ਗੁਰੂ, ਸੰਤ, ਭਗਤ ਤੇ ਬ੍ਰਹਮਗਿਆਨੀ

ਸੁਖਦੇਵ ਸਿੰਘ
ਫੋਨ: 91-70091-79107
ਗੁਰੂ, ਸੰਤ, ਭਗਤ ਤੇ ਬ੍ਰਹਮਗਿਆਨੀ ਸ਼ਬਦਾਂ ਤੋਂ ਇਲਾਵਾ ਸਾਧੂ, ਗੋਬਿੰਦ, ਰਾਮ ਅਤੇ ਹਰੀ ਆਦਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵਾਰ ਵਾਰ ਆਏ ਹਨ, ਜਿਸ ਕਾਰਨ ਇਨ੍ਹਾਂ ਦੀ ਮਹੱਤਤਾ ਵੀ ਖਾਸ ਹੈ। ਅਸੀਂ ਇਨ੍ਹਾਂ ਸਾਰੇ ਸ਼ਬਦਾਂ ਨੂੰ ਵਿਅਕਤੀ ਰੂਪ ਵਿਚ ਲੈਂਦੇ ਹਾਂ ਜਾਂ ਦੇਖਦੇ ਹਾਂ। ਇਹ ਸ਼ਬਦ ਵਿਅਕਤੀ ਵਾਚਕ ਨਹੀਂ, ਸਗੋਂ ਗੁਣ ਵਾਚਕ ਹਨ।

ਬਾਬੇ ਨਾਨਕ ਨੂੰ ਉਨ੍ਹਾਂ ਦੀਆਂ ਉਦਾਸੀਆਂ ਦੌਰਾਨ ਜਦ ਪੰਡਿਤਾਂ ਤੇ ਮੌਲਵੀਆਂ ਨੇ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਜਵਾਬ ਸੀ, ‘ਸ਼ਬਦ ਗੁਰੂ’, ਜਿਸ ਦਾ ਭਾਵ ਹੈ, ਗਿਆਨ ਗੁਰੂ। ਬਾਬੇ ਨਾਨਕ ਦੀ ਬਾਣੀ ਵਿਚ ਵੀ ਬਹੁਤ ਵਾਰ ‘ਗੁਰੂ’ ਸ਼ਬਦ ਵਰਤਿਆ ਗਿਆ ਹੈ ਤਾਂ ਸਾਫ ਜਾਹਰ ਹੋ ਜਾਂਦਾ ਹੈ ਕਿ ਇਹ ਗਿਆਨ ਬਾਰੇ ਵਰਤਿਆ ਗਿਆ ਹੈ। ਅਗਲੇ ਚਾਰ ਗੁਰੂਆਂ ਦੀ ਬਾਣੀ ਵੀ ਗੁਰੂ ਨਾਨਕ ਦੇਵ ਦੇ ਨਾਂ ਹੇਠ ਹੀ ਦਰਜ ਹੈ। ਸੋ, ਕੁਦਰਤੀ ਹੈ ਕਿ ਉਥੇ ਵੀ ਗੁਰੂ ਸ਼ਬਦ ਗਿਆਨ ਦੀ ਥਾਂ ਹੀ ਵਰਤਿਆ ਗਿਆ ਹੈ। ਗੁਰੂਆਂ ਤੋਂ ਪਹਿਲਾਂ ਹੋਰ ਭਗਤਾਂ ਤੇ ਮਹਾਂਪੁਰਸ਼ਾਂ ਦੀ ਬਾਣੀ ‘ਤੇ ਵੀ ਇਹੋ ਗੱਲ ਲਾਗੂ ਹੈ।
ਗੁਰੂ ਗੋਬਿੰਦ ਸਿੰਘ ਨੇ ਤਾਂ ਇਸ ਬਾਰੇ ਸਾਰੇ ਸ਼ੰਕੇ ਹੀ ਮਿਟਾ ਦਿੱਤੇ, ਜਦ ਉਨ੍ਹਾਂ ਨੇ ਹੁਕਮ ਕਰ ਦਿੱਤਾ ਕਿ ਅੱਗੋਂ ਲਈ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਹੋਵੇਗਾ। ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਆਤਮਕ ਗਿਆਨ ਦਾ ਭੰਡਾਰ ਹੈ। ਇਸ ਪਾਸੋਂ ਹਰ ਵਿਅਕਤੀ ਦੀ ਲੋੜ ਜਾਂ ਇੱਛਾ ਪੂਰੀ ਕਰਦਾ ਆਤਮਕ ਗਿਆਨ ਲਿਆ ਜਾ ਸਕਦਾ ਹੈ। ਸਮਾਜਕ ਜ਼ਿੰਦਗੀ ਵਿਚ ਵੀ ਗੁਰੂ ਵਿਅਕਤੀ ਨਹੀਂ ਹੁੰਦਾ ਜਿਵੇਂ ਕਿ ਵਿਦਿਆਰਥੀ ਦਾ ਟੀਚਰ ਗੁਰੂ ਹੈ। ਸਰੀਰ ਕਰਕੇ ਟੀਚਰ ਗੁਰੂ ਨਹੀਂ ਹੁੰਦਾ, ਸਗੋਂ ਗਿਆਨ ਪੱਖੋਂ ਗੁਰੂ ਹੁੰਦਾ ਹੈ।
ਸੁਖਮਨੀ ਸਾਹਿਬ ਵਿਚ ਲਿਖਿਆ ਹੈ, “ਸੰਤ ਸੰਗਿ ਅੰਤਰਿ ਪ੍ਰਭੂ ਡੀਠਾ॥ ਨਾਮੁ ਪ੍ਰਭੂ ਕਾ ਲਾਗਾ ਮੀਠਾ॥” ਇੱਥੇ ਜੇ ਅਸੀਂ ਸੰਤ ਸ਼ਬਦ ਨੂੰ ਵਿਅਕਤੀ ਰੂਪ ਵਿਚ ਲੈਂਦੇ ਹਾਂ ਤਾਂ ਅਸੀਂ ਦੂਜੇ ਵਿਅਕਤੀ ਨੂੰ ਆਪਣੇ ਅੰਦਰ ਕਿਵੇਂ ਲੈ ਕੇ ਜਾਵਾਂਗੇ, ਫਿਰ ਪ੍ਰਭੂ ਨੂੰ ਅੰਦਰੋਂ ਕਿਵੇਂ ਦੇਖਾਂਗੇ। ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਇੱਕ ਗੱਲ ਨੂੰ ਪੱਕੇ ਤੌਰ ‘ਤੇ ਗੰਢ ਬੰਨ ਲਵੋ ਕਿ ਜੋ ਵੀ ਸ਼ਬਦ ਜਾਂ ਜੋ ਵੀ ਤੁਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸ ਬਾਰੇ ਕੋਈ ਕਿੰਤੂ ਦੀ ਗੁੰਜਾਇਸ਼ ਨਹੀਂ ਹੈ, ਉਹ ਹਰ ਤਰ੍ਹਾਂ ਨਾਲ ਸਹੀ ਤੇ ਠੀਕ ਹੈ। ਜੇ ਕਿਤੇ ਫਰਕ ਮਹਿਸੂਸ ਹੁੰਦਾ ਹੈ ਤਾਂ ਗਲਤੀ ਸਾਡੇ ਵਲੋਂ ਕੱਢੇ ਗਏ ਅਰਥਾਂ ਵਿਚ ਹੋ ਸਕਦੀ ਹੈ। ਇੱਥੇ ਅਸੀਂ ਸੰਤ ਭਾਵ ਵਿਅਕਤੀ ਨਾਲ ਅੰਦਰ ਨਹੀਂ ਜਾਣਾ, ਸਗੋਂ ਗਿਆਨ ਭਾਵ ਰੱਬੀ ਗੁਣਾਂ ਨਾਲ ਅੰਦਰ ਜਾਣਾ ਹੈ। ਰੱਬੀ ਗੁਣਾਂ ਦੇ ਗਿਆਨ ਨਾਲ ਹੀ ਅੰਦਰ ਪਰਮਾਤਮਾ ਰੂਪ ਆਤਮਾ ਨੂੰ ਮਿਲਿਆ ਜਾ ਸਕਦਾ ਹੈ।
ਸੁਖਮਨੀ ਸਾਹਿਬ ਵਿਚ ਹੀ ਲਿਖਿਆ ਹੈ, “ਗੁਰ ਕੀ ਮਤਿ ਤੂੰ ਲਹਿ ਇਆਨੇ॥ ਭਗਤਿ ਬਿਨਾਂ ਬਹੁ ਡੂਬੇ ਸਿਆਨੇ॥” ਜੇ ਭਗਤ ਵਿਅਕਤੀ ਹੈ ਤਾਂ ਉਹ ਡੁੱਬਣ ਤੋਂ ਕਿਵੇਂ ਬਚਾਏਗਾ। ਡੁੱਬਣ ਤੋਂ ਬਚਾਉਣ ਲਈ ਤਾਂ ਕਿਸੇ ਤੈਰਾਕ ਦੀ ਲੋੜ ਹੈ। ਨਾਲੇ ਇੱਥੇ ਡੁੱਬਣ ਤੋਂ ਭਾਵ ਪਾਣੀ ਵਿਚ ਡੁੱਬਣਾ ਨਹੀਂ ਹੈ, ਜ਼ਿੰਦਗੀ ਦੇ ਸਮੁੰਦਰ ਨੂੰ ਤੈਰਨ ਦੀ ਗੱਲ ਹੋ ਰਹੀ ਹੈ। ਜ਼ਿੰਦਗੀ ਦੇ ਸਮੁੰਦਰ ਨੂੰ ਤੈਰ ਕੇ ਪਾਰ ਨਹੀਂ ਕੀਤਾ ਜਾ ਸਕਦਾ, ਸਗੋਂ ਪਾਰ ਜਾਣ ਲਈ ਰੱਬੀ ਗੁਣਾਂ ਦੇ ਗਿਆਨ ਤੇ ਉਨ੍ਹਾਂ ਗੁਣਾਂ ਦੀ ਕਮਾਈ ਦੀ ਲੋੜ ਹੈ। ਰੱਬੀ ਗੁਣਾਂ ‘ਤੇ ਚੱਲ ਕੇ ਗੁਜ਼ਾਰੀ ਜ਼ਿੰਦਗੀ ਸਾਰਥਕ ਹੈ ਤੇ ਬਿਨਾ ਗੁਣਾਂ ਤੋਂ ਗੁਜ਼ਾਰੀ ਜ਼ਿੰਦਗੀ ਡੁੱਬਣ ਦੇ ਬਰਾਬਰ ਹੀ ਹੈ।
“ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ॥” ਵੀ ਸੁਖਮਨੀ ਸਾਹਿਬ ਵਿਚ ਅੰਕਿਤ ਹੈ। ਜੇ ਬ੍ਰਹਮ ਗਿਆਨੀ ਇੱਕ ਵਿਅਕਤੀ ਹੈ ਤਾਂ ਫਿਰ ਉਸ ਨੂੰ ਮਰਨਾ ਨਹੀਂ ਚਾਹੀਦਾ, ਪਰ ਇਸ ਸੰਸਾਰ ‘ਤੇ ਜੋ ਵੀ ਆਇਆ ਹੈ, ਸਭ ਨੂੰ ਜਾਣਾ ਪਿਆ ਹੈ। ਇਹ ਇਕ ਅਟੱਲ ਸੱਚਾਈ ਹੈ। ਨਾ ਹੀ ਸਾਡੇ ਗੁਰੂ ਇਥੇ ਬੈਠੇ ਹਨ ਅਤੇ ਨਾ ਹੀ ਸ੍ਰੀ ਰਾਮ ਤੇ ਕ੍ਰਿਸ਼ਨ ਜੀ ਆਦਿ ਇੱਥੇ ਬੈਠੇ ਹਨ। ਇਹ ਤੁਕ ਗਲਤ ਨਹੀਂ ਹੈ, ਸਗੋਂ ਸਾਡੇ ਸਮਝਣ ਵਿਚ ਭੁੱਲ ਹੈ। ਜਦ ਅਸੀਂ ਬ੍ਰਹਮ ਗਿਆਨੀ ਨੂੰ ਵਿਅਕਤੀ ਰੂਪ ਵਿਚ ਲਵਾਂਗੇ ਤਾਂ ਇਸ ਦਾ ਭਾਵ ਇਹੀ ਨਿਕਲੇਗਾ, ਜੋ ਗਲਤ ਹੈ। ਜਦ ਅਸੀਂ ਇਸ ਨੂੰ ਗੁਣਾਂ (ਰੱਬੀ ਗੁਣਾਂ) ਵਜੋਂ ਦੇਖਾਂਗੇ, ਰੱਬੀ ਉਪਦੇਸ਼ਾਂ ਵਜੋਂ ਦੇਖਾਂਗੇ ਤਾਂ ਅਰਥ ਠੀਕ ਲੱਗਣ ਲੱਗ ਜਾਵੇਗਾ, ਕਿਉਂਕਿ ਉਨ੍ਹਾਂ ਦੇ ਉਪਦੇਸ਼ ਅੱਜ ਵੀ ਸਾਰਥਕ ਹਨ ਤੇ ਕੱਲ ਨੂੰ ਵੀ ਸਾਰਥਕ ਹੀ ਰਹਿਣਗੇ। ਉਹ ਅੱਜ ਵੀ ਜਿਉਂਦੇ ਸਮਝੇ ਜਾਂਦੇ ਹਨ ਤੇ ਕੱਲ ਨੂੰ ਵੀ ਜਿਉਂਦੇ ਸਮਝੇ ਜਾਣਗੇ।
ਹੁਣ ਅਸੀਂ ਇਹ ਵਿਚਾਰਾਂਗੇ ਕਿ ਅਸੀਂ ਇਨ੍ਹਾਂ ਸ਼ਬਦਾਂ ਨੂੰ ਵਿਅਕਤੀ ਰੂਪ ਵਿਚ ਕਿਉਂ ਲੈਣ ਲੱਗ ਪਏ, ਗੁਣ ਵਾਚਕ ਕਿਉਂ ਨਹੀਂ? ਅਸੀਂ ਹਰ ਗੱਲ ਦਾ ਹੱਲ ਬਿਨਾ ਕਿਸੇ ਮਿਹਨਤ ਜਾਂ ਤਰੱਦਦ ਚਾਹੁੰਦੇ ਹਾਂ ਤੇ ਚਾਹੁੰਦੇ ਵੀ ਫੌਰਨ ਹਾਂ। ਜਦ ਅਸੀਂ ਗੁਰੂ, ਸੰਤ, ਭਗਤ ਆਦਿ ਨੂੰ ਵਿਅਕਤੀ ਮੰਨ ਲੈਂਦੇ ਹਾਂ ਤਾਂ ਸਾਡੇ ਕੋਲ ਬਹੁਤ ਹੀ ਵਧੀਆ ਤੇ ਅਸਾਨ ਤਰੀਕਾ ਆ ਜਾਂਦਾ ਹੈ। ਉਹ ਹੈ, ਉਸ ਵਿਅਕਤੀ ਦੇ ਪੈਰ ਫੜਨਾ ਤੇ ਉਸ ਨੂੰ ਮੱਥਾ ਟੇਕ ਦੇਣਾ। ਮੱਥਾ ਜਿੰਨੀ ਵਾਰ ਕਹੇ, ਟੇਕਣ ਦਾ ਕੋਈ ਪ੍ਰਹੇਜ ਨਹੀਂ ਹੈ, ਪਰ ਜਦ ਅਸੀਂ ਇਨ੍ਹਾਂ ਸ਼ਬਦਾਂ ਨੂੰ ਗੁਣ ਵਾਚਕ ਲਵਾਂਗੇ ਤਾਂ ਫਿਰ ਮੱਥਾ ਨਹੀਂ ਟੇਕਿਆ ਜਾ ਸਕੇਗਾ। ਗੁਣਾਂ ਨੂੰ ਤਾਂ ਧਾਰਨਾ ਪਵੇਗਾ, ਕਮਾਉਣਾ ਪਵੇਗਾ, ਜਿਸ ਲਈ ਮਿਹਨਤ ਤੇ ਵਕਤ ਦੀ ਲੋੜ ਹੈ। ਵੱਡੀ ਗੱਲ, ਉਸ ਲਈ ਜਿਉਣ ਦਾ ਤੌਰ ਤਰੀਕਾ ਬਦਲਨਾ ਪਵੇਗਾ। ਇਸ ਸਭ ਕੁਝ ਲਈ ਸਾਡੇ ਵਿਚੋਂ ਬਹੁਤੇ ਤਿਆਰ ਨਹੀਂ ਹਨ। ਉਨ੍ਹਾਂ ਨੂੰ ਮੱਥਾ ਟੇਕਣਾ ਹੀ ਚੰਗਾ ਲੱਗੇਗਾ। ਪ੍ਰਾਪਤੀ ਹੋਵੇ ਜਾਂ ਨਾ, ਇਸ ਗੱਲ ਦਾ ਕੋਈ ਮਤਲਬ ਨਹੀਂ ਹੈ!