ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-10

ਅਭਿਨਵ ਭਾਰਤ
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਐਤਕੀਂ ‘ਅਭਿਨਵ ਭਾਰਤ’ ਬਾਰੇ ਪੁਣਛਾਣ ਕੀਤੀ ਜਾ ਰਹੀ ਹੈ, ਜਿਸ ‘ਤੇ ਦੋਸ਼ ਹੈ ਕਿ ਇਸ ਦੀ ਅਗਵਾਈ ਵਿਚ ਕਈ ਥਾਂਈਂ ਬੰਬ ਧਮਾਕੇ ਕੀਤੇ ਗਏ ਸਨ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਪੁਜਾਰੀ ਮੰਤਰ ਪੜ੍ਹ ਰਿਹਾ ਸੀ ਅਤੇ ਵਿਨਾਇਕ ਦਮੋਦਰ ਸਾਵਰਕਰ ਦੀ ਭਤੀਜ-ਨੂੰਹ ਤੇ ਨੱਥੂਰਾਮ ਗੋਡਸੇ ਦੀ ਭਤੀਜੀ ਹਿਮਾਨੀ ਸਾਵਰਕਰ ਦੀ ਮ੍ਰਿਤਕ ਦੇਹ ਦੁਆਲੇ ਅਫਸੋਸ ਕਰਨ ਵਾਲਿਆਂ ਦਾ ਝੁਰਮਟ ਖਾਮੋਸ਼ ਸੁਣ ਰਿਹਾ ਸੀ। ਇਸ ਔਰਤ ਦਾ ਪੁੱਤਰ ਸੱਤਿਅਕੀ ਸਾਵਰਕਰ ਪੁਜਾਰੀ ਦੇ ਪਿੱਛੇ-ਪਿੱਛੇ ਬੋਲ ਰਿਹਾ ਸੀ। ਇਹ 12 ਅਕਤੂਬਰ 2015 ਦੀ ਸਵੇਰ ਸੀ ਅਤੇ ਰਾਤ ਭਰ ਮੀਂਹ ਪੈਣ ਪਿਛੋਂ ਸਵੇਰੇ-ਸਵੇਰੇ ਲਿਸ਼ਕਾਂ ਮਾਰਦਾ ਸੂਰਜ ਚੜ੍ਹਿਆ ਸੀ। ਰਸਮਾਂ ਮੁੱਕਣ ‘ਤੇ ਸਰੀਰ ਸਸਕਾਰ ਲਈ ਬਿਜਲ-ਭੱਠੀ ਵਿਚ ਰੱਖ ਦਿੱਤਾ ਗਿਆ, ਮੰਤਰਾਂ ਦਾ ਉਚਾਰਨ ਜਾਰੀ ਸੀ। ਜਲ ਰਹੇ ਮੁਸ਼ਕ-ਕਫੂਰ ਦੀ ਸੁਗੰਧ ਹਵਾ ਵਿਚ ਫੈਲ ਰਹੀ ਸੀ। ਫਿਰ ਪੁਜਾਰੀ ਨੇ ਲੋਹੇ ਦਾ ਸ਼ਟਰ ਹੇਠਾਂ ਸੁੱਟਿਆ ਅਤੇ ਸੇਤੀ ਅੱਕੀ ਦੀ ਦੇਹ ਨੂੰ ਬਾਹਰ ਪੂਨੇ ਦੀ ਵੈਕੁੰਠ ਬਿਜਲਈ ਸ਼ਮਸ਼ਾਨਘਾਟ ਦੇ ਵਿਚਕਾਰਲੇ ਚੈਂਬਰ ਵਿਚ ਲਿਜਾਇਆ ਗਿਆ। ਨਾਲ ਜਾਣ ਵਾਲੇ ਬਹੁਤੇ ਹਿੰਦੂਤਵੀ ਜਥੇਬੰਦੀ ਅਭਿਨਵ ਭਾਰਤ ਦੇ ਮੈਂਬਰ ਸਨ। ਇਹ ਉਹੀ ਜਥੇਬੰਦੀ ਹੈ, ਜਿਸ ਨੂੰ ਬਹੁਤ ਸਾਰੀਆਂ ਦਹਿਸ਼ਤੀ ਕਾਰਵਾਈਆਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਫਸੋਸ ਪ੍ਰਗਟਾਉਣ ਆਏ ਲੋਕ ਚੁੱਪ-ਚੁਪੀਤੇ ਖਿੰਡਣੇ ਸ਼ੁਰੂ ਹੋ ਗਏ। ਹਿਮਾਨੀ ਦੀ ਮੌਤ ਨੇ ਦੋ ਇਤਿਹਾਸਕ ਸ਼ਖਸਾਂ ਅਤੇ ਉਨ੍ਹਾਂ ਵਿਚਾਲੇ ਚਲਿਆ ਆ ਰਿਹਾ ਸਜਿੰਦ ਰਿਸ਼ਤਾ ਖਤਮ ਕਰ ਦਿੱਤਾ ਸੀ, ਜੋ ਉਨ੍ਹਾਂ ਲਈ ਆਦਰਸ਼ ਤੇ ਪ੍ਰੇਰਨਾ ਸਰੋਤ ਬਣੇ ਹੋਏ ਹਨ।
ਹਿਮਾਨੀ ਸਾਵਰਕਰ, ਗੋਪਾਲ ਗੋਡਸੇ ਦੀ ਧੀ ਸੀ, ਜੋ ਨੱਥੂਰਾਮ ਗੋਡਸੇ ਦਾ ਛੋਟਾ ਭਰਾ ਸੀ। ਨੱਥੂਰਾਮ ਗੋਡਸੇ ਉਹ ਹਿੰਦੂ ਜਨੂਨੀ ਸੀ, ਜਿਸ ਨੇ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਸੀ ਅਤੇ ਜਿਸ ਨੂੰ ਉਸ ਦੇ ਇਕ ਹੋਰ ਸਾਥੀ ਨਰਾਇਣ ਆਪਟੇ ਸਮੇਤ 15 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਨਾਲ ਸਾਜ਼ਿਸ਼ ਵਿਚ ਸ਼ਾਮਲ ਗੋਪਾਲ ਗੋਡਸੇ ਨੂੰ ਕੈਦ ਦੀ ਸਜ਼ਾ ਦਿੱਤੀ ਗਈ ਸੀ।
ਹਿਮਾਨੀ ਉਦੋਂ ਇਕ ਸਾਲ ਤੋਂ ਵੀ ਘੱਟ ਉਮਰ ਦੀ ਸੀ, ਜਦੋਂ ਉਸ ਦੇ ਪਿਤਾ ਨੂੰ ਉਨ੍ਹਾਂ ਦੇ ਪੂਨੇ ਵਿਚਲੇ ਘਰ ਤੋਂ ਫੜ ਕੇ ਲੈ ਗਏ ਸਨ ਅਤੇ 18 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ। 1964 ਵਿਚ ਗੋਪਾਲ ਜੇਲ੍ਹ ਤੋਂ ਰਿਹਾ ਹੋਇਆ, ਪਰ ਉਸ ਨੂੰ ਮੁੜ ‘ਡਿਫੈਂਸ ਆਫ ਇੰਡੀਆ ਐਕਟ’ ਤਹਿਤ ਗ੍ਰਿਫਤਾਰ ਕਰ ਕੇ ਇਕ ਹੋਰ ਸਾਲ ਜੇਲ੍ਹ ਵਿਚ ਰੱਖਿਆ ਗਿਆ।
ਹਿਮਾਨੀ ਨੇ ਗੋਡਸੇ ਅਤੇ ਸਾਵਰਕਰ ਦੇ ਸਾਂਝੇ ਵਿਰਸੇ ਦਾ ਚਿੰਨ੍ਹ ਨਹੀਂ ਸੀ ਬਣਨਾ, ਜੇ ਉਸ ਦਾ ਵਿਆਹ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਦੇ ਆਗੂ ਅਤੇ ਹਿੰਦੂਤਵ ਵਿਚਾਰਧਾਰਾ ਦੇ ਮੋਢੀ ਵੀ. ਡੀ. ਸਾਵਰਕਰ ਦੇ ਛੋਟੇ ਭਰਾ ਨਰਾਇਣ ਸਾਵਰਕਰ ਦੇ ਪੁੱਤਰ ਨਾਲ ਨਾ ਹੋਇਆ ਹੁੰਦਾ। ਗੋਡਸੇ ਨਾਲ ਸਾਵਰਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਵੀ ਮਹਾਤਮਾ ਗਾਂਧੀ ਕਤਲ ਕੇਸ ਵਿਚ ਤਫਤੀਸ਼ ਕੀਤੀ ਗਈ ਸੀ। ਸਬੂਤ ਨਾ ਮਿਲਣ ਕਾਰਨ 10 ਫਰਵਰੀ 1949 ਨੂੰ ਉਸ ਖਿਲਾਫ ਕੇਸ ਖਤਮ ਕਰ ਦਿੱਤਾ ਗਿਆ, ਜਿਨ੍ਹਾਂ ਤੋਂ ਵਾਅਦਾ ਮੁਆਫ ਗਵਾਹ ਦੀ ਗਵਾਹੀ ਦੀ ਪੁਸ਼ਟੀ ਹੋ ਸਕਦੀ ਹੁੰਦੀ। ਪਿਛੋਂ 1965 ਵਿਚ ਮਹਾਤਮਾ ਗਾਂਧੀ ਕਤਲ ਸਾਜ਼ਿਸ਼ ਕੇਸ ਦੀ ਪੜਤਾਲ ਲਈ ਬਣੇ ਜਸਟਿਸ ਜੀਵਨ ਲਾਲ ਕਪੂਰ ਕਮਿਸ਼ਨ ਦੀ ਰਿਪੋਰਟ ਵਿਚ ਉਸ ਨੂੰ ਵੀ ਸਾਜ਼ਿਸ਼ ਦਾ ਦੋਸ਼ੀ ਮੰਨਿਆ ਗਿਆ। ਰਿਪੋਰਟ ਅਨੁਸਾਰ “ਇਨ੍ਹਾਂ ਸਾਰੇ ਤੱਥਾਂ ਨੂੰ ਸਮੁੱਚਤਾ ਵਿਚ ਦੇਖਦਿਆਂ ਸਾਵਰਕਰ ਅਤੇ ਉਸ ਦੇ ਗੁੱਟ ਦੀ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਸਾਬਤ ਹੁੰਦੀ ਹੈ ਅਤੇ ਇਸ ਤੋਂ ਬਿਨਾ ਬਾਕੀ ਥਿਊਰੀਆਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।”
ਇਹ ਉਸ ਦਾ ਸਿਆਸੀ ਕੰਮ ਨਹੀਂ ਸਗੋਂ ਹਿਮਾਨੀ ਦੀ ਦੂਹਰੀ ਵਿਰਾਸਤ ਸੀ, ਜਿਸ ਨੇ ਉਸ ਨੂੰ ਮਹਾਰਾਸ਼ਟਰ ਦੀ ਇਕ ਨਿੱਕੀ ਜਿਹੀ ਪਰ ਬਹੁਤ ਸਮਰਪਿਤ, ਸਾਵਰਕਰਵਾਦੀ ਟੋਲੀ ਨਾਲ ਜੋੜੀ ਰੱਖਿਆ। ਪਹਿਲਾਂ ਹਿੰਦੂ ਮਹਾਂ ਸਭਾ ਨਾਲ ਅਤੇ ਬਾਅਦ ਵਿਚ 2006 ਵਿਚ ਮੁੜ ਸੁਰਜੀਤ ਕੀਤੇ ‘ਅਭਿਨਵ ਭਾਰਤ’ ਨਾਲ। ਉਹ ਕਿੱਤੇ ਵਜੋਂ ਇਮਾਰਤਸਾਜ਼ ਸੀ, ਜੋ ਸੰਨ 2000 ਵਿਚ ਨੌਕਰੀ ਛੱਡਣ ਪਿਛੋਂ ਸਿਆਸਤ ਵਿਚ ਸਰਗਰਮ ਹੋਈ। ਉਹ ਮੁੰਬਈ ਤੋਂ ਪੂਨੇ ਆ ਗਈ। ਨੌਕਰੀ ਛੱਡ ਕੇ ਹਿੰਦੂ ਮਹਾਂ ਸਭਾ ਦਾ ਚਿੰਨ੍ਹ ਬਣਨ ਤੋਂ ਚਾਰ ਸਾਲ ਬਾਅਦ ਇੰਟਰਵਿਊ ਵਿਚ ਉਸ ਨੇ ਖੁਲਾਸਾ ਕੀਤਾ, “ਮੈਂ 1974 ਤੋਂ ਲੈ ਕੇ 2000 ਤੱਕ ਆਪਣੇ ਕਿੱਤੇ ਵਿਚ ਲੱਗੀ ਰਹੀ। ਸੰਨ 2000 ਵਿਚ ਕਿੱਤਾ ਛੱਡ ਦਿੱਤਾ। ਮੇਰੇ ਕੋਲ ਵੀਰ ਸਾਵਰਕਰ ਦੀਆਂ ਸਾਰੀਆਂ ਲਿਖਤਾਂ ਦਾ ਕਾਪੀ ਰਾਈਟ ਸੀ, ਮੈਂ ਹੀ ਉਸ ਦੇ ਵਿਰਸੇ ਦੀ ਚਿੰਨ੍ਹ ਸੀ। ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਉਸ ਵੱਲ ਧਿਆਨ ਦੇਵਾਂ।”
ਹਿੰਦੂ ਮਹਾਂ ਸਭਾ ਦੇ ਪੱਲੇ ਹਿਮਾਨੀ ਦੀ ਮਦਦ ਕਰਨ ਲਈ ਬਹੁਤਾ ਕੁਝ ਨਹੀਂ ਸੀ। ਉਸ ਨੇ 2004 ਦੀ ਵਿਧਾਨ ਸਭਾ ਚੋਣ ਪੂਨੇ ਦੀ ਕਸਬਾ ਪੇਠ ਸੀਟ ਤੋਂ ਅਤੇ 2009 ਦੀ ਚੋਣ ਜਿਲੇ ਦੇ ਕੋਥਰਡ ਹਲਕੇ ਤੋਂ ਲੜੀ। ਦੋਨੋਂ ਵਾਰ ਵੋਟਰਾਂ ਨੇ ਉਸ ਨੂੰ ਮੂੰਹ ਨਾ ਲਾਇਆ। 2004 ਵਿਚ ਉਸ ਨੂੰ ਮਹਿਜ਼ 1000 ਤੋਂ ਕੁਝ ਵੱਧ ਵੋਟਾਂ ਹੀ ਮਿਲੀਆਂ ਅਤੇ 2009 ਵਿਚ ਸਿਰਫ 684 ਵੋਟਾਂ। ਜਿਸ ਵਕਤ ਉਹ ਸਿਆਸਤ ਵਿਚ ਆਈ, ਪੂਨੇ ਵਿਚ ਕਾਫੀ ਕੁਝ ਬਦਲ ਚੁਕਾ ਸੀ। ਇਹ ਖੇਤਰ ਭਾਵੇਂ ਹਿੰਦੂਤਵੀ ਤਾਕਤਾਂ ਦਾ ਗੜ੍ਹ ਸੀ, ਪਰ ਸ਼ਹਿਰ ਵਿਚ ਹਿੰਦੂ ਮਹਾਂ ਸਭਾ ਦਾ ਜੋ ਰਸੂਖ ਸੀ, ਉਹ ਖਤਮ ਹੋ ਚੁਕਾ ਸੀ। ਆਰ. ਐਸ਼ ਐਸ਼ ਦੀਆਂ ਸ਼ਾਖਾਵਾਂ ਦਾ ਇਸ ਖੇਤਰ ਵਿਚ ਸੰਘਣਾ ਜਾਲ ਫੈਲਿਆ ਹੋਇਆ ਹੈ ਅਤੇ ਸਿੰਧੀਆਂ (ਜੋ ਮੌਜੂਦਾ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਹਿਜਰਤ ਕਰਕੇ ਆਏ ਲੋਕ ਹਨ) ਦੀ ਭਰਪੂਰ ਹਮਾਇਤ ਦੀ ਬਦੌਲਤ ਸੰਘ ਦਾ ਇਸ ਖੇਤਰ ‘ਤੇ ਮੁਕੰਮਲ ਕਬਜ਼ਾ ਹੈ। ਮਹਾਰਾਸ਼ਟਰੀ ਬ੍ਰਾਹਮਣਾਂ ਦੀ ਬਹੁਗਿਣਤੀ, ਜੋ ਕਿਸੇ ਵੇਲੇ ਹਿੰਦੂ ਮਹਾਂ ਸਭਾ ਦਾ ਹਮਾਇਤੀ ਆਧਾਰ ਸੀ, ਉਹ ਹੁਣ ਪੂਨੇ ਵਿਚ ਆਰ. ਐਸ਼ ਐਸ਼ ਦੀ ਰੀੜ੍ਹ ਦੀ ਹੱਡੀ ਸਨ।
ਇਸ ਦੇ ਬਾਵਜੂਦ ਹਿਮਾਨੀ ਨੂੰ ਇਤਿਹਾਸ ਵਲੋਂ ਉਸ ਨੂੰ ਸੌਂਪੀ ਜ਼ਿੰਮੇਵਾਰੀ ਦਾ ਡੂੰਘਾ ਅਹਿਸਾਸ ਸੀ। 2008 ਵਿਚ ਜਦੋਂ ਉਸ ਨੂੰ ‘ਅਭਿਨਵ ਭਾਰਤ’ ਦੀ ਮੁਖੀ ਬਣਨ ਦਾ ਮੌਕਾ ਮਿਲਿਆ ਤਾਂ ਉਸ ਨੇ ਇਹ ਪੇਸ਼ਕਸ਼ ਚਾਈਂ-ਚਾਈਂ ਕਬੂਲ ਕਰ ਲਈ। ਦਰਅਸਲ ਇਸ ਨਾਲ ਉਸ ਨੂੰ ਆਪਣੀ ਭੂਮਿਕਾ ਖੁੱਲ੍ਹ ਕੇ ਨਿਭਾਉਣ ਦਾ ਮੌਕਾ ਮਿਲ ਗਿਆ। ਜਦੋਂ ਮਾਲੇਗਾਓਂ ਬੰਬ ਕਾਂਡ ਵਿਚ ਅਭਿਨਵ ਭਾਰਤ ਦੇ ਕਾਰਕੁਨਾਂ ਦੀ ਭੂਮਿਕਾ ਜੱਗ ਜਾਹਰ ਹੋ ਗਈ ਤਾਂ ਹਿਮਾਨੀ ਸਾਵਰਕਰ ਨੇ ਸ਼ੱਰੇਆਮ ਇਸ ਨੂੰ ਜਾਇਜ਼ ਠਹਿਰਾਇਆ, “ਜੇ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇ ਸਕਦੇ ਹਾਂ ਤਾਂ ਬੰਬ ਧਮਾਕੇ ਦਾ ਬੰਬ ਧਮਾਕੇ ਨਾਲ ਕਿਉਂ ਨਹੀਂ ਦਿੱਤਾ ਜਾ ਸਕਦਾ।”

ਅਭਿਨਵ ਭਾਰਤ ਦਾ ਮੁੱਢ ਕਿਵੇਂ ਬੱਝਾ, ਇਹ ਅਜੇ ਵੀ ਭੇਤ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਨਾਂ ਅਤੇ ਇਸ ਦਾ ਪ੍ਰੇਰਨਾ ਸਰੋਤ ਵਿਦਿਆਰਥੀਆਂ ਦੀ ਉਹ ਖੁਫੀਆ ਸਭਾ ਸੀ, ਜੋ ਸਾਵਰਕਰ ਨੇ 1905 ਵਿਚ ਪੂਨੇ ਦੇ ਫਰਗੂਸਨ ਕਾਲਜ ਵਿਚ ਪੜ੍ਹਦਿਆਂ ਬਣਾਈ ਸੀ। ਇਹ ਸੁਸਾਇਟੀ ਇਨਕਲਾਬੀ ਹਿੰਸਾ ਵਿਚ ਵਿਸ਼ਵਾਸ ਰੱਖਦੀ ਸੀ। ਇਸ ਦਾ ਪ੍ਰੇਰਨਾ ਸਰੋਤ ਇਟਲੀ ਦੇ ਗਿਓਸਪ ਮੈਜ਼ਿਨੀ ਦਾ ਇਨਕਲਾਬੀ ਅੰਦੋਲਨ ਸੀ ਅਤੇ ਨਾਂ ਵੀ ਉਸੇ ਤਰਜ਼ ‘ਤੇ ਰੱਖਿਆ ਗਿਆ ਸੀ, ਪਰ ਜਦੋਂ 1906 ਵਿਚ ਸਾਵਰਕਰ ਨੂੰ ਇੰਗਲੈਂਡ ਵਿਚ ਉਚ ਸਿਖਿਆ ਲਈ ਵਜ਼ੀਫਾ ਮਿਲ ਗਿਆ ਤਾਂ ਉਹ ਇਸ ਨੂੰ ਛੱਡ ਕੇ ਭਾਰਤ ਤੋਂ ਇੰਗਲੈਂਡ ਚਲਾ ਗਿਆ। ਅਭਿਨਵ ਭਾਰਤ ਦਹਾਕਿਆਂ ਤੱਕ ਗੈਰ ਸਰਗਰਮ ਰਿਹਾ ਅਤੇ 1952 ਵਿਚ ਆਜ਼ਾਦੀ ਤੋਂ ਪੰਜ ਸਾਲ ਬਾਅਦ ਹਿੰਦੂ ਮਹਾਂ ਸਭਾ ਆਗੂ ਨੇ ਖੁਦ ਹੀ ਇਸ ਦਾ ਭੋਗ ਪਾ ਦਿੱਤਾ।
ਇਸ ਨੂੰ ਕਿਸ ਨੇ ਅਤੇ ਕਿਉਂ ਮੁੜ ਸੁਰਜੀਤ ਕੀਤਾ, ਇਹ ਸਪਸ਼ਟ ਨਹੀਂ। ਨਵੰਬਰ 2008 ਵਿਚ ਅੰਗਰੇਜ਼ੀ ਹਫਤਾਵਾਰੀ ਮੈਗਜ਼ੀਨ ‘ਆਊਟਲੁਕ’ ਨੂੰ ਦਿੱਤੀ ਇੰਟਰਵਿਊ ਵਿਚ ਹਿਮਾਨੀ ਨੇ ਦਾਅਵਾ ਕੀਤਾ, ਅਭਿਨਵ ਭਾਰਤ ਨੂੰ ਨਵੇਂ ਸਿਰਿਓਂ ਬਣਾਉਣ ਵਾਲਾ ਸਮੀਰ ਕੁਲਕਰਨੀ ਸੀ, ਜੋ ਪਹਿਲਾਂ ਆਰ. ਐਸ਼ ਐਸ਼ ਵਿਚ ਸੀ। ਮਹਾਰਾਸ਼ਟਰ ਏ. ਟੀ. ਐਸ਼ (ਐਂਟੀ-ਟੈਰਰਿਸਟ ਸਕੁਐਡ) ਨੇ ਕੁਲਕਰਨੀ ਨੂੰ 29 ਸਤੰਬਰ 2008 ਨੂੰ ਹੋਏ ਮਾਲੇਗਾਓਂ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ਜ਼ਰੂਰੀ ਸਮਾਨ ਮੁਹੱਈਆ ਕਰਨ ਵਾਲੇ ਦੇ ਤੌਰ ‘ਤੇ ਨਾਮਜ਼ਦ ਕੀਤਾ ਸੀ। ਬੰਬ ਕਾਂਡ ਵਿਚ 6 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨ। ਇਸ ਨੂੰ ਅਭਿਨਵ ਭਾਰਤ ਦਾ ਕਾਰਾ ਸਮਝਿਆ ਜਾਂਦਾ ਹੈ (ਮਾਲੇਗਾਓਂ ਵਿਚ 2006 ਵਿਚ ਵੀ ਬੰਬ ਧਮਾਕੇ ਹੋਏ ਸਨ, ਪਰ ਅਭਿਨਵ ਭਾਰਤ ਦੀ ਸ਼ਮੂਲੀਅਤ ਦਾ ਸਬੰਧ ਮਾਲੇਗਾਓਂ ਬੰਬ ਕਾਂਡ 2008 ਨਾਲ ਹੈ)।
ਜਦੋਂ ਉਸ ਤੋਂ ਮਾਲੇਗਾਓਂ ਕੇਸ ਵਿਚ ਤਫਤੀਸ਼ ਕੀਤੀ ਗਈ, ਹਿਮਾਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਪਰੈਲ 2008 ਵਿਚ ਭੋਪਾਲ ਵਿਚ ਹੋਈ ਮੀਟਿੰਗ ਵਿਚ ਅਭਿਨਵ ਭਾਰਤ ਦੀ ਪ੍ਰਧਾਨ ਚੁਣਿਆ ਗਿਆ ਸੀ। ਉਸ ਨੇ ਦੱਸਿਆ ਕਿ ਸਮੀਰ ਕੁਲਕਰਨੀ ਮੱਧ ਪ੍ਰਦੇਸ਼ ਵਿਚ ਜਥੇਬੰਦੀ ਦਾ ਤਾਣਾਬਾਣਾ ਫੈਲਾਉਣ ਲਈ ਕੰਮ ਕਰ ਰਿਹਾ ਸੀ।
ਹੋਰ ਸਬੂਤਾਂ ਅਤੇ ਏ. ਟੀ. ਐਸ਼ ਮਹਾਰਾਸ਼ਟਰ ਦੇ ਮੁਖੀ ਹੇਮੰਤ ਕਰਕਰੇ ਵਲੋਂ ਦਰਜ ਕੀਤੀ ਗਈ ਐਫ਼ ਆਈ. ਆਰ. ਤੋਂ ਪਤਾ ਲੱਗਦਾ ਹੈ ਕਿ ਅਭਿਨਵ ਭਾਰਤ ਦਾ ਅਸਲੀ ਰਚਣਹਾਰਾ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਸੀ, ਜੋ 2008 ਦੇ ਮਾਲੇਗਾਓਂ ਧਮਾਕਿਆਂ ਦਾ ਸਾਜ਼ਿਸ਼ਘਾੜਾ ਸੀ। ਮਹਾਰਾਸ਼ਟਰ ਏ. ਟੀ. ਐਸ਼ ਦੀ ਤਫਤੀਸ਼ ਤੋਂ ਸਾਬਤ ਹੁੰਦਾ ਹੈ ਕਿ ਪੁਰੋਹਿਤ ਨੇ ਜੂਨ 2006 ਵਿਚ ਅਭਿਨਵ ਭਾਰਤ ਦਾ ਮੁੱਢ ਬੰਨ੍ਹਿਆ, ਜਦੋਂ ਉਸ ਨੇ ਇਕ ਦਰਜਨ ਬੰਦਿਆਂ ਨੂੰ ਮੱਧਯੁਗੀ ਮਰਾਠਾ ਸਮਰਾਟ ਸ਼ਿਵਾਜੀ ਦੇ ਰਾਏ ਗੜ੍ਹ ਕਿਲ੍ਹੇ ਵਿਚ ਲਿਜਾ ਕੇ ਉਥੇ ਆਪਣੀ ਖੁਫੀਆ ਯੋਜਨਾ ਸਾਕਾਰ ਕੀਤੀ। ਉਸ ਯਾਤਰਾ ਵਿਚ ਸ਼ਾਮਲ ਇਕ ਆਦਮੀ ਨੇ ਦੱਸਿਆ, “ਅਸੀਂ ਸ਼ਿਵਾਜੀ ਮਹਾਰਾਜ ਦੀ ਗੱਦੀ ਤੋਂ ਅਸ਼ੀਰਵਾਦ ਲਿਆ ਅਤੇ ਟਰਸਟ ਦਾ ਨਾਂ ‘ਅਭਿਨਵ ਭਾਰਤ’ ਰੱਖਣ ਦਾ ਫੈਸਲਾ ਕੀਤਾ ਤੇ ਇਸ ਦੀ ਕਾਮਯਾਬੀ ਲਈ ਪ੍ਰਾਰਥਨਾ ਕੀਤੀ। ਬਾਅਦ ਵਿਚ ਫਰਵਰੀ 2007 ਵਿਚ ਇਸ ਸਮੂਹ ਨੇ ਸੰਸਥਾ ਨੂੰ ਟਰੱਸਟ ਦੇ ਤੌਰ ‘ਤੇ ਰਜਿਸਟਰ ਕਰਵਾਉਣ ਦਾ ਫੈਸਲਾ ਕੀਤਾ ਅਤੇ ਇਸ ਮਨੋਰਥ ਲਈ ਦਫਤਰੀ ਪਤਾ ਅਜੇ ਰਹੀਰਕਰ ਦਾ ਦਿੱਤਾ ਗਿਆ, ਜੋ ਪੂਨੇ ਦਾ ਵਸਨੀਕ ਸੀ। ਉਸ ਨੂੰ ਨਵੀਂ ਜਥੇਬੰਦੀ ਦਾ ਖਜਾਨਚੀ ਬਣਾਇਆ ਗਿਆ। ਉਹ ਵੀ ਮਾਲੇਗਾਓਂ ਬੰਬ ਕਾਂਡ ਲਈ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਹੈ।
ਜਾਪਦਾ ਹੈ, ਅਭਿਨਵ ਭਾਰਤ ਦੀ ਬਣਤਰ ਅਤੇ ਇਸ ਦਾ ਮੁੱਢ ਬੰਨਣ ਬਾਰੇ ਭੇਤ ਜਾਣਬੁਝ ਕੇ ਰੱਖਿਆ ਗਿਆ। ਇਥੋਂ ਤੱਕ ਕਿ ਸੱਤ ਸਾਲ ਤੋਂ ਸੰਸਥਾ ਦੀ ਪ੍ਰਧਾਨ ਰਹਿਣ ਦੇ ਬਾਵਜੂਦ ਹਿਮਾਨੀ ਸਾਵਰਕਰ ਨੂੰ ਵੀ ਇਸ ਦੇ ਕਈ ਪਹਿਲੂਆਂ ਦੀ ਜਾਣਕਾਰੀ ਨਹੀਂ ਸੀ। ਇਹ ਵੀ ਸੰਭਵ ਹੈ ਕਿ ਉਹ ਇਸ ਘਚੋਲੇ ਨੂੰ ਵਧਾਉਣ ਲਈ ਹੀ ਜਾਣਬੁੱਝ ਕੇ ਇਸ ਤਰ੍ਹਾਂ ਪੇਸ਼ ਕਰ ਰਹੀ ਹੋਵੇ।
ਮਿਲਿੰਦ ਜੋਸ਼ੀਰਾਓ, ਜੋ ਸ੍ਰੀਕਾਂਤ ਪੁਰੋਹਿਤ ਦਾ ਨੇੜਲਾ ਸਾਥੀ ਹੈ ਤੇ ਅਭਿਨਵ ਭਾਰਤ ਦਾ ਬੁਲਾਰਾ ਹੈ, ਅਨੁਸਾਰ “ਅਭਿਨਵ ਭਾਰਤ ਦੇ ਕਈ ਪਹਿਲੂਆਂ ਬਾਰੇ ਹਿਮਾਨੀ ਨੂੰ ਪਤਾ ਨਾ ਹੋਣ ਦਾ ਦੋਸ਼ ਦੇਣਾ ਉਸ ਨਾਲ ਬੇਇਨਸਾਫੀ ਹੋਵੇਗਾ। ਉਹ ਜਥੇਬੰਦੀ ਵਿਚ ਬਾਅਦ ਵਿਚ ਸ਼ਾਮਲ ਹੋਈ। ਹੋ ਸਕਦਾ ਹੈ, ਉਸ ਨੂੰ ਜਥੇਬੰਦੀ ਦੀ ਸ਼ੁਰੂਆਤ ਬਾਰੇ ਹਰ ਗੱਲ ਦੀ ਜਾਣਕਾਰੀ ਨਾ ਹੋਵੇ।”
ਜੋਸ਼ੀਰਾਓ ਨੂੰ ਮਾਲੇਗਾਓਂ ਬੰਬ ਕਾਂਡ ਪਿਛੋਂ ਦੋ ਹਫਤੇ ਹਿਰਾਸਤ ਵਿਚ ਰੱਖਿਆ ਗਿਆ। ਉਸ ਨੇ ਦੱਸਿਆ, “ਇਹ ਅਫਰਾ-ਤਫਰੀ ਵਾਲਾ ਮਾਹੌਲ ਸੀ (ਜੋ ਮਾਲੇਗਾਓਂ ਬੰਬ ਕਾਂਡ ਕਾਰਨ ਹੋਈਆਂ ਗ੍ਰਿਫਤਾਰੀਆਂ ਕਾਰਨ ਬਣਿਆ ਸੀ), ਜਦੋਂ ਹਿਮਾਨੀ ਸਾਵਰਕਰ ਨੇ ਮੀਡੀਆ ਅੱਗੇ ਸਾਡਾ ਪੱਖ ਰੱਖਿਆ। ਉਸ ਨੂੰ ਜਥੇਬੰਦੀ ਦੀ ਪ੍ਰਧਾਨ ਬਣਾਉਣ ਲਈ ਕੋਈ ਵਿਸ਼ੇਸ ਮੀਟਿੰਗ ਨਹੀਂ ਹੋਈ। ਉਸ ਨੇ ਪ੍ਰਧਾਨ ਬਣਾਏ ਜਾਣ ਦਾ ਦਾਅਵਾ ਪੇਸ਼ ਕੀਤਾ ਅਤੇ ਉਸ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਸਭ ਨੇ ਉਸ ਦੇ ਫੈਸਲੇ ਦਾ ਸਤਿਕਾਰ ਕੀਤਾ, ਕਿਉਂ ਜੁ ਉਹ ਸਾਵਰਕਰ ਅਤੇ ਗੋਡਸੇ ਪਰਿਵਾਰਾਂ ਦੀ ਨੁਮਾਇੰਦਗੀ ਕਰਦੀ ਸੀ।”
ਅਭਿਨਵ ਭਾਰਤ ਦੇ ਮੈਂਬਰ ਹਿਮਾਨੀ ਨੂੰ ਨਿਰਾ ਸਤਿਕਾਰ ਹੀ ਨਹੀਂ ਸਨ ਦੇ ਰਹੇ, ਉਹ ਤਾਂ ਸਗੋਂ ਉਸ ਦੇ ਸ਼ੁਕਰਗੁਜ਼ਾਰ ਵੀ ਸਨ। ਜੋਸ਼ੀ ਰਾਓ ਨੇ ਅੱਗੇ ਦੱਸਿਆ, “ਜਦੋਂ ਮੈਂ ਹਿਰਾਸਤ ਵਿਚੋਂ ਬਾਹਰ ਆਇਆ ਤਾਂ ਮੈਂ ਉਸ ਕੋਲ ਗਿਆ ਅਤੇ ਉਸ ਵਲੋਂ ਸੰਸਥਾ ਦਾ ਕੰਮ-ਕਾਰ ਆਪਣੇ ਹੱਥਾਂ ਵਿਚ ਲੈਣ ਲਈ ਉਸ ਦਾ ਧੰਨਵਾਦ ਕੀਤਾ। ਮੈਂ ਉਸ ਨੂੰ ਗੁਜ਼ਾਰਿਸ਼ ਵੀ ਕੀਤੀ ਕਿ ‘ਬੰਬ ਧਮਾਕਿਆਂ ਬਦਲੇ ਬੰਬ ਧਮਾਕੇ’ ਵਰਗੇ ਬਿਆਨ ਨਾ ਦਿੱਤੇ ਜਾਣ। ਦੱਸਿਆ ਕਿ ਅਜਿਹੇ ਬਿਆਨ ਸਾਡੇ ਲਈ ਨੁਕਸਾਨਦੇਹ ਹੋ ਸਕਦੇ ਹਨ, ਕਿਉਂਕਿ ਮੁਕੱਦਮਾ ਅਦਾਲਤ ਦੇ ਵਿਚਾਰ ਅਧੀਨ ਹੈ। ਉਸ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਮੁੜ ਕਦੇ ਵੀ ਐਸੇ ਬਿਆਨ ਨਾ ਦਿੱਤੇ।”
ਇਸ ਮੀਟਿੰਗ ਪਿਛੋਂ ਹਿਮਾਨੀ ਦੇ ਬਿਆਨਾਂ ਵਿਚ ਸਪਸ਼ਟ ਸੰਜਮ ਨਜ਼ਰ ਆਇਆ। ਜਨਵਰੀ 2009 ਵਿਚ ਉਹ ਸਾਫ ਮੁੱਕਰ ਗਈ ਕਿ ਉਸ ਨੇ ਮਹਾਰਾਸ਼ਟਰ ਏ. ਟੀ. ਐਸ਼ ਨੂੰ ਮਾਲੇਗਾਓਂ ਸਾਜ਼ਿਸ਼ ਦੀ ਜਾਣਕਾਰੀ ਹੋਣ ਬਾਰੇ ਦੱਸਿਆ ਸੀ। ਫਰਵਰੀ 2010 ਵਿਚ ਜਦੋਂ ਮੀਡੀਆ ਵਿਚ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਕਿ 13 ਫਰਵਰੀ 2010 ਨੂੰ ਪੂਨੇ ਵਿਚ ਹੋਏ ‘ਜਰਮਨ ਬੇਕਰੀ ਬੰਬ ਕਾਂਡ’ ਦੀਆਂ ਤਾਰਾਂ ਵੀ ‘ਅਭਿਨਵ ਭਾਰਤ’ ਨਾਲ ਜੁੜੀਆਂ ਹੋਈਆਂ ਹਨ ਤਾਂ ਉਸ ਨੇ ਐਲਾਨ ਕੀਤਾ, “ਅਭਿਨਵ ਭਾਰਤ ਦਹਿਸ਼ਤਗਰਦ ਜਥੇਬੰਦੀ ਨਹੀਂ ਹੈ। ਮਹਾਰਾਸ਼ਟਰ ਏ. ਟੀ. ਐਸ਼ ਤਾਂ ਉਸ ਦੀ ਮਾਲੇਗਾਓਂ ਬੰਬ ਕਾਂਡ ਵਿਚ ਸ਼ਮੂਲੀਅਤ ਵੀ ਸਿੱਧ ਨਹੀਂ ਕਰ ਸਕਿਆ। ਅਭਿਨਵ ਭਾਰਤ ਨੂੰ ਪੂਨੇ ਬੰਬ ਕਾਂਡ ਨਾਲ ਜੋੜਨਾ ਨਿਹਾਇਤ ਗੈਰ ਜ਼ਿੰਮੇਵਾਰਾਨਾ ਤੇ ਨਿੰਦਣਯੋਗ ਹੈ।” ਹਾਲਾਂਕਿ ਇਹ ਦੱਸਣਾ ਜ਼ਰੂਰੀ ਹੈ ਕਿ ਮਹਾਰਾਸ਼ਟਰ ਏ. ਟੀ. ਐਸ਼ ਨੇ ਕਦੇ ਵੀ ਇਸ ਸੰਸਥਾ ਨੂੰ ਪੂਨੇ ਬੰਬ ਕਾਂਡ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ।
ਤਮਾਮ ਤਫਤੀਸ਼ ਦੇ ਬਾਵਜੂਦ ‘ਅਭਿਨਵ ਭਾਰਤ’ ਅਜੇ ਵੀ ਗੁੱਝਾ ਭੇਤ, ਬੁਝਾਰਤ ਹੀ ਹੈ। ਇਹ ਕਹਿਣਾ ਵੀ ਮੁਸ਼ਕਿਲ ਹੈ ਕਿ ਇਸ ਦੇ ਮੋਢੀ ਇਸ ਦਾ ਮੁੱਢ ਬੰਨੇ ਜਾਣ ਨੂੰ ਭੇਤ ਬਣਾਈ ਰੱਖਣਾ ਚਾਹੁੰਦੇ ਹਨ ਜਾਂ ਇਹ ਸਾਰਾ ਸੁੱਤੇ ਸਿੱਧ ਹੀ ਹੋ ਗਿਆ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਦੀ ਸ਼ੁਰੂਆਤ ਅਤੇ ਬਣਤਰ ਬਾਰੇ, ਇਸ ਤਰ੍ਹਾਂ ਦਾ ਘਚੋਲਾ ਇਸ ਲਈ ਕਵਚ ਦਾ ਕੰਮ ਕਰ ਰਿਹਾ ਹੈ। ਨਾਲ ਹੀ ਇਹ ‘ਅਭਿਨਵ ਭਾਰਤ’ ਨੂੰ ਵਿਸ਼ਾਲ ਸਿਆਸੀ ਜਮਾਤ ਦੇ ਅੰਦਰ ਜ਼ਬਰਦਸਤ ਵਾਜਬੀਅਤ ਵੀ ਮੁਹੱਈਆ ਕਰ ਰਿਹਾ ਹੈ, ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੋਚ ਨੂੰ ਅੰਜਾਮ ਦੇਣ ਲਈ ਵਚਨਬੱਧ ਹੈ।

ਅਭਿਨਵ ਭਾਰਤ ਨੇ ਅਜੇ ਵੀ ਬੁਝਾਰਤ ਹੀ ਬਣੇ ਰਹਿਣਾ ਸੀ, ਜੇ ਇਸ ਦਾ ਸਬੰਧ 29 ਸਤੰਬਰ 2008 ਨੂੰ ਮੁਸਲਿਮ ਬਹੁਗਿਣਤੀ ਕੱਪੜਾ ਉਦਯੋਗ ਵਾਲੇ ਖੇਤਰ ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕਿਆਂ ਨਾਲ ਨਾ ਜੁੜਦਾ। ਇਸ ਵਾਰਦਾਤ ਦੀ ਜਾਂਚ ਨੇ ਭਾਰਤ ਅੰਦਰ ਦਹਿਸ਼ਤਵਾਦੀ ਕਾਰਵਾਈਆਂ ਦਾ ਖੁਰਾ ਨੱਪਣ ਵਿਚ ਹੈਰਾਨੀਜਨਕ ਤਬਦੀਲੀ ਲਿਆਂਦੀ। ਇਸ ਦੀ ਅਗਵਾਈ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਕਰ ਰਿਹਾ ਸੀ, ਜਿਸ ਦਾ ਬਾਅਦ ਵਿਚ ਮੁੰਬਈ ਵਿਚ ਹੋਏ ਦਹਿਸ਼ਤੀ ਹਮਲੇ ਦੌਰਾਨ 26 ਨਵੰਬਰ 2008 ਨੂੰ ਕਤਲ ਕਰ ਦਿੱਤਾ ਗਿਆ। ਉਸ ਦੀ ਤਫਤੀਸ਼ ਦੌਰਾਨ ਪਹਿਲੀ ਵਾਰ ਸੱਜੇਪੱਖੀ ਹਿੰਦੂ ਗਰੁੱਪਾਂ ਦੀ ਮੁਲਕ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਬਾਕਾਇਦਾ ਸਾਜ਼ਿਸ਼ ਦੇ ਸਬੂਤ ਸਾਹਮਣੇ ਆਏ, ਖਾਸ ਤੌਰ ਤੇ ‘ਅਭਿਨਵ ਭਾਰਤ’ ਦਾ ਨਾਂ ਉਭਰ ਕੇ ਸਾਹਮਣੇ ਆਇਆ।
ਅਭਿਨਵ ਭਾਰਤ ਭਾਵੇਂ ਮਹਾਰਾਸ਼ਟਰ ਆਧਾਰਤ ਨਿੱਕੀ ਜਿਹੀ ਸੰਸਥਾ ਹੈ, ਪਰ ਇਸ ਵਲੋਂ ਅੰਜਾਮ ਦਿੱਤੇ ਗਏ ਬੰਬ ਕਾਂਡ ਦੀ ਸਾਜ਼ਿਸ਼ੀ ਕਾਰਵਾਈ ਦੇ ਪਾਸਾਰ ਪੂਰੇ ਭਾਰਤ ਨਾਲ ਜੁੜੇ ਹੋਏ ਹਨ। ਮਹਾਰਾਸ਼ਟਰ ਏ. ਟੀ. ਐਸ਼ ਦੀ ਜਾਂਚ ਤੋਂ ਪਤਾ ਲੱਗਾ ਕਿ ਇਸ ਦੀ ਯੋਜਨਾ ਪੰਜ ਮੀਟਿੰਗਾਂ ਵਿਚ ਪੂਰੀ ਬਾਰੀਕੀ ਨਾਲ ਬਣਾਈ ਗਈ ਸੀ, ਕਰਨਲ ਸ੍ਰੀਕਾਂਤ ਪੁਰੋਹਿਤ ਦੀ ਇਸ ਪੂਰੀ ਸਾਜ਼ਿਸ਼ ਨੂੰ ਘੜਨ ਵਿਚ ਕੇਂਦਰੀ ਭੂਮਿਕਾ ਸੀ।
ਪਹਿਲੀ ਮੀਟਿੰਗ ਫਰੀਦਾਬਾਦ ਵਿਚ 25-27 ਜਨਵਰੀ 2008 ਨੂੰ ਹੋਈ। ਇਸ ਵਿਚ ਲੈਫਟੀਨੈਂਟ ਕਰਨਲ ਪੁਰੋਹਿਤ ਤੋਂ ਇਲਾਵਾ ਅਭਿਨਵ ਭਾਰਤ ਵਿਚ ਕੰਮ ਕਰ ਰਹੇ ਉਸ ਦੇ ਹੋਰ ਕਈ ਸਾਥੀ ਹਾਜ਼ਰ ਸਨ। ਉਥੇ ਜੋ ਅਹਿਮ ਮੈਂਬਰ ਉਸ ਵਕਤ ਹਾਜ਼ਰ ਸਨ, ਉਨ੍ਹਾਂ ਦਾ ਨਾਂ ਚਾਰਜ ਸ਼ੀਟ ਵਿਚ ਵੀ ਹੈ। ਲੈਫਟੀਨੈਂਟ ਕਰਨਲ ਪੁਰੋਹਿਤ ਨਾਲ ਉਸ ਸਮੇਂ ਮੇਜਰ ਰਮੇਸ਼ ਉਪਾਧਿਆਏ (ਰਿਟਾਇਰਡ), ਸਮੀਰ ਕੁਲਕਰਨੀ, ਸੁਧਾਕਰ ਚਤੁਰਵੇਦੀ ਅਤੇ ਅੰਮ੍ਰਿਤਾਨੰਦ ਦੇਵ ਤੀਰਥ ਵੀ ਸਨ (ਅਮ੍ਰਿਤਾਨੰਦ ਨੂੰ ਸੁਧਾਕਰ ਦਿਵੇਦੀ, ਸੁਧਾਕਰ ਧਰ ਅਤੇ ਦਿਆ ਨੰਦ ਪਾਂਡੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ)।
ਇਹ ਲੋਕ ਦੂਜੀ ਦਫਾ 11-12 ਅਪਰੈਲ 2008 ਨੂੰ ਭੋਪਾਲ ਵਿਚ ਮਿਲੇ। ਏ. ਟੀ. ਐਸ਼ ਅਨੁਸਾਰ ਇਸ ਵਾਰ ਆਰ. ਐਸ਼ ਐਸ਼ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੀ ਸਾਬਕਾ ਆਗੂ ਸਾਧਵੀ ਪ੍ਰਗਿਆ ਸਿੰਘ ਠਾਕੁਰ ਵੀ ਉਨ੍ਹਾਂ ਨਾਲ ਸੀ। ਮੀਟਿੰਗ ਵਿਚ ਸ਼ਾਮਲ ਲੋਕਾਂ ਨੇ ‘ਮੁਸਲਮਾਨਾਂ ਤੋਂ ਬਦਲਾ ਲੈਣ ਲਈ ਮਾਲੇਗਾਓਂ, ਜੋ ਸੰਘਣੀ ਆਬਾਦੀ ਵਾਲਾ ਮੁਸਲਿਮ ਇਲਾਕਾ ਹੈ, ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ। ਦੋਸ਼ੀ (ਸ੍ਰੀਕਾਂਤ ਪੁਰੋਹਿਤ) ਨੇ ਬਾਰੂਦੀ ਸਮੱਗਰੀ ਦੇਣ ਦੀ ਜ਼ਿੰਮੇਵਾਰੀ ਲਈ। ਦੋਸ਼ੀ ਪ੍ਰਗਿਆ ਸਿੰਘ ਠਾਕੁਰ ਨੇ ਬੰਬ ਰੱਖਣ ਲਈ ਆਦਮੀ ਦੇਣ ਦਾ ਜ਼ਿੰਮਾ ਲਿਆ। ਇਸ ਮੀਟਿੰਗ ਵਿਚ ਸਹਿਮਤੀ ਹੋ ਗਈ ਅਤੇ ਸਭ ਨੇ ਮਾਲੇਗਾਓਂ ਵਿਚ ਬੰਬ ਧਮਾਕੇ ਕਰਨ ਨੂੰ ਸਹਿਮਤੀ ਦਿੱਤੀ।’
ਤੀਜੀ ਮੀਟਿੰਗ 11 ਜੂਨ 2008 ਨੂੰ ਇੰਦੌਰ ਦੇ ਸਰਕਟ ਹਾਊਸ ਵਿਚ ਹੋਈ। ਮਹਾਰਾਸ਼ਟਰ ਏ. ਟੀ. ਐਸ਼ ਵਲੋਂ ਪੇਸ਼ ਚਾਰਜਸ਼ੀਟ ਅਨੁਸਾਰ ਇਸ ਮੀਟਿੰਗ ਵਿਚ ਸਾਧਵੀ ਪ੍ਰਗਿਆ ਸਿੰਘ ਨੇ ਅੰਮ੍ਰਿਤਾਨੰਦ ਦੇਵ ਤੀਰਥ ਨੂੰ ਰਾਮ ਚੰਦਰ ਕਾਲਸੰਗਰਾ ਤੇ ਸੰਦੀਪ ਡਾਂਗੇ ਨੂੰ ਮਿਲਾਇਆ ਅਤੇ ਦੱਸਿਆ ਕਿ ਇਹ ਬਹੁਤ ਭਰੋਸੇਯੋਗ ਆਦਮੀ ਹਨ, ਜੋ ਮਾਲੇਗਾਓਂ ਵਿਚ ਬੰਬ ਧਮਾਕੇ ਕਰਨਗੇ। ਚੌਥੀ ਮੀਟਿੰਗ ਜੁਲਾਈ 2008 ਦੇ ਪਹਿਲੇ ਹਫਤੇ ਪੂਨੇ ਵਿਚ ਹੋਈ, ਜਿਥੇ ਸਾਧਵੀ ਨੇ ਅਮ੍ਰਿਤਾਨੰਦ ਦੇਵ ਤੀਰਥ ਨੂੰ ਕਿਹਾ ਕਿ ਸ੍ਰੀਕਾਂਤ ਪੁਰੋਹਿਤ ਨੂੰ ਕਹੋ ਕਿ ਬੰਬ ਧਮਾਕਿਆਂ ਦਾ ਸਮਾਨ ਕਾਲਸੰਗਰਾ ਅਤੇ ਡਾਂਗ ਨੂੰ ਦੇ ਦੇਵੇ।
ਅਖੀਰਲੀ, ਪੰਜਵੀਂ ਮੀਟਿੰਗ 3 ਅਗਸਤ 2008 ਨੂੰ ਉਜੈਨ ਦੇ ਮਹਾਂਕਾਲੇਸ਼ਵਰ ਮੰਦਿਰ ਦੀ ਧਰਮਸ਼ਾਲਾ ਵਿਚ ਹੋਈ, ਜਿਥੇ ਸ੍ਰੀਕਾਂਤ ਪੁਰੋਹਿਤ ਨੂੰ ਕਾਲਸੰਗਰਾ ਅਤੇ ਡਾਂਗੇ ਨੂੰ ਆਰ. ਡੀ. ਐਕਸ਼ ਮੁਹੱਈਆ ਕਰਾਉਣ ਦੀ ਬਾਕਾਇਦਾ ਜ਼ਿੰਮੇਵਾਰੀ ਦਿੱਤੀ ਗਈ। ਉਸ ਨੇ ਅੱਗੇ ਇੰਤਜ਼ਾਮ ਕਰਕੇ ਬਾਰੂਦੀ ਸਮੱਗਰੀ ਦੋਹਾਂ ਦੇ ਹਵਾਲੇ ਕਰਨ ਦੀ ਜ਼ਿੰਮੇਵਾਰੀ ਰਾਕੇਸ਼ ਧਾਵੜੇ ਦੀ ਲਾ ਦਿੱਤੀ, ਜੋ ਬੰਬ ਧਮਾਕੇ ਕਰਨ ਅਤੇ ਇਸ ਲਈ ਆਈ. ਈ. ਡੀ. (ਇੰਪਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸਿਜ਼) ਯੰਤਰ ਤਿਆਰ ਕਰਨ ਦਾ ਮਾਹਰ ਹੈ, ਜੋ ਉਨ੍ਹਾਂ ਨੂੰ 9-10 ਅਗਸਤ 2008 ਨੂੰ ਮਿਲਿਆ।
ਮਾਲੇਗਾਓਂ ਬੰਬ ਧਮਾਕਿਆਂ ਵਿਚ ਅਭਿਨਵ ਭਾਰਤ ਦੀ ਭੂਮਿਕਾ ਸਾਬਤ ਕਰਨ ਦੇ ਨਾਲ-ਨਾਲ ਮਹਾਰਾਸ਼ਟਰ ਏ. ਟੀ. ਐਸ਼ ਨੇ ਹਿੰਦੂ ਫਿਰਕੂ ਗੁੱਟਾਂ ਦਾ ਪਹਿਲਾਂ ਦੇ ਕਈ ਬੰਬ ਕਾਂਡਾਂ ਵਿਚ ਹੱਥ ਹੋਣ ਦੀਆਂ ਸਾਜ਼ਿਸ਼ਾਂ ਦੇ ਸਬੂਤ ਜੁਟਾ ਕੇ ਇਨ੍ਹਾਂ ਦੀ ਭੂਮਿਕਾ ਨਸ਼ਰ ਕਰਨੀ ਸ਼ੁਰੂ ਕਰ ਦਿੱਤੀ, ਜੋ ਹੁਣ ਤੱਕ ਇਸਲਾਮੀ ਧੜਿਆਂ ਦਾ ਕਾਰਾ ਸਮਝੇ ਜਾਂਦੇ ਸਨ। ਦਸੰਬਰ 2010 ਵਿਚ ਆਰ. ਐਸ਼ ਐਸ਼ ਦੇ ਪ੍ਰਚਾਰਕ ਅਸੀਮਾਨੰਦ ਦੀ ਗ੍ਰਿਫਤਾਰੀ ਨਾਲ ਭਾਰਤ ਵਿਚ ਹਿੰਦੂਤਵੀ ਗੁੱਟਾਂ ਦੀ ਦਹਿਸ਼ਤਵਾਦੀ ਹਮਲਿਆਂ ਵਿਚ ਸ਼ਮੂਲੀਅਤ ਦੇ ਹੈਰਤਅੰਗੇਜ਼ ਖੁਲਾਸੇ ਹੋਏ। ਮੈਜਿਸਟਰੇਟ ਅੱਗੇ ਦਿੱਤੇ ਇਕਬਾਲੀਆ ਬਿਆਨ ਵਿਚ ਅਸੀਮਾਨੰਦ ਨੇ ਭੇਤ ਖੋਲ੍ਹਿਆ ਕਿ 2006 ਦੇ ਮਾਲੇਗਾਓਂ ਬੰਬ ਧਮਾਕੇ ਵੀ ਕੱਟੜਪੰਥੀ ਹਿੰਦੂਤਵੀ ਗੁੱਟ ਦਾ ਹੀ ਕੰਮ ਸੀ, ਜੋ ਜਹਾਦੀ ਦਹਿਸ਼ਤ ਦਾ ਬਦਲਾ ਲੈਣ ਲਈ ਕੀਤੇ ਗਏ। ਉਸ ਨੇ ਇਹ ਵੀ ਬਿਆਨ ਕੀਤਾ ਕਿ 2007 ਦੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਿਆਂ ਦੇ ਨਾਲ ਹੈਦਰਾਬਾਦ ਮੱਕਾ ਮਸਜਿਦ ਅਤੇ ਅਜਮੇਰ ਸ਼ਰੀਫ ਦਰਗਾਹ ਬੰਬ ਧਮਾਕਿਆਂ ਵਿਚ ਵੀ ਹਿੰਦੂਤਵੀ ਕੱਟੜਪੰਥੀ ਅਤੇ ਆਰ. ਐਸ਼ ਐਸ਼ ਪ੍ਰਚਾਰਕ ਸੁਨੀਲ ਜੋਸ਼ੀ ਦੇ ਗਰੋਹ ਦਾ ਹੱਥ ਸੀ। ਅਭਿਨਵ ਭਾਰਤ ਦੇ ਕਈ ਮੈਂਬਰ ਵੀ ਇਸ ਗਰੋਹ ਵਿਚ ਸ਼ਾਮਲ ਸਨ। ਬਾਅਦ ਵਿਚ ਭਾਵੇਂ ਅਸੀਮਾਨੰਦ ਆਪਣੇ ਇਨ੍ਹਾਂ ਬਿਆਨਾਂ ਤੋਂ ਮੁੱਕਰ ਗਿਆ, ਪਰ ਉਸ ਦੇ ਇਨ੍ਹਾਂ ਬਿਆਨਾਂ ਨਾਲ ਤਫਤੀਸ਼ੀ ਏਜੰਸੀਆਂ ਨੂੰ ਇਸ ਘਿਨਾਉਣੇ ਹਿੰਦੂਤਵੀ ਦਹਿਸ਼ਤਵਾਦੀ ਤਾਣੇਬਾਣੇ ਨੂੰ ਨੰਗਾ ਕਰਨ ਵਿਚ ਕਾਫੀ ਮਦਦ ਮਿਲੀ।
2011 ਦੇ ਸ਼ੁਰੂ ਵਿਚ 2008 ਦੇ ਬੰਬ ਕਾਂਡ ਕੇਸ ਅਤੇ ਹਿੰਦੂਤਵੀ ਦਹਿਸ਼ਤਵਾਦੀ ਜਥੇਬੰਦੀਆਂ ਨਾਲ ਜੁੜੇ ਹੋਰ ਕੇਸਾਂ ਦੀ ਜਾਂਚ ਐਨ. ਆਈ. ਏ. (ਕੌਮੀ ਜਾਂਚ ਏਜੰਸੀ) ਨੂੰ ਸੌਂਪ ਦਿੱਤੀ ਗਈ। ਥੋੜ੍ਹੇ ਸਾਲ ਤਾਂ ਦੋਸ਼ੀਆਂ ਦੇ ਵਕੀਲਾਂ ਦੀਆਂ ਬਹੁਤ ਸਾਰੀਆਂ ਪਟੀਸ਼ਨਾਂ ਨੇ ਐਨ. ਆਈ. ਏ. ਨੂੰ ਕੰਮ ਹੀ ਨਹੀਂ ਕਰਨ ਦਿੱਤਾ। ਪਿਛੋਂ ਜਦੋਂ ਭਾਜਪਾ ਕੇਂਦਰ ਵਿਚ ਸੱਤਾ ਵਿਚ ਆ ਗਈ ਤਾਂ ਇਸੇ ਜਾਂਚ ਏਜੰਸੀ ‘ਤੇ ਇਹ ਦੋਸ਼ ਵੀ ਲੱਗੇ ਕਿ ਇਹ ਸਿਖਰਲੇ ਰਾਜਸੀ ਦਬਾਓ ਹੇਠ ਲੋੜੀਂਦੀ ਫੁਰਤੀ ਨਾਲ ਕੰਮ ਨਹੀਂ ਕਰ ਰਹੀ।
ਜੂਨ 2015 ਵਿਚ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਰੋਹਿਨੀ ਸਾਲਿਆਨ, ਜੋ 2008 ਮਾਲੇਗਾਓਂ ਬੰਬ ਧਮਾਕਿਆਂ ਦੇ ਕੇਸਾਂ ਦੀ ਪੈਰਵੀ ਕਰ ਰਹੀ ਸੀ, ਨੇ ਐਨ. ਆਈ. ਏ. ‘ਤੇ ਸਿੱਧੇ ਦੋਸ਼ ਲਾ ਕੇ ਸਭ ਨੂੰ ਸੁੰਨ ਕਰ ਦਿੱਤਾ। ਐਨ. ਆਈ. ਏ. ਨੇ ਉਸ ਨੂੰ ਦੋਸ਼ੀਆਂ ਪ੍ਰਤੀ ਨਰਮੀ ਵਰਤਣ ਲਈ ਕਿਹਾ ਸੀ, ਜਿਨ੍ਹਾਂ ਵਿਚੋਂ ਬਹੁਤੇ ਅਭਿਨਵ ਭਾਰਤ ਦੇ ਮੈਂਬਰ ਸਨ। ਇੰਡੀਅਨ ਐਕਸਪ੍ਰੈੱਸ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਉਸ ਨੇ ਕਿਹਾ, “ਪਿਛਲੇ ਇਕ ਸਾਲ ਤੋਂ, ਜਦੋਂ ਦੀ ਨਵੀਂ ਸਰਕਾਰ ਸੱਤਾ ਵਿਚ ਆਈ ਹੈ, ਐਨ. ਆਈ. ਏ. ਮੇਰੇ ‘ਤੇ ਦਬਾਓ ਪਾ ਕੇ ਦੋਸ਼ੀਆਂ ਪ੍ਰਤੀ ਨਰਮੀ ਵਰਤਣ ਲਈ ਕਹਿ ਰਹੀ ਹੈ।” ਬਦਲੇ ਹੋਏ ਮਾਹੌਲ ਵਿਚ ਉਨ੍ਹਾਂ ਕੇਸਾਂ ਦੀ ਕਾਰਵਾਈ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਨਿਰਾਸ਼ਾ ਦੇ ਆਲਮ ਵਿਚ ਸੀ। ਉਸ ਅਨੁਸਾਰ “ਸ਼ਾਇਦ ਉਹ (ਐਨ. ਆਈ. ਏ. ਅਤੇ ਸਰਕਾਰ) ਇਹ ਕੇਸ (ਮਾਲੇਗਾਉਂ 2008 ਬੰਬ ਕਾਂਡ ਕੇਸ) ਨੂੰ ਖੁੱਲ੍ਹਾ ਛੱਡ ਦੇਣਾ ਚਾਹੁੰਦੇ ਹਨ ਅਤੇ ਆਖਿਰਕਾਰ ਚਾਹੁੰਦੇ ਹਨ ਕਿ ਕੇਸ ਹਾਰ ਜਾਵੇ, ਕਿਉਂਕਿ ਉਹ ਇਸ ਕੇਸ ਨੂੰ ਵਾਪਸ ਤਾਂ ਲੈ ਨਹੀਂ ਸਕਦੇ।”
ਸਾਲਿਆਨ ਦੇ ਇਹ ਖੁਲਾਸੇ ਅਹਿਮ ਹਨ। ਉਹ ਮਹਾਰਾਸ਼ਟਰ ਦੇ ਮੁੱਖ ਪਬਲਿਕ ਪ੍ਰਾਸੀਕਿਊਟਰ ਦੇ ਤੌਰ ‘ਤੇ ਬਹੁਤ ਸਾਰੇ ਕੇਸਾਂ ਦੀ ਪੈਰਵੀ ਕਰ ਰਹੀ ਸੀ। ਉਹ ਉਨ੍ਹਾਂ ਵਿਚੋਂ ਇਕ ਸੀ, ਜਿਨ੍ਹਾਂ ਨਾਲ ਹੇਮੰਤ ਕਰਕਰੇ ਇਨ੍ਹਾਂ ਦਹਿਸ਼ਤਵਾਦੀ ਕੇਸਾਂ ਬਾਰੇ ਵਿਸਥਾਰ ਵਿਚ ਚਰਚਾ ਕਰਦੇ ਰਹੇ ਸਨ।
ਅਭਿਨਵ ਭਾਰਤ ਖਿਲਾਫ ਕੇਸ ਕਿਸੇ ਤਰਕਪੂਰਨ ਨਤੀਜੇ ‘ਤੇ ਪਹੁੰਚਦਾ ਹੈ ਤਾਂ ਇਹ ਦੋ ਕਾਰਨਾਂ ਕਰਕੇ ਅਹਿਮ ਹੈ। ਪਹਿਲਾ, ਹਿੰਦੂਤਵੀ ਗਰੁੱਪਾਂ ਅਤੇ ਵਿਅਕਤੀਆਂ ਨੂੰ ਇਹ ਸੰਦੇਸ਼ ਜਾਵੇਗਾ ਕਿ ਕੋਈ ਆਦਮੀ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਮਈ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਪਿਛੋਂ ਇਨ੍ਹਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਹਨ। ਦੂਜਾ, ਇਸ ਨਾਲ ਹਿੰਦੂ ਬਹੁਲਤਾਵਾਦੀਆਂ ਦੀ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਮਨਭਾਉਂਦੀ ਯੁੱਧਨੀਤੀ ‘ਤੇ ਸਵਾਲੀਆ ਚਿੰਨ੍ਹ ਲੱਗਣ ਨਾਲ ਉਨ੍ਹਾਂ ਦੀ ਫੂਕ ਨਿਕਲ ਜਾਵੇਗੀ।
(ਚਲਦਾ)