ਗੁਜਰਾਂਵਾਲੇ ਦੀ ਗੇੜੀ

ਇਤਿਹਾਸ ਦੇ ਪੰਨਿਆਂ ਉਤੇ ਗੁਜਰਾਂਵਾਲੇ ਦਾ ਬੜਾ ਅਹਿਮ ਸਥਾਨ ਹੈ। ਇਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਹੈ। ਪੰਜਾਬ ਸਰਕਾਰ ਵਿਚ ਵਜ਼ੀਰ ਰਹੇ ਹਰਨੇਕ ਸਿੰਘ ਘੜੂੰਆਂ ਨੇ ਆਪਣੇ ਇਸ ਲੇਖ ਵਿਚ ਗੁਜਰਾਂਵਾਲੇ ਦੀ ਗਾਥਾ ਸੁਣਾਈ ਹੈ। ਲੇਖ ਵਿਚ ਹੀ ਐਮਨਾਬਾਦ ਦਾ ਜ਼ਿਕਰ ਵੀ ਹੈ, ਜਿਥੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਅਸਥਾਨ ਹਨ। ਲੇਖਕ ਨੇ ਇਨ੍ਹਾਂ ਥਾਂਵਾਂ ਦਾ ਬਿਰਤਾਂਤ ਇਤਿਹਾਸ ਦੀ ਗਾੜ੍ਹੀ ਚਾਸ਼ਣੀ ਵਿਚ ਡਬੋ ਕੇ ਪੇਸ਼ ਕੀਤਾ ਹੈ।

-ਸੰਪਾਦਕ

ਹਰਨੇਕ ਸਿੰਘ ਘੜੂੰਆਂ

ਪਕਵਾਨਾਂ ਦੀ ਖੁਸ਼ਬੂ ਨੇ ਗੁਜਰਾਂਵਾਲੇ ਦੀਆਂ ਗਲੀਆਂ ਅਤੇ ਪੂਰੀ ਫਿਜ਼ਾ ਨੂੰ ਸੁਗੰਧਤ ਕੀਤਾ ਹੋਇਆ ਸੀ। ਅੱਜ ਮਿੱਠੀ ਈਦ ਦਾ ਤਿਉਹਾਰ ਸੀ। ਕਾਫੀ ਦਿਨ ਪਹਿਲਾਂ ਦੋਸਤਾਂ ਨੇ ਈਦ ‘ਤੇ ਪਹੁੰਚਣ ਦਾ ਸੱਦਾ ਪੱਤਰ ਭੇਜਿਆ ਸੀ। ਅਸੀਂ ਗੁਜਰਾਂਵਾਲੇ ਸ਼ਹਿਰ ਪਹਿਲੀ ਵਾਰ ਆਏ ਸਾਂ। ਦੋ ਦਿਨ ਆਲੇ-ਦੁਆਲੇ ਖਾਸ ਥਾਂਵਾਂ ਦੇਖਣ ਦਾ ਪ੍ਰੋਗਰਾਮ ਸੀ। ਪਿਛਲੇ ਦਿਨੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ। ਨਵੀਂ ਬਣੀ ਕਮੇਟੀ ਨੇ ਜਨਮ ਸਥਾਨ ‘ਤੇ ਕਾਫੀ ਕੰਮ ਕੀਤਾ ਸੀ। ਬਾਹਰਲਾ ਪਾਰਕ ਫੁਹਾਰੇ ਵਗੈਰਾ ਲਾ ਕੇ ਕਾਫੀ ਮਨਮੋਹਕ ਬਣਾ ਦਿੱਤਾ ਸੀ। ਅੰਦਰ ਇੱਟਾਂ ਦੀ ਜਗ੍ਹਾ ਸੁੰਦਰ ਪੱਥਰ ਲੱਗ ਰਿਹਾ ਸੀ।
ਇਸੇ ਤਰ੍ਹਾਂ ਚੂਹੜਕਾਣਾ ਸੱਚਾ ਸੌਦਾ ਦੀ ਰੂਪ-ਰੇਖਾ ਬਦਲ ਚੁਕੀ ਸੀ। ਸਾਲ 2006 ਵਿਚ ਇਸ ਥਾਂ ਦੇ ਦਰਸ਼ਨ ਕੀਤੇ ਤਾਂ ਗੁਰੂ ਘਰ ਦੀ ਇਮਾਰਤ ਆਮ ਉਦਾਸ ਕੋਠੜੇ ਜਿਹੀ ਸੀ, ਪਰ ਹੁਣ (2010 ਵਿਚ) ਤੇ ਜ਼ਮੀਨ-ਅਸਮਾਨ ਦਾ ਫਰਕ ਸੀ। ਇਮਾਰਤ ਬਹੁਤ ਖੂਬਸੂਰਤ ਬਣ ਚੁਕੀ ਸੀ ਅਤੇ ਚਾਰ ਕਿੱਲਿਆਂ ਦੀ ਚਾਰ ਦੀਵਾਰੀ ਵਿਚ ਬਾਗ ਲੱਗਾ ਸੀ।
ਇਸ ਪਿਛੋਂ ਅਸੀਂ ਸ਼ੇਖੂਪੁਰੇ ਤੁਰ ਗਏ। ਸ਼ੇਖੂਪੁਰੇ ਭਾਵੇਂ ਕਿੰਨੀ ਵਾਰ ਠਹਿਰਨ ਦਾ ਮੌਕਾ ਮਿਲਿਆ, ਪਰ ਕਿਲ੍ਹਾ ਦੇਖਣ ਦੀ ਰੀਝ ਪੂਰੀ ਨਹੀਂ ਸੀ ਹੋਈ। ਅੱਜ ਅਸੀਂ ਸਭ ਤੋਂ ਪਹਿਲਾਂ ਕਿਲ੍ਹੇ ਵਾਲੇ ਪਾਸੇ ਤੁਰ ਪਏ। ਕਿਲ੍ਹੇ ਦਾ ਦਰਵਾਜਾ ਅੰਦਰੋਂ ਬੰਦ ਸੀ। ਕਾਫੀ ਦੇਰ ਖੜਕਾਉਣ ਪਿਛੋਂ ਅਧਖੜ ਉਮਰ ਦਾ ਸ਼ਖਸ ਆਇਆ, ਤੇ ਆਉਂਦਿਆਂ ਹੀ ਸਵਾਲ ਕੀਤਾ, ‘ਫਰਮਾਓ।’ ਅਸੀਂ ਉਸ ਨੂੰ ਕਿਲ੍ਹਾ ਦੇਖਣ ਦੀ ਤਮੰਨਾ ਦੱਸੀ ਪਰ ਉਸ ਨੇ ਦੱਸਿਆ ਕਿ ਕਿਲ੍ਹਾ ਦੇਖਣ ‘ਤੇ ਪਾਬੰਦੀ ਹੈ। ਮੈਂ ਉਸ ਦੇ ਚਿਹਰੇ ਤੋਂ ਪਹਿਲਾਂ ਹੀ ਨਾਂਹ ਪੜ੍ਹ ਚੁਕਾ ਸਾਂ।
ਮੇਰੇ ਨਾਲ ਦੇ ਦੋਸਤ ਐਡਵੋਕੇਟ ਮੁਹੰਮਦ ਅਰਸ਼ਦ ਵਿਰਕ ਨੇ ਸਮਝਾਇਆ, “ਦੇਖੋ ਭਾਈ, ਸਰਦਾਰ ਸਾਹਿਬ ਪੰਜਾਬ ਵਿਚ ਵਜ਼ੀਰ ਰਹਿ ਚੁਕੇ ਹਨ। ਕਿੰਨੀ ਦੂਰੋਂ ਚੱਲ ਕੇ ਆਏ ਹਨ, ਇਸ ਤਰ੍ਹਾਂ ਨਾ ਕਰੋ।” ਉਸ ਭਾਈ ਨੇ ਮੋੜਵਾਂ ਸਵਾਲ ਕੀਤਾ, “ਇਹ ਵਜ਼ੀਰ ਸਾਹਿਬ ਤਾਂ ਨਵੀਦ ਵੜੈਚ ਹੁਰਾਂ ਦੇ ਘਰ ਠਹਿਰਦੇ ਹੁੰਦੇ ਸਨ।”
ਗੱਲ ਬਣ ਗਈ ਸੀ, “ਹਾਂ, ਮੈਂ ਹੀ ਉਨ੍ਹਾਂ ਦੇ ਘਰ ਠਹਿਰਦਾ ਹੁੰਦਾ ਸਾਂ।”
ਫਿਰ ਉਹ ਝੱਟ ਸਹਿਮਤ ਹੋ ਗਿਆ, “ਫਿਰ ਤਾਂ ਤੁਸੀਂ ਸਾਡੇ ਮਹਿਮਾਨ ਹੋ।” ਉਸ ਨੇ ਵੱਡੇ ਫਾਟਕ ਵਿਚ ਬਣੀ ਛੋਟੀ ਜਿਹੀ ਤਾਕੀ ਦਾ ਜੰਦਰਾ ਖੋਲ੍ਹ ਦਿੱਤਾ, ਤੇ ਨਾਲ ਹੀ ਦੱਸਿਆ, “ਕਦੇ ਇਸ ਤਾਕੀ ‘ਚੋਂ ਦੁੱਲੇ ਭੱਟੀ ਨੂੰ ਕੱਢਿਆ ਗਿਆ ਸੀ। ਸਾਰੇ ਅਹਿਲਕਾਰਾਂ ਦੀ ਸਾਜ਼ਿਸ਼ ਸੀ। ਅਖੇ, ਜਦੋਂ ਦੁੱਲਾ ਸਿਰ ਨੀਵਾਂ ਕਰਕੇ ਨਿਕਲੇ ਤਾਂ ਤਾੜੀ ਮਾਰ ਦੇਣੀ ਕਿ ਦੁੱਲਾ ਝੁਕ ਗਿਆ ਹੈ, ਪਰ ਉਸ ਪਿਓ ਦੇ ਪੁੱਤਰ ਨੇ ਪਹਿਲਾਂ ਪੈਰ ਕੱਢਿਆ।”
ਬੜੇ ਲਟਾਪੀਂਘ ਹੋ ਕੇ ਅਸੀਂ ਤਾਕੀ ‘ਚੋਂ ਕਿਲ੍ਹੇ ‘ਚ ਦਾਖਲ ਹੋਏ। ਕਿਲ੍ਹੇ ਦੀ ਹਾਲਤ ਖਸਤਾ ਸੀ। ਕੁਝ ਢਹਿ-ਢੇਰੀ ਹੋ ਗਿਆ ਅਤੇ ਕੁਝ ਢਹਿਣ ਕਿਨਾਰੇ ਸੀ। ਮੇਰੇ ਪਾਕਿਸਤਾਨੀ ਦੋਸਤਾਂ ਵਾਸਤੇ ਇਹ ਭਾਵੇਂ ਖੰਡਰਾਂ ਤੋਂ ਵੱਧ ਕੁਝ ਨਹੀਂ ਸੀ ਪਰ ਮੇਰੇ ਵਾਸਤੇ ਇਹ ਕਾਬਲੇ-ਇਹਤਰਾਮ ਥਾਂ ਸੀ। ਕਦੇ ਪੰਜਾਬ ਦੀ ਨਾਇਕਾ ਮਹਾਰਾਣੀ ਜਿੰਦਾਂ ਇਸੇ ਕਿਲ੍ਹੇ ਵਿਚ ਬੰਦ ਰਹੀ ਸੀ। ਕਦੇ-ਕਦੇ ਰਿਆਇਆ ਨੂੰ ਇਹ ਦਿਖਾਉਣ ਵਾਸਤੇ ਕਿ ਮਹਾਰਾਣੀ ਠੀਕ-ਠਾਕ ਹੈ, ਕਮਰੇ ਦੇ ਛੱਜੇ ਵਿਚੋਂ ਗੁੱਟਾਂ ਤੀਕ ਹੱਥ ਦਿਖਾਏ ਜਾਂਦੇ। ਪਿੰਡ ਚਾਹੜ ਤਹਿਸੀਲ ਜ਼ਫਰਵਾਲ, ਜਿਲਾ ਸਿਆਲਕੋਟ ਦੇ ਸਰਦਾਰ ਮੰਨਾ ਸਿੰਘ ਦੇ ਘਰ ਜੰਮੀ ਰਾਣੀ ਜਿੰਦਾਂ ਆਪਣੇ ਵੇਲੇ ਦੀ ਸਭ ਤੋਂ ਵੱਧ ਖੂਬਸੂਰਤ ਔਰਤ ਸੀ। ਜਿੰਨੀ ਖੂਬਸੂਰਤੀ ਰੱਬ ਨੇ ਰਾਣੀ ਜਿੰਦਾਂ ਨੂੰ ਬਖਸ਼ੀ, ਉਸ ਤੋਂ ਵੱਧ ਉਸ ਦੇ ਭਾਗਾਂ ਵਿਚ ਤਸੀਹੇ ਲਿਖ ਦਿੱਤੇ।
ਸੇਵਾਦਾਰ ਨੇ ਚੁਬਾਰੇ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਕਦੇ-ਕਦੇ ਚੁਬਾਰੇ ਦੀਆਂ ਉਨ੍ਹਾਂ ਪੌੜੀਆਂ ਵਿਚ ਮਹਾਰਾਣੀ ਜਿੰਦਾਂ ਨੂੰ ਕੇਸ ਸੁਕਾਉਂਦੇ ਦੇਖਿਆ ਗਿਆ ਹੈ। ਮੇਰਾ ਦਿਲ ਉਨ੍ਹਾਂ ਪੌੜੀਆਂ ਨੂੰ ਚੁੰਮ ਲੈਣ ਨੂੰ ਕਰਦਾ ਸੀ। ਜਿਸ ਮਹਾਰਾਣੀ ਨੇ ਮਰਦੇ ਦਮ ਤੱਕ ਅੰਗਰੇਜ਼ ਨਾਲ ਲੋਹਾ ਲਿਆ, ਅਸੀਂ ਉਸ ਵੱਲ ਪਿਠ ਭੁਆ ਕੇ ਬੈਠ ਗਏ। ਮੱਕਾਰ ਤੇ ਟੋਡੀ ਅੰਗਰੇਜ਼ ਬੜੀ ਸਾਜ਼ਿਸ਼ ਨਾਲ ਆਮ ਜਨਤਾ ਵਿਚ ਇਹ ਗੱਲ ਧੁਮਾਉਣ ਵਿਚ ਕਾਮਯਾਬ ਹੋ ਗਿਆ ਕਿ ਮਹਾਰਾਣੀ ਨੇ ਸਿੱਖ ਫੌਜਾਂ ਨਾਲ ਗੱਦਾਰੀ ਕਰਕੇ ਬਾਰੂਦ ਦੀ ਥਾਂ ਸਰ੍ਹੋਂ ਭੇਜ ਦਿੱਤੀ। ਸਿੱਖ ਰਾਜ ਦਾ ਬੜਾ ਹਿਤੈਸ਼ੀ ਸ਼ਾਹ ਮੁਹੰਮਦ ਅੰਗਰੇਜ਼ਾਂ ਦੀਆਂ ਚਲਾਈਆਂ ਝੂਠੀਆਂ ਦੰਦ ਕਥਾਵਾਂ ਸੱਥਾਂ ‘ਚੋਂ ਸੁਣ ਕੇ ਗੁੰਮਰਾਹ ਹੋ ਗਿਆ। ਜਿਥੇ ਜਿਸਮਾਨੀ ਤੌਰ ‘ਤੇ ਰਾਣੀ ਜਿੰਦਾਂ ਮਰਦੇ ਦਮ ਤੱਕ ਦੁਖੜੇ ਝੱਲਦੀ ਰਹੀ, ਉਥੇ ਕੌਮ ਵਲੋਂ ਗੱਦਾਰ ਗਰਦਾਨੇ ਜਾਣ ‘ਤੇ ਮਾਨਸਿਕ ਪੀੜਾ ਨੇ ਸਾਰੀ ਉਮਰ ਲਹੂ-ਲੁਹਾਣ ਕਰੀ ਰੱਖਿਆ। ਸੁਹਿਰਦ ਇਤਿਹਾਸਕਾਰ ਜਾਣਦੇ ਹਨ ਕਿ ਮਹਾਰਾਣੀ ਜਿੰਦਾਂ ਦੀ ਕੁਰਬਾਨੀ ਕਿਸੇ ਵੀ ਹੋਰ ਭਾਰਤੀ ਰਾਣੀ ਤੋਂ ਘੱਟ ਨਹੀਂ। ਇਸ ਕਿਲ੍ਹੇ ‘ਚੋਂ ਬਾਅਦ ਵਿਚ ਮਹਾਰਾਣੀ ਜਿੰਦਾਂ ਨੂੰ ਚੁਨਾਰ ਜਿਲਾ ਮਿਰਜ਼ਾਪੁਰ (ਯੂ. ਪੀ.) ਦੇ ਪੱਥਰ ਦੇ ਬਣੇ ਕਿਲ੍ਹੇ ਵਿਚ ਭੇਜ ਦਿੱਤਾ ਗਿਆ।
ਫੇਰ ਸਵੇਰ ਵੇਲੇ ਅਸੀਂ ਐਮਨਾਬਾਦ ਚਲੇ ਗਏ। ਸਭ ਤੋਂ ਪਹਿਲਾਂ ਗੁਰਦੁਆਰਾ ਰੋੜੀ ਸਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਰੋੜੀ ਸਾਹਿਬ ਸ਼ਹਿਰ ਤੋਂ ਬਾਹਰ ਨਿਵੇਕਲੀ ਥਾਂ ‘ਤੇ ਸਥਿਤ ਹੈ। ਇਥੋਂ ਦੀ ਡਿਓਢੀ ਦੀ ਇਮਾਰਤਸਾਜੀ ਐਨੀ ਖੂਬਸੂਰਤ ਹੈ ਕਿ ਅੱਜ ਤੱਕ ਐਨੀ ਸੋਹਣੀ ਇਮਾਰਤਸਾਜੀ ਮੈਂ ਕਿਧਰੇ ਨਹੀਂ ਵੇਖੀ। ਇਸ ਡਿਓਢੀ ਦੇ ਬਣਨ ਦਾ ਸਮਾਂ ਸੰਨ 1939-40 ਲਿਖਿਆ ਹੋਇਆ ਹੈ। ਗੁਰਦੁਆਰੇ ਦੇ ਨਾਂ 60 ਏਕੜ ਜ਼ਮੀਨ ਹੈ। ਕਦੇ ਇਥੇ ਜ਼ੋਰ-ਸ਼ੋਰ ਨਾਲ ਵਿਸਾਖੀ ਭਰਿਆ ਕਰਦੀ ਸੀ।
ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਨਾਲ ਲੈ ਕੇ ਅਸੀਂ ਸ਼ਹਿਰ ਵੱਲ ਤੁਰ ਪਏ। ਐਮਨਾਬਾਦ ਸ਼ਹਿਰ ਦਾ ਨਾਂ ਭੱਠੀ ਵਾਲੀ ਝਿਊਰੀ ਐਮਨਾ ਦੇ ਨਾਂ ‘ਤੇ ਪਿਆ ਦੱਸਿਆ ਗਿਆ। ਪਹਿਲਾਂ ਅਸੀਂ ਭਾਈ ਲਾਲੋ ਦੇ ਘਰ ਗਏ, ਜੋ ਸਿਰਫ 10 ਕੁ ਖਣਾਂ ਦੀ ਜਗ੍ਹਾ ਹੈ। ਸੰਨ 47 ਤੋਂ ਬਾਅਦ ਇਸ ਸਥਾਨ ਨੂੰ ਮਿਸਤਰੀ ਅਬਦੁਲ ਰਸ਼ੀਦ ਨੇ ਆਪਣੀ ਰਿਹਾਇਸ਼ ਵਿਚ ਬਦਲ ਲਿਆ। ਕੁਝ ਅਰਸਾ ਪਹਿਲਾਂ ਯੂਰਪ ਵਿਚ ਵੱਸਦੇ ਸਿੱਖਾਂ ਨੇ ਅਬਦੁਲ ਰਸ਼ੀਦ ਨੂੰ ਕਿਤੇ ਹੋਰ ਮਕਾਨ ਬਣਾ ਕੇ ਦਿੱਤਾ ਅਤੇ ਇਹ ਸਥਾਨ ਖਾਲੀ ਕਰਵਾਇਆ। ਅਜੇ ਤੱਕ ਇਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਹੋਇਆ। ਇਸ ਸਥਾਨ ਨੂੰ ‘ਭਾਈ ਲਾਲੋ ਦੀ ਖੂਹੀ’ ਨਾਲ ਜਾਣਿਆ ਜਾਂਦਾ ਹੈ। ਗੁਰਦੁਆਰੇ ਦੇ ਨਾਲ-ਨਾਲ ਸੁਨਾਮ ਤੋਂ ਉਜੜ ਕੇ ਗਏ ਲੋਕੀਂ ਰਹਿੰਦੇ ਹਨ।
ਸ਼ਹਿਰ ਦੇ ਅੰਦਰ ਹੀ ਚੱਕੀ ਸਾਹਿਬ ਹੈ, ਜਿਥੇ ਬਾਬੇ ਨਾਨਕ ਨੇ ਬਾਬਰ ਰਾਜ ਵੇਲੇ ਚੱਕੀ ਪੀਸੀ। ਮਲਕ ਭਾਗੋ ਦਾ ਘਰ ਪੁੱਛਣ ‘ਤੇ ਕੋਈ ਠੀਕ ਨਾ ਦੱਸ ਸਕਿਆ। ਸਿਰਫ ਇਕ ਸ਼ਖਸ ਨੇ ਇੰਨਾ ਹੀ ਦੱਸਿਆ ਕਿ ਚੱਕੀ ਸਾਹਿਬ ਦੇ ਸਾਹਮਣੇ ਕਿਧਰੇ ਹਵੇਲੀਆਂ ਹੁੰਦੀਆਂ ਸਨ। ਐਮਨਾਬਾਦ ਭੀੜੇ ਬਾਜ਼ਾਰਾਂ ਵਾਲਾ ਕਸਬਾ ਹੈ। ਇਥੇ ਸਰਦਾਰ ਧਰਮ ਸਿੰਘ ਦਾ ਨਾਂ ਅਜੇ ਵੀ ਇੱਜਤ ਨਾਲ ਲਿਆ ਜਾਂਦਾ ਹੈ, ਜਿਸ ਨੇ ਇਸਲਾਮੀਆ ਹਾਈ ਸਕੂਲ ਦੀ ਨੀਂਹ ਰੱਖੀ ਸੀ।
ਵਾਪਸੀ ‘ਤੇ ਅਸੀਂ ‘ਅਰੂਪ’ ਪਿੰਡ ਖਾਣਾ ਖਾਧਾ। ਇਹ ਭਿੰਡਰ ਗੋਤ ਦੇ ਲੋਕਾਂ ਦਾ ਪਿੰਡ ਹੈ। ਸੰਨ 47 ਤੋਂ ਪਹਿਲਾਂ ਪਿੰਡ ਵਿਚ ਅੱਧੇ ਸਿੱਖ ਭਿੰਡਰ ਅਤੇ ਅੱਧੇ ਮੁਸਲਮਾਨ ਭਿੰਡਰ ਰਹਿੰਦੇ ਹਨ। ਪਹਿਲਾਂ ਸਿੱਖ ਅਤੇ ਮੁਸਲਮਾਨ ਭਿੰਡਰਾਂ ਵਿਚ ਬੜੀ ਖਹਿਬਾਜ਼ੀ ਰਹਿੰਦੀ ਸੀ, ਪਰ ਹੱਲਿਆਂ ਵੇਲੇ ਮੁਸਲਿਮ ਭਿੰਡਰਾਂ ਨੇ ਸੱਭੇ ਸਿੱਖ ਧੀਆਂ-ਭੈਣਾਂ ਤੇ ਆਦਮੀਆਂ ਨੂੰ ਪੂਰੇ ਮਾਣ-ਸਤਿਕਾਰ ਤੇ ਹਿਫਾਜ਼ਤ ਨਾਲ ਤੋਰਿਆ। ਇਸ ਪਿੰਡ ਤੋਂ ਉਜੜ ਕੇ ਆਏ ਨੀਲੋਖੇੜੀ ਵਾਲੇ ਸਰਦਾਰ ਪ੍ਰੀਤਮ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਪੁੱਤਰ ਰੀਤਿੰਦਰ ਸਿੰਘ ਭਿੰਡਰ ਨਾਮਵਰ ਸ਼ਖਸ ਹੋਏ ਹਨ। ਇਸੇ ਪਰਿਵਾਰ ਰਾਹੀਂ ਹੀ ਮੇਰੇ ਲਈ ਪਾਕਿਸਤਾਨ ਦਾ ਬੂਹਾ ਪਹਿਲੀ ਵਾਰ ਖੁੱਲ੍ਹਿਆ ਸੀ। ਇਸ ਪਿੰਡ ‘ਚੋਂ ਚੌਧਰੀ ਅਨਵਰ ਭਿੰਡਰ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਅਤੇ ਪੀਰ ਗੁਲਾਮ ਫਰੀਦ ਪੰਜਾਬ ਅਸੈਂਬਲੀ ਦੇ ਐਮ. ਐਲ਼ ਏ. ਰਹਿ ਚੁਕੇ ਹਨ। ਗੁਲਾਮ ਫਰੀਦ ਨੇ ਗੱਲੀਂ-ਗੱਲੀਂ ਦੱਸਿਆ ਕਿ ਜਿਹੜੇ ਅੱਜ ਕੱਲ੍ਹ ਇਥੇ ਵੱਡੇ ਬਣੇ ਫਿਰਦੇ ਹਨ, ਇਹ ਇਨ੍ਹਾਂ ਭਿੰਡਰ ਸਰਦਾਰਾਂ ਅੱਗੇ ਕੁਸਕਦੇ ਨਹੀਂ ਸਨ ਹੁੰਦੇ।
ਗੁਜਰਾਂਵਾਲੇ ਪਹੁੰਚੇ ਤਾਂ ਉਥੇ ਕੁਝ ਸੱਜਣ ਸਾਨੂੰ ਉਡੀਕ ਰਹੇ ਸਨ। ਗੁਜਰਾਂਵਾਲਾ ਪਹਿਲਵਾਨਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਕੁਝ ਪਹਿਲਵਾਨ ਇਥੇ ਸਾਨੂੰ ਵੀ ਮਿਲੇ। ਇਕ ਬਜੁਰਗ ਉਚੇਚਾ ਮਿਲਣ ਆਇਆ। ਮਿਲਦਿਆਂ ਹੀ ਕਿਹਾ, “ਸਰਦਾਰੋ! ਜਿਸ ਦਿਨ ਤੋਂ ਤੁਸੀਂ ਗਏ ਹੋ, ਪਿੰਡ ਵਿਚ ਦਿਲ ਸਾਡਾ ਵੀ ਨਹੀਂ ਲੱਗਾ। ਅਗਲੇ ਦਿਨ ਸਮਾਨ ਚੁੱਕ ਕੇ ਸ਼ਹਿਰ ਆ ਗਏ। ਪਿੰਡ ਦੀਆਂ ਰੌਣਕਾਂ ਹੀ ਖਤਮ ਹੋ ਗਈਆਂ। ਬਸ ਇਥੇ ਆ ਕੇ ਫੌਜ ਵਿਚ ਭਰਤੀ ਹੋ ਗਏ। ਲੰਮਾ ਸਮਾਂ ਨੌਕਰੀ ਕਰਕੇ ਇਥੇ ਹੀ ਟਿਕ ਗਏ।” ਬਜੁਰਗ ਦੇ ਚਿਹਰੇ ‘ਤੇ ਵੰਡ ਦਾ ਦਰਦ ਸਾਫ ਦਿਸਦਾ ਸੀ।
ਅਜੇ ਵੀ ਸਰਦਾਰਾਂ ਬਾਰੇ ਬੜੀਆਂ ਕਹਾਣੀਆਂ ਪ੍ਰਚਲਿਤ ਹਨ। ਪਿੰਡ ਗਾਜ਼ੀ ਮੁੱਧ ਸਿੰਘ ਵਾਲਾ ਦੇ ਵਰਿਆਮ ਸਿੰਘ ਵਿਰਕ ਬਾਰੇ ਇਕ ਗੱਲ ਬਹੁਤ ਮਸ਼ਹੂਰ ਹੈ। ਹੱਲਿਆਂ ਵੇਲੇ ਸਾਰਾ ਟੱਬਰ ਏਧਰ ਆ ਗਿਆ। ਉਹ ਇਕੱਲਾ ਆਉਣਾ ਨਾ ਮੰਨਿਆ; ਅਖੇ, ਆਪਣਾ ਘਰ ਛੱਡ ਕੇ ਦੂਜੇ ਥਾਂ ਪਨਾਹੀ ਨਹੀਂ ਅਖਵਾਉਣਾ। ਅੰਤ ਧਾੜਵੀਆਂ ਨਾਲ ਮੁਕਾਬਲਾ ਕਰਦਾ ਮਾਰਿਆ ਗਿਆ, ਪਰ ਘਰ ਨਹੀਂ ਛੱਡਿਆ। ਇਸੇ ਤਰ੍ਹਾਂ ਜੰਡਿਆਲਾ ਸ਼ੇਰ ਖਾਨ ਨੇੜੇ ਪਿੰਡ ਕੱਕੜਾਂ ਵਾਲੇ ਦਾ ਊਧਮ ਸਿੰਘ ਸਮਝੋ ਮੁਹਾਵਰਾ ਹੀ ਹੋ ਨਿਬੜਿਆ। ਪਿੰਡ ਦੇ ਝਗੜੇ-ਝੇੜਿਆਂ ਦਾ ਇਨਸਾਫ ਲੋਕ ਊਧਮ ਸਿੰਘ ਕੋਲੋਂ ਕਰਵਾਉਂਦੇ। ਜਿਥੇ ਊਧਮ ਸਿੰਘ ਵੱਡਾ ਜ਼ਿਮੀਦਾਰ ਸੀ, ਉਥੇ ਨਿਆਂ ਪਸੰਦ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਵਾਲਾ ਇਨਸਾਨ ਸੀ। ਇਕ ਵਾਰ ਉਸ ਦੇ ਲੜਕੇ ਨੇ ਕਿਸੇ ਕੰਮੀ ਦੀ ਕੁੜੀ ਦੀ ਇੱਜਤ ‘ਤੇ ਹੱਥ ਪਾ ਲਿਆ। ਮਾਮਲਾ ਵਿਚਾਰ ਕਰਨ ਲਈ ਪਰੇ ਵਿਚ ਇਕੱਠ ਹੋ ਗਿਆ। ਊਧਮ ਸਿੰਘ ਨੇ ਫੈਸਲਾ ਪੰਚਾਇਤ ‘ਤੇ ਛੱਡ ਦਿੱਤਾ, ਪਰ ਪੰਚਾਇਤ ਨੇ ਫਿਰ ਫੈਸਲਾ ਊਧਮ ਸਿੰਘ ‘ਤੇ ਛੱਡ ਦਿੱਤਾ। ਹੁਣ ਊਧਮ ਸਿੰਘ ਦਾ ਬਹੁਤ ਵੱਡਾ ਇਮਤਿਹਾਨ ਸੀ। ਪੂਰਾ ਇਲਾਕਾ ਟਿਕਟਿਕੀ ਲਾ ਕੇ ਉਸ ਦੇ ਹੱਥ ਵਿਚ ਫੜੇ ਇਨਸਾਫ ਦੇ ਤਰਾਜੂ ਵਲ ਦੇਖ ਰਿਹਾ ਸੀ। ਊਧਮ ਸਿੰਘ ਲੋਕਾਂ ਨੂੰ ਸੰਬੋਧਨ ਹੋਇਆ, “ਦੱਸੋ ਕੀ ਸਜ਼ਾ ਦਿਆਂ?”
ਭੀੜ ‘ਚੋਂ ਫਿਰ ਆਵਾਜ਼ ਆਈ, “ਸਰਦਾਰ ਜੀ, ਫੈਸਲਾ ਆਪ ਹੀ ਸੁਣਾਓ।”
ਊਧਮ ਸਿੰਘ ਨੇ ਫੈਸਲਾ ਦਿੱਤਾ, “ਮੇਰੇ ਮੁਤਾਬਕ ਮੁੰਡਾ ਮੌਤ ਦਾ ਹੱਕਦਾਰ ਹੈ ਤਾਂ ਕਿ ਮੁੜ ਕਦੇ ਕੋਈ ਗਰੀਬ ਦੀ ਇੱਜਤ ਨਾਲ ਨਾ ਖੇਡੇ।”
ਭੀੜ ਵਿਚੋਂ ਆਵਾਜ਼ ਆਈ, “ਸਰਦਾਰ ਜੀ ਬਖਸ਼ ਦਿਓ, ਤੁਹਾਡਾ ਆਪਣਾ ਖੂਨ ਹੈ।”
“ਨਹੀਂ, ਇਹ ਮੇਰਾ ਖੂਨ ਹੁੰਦਾ, ਤਦ ਇਹ ਕਰਤੂਤ ਨਾ ਕਰਦਾ।” ਇੰਨਾ ਕਹਿ ਕੇ ਪਰੇ ਵਿਚ ਹੀ ਮੁੰਡੇ ਦੀ ਛਾਤੀ ਵਿਚ ਗੋਲੀ ਮਾਰ ਕੇ ਥਾਂ ‘ਤੇ ਹੀ ਢੇਰੀ ਕਰ ਦਿੱਤਾ। ਅੱਜ ਵੀ ਇਲਾਕੇ ਵਿਚ ਗੱਲ ਪ੍ਰਚਲਿਤ ਹੈ ਕਿ ਜੇ ਕੋਈ ਚੱਕਵੀਂ ਗੱਲ ਕਰੇ ਤਾਂ ਦੂਸਰਾ ਕਹਿੰਦਾ ਹੈ, “ਤੂੰ ਕਿਹੜਾ ਕੱਕੜਾਂ ਵਾਲਾ ਊਧਮ ਸਿੰਘ ਏਂ।”
ਮਿਲਣ ਵਾਲੇ ਸੱਜਣਾਂ ਤੋਂ ਫਾਰਗ ਹੋ ਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੇਖਣ ਚਲ ਪਏ। ਇਹ ਹਵੇਲੀ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਹੈ। ਇਸ ਮੁਹੱਲੇ ਵਿਚ ਹੀ ਮਹਾਰਾਜੇ ਦੀ ਹਵੇਲੀ ਤੋਂ ਉਤਰ ਵਾਲੇ ਪਾਸੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਘਰ ਦੀ ਮੰਮਟੀ ਦਿਸਦੀ ਹੈ। ਅਸੀਂ ਪਹਿਲਾਂ ਹਰੀ ਸਿੰਘ ਨਲੂਆ ਦਾ ਘਰ ਦੇਖਣ ਤੁਰ ਪਏ, ਜੋ ਤੰਗ ਜਿਹੀ ਗਲੀ ਦੇ ਦੋਵੇਂ ਪਾਸੇ ਬਣਿਆ ਹੋਇਆ ਹੈ, ਇਸ ਗਲੀ ‘ਤੇ ਛੱਤ ਪਾ ਕੇ ਚੁਬਾਰੇ ਬਣੇ ਹੋਏ ਹਨ। ਹੇਠਾਂ ਭਾਵੇਂ ਜਗ੍ਹਾ ਤੰਗ ਹੈ, ਉਪਰ ਚੁਬਾਰੇ ਮੋਕਲੇ ਬਣੇ ਹਨ। ਅੱਜਕੱਲ੍ਹ ਇਸ ਘਰ ਨੂੰ ਅੰਨ੍ਹਿਆਂ ਦੀ ਮਸਜਿਦ ਕਰਕੇ ਜਾਣਿਆ ਜਾਂਦਾ ਹੈ। ਉਪਰ ਚੁਬਾਰੇ ਵਿਚ ਮਸਜਿਦ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਅੱਗੇ ਚੌਕ ਹੈ ਅਤੇ ਚੌਂਕ ਵਿਚ ਪਿੱਪਲ ਦਾ ਦਰੱਖਤ। ਇਸ ਚੌਕ ਵਿਚ ਦਰਜਨਾਂ ਰੇੜ੍ਹੀਆਂ ਖੜ੍ਹੀਆਂ ਹਨ। ਹਵੇਲੀ ਦੇ ਮੋਹਰਲੇ ਕਮਰੇ ਗਲੀ ਦੇ ਬਰਾਬਰ ਬਣੇ ਹੋਏ ਹਨ, ਪਰ ਜਿਥੇ ਅਸਲ ਹਵੇਲੀ ਸ਼ੁਰੂ ਹੁੰਦੀ ਹੈ, ਉਹ ਗਲੀ ਤੋਂ ਦਸ ਬਾਰਾਂ ਫੁੱਟ ਉਚੀ ਹੈ। ਮੋਹਰਲੇ ਕਮਰਿਆਂ ਦੀ ਛੱਤ ਹਵੇਲੀ ਅੱਗੇ ਵਿਹੜੇ ਦਾ ਕੰਮ ਦਿੰਦੀ ਹੈ। ਕਦੇ ਮਹਾਰਾਜੇ ਦੇ ਪੁਰਖੇ ਇਨ੍ਹਾਂ ਕਮਰਿਆਂ ਦੀ ਛੱਤ ‘ਤੇ ਬੈਠ ਕੇ ਦਰਬਾਰ ਲਾਉਂਦੇ ਸਨ। ਇਨ੍ਹਾਂ ਕਮਰਿਆਂ ਦੀ ਛੱਤ ਤੋਂ ਹਾਥੀ ‘ਤੇ ਸਹਿਜ ਨਾਲ ਚੜ੍ਹਿਆ ਜਾ ਸਕਦਾ ਸੀ।
ਅਸੀਂ ਪੌੜੀਆਂ ਚੜ੍ਹ ਕੇ ਹਵੇਲੀ ‘ਚ ਦਾਖਲ ਹੋਏ। ਦਲਾਨ ਦੀ ਛੱਤ ਅਜੇ ਵੀ ਕਾਇਮ ਹੈ, ਬਾਕੀ ਕਮਰਿਆਂ ਦੀ ਛੱਤ ਉਧੇੜ ਕੇ ਨਵੇਂ ਸਿਰਿਓਂ ਪਾਉਣ ਦਾ ਉਪਰਾਲਾ ਸ਼ੁਰੂ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੀਆਂ ਨਵਾਜ਼ ਸ਼ਰੀਫ ਦੀ ਸਰਕਾਰ ਵੇਲੇ ਇਹ ਫੈਸਲਾ ਕੀਤਾ ਗਿਆ ਸੀ ਕਿ ਇਤਿਹਾਸ ਨਾਲ ਸਬੰਧਤ ਜਿੰਨੀਆਂ ਨਿਸ਼ਾਨੀਆਂ ਹਨ, ਉਨ੍ਹਾਂ ਨੂੰ ਚੰਗੀ ਹਾਲਤ ਵਿਚ ਲਿਆਂਦਾ ਜਾਵੇ। ਇਕ ਕਮਰੇ ਨੂੰ ਜੰਦਰਾ ਲੱਗਾ ਹੋਇਆ ਸੀ, ਜਿਸ ਕਮਰੇ ਵਿਚ ਮਹਾਰਾਜੇ ਦਾ ਜਨਮ ਹੋਣ ਦਾ ਜ਼ਿਕਰ ਹੈ। ਮਹਾਰਾਜੇ ਦੇ ਜਨਮ ਬਾਰੇ ਪੱਥਰ ਲੱਗਾ ਹੋਇਆ ਹੈ, ਜਿਥੇ ਜਨਮ ਮਿਤੀ ਦੋ ਨਵੰਬਰ 1780 ਲਿਖੀ ਹੋਈ ਹੈ।
ਹਵੇਲੀ ਕਾਫੀ ਲੰਮੀ ਚੌੜੀ ਤੇ ਨਾਨਕਸ਼ਾਹੀ ਇੱਟਾਂ ਦੀ ਬਣੀ ਹੈ। ਹੁਣ ਅਸੀਂ ਹਵੇਲੀ ਦੀ ਚਿੱਤਰਕਾਰੀ ਨੂੰ ਦੇਖ ਰਹੇ ਸਾਂ, ਜਿਸ ਦੀ ਖੂਬਸੂਰਤੀ ਸਮੇਂ ਦੇ ਗੇੜ ਨਾਲ ਮੱਧਮ ਪੈ ਚੁਕੀ ਸੀ। ਕਦੇ ਇਸ ਹਵੇਲੀ ਵਿਚ ਪੰਜਾਬ ਦਾ ਨਾਇਕ ਮਹਾਂਬਲੀ ਰਣਜੀਤ ਸਿੰਘ ਪੈਦਾ ਹੋਇਆ। ਇਸ ਹਵੇਲੀ ਦਾ ਸੁਭਾਗ ਹੈ, ਜਿਥੇ ਮਹਾਰਾਜੇ ਨੇ ਪੰਘੂੜਾ ਝੂਟਿਆ, ਖਿੱਦੋ ਖੂੰਡੀ ਖੇਡੀ ਅਤੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਿਆ। ਇਸ ਹਵੇਲੀ ਵਿਚ ਉਸ ਯੋਧੇ ਦੀ ਪਰਵਰਿਸ਼ ਹੋਈ, ਜਿਸ ਨੇ ਵਗਦੇ ਦਰਿਆਵਾਂ ਦੇ ਵਹਿਣ ਮੋੜ ਦਿੱਤੇ। ਪਠਾਣੀਆਂ ਇਸ ਮਹਾਰਾਜੇ ਦੇ ਜਰਨੈਲ ਹਰੀ ਸਿੰਘ ਨਲੂਆ ਦਾ ਨਾਂ ਲੈ ਕੇ ਬੱਚਿਆਂ ਨੂੰ ਚੁੱਪ ਕਰਵਾਉਣ ਲੱਗ ਪਈਆਂ। ਮੁੱਦਤਾਂ ਤੋਂ ਅਲੱਗ-ਅਲੱਗ ਧਾੜਵੀਆਂ ਦੀ ਸਤਾਈ ਰਿਆਇਆ ਪੂਰੀ ਅੱਧੀ ਸਦੀ ਸਰ੍ਹਾਣੇ ਹੇਠ ਬਾਂਹ ਦੇ ਕੇ ਸੁੱਤੀ।
ਮਹਾਰਾਜਾ ਰਣਜੀਤ ਸਿੰਘ ਨੂੰ ਜਿਥੇ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਉਸ ਨੇ ਅੱਠ ਸੌ ਸਾਲਾਂ ਦੀ ਗੁਲਾਮੀ ਦਾ ਜੂਲਾ ਉਤਾਰ ਕੇ ਪੰਜਾਬੀਆਂ ਦਾ ਰਾਜ ਕਾਇਮ ਕੀਤਾ, ਉਥੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਸਿੱਕਾ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ‘ਤੇ ਚਲਾਇਆ। ਰਣਜੀਤ ਸਿੰਘ ਦੇ ਰਾਜ ਦਾ ਨਿਆਂ ਪੂਰੀ ਦੁਨੀਆਂ ਵਿਚ ਸਲਾਹਿਆ ਗਿਆ। ਸ਼ਾਹ ਮੁਹੰਮਦ ਨੇ ਹਿੰਦੂ, ਸਿੱਖ ਤੇ ਮੁਸਲਮਾਨਾਂ ਦੇ ਸੁਖੀ ਵਸਣ ਦਾ ਜ਼ਿਕਰ ਕੀਤਾ। ਮਹਾਰਾਜੇ ਦੇ ਚਲਾਣੇ ਪਿਛੋਂ ਸਿੱਖਾਂ ਦੀ ਖਿੰਡਰੀ-ਪੁੰਡਰੀ ਫੌਜ ਨੂੰ ਅੰਗਰੇਜ਼ਾਂ ਦੇ ਆਹੂ ਲਾਹੁੰਦਿਆਂ ਸ਼ਾਹ ਮੁਹੰਮਦ ਨੇ ਦੇਖਿਆ, ਭੱਜੀ ਜਾਂਦੀ ਅੰਗਰੇਜ਼ ਫੌਜ ਨੂੰ ਪਹਾੜਾ ਸਿੰਘ ਵਲੋਂ ਸਿੱਖ ਫੌਜ ਦਾ ਗੋਲੀ ਸਿੱਕਾ ਮੁੱਕਣ ਦੀ ਗੱਲ ਦੱਸ ਕੇ ਵਾਪਸ ਬੁਲਾਉਣ ‘ਤੇ ਸ਼ਾਹ ਮੁਹੰਮਦ ਖੂਨ ਦੇ ਅੱਥਰੂ ਰੋਂਦਾ ਮੱਥੇ ‘ਤੇ ਹੱਥ ਮਾਰਦਾ ਹੈ ਤੇ ਲਿਖਦਾ ਹੈ,
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
ਸ਼ਾਹ ਮੁਹੰਮਦ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਸਭ ਤੋਂ ਵੱਡਾ ਸਦਮਾ ਇਸ ਗੱਲ ਦਾ ਹੈ ਕਿ ਅੱਜ ਅਸੀਂ ਆਪਣੇ ਨਾਇਕ ਦੀ ਮੜ੍ਹੀ ‘ਤੇ ਚਾਰ ਫੁੱਲ ਅਰਪਿਤ ਕਰਨ ਤੋਂ ਵੀ ਅਸਮਰੱਥ ਹਾਂ। ਅਸੀਂ ਆਪਣੇ ਨਾਇਕ ਦੇ ਜਨਮ ਸਥਾਨ ਨੂੰ ਅਲਵਿਦਾ ਕਹਿ ਕੇ ਦੋਸਤ ਦੇ ਘਰ ਵੱਲ ਚੱਲ ਪਏ। ਚਾਰੇ ਪਾਸੇ ਖੁਸ਼ੀਆਂ ਦੇ ਖੇੜੇ ਹਨ। ਈਦ ਜੁ ਸੀ। ਈਦ ਦਾ ਦਿਨ ਇਬਾਦਤ ਕਰਨ ਵਾਲਿਆਂ ਲਈ, ਤਜਾਰਤ ਕਰਨ ਵਾਲਿਆਂ ਲਈ, ਵਪਾਰ ਕਰਨ ਵਾਲਿਆਂ ਲਈ ਅਤੇ ਪਿਆਰ ਕਰਨ ਵਾਲਿਆਂ ਲਈ ਮੁਬਾਰਕ ਦਿਨ ਹੈ।
ਦੋਸਤ ਨਾਲ ਚਿਰਾਂ ਤੋਂ ਕੀਤਾ ਈਦ ‘ਤੇ ਆਉਣ ਦਾ ਵਾਅਦਾ ਨਿਭ ਗਿਆ ਸੀ। ਮੈਨੂੰ ਲਹਿੰਦੀ ਪੰਜਾਬੀ ਵਿਚ ਗਾਇਕ ਮਨਸੂਰ ਅਲੀ ਖਾਂ ਮਲੰਗੀ ਦੇ ਟੱਪੇ ਨੇ ਹਮੇਸ਼ਾ ਚੁਕੰਨਾ ਕਰੀ ਰੱਖਿਆ:
ਚਾਦਰ ਝੱਭ ਸੁੱਕ ਗਈ।
ਈਦ ‘ਤੇ ਨਹੀਂ ਮਿਲਿਆ,
ਤੇਰੇ ਕੂੜਾਂ ਦੀ ਹੱਦ ਮੁੱਕ ਗਈ।