ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲਮੰਤਰ ਇੱਕੋ ਹੈ?

ਨੰਦ ਸਿੰਘ ਬਰਾੜ
ਫੋਨ: 916-501-3974
ਸਿੱਖ ਸਿਧਾਂਤ ਅਤੇ ਗੁਰਬਾਣੀ ਵਿਗਿਆਨਕ ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਦੇ ਹਨ। ਸਿੱਖ ਪ੍ਰਚਾਰਕ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਵੇਲੇ ਵੀ ਇਹੀ ਕਹਿੰਦੇ ਹਨ ਕਿ ਸਾਡਾ ਧਰਮ ਇੱਕ ਤਰ੍ਹਾਂ ਵਿਗਿਆਨਕ ਧਰਮ ਹੈ, ਪਰ ਫਿਰ ਵੀ ਵਿਆਖਿਆ ਕਰਦਿਆਂ ਉਹ ਕਿੰਨੀਆਂ ਹੀ ਅੰਧਵਿਸ਼ਵਾਸੀ ਤੇ ਕਰਾਮਾਤੀ ਘਟਨਾਵਾਂ ਦਾ ਜ਼ਿਕਰ ਕਰ ਦਿੰਦੇ ਹਨ। ਪੁੱਛਣ ‘ਤੇ ਉਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਹਵਾਲੇ ਨਾਲ ਆਮ ਲੋਕਾਂ ਨੂੰ ਗੁਰਬਾਣੀ ਦੀ ਵਿਆਖਿਆ ਸਮਝਣ ਵਿਚ ਆਸਾਨੀ ਰਹਿੰਦੀ ਹੈ।

ਇਥੇ ਹੀ ਬਸ ਨਹੀਂ, ਕੁਝ ਇੱਕ ਪ੍ਰਚਾਰਕ ਤਾਂ ਆਪਣੇ ਗੁਰਬਾਣੀ ਗਿਆਨ ਵਿਚ ਪਰਪੱਕ ਹੋਣ ਅਤੇ ਉਚੀ ਅਵਸਥਾ ਦਾ ਢੋਂਗ ਕਰਨ ਵਾਸਤੇ ਇਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਗੁਰਬਾਣੀ ਗਿਆਨ ਨੂੰ ਵਿਗਿਆਨਕ ਕਹਿਣਾ ਗੁਰਬਾਣੀ ਦੀ ਤੌਹੀਨ ਹੈ, ਕਿਉਂਕਿ ਵਿਗਿਆਨ ਉਥੋਂ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ, ਜਿਥੋਂ ਤੱਕ ਗੁਰਬਾਣੀ ਦਾ ਗਿਆਨ ਪਹੁੰਚਿਆ ਹੋਇਆ ਹੈ। ਭਾਵੇਂ ਅਜਿਹੇ ਪ੍ਰਚਾਰਕਾਂ ਦੀ ਗਿਣਤੀ ਬਹੁਤ ਥੋੜੀ ਹੈ, ਪਰ ਇਨ੍ਹਾਂ ਨੂੰ ਟੋਕਣਾ ਤਾਂ ਦੂਰ, ਕੋਈ ਇਨ੍ਹਾਂ ਨਾਲ ਵਿਚਾਰ ਕਰਨ ਦੀ ਹਿੰਮਤ ਵੀ ਨਹੀਂ ਕਰਦਾ। ਅਜਿਹੇ ਹਾਲਾਤ ਕਰਕੇ ਮਨ ਨੂੰ ਧੱਕਾ ਵੀ ਲਗਦਾ ਹੈ।
ਪੰਜਾਬ ਟਾਈਮਜ਼ ਦੇ 31 ਅਗਸਤ 2019 ਦੇ ਅੰਕ ਵਿਚ ਇਕ ਵਿਦਵਾਨ ਡਾ. ਸੁਖਪਾਲ ਸੰਘੇੜਾ ਦਾ ਲੇਖ ‘ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲਮੰਤਰ ਇੱਕੋ ਹੀ?’ ਪੜ੍ਹ ਕੇ ਅਤੇ ਫਿਰ 7 ਸਤੰਬਰ ਦੇ ਅੰਕ ਵਿਚ ‘ਸੰਪਾਦਕ ਦੀ ਡਾਕ’ ਕਾਲਮ ਹੇਠ ਇੱਕ ਹੋਰ ਉਘੇ ਵਿਦਵਾਨ ਡਾ. ਗੋਬਿੰਦਰ ਸਿੰਘ ਸਮਰਾਓ ਵਲੋਂ ਉਪਰੋਕਤ ਲੇਖ ਦੀ ਉਸਾਰੂ ਪੜਚੋਲ ਪੜ੍ਹ ਕੇ ਮਨ ਨੂੰ ਸਕੂਨ ਤੇ ਦਿਲਾਸਾ ਮਿਲਿਆ ਕਿ ਸਾਡੇ ਕੋਲ ਅਜਿਹੇ ਵਿਦਵਾਨ ਹਨ, ਜੋ ਸਿੱਖ ਸਿਧਾਂਤਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਸਹੀ ਤਰ੍ਹਾਂ ਸਪਸ਼ਟ ਕਰਕੇ ਸਾਨੂੰ ਕਰਾਮਾਤਾਂ ਅਤੇ ਅੰਧਵਿਸ਼ਵਾਸੀ ਕਰਮ-ਕਾਂਡ ਦੇ ਭਰਮ ਜਾਲ ਵਿਚੋਂ ਕੱਢਣ ਦੀ ਸਾਰਥਕ ਕੋਸ਼ਿਸ਼ ਕਰ ਰਹੇ ਹਨ।
ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ਇਸ ਸੰਸਾਰ ਦੀ ਉਤਪਤੀ ਸਬੰਧੀ ਜਾਣਨ ਲਈ ਦੋ ਤਰ੍ਹਾਂ ਦੀਆਂ ਧਾਰਨਾਵਾਂ ਰਹੀਆਂ ਹਨ-ਇਕ ਧਾਰਮਿਕ ਅਤੇ ਦੂਜੀ ਵਿਵੇਕਸ਼ੀਲ। ਦੁਨੀਆਂ ‘ਤੇ ਅਨੇਕਾਂ ਧਰਮ ਹਨ ਅਤੇ ਸੰਸਾਰ ਦੀ ਉਤਪਤੀ ਲਈ ਉਨ੍ਹਾਂ ਦੀਆਂ ਧਾਰਨਾਵਾਂ ਵਿਚ ਭਾਵੇਂ ਕੁਝ ਫਰਕ ਹਨ, ਪਰ ਸਭ ਵਿਚ ਇਕ ਸਾਂਝ ਹੈ ਕਿ ਇਕ ਅਜਿਹੀ ਹਸਤੀ ਹੈ, ਜੋ ਕਿਸੇ ਗੁਪਤ ਥਾਂ ਬੈਠ ਕੇ ਸਭ ਕੁਝ ਕੰਟਰੋਲ ਕਰ ਰਹੀ ਹੈ। ਓਲਡ ਟੈਸਟਾਮੈਂਟ ਨੂੰ ਮੰਨਣ ਵਾਲੇ ਧਰਮਾਂ ਅਨੁਸਾਰ ਪਰਮਾਤਮਾ ਨੇ ਛੇ ਦਿਨਾਂ ਵਿਚ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਉਹ ਹੀ ਇਸ ਸਭ ਕਾਸੇ ਨੂੰ ਕੰਟਰੋਲ ਕਰ ਰਿਹਾ ਹੈ। ਹਿੰਦੂ ਧਰਮ ਅਨੁਸਾਰ ਪਰਮਾਤਮਾ ਨੇ ਆਪਣੀ ਸਰਪ੍ਰਸਤੀ ਹੇਠ ਵੱਖ ਵੱਖ ਦੇਵਤਿਆਂ ਤੋਂ ਇਸ ਸ੍ਰਿਸ਼ਟੀ ਦਾ ਨਿਰਮਾਣ ਕਰਵਾਇਆ ਹੈ ਅਤੇ ਇਹ ਦੇਵਤੇ ਹੀ ਵੱਖ ਵੱਖ ਤਰ੍ਹਾਂ ਨਾਲ ਇਸ ਨੂੰ ਕੰਟਰੋਲ ਕਰਦੇ ਹਨ।
ਇਸ ਬ੍ਰਹਿਮੰਡ ਦੀ ਉਤਪਤੀ ਸਬੰਧੀ ਦੂਜੀ ਧਾਰਨਾ ਵਿਵੇਕਸ਼ੀਲ ਵਿਚਾਰਕਾਂ ਦੀ ਹੈ। ਉਹ ਹਰ ਘਟਨਾ ਅਤੇ ਵਰਤਾਰੇ ਦੀ ਸੱਚਾਈ ਨੂੰ ਸਮਝਣ ਲਈ ਪ੍ਰਤੱਖ ਪ੍ਰਮਾਣਾਂ ਦੇ ਆਧਾਰ ‘ਤੇ ਤਰਕ ਅਤੇ ਦਲੀਲ ਨਾਲ ਅੰਦਾਜ਼ਾ ਲਾ ਕੇ ਕਿਸੇ ਸਿੱਟੇ ‘ਤੇ ਪਹੁੰਚਣ ਵਾਲਾ ਤਰੀਕਾ ਅਪਨਾਉਂਦੇ ਹਨ, ਜਿਸ ਨਾਲ ਅੰਧਵਿਸ਼ਵਾਸ ਤੋਂ ਪਰਦਾ ਉਠਦਾ ਹੈ।
ਸਾਰੇ ਧਰਮਾਂ ਵਾਲੇ ਸਿਰਫ ਆਪਣੀ ਧਾਰਨਾ ਨੂੰ ਸਹੀ ਅਤੇ ਆਖਰੀ ਮੰਨਦੇ ਹਨ। ਉਹ ਇਸ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਧਰਮ ਵਿਰੋਧੀ ਗਰਦਾਨਦੇ ਹਨ ਅਤੇ ਤਬਦੀਲੀ ਕਰਨ ਵਾਲੇ ਨੂੰ ਹਰ ਤਰ੍ਹਾਂ ਦੀ ਸਜ਼ਾ ਦੇਣ ਨੂੰ ਸੱਚਾ ਧਾਰਮਿਕ ਕਾਰਜ ਮੰਨਦੇ ਰਹੇ ਹਨ। ਹਾਕਮ ਲੋਕ ਵੀ ਉਨ੍ਹਾਂ ਦੇ ਇਸ ਕੰਮ ਵਿਚ ਪੂਰੀ ਮਿਲੀਭੁਗਤ ਅਤੇ ਤਾਕਤ ਨਾਲ ਉਨ੍ਹਾਂ ਨਾਲ ਖੜ੍ਹਦੇ ਹਨ, ਕਿਉਂਕਿ ਲੋਕਾਂ ਵਿਚ ਅੰਧਵਿਸ਼ਵਾਸ ਦਾ ਹੋਣਾ ਹਾਕਮ ਜਮਾਤਾਂ ਤੇ ਪੁਜਾਰੀਆਂ-ਦੋਹਾਂ ਲਈ ਸਾਂਝਾ ਤੇ ਉਪਜਾਊ ਸਰਮਾਇਆ ਹੁੰਦਾ ਹੈ। ਇਸ ਲਈ ਜੋ ਵੀ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਨ ਦਾ ਯਤਨ ਕਰਦਾ ਹੈ, ਉਹ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।
ਕੁਝ ਹਜ਼ਾਰ ਸਾਲ ਪਹਿਲਾਂ ਚਾਰਵਾਕ ਪਰੰਪਰਾ ਵਾਲਿਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ‘ਚੋਂ ਕੱਢਣ ਵਾਸਤੇ ਸਮਝਾਇਆ ਕਿ ਇਸ ਦਿਸਦੇ ਸੰਸਾਰ (ਮਾਦਾ) ਅਤੇ ਸਪਸ਼ਟ ਊਰਜਾ ਤੋਂ ਪਰ੍ਹਾਂ ਕੁਝ ਵੀ ਨਹੀਂ ਹੁੰਦਾ, ਪਰ ਇਹ ਗੱਲ ਪੁਜਾਰੀਆਂ ਤੇ ਹਾਕਮਾਂ ਨੂੰ ਕਿਵੇਂ ਹਜ਼ਮ ਹੋ ਸਕਦੀ ਸੀ! ਸੋ, ਉਨ੍ਹਾਂ ਆਪਣੀਆਂ ਕੋਝੀਆਂ ਚਾਲਾਂ ਤੇ ਤਸ਼ੱਦਦ ਨਾਲ ਚਾਰਵਾਕ ਪਰੰਪਰਾ ਨੂੰ ਬਦਨਾਮ ਕਰਨ ਅਤੇ ਮਿਟਾਉਣ ਵਿਚ ਕੋਈ ਕਸਰ ਨਾ ਛੱਡੀ।
ਇਸ ਬ੍ਰਹਿਮੰਡ ਦੀ ਉਤਪਤੀ ਸਬੰਧੀ ਦੂਜੀ ਧਾਰਨਾ ਵਿਵੇਕਸ਼ੀਲ ਵਿਚਾਰਕਾਂ ਦੀ ਹੈ। ਉਹ ਹਰ ਘਟਨਾ ਅਤੇ ਵਰਤਾਰੇ ਦੀ ਸੱਚਾਈ ਨੂੰ ਸਮਝਣ ਵਾਸਤੇ ਪ੍ਰਤੱਖ ਪ੍ਰਮਾਣਾਂ ਦੇ ਆਧਾਰ ‘ਤੇ ਤਰਕ ਅਤੇ ਦਲੀਲ ਨਾਲ ਸਹੀ ਸਿੱਟੇ ‘ਤੇ ਪਹੁੰਚਦੇ ਰਹੇ ਹਨ। ਉਨ੍ਹਾਂ ਦੇ ਵਿਵੇਕ ਨਾਲ ਮਨੋਕਲਪਿਤ ਮਾਨਤਾਵਾਂ ਅਤੇ ਅੰਧਵਿਸ਼ਵਾਸਾਂ ਤੋਂ ਪਰਦਾ ਉਠਦਾ ਰਿਹਾ ਹੈ। ਉਥੇ ਸਾਰੇ ਧਰਮਾਂ ਵਾਲੇ ਸਿਰਫ ਆਪਣੀਆਂ ਮਾਨਤਾਵਾਂ ਨੂੰ ਹੀ ਸਹੀ ਅਤੇ ਆਖਰੀ ਮੰਨਦੇ ਰਹੇ ਹਨ| ਇਸ ਲਈ ਜੋ ਵੀ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਨ ਦਾ ਯਤਨ ਕਰਦਾ ਹੈ, ਉਹ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।
ਇਹ ਵਰਤਾਰਾ ਇਕੱਲੇ ਭਾਰਤ ਵਿਚ ਹੀ ਨਹੀਂ ਸੀ ਵਾਪਰਿਆ ਸਗੋਂ ਸਮੁੱਚੇ ਸੰਸਾਰ ਅੰਦਰ ਵੀ ਕਿਸੇ ਨੂੰ ਜ਼ਹਿਰ ਦਾ ਪਿਆਲਾ ਦੇ ਕੇ, ਕਿਸੇ ਨੂੰ ਅੱਗ ਵਿਚ ਸਾੜ ਕੇ, ਕਿਸੇ ਨੂੰ ਤਾਉਮਰ ਜੇਲ੍ਹਾਂ ਵਿਚ ਸੜਨ ਲਈ ਮਜਬੂਰ ਕਰਨ ਜਿਹੇ ਅਨੇਕਾਂ ਅਣਮਨੁੱਖੀ ਤਸੀਹਿਆਂ ਨਾਲ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਹਰ ਕੋਝਾ ਢੰਗ ਵਰਤਿਆ ਜਾਂਦਾ ਰਿਹਾ ਹੈ, ਪਰ ਸੱਚ ਨੂੰ ਖਤਮ ਨਹੀਂ ਕੀਤਾ ਜਾ ਸਕਿਆ।
ਕੁਝ ਸਦੀਆਂ ਪਹਿਲਾਂ ਧਾਰਮਿਕ ਕੇਂਦਰ ਹੀ ਹਰ ਤਰ੍ਹਾਂ ਦੀ ਵਿਦਿਆ ਦੇ ਕੇਂਦਰ ਹੋਇਆ ਕਰਦੇ ਸਨ। ਪੜ੍ਹਾਈ ਵਾਸਤੇ ਕੋਈ ਅੱਡ ਅੱਡ ਵਿਸ਼ੇ ਨਹੀਂ ਸਨ ਹੁੰਦੇ। ਇਨ੍ਹਾਂ ਕੇਂਦਰਾਂ ਦਾ ਮੰਤਵ ਰਾਜਕੀ ਕੰਮਾਂ ਵਾਸਤੇ ਕਾਰਿੰਦੇ ਪੈਦਾ ਕਰਨ ਦੇ ਨਾਲ ਲੋਕਾਂ ਨੂੰ ਆਪਣੇ ਧਰਮ ਨਾਲ ਜੋੜੀ ਰੱਖਣਾ ਤੇ ਹਾਕਮ ਪ੍ਰਤੀ ਵਿਸ਼ਵਾਸ ਪਾਤਰ ਬਣਾਉਣਾ ਹੁੰਦਾ ਸੀ। ਇਨ੍ਹਾਂ ਵਿਚੋਂ ਕਦੇ ਕਦੇ ਅਜਿਹੇ ਮਹਾਂਪੁਰਸ਼ ਵੀ ਪੈਦਾ ਹੋ ਜਾਂਦੇ, ਜੋ ਕੁਦਰਤ ਦੇ ਰਹੱਸਾਂ ਨੂੰ ਵਿਵੇਕ ਨਾਲ ਸਮਝ ਕੇ ਸੱਚਾਈ ਦੀ ਭਾਲ ਕਰਦੇ ਰਹੇ। ਉਨ੍ਹਾਂ ਨੂੰ ਅੱਜ ਦੀ ਬੋਲੀ ਵਿਚ ਅਸੀਂ ਕੁਦਰਤੀ ਵਿਗਿਆਨੀ ਕਹਿ ਸਕਦੇ ਹਾਂ। ਭਾਵੇਂ ਉਨ੍ਹਾਂ ਵਲੋਂ ਖੋਜੀਆਂ ਸੱਚਾਈਆਂ ਨੂੰ ਦਬਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਰਿਹਾ ਹੈ, ਪਰ ਉਹ ਫੇਰ ਵੀ ਸਾਡੇ ਤੱਕ ਪਹੁੰਚ ਜਾਂਦੀਆਂ ਰਹੀਆਂ ਹਨ।
ਇਨ੍ਹਾਂ ਵਿਗਿਆਨੀਆਂ ਅਨੁਸਾਰ ਮਾਦਾ ਅਤੇ ਊਰਜਾ ਪਰਸਪਰ ਇੱਕ ਦੂਜੇ ਵਿਚ ਬਦਲਣਯੋਗ ਹਨ। ਉਨ੍ਹਾਂ ਅਨੁਸਾਰ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹਰ ਪਾਸੇ ਊਰਜਾ ਪਸਰੀ ਹੋਈ ਸੀ। ਇਸੇ ਵਿਚੋਂ ਕੁਝ ਊਰਜਾ ਮਾਦੇ ਵਿਚ ਬਦਲੀ ਅਤੇ ਉਸੇ ਮਾਦੇ ਤੋਂ ਇਹ ਸਾਰਾ ਸੰਸਾਰ ਹੋਂਦ ਵਿਚ ਆਇਆ। ਇਸ ਸੰਸਾਰ ਦੀ ਹੋਂਦ ਮਾਦੇ ਕਰਕੇ ਅਤੇ ਮਾਦੇ ਦੀ ਹੋਂਦ ਊਰਜਾ ਕਰਕੇ ਹੈ, ਭਾਵ ਇਸ ਸਭ ਕੁਝ ਦੀ ਹੋਂਦ ਓਨਾ ਚਿਰ ਹੈ, ਜਿੰਨਾ ਚਿਰ ਇਹ ਊਰਜਾ ਉਸ ਵਿਚ ਰਹਿੰਦੀ ਹੈ।
ਇਸ ਗੱਲ ਨੂੰ ਅਸੀਂ ਮਾਦੇ ਦੀ ਬਣਤਰ ਸਮਝ ਕੇ ਆਸਾਨੀ ਨਾਲ ਸਮਝ ਸਕਦੇ ਹਾਂ। ਮਾਦਾ ਬਹੁਤ ਛੋਟੇ ਛੋਟੇ ਕਣਾਂ ਤੋਂ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਐਟਮ ਅਤੇ ਪੰਜਾਬੀ ਵਿਚ ਪ੍ਰਮਾਣੂ ਕਿਹਾ ਜਾਂਦਾ ਹੈ। ਹਰੇਕ ਪ੍ਰਮਾਣੂ ਅੱਗੇ ਕਈ ਕਣਾਂ ਤੋਂ ਬਣਿਆ ਹੋਇਆ ਹੈ। ਇਨ੍ਹਾਂ ਵਿਚੋਂ ਮੈਂ ਸਿਰਫ ਦੋ ਤਰ੍ਹਾਂ ਦੇ ਕਣਾਂ-ਪ੍ਰੋਟਾਨ ਅਤੇ ਇਲੈਕਟ੍ਰਾਨ ਦੀ ਗੱਲ ਕਰਾਂਗਾ। ਪ੍ਰੋਟਾਨ ‘ਤੇ ਪਾਜੇਟਿਵ ਚਾਰਜ ਹੁੰਦਾ ਹੈ ਅਤੇ ਇਹ ਪ੍ਰਮਾਣੂ ਦੇ ਕੇਂਦਰ ਵਿਚ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਇਲੈਕਟ੍ਰਾਨ ‘ਤੇ ਨੈਗੇਟਿਵ ਚਾਰਜ ਹੁੰਦਾ ਹੈ ਅਤੇ ਇਹ ਨਿਊਕਲੀਅਸ ਦੁਆਲੇ ਘੁੰਮਦੇ ਹਨ, ਜਿਸ ਤਰ੍ਹਾਂ ਧਰਤੀ ਤੇ ਹੋਰ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ। ਪਦਾਰਥ ਗਰਮ ਕਰਨ ‘ਤੇ ਫੈਲਦੇ ਅਤੇ ਠੰਡਾ ਕਰਨ ‘ਤੇ ਸੁੰਗੜਦੇ ਹਨ। ਇਸ ਦਾ ਕਾਰਨ ਸਮਝਣ ਵਾਸਤੇ ਆਪਾਂ ਪ੍ਰਮਾਣੂ ਤੋਂ ਸ਼ੁਰੂ ਕਰ ਸਕਦੇ ਹਾਂ। ਗਰਮ ਕਰਨ ਤੇ ਇਲੈਕਟ੍ਰਾਨ ਨੂੰ ਊਰਜਾ ਮਿਲਣ ਕਰਕੇ ਉਨ੍ਹਾਂ ਦੀ ਗਤੀ ਤੇਜ ਹੋ ਜਾਂਦੀ ਹੈ ਅਤੇ ਉਹ ਵੱਧ ਥਾਂ ਘੇਰਦੇ ਹਨ। ਪ੍ਰਮਾਣੂ ਅੱਗੇ ਨਾਲੋਂ ਵੱਡਾ ਹੋ ਜਾਂਦਾ ਹੈ। ਸਿੱਟੇ ਵਜੋਂ ਪਦਾਰਥ ਫੈਲ ਜਾਂਦਾ ਹੈ। ਠੰਡਾ ਕਰਨ ‘ਤੇ ਇਲੈਕਟ੍ਰਾਨ ਦੀ ਗਤੀ ਘਟ ਜਾਂਦੀ ਹੈ ਅਤੇ ਉਹ ਨਿਊਕਲੀਅਸ ਦੇ ਨੇੜੇ ਹੋ ਜਾਂਦੇ ਹਨ। ਪ੍ਰਮਾਣੂ ਅੱਗੇ ਨਾਲੋਂ ਛੋਟਾ ਹੋ ਜਾਂਦਾ ਹੈ, ਸਿੱਟੇ ਵਜੋਂ ਪਦਾਰਥ ਸੁੰਗੜ ਜਾਂਦਾ ਹੈ।
ਵਿਗਿਆਨ ਦੀ ਭਾਸ਼ਾ ਅਨੁਸਾਰ ਕਿਸੇ ਪਦਾਰਥ ਨੂੰ ਗਰਮ ਕਰਨ ਦਾ ਮਤਲਬ ਉਸ ਨੂੰ ਊਰਜਾ ਦੇਣਾ ਹੁੰਦਾ ਹੈ ਅਤੇ ਠੰਡਾ ਕਰਨ ਦਾ ਉਸ ਵਿਚੋਂ ਊਰਜਾ ਕੱਢਣਾ। ਪ੍ਰਮਾਣੂ ਨੂੰ ਕਿੰਨਾ ਵੀ ਠੰਡਾ ਕਰ ਲਈਏ, ਉਸ ਵਿਚੋਂ ਸਾਰੀ ਊਰਜਾ ਨਹੀਂ ਕੱਢੀ ਜਾ ਸਕਦੀ। ਜੇ ਕਿਸੇ ਕਾਰਨ ਇਹ ਊਰਜਾ ਨਿਕਲ ਜਾਵੇ ਤਾਂ ਪ੍ਰਮਾਣੂ ਆਪਣੀ ਹੋਂਦ ਗਵਾ ਲੈਂਦਾ ਹੈ, ਪਰ ਇਹ ਊਰਜਾ ਖਤਮ ਨਹੀਂ ਹੁੰਦੀ। ਇਸ ਤਰ੍ਹਾਂ ਸਮਝ ਵਿਚ ਆਉਂਦਾ ਹੈ ਕਿ ਇਹ ਊਰਜਾ ਇੱਕ ਅਜਿਹੀ ਊਰਜਾ ਹੈ, ਜੋ ਇਸ ਬ੍ਰਹਿਮੰਡ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੌਜੂਦ ਸੀ ਅਤੇ ਇਸ ਦੇ ਖਤਮ ਹੋਣ ਪਿਛੋਂ ਵੀ ਮੌਜੂਦ ਰਹੇਗੀ।
ਇਸ ਊਰਜਾ ਦੇ ਗੁਣ ਅਤੇ ਵਰਤਾਰੇ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ, “ਇਕ ਅਲੋਕਾਰੀ ਸੱਚੀ ਹੋਂਦ ਵਾਲੀ ਊਰਜਾ ਹੈ, ਜੋ ਹਰ ਥਾਂ ਮੌਜੂਦ ਹੈ। ਇਹੀ ਊਰਜਾ ਮਾਦਾ ਬਣਾਉਂਦੀ ਹੈ, ਜਿਸ ਤੋਂ ਇਹ ਬ੍ਰਹਿਮੰਡ ਅਤੇ ਇਸ ਵਿਚਲੇ ਸਾਰੇ ਜੀਵ ਤੇ ਨਿਰਜੀਵ ਬਣਦੇ ਹਨ, ਜਿਨ੍ਹਾਂ ਵਿਚ ਇਹ ਸਮਾਈ ਰਹਿੰਦੀ ਹੈ। ਇਹ ਪੈਦਾ ਨਹੀਂ ਹੁੰਦੀ, ਭਾਵ ਇਹ ਆਪਣਾ ਮੂਲ ਆਪ ਹੀ ਹੈ ਅਤੇ ਨਾ ਇਹ ਕਦੇ ਖਤਮ ਹੁੰਦੀ ਹੈ। ਇਹ ਆਪਣੇ ਨਿਯਮਾਂ ਅਨੁਸਾਰ ਕਾਰਜ ਕਰਦੀ ਹੈ। ਹੋਰ ਕਿਸੇ ਦਾ ਵੀ ਇਸ ‘ਤੇ ਕੋਈ ਅਸਰ ਨਹੀਂ ਹੁੰਦਾ। ਇਸ ਦਾ ਆਪਣਾ ਕੋਈ ਰੰਗ, ਰੂਪ ਜਾਂ ਆਕਾਰ ਨਹੀਂ ਹੁੰਦਾ, ਪਰ ਇਹ ਮਾਦੇ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਇਸ ਨੂੰ ਸਮਝਣ ਲਈ ਵਿਵੇਕ ਬੁੱਧੀ ਅਤੇ ਵਿਧੀ ਦੀ ਲੋੜ ਹੈ।”
ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਵਹਿਮਾਂ ਭਰਮਾਂ, ਝੂਠੇ ਕਰਮ-ਕਾਂਡ ਤੇ ਅੰਧਵਿਸ਼ਵਾਸਾਂ ਦੇ ਜੰਜਾਲ ਵਿਚੋਂ ਕੱਢਣ ਅਤੇ ਮਨੁੱਖਤਾ ਵਿਚ ਆਪਸੀ ਭਰਾਤਰੀ ਭਾਵ ਪੈਦਾ ਕਰਨ ਲਈ ਦੂਰ ਦੂਰ ਤੱਕ ਪ੍ਰਚਾਰ ਕੀਤਾ। ਇਸ ਮੰਤਵ ਲਈ ਗੁਰੂ ਜੀ ਨੇ ਭਾਵੇਂ ਸੂਤਕ ਦੇ ਵਹਿਮ ‘ਚੋਂ ਕੱਢਣਾ ਸੀ ਜਾਂ ਜਨੇਊ ਦੇ ਝੂਠੇ ਕਰਮ ਕਾਂਡ ਨੂੰ ਫਜ਼ੂਲ ਦੱਸਣਾ ਸੀ ਅਤੇ ਭਾਵੇਂ ਸੂਰਜ ਤੱਕ ਪਾਣੀ ਪਹੁੰਚਾਉਣ ਦਾ ਅੰਧਵਿਸ਼ਵਾਸ ਦੂਰ ਕਰਨਾ ਸੀ, ਉਨ੍ਹਾਂ ਹਮੇਸ਼ਾ ਤਰਕ ਅਤੇ ਦਲੀਲ ਨੂੰ ਮੁੱਖ ਰੱਖਿਆ। ਉਨ੍ਹਾਂ ਦੀ ਸਮੁੱਚੀ ਬਾਣੀ ਵਿਚ ਹਰ ਸਮਝਾਉਣੀ ਵਿਚੋਂ ਵਿਵੇਕ ਝਲਕਦਾ ਹੈ। ਇਸੇ ਲਈ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਪ੍ਰਮਾਣਤ ਕਰਦਾ ਹੈ।
ਉਸ ਵੇਲੇ ਪੁਜਾਰੀ ਲੋਕ ਆਪੋ ਆਪਣੇ ਹਾਕਮਾਂ ਦੀ ਕੋਝੀ ਮਿਲੀਭੁਗਤ ਨਾਲ ਆਪਣੀਆਂ ਪੁਰਾਤਨ ਧਾਰਮਿਕ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਜਿਉਂ ਦੀ ਤਿਉਂ ਕਾਇਮ ਰੱਖ ਰਹੇ ਸਨ। ਇਨ੍ਹਾਂ ਮਾਨਤਾਵਾਂ ਕਰਕੇ ਸਮੁੱਚੀ ਮਨੁੱਖਤਾ ਫੋਕੇ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਫਸ ਕੇ ਅਨੇਕਾਂ ਕਰਮ-ਕਾਂਡਾਂ ਦਾ ਸ਼ਿਕਾਰ ਬਣੀ ਹੋਈ ਸੀ। ਪੁਜਾਰੀ ਲੋਕ ਪਾਠ-ਪੂਜਾ ਅਤੇ ਕਰਮ-ਕਾਂਡ ਦੇ ਨਾਂ ‘ਤੇ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕਰ ਰਹੇ ਸਨ। ਇਸ ਸਭ ਕਾਸੇ ਤੋਂ ਵੀ ਉਪਰ ਇਨ੍ਹਾਂ ਧਾਰਮਿਕ ਮਾਨਤਾਵਾਂ ਦਾ ਸਭ ਤੋਂ ਕੋਝਾ ਪੱਖ ਮਨੁੱਖ ਜਾਤੀ ਨੂੰ ਵੱਖ ਵੱਖ ਧੜਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਇੱਕ ਦੂਜੇ ਵਿਰੁਧ ਭਰਾ ਮਾਰੂ ਜੰਗ ਵੱਲ ਤੋਰਨਾ ਹੈ। ਲੋਕਾਂ ਨੂੰ ਆਪਸ ਵਿਚ ਪਾੜ ਕੇ ਰੱਖਣ ਵਾਲਾ ਧਰਮਾਂ ਦਾ ਇਹ ਕੋਝਾ ਪੱਖ ਹਾਕਮਾਂ ਲਈ ਬਹੁਤ ਕੰਮ ਦਾ ਹੁੰਦਾ ਹੈ। ਅਜਿਹੇ ਸਮੇਂ ਮਨੁੱਖਤਾ ਨੂੰ ਕਰਮ ਕਾਂਡੀ ਲੁੱਟ-ਘਸੁੱਟ ਅਤੇ ਭਰਾ ਮਾਰੂ ਵਿਰੋਧ ਤੋਂ ਬਚਾਉਣ ਲਈ ਗੁਰੂ ਜੀ ਨੇ ਪੁਰਾਤਨ ਧਾਰਮਿਕ ਮਾਨਤਾਵਾਂ ਨੂੰ ਰੱਦ ਕਰਕੇ ਸਮੁੱਚੀ ਮਾਨਵਤਾ ਵਿਚ ਭਰਾਤਰੀ ਭਾਵ ਅਤੇ ਇੱਕਸੁਰਤਾ ਕਾਇਮ ਕਰਨ ਹਿਤ ਇੱਕ ਸੱਚਾਈ ਭਰਪੂਰ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਦਾ ਮੂਲ ਮੰਤਰ ਬਖਸ਼ਿਆ।
ਹੁਣ ਮੈਂ ਵਿਗਿਆਨ ਦੀ ਇੱਕ ਹੋਰ ਲੱਭਤ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਜਾਂਦੇ ਹਨ। ਸੂਰਜ ਗ੍ਰਹਿਣ ਦਾ ਦਿਨ, ਸਮਾਂ ਤੇ ਸਥਾਨ ਜੰਤਰੀਆਂ ਵਿਚ ਪਹਿਲਾਂ ਹੀ ਨਿਰਧਾਰਤ ਕੀਤਾ ਹੋਇਆ ਸੀ। ਇਹ ਗੱਲ ਇੱਕ ਉਘੇ ਪੱਤਰਕਾਰ ਜਤਿੰਦਰ ਪੰਨੂੰ ਦੇ ਇੱਕ ਵਿਖਿਆਨ ਤੋਂ ਸਪਸ਼ਟ ਹੁੰਦੀ ਹੈ, ਜਿਸ ਵਿਚ ਉਹ ਕਹਿੰਦੇ ਹਨ ਕਿ ਜਦੋਂ ਅਜੇ ਯੂਰਪ ਦੇ ਲੋਕ ਕੱਛਾ ਪਾਉਣਾ ਨਹੀਂ ਸੀ ਸਿੱਖੇ, ਭਾਵ ਅਜੇ ਉਹ ਜੰਗਲਾਂ ਵਿਚ ਨੰਗੇ ਮੁਨੰਗੇ ਹੀ ਫਿਰਦੇ ਸਨ, ਉਸ ਵੇਲੇ ਸਾਡੇ ਵਿਦਵਾਨਾਂ ਨੇ ਅਕਾਸ਼ੀ ਗ੍ਰਹਿਆਂ ਦੀਆਂ ਗਤੀਆਂ ਅਤੇ ਦਿਸ਼ਾਵਾਂ ਵੀ ਮਾਪ ਲਈਆਂ ਸਨ।
ਇਨ੍ਹਾਂ ਗਿਣਤੀਆਂ-ਮਿਣਤੀਆਂ ਦੇ ਆਧਾਰ ‘ਤੇ ਉਨ੍ਹਾਂ ਨੇ ਅਗਲੇ ਹਜਾਰਾਂ ਸਾਲਾਂ ਵਾਸਤੇ ਚੰਦ ਅਤੇ ਸੂਰਜ ਗ੍ਰਹਿਣਾਂ ਦੇ ਸਮੇਂ ਤੇ ਸਥਾਨ ਨਿਸ਼ਚਿਤ ਕਰ ਦਿੱਤੇ ਹੋਏ ਸਨ। ਇਸ ਤੋਂ ਲਗਦਾ ਹੈ ਕਿ ਪੜ੍ਹੇ-ਲਿਖੇ ਲੋਕਾਂ ਨੂੰ ਤਾਂ ਭਾਵੇਂ ਅਕਾਸ਼ ਵਿਚਲੇ ਸੂਰਜ, ਚੰਦ, ਤਾਰੇ ਤੇ ਹੋਰ ਗ੍ਰਹਿਆਂ ਬਾਰੇ ਜਾਣਕਾਰੀ ਸੀ, ਪਰ ਆਮ ਲੋਕਾਂ ਵਿਚ ਤਾਂ ਇਹੀ ਅੰਧਵਿਸ਼ਵਾਸ ਪੱਕਾ ਕੀਤਾ ਹੋਇਆ ਸੀ ਕਿ ਸੂਰਜ ਨੂੰ ਗ੍ਰਹਿਣ ਲੱਗਣ ਦਾ ਕਾਰਨ ਸੂਰਜ ਵਲੋਂ ਰਾਕਸ਼ਾਂ ਦਾ ਕਰਜਾ ਨਾ ਮੋੜ ਸਕਣ ਦੀ ਮਜਬੂਰੀ ਹੈ। ਇਸ ਲਈ ਪੁਜਾਰੀ ਲੋਕ ਰਾਕਸ਼ਾਂ ਵਿਰੁਧ ਗੁੱਸੇ ਦਾ ਵਿਖਾਵਾ ਕਰਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਵਾਸਤੇ ਉਕਸਾਉਂਦੇ ਸਨ ਤਾਂ ਕਿ ਇਸ ਮਾਇਆ ਨਾਲ ਰਾਕਸ਼ਾਂ ਦਾ ਮੱਥਾ ਡੰਮ ਕੇ ਸੂਰਜ ਦਾ ਖਹਿੜਾ ਛੁਡਵਾਇਆ ਜਾ ਸਕੇ। ਧਰਤੀ ਬਾਰੇ ਵੀ ਪੁਜਾਰੀਆਂ ਨੇ ਆਮ ਲੋਕਾਂ ਨੂੰ ਇਹੀ ਜਚਾਇਆ ਹੋਇਆ ਸੀ ਕਿ ਇਹ ਧਰਤੀ ਕਿਸੇ ਬਲਦ ਦੇ ਸਿੰਗ ‘ਤੇ ਟਿਕੀ ਹੋਈ ਹੈ। ਥੱਕ ਕੇ ਜਦੋਂ ਬਲਦ ਆਪਣਾ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ।
ਗੁਰੂ ਜੀ ਨੇ ਲੋਕਾਂ ਨੂੰ ਅਜਿਹੇ ਅਤੇ ਹੋਰ ਅਨੇਕਾਂ ਅੰਧਵਿਸ਼ਵਾਸਾਂ ਵਿਚੋਂ ਕੱਢਣ ਲਈ ਆਮ ਸਮਝ ਵਿਚ ਆਉਣ ਵਾਲੀਆਂ ਦਲੀਲਾਂ ਨਾਲ ਸਮਝਾਇਆ। ਅਜਿਹਾ ਕਰਨ ਲਈ ਗੁਰੂ ਜੀ ਨੂੰ ਉਸ ਵੇਲੇ ਮੌਜੂਦ ਗਿਆਨ ਅਤੇ ਜਾਣਕਾਰੀਆਂ ਦਾ ਅਧਿਐਨ ਕਰਨ ਵਾਸਤੇ ਕਿੰਨੀ ਘਾਲਣਾ ਤੇ ਤਰੱਦਦ ਕਰਨਾ ਪਿਆ ਹੋਊ, ਸਾਡੀ ਕਲਪਨਾ ਤੋਂ ਵੀ ਬਾਹਰ ਹੈ। ਇਹੀ ਨਹੀਂ, ਉਨ੍ਹਾਂ ਨੇ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਲਈ ਪ੍ਰੇਰਨ ਵਾਸਤੇ ਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਖੇਤੀਬਾੜੀ ਵੀ ਕੀਤੀ।
ਸਾਡੇ ਦੁੱਧ ਚਿੱਟੇ ਚੋਲਿਆਂ ਵਾਲੇ ਡੇਰੇਦਾਰ ਤੇ ਪੁਜਾਰੀ ਬਾਬੇ ਆਪਣਾ ਹਲਵਾ ਮੰਡਾ ਚਲਦਾ ਰੱਖਣ ਲਈ ਗੁਰੂ ਨਾਨਕ ਸਾਹਿਬ ਦੀਆਂ ਕੀਤੀਆਂ ਘਾਲਣਾਵਾਂ ਨੂੰ ਕੌਡੀਆਂ ਘੱਟੇ ਰੋਲਣ ਵਿਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਵਲੋਂ ਆਪਣੇ ਹੱਥੀਂ ਕਿਰਤ ਕਰਨਾ ਤਾਂ ਦੂਰ, ਇਹ ਤਾਂ ਆਪਣੇ ਨਿੱਜੀ ਕੰਮ ਵੀ ਆਪ ਕਰਨ ਵਿਚ ਹੱਤਕ ਸਮਝਦੇ ਹਨ। ਪੜ੍ਹਾਈ ਪੱਖੋਂ ਤਾਂ ਇਨ੍ਹਾਂ ਵਿਚੋਂ ਬਹੁਤੇ ਸਕੂਲੋਂ ਹੀ ਭੱਜੇ ਹੁੰਦੇ ਐ, ਤੇ ਜੇ ਸਾਰੇ ਨਹੀਂ ਤਾਂ ਬਹੁਤੇ ਆਪਣੇ ਜੀਵਨ ਦੀਆਂ ਜਿੰਮੇਵਾਰੀਆਂ ਤੋਂ ਤਾਂ ਭੱਜੇ ਹੋਏ ਹੁੰਦੇ ਹੀ ਹਨ। ਆਪਣੇ ਸ਼ਰਧਾਲੂਆਂ ਵਿਚ ਆਪਣੇ ਪਹੁੰਚੇ ਹੋਣ ਦਾ ਭੁਲੇਖਾ ਪਾਉਣ ਲਈ ਆਪਣੇ ਖਾਸ ਚੇਲਿਆਂ (ਏਜੰਟਾਂ) ਰਾਹੀਂ ਬਿਲਕੁਲ ਅਸੰਭਵ ਘਟਨਾਵਾਂ ਬੜੇ ਸ਼ਰਧਾ ਪੂਰਵਕ ਢੰਗ ਨਾਲ ਸੁਣਵਾਉਂਦੇ ਹਨ। ਮਿਸਾਲ ਵਜੋਂ ਸੁਣਾਇਆ ਜਾਂਦਾ ਹੈ ਕਿ ਸਾਡੇ ਸੰਤ ਮਹਾਰਾਜ ਐਨੇ ਪਹੁੰਚੇ ਹੋਏ ਹਨ ਕਿ ਹਰ ਰੋਜ ਸੁਭਾ ਨਿਤਨੇਮ ਕਰਨ ਤੋਂ ਪਹਿਲਾਂ ਸਮਾਧੀ ਲਾ ਕੇ ਅੰਮ੍ਰਿਤਸਰ ਪਵਿੱਤਰ ਸਰੋਵਰ ਵਿਚ ਇਸ਼ਨਾਨ ਅਤੇ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਆਉਂਦੇ ਹਨ ਤੇ ਫਿਰ ਨਿਤਨੇਮ ਪੂਰਾ ਕਰਦੇ ਹਨ।
ਅਜਿਹੀਆਂ ਕੋਝੀਆਂ ਹਰਕਤਾਂ ਨੂੰ ਵਿਸ਼ਵਾਸ ਯੋਗ ਬਣਾਉਣ ਲਈ ਇਹ ਬਾਬੇ ਅਨੇਕਾਂ ਕਰਾਮਾਤੀ ਕਥਾ ਕਹਾਣੀਆਂ ਗੁਰੂ ਨਾਨਕ ਦੇਵ ਨਾਲ ਜੋੜ ਕੇ ਸੁਣਾਉਂਦੇ ਰਹੇ ਹਨ, ਜਿਨ੍ਹਾਂ ਵਿਚੋਂ ਇੱਕ, ਗੁਰੂ ਨਾਨਕ ਵਲੋਂ ਭਾਈ ਮਰਦਾਨੇ ਨੂੰ ਆਖਣਾ, ਮਰਦਾਨਿਆ ਅੱਖਾਂ ਮੀਚ ਤੇ ਹਜਾਰਾਂ ਮੀਲਾਂ ਦਾ ਸਫਰ ਸਕਿੰਟਾਂ ਵਿਚ ਤੈਅ ਹੋ ਜਾਣਾ ਹੁੰਦਾ ਸੀ। ਅਜਿਹੀਆਂ ਕਥਾਵਾਂ ਅਤੇ ਸੁਣਾਉਣ ਵਾਲੇ ਦੇ ਕ੍ਰਿਸ਼ਮਈ ਅੰਦਾਜ਼ ਕਰਕੇ ਸ਼ਰਧਾਲੂਆਂ ਦੇ ਮਨ ਮਸਤਕ ‘ਤੇ ਬੜਾ ਗਹਿਰਾ ਪ੍ਰਭਾਵ ਪੈਂਦਾ ਤੇ ਉਹ ਅਜਿਹੇ ਬਾਬਿਆਂ ਨੂੰ ਹੀ ਗੁਰੂ ਜੀ ਵਰਗੇ ਸਮਝਣ ਲੱਗ ਪੈਂਦੇ।
ਕੁਝ ਸਾਲ ਪਹਿਲਾਂ ਜਦ ਵਿਦਵਾਨ ਚਿੰਤਕਾਂ ਨੇ ਇਨ੍ਹਾਂ ਕਰਾਮਾਤੀ ਕਥਾਵਾਂ ਨੂੰ ਝੁਠਲਾ ਕੇ ਸਾਬਤ ਕੀਤਾ ਕਿ ਗੁਰੂ ਜੀ ਕਰਾਮਾਤਾਂ ਨਾਲ ਨਹੀਂ, ਸਗੋਂ ਤੁਰ ਤੁਰ ਕੇ ਪ੍ਰਚਾਰ ਕਰਦੇ ਰਹੇ ਸਨ, ਉਸ ਵੇਲੇ ਇਹ ਪੁਜਾਰੀ ਬਾਬੇ ਬੜਾ ਤੜਪੇ ਤੇ ਵਿਦਵਾਨਾਂ ਦਾ ਪੁਰਜੋਰ ਵਿਰੋਧ ਕਰਨ ਲਈ ਪ੍ਰਚਾਰ ਕਰਦੇ ਰਹੇ ਕਿ ਇਹ ਨਾਸਤਿਕ ਲੋਕ ਆਮ ਸ਼ਰਧਾਲੂਆਂ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਹਨ ਅਤੇ ਲੋਕਾਂ ਦੇ ਮਨਾਂ ਵਿਚੋਂ ਗੁਰੂ ਜੀ ਪ੍ਰਤੀ ਆਦਰ ਸਤਿਕਾਰ ਖਤਮ ਕਰਨ ਦੀ ਸਾਜਿਸ਼ ਕਰ ਰਹੇ ਹਨ; ਪਰ ਜਿਉਂ ਜਿਉਂ ਲੋਕਾਂ ਨੂੰ ਅਸਲੀਅਤ ਦੀ ਸਮਝ ਆਉਂਦੀ ਗਈ, ਲੋਕਾਂ ਵਿਚ ਗੁਰੂ ਜੀ ਪ੍ਰਤੀ ਅੰਨੀ ਸ਼ਰਧਾ ਦੀ ਥਾਂ ਸੱਚੀ ਸੁੱਚੀ ਸ਼ਰਧਾ, ਯਕੀਨ ਅਤੇ ਸਤਿਕਾਰ ਵਧਦਾ ਗਿਆ, ਕਿਉਂਕਿ ਹੁਣ ਉਨ੍ਹਾਂ ਨੂੰ ਗੁਰੂ ਜੀ ਦੀ ਅਸਲ ਮਹਾਨਤਾ ਦਾ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੇ ਗੁਰੂ ਲੋਕਾਂ ਵਿਚੋਂ ਅੰਧਵਿਸ਼ਵਾਸ ਅਤੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਕਿਸੇ ਬਾਹਰੀ ਗੈਬੀ ਸ਼ਕਤੀ ਦਾ ਆਸਰਾ ਨਹੀਂ ਸੀ ਲੈਂਦੇ, ਸਗੋਂ ਆਪਣੇ ਸੁਖ ਅਰਾਮ ਤਿਆਗ ਕੇ, ਪੈਦਲ ਬਿਖੜੇ ਪੈਂਡਿਆਂ ‘ਤੇ ਚਲਦਿਆਂ ਅਤੇ ਬਹੁਤੀ ਵਾਰ ਅਣਕਿਆਸੀਆਂ ਮੁਸੀਬਤਾਂ ਖਿੜੇ ਮੱਥੇ ਸਹਾਰਦੇ ਮਨੁੱਖਤਾ ਨੂੰ ਸੱਚ ਦੇ ਰਾਹ ‘ਤੇ ਤੋਰਨ ਲਈ ਸੱਚੀ ਸੁੱਚੀ ਕੁਰਬਾਨੀ ਕਰਦੇ ਰਹੇ ਸਨ।
ਇਸੇ ਤਰ੍ਹਾਂ ਇਨ੍ਹਾਂ ਪੁਜਾਰੀ ਬਾਬਿਆਂ ਵਲੋਂ ਆਪਣੇ ਚੇਲਿਆਂ ਦੀ ਗੁੱਝੀ ਮਿਲੀਭੁਗਤ ਨਾਲ ਆਪਣੇ ਆਪ ਨੂੰ ਤਿੰਨਾਂ ਲੋਕਾਂ ਦੇ ਜਾਣੀ ਜਾਣ ਤੇ ਅੰਤਰਯਾਮੀ ਹੋਣ ਦਾ ਭੁਲੇਖਾ ਪਾਉਣ ਲਈ ਗੁਰੂ ਜੀ ਨਾਲ ਅਜਿਹੀਆਂ ਕਥਾ ਕਹਾਣੀਆਂ ਜੋੜੀਆਂ ਜਾਂਦੀਆਂ ਰਹੀਆਂ ਹਨ, ਜਿਵੇਂ ਗੁਰੂ ਜੀ ਨੇ ਸੈਂਕੜੇ ਸਾਲ ਪਹਿਲਾਂ ਵਿਗਿਆਨ ਦੀਆਂ ਅਜਿਹੀਆਂ ਖੋਜਾਂ ਬਾਰੇ ਦਸ ਦਿੱਤਾ ਸੀ, ਜਦੋਂ ਕਿ ਵਿਗਿਆਨ ਅਜੇ ਪੈਦਾ ਹੀ ਨਹੀਂ ਸੀ ਹੋਇਆ। ਇਸ ਗੱਲ ਵਿਚ ਕੋਈ ਸੱਚਾਈ ਨਹੀਂ ਹੈ। ਗੁਰੂ ਜੀ ਨੇ ਪੂਰੀ ਮਿਹਨਤ ਨਾਲ ਉਸ ਵੇਲੇ ਦਾ ਗਿਆਨ ਹਾਸਲ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ। ਇਹ ਭਾਵੇਂ ਠੀਕ ਹੈ ਕਿ ਇੱਕ ਵੱਖਰੇ ਵਿਸ਼ੇ ਦੇ ਤੌਰ ‘ਤੇ ਵਿਗਿਆਨ ਦੀ ਪੜ੍ਹਾਈ ਕੁਝ ਸੌ ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ, ਪਰ ਮਨੁੱਖ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਹੋਂਦ ਮਨੁੱਖ ਜਿੰਨੀ ਹੀ ਪੁਰਾਣੀ ਹੈ। ਬੀਜ ਬੀਜ ਕੇ ਪੌਦੇ ਉਗਾਉਣ ਦੀ ਖੋਜ ਨੂੰ ਅਸੀਂ ਪਹਿਲੀ ਵਿਗਿਆਨਕ ਖੋਜ ਕਹਿ ਸਕਦੇ ਹਾਂ।
ਪੁਜਾਰੀ ਬਾਬਿਆਂ ਵਲੋਂ ਗੁਰੂ ਸਾਹਿਬਾਨ ਨਾਲ ਮਨੋਕਲਪਿਤ, ਅੰਧਵਿਸ਼ਵਾਸੀ ਅਤੇ ਕਰਾਮਾਤੀ ਕਥਾਵਾਂ ਜੋੜਨ ਦਾ ਮੰਤਵ ਸਾਨੂੰ ਗੁਰੂ ਸਾਹਿਬਾਨ ਦੀਆਂ ਅਸਲੀ ਸਿਖਿਆਵਾਂ ਤੋਂ ਦੂਰ ਕਰਕੇ, ਉਨ੍ਹਾਂ ਦੀ ਸਿਰਫ ਪੂਜਾ ਵੱਲ ਤੋਰ ਕੇ ਅੰਤ ਉਨ੍ਹਾਂ ਬਾਬਿਆਂ ਦੀ ਸ਼ਰਨ ਵਿਚ ਪਹੁੰਚਣ ਲਈ ਤਿਆਰ ਕਰਨਾ ਹੈ। ਇਸ ਲਈ ਇਹ ਨਿਰਣਾ ਕਰਨਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੀਆਂ ਸੱਚੀਆਂ ਸੁੱਚੀਆਂ ਸਿਖਿਆਵਾਂ ‘ਤੇ ਚਲਣਾ ਹੈ ਜਾਂ ਇਨ੍ਹਾਂ ਪੁਜਾਰੀਆਂ ਦੀ ਲੁੱਟ ਦਾ ਸ਼ਿਕਾਰ ਬਣੇ ਰਹਿਣਾ ਹੈ!