ਖਾਮੋਸ਼ੀ ਜ਼ੁਰਮ ਹੈ…!

ਮਾਨਯੋਗ ਸੰਪਾਦਕ ਜੀ,
ਖੁੱਲ੍ਹੀ ਜੇਲ੍ਹ ਬਣਾ ਦਿੱਤੇ ਗਏ ਕਸ਼ਮੀਰ ਦੇ ਆਵਾਮ ਲਈ ਹਾਅ ਦਾ ਨਾਹਰਾ ਵੱਜਦਾ ਕਿਤਿਉਂ ਨਹੀਂ ਸੁਣ ਰਿਹਾ! ਦੇਸ਼ ਭਰ ਵਿਚ ਸਹਿਮ ਭਰੀ ਖਾਮੋਸ਼ੀ ਛਾਈ ਪਈ ਹੈ। ਅਜਿਹੇ ਹਾਲਾਤ ਦੇਖ ਕੇ ਮੈਨੂੰ ਸਰਹਿੰਦ ਦੀ ਇਤਿਹਾਸਕ ਖਾਮੋਸ਼ੀ ਵਾਲਾ ਬਿਰਤਾਂਤ ਯਾਦ ਆ ਗਿਆ।

ਚੰਡੀਗੜ੍ਹ ਦੇ ਇਕ ਗੁਰਦੁਆਰੇ ਵਿਚ ਸਵਰਗੀ ਗਿਆਨੀ ਸੋਹਣ ਸਿੰਘ ਸੀਤਲ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਿਹ ਵਾਲਾ ਪ੍ਰਸੰਗ ਸੁਣਾਉਂਦਿਆਂ ਦੱਸਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸੂਬੇਦਾਰ ਵਜੀਦ ਖਾਨ ਦੇ ਮਾਰੇ ਜਾਣ ਪਿਛੋਂ ਸਿੱਖ ਸੈਨਿਕ ਸਰਹਿੰਦ ਨਗਰ ਵਿਚ ਵੜ ਕੇ ਇੱਕ ਵਾਢਿਉਂ ਕਤਲੇਆਮ ਕਰਨ ਲੱਗੇ। ਬਾਬਾ ਬੰਦਾ ਸਿੰਘ ਦੇ ਕੁਝ ਸਾਥੀਆਂ ਨੇ ਬਾਬਾ ਜੀ ਨੂੰ ਕਿਹਾ ਕਿ ਅਜਿਹਾ ਕਰਨ ਤੋਂ ਸਿੱਖ ਸੈਨਿਕਾਂ ਨੂੰ ਰੋਕਿਆ ਜਾਵੇ, ਕਿਉਂਕਿ ਆਮ ਸਰਹਿੰਦ ਵਾਸੀਆਂ ਦਾ ਕੀ ਕਸੂਰ ਹੈ?
ਕਹਿੰਦੇ ਨੇ, ਬਾਬਾ ਜੀ ਨੇ ਰੋਹ ‘ਚ ਆਏ ਸਿੱਖਾਂ ਨੂੰ ਵਰਜ ਤਾਂ ਦਿੱਤਾ, ਪਰ ਉਨ੍ਹਾਂ ਆਪਣੇ ਸਾਥੀ ਜਥੇਦਾਰਾਂ ਨੂੰ ਕਿਹਾ ਕਿ ਜਿਸ ਨਗਰ-ਖੇੜੇ ਦੇ ਵਸਨੀਕਾਂ ਨੇ ਸ਼ੀਰ-ਖੋਰ ਮਾਸੂਮ ਬੱਚਿਆਂ ਨੂੰ ਕੋਹ ਕੋਹ ਕੇ ਕਤਲ ਕੀਤੇ ਜਾਣ ‘ਤੇ ਵੀ ਖਾਮੋਸ਼ੀ ਧਾਰੀ ਰੱਖੀ, ਕੀ ਉਹ ਘੱਟ ਗੁਨਾਹਗਾਰ ਹਨ?
ਰੱਬ ਜਾਣੇ ਇਹ ਵਾਰਤਾ ਇਤਿਹਾਸਕ ਤੌਰ ‘ਤੇ ਕਿੰਨੀ ਕੁ ਸਹੀ ਹੋਵੇਗੀ, ਪਰ ਇਸ ਵਿਚਲੇ ਤੱਥ ਕਿ ਜ਼ੁਲਮ ਹੁੰਦਾ ਦੇਖਣ-ਸੁਣਨ ਵਾਲਿਆਂ ਦੀ ਖਾਮੋਸ਼ੀ ਨੂੰ ਸੱਚ ਮੁੱਚ ਗੁਨਾਹ ਹੀ ਮੰਨਿਆ ਜਾ ਸਕਦਾ ਹੈ। ਇਕ ਸ਼ੇਅਰ ਵੀ ਅਜਿਹੀ ਭਾਵਨਾ ਦੀ ਤਸਦੀਕ ਕਰਦਾ ਪ੍ਰਤੀਤ ਹੁੰਦਾ ਹੈ,
ਖਾਮੋਸ਼ੀ ਜ਼ੁਰਮ ਹੈ ਜਬ ਮੂੰਹ ਮੇਂ ਜ਼ੁਬਾਂ ਹੋ ‘ਅਕਬਰ’
ਖਾਮੋਸ਼ ਰਹਨਾ ਭੀ ਤੋ ਹੈ ਜ਼ਾਲਿਮ ਕੀ ਹਮਾਇਤ ਕਰਨਾ।
ਆਪਣੇ ਪੰਜਾਬ ਵਿਚ ਅਕਾਲੀ ਦਲ ਦੇ ਮਾਨਵੀ ਹੱਕ ਹਕੂਕਾਂ ਲਈ ਜੂਝਣ ਵਾਲੇ ਖਾਸੇ ਨੂੰ ਪਰਿਵਾਰਵਾਦ ਦਾ ਗ੍ਰਹਿਣ ਲੱਗ ਚੁਕਾ ਹੈ। ਹੁਣ ਕੁਝ ਖੱਬੇ ਪੱਖੀ ਧਿਰਾਂ ਸਰਕਾਰੀ ਚੱਕੀ ‘ਚ ਪਿਸਦੇ ਜਾ ਰਹੇ ਕਸ਼ਮੀਰ ਲਈ ਆਵਾਜ਼ ਬੁਲੰਦ ਕਰ ਰਹੀਆਂ ਹਨ ਜਾਂ ਕੁਝ ਅਖਬਾਰਾਂ ਕਲਮ ਰਾਹੀਂ ਬਣਦਾ ਫਰਜ਼ ਨਿਭਾ ਰਹੀਆਂ ਹਨ, ਬਾਕੀਆਂ ਦੀ ਖਾਮੋਸ਼ੀ ਨਿਰਾਸ਼ਾ ਵਧਾ ਰਹੀ ਹੈ!
-ਤਰਲੋਚਨ ਸਿੰਘ ਦੁਪਾਲਪੁਰ
ਕੈਲੀਫੋਰਨੀਆ।