ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ-6
ਵਿਦਿਆਰਥੀ ਆਗੂ ਬਿੱਕਰ ਕੰਮੇਆਣਾ ਦੇ ਦੋ ਕਿਸ਼ਤਾਂ ਵਿਚ ਵਿਦਿਆਰਥੀ ਲਹਿਰ ਬਾਰੇ ਛਪੇ ਲੇਖ ਤੋਂ ਬਾਅਦ ਗੁਰਦਿਆਲ ਸਿੰਘ ਬਲ ਨੇ ਉਬਾਲੇ ਮਾਰਦੇ ਉਸ ਦੌਰ ਦੀਆਂ ਕੁਝ ਵਿਲੱਖਣ ਗੱਲਾਂ ‘ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ’ ਨਾਂ ਦੀ ਇਸ ਲੇਖ ਲੜੀ ਵਿਚ ਛੋਹੀਆਂ ਹਨ। 1968 ਵਾਲਾ ਸਾਲ ਸੰਸਾਰ ਭਰ ਵਿਚ ਬੜਾ ਘਟਨਾਵਾਂ ਭਰਪੂਰ ਸਾਲ ਸੀ। ਹਰ ਪਾਸੇ ਨੌਜਵਾਨ ਉਤਲੀ ਹੇਠ ਕਰਨ ਲਈ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਹੋਕਰੇ ਮਾਰ ਰਹੇ ਸਨ। ਜਾਨ-ਪ੍ਰਾਣ ਰੱਖਣ ਵਾਲਾ ਕੋਈ ਵਿਰਲਾ-ਟਾਵਾਂ ਹੀ ਇਸ ਹਾਲਾਤ ਤੋਂ ਅਣਭਿੱਜ ਰਿਹਾ ਹੋਵੇਗਾ। ਉਦੋਂ ਸੰਸਾਰ ਪੱਧਰ ‘ਤੇ ਅਮਰੀਕਾ ਵੀਅਤਨਾਮ ਵਿਰੁੱਧ ਜੰਗ ਵਿਚ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ ਰਿਹਾ ਸੀ। ਸਮਾਜਵਾਦੀ ਨਿਜ਼ਾਮ ਨੂੰ ਅਮਲ ਵਿਚ ਉਤਾਰਨ ਦੀਆਂ ਸੰਭਾਵਨਾਵਾਂ ਦਾ ਖੁਆਬ ਸਿਖਰ ‘ਤੇ ਸੀ। ਦੁਨੀਆਂ ਭਰ ਦੇ ਇਨਕਲਾਬੀ ਸੋਵੀਅਤ ਯੂਨੀਅਨ ਅਤੇ ਰਵਾਇਤੀ ਕਮਿਊਨਿਸਟ ਪਾਰਟੀਆਂ ਦੀ ਸੁਸਤ ਤੌਰ ਨੂੰ ਹਿਕਾਰਤ ਨਾਲ ਨਕਾਰਦਿਆਂ ਉਨ੍ਹਾਂ ਨੂੰ ਸੋਧਵਾਦੀ, ਸੁਧਾਰਵਾਦੀ ਅਤੇ ਹੋਰ ਪਤਾ ਨਹੀਂ ਕੀ ਕੀ ਆਖ ਕੇ ਰੱਦ ਕਰ ਰਹੇ ਸਨ। ਉਦੋਂ ਭਾਰਤ ਵਿਚ ਚਾਰੂ ਮਜੂਮਦਾਰ ਅਤੇ ਉਨ੍ਹਾਂ ਦੇ ਸਾਥੀ ਨਕਸਲੀ ਲਹਿਰ ਦਾ ਮੁੱਢ ਬੰਨ੍ਹ ਰਹੇ ਸਨ। ਇਸ ਕੜੀ ਵਿਚ ਇਸ ਮੁੱਢ ਬਾਰੇ ਗੱਲਾਂ ਛੋਹੀਆਂ ਗਈਆਂ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 91-98150-85277
ਸਾਡੇ ਲੋਕਾਂ ਨੂੰ 1914-15 ਵਾਲੇ ਗਦਰੀ ਬਾਬਿਆਂ ਦੇ ਅੰਦੋਲਨ ਦੀ ਪ੍ਰੇਰਨਾ ਅਤੇ ਆਸ਼ਿਆਂ ਬਾਰੇ ਬੇਸ਼ਕ ਜਾਣਕਾਰੀ ਨਾ ਵੀ ਹੋਵੇ, ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਬਾਰੇ ਹਰ ਇਕ ਨੂੰ ਥੋੜ੍ਹਾ ਬਹੁਤ ਪਤਾ ਹੈ ਕਿ ਉਹ ਦੇਸ਼ ਨੂੰ ਵਿਦੇਸ਼ੀ ਹਾਕਮਾਂ ਤੋਂ ਆਜ਼ਾਦ ਤਾਂ ਕਰਵਾਉਣਾ ਚਾਹੁੰਦੇ ਹੀ ਸਨ ਪਰ ਇਸ ਦੇ ਨਾਲ ਉਨ੍ਹਾਂ ਦੇ ਤਸੱਵਰ ਸੀ ਕਿ ਆਜ਼ਾਦ ਭਾਰਤ ਵਿਚ ਨਾ ਕੇਵਲ ਹਰ ਇਕ ਇਨਸਾਨ ਨੂੰ ਬਿਨਾਂ ਕਿਸੇ ਵਿਤਕਰੇ ਦੇ ਰੋਜ਼ਗਾਰ ਤੇ ਰੋਟੀ ਮਿਲੇ ਬਲਕਿ ਆਪਣੇ ਅਕੀਦਿਆਂ ਅਨੁਸਾਰ ਇੱਜ਼ਤ ਅਤੇ ਸਵੈਮਾਨ ਨਾਲ ਜਿਉਣ ਦੀ ਗਰੰਟੀ ਵੀ ਹੋਵੇ।
ਭਾਰਤ ਦੇ ਕਮਿਊਨਿਸਟ ਆਪਣੇ ਆਪ ਨੂੰ ਗਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਮੰਨਦੇ ਸਨ ਅਤੇ 1947 ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਜ਼ਾਹਰ ਹੋ ਗਿਆ ਕਿ ਇਹ ਆਜ਼ਾਦੀ ਖੋਖਲੀ ਸੀ, ਪਾਖੰਡ ਸੀ ਅਤੇ ਹਕੀਕਤ ਵਿਚ ਭਾਰਤ ਦੇ ਕਰੋੜਾਂ ਮਿਹਨਤਕਸ਼ ਲੋਕਾਂ ਨਾਲ ਠੱਗੀ ਵੱਜ ਗਈ ਸੀ। ਆਂਧਰਾ ਪ੍ਰਦੇਸ਼ ਦੇ ਤਿਲੰਗਾਨਾ ਕਿਸਾਨ ਅੰਦੋਲਨ ਅਤੇ ਰੰਧੀਵੇ ਲਾਈਨ ਰਾਹੀਂ ਕਮਿਊਨਿਸਟਾਂ ਨੇ ‘ਰਸਮੀ ਆਜ਼ਾਦੀ’ ਨੂੰ ‘ਹਕੀਕੀ ਆਜ਼ਾਦੀ’ ਵਿਚ ਬਦਲਣ ਲਈ ਹੰਭਲਾ ਮਾਰਿਆ। ਕਾਮਰੇਡਾਂ ਨੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ। ਗੱਲ ਬਣੀ ਨਾ। ਸੋਵੀਅਤ ਰੂਸ ਵਿਚ ਖਰੁਸ਼ਚੋਵ ਦੇ ਤਾਕਤ ਵਿਚ ਆਉਣ ਨਾਲ ਕੌਮਾਂਤਰੀ ਹਾਲਾਤ ਵੀ ਤੇਜ਼ੀ ਨਾਲ ਬਦਲ ਗਈ। ਨਤੀਜੇ ਵਜੋਂ ਪਾਰਟੀ ਨੇ ਅੱਗੇ ਕੋਈ ਰਾਹ-ਖਹਿੜਾ ਨਾ ਬਣਦਾ ਵੇਖ ਕੇ ਜਲਦੀ ਹੀ ਆਪਣੀ ਲਾਈਨ ਬਦਲ ਲਈ।
1947 ਤੋਂ ਲੈ ਕੇ ਸਾਲ 1967 ਤੱਕ ਕਮਿਊਨਿਸਟ ਸਫਾਂ ਵਿਚ ਕੀ ਕੁਝ ਵਾਪਰਿਆ ਕੌਣ ਗਲਤ ਸੀ ਤੇ ਕੌਣ ਠੀਕ, ਇਸ ਦੇ ਵਿਸਥਾਰ ਵਿਚ ਜਾਣ ਦੀ ਇਥੇ ਲੋੜ ਨਹੀਂ। ਭਾਰਤ ਵਿਚ 1952 ਦੀਆਂ ਆਮ ਚੋਣਾਂ ਦੇ ਨਾਲ ਹੀ ਕਮਿਊਨਿਸਟਾਂ ਦੀ ਲੀਡਰਸ਼ਿਪ ਨੇ ਨਵੇਂ ਕੌਮੀ ਅਤੇ ਕੌਮਾਂਤਰੀ ਹਾਲਾਤ ਵਿਚ ਤਾਕਤਾਂ ਦੇ ਤੋਲ ਨੂੰ ਨਿਰਖ-ਪਰਖ ਕੇ ਪ੍ਰਚੰਡ ਘੋਲਾਂ ਦਾ ਰਸਤਾ ਤਿਆਗ ਦਿੱਤਾ; ਪਰ ਪੰਜਾਬ ਵਿਚ ਕਾਮਰੇਡ ਦੇਵਾ ਸਿੰਘ ਮਾਹਲਾ, ਬਾਬਾ ਬੂਝਾ ਸਿੰਘ ਅਤੇ ਬਾਬਾ ਗੁਰਮੁਖ ਸਿੰਘ ਲਲਤੋਂ ਵਰਗੇ ਅਜਿਹੇ ਕਾਮਰੇਡਾਂ ਦੀ ਗਿਣਤੀ ਅਜੇ ਵੀ ਬਥੇਰੀ ਸੀ ਜਿਨ੍ਹਾਂ ਨੇ ਪਲ ਭਰ ਲਈ ਵੀ ਦਿਲੋਂ-ਮਨੋਂ ਨਵੀਂ ਲਾਈਨ ਸਵੀਕਾਰ ਕੀਤੀ ਨਹੀਂ ਸੀ। 1967-68 ‘ਚ ਇਨਕਲਾਬੀ ਉਭਾਰ ਸ਼ੁਰੂ ਹੁੰਦਿਆਂ ਹੀ ਕਾਮਰੇਡ ਚਾਰੂ ਮਜੂਮਦਾਰ ਦੇ ਸੱਦੇ ਅਤੇ ਆਜ਼ਾਦੀ ਦੇ ਸੁਪਨੇ ਨੂੰ ਹਕੀਕਤ ਵਿਚ ਉਤਾਰਨ ਲਈ ਹਥਿਆਰਬੰਦ ਇਨਕਲਾਬ ਸ਼ੁਰੂ ਕਰਨ ਲਈ ਇਸ ਕਿਸਮ ਦੀ ਸੋਚ ਨੇ ਮੁੜ ਸਾਹਮਣੇ ਆ ਜਾਣਾ ਸੀ। ਅਸਲ ਵਿਚ ਕਾਮਰੇਡ ਚਾਰੂ ਉਹੋ ਕੁਝ ਕਰਨ ਜਾ ਰਿਹਾ ਸੀ ਜਿਸ ਦੀ ਸਾਡੇ ਇਹ ਬਜ਼ੁਰਗ ਉਸ ਨਾਲੋਂ ਵੀ ਵਧੇਰੇ ਸ਼ਿੱਦਤ ਨਾਲ ਤਾਂਘ ਕਰ ਰਹੇ ਸਨ। ਕਾਮਰੇਡ ਚਾਰੂ ਮਜੂਮਦਾਰ ਪੱਛਮੀ ਬੰਗਾਲ ਵਿਚ ਮਾਰਕਸੀ ਕਮਿਊਨਿਸਟ ਪਾਰਟੀ ਦੀ ਦਾਰਜੀਲਿੰਗ ਜ਼ਿਲ੍ਹਾ ਇਕਾਈ ਦੇ ਆਗੂ ਸਨ ਅਤੇ ਇਸੇ ਤਰ੍ਹਾਂ ਦੀ ਤੱਤੀ ਸੋਚ ਵਾਲੇ ਕਾਮਰੇਡਾਂ ਦੀ ਨੁਮਾਇੰਦਗੀ ਕਰ ਰਹੇ ਸਨ। ਉਨ੍ਹਾਂ ਨੂੰ ਸਰੋਜ ਦੱਤਾ, ਸੋਰਿਨ ਬੋਸ ਅਤੇ ਸੁਨੀਤੀ ਘੋਸ਼ ਵਰਗੇ ਪੱਛਮੀ ਬੰਗਾਲ ਦੇ ਚੋਟੀ ਦੇ ਖੱਬੇ ਪੱਖੀ ਬੁੱਧੀਜੀਵਆਂ ਅਤੇ ਸੰਗਰਾਮੀਆਂ ਦੀ ਸਰਗਰਮ ਹਮਾਇਤ ਹਾਸਲ ਸੀ।
ਪੱਛਮੀ ਬੰਗਾਲ ਵਿਚ ਖੱਬੇ ਪੱਖੀ ਸਰਕਾਰ ਬਣਨ ਦੇ 2-4 ਦਿਨ ਬਾਅਦ, ਯਾਨਿ ਮਾਰਚ 1967 ਦੇ ਸ਼ੁਰੂ ਵਿਚ ਹੀ ਕਾਮਰੇਡ ਚਾਰੂ ਦੀ ਪ੍ਰੇਰਨਾ ਹੇਠ ਨਕਸਲਬਾੜੀ ਬਲਾਕ ਏਰੀਏ ਦੇ ਆਦਿਵਾਸੀ ਕਿਸਾਨਾਂ ਨੇ ਪਾਰਟੀ ਦੇ ਜ਼ੱਰਈ ਪ੍ਰੋਗਰਾਮ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਬਗਾਵਤ ਦਾ ਝੰਡਾ ਬੁਲੰਦ ਕਰਨਾ ਸ਼ੁਰੂ ਕਰ ਦਿੱਤਾ। ਇਸ ਵਰਤਾਰੇ ਦਾ ਨਾਜ਼ੁਕ ਮੋੜ 23 ਮਈ ਨੂੰ ਸੋਨਮ ਵਾਂਗੜੀ ਨਾਂ ਦੇ ਇਕ ਪੁਲਿਸ ਮੁਲਾਜ਼ਮ ਦੇ ਬਾਗੀ ਕਿਸਾਨਾਂ ਹੱਥੋਂ ਮਾਰੇ ਜਾਣ ਨਾਲ ਆਇਆ। 24 ਮਈ, 1967 ਨੂੰ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਪਿੰਡ ਦੇ ਝੁੱਗੀਆਂ-ਝੌਂਪੜੀਆਂ ਵਾਲੇ ਖੇਤਰ ਨੂੰ ਘੇਰਾ ਪਾ ਕੇ ਜਦੋਂ ਤਲਾਸ਼ੀਆਂ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਦੀਆਂ ਔਰਤਾਂ ਨੇ ਸੁਰੱਖਿਆ ਮੁਲਾਜ਼ਮਾਂ ਉਪਰ ਜ਼ਬਰਦਸਤ ਪਥਰਾਓ ਸ਼ੁਰੂ ਕਰ ਦਿੱਤਾ। ਐਸ਼ਡੀæਐਮæ ਨੇ ਘਬਰਾ ਕੇ ਗੋਲੀ ਚਲਾਉਣ ਦਾ ਆਦੇਸ਼ ਦੇ ਦਿੱਤਾ। 10 ਲੋਕ ਮਾਰੇ ਗਏ ਜਿਨ੍ਹਾਂ ਵਿਚ 6 ਔਰਤਾਂ ਸ਼ਾਮਲ ਸਨ। ਇਸ ਘਟਨਾ ਦੇ ਨਾਲ ਹੀ ਲਾਈਨਾਂ ਖਿੱਚੀਆਂ ਗਈਆਂ ਅਤੇ ਭਾਰਤ ਵਿਚ ਇਨਕਲਾਬੀ ਘੋਲਾਂ ਦੇ ਇਤਿਹਾਸ ਵਿਚ ਨਵੇਂ ਕਾਂਡ ਦੀ ਸ਼ੁਰੂਆਤ ਹੋ ਗਈ।
ਕਾਮਰੇਡ ਹਰੇ ਕ੍ਰਿਸ਼ਨ ਕੋਨਾਰ ਜੋ ਆਪਣੀ ਜਵਾਨੀ ਦੇ ਦਿਨਾਂ ‘ਚ ਬੜੇ ਹੀ ਜੁਝਾਰੂ ਕਮਿਊਨਿਸਟ ਮੰਨੇ ਜਾਂਦੇ ਰਹੇ ਸਨ, 17 ਮਈ ਨੂੰ ਹੀ ਨਕਸਲਬਾੜੀ ਏਰੀਏ ਵਿਚ ਪਹੁੰਚ ਗਏ ਅਤੇ ਕਾਨੂੰ ਸਨਿਆਲ ਤੇ ਜੰਗਲ ਸੰਥਾਲ ਨਾਲ ਸੰਪਰਕ ਕਰ ਕੇ ਹਾਲਾਤ ਨੂੰ ਹੱਥੋਂ ਨਿਕਲ ਜਾਣ ਤੋਂ ਬਚਾਉਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਕੋਈ ਪੇਸ਼ ਨਾ ਗਈ। ਹਾਰ ਹੰਭ ਕੇ ਮਾਰਕਸੀ ਪਾਰਟੀ ਦੀ ਪੱਛਮੀ ਬੰਗਾਲ ਕਮੇਟੀ ਨੇ ਚਾਰੂ ਮਜੂਮਦਾਰ, ਕਾਨੂੰ ਸਨਿਆਲ ਦੇ ਨਾਲ ਹੀ ਸੁਸ਼ੀਤਲ ਰਾਏ ਚੌਧਰੀ, ਸੋਰਿਨ ਬੋਸ, ਪ੍ਰੀਮਲ ਦਾਸ ਗੁਪਤਾ, ਅਮਿਤ ਸੇਨ ਅਤੇ ਸਰੋਜ ਦੱਤਾ ਸਮੇਤ ਕਈ ਆਗੂਆਂ ਨੂੰ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਖਾਰਜ ਕਰ ਦਿੱਤਾ। 28 ਜੂਨ 1967 ਨੂੰ ਮਾਰਕਸੀ ਪਾਰਟੀ ਦੇ ਕੁਝ ਵਫਾਦਾਰ ਕਾਰਕੁਨਾਂ ਨੇ ਪਾਰਟੀ ਅਖਬਾਰ ‘ਦੇਸ਼ ਹਿਤੈਸ਼ੀ’ ਦੇ ਦੋਵਾਂ ਸੰਪਾਦਕਾਂ-ਸੁਸ਼ੀਤਲ ਰਾਏ ਚੌਧਰੀ ਅਤੇ ਸਰੋਜ ਦੱਤ, ਨੂੰ ਜ਼ਬਰਦਸਤੀ ਖਦੇੜ ਕੇ ਦਫਤਰ ਉਪਰ ਆਪਣਾ ਕਬਜ਼ਾ ਕਰ ਲਿਆ।
ਇਸ ਤੋਂ ਜਲਦੀ ਬਾਅਦ ਇਨ੍ਹਾਂ ਨੇਤਾਵਾਂ ਨੇ ਦੇਸ਼ ਭਰ ਵਿਚ ਆਪਣੇ ਵਿਚਾਰਾਂ ਨਾਲ ਸਹਿਮਤ ਹੋਰ ਆਗੂਆਂ ਨੂੰ ਨਾਲ ਲੈ ਕੇ ਇਨਕਲਾਬੀ ਕਮਿਊਨਿਸਟਾਂ ਦੀ ਤਾਲਮੇਲ ਕਮੇਟੀ ਬਣਾ ਲਈ। ਅਗਲੇ 4-5 ਵਰ੍ਹਿਆਂ ਦੌਰਾਨ ਜਗੀਰਦਾਰਾਂ ਅਤੇ ਜੋਤੇਦਾਰਾਂ ਵਿਰੁਧ ਨਕਸਲੀ ਪੈਟਰਨ ‘ਤੇ ਸ੍ਰੀਕਾਕੁਲਮ, ਗੋਪੀਵੱਲਭਪੁਰ, ਏਬਰਾ, ਬੀਰਭੂਮ ਅਤੇ ਤਰਾਈ ਖੇਤਰ ਵਿਚ ਕਈ ਹੋਰ ਥਾਂਵਾਂ ਉਤੇ ਵੀ ਹਥਿਆਰਬੰਦ ਟੱਕਰਾਂ ਹੁੰਦੀਆਂ ਰਹੀਆਂ। ਇਨ੍ਹਾਂ ਹਿੰਸਕ ਝੜਪਾਂ ਦੌਰਾਨ ਸ਼ੁਰੂ ਸ਼ੁਰੂ ਵਿਚ ਤਾਂ ਕੁਝ ਪੁਲਿਸ ਮੁਲਾਜ਼ਮ ਅਤੇ ਜਗੀਰਦਾਰ ਮਰੇ, ਪਰ ਜਲਦੀ ਹੀ ਕਾਮਰੇਡਾਂ ਦਾ ਨੁਕਸਾਨ ਵੱਧ ਹੋਣਾ ਸ਼ੁਰੂ ਹੋ ਗਿਆ। ਕਾਮਰੇਡ ਚਾਰੂ ਦਾ ਰਾਹ ਠੀਕ ਸੀ ਜਾਂ ਗਲਤ, ਕਮਿਊਨਿਸਟ ਅੰਦੋਲਨ ਨੂੰ ਇਸ ਦਾ ਨਫਾ ਕਿੰਨਾ ਹੋਇਆ ਅਤੇ ਨੁਕਸਾਨ ਕਿੰਨਾ; ਇਹ ਸਭ ਖੁੱਲੀ੍ਹ ਬਹਿਸ ਦਾ ਵਿਸ਼ਾ ਹੈ। ਚਾਰੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਗਰਮ ਸੋਚ ਅਤੇ ਢੰਗ ਤਰੀਕਿਆਂ ਨਾਲ ਕਿਸੇ ਦੀ ਸਹਿਮਤੀ ਹੋਵੇ ਜਾਂ ਨਾ; ਇਸ ਵਿਚ ਕੋਈ ਸੰਦੇਹ ਨਹੀਂ ਕਿ ਉਨ੍ਹਾਂ ਦੇ ਆਦਰਸ਼ ਸਹੀ ਸਨ। ਉਨ੍ਹਾਂ ਦਾ ਗੁੱਸਾ ਵੀ ਜਾਇਜ਼ ਸੀ। ਉਹ ਭਾਰਤੀ ਅਜਾਦੀ ਘੁਲਾਟੀਆਂ ਦੇ ਉਸੇ ਖੁਆਬ ਨੂੰ ਹਕੀਕਤ ਵਿਚ ਉਤਾਰਨ ਲਈ ਮੈਦਾਨ ਵਿਚ ਉਤਰੇ ਸਨ ਜੋ ਉਨ੍ਹਾਂ ਤੋਂ 2000 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸਪਾਰਟਕਸ ਨੇ ਵੀ ਲਿਆ ਸੀ, ਜਿਸ ਦੀ ਤਾਈਦ ਈਸਾ ਅਤੇ ਮੁਹੰਮਦ ਸਮੇਤ ਦੁਨੀਆਂ ਦੇ ਹਰ ਧਾਰਮਿਕ ਰਹਿਬਰ ਨੇ ਕੀਤੀ ਸੀ ਅਤੇ ਜਿਸ ਨੂੰ ਜਾਇਜ਼ ਦਰਸਾਉਣ ਲਈ 19ਵੀਂ ਸਦੀ ਦੇ ਮਹਾਂ ਪੈਗੰਬਰ ਕਾਰਲ ਮਾਰਕਸ ਨੇ ‘ਪੂੰਜੀ’ ਨਾਂ ਦੀ ਸ਼ਾਹਕਾਰ ਪੁਸਤਕ ਲਿਖੀ ਸੀ।
ਸਪਾਰਟਕਸ ਦੀ ਰੂਹ ਅਤੇ ਕਾਰਲ ਮਾਰਕਸ ਵਿਚਾਲੇ ਬੜਾ ਹੀ ਨੇੜਲਾ ਰਿਸ਼ਤਾ ਹੈ। ਇਸ ਗੱਲ ਦਾ ਪਤਾ ਮਾਰਕਸ ਦੇ ਮੁੱਢਲੇ ਪੈਰੋਕਾਰਾਂ ਵਿਚੋਂ ਫਰਾਂਜ਼ ਮ੍ਹੇਰਿੰਗ ਦੀ ਲਿਖੀ ਉਸ ਦੀ ਪਹਿਲੀ ਜੀਵਨ ਕਹਾਣੀ ਵਿਚ ਬੜੀ ਚੰਗੀ ਤਰ੍ਹਾਂ ਲੱਗ ਜਾਂਦਾ ਹੈ; ਪਰ ਜੋ ਕਹਾਣੀ ਪਿੱਛੇ ਜਿਹੇ ਮੇਰੀ ਗੈਬਰੀਲ ਨੇ ਕਾਰਲ ਮਾਰਕਸ ਦੇ ਸਿਰੜ, ਆਦਰਸ਼ਾਂ ਅਤੇ ਪੂਰੇ ਪਰਿਵਾਰ ਦੇ ਮਹਾਨ ਦੁਖਾਂਤ ਬਾਰੇ ‘ਲਵ ਐਂਡ ਕੈਪੀਟਲ’ ਨਾਂ ਦੀ ਆਪਣੀ ਵੱਡ ਅਕਾਰੀ ਪੁਸਤਕ ਦੀ ਰਚਨਾ ਕਰ ਕੇ ਸੁਣਾਈ ਹੈ, ਉਹ ਕਮਾਲ ਹੈ। ਪੜ੍ਹਦਿਆਂ-ਪੜ੍ਹਦਿਆਂ ਆਦਮੀ ਦੀ ਰੂਹ ਸਰਸ਼ਾਰ ਹੋ ਜਾਂਦੀ ਹੈ। 6 ਕੁ ਮਹੀਨੇ ਪਹਿਲਾਂ ਆਪਣੇ ਮੁੱਢਲੇ ਦਿਨਾਂ ਦੇ ਸਭ ਤੋਂ ਨੇੜਲੇ ਮਿੱਤਰ ਕੰਵਲ ਦੇ ਹੱਥ ਕਿਤਾਬ ਦੀ ਕਾਪੀ ਦਿੰਦਿਆਂ ਮੈਂ ਉਸ ਨੂੰ ਯਾਦ ਰੱਖਣ ਲਈ ਆਖਿਆ ਕਿ ਇਹ ਕੋਹਿਨੂਰ ਹੀਰੇ ਨਾਲੋਂ ਵੀ ਕੀਮਤੀ ਸੌਗਾਤ ਸੀ ਜੋ ਕਿਸੇ ਨੂੰ ਦਿੱਤੀ ਜਾ ਸਕਦੀ ਸੀ। ਇਹ ਬੇਲੋੜਾ ਵੇਰਵਾ ਮੈਂ ਇਸ ਲਈ ਦਿੱਤਾ ਹੈ ਕਿ ਸ਼ਾਇਦ ਕੋਈ ਹੋਰ ਸੱਜਣ ਵੀ ‘ਲਵ ਐਂਡ ਕੈਪੀਟਲ’ ਪੜ੍ਹਨ ਲਈ ਪ੍ਰੇਰਿਤ ਹੋ ਜਾਵੇ। ਇਹ ਕਿਤਾਬ ਪੜ੍ਹਦਿਆਂ ਕਾਰਲ ਮਾਰਕਸ ਪ੍ਰੋਮੀਥੀਅਸ ਜਾਂ ਸਪਾਰਟਕਸ ਦਾ ਹੀ ਸਾਖਸ਼ਾਤ ਰੂਪ ਨਜ਼ਰ ਆਉਣ ਲਗ ਜਾਂਦਾ ਹੈ।
ਅਸੀਂ ਕਹਾਣੀ ਕਾਮਰੇਡ ਚਾਰੂ ਅਤੇ ਉਸ ਦੇ ਸਾਥੀਆਂ ਦੀ ਪਾ ਰਹੇ ਸਾਂ। ਕਮਰੇਡ ਚਾਰੂ ਪੰਜਾਬ ਵਿਚ ਨਕਸਲੀ ਲਹਿਰ ਦੇ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ ਵਾਂਗ ਹੀ ਚੰਗੇ ਗੁਜ਼ਾਰੇ ਵਾਲੇ ਪਿਤਾ ਦਾ ਪੁੱਤਰ ਸੀ। ਉਹ ਦਾਰਜੀਲਿੰਗ ਜ਼ਿਲ੍ਹੇ ‘ਚ ਸਿਲੀਗੁੜੀ ਦੇ ਤਕੜੇ ਰਸੂਖ ਵਾਲੇ ਜਗੀਰਦਾਰ ਪਰਿਵਾਰ ਵਿਚ 1918 ਵਿਚ ਪੈਦਾ ਹੋਏ। ਸਿਲੀਗੁੜੀ ਬੁਆਏਜ਼ ਸਕੂਲ ਤੋਂ 10ਵੀਂ ਪਾਸ ਕਰ ਕੇ ਅਗਲੀ ਪੜ੍ਹਾਈ ਉਨ੍ਹਾਂ ਐਡਵਰਡ ਕਾਲਜ ਪਾਬਲਾ ਤੋਂ ਕੀਤੀ। ਅੰਗਰੇਜ਼ੀ ਗੁਲਾਮੀ ਦੇ ਨਾਲ ਨਾਲ ਉਦੋਂ ਜਗੀਰਦਾਰੀ ਪ੍ਰਥਾ ਆਪਣੇ ਪੂਰਨ ਵਿਕਰਾਲ ਰੂਪ ਵਿਚ ਸਮਾਜ ‘ਤੇ ਹਾਵੀ ਸੀ। ਕਾਲਜ ਦੇ ਦਿਨਾਂ ਵਿਚ ਹੀ ਅਮੀਰਾਂ ਦੇ ਗਰੀਬਾਂ ਉਪਰ ਅਣਮਨੁੱਖੀ ਅਤਿਆਚਾਰਾਂ ਨੂੰ ਵੇਖ ਕੇ ਚਾਰੂ ਦਾ ਮਨ ਆਮ ਕਰੀਅਰ ਅਪਣਾਉਣ ਤੋਂ ਉਪਰਾਮ ਹੋ ਗਿਆ। ਪੜ੍ਹਾਈ ਦਾ ਚੱਕਰ ਵਿਚਾਲੇ ਹੀ ਛੱਡ ਕੇ 1938 ‘ਚ ਉਸ ਨੇ ਉਸ ਸਮੇਂ ਗੈਰ-ਕਨੂੰਨੀ ਕਰਾਰ ਦਿੱਤੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਕੇ ਕਿਸਾਨ ਫਰੰਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਹੀ ਜਲਪਾਏਗੁੜੀ ਜ਼ਿਲ੍ਹੇ ਦੇ ਤੇਭਾਗਾ ਅੰਦੋਲਨ ਵਿਚ ਉਨ੍ਹਾਂ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਸੀ। 1949 ‘ਚ ਕਮਿਊਨਿਸਟ ਪਾਰਟੀ ਦੇ ਰੰਧੀਵੇ ਦੌਰ ਵਿਚ ਉਹ ਫੜ੍ਹੇ ਗਏ ਅਤੇ ਅਗਲੇ 3-4 ਸਾਲ ਜੇਲ੍ਹ ਵਿਚ ਨਜ਼ਰਬੰਦ ਰਹੇ। 1964 ਵਿਚ ਪਾਰਟੀ ਦੇ ਦੋਫਾੜ ਹੋਣ ‘ਤੇ ਉਹ ਮਾਰਕਸੀ ਪਾਰਟੀ ਵਿਚ ਚਲੇ ਗਏ, ਪਰ ਉਨ੍ਹਾਂ ਦਾ ਸਮਾਜਕ ਤਬਦੀਲੀ ਲਈ ਕਾਹਲਾ ਪਿਆ ਮਨ ਬਹੁਤ ਜਲਦੀ ਦੀ ਮਾਰਕਸੀ ਪਾਰਟੀ ਦੀਆਂ ਸੀਮਾਵਾਂ ਨੂੰ ਤਾੜ ਗਿਆ ਅਤੇ ਨਕਸਲਬਾੜੀ ਵਰਤਾਰੇ ਤੋਂ ਕਾਫੀ ਪਹਿਲਾਂ 1965 ‘ਚ ਹੀ ਉਨ੍ਹਾਂ ਨੇ ਮਾਰਕਸੀ ਨੇਤਾਵਾਂ ਨੂੰ ਉਨ੍ਹਾਂ ਦੀ ਸੋਧਵਾਦੀ ਸਿਆਸਤ ਤੋਂ ਸਾਵਧਾਨ ਕਰਨ ਲਈ ਖੁੱਲ੍ਹੀ ਚਿੱਠੀ ਲਿਖ ਦਿੱਤੀ। ਪਾਰਟੀ ਵਿਚੋਂ ਕੱਢੇ ਜਾਣ ਤੇ ਉਨ੍ਹਾਂ ਪਹਿਲਾਂ ਸੁਸ਼ੀਤਲ ਰਾਏ ਚੌਧਰੀ, ਸਰੋਜ ਦੱਤਾ ਅਤੇ ਪ੍ਰੋæ ਸੁਨੀਤੀ ਘੋਸ਼ ਵਰਗੇ ਦੰਤਕਥਾਈ ਸਾਥੀਆਂ ਨਾਲ ਮਿਲ ਕੇ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਬਣਾਈ ਅਤੇ ਫਿਰ ਪਹਿਲੀ ਮਈ, 1969 ਨੂੰ ਸੀæਪੀæਆਈæ(ਐਮæਐਲ਼) ਕਾਇਮ ਕਰ ਦਿੱਤੀ। ਸਾਲ 1970-71 ਦੇ ਪਹਿਲੇ ਅੱਧ ਦੌਰਾਨ ਕਾਮਰੇਡ ਚਾਰੂ ਦੇ ਨੌਜਵਾਨ ਪੈਰੋਕਾਰਾਂ ਨੇ ਬੰਗਾਲ ਦੇ ਕਈ ਖੇਤਰਾਂ ਖਾਸ ਕਰ ਕੇ ਕਲੱਕਤੇ ਸ਼ਹਿਰ ਹਾਕਮ ਧਿਰਾਂ ਦੀ ਨੀਂਦ ਉਡਾਈ ਰੱਖੀ, ਪਰ 1971 ਦੇ ਸ਼ੁਰੂ ਤੋਂ ਹੀ ਅੰਦੋਲਨ ਇਕ ਤਰ੍ਹਾਂ ਨਾਲ ਬੁਰੀ ਤਰ੍ਹਾਂ ਭਟਕ ਗਿਆ ਅਤੇ ਪੱਛਮੀ ਬੰਗਾਲ ਦੇ ਦਿਹਾਤੀ ਖੇਤਰਾਂ ਨੂੰ ਛੱਡ ਕੇ ਕਲੱਕਤਾ ਸ਼ਹਿਰ ਵਿਚ ਕੇਂਦ੍ਰਿਤ ਹੋ ਗਿਆ। ਇਸ ਦੌਰ ਵਿਚ ਗੁਸੈਲ ਨੌਜਵਾਨਾਂ ਨੇ ਕਿਸਾਨੀ ਖੇਤਰਾਂ ਵਿਚ ਹਥਿਆਰਬੰਦ ਘੋਲ ਨੂੰ ਛੱਡ ਕੇ ਚੀਨ ਦੇ ਸਭਿਆਚਾਰਕ ਇਨਕਲਾਬ ਦੀ ਮਿੱਥ ਤੋਂ ਪ੍ਰੇਰਿਤ ਹੋ ਕੇ ਬੁਰਜ਼ੁਆ ਨਿਜ਼ਾਮ ਦੇ ਚਿੰਨ੍ਹ ਸਮਝੇ ਜਾਣ ਵਾਲੇ ਸਭ ਅਦਾਰਿਆਂ ਨੂੰ ਇਕੋ ਸਮੇਂ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਮਹਾਤਮਾ ਗਾਂਧੀ ਦਾ ਅਸਰ ਰਸੂਖ ਤਾਂ ਬੰਗਾਲੀ ਮਾਨਸਿਕਤਾ ‘ਤੇ ਸ਼ੁਰੂ ਤੋਂ ਹੀ ਘੱਟ ਸੀ, ਉਸ ਦੇ ਬੁੱਤਾਂ ਜਾਂ ਪੁਸਤਕਾਂ ਦੀ ਬੇਅਦਬੀ ਤਾਂ ਸ਼ਾਇਦ ਉਥੋਂ ਦੀ ਭੱਦਰ ਜਮਾਤ ਔਖੀ-ਸੌਖੀ ਬਰਦਾਸ਼ਤ ਕਰ ਲੈਂਦੀ, ਨਕਸਲੀ ਨੌਜਵਾਨਾਂ ਨੇ ਰਵਿੰਦਰ ਨਾਥ ਟੈਗੋਰ, ਵਿਵੇਕਾਨੰਦ ਅਤੇ ਬੰਕਿਮ ਚੈਟਰਜੀ ਵਰਗੀਆਂ ਹਸਤੀਆਂ ਨੂੰ ਵੀ ਇਕੋ ਰੱਸੇ ਬੰਨਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਾਰਕਸੀ ਕਾਰਕੁਨਾਂ ਨਾਲ ਵੀ ਲਹੂ ਵੀਟਵੀਂ ਭਰਾ-ਮਾਰੂ ਜੰਗ ਵਿੱਢ ਦਿੱਤੀ ਗਈ। ਮਾਰਚ 1971 ਤੋਂ ਲੈ ਕੇ ਅਗਸਤ 1971 ਤੱਕ ਨਕਸਲੀਆਂ ਅਤੇ ਮਾਰਕਸੀ ਵਲੰਟੀਅਰਾਂ ਵਿਚਾਲੇ 123 ਖੂਨੀ ਝੜਪਾਂ ਹੋਈਆਂ ਜਿਨ੍ਹਾਂ ਵਿਚ ਦੋਵਾਂ ਧਿਰਾਂ ਦੇ ਅਨੇਕਾਂ ਕਾਮਰੇਡ ਅਜ਼ਾਈਂ ਮਾਰੇ ਗਏ।
ਇਸ ਮੋੜ ‘ਤੇ ਪਹਿਲਾਂ ਸੁਸ਼ੀਤਲ ਰਾਏ ਚੌਧਰੀ ਅਤੇ ਫਿਰ ਆਸ਼ਿਮ ਚੈਟਰਜੀ ਤੇ ਚਾਰੂ ਮਜੂਮਦਾਰ ਦੀ ਲੀਡਰਸ਼ਿਪ ਅਤੇ ਆਮ ਪਾਰਟੀ ਲਾਈਨ ਦੀ ਸਾਰਥਿਕਤਾ ਤੇ ਗੰਭੀਰ ਕਿੰਤੂ ਤਾਂ ਉਠੇ ਪਰ ਕਹਾਣੀ ਹੱਥੋਂ ਨਿਕਲ ਚੁੱਕੀ ਹੋਈ ਸੀ। ਸੁਸ਼ੀਤਲ ਰਾਏ ਚੌਧਰੀ ਨੇ ਨਕਸਲੀ ਵਲੰਟੀਅਰ ਵੱਲੋਂ ਕਲੱਕਤਾ ਮਹਾਂਨਗਰ ਵਿਚ ਸਭਿਆਚਾਰ ਹਸਤੀਆਂ ਦੇ ਬੁੱਤਾਂ ਨੂੰ ਮਿਸਮਾਰ ਕਰਨ ਲਈ ਅਰੰਭੀ ਮੁਹਿੰਮ ਦੇ ਮੁਹਾਣ ਨੂੰ ਠੱਲ੍ਹਣ ਲਈ ਪੂਰੀ ਵਾਹ ਲਾਈ ਪਰ ਉਨ੍ਹਾਂ ਦੀ ਆਵਾਜ਼ ਸੁਣੀ ਨਾ ਜਾ ਸਕੀ।
ਪਾਰਟੀ ਦੀ ਪੱਛਮੀ ਬੰਗਾਲ ਸੂਬਾਈ ਕਮੇਟੀ ਦੀ ਜਨਵਰੀ, 1971 ‘ਚ ਹੋਈ ਹੰਗਾਮੀ ਮੀਟਿੰਗ ਵਿਚ ਸੁਸ਼ੀਤਲ ਰਾਏ ਚੌਧਰੀ ਦੇ ਇਤਰਾਜ਼ਾਂ ਨੂੰ ਵਿਸਥਾਰ ਰੂਪ ਵਿਚ ਵਿਚਾਰਿਆ ਗਿਆ। ਉਨ੍ਹਾਂ ਨੇ ਬੰਗਾਲੀ ਪੁਨਰ ਜਾਗਰਨ ਕਾਲ ਦੇ ਸਭਿਆਚਾਰਕ ਨੇਤਾਵਾਂ ਦੇ ਚਿੰਨ੍ਹਾਂ ਦੀ ਤੌਹੀਨ ਦੀ ਮੁਖਾਲਫਤ ਦੇ ਨਾਲ-ਨਾਲ ਜਮਾਤੀ ਦੁਸ਼ਮਣਾਂ ਦੇ ਸਫਾਏ ਬਾਰੇ ਚਾਰੂ ਦੀ ਲਾਈਨ ਉਪਰ ਵੀ ਕਿੰਤੂ ਉਠਾਏ। ਚੌਧਰੀ ਨੇ ਸਪੱਸ਼ਟ ਕੀਤਾ ਕਿ ਕਿਸ ਪ੍ਰਕਾਰ ਚਾਰੂ ਦੀ ਲਾਈਨ ਦੀ ਸਪਿਰਟ ਇਸੇ ਪ੍ਰਥਾਏ ਚੇਅਰਮੈਨ ਮਾਉ ਦੀ ਸਮਝ ਦੇ ਉਕਾ ਹੀ ਉਲਟ ਜਾ ਰਹੀ ਸੀ। ਉਨ੍ਹਾਂ ਨੇ 1975 ਤੱਕ ਜਾਂਦੇ ਜਾਂਦੇ ਇਨਕਲਾਬੀ ਮੁਹਿੰਮ ਨੂੰ ਸਿਰੇ ਚੜ੍ਹਾ ਦੇਣ ਬਾਰੇ ਕਾਮਰੇਡ ਚਾਰੂ ਦੀ ਪੇਸ਼ੀਨਗੋਈ ਨੂੰ ਵੀ ਰਾਏ ਚੌਧਰੀ ਤੇ ਨਜੂਮੀਆਂ ਵਾਲਾ ਦਾਅਵਾ ਕਰਾਰ ਦਿੱਤਾ, ਪਰ ਉਸ ਸਮੇਂ ਮੀਟਿੰਗ ਵਿਚ ਮਾਹੌਲ ਇੰਨਾ ਜਜ਼ਬਾਤੀ ਸੀ ਕਿ ਕਾਮਰੇਡਾਂ ਨੇ ਸੁਸ਼ੀਤਲ ਰਾਏ ਚੌਧਰੀ ਦੀ ਇਕ ਵੀ ਸਲਾਹ ਜਾਂ ਚਿਤਾਵਨੀ ਮੰਨਣ ਤੋਂ ਨਾਂਹ ਕਰ ਦਿੱਤੀ। ਹਰ ਨਕਸਲੀ ਨੁਮਾਇੰਦੇ ਨੂੰ ਸ਼ੱਕ ਸੀ ਕਿ ਸੁਸ਼ੀਤਲ ਰਾਏ ਚੌਧਰੀ ਕਿਧਰੇ ਉਨ੍ਹਾਂ ਨੂੰ ਮੁੜ ਸੋਧਵਾਦ ਦੇ ਖਾਰੇ ਸਮੁੰਦਰ ਵਿਚ ਹੀ ਨਾ ਲਿਜਾ ਡੋਬੇ।
ਕੁਲ ਮਿਲਾ ਕੇ ਹੋਇਆ ਇਹ ਕਿ ਹਾਕਮ ਧਿਰ ਦੀਆਂ ਪੌਂ-ਬਾਰਾਂ ਹੋ ਗਈਆਂ। ਪੱਛਮੀ ਬੰਗਾਲ ਦਾ ਸਾਰਾ ਮੱਧ ਵਰਗ ਦਿਨਾਂ ਵਿਚ ਹੀ ਨਕਸਲੀ ਆਦਰਸ਼ਵਾਦੀਆਂ ਦੇ ਖਿਲਾਫ ਹੋ ਗਿਆ। ਪਹਿਲਾਂ ਗਵਰਨਰੀ ਰਾਜ ਅਤੇ ਫਿਰ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇਅ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਨਕਸਲੀਆਂ ਦਾ ਸਫਾਇਆ ਕਰਨ ਲਈ ਗੁੰਡਾ ਅਨਸਰਾਂ ਨੂੰ ਸ਼ਿਸ਼ਕੇਰ ਕੇ ਉਨ੍ਹਾਂ ਦੇ ਰਜ਼ਾਕਾਰ ਦਸਤੇ ਕਾਇਮ ਕਰ ਦਿੱਤੇ ਅਤੇ ਉਨ੍ਹਾਂ ਗਸ਼ਤੀ ਟੋਲਿਆਂ ਨੇ ਫਿਰ ਨਕਸਲੀ ਵਲੰਟੀਅਰਾਂ ਦਾ ਦਿਨਾਂ ਵਿਚ ਹੀ ਸ਼ਰ੍ਹੇਆਮ ਘਰਾਂ ਅਤੇ ਸੜਕਾਂ ਤੋਂ ਚੁੱਕ-ਚੁੱਕ ਕੇ ਸਫਾਇਆ ਕਰ ਦਿੱਤਾ।
ਅਜੈ ਮੁਖਰਜੀ ਦੀ ਅਗਵਾਈ ਹੇਠਲੀ ਲੋਕ ਜਮਹੂਰੀ ਸਾਂਝੇ ਮੋਰਚੇ ਦੀ ਸਰਕਾਰ ਦੇ ਤਿੰਨ ਮਹੀਨਿਆਂ ਦੌਰਾਨ ਨਕਸਲੀ ਨੌਜਵਾਨਾਂ ਵੱਲੋਂ ਆਰੰਭੇ ਗਏ ‘ਸਭਿਆਚਾਰਕ ਇਨਕਲਾਬ’ ਦੀਆਂ ਗਤੀਵਿਧੀਆਂ ਪੂਰੇ ਸਿਖਰ ‘ਤੇ ਸਨ। ਹਾਲਾਤ ਤੋਂ ਬੇਜ਼ਾਰ ਹੋ ਕੇ ਜੂਨ 1971 ਵਿਚ ਮੁੱਖ ਮੰਤਰੀ ਅਜੈ ਮੁਖਰਜੀ ਨੇ ਹਥਿਆਰ ਸੁੱਟ ਕੇ ਅਸਤੀਫਾ ਦੇ ਦਿੱਤਾ। ਗਵਰਨਰੀ ਰਾਜ ਲਾਗੂ ਹੋਣ ਤੋਂ ਕੇਵਲ ਡੇਢ ਮਹੀਨਾ ਬਾਅਦ ਸਰਕਾਰੀ ਤੰਤਰ ਨੇ ਆਪਣੇ ਹੱਥ ਦਿਖਾ ਦਿੱਤੇ। ਪ੍ਰਸ਼ਾਸਨ ਵਲੋਂ ‘ਛੱਡੇ ਕੈਟਾਂ’ ਨੇ ਕਲੱਕਤੇ ਦੇ ਕੋਸੀਪੋਰ-ਬਾਰਾਨਗਰ ਦੇ ਉਸ ਖੇਤਰ ਵਿਚ ਜਿਥੇ ਦਿਨ-ਰਾਤ ਜਗ੍ਹਾ-ਜਗ੍ਹਾ ਪੁਲਿਸ ਮੌਜੂਦ ਰਹਿੰਦੀ ਹੈ, ਨਕਸਲੀ ਨੌਜਵਾਨਾਂ ਦੇ ਖੂਨ ਦੀ ਅਜਿਹੀ ਭਿਆਨਕ ਹੋਲੀ ਖੇਡੀ ਕਿ ਉਹ ਅੱਜ ਤੱਕ ਵੀ ਲੋਕਾਂ ਨੂੰ ਭੁੱਲੀ ਨਹੀਂ। ਇਸ ਕਾਲੇ ਦਿਹਾੜੇ ਦਾ ਬਿਰਤਾਂਤ ਉਨ੍ਹੀਂ ਦਿਨੀਂ ‘ਫਰੰਟੀਅਰ’ ਮੈਗਜ਼ੀਨ ਸਮੇਤ ਕਈ ਥਾਂਈਂ ਪ੍ਰਕਾਸ਼ਤ ਹੋਇਆ ਸੀ। ‘ਹਿੰਦੋਸਤਾਨ ਸਟੈਂਡਰਡ’ ਦੇ 18 ਅਗਸਤ, 1971 ਦੇ ਅੰਕ ਵਿਚ ਉੱਘੇ ਪੱਤਰਕਾਰ ਸ਼ੰਕਰ ਘੋਸ਼ ਅਨੁਸਾਰ 12 ਘੰਟਿਆਂ ਲਈ ਪ੍ਰਸ਼ਾਸਨ ਨੇ ਕੋਸੀਪੋਰ-ਬਾਰਾਨਗਰ ਏਰੀਏ ਨੂੰ ਹਥਿਆਰਬੰਦ ਗੁੰਡਿਆਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ। ਨਕਸਲੀ ਨੌਜਵਾਨਾਂ ਦੇ ਖੂਨ ਦੇ ਪਿਆਸੇ ਇਹ ਟੋਲੇ ਦਿਨ ਭਰ ਆਪਣੇ ਮਿਥੇ ਸ਼ਿਕਾਰਾਂ ਦੇ ਟਿਕਾਣਿਆਂ ‘ਤੇ ਝਪਟਦੇ ਰਹੇ। ਇੱਛਤ ਸ਼ਿਕਾਰ ਨਾ ਮਿਲਣ ‘ਤੇ ਹਮਲਾਵਰਾਂ ਨੇ ਨੌਜਵਾਨਾਂ ਤੇ ਬਜੁਰਗਾਂ ਨੂੰ ਵੀ ਨਾ ਬਖਸ਼ਿਆ। ਵਰਦੀਧਾਰੀ ਪੁਲਿਸ ਤਾਂ ਮਾਨੋ ਅੰਡਰਗਰਾਊਂਡ ਹੀ ਚਲੀ ਗਈ ਸੀ। ਚਿੱਟ ਕੱਪੜੀਏ ਪੁਲਿਸ ਮੁਲਾਜ਼ਮ ਜ਼ਰੂਰ ਕਿਧਰੇ-ਕਿਧਰੇ ਨਜ਼ਰ ਆਉਂਦੇ ਰਹੇ ਪਰ ਉਹ ਹਮਲਾਵਰਾਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਕਈ ਥਾਂਈਂ ਕਾਤਲੀ ਟੋਲੇ ਕਤਲ ਕਰਨ ਪਿਛੋਂ ਤਾਂਡਵ ਨਾਚ ਕਰਨ ਲੱਗ ਪੈਂਦੇ। ਇਨ੍ਹਾਂ ਲੋਕਾਂ ਨੇ ਬਿਜਲੀ ਦੇ ਖੰਭੇ ਨਾਲ ਸੂਚੀ ਟੰਗੀ ਹੋਈ ਸੀ ਜਿਸ ਉਪਰ ਹਰ ਕਤਲ ਕੀਤੇ ਜਾਣ ਵਾਲੇ ਨੌਜਵਾਨ ਦਾ ਨਾਂ ਅੰਕਿਤ ਹੋਈ ਜਾਂਦਾ ਸੀ। ਇਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਇਕੋ ਦਿਨ ਵਿਚ 160-62 ਨੌਜਵਾਨਾਂ ਨੂੰ ਸ਼ਰ੍ਹੇਆਮ ਘਰਾਂ ‘ਚੋਂ ਚੁੱਕ-ਚੁੱਕ ਕੇ ਮਾਰ ਦਿੱਤਾ ਗਿਆ। ਕਤਲੇਆਮ ਤੋਂ ਅਗਲੇ ਦਿਨ ਬੰਗਾਲ ਬਾਰੇ ਮਾਮਲਿਆਂ ਦੇ ਕੇਂਦਰੀ ਵਜ਼ੀਰ ਸਿਧਾਰਥ ਸ਼ੰਕਰ ਰੇਅ ਨੇ ਏਰੀਏ ਦਾ ਦੌਰਾ ਕੀਤਾ। ਬਾਅਦ ਵਿਚ ਕਤਲੇਆਮ ਲਈ ਜ਼ਿੰਮੇਵਾਰ ਅਨਸਰਾਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰੇਅ ਦਾ ਮੀਸਣੇ ਜਿਹੇ ਢੰਗ ਨਾਲ ਕਹਿਣਾ ਸੀ ਕਿ ਕੁਝ ਪਤਾ ਨਹੀਂ ਲੱਗਦਾ, ਕੋਈ ਕਹੀ ਜਾਂਦਾ ਹੈ ਕਿ ਹਮਲਾਵਰ ਕਾਂਗਰਸੀ ਸਨ ਅਤੇ ਕੋਈ ਹੋਰ ਮਾਰਕਸੀ ਪਾਰਟੀ ਦੇ ਵਲੰਟੀਅਰਾਂ ਦਾ ਨਾਂ ਲਾਈ ਜਾਂਦਾ ਹੈ।
ਪ੍ਰਸ਼ਾਸਨ ਨੇ ਬਾਅਦ ਵਿਚ ਕਾਰਵਾਈ ਕੇਵਲ ਇੰਨੀ ਕੀਤੀ ਸੀ ਕਿ ਕੋਸੀਪੋਰ ਅਤੇ ਬਾਰਾਨਗਰ ਪੁਲਿਸ ਸਟੇਸ਼ਨਾਂ ਦੇ ਮੁੱਖ ਅਧਿਕਾਰੀਆਂ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਤਬਦੀਲ ਕਰ ਦਿੱਤਾ ਸੀ।
‘ਫਰੰਟੀਅਰ’ ਦੇ 18 ਸਤੰਬਰ 1971 ਦੇ ਅੰਕ ਵਿਚ ਛਪੀ ਰਿਪੋਰਟ ਅਨੁਸਾਰ “ਰਜ਼ਾਕਾਰ ਟੋਲਿਆਂ ਦੀ ਨਿਰਦੈਤਾ ਦੀ ਹੱਦ ਇਹ ਸੀ ਕਿ ਉਸ ਦਿਨ ਇਕ ਨੌਜਵਾਨ ਦੇ ਘਰ ਨਾ ਮਿਲਣ ‘ਤੇ, ਅਤੇ ਉਸ ਦੇ ਬਜ਼ੁਰਗ ਵਲੋਂ ਉਸ ਦਾ ਅਤਾ-ਪਤਾ ਨਾ ਦੱਸੇ ਜਾਣ ‘ਤੇ ਪੈਟਰੋਲ ਸੁੱਟ ਕੇ ਉਸ ਨੂੰ ਜਿਉਂਦਾ ਜਲਾ ਦਿੱਤਾ ਗਿਆ। ਇਸੇ ਤਰ੍ਹਾਂ ਇਕ ਸਕੂਲ ਪੜ੍ਹਦੀ ਲੜਕੀ ਵੱਲੋਂ ਆਪਣੇ ਭਾਈ ਦਾ ਠਿਕਾਣਾ ਨਾ ਦੱਸੇ ਜਾਣ ‘ਤੇ ਉਸ ਦੀ ਬਾਂਹ ਉਡਾ ਦਿੱਤੀ ਗਈ।”
ਇਥੇ ਹੀ ਬੱਸ ਨਹੀਂ, ਅਜਿਹੇ ਕਈ ਭਿਆਨਕ ਨਜ਼ਾਰੇ ਬਾਅਦ ਵਿਚ ਵੀ ਦੁਹਰਾਏ ਜਾਂਦੇ ਰਹੇ ਜਦੋਂ ਤਕ ਕਿ ਨਕਸਲੀ ਨੌਜਵਾਨਾਂ ਦਾ ਮੁਕੰਮਲ ਸਫਾਇਆ ਨਾ ਕਰ ਦਿੱਤਾ ਗਿਆ। ਅਖੀਰ 15 ਜੁਲਾਈ 1972 ਨੂੰ ਪੁਲਿਸ ਨੇ ਕਲੱਕਤਾ ਸ਼ਹਿਰ ਵਿਚ ਕਿਸੇ ਛੁਪਣਗਾਹ ‘ਤੇ ਕਾਮਰੇਡ ਚਾਰੂ ਨੂੰ ਮਿਲ ਕੇ ਅਤੇ ਉਨ੍ਹਾਂ ਦਾ ਆਪਣੀ ਪਤਨੀ ਲਈ ਲਿਖਿਆ ਸੁਨੇਹਾ ਲਿਜਾ ਰਹੇ ਬੰਦੇ ਨੂੰ ਕਾਬੂ ਕਰ ਲਿਆ। ਤਸ਼ੱਦਦ ਨਾ ਝੱਲਦਿਆਂ ਉਸ ਨੇ ਅਗਲੇ ਦਿਨ ਹੀ ਕਾਮਰੇਡ ਚਾਰੂ ਅਤੇ ਉਨ੍ਹਾਂ ਦੇ ਦੋ ਸਭ ਤੋਂ ਤਿੱਖੇ ਸਾਥੀਆਂ ਕਾਮਰੇਡ ਦੀਪਕ ਬਿਸਵਾਸ ਅਤੇ ਕਾਮਰੇਡ ਦਿਲੀਪ ਬੈਨਰਜੀ ਨੂੰ ਫੜਾ ਦਿੱਤਾ। 28 ਜੁਲਾਈ ਨੂੰ ਕਾਮਰੇਡ ਚਾਰੂ ਦੀ ਪੁਲਿਸ ਹਿਰਾਸਤ ਵਿਚ ਹੀ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਨਕਸਲੀ ਲਹਿਰ ਦੇ ਪਹਿਲੇ ਅਧਿਆਇ ਦਾ ਭੋਗ ਪੈ ਗਿਆ।
ਚਾਰੂ ਮਜੂਮਦਾਰ ਦਾ ਵਿਸ਼ਵਾਸ ਸੀ ਕਿ 1947 ਵਿਚ ਭਾਰਤ ਦੀ ਅਜ਼ਾਦੀ ਅਸਲੀ ਨਹੀਂ ਸੀ, ਬਲਕਿ ਆਜ਼ਾਦੀ ਦੇ ਨਾਂ ਹੇਠ ਵਿਦੇਸ਼ੀ ਸਾਮਰਾਜ ਦੀ ਦਲਾਲ ਸਰਮਾਏਦਾਰੀ ਦੇ ਨੁਮਾਇੰਦਿਆਂ ਨੇ ਤਾਕਤ ਹਥਿਆ ਲਈ ਸੀ। ਉਸ ਨੇ ਆਜ਼ਾਦੀ ਦੇ ਇਸ ਨਿਸ਼ਾਨੇ ਨੂੰ ਨੇਪਰੇ ਚੜ੍ਹਾਉਣ ਲਈ ਜਮਾਤੀ ਦੁਸ਼ਮਣਾਂ ਦੇ ਵਿਅਕਤੀਗਤ ਸਫਾਏ ਦਾ ਸੱਦਾ ਦੇ ਕੇ ਲਾਲ ਫੌਜ ਬਣਾਉਣ ਦੀ ਵਕਾਲਤ ਕੀਤੀ। ਹੁਣ ਸਵਾਲ ਹੈ ਕਿ ਭਾਰਤੀ ਰਾਜਸੀ ਵਿਵਸਥਾ ਦੀ ਤਾਕਤ ਨੂੰ ਵਿੰਹਦਿਆਂ ਕੀ ਇਹ ਰਸਤਾ ਠੀਕ ਸੀ? ਕੀ ਇਕੱਲੇ ਦੁਕੱਲੇ ਸ਼ਾਹੂਕਾਰਾਂ ਜਾਂ ਜੋਤੇਦਾਰਾਂ ਨੂੰ ਮਾਰ ਕੇ ਭਾਰਤੀ ਸੁਰੱਖਿਆ ਦਲਾਂ ਨੂੰ ਮਾਤ ਦੇਣ ਦੇ ਸਮਰੱਥ ਲਾਲ ਫੌਜ ਦੀ ਉਸਾਰੀ ਕੀਤੀ ਜਾ ਸਕਦੀ ਸੀ? ਅਗਲਾ ਸਵਾਲ ਹੈ ਕਿ ਕੀ ਕਾਮਰੇਡ ਚਾਰੂ ਮਾਰਕਸਵਾਦ ਦੇ ਨਾਂ ਹੇਠ ਜਾਣੇ-ਅਣਜਾਣੇ ਕਿਧਰੇ ਸਿਰੇ ਦੇ ਅਤਿਵਾਦੀ ਨੇਂਹਵਾਦ ਦੇ ਝੰਡਾਬਰਦਾਰ ਤਾਂ ਨਹੀਂ ਬਣ ਗਏ ਸਨ? ਖੁਦ ਮੇਰੀ ਆਪਣੀ, ਮਾਰਕਸਵਾਦੀ ਚਿੰਤਨ ਵਿਚ ਵਿਸ਼ਵਾਸ ਦੇ ਬਾਵਜੂਦ, ਇਹ ਧਾਰਨਾ ਰਹੀ ਹੈ ਕਿ ਮਨੁੱਖੀ ਜ਼ਿੰਦਗੀ ਬੇਹੱਦ ਕੀਮਤੀ ਹੈ ਅਤੇ ਕਿਸੇ ਸੰਭਾਵੀ ਰਾਮਰਾਜ ਜਾਂ ਸਵਰਗ ਨੂੰ ਧਰਤੀ ‘ਤੇ ਉਤਾਰਨ ਲਈ ਜੇ ਇਕ ਵੀ ਬੇਗੁਨਾਹ ਮਾਸੂਮ ਆਦਮੀ ਦੀ ਜਾਨ ਲਈ ਜਾਂਦੀ ਹੈ ਤਾਂ ਅਜਿਹਾ ਕੋਈ ਵੀ ਟੀਚਾ ਮੁੱਢੋ ਹੀ ਸੰਦੇਹਜਨਕ ਹੋ ਜਾਵੇਗਾ।
ਫਿਰ ਵੀ ਮਸਲਾ ਇਹ ਬਹਿਸ ਲਈ ਖੁੱਲ੍ਹਾ ਹੈ ਅਤੇ ਜਦੋਂ ਤੱਕ ਸਮਾਜ ਵਿਚ ਘੋਰ ਬੇਇਨਸਾਫੀ ਹੈ, ਉਸ ਸਮੇਂ ਤੱਕ ਇਹ ਬਹਿਸ ਨਿਸ਼ਚੇ ਹੀ ਜਾਰੀ ਰਹੇਗੀ।
Leave a Reply