ ਖਾਣਾ। ਇਸ ਲਈ ਗੁਰੂ ਦੀ ਸਿਫਾਰਿਸ਼ ਹੈ ਕਿ ਮਨੁੱਖ ਪਰਾਇਆ ਹੱਕ ਨਾ ਖਾਵੇ।
ਕਿਰਤੀਆਂ ਦਾ ਹੱਕ ਲੁੱਟਣ ਵਾਲੇ ਮਾਲਕਾਂ ਦੀ ਤੁਲਨਾ ਮਨੁੱਖ ਦਾ ਲਹੂ ਪੀਣਿਆਂ ਸੰਗ ਕਰਦਿਆਂ ਗੁਰੂ ਜੀ ਤਰਕ ਪੇਸ਼ ਕਰਦੇ ਨੇ ਕਿ ਜੇ ਕੱਪੜੇ ਨੂੰ ਲਹੂ ਲੱਗ ਜਾਵੇ ਤਾਂ ਉਹ ਪਲੀਤ ਹੋ ਜਾਂਦਾ ਹੈ, ਇਸੇ ਤਰ੍ਹਾਂ ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ, ਉਨ੍ਹਾਂ ਦਾ ਮਨ ਕਿਵੇਂ ਸਾਫ ਰਹਿ ਸਕਦਾ ਹੈ,
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ
ਤਿਨ ਕਿਉ ਨਿਰਮਲੁ ਚੀਤੁ॥ (ਪੰਨਾ 140)
ਗੁਰੂ ਸਾਹਿਬਾਨ ਨੇ ਧਾਰਮਿਕ ਚੌਧਰੀਆਂ ਦੀ ਲੁੱਟ ਖਸੱਟ ਦਾ ਵੀ ਵਿਰੋਧ ਕੀਤਾ। ਨਸਲਾਂ ਤੇ ਜਾਤ-ਪਾਤ ਆਦਿ ਦੇ ਵਖਰੇਵਿਆਂ ਦੇ ਆਧਾਰ ‘ਤੇ ਭੇਦਭਾਵ ਨਾ ਕਰਨਾ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਵਿਚ ਸ਼ਾਮਲ ਹੈ। ਉਸ ਸਮੇਂ ਦੇ ਸਮਾਜ ‘ਤੇ ਹਾਵੀ ਧਾਰਮਿਕ ਚੌਧਰੀ-ਕਾਜੀ ਤੇ ਬ੍ਰਾਹਮਣ ਲੋਕਾਂ ਨੂੰ ਜਾਤਾਂ-ਪਾਤਾਂ ਵੰਡ ਕੇ ਤੇ ਭਰਮ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਭਿੰਨਭੇਦ ਤੇ ਉਨ੍ਹਾਂ ਦੀ ਲੁੱਟ-ਖਸੁੱਟ ਕਰ ਰਹੇ ਸਨ। ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕ ਆਗੂਆਂ ਨੇ ਧਾਰਮਿਕ ਚੌਧਰੀਆਂ ਦਾ ਦੰਭ ਤੇ ਪਖੰਡ ਨੰਗਾ ਕਰਦਿਆਂ ਇਸ ਅਨਿਆਂ ਦਾ ਵਿਰੋਧ ਕੀਤਾ। ਮਿਸਾਲ ਵਜੋਂ ਗੁਰੂ ਨਾਨਕ ਦੇਵ ਨੇ ਫੁਰਮਾਇਆ,
ਕਾਦੀ ਕੂੜੁ ਬੋਲ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਭਾਵ, ਕਾਜ਼ੀ ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ; ਬ੍ਰਾਹਮਣ (ਸ਼ੂਦਰ) ਬੰਦਿਆਂ ਨੂੰ ਦੁਖੀ ਵੀ ਕਰਦਾ ਹੈ ਅਤੇ ਤੀਰਥ ਇਸ਼ਨਾਨ ਵੀ ਕਰਦਾ ਹੈ। ਜੀਵਨ ਜਾਚ ਨਾ ਜਾਣਨ ਵਾਲਾ ਜੋਗੀ ਵੀ ਅੰਨਾ ਹੈ। ਇਹ ਤਿੰਨੇ (ਧਾਰਮਿਕ ਆਗੂ) ਅੰਦਰੋਂ ਖੋਖਲੇ ਹਨ।
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ॥
ਜੇ ਕੋ ਪੁਛੈ ਤਾ ਪੜਿ ਸੁਣਾਏ॥ (ਪੰਨਾ 951)
ਭਾਵ, ਕਾਜ਼ੀ ਬਣ ਕੇ ਉਹ ਇਨਸਾਫ ਕਰਨ ਲਈ ਬੈਠਦਾ, ਮਾਲਾ ਫੇਰਦਾ ਹੈ ਤੇ ਅੱਲਾ ਅੱਲਾ ਆਖਦਾ ਹੈ, ਪਰ (ਦੂਜੇ ਹੱਥ) ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ।
ਪੰਜਾਬ ਦੀ ਜਾਗ੍ਰਿਤੀ ਲਹਿਰ ਦੇ ਭਗਤ ਜਨਾਂ ਨੇ ਵੀ ਸਮੇਂ ਦੇ ਜ਼ਾਲਮ ਤੇ ਲੋਟੂ ਹਾਕਮਾਂ ਅਤੇ ਧਾਰਮਿਕ ਚੌਧਰੀਆਂ ਦੇ ਜ਼ੁਲਮ, ਲੁੱਟ-ਖਸੁੱਟ, ਦੰਭ ਤੇ ਪਖੰਡ ਨੰਗੇ ਕਰ ਕੇ ਉਨ੍ਹਾਂ ਦਾ ਵਿਰੋਧ ਕੀਤਾ। ਮਿਸਾਲ ਵਜੋਂ ਭਗਤ ਨਾਮ ਦੇਵ ‘ਉਚੀਆਂ’ ਜਾਤੀਆਂ ਵਲੋਂ ‘ਨੀਵੀਂਆਂ’ ਜਾਤੀਆਂ ਦੀ ਕੀਤੀ ਜਾ ਰਹੀ ਦੁਰਗਤੀ ਵੱਲ ਇਸ਼ਾਰਾ ਕਰਦੇ ਹਨ,
ਸੂਦੁ ਸੂਦੁ ਕਰਿ ਮਾਰਿ ਉਠਾਇਓ
ਕਹਾ ਕਰਉ ਬਾਪ ਬੀਠੁਲਾ॥ (ਪੰਨਾ 1292)
ਭਾਵ, ਇਨ੍ਹਾਂ ਪਾਂਡਿਆਂ ਨੇ ‘ਸ਼ੂਦਰ ਸ਼ੂਦਰ’ ਆਖ ਕੇ ਮਾਰ-ਕੁਟਾਈ ਕਰ ਕੇ, ਮੈਨੂੰ ਉਠਾਲ ਦਿੱਤਾ ਹੈ। ਹੁਣ ਕੀ ਕਰਾਂ?
ਭਗਤ ਕਬੀਰ ਪਖੰਡ-ਜਾਲ ਵਿਚ ਫਸਾ ਕੇ ਲੋਕਾਂ ਨੂੰ ਲੁੱਟਣ ਵਾਲੇ ਹਿੰਦੂ ਧਾਰਮਿਕ ਚੌਧਰੀਆਂ ਦੀ ਤੁਲਨਾ ਬਨਾਰਸ ਦੇ ਠੱਗਾਂ ਨਾਲ ਕਰਦੇ ਹਨ,
ਗਜ ਸਾਢੇ ਤੈ ਤੈ ਧੋਤੀਆ
ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ
ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ
ਬਾਨਾਰਸਿ ਕੇ ਠਗ॥ (ਪੰਨਾ 476)
ਭਾਵ, ਉਹ ਸਾਢੇ ਤਿੰਨ ਗਜ ਲੰਮੀਆਂ ਧੋਤੀਆਂ ਪਹਿਨਦੇ ਹਨ ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਉਂਦੇ ਹਨ; ਗਲਾਂ ਵਿਚ ਮਾਲਾਵਾਂ ਹਨ ਤੇ ਹੱਥ ਵਿਚ ਲਿਸ਼ਕਦੇ ਲੋਟੇ; ਪਰ ਲੱਛਣੋਂ ਉਨ੍ਹਾਂ ਨੂੰ ਸੰਤ ਨਹੀਂ ਕਹਿਣਾ ਚਾਹੀਦਾ, ਉਹ ਤਾਂ ਬਨਾਰਸ ਦੇ ਠੱਗ ਹਨ।
ਆਧੁਨਿਕਤਾ ਦੀਆਂ ਦੋ ਹੋਰ ਕਦਰਾਂ-ਗੁਲਾਮੀ ਦਾ ਵਿਰੋਧ ਅਤੇ ਜਮਹੂਰੀਅਤ ਦੀ ਵਕਾਲਤ ਦੇ ਬੁਲਾਰੇ ਬਣ ਕੇ ਭਗਤ ਰਵਿਦਾਸ ਫੁਰਮਾਉਂਦੇ ਹਨ,
ਪਰਾਧੀਨਤਾ ਪਾਪ ਹੈ ਜਾਨ ਲੇਹੁ ਰੇ ਮੀਤ॥
ਰਵਿਦਾਸ ਦਾਸ ਪ੍ਰਾਧੀਨ ਸੋਂ ਕੌਣ ਕਰੈ ਹੈ ਪ੍ਰੀਤ॥
ਪ੍ਰਾਧੀਨ ਕੋ ਦੀਨ ਕਿਆ ਪਰਾਧੀਨ ਬੇਦੀਨ॥
ਰਵਿਦਾਸ ਦਾਸ ਪਰਾਧੀਨ ਕੋ ਸਭਹੀ ਸਮਝੇ ਹੀਨ॥
ਰਵਿਦਾਸ ਮਨੁੱਖ ਕਰਿ ਵਸਨ ਕੂੰ ਸੁਖਕਰ ਹੈਂ ਦੂਈ ਠਾਂਵ॥
ਇੱਕ ਸੁੱਖ ਹੈ ਸਵਰਾਜ ਮਂਹਿ ਦੂਸਰ ਮਰਘਟ ਗਾਂਵ॥
ਭਾਵ, ਗੁਲਾਮੀ ਪਾਪ ਹੈ। ਗੁਲਾਮ ਦਾ ਕੋਈ ਸੁੱਖ ਅਤੇ ਸਨਮਾਨ ਨਹੀਂ ਹੁੰਦਾ; ਕੋਈ ਉਸ ਨਾਲ ਪ੍ਰੇਮ ਤੇ ਭਾਈਚਾਰਾ ਨਹੀਂ ਕਰਦਾ, ਸਭ ਹੀਨ ਸਮਝਦੇ ਹਨ। ਇਸ ਲਈ ਗੁਲਾਮੀ ਨੂੰ ਗਲੋਂ ਲਾਹੁਣਾ ਚਾਹੀਦਾ ਹੈ। ਸਵਰਾਜ ‘ਚ ਹੀ ਸੁੱਖ ਹੈ।
ਇਸੇ ਤਰ੍ਹਾਂ ਸੂਫੀ ਲਹਿਰ ਨੇ ਵੀ ਇਸ ਲੇਖ ਵਿਚ ਵਿਚਾਰੀਆਂ ਗਈਆਂ ਆਧੁਨਿਕਤਾ ਦੀਆਂ ਕਈ ਕਦਰਾਂ-ਕੀਮਤਾਂ ਦੀ ਡਟ ਕੇ ਪ੍ਰੋੜਤਾ ਕੀਤੀ।
ਮੁੱਕਦੀ ਗੱਲ, ਮੱਧਕਾਲੀ ਯੁੱਗ ਵਿਚ ਚੱਲੀ ਪੰਜਾਬ ਜਾਗ੍ਰਿਤੀ ਲਹਿਰ ਨੇ ਕਈ ਕਦਰਾਂ-ਕੀਮਤਾਂ ਦੀ ਡਟ ਕੇ ਹਮਾਇਤ, ਪ੍ਰੋੜਤਾ, ਤੇ ਰਾਖੀ ਕੀਤੀ, ਜੋ ਬਾਅਦ ਵਿਚ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਬਣ ਗਈਆਂ। ਇਨ੍ਹਾਂ ਵਿਚੋ ਕੁਝ ਹਨ: ਜਾਤ-ਪਾਤ ਤੇ ਆਰਥਕ ਗਰੀਬੀ-ਅਮੀਰੀ ਦੇ ਆਧਾਰ ‘ਤੇ ਭਿੰਨਭੇਦ ਦਾ ਵਿਰੋਧ; ਰਾਜਿਆਂ ਤੇ ਧਾਰਮਿਕ ਆਗੂਆਂ ਵਲੋਂ ਲੋਕਾਂ ‘ਤੇ ਢਾਹੇ ਜ਼ੁਲਮ ਤੇ ਉਨ੍ਹਾਂ ਦੀ ਲੁੱਟ-ਖਸੁੱਟ ਦਾ ਵਿਰੋਧ, ਮਨੁੱਖੀ ਸਵੈ-ਮਾਣ ਤੇ ਨਿਆਂ ‘ਤੇ ਪਹਿਰਾ; ਜਮਹੂਰੀਅਤ ਦੀ ਵਕਾਲਤ; ਗੁਲਾਮੀ ਦਾ ਵਿਰੋਧ, ਆਦਿ। ਕਿਉਂਕਿ ਮੱਧਕਾਲੀ ਯੁੱਗ ਵਿਚ ਚੱਲੀ ਪੰਜਾਬ ਜਾਗ੍ਰਿਤੀ ਲਹਿਰ ਆਧੁਨਿਕ ਯੁੱਗ ਦੀਆਂ ਕਦਰਾਂ-ਕੀਮਤਾਂ ਦੀ ਪ੍ਰੋੜਤਾ, ਤੇ ਵਾਹ ਲੱਗਦੀ ਨੂੰ ਲਾਗੂ ਵੀ ਕਰ ਰਹੀ ਸੀ, ਇਸ ਲਈ ਅਸੀਂ ਬਿਨਾ ਸ਼ੱਕ ਇਹਨੂੰ ਅਗਾਂਹਵਧੂ, ਪ੍ਰਗਤੀਸ਼ੀਲ ਜਾਂ ਭਵਿੱਖਮੁਖੀ ਲਹਿਰ ਕਹਿ ਸਕਦੇ ਹਾਂ। ਆਧੁਨਿਕ ਯੁੱਗ ਦੀ ਇੱਕ ਅਹਿਮ ਕਦਰ, ਗਿਆਨ ਦੇ ਨਾਲ ਵਿਗਿਆਨ ਤੇ ਵਿਗਿਆਨਕ ਸੋਚ ਵੀ ਆਉਂਦੀ ਹੈ। ਪੰਜਾਬ ਜਾਗ੍ਰਿਤੀ ਲਹਿਰ ਵਿਚ ਵਿਗਿਆਨ ਤੇ ਵਿਗਿਆਨਕ ਸੋਚ ਇੱਕ ਅਲੱਗ ਲੇਖ ਦਾ ਵਿਸ਼ਾ ਹੈ।
(ਚਲਦਾ)

ਪ੍ਰੋਫੈਸਰ ਫਿਜ਼ਿਕਸ ਅਤੇ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਟੀ, ਯੂ. ਐਸ਼ ਏ.।