ਜਨਰਲ ਮੋਹਨ ਸਿੰਘ ਅਤੇ ਕਾੜ੍ਹਨੀ ਦਾ ਦੁੱਧ

ਆਮ ਪ੍ਰਚਲਿਤ ਤੱਥ ਇਹੀ ਹੈ ਕਿ ਅੰਗਰੇਜ਼ਾਂ ਨੂੰ ਲੜਾਈ ਵਿਚ ਹਰਾ ਕੇ ਭਾਰਤ ਵਿਚੋਂ ਕੱਢਣ ਦਾ ਦਾਈਆ ਬੰਨ੍ਹਣ ਵਾਲੀ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਬੰਗਾਲ ਦੇ ਲੀਡਰ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ, ਪਰ ਇਸ ਫੌਜ ਦੀ ਸਥਾਪਨਾ ਕਰਨ ਵਾਲਾ ਜਨਰਲ ਮੋਹਨ ਸਿੰਘ ਸੀ। ਇਸ ਫੌਜ ਦੀ ਕਮਾਨ ਬਾਅਦ ਵਿਚ ਬੋਸ ਨੇ ਸੰਭਾਲੀ ਅਤੇ ਮੁਲਕ ਦੀ ਆਜ਼ਾਦੀ ਲਈ ਤਕੜਾ ਹੰਭਲਾ ਮਾਰਿਆ। ਕੈਨੇਡਾ ਵੱਸਦੇ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਜਨਰਲ ਮੋਹਨ ਸਿੰਘ ਦੀਆਂ ਸਰਗਰਮੀਆਂ ਬਾਰੇ ਚਰਚਾ ਆਪਣੇ ਇਸ ਦਿਲਚਸਪ ਲੇਖ ਵਿਚ ਕੀਤੀ ਹੈ। ਆਜ਼ਾਦੀ ਪਿਛੋਂ ਜਨਰਲ ਮੋਹਨ ਸਿੰਘ ਪੰਜਾਬ ਅੰਦਰ ਕਿਸ ਤਰ੍ਹਾਂ ਵਿਚਰਿਆ, ਇਸ ਬਾਰੇ ਕੁਝ ਅਣਛੋਹੀਆਂ ਗੱਲਾਂ ਲੇਖ ਦਾ ਹਿੱਸਾ ਬਣੀਆਂ ਹਨ।

-ਸੰਪਾਦਕ

ਜਰਨੈਲ ਸਿੰਘ ਸੇਖਾ

ਸੰਨ ਸੰਤਾਲੀ ਦੀ ਵੰਡ ਕਾਰਨ ਪਹਿਲਾਂ ਤਾਂ ਪੰਜਾਬ ਵਿਚ ਕਤਲੋ-ਗਾਰਤ ਦਾ ਬਾਜ਼ਾਰ ਗਰਮ ਰਿਹਾ ਤੇ ਫਿਰ ਰਿਫਿਊਜੀਆਂ ਦੀ ਆਵਾਜਾਈ ਸ਼ੁਰੂ ਹੋ ਗਈ, ਜਿਸ ਕਰਕੇ ਸਕੂਲ ਛੇ-ਸੱਤ ਮਹੀਨੇ ਬੰਦ ਹੀ ਰਹੇ। ਪੰਜਾਬ ਯੂਨੀਵਰਸਿਟੀ ਤਾਂ ਲਾਹੌਰ ਰਹਿ ਗਈ ਸੀ ਅਤੇ ਪੂਰਬੀ ਪੰਜਾਬ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਦਫਤਰ ਸੋਲਨ ਵਿਚ ਬਣ ਰਹੇ ਸਨ, ਜਿਸ ਕਰਕੇ 1948 ਵਿਚ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਤਾਂ ਹੋਈਆਂ ਹੀ ਨਹੀਂ ਸਨ। ਸਕੂਲੀ ਪ੍ਰੀਖਿਆਵਾਂ ਵੀ ਲੇਟ ਹੀ ਹੋਈਆਂ। ਵਿਦਿਆਰਥੀਆਂ ਨੂੰ ਇਹ ਦੋ ਸਾਲ ਪੜ੍ਹਾਈ ਦਾ ਸਮਾਂ ਘੱਟ ਮਿਲਿਆ। 1948 ਵਿਚ ਹੀ ਸਾਡੇ ਸਕੂਲ ਵਿਚ ਫੌਜੀ ਕੈਂਪ ਲੱਗ ਗਿਆ। ਉਦੋਂ ਮੈਂ ਛੇਵੀਂ ਵਿਚ ਪੜ੍ਹਦਾ ਸਾਂ। ਸਕੂਲ ਦੇ ਮਗਰਲੇ ਪਾਸੇ ਬੋਰਡਿੰਗ ਹਾਊਸ ਦੇ ਕੋਲ ਖਾਲੀ ਪਈ ਜ਼ਮੀਨ ਵਿਚ ਪੱਚੀ ਤੀਹ ਫੌਜੀ ਟੈਂਟ ਲੱਗੇ ਹੋਏ ਸਨ, ਜਿਸ ਨੂੰ ਆਜ਼ਾਦ ਹਿੰਦ ਫੌਜ ਦਾ ਕੈਂਪ ਕਹਿੰਦੇ ਸਨ।
ਆਜ਼ਾਦ ਹਿੰਦ ਫੌਜ ਦੂਜੀ ਸੰਸਾਰ ਜੰਗ ਵੇਲੇ ਬਣੀ ਸੀ। ਭਾਰਤ ਵਿਚ ਆਜ਼ਾਦੀ ਲਹਿਰ ਤਾਂ ਪਹਿਲਾਂ ਹੀ ਜ਼ੋਰਾਂ ‘ਤੇ ਸੀ ਪਰ ਜਦੋਂ ਸੰਸਾਰ ਜੰਗ ਅਰੰਭ ਹੋਈ ਤਾਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਜਦੋਜਹਿਦ ਹੋਰ ਤੇਜ਼ ਹੋ ਗਈ। ਜੇ ਭਾਰਤ ਅੰਦਰ ਕਾਂਗਰਸ ਵਲੋਂ ‘ਅੰਗਰੇਜ਼ੋ ਭਾਰਤ ਛੱਡ ਜਾਓ’ ਦਾ ਅੰਦੋਲਨ ਅਰੰਭ ਹੋ ਗਿਆ ਸੀ ਤਾਂ ਬਾਹਰਲੇ ਦੇਸ਼ਾਂ ਵਿਚ ਵੀ ਦੇਸ਼ ਭਗਤਾਂ ਨੇ ਆਜ਼ਾਦੀ ਦੇ ਘੋਲ ਨੂੰ ਤੇਜ਼ ਕਰ ਦਿੱਤਾ ਸੀ।
ਦੂਜੀ ਸੰਸਾਰ ਜੰਗ ਵਿਚ ਇਕ ਪਾਸੇ ਜਰਮਨੀ, ਜਪਾਨ, ਇਟਲੀ ਆਦਿ ਦੇਸ਼ ਸਨ ਅਤੇ ਦੂਜੇ ਪਾਸੇ ਇੰਗਲੈਂਡ, ਫਰਾਂਸ, ਅਮਰੀਕਾ ਆਦਿ ਸਨ। ਪਿੱਛੋਂ ਰੂਸ ਨੂੰ ਵੀ ਮਜਬੂਰਨ ਇਨ੍ਹਾਂ ਦਾ ਸਾਥ ਦੇਣਾ ਪਿਆ। ਇਨ੍ਹਾਂ ਦੀਆਂ ਫੌਜਾਂ ਨੂੰ ਇਤਹਾਦੀ ਫੌਜਾਂ ਕਿਹਾ ਜਾਂਦਾ ਸੀ। ਭਾਰਤ ਅੰਗਰੇਜ਼ਾਂ ਦਾ ਗੁਲਾਮ ਹੋਣ ਕਰਕੇ ਭਾਰਤੀ ਫੌਜ ਇਤਹਾਦੀ ਫੌਜਾਂ ਦੇ ਹੱਕ ਵਿਚ ਲੜ ਰਹੀ ਸੀ। ਕੋਈ ਸੱਤਰ ਹਜ਼ਾਰ ਭਾਰਤੀ ਫੌਜ ਮਲਾਇਆ, ਸਿੰਘਾਪੁਰ ਵਿਚ ਹੀ ਜਪਾਨੀ, ਜਰਮਨ ਫੌਜਾਂ ਵਿਰੁਧ ਲੜ ਰਹੀ ਸੀ। ਜਦੋਂ ਜਪਾਨੀਆਂ ਦਾ ਸਿੰਘਾਪੁਰ ‘ਤੇ ਕਬਜ਼ਾ ਹੋ ਗਿਆ ਤਾਂ ਇਤਹਾਦੀ ਫੌਜੀਆਂ ਨੂੰ ਬੇਹਥਿਆਰ ਕਰਕੇ ਜੰਗੀ ਕੈਦੀ ਬਣਾ ਲਿਆ ਗਿਆ, ਜਿਨ੍ਹਾਂ ਵਿਚ ਕਰੀਬ 55,000 ਭਾਰਤੀ ਵੀ ਸਨ। ਇਨ੍ਹਾਂ ਵਿਚ ਕੈਪਟਨ ਮੋਹਨ ਸਿੰਘ ਵੀ ਸੀ। ਕੈਪਟਨ ਮੋਹਨ ਸਿੰਘ ਨੇ ਜਪਾਨ ਸਰਕਾਰ ਨਾਲ ਸੰਧੀ ਕਰਕੇ ਆਜ਼ਾਦ ਹਿੰਦ ਫੌਜ ਦਾ ਗਠਨ ਕਰ ਲਿਆ।
ਭਾਰਤੀ ਫੌਜੀ ਲੜ ਤਾਂ ਭਾਵੇਂ ਅੰਗਰੇਜ਼ੀ ਸਾਮਰਾਜ ਦੇ ਪੱਖ ਵਿਚ ਰਹੇ ਸਨ, ਪਰ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਜ਼ਰੂਰ ਸੀ। ਇਸ ਕਰਕੇ ਬਹੁਤ ਸਾਰੇ ਭਾਰਤੀ ਜੰਗੀ ਕੈਦੀ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਏ। ਜਪਾਨ ਸਰਕਾਰ ਨੇ ਸ਼ ਮੋਹਨ ਸਿੰਘ ਨੂੰ ਜਨਰਲ ਦੀ ਉਪਾਧੀ ਦੇ ਕੇ ਆਜ਼ਾਦ ਹਿੰਦ ਫੌਜ ਦੀ ਕਮਾਨ ਸੰਭਾਲ ਦਿੱਤੀ। ਆਜ਼ਾਦ ਹਿੰਦ ਫੌਜ ਨੇ ਜਪਾਨੀ ਫੌਜ ਨਾਲ ਮਿਲ ਕੇ ਇਤਹਾਦੀ ਫੌਜਾਂ ਦੇ ਖਿਲਾਫ ਲੜਾਈ ਅਰੰਭ ਦਿੱਤੀ ਤਾਂ ਜੋ ਅੰਗਰੇਜ਼ਾਂ ਨੂੰ ਹਰਾ ਕੇ ਦੇਸ਼ ਆਜ਼ਾਦ ਕਰਵਾਇਆ ਜਾ ਸਕੇ। ਕੁਝ ਸਮੇਂ ਪਿਛੋਂ ਇਸ ਫੌਜ ਦੀ ਕਮਾਂਡ ਸੁਭਾਸ਼ ਚੰਦਰ ਬੋਸ ਦੇ ਹੱਥ ਦੇ ਦਿੱਤੀ ਗਈ ਅਤੇ ਫੌਜ ਦਾ ਨਾਂ ਇੰਡੀਅਨ ਨੈਸ਼ਨਲ ਆਰਮੀ ਜਾਂ ਆਈ. ਐਨ. ਏ. ਹੋ ਗਿਆ।
ਸੰਨ 1945 ਵਿਚ ਇਤਹਾਦੀ ਫੌਜਾਂ ਨੇ ਜਪਾਨ ਤੇ ਜਰਮਨੀ ਨੂੰ ਹਰਾ ਕੇ ਦੂਜੀ ਸੰਸਾਰ ਜੰਗ ਜਿੱਤ ਲਈ। ਹਾਰੇ ਹੋਏ ਦੇਸ਼ਾਂ ‘ਤੇ ਮਨਮਰਜ਼ੀ ਦੇ ਸਮਝੌਤੇ ਠੋਸ ਕੇ ਉਨ੍ਹਾਂ ਦੇ ਫੌਜੀ ਜਵਾਨਾਂ ਨੂੰ ਉਨ੍ਹਾਂ ਦੇ ਦੇਸ਼ਾਂ ਵੱਲ ਤੋਰ ਦਿੱਤਾ ਪਰ ਆਈ. ਐਨ. ਏ. ਦੇ ਫੌਜੀ ਜਵਾਨਾਂ ਨੂੰ ਬੰਦੀ ਬਣਾ ਕੇ ਜੰਗੀ ਕੈਦੀਆਂ ਦੇ ਰੂਪ ਵਿਚ ਭਾਰਤ ਲਿਆਂਦਾ ਗਿਆ ਅਤੇ ਉਨ੍ਹਾਂ ‘ਤੇ ਮੁਕੱਦਮੇ ਚਲਾਏ। ਪੰਡਿਤ ਜਵਾਹਰ ਲਾਲ ਨਹਿਰੂ ਜਿਹੇ ਚੋਟੀ ਦੇ ਵਕੀਲਾਂ ਨੇ ਭਾਵੇਂ ਉਨ੍ਹਾਂ ਦੇ ਮੁਕੱਦਮਿਆਂ ਦੀ ਪੈਰਵੀ ਕੀਤੀ, ਪਰ ਉਨ੍ਹਾਂ ‘ਤੇ ਮੁਕੱਦਮੇ ਚਲਾਉਣ ਵਾਲੀ ਗੱਲ ਸੁਣ ਕੇ ਸਾਰਾ ਦੇਸ਼ ਹੀ ਅੰਗਰੇਜ਼ਾਂ ਵਿਰੁਧ ਉਠ ਖੜ੍ਹਾ ਹੋਇਆ। ਇਸ ਲਈ ਭਾਰਤ ਦੀ ਅੰਗਰੇਜ਼ ਸਰਕਾਰ ਸੰਭਲ-ਸੰਭਲ ਕੇ ਕਦਮ ਚੁੱਕ ਰਹੀ ਸੀ। ਫਿਰ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਤੋਂ ਆਜ਼ਾਦ ਹੋ ਗਿਆ ਅਤੇ ਮੁਕੱਦਮੇ ਵੀ ਖਤਮ ਹੋ ਗਏ।
ਭਾਰਤ ਵਿਚੋਂ ਅੰਗਰੇਜ਼ ਚਲੇ ਗਏ ਅਤੇ ਦੇਸ਼ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥ ਆ ਗਈ। ਕਾਂਗਰਸ ਨੇ ਸਰਕਾਰ ਚਲਾਉਣ ਲਈ ਹੋਰ ਕਿਸੇ ਵੀ ਪਾਰਟੀ ਨੂੰ ਆਪਣੀ ਭਾਈਵਾਲ ਨਾ ਬਣਾਇਆ। ਸਰਕਾਰੀ ਜਾਂ ਗੈਰ ਸਰਕਾਰੀ ਉਚ ਅਹੁਦੇ ਆਪਣੀ ਪਾਰਟੀ ਦੇ ਚਹੇਤਿਆਂ ਨੂੰ ਬਖਸ਼ ਦਿੱਤੇ ਅਤੇ ਸੱਤਾ ਦੇ ਨਸ਼ੇ ਵਿਚ ਦੂਜੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਰੋਲ ਕੇ ਰੱਖ ਦਿੱਤਾ। ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਦੀ ਵੀ ਸਾਰ ਨਾ ਲਈ। ਜਨਰਲ ਮੋਹਨ ਸਿੰਘ ਨੇ ਮਾਯੂਸ ਹੋ ਕੇ ਸੁਭਾਸ਼ ਚੰਦਰ ਬੋਸ ਵਾਲੀ ਪਾਰਟੀ ‘ਫਾਰਵਰਡ ਬਲਾਕ’ ਨੂੰ ਮੁੜ ਜ਼ਿੰਦਾ ਕਰ ਲਿਆ। ਆਜ਼ਾਦ ਹਿੰਦ ਫੌਜ ਦੇ ਸੈਨਿਕ ਅਤੇ ਉਨ੍ਹਾਂ ਦੇ ਹਮਦਰਦ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜ ਗਏ। ਪੰਜਾਬ ਵਿਚ ਇਸ ਪਾਰਟੀ ਦਾ ਆਧਾਰ ਬਣਾਉਣ ਲਈ ਉਸ ਨੇ ਪੰਜਾਬ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਕੈਂਪ ਲਾਏ। ਲੋਕ ਤਾਂ ਨਵੀਂ ਆਜ਼ਾਦੀ ਦੇ ਨਸ਼ੇ ਵਿਚ ਅਜੇ ਕਾਂਗਰਸ ਦੇ ਸੋਹਿਲੇ ਹੀ ਗਾ ਰਹੇ ਸਨ, ਪਰ ਉਹ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਵਿਚ ਪ੍ਰਚਾਰ ਕਰ ਰਿਹਾ ਸੀ ਕਿ ਕਿਵੇਂ ਕਾਂਗਰਸ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸਿਹਰਾ ਸਿਰਫ ਆਪਣੇ ਸਿਰ ਹੀ ਬੰਨ੍ਹ ਰਹੀ ਹੈ ਅਤੇ ਆਜ਼ਾਦੀ ਦੇ ਪਰਵਾਨਿਆਂ ਦਾ ਕੋਈ ਮੁੱਲ ਨਹੀਂ ਪਾ ਰਹੀ। ਉਨ੍ਹਾਂ ਕਾਂਗਰਸ ਦੇ ਪੋਲ ਖੋਲ੍ਹਦੀ ‘ਕਾਂਗਰਸ ਨਾਲ ਖਰੀਆਂ ਖਰੀਆਂ’ ਨਾਂ ਦੀ ਕਿਤਾਬ ਵੀ ਛਪਵਾਈ, ਜੋ ਅੰਗਰੇਜ਼ੀ ‘ਚੋਂ ਅਨੁਵਾਦ ਹੋ ਕੇ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਛਪੀ। ਪੰਜਾਬੀ ਐਡੀਸ਼ਨ ਦੀਆਂ ਕਾਪੀਆਂ ਸਾਨੂੰ ਚਾਰ-ਚਾਰ ਆਨੇ ਵਿਚ ਵੇਚੀਆਂ ਸਨ।
ਇਸੇ ਤਰ੍ਹਾਂ ਦਾ ਇਕ ਕੈਂਪ ਖਾਲਸਾ ਹਾਈ ਸਕੂਲ, ਗੁਰੂ ਤੇਗ ਬਹਾਦਰ ਗੜ੍ਹ (ਰੋਡੇ) ਵੀ ਲਾਇਆ ਗਿਆ, ਜਿਸ ਵਿਚ ਬਹੁਤੇ ਆਜ਼ਾਦ ਹਿੰਦ ਫੌਜ ਦੇ ਸੈਨਿਕ ਹੀ ਸਨ। ਸਕੂਲ ਵਿਚ ਕੈਂਪ ਲਾਉਣ ਦਾ ਕਾਰਨ ਸਾਡੇ ਸਕੂਲ ਦੇ ਹੈਡਮਾਸਟਰ ਕਰਤਾਰ ਸਿੰਘ ਦਾ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜੇ ਹੋਣਾ ਸੀ (ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ, ਜੋ 1952 ਵਿਚ ਹੋਈਆਂ ਤੇ ਹੈਡਮਾਸਟਰ ਕਰਤਾਰ ਸਿੰਘ ਨੇ ਪੰਜਾਬ ਅਸੈਂਬਲੀ ਦੀ ਚੋਣ ‘ਫਾਰਵਰਡ ਬਲਾਕ’ ਦੀ ਟਿਕਟ ‘ਤੇ ਲੜੀ ਅਤੇ ਹਾਰ ਗਏ ਸਨ)।
ਇਸ ਕੈਂਪ ਵਿਚ ਰਹਿਣ ਵਾਲੇ ਬਹੁਤੇ ਆਦਮੀ ਫੌਜੀ ਵਰਦੀ ਪਾ ਕੇ ਰਖਦੇ। ਕਈ ਸਾਦਾ ਕਪੜਿਆਂ ਵਿਚ ਵੀ ਹੁੰਦੇ। ਸਵੇਰੇ ਉਠ ਕੇ ਪਹਿਲਾਂ ਪਰੇਡ ਕਰਦੇ ਅਤੇ ਫਿਰ ਆਪੋ ਆਪਣੀ ਡਿਊਟੀ ਸਾਂਭ ਲੈਂਦੇ। ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਅਨਪੜ੍ਹਤਾ, ਸਮੂਹ ਸਫਾਈ, ਸਿਹਤ ਸੰਭਾਲ, ਸਵੈ-ਰੱਖਿਆ ਲਈ ਜਾਗ੍ਰਿਤ ਕਰਨਾ ਉਨ੍ਹਾਂ ਦੀਆਂ ਡਿਊਟੀਆਂ ਵਿਚ ਸ਼ਾਮਲ ਸੀ। ਉਹ ਪਿੰਡਾਂ ਦੇ ਬਹੁਤੇ ਗਭਰੂਆਂ ਨੂੰ ਰਾਈਫਲ ਟਰੇਨਿੰਗ ਵੀ ਦਿੰਦੇ। ਟਰੇਟਿੰਗ ਖਤਮ ਹੋਣ ਦੇ ਅਖੀਰਲੇ ਦਿਨ ਟਰੇਨਿੰਗ ਵਾਲੀ ਥਾਂ, ਜੋ ਆਮ ਕਰਕੇ ਪਿੰਡਾਂ ਦੇ ਬਾਹਰ ਪਿੜਾਂ ਵਿਚ ਹੁੰਦੀ ਸੀ, ਵੱਡਾ ਇਕੱਠ ਕੀਤਾ ਜਾਂਦਾ। ਉਥੇ ਜਨਰਲ ਮੋਹਨ ਸਿੰਘ ਆਪ ਜਾਂ ਫਾਰਵਰਡ ਬਲਾਕ ਦਾ ਕੋਈ ਵੱਡਾ ਲੀਡਰ ਆ ਕੇ ਭਾਸ਼ਣ ਦਿੰਦਾ ਤੇ ਫਿਰ ਟਰੇਨੀਆਂ ਨੂੰ ਸਰਟੀਫਿਕੇਟ ਵੰਡੇ ਜਾਂਦੇ।
ਸਾਡੇ ਸਕੂਲ ਵਿਚ ਤਾਂ ਇਸ ਤਰ੍ਹਾਂ ਦੇ ਭਾਸ਼ਣ ਹਰ ਰੋਜ਼ ਹੀ ਹੁੰਦੇ ਸਨ। ਸਵੇਰ ਦੀ ਪ੍ਰਾਰਥਨਾ ਪਿਛੋਂ ਆਜ਼ਾਦ ਹਿੰਦ ਫੌਜ ਦਾ ਕੋਈ ਨਾ ਕੋਈ ਕੈਪਟਨ, ਮੇਜਰ, ਬ੍ਰਿਗੇਡੀਅਰ ਜਾਂ ਕਰਨਲ ਸਾਨੂੰ ਕੋਈ ਪੰਦਰਾਂ ਕੁ ਮਿੰਟ ਦਾ ਸਿਖਿਆ ਦਾ ਲੈਕਚਰ ਦਿਆ ਕਰਦਾ। ਕਦੀ-ਕਦੀ ਜਨਰਲ ਮੋਹਨ ਸਿੰਘ ਵੀ ਸਾਨੂੰ ਲੈਕਚਰ ਦੇਣ ਆ ਜਾਂਦੇ। ਉਨ੍ਹਾਂ ਦੇ ਲੈਕਚਰ ਬਹੁਤੇ ਸਿਆਸੀ ਹੁੰਦੇ, ਜਿਸ ਦੀ ਸਾਨੂੰ ਘੱਟ ਹੀ ਸਮਝ ਆਉਂਦੀ ਪਰ ਜ਼ਾਬਤੇ, ਆਗਿਆ ਪਾਲਣ ਅਤੇ ਸਿਹਤ ਸੰਭਾਲ ਬਾਰੇ ਕਹੀਆਂ ਉਨ੍ਹਾਂ ਦੀਆਂ ਕੁਝ ਗੱਲਾਂ ਅੱਜ ਵੀ ਯਾਦ ਹਨ।
ਇਕ ਦਿਨ ਡਿਸਿਪਲਨ ਅਤੇ ਆਗਿਆ ਪਾਲਣ ਬਾਰੇ ਭਾਸ਼ਣ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਸੀ, “ਜੇ ਤੁਸੀਂ ਕਿਸੇ ਬਹੁਤ ਜ਼ਰੂਰੀ ਕੰਮ ਵਿਚ ਲੱਗੇ ਹੋਏ ਹੋ ਅਤੇ ਤੁਹਾਡਾ ਉਸਤਾਦ ਜਾਂ ਕੋਈ ਵੱਡ-ਵਡੇਰਾ ਤੁਹਾਨੂੰ ਬੁਲਾ ਰਿਹਾ ਹੈ ਤਾਂ ਆਪਣਾ ਅਤਿ ਜ਼ਰੂਰੀ ਕੰਮ ਵਿਚਾਲੇ ਛੱਡ ਕੇ ਤੁਹਾਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ।” ਇਹ ਗੱਲ ਦੱਸ ਕੇ ਉਨ੍ਹਾਂ ਬੜੀ ਉਚੀ ਆਵਾਜ਼ ਮਾਰੀ, “ਕਧਾਰਾ ਸਿੰਘ!”
ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕੁਝ ਪਲਾਂ ਵਿਚ ਹੀ ਕਿਸੇ ਪਾਸਿਓਂ ਆ ਕੇ ਇਕ ਜਵਾਨ ਨੇ, ਜਿਸ ਦੇ ਹੱਥ ਗਾਰੇ ਨਾਲ ਲਿਬੜੇ ਹੋਏ ਸਨ, ਆ ਸਲੂਟ ਮਾਰਿਆ। ਜਨਰਲ ਮੋਹਨ ਸਿੰਘ ਨੇ ਵੀ ਅੱਗਿਓਂ ਉਵੇਂ ਸਲੂਟ ਮਾਰਿਆ ਅਤੇ ਉਸ ਕੋਲੋਂ ਕੁਝ ਸਵਾਲ ਪੁੱਛ ਕੇ ਬਿਨਾ ਕੋਈ ਕੰਮ ਦੱਸਿਆਂ ਵਾਪਸ ਮੋੜ ਦਿੱਤਾ। ਉਹ ਜਿਸ ਤਰ੍ਹਾਂ ਭੱਜ ਕੇ ਆਇਆ ਸੀ, ਓਨੀ ਤੇਜ਼ੀ ਨਾਲ ਹੀ ਵਾਪਸ ਮੁੜ ਗਿਆ। ਉਸ ਨੇ ‘ਯੈਸ ਸਰ’ ਤੋਂ ਬਿਨਾ ਹੋਰ ਕੋਈ ਸ਼ਬਦ ਵੀ ਮੂੰਹੋਂ ਨਹੀਂ ਸੀ ਕੱਢਿਆ। ਭਾਵੇਂ ਸਾਨੂੰ ਅਧਿਆਪਕ ਵੀ ਡਿਸਿਪਲਨ ਸਿਖਾਉਂਦੇ ਅਤੇ ਡਿਸਿਪਲਨ ਬਾਰੇ ਦੱਸਦੇ ਰਹਿੰਦੇ ਸਨ, ਪਰ ਵਿਦਿਆਰਥੀਆਂ ‘ਤੇ ਇਸ ਗੱਲ ਦਾ ਬਹੁਤ ਚੰਗਾ ਅਸਰ ਹੋਇਆ। ਅਸੀਂ ਕਤਾਰਾਂ ਬਣਾ ਕੇ ਤੁਰਦੇ, ਜਮਾਤ ਵਿਚ ਰੌਲਾ ਘੱਟ ਪਾਉਂਦੇ ਅਤੇ ‘ਹਾਂ ਜੀ’ ਕਹਿ ਕੇ ਆਪਣੇ ਉਸਤਾਦਾਂ ਤੇ ਵੱਡਿਆਂ ਦੇ ਹੁਕਮ ਮੰਨਦੇ ਰਹੇ, ਪਰ ਜਨਰਲ ਸਾਹਿਬ ਦੇ ਇਸ ਲੈਕਚਰ ਦਾ ਸਾਡੇ ਉਸਤਾਦਾਂ ‘ਤੇ ਕਿੰਨਾ ਕੁ ਅਸਰ ਹੋਇਆ, ਉਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ।
ਸਾਡੇ ਡਰਿਲ ਮਾਸਟਰ ਸ਼ ਮਿਹਰ ਸਿੰਘ ਕੁਝ ਗਰਮ ਸੁਭਾਅ ਦੇ ਸਨ। ਡਰਿਲ ਕਰਾਉਂਦੇ ਜਾਂ ਖਿਡਾਉਂਦੇ ਸਮੇਂ ਕੋਈ ਗਲਤੀ ਹੋ ਜਾਣੀ ਤਾਂ ਉਹ ਗਾਲ੍ਹ ਦੇ ਨਾਲ ਸਾਨੂੰ ਧੌਲ-ਧੱਫਾ ਵੀ ਕਰ ਦਿੰਦੇ। ਉਹ ਸ਼ਾਮ ਵੇਲੇ ਵਿਦਿਆਰਥੀਆਂ ਨੂੰ ਹਾਕੀ ਖਿਡਾਉਂਦੇ ਸਨ। ਕੋਈ ਮੁੰਡਾ ਉਨ੍ਹਾਂ ਅੱਗੇ ਨਾ ਕੁਸਕਦਾ।
ਉਨ੍ਹੀਂ ਦਿਨੀਂ ਸਾਡੇ ਸਕੂਲ ਵਿਚ ਇਕ ਨਵੇਂ ਅਧਿਆਪਕ ਆਏ, ਜੋ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ। ਉਹ ਬਹੁਤ ਹੀ ਚੁੱਪ ਰਹਿਣ ਵਾਲੇ ਅਤੇ ਗਹਿਰ ਗੰਭੀਰ ਸੁਭਾਅ ਦੇ ਸਨ। ਮਾਸਟਰ ਨਿਰੰਜਨ ਸਿੰਘ ਤਾਂ ਉਨ੍ਹਾਂ ਨੂੰ ਮਖੌਲ ਨਾਲ ‘ਬੰਦ ਗੋਭੀ ਦਾ ਫੁੱਲ’ ਕਹਿ ਦਿੰਦੇ ਸਨ, ਪਰ ਅਸੀਂ ਉਨ੍ਹਾਂ ਨੂੰ ਨਿਊ ਮਾਸਟਰ ਕਹਿੰਦੇ ਸਾਂ। ਉਹ ਆਥਣ ਵੇਲੇ ਫੁਟਬਾਲ ਖਿਡਾਉਂਦੇ। ਗਰਾਊਂਡ ਇਕ ਹੋਣ ਕਰਕੇ ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਵਾਰੀ-ਵਾਰੀ ਗਰਾਊਂਡ ਵਿਚ ਖੇਡਦੀਆਂ।
ਇਕ ਦਿਨ ਪਤਾ ਨਹੀਂ ਕੀ ਗੱਲ ਹੋਈ, ਵਾਰੀ ਤਾਂ ਫੁੱਟਬਾਲ ਖੇਡਣ ਵਾਲਿਆਂ ਦੀ ਸੀ, ਪਰ ਡਰਿਲ ਮਾਸਟਰ ਆਪਣੀ ਟੀਮ ਨੂੰ ਗਰਾਊਂਡ ਵਿਚ ਲਿਆ ਕੇ ਖਿਡਾਉਣ ਲੱਗ ਪਏ। ਕੁਝ ਦੇਰ ਪਿਛੋਂ ਨਿਊ ਮਾਸਟਰ ਵੀ ਆਪਣੇ ਫੁੱਟਬਾਲ ਖਿਡਾਰੀਆਂ ਨੂੰ ਲੈ ਕੇ ਆ ਗਏ। ਕੁਝ ਚਿਰ ਦੋਹਾਂ ਅਧਿਆਪਕਾਂ ਦੀ ਆਪਸ ਵਿਚ ਗੱਲਬਾਤ ਹੁੰਦੀ ਰਹੀ, ਫਿਰ ਗੱਲ ਤਕਰਾਰ ਤਕ ਚਲੀ ਗਈ ਅਤੇ ਡਰਿਲ ਮਾਸਟਰ ਨੇ ਨਿਊ ਮਾਸਟਰ ਨੂੰ ਗਾਲ੍ਹ ਕੱਢ ਦਿੱਤੀ। ਨਿਊ ਮਾਸਟਰ ਨੇ ਅੱਗਿਓਂ ਕੋਈ ਗਾਲ੍ਹ ਨਾ ਕੱਢੀ ਪਰ ਡਰਿਲ ਮਾਸਟਰ ਦੇ ਮੂੰਹ ‘ਤੇ ਦੋ ਘਸੁੰਨ ਅਜਿਹੇ ਮਾਰੇ ਕਿ ਉਹ ਉਥੇ ਹੀ ਫੁੜਕ ਕੇ ਡਿੱਗ ਪਏ। ਮੁੰਡਿਆਂ ਨੇ ਉਨ੍ਹਾਂ ਦੇ ਮੂੰਹ ਵਿਚ ਪਾਣੀ ਪਾ ਕੇ ਸੁਰਤ ਵਿਚ ਲਿਆਂਦਾ। ਦੋਹਾਂ ਟੀਮਾਂ ਦੀ ਖੇਡ ਖਤਮ ਹੋ ਗਈ ਅਤੇ ਗਰਾਊਂਡ ਵਿਹਲੀ ਪਈ ਰਹੀ।
ਅਗਲੇ ਦਿਨ ਸਕੂਲ ਕਮੇਟੀ ਦੀ ਮੀਟਿੰਗ ਹੋਈ ਅਤੇ ਨਿਊ ਮਾਸਟਰ ਨੂੰ ਸਕੂਲ ਵਿਚੋਂ ਕੱਢ ਦਿੱਤਾ ਪਰ ਜੋ ਡਿਸਿਪਲਨ ਦੀ ਸਿਖਿਆ ਸਾਨੂੰ ਜਨਰਲ ਮੋਹਨ ਸਿੰਘ ਕੋਲੋਂ ਮਿਲੀ, ਉਹ ਵੀ ਕਿਧਰੇ ਛਾਈਂ-ਮਾਈਂ ਹੋ ਗਈ। ਮੁੰਡੇ ਡਰਿਲ ਮਾਸਟਰ ਦਾ ਰੋਅਬ ਮੰਨਣੋਂ ਹਟ ਗਏ। ਫਿਰ ਨਮੋਸ਼ੀ ਦੇ ਮਾਰੇ ਉਹ ਆਪ ਹੀ ਸਕੂਲ ਛੱਡ ਗਏ।
ਜਨਰਲ ਮੋਹਨ ਸਿੰਘ ਨੇ ਚੰਗੀ ਸਿਹਤ ਬਾਰੇ ਲੈਕਚਰ ਦਿੰਦਿਆਂ ਸਰੀਰ ਨੂੰ ਤਕੜਾ ਤੇ ਤੰਦਰੁਸਤ ਰੱਖਣ ਲਈ ਕਈ ਗੁਰ ਦੱਸ ਕੇ ਖੁਰਾਕ ਬਾਰੇ ਵੀ ਦੱਸਿਆ, ਜਿਸ ਦਾ ਸਾਰ ਕੁਝ ਇਸ ਤਰ੍ਹਾਂ ਹੈ: ‘ਚੰਗੀ ਸਿਹਤ ਲਈ ਚੰਗੀ ਖੁਰਾਕ ਵੀ ਬਹੁਤ ਜ਼ਰੂਰੀ ਹੈ। ਗੰਨੇ, ਮੂਲੀ, ਗਾਜਰ, ਸ਼ਲਗਮ, ਸਾਗ, ਬੇਰ, ਪੀਲ੍ਹਾਂ, ਪੇਂਜੂ ਆਦਿ ਖੇਤਾਂ ਵਿਚੋਂ ਮਿਲ ਜਾਂਦੇ ਹਨ। ਜਿਸ ਮੌਸਮ ਵਿਚ ਇਹ ਹੋਣ, ਉਹ ਰੱਜ ਕੇ ਖਾਓ ਪਰ ਇਕ ਗੱਲ ਯਾਦ ਰੱਖਣੀ ਕਿ ਖੁਰਾਕ ਵਿਚ ਦੁੱਧ ਸਭ ਤੋਂ ਜ਼ਰੂਰੀ ਹੈ। ਮਾਂਵਾਂ ਤੁਹਾਨੂੰ ਪੰਜੀਰੀ ਰਲਾ ਕੇ ਦੇ ਦੇਣਗੀਆਂ, ਖੋਆ ਮਾਰ ਕੇ ਵੀ ਦੇ ਦੇਣਗੀਆਂ ਪਰ ਦੁੱਧ ਪਲਾ, ਦੋ ਪਲੇ ਤੋਂ ਵਧ ਨਹੀਂ ਦਿੰਦੀਆਂ।’
ਫਿਰ ਉਨ੍ਹਾਂ ਆਪਣੀ ਮਿਸਾਲ ਦਿੱਤੀ, ‘ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਮੇਰੀ ਮਾਂ ਵੀ ਮੇਰੇ ਨਾਲ ਇਹੋ ਸਲੂਕ ਕਰਦੀ ਸੀ, ਪਰ ਮੈਂ ਇਸ ਦਾ ਹੱਲ ਕੱਢ ਲਿਆ ਸੀ। ਮਾਂ ਕਾੜ੍ਹਨੀ ਵਿਚ ਦੁੱਧ ਪਾ ਕੇ ਹਾਰੇ ਵਿਚ ਰੱਖ ਦਿੰਦੀ। ਆਥਣ ਤਾਈਂ ਉਹ ਕੜ੍ਹ ਕੇ ਲਾਲ ਹੋ ਜਾਂਦਾ ਅਤੇ ਉਸ ‘ਤੇ ਮੋਟੀ ਮਲਾਈ ਦੀ ਤਹਿ ਬਣ ਜਾਂਦੀ। ਮੈਂ ਮਲਾਈ ਪਾਸੇ ਕਰਕੇ ਨੜੇ ਰਾਹੀਂ ਦੁੱਧ ਪੀ ਜਾਂਦਾ।’ ਫਿਰ ਉਨ੍ਹਾਂ ਹੱਸ ਕੇ ਕਾੜ੍ਹਨੀ ਵਿਚੋਂ ਦੁੱਧ ਪੀਣ ਦਾ ਗੁਰ ਦੱਸਿਆ, “ਘਰਾਂ ਵਿਚ ਵੱਡੇ ਗਲੋਟੇ ਬਣਾਉਣ ਲਈ ਨੜੇ ਹੁੰਦੇ ਸਨ। ਕੁਝ ਪਤਲੇ ਤੇ ਮੋਟੇ ਨੜੇ ਲੈ ਲਓ, ਜੋ ਇਕ ਦੂਜੇ ਵਿਚ ਫਿੱਟ ਹੋ ਜਾਣ। ਚਾਰ ਪੰਜ ਨੜੇ ਜੋੜ ਲਵੋ ਜਿਸ ਨਾਲ ਤੁਹਾਡਾ ਮੂੰਹ ਕਾੜ੍ਹਨੀ ਤੋਂ ਬਾਹਰ ਰਹੇ ਤੇ ਨੜਾ ਕਾੜ੍ਹਨੀ ਦੇ ਥੱਲੇ ਚਲਾ ਜਾਵੇ। ਆਥਣ ਵੇਲੇ ਅੱਗਾ ਪਿੱਛਾ ਦੇਖ ਕੇ ਮਲਾਈ ਨੂੰ ਜ਼ਰਾ ਕੁ ਪਾਸੇ ਕਰਕੇ ਦੱਧ ਸੁੜ੍ਹਾਕ ਜਾਓ। ਓਨਾ ਕੁ ਪੀਓ ਕਿ ਮਾਂ ਨੂੰ ਪਤਾ ਨਾ ਲੱਗੇ। ਡਰਨ ਦੀ ਲੋੜ ਨਹੀਂ, ਘਰੋਂ ਖਾਣ ਪੀਣ ਵਾਲੀ ਚੀਜ਼ ਖਾ ਪੀ ਲੈਣੀ ਚੋਰੀ ਨਹੀਂ ਅਖਵਾਉਂਦੀ।”
ਇਕ ਦਿਨ ਜਨਰਲ ਮੋਹਨ ਸਿੰਘ ਦੇ ਗੁਰ ਨੂੰ ਮੈਂ ਵੀ ਅਜ਼ਮਾ ਕੇ ਦੇਖਿਆ। ਸਾਡੇ ਘਰ ਇਕ ਟੋਕਰੀ ਵਿਚ ਬਹੁਤ ਸਾਰੇ ਨੜੇ ਰੱਖੇ ਹੁੰਦੇ ਸਨ। ਜੁਲਾਹੇ ਤੋਂ ਖੱਦਰ ਬਣਾਉਣ ਲਈ ਤਾਣਾ ਤਣਨ ਸਮੇਂ ਚਰਖੇ ‘ਤੇ ਵੱਡਾ ਤਕਲਾ ਚੜ੍ਹ ਕੇ ਇਨ੍ਹਾਂ ਨੜਿਆਂ ‘ਤੇ ਸੂਤ ਲਪੇਟਿਆ ਜਾਂਦਾ ਸੀ। ਮੈਂ ਅੱਗਾ-ਪਿੱਛਾ ਦੇਖ ਕੇ ਝਟ ਅੰਦਰੋਂ ਨੜੇ ਚੁੱਕ ਲਿਆਇਆ ਤੇ ਕਾੜ੍ਹਨੀ ਵਿਚੋਂ ਦੁੱਧ ਪੀਣ ਲੱਗਾ। ਮੈਂ ਅਜੇ ਇਕੋ ਘੁੱਟ ਹੀ ਭਰੀ ਸੀ ਕਿ ਬਦਕਿਸਮਤੀ ਨੂੰ ਉਦੋਂ ਹੀ ਮੇਰੀ ਮਾਂ ਆ ਗਈ। ਉਸ ਨੇ ਮੈਨੂੰ ਗਲਮੇ ਤੋਂ ਫੜ ਕੇ ਪਿਛਾਂਹ ਧੂਅ ਲਿਆ ਅਤੇ ਦੋ ਚਪੇੜਾਂ ਮਾਰ ਕੇ ਕਿਹਾ, “ਤੇਰੇ ਢਿੱਡ ਬਹੁਤਾ ਲੱਗੈ, ਦੂਜੇ ਜੁਆਕ ਵੀ ਤੇਰੇ ਵਰਗੇ ਐ। ਉਨ੍ਹਾਂ ਦਾ ਚਿੱਤ ਨਹੀਂ ਕਰਦਾ ਦੁੱਧ ਪੀਣ ਨੂੰ!”
ਮੈਂ ਮਾਂ ਕੋਲੋਂ ਆਪਣਾ ਝੱਗਾ ਛੁਡਾ ਕੇ ਬਾਹਰ ਭੱਜਣ ਲੱਗਾ ਤਾਂ ਉਸ ਨੇ ਮੇਰੀ ਬਾਂਹ ਫੜ ਕੇ ਮੇਰੇ ਮੌਰਾਂ ‘ਤੇ ਦੋ ਧੱਫੇ ਹੋਰ ਠੋਕ ਦਿੱਤੇ ਅਤੇ ਫੜ ਕੇ ਕੋਠੜੀ ਵਿਚ ਤਾੜ ਦਿੱਤਾ। ਮੈਨੂੰ ਡਰ ਸੀ ਕਿ ਹੁਣ ਮਾਂ ਮੈਨੂੰ ਮੇਰੇ ਬਾਪ ਤੋਂ ਵੀ ਕੁਟਵਾਏਗੀ, ਪਰ ਪੰਜ ਕੁ ਮਿੰਟ ਬਾਅਦ ਹੀ ਉਸ ਨੇ ਮੈਨੂੰ ਕੋਠੜੀ ਵਿਚੋਂ ਬਾਹਰ ਕੱਢ ਲਿਆ ਅਤੇ ਸਮਝਾਉਣ ਲੱਗੀ, “ਮੇਰਾ ਵੀ ਜੀਅ ਕਰਦੈ, ਬਈ ਮੇਰੇ ਜੁਆਕ ਰੱਜਵਾਂ ਖਾਣ ਤੇ ਚੰਗਾ ਪਹਿਨਣ, ਪਰ ਕੀ ਕਰਾਂ! ‘ਕੱਲੇ ਦੀ ਕਮਾਈ ਐ ਤੇ ਸੌ ਮੋਰੀਆਂ ਮੁੰਦਣ ਵਾਲੀਆਂ ਪਈਆਂ ਐ। ਥੋਨੂੰ ਪਲਾ ਪਲਾ ਦੇ ਕੇ ਜੋ ਗੜਵੀ ਦੁੱਧ ਬਚਦੈ, ਉਹਦੀ ਸਵੇਰੇ ਲੱਸੀ ਵੀ ਬਣਾਉਣੀ ਹੁੰਦੀ ਐ ਤੇ ਰੋਟੀਆਂ ਦੀ ਸਵਾਹ ਝਾੜਨ ਵਾਸਤੇ ਭੋਰਾ ਘਿਉ ਵੀ ਚਾਹੀਦੈ। ਵੇਖ ਮੇਰਾ ਪੁੱਤ, ਮੁੜ ਕੇ ਇਹੋ ਜਿਹੀ ਇੱਲਤ ਨਾ ਕਰੀਂ।” ਇੰਨਾ ਕਹਿ ਕੇ ਮਾਂ ਰੋਣ ਲੱਗ ਪਈ।
ਜਨਰਲ ਮੋਹਨ ਸਿੰਘ ਨੇ ਡਿਸਿਪਲਨ ਦਾ ਜੋ ਪਾਠ ਪੜ੍ਹਾਇਆ ਸੀ, ਉਸ ਦਾ ਅਸਰ ਸਾਡੇ ਨਿਊ ਮਾਸਟਰ ਅਤੇ ਡਰਿਲ ਮਾਸਟਰ ਨੇ ਚੰਗਾ ਗ੍ਰਹਿਣ ਕੀਤਾ ਸੀ ਅਤੇ ਕਾੜ੍ਹਨੀ ਦੇ ਦੁੱਧ ਦਾ ਮੇਰੇ ‘ਤੇ ਅਸਰ ਇਹ ਪਿਆ ਕਿ ਫਿਰ ਕਦੀ ਮੈਂ ਚੋਰੀ ਦੁੱਧ ਤਾਂ ਕੀ ਪੀਣਾ ਸੀ, ਪੁੱਛੇ ਤੋਂ ਬਿਨਾ ਛਾਬੇ ਵਿਚ ਵਾਧੂ ਪਈ ਰੋਟੀ ਖਾਣ ਦੀ ਵੀ ਹਿੰਮਤ ਨਾ ਕੀਤੀ।