ਨਸੀਰੂਦੀਨ ਤੇ ਜਾਵੇਦ ਨਫਰਤ ਖਿਲਾਫ ਡਟੇ

ਅਦਾਕਾਰ ਨਸੀਰੂਦੀਨ ਸ਼ਾਹ ਅਤੇ ਸ਼ਾਇਰ ਜਾਵੇਦ ਅਖਤਰ ਹਿੰਦੂਤਵੀ ਕੱਟੜਪੰਥੀਆਂ ਦੀਆਂ ਵਧੀਕੀਆਂ ਖਿਲਾਫ ਸਟੈਂਡ ‘ਤੇ ਡਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਬਾਰੇ ਆਪਣੇ ਬਿਆਨ ‘ਤੇ ਅਡੋਲ ਹਨ ਤੇ ਸਮਾਜ ਵਿਚ ਸ਼ਰੇਆਮ ਨਫਰਤ ਫੈਲਾਏ ਜਾਣ ਤੋਂ ਬੇਹੱਦ ਪ੍ਰੇਸ਼ਾਨ ਹਨ। ਚੇਤੇ ਰਹੇ ਕਿ ਪਿਛਲੇ ਸਾਲ ਨਸੀਰੂਦੀਨ ਸ਼ਾਹ ਨੇ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕੁਝ ਥਾਵਾਂ ‘ਤੇ ਗਊ ਹੱਤਿਆ ਨੂੰ ਪੁਲਿਸ ਮੁਲਾਜ਼ਮ ਦੀ ਹੱਤਿਆ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ।

ਉਧਰ, ਉਘੇ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਵੀ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਚਾਹੇ ਉਹ ਸ਼ਾਸਨ ਦੇ ਖਿਲਾਫ ਹੀ ਕਿਉਂ ਨਾ ਹੋਣ। ਸਿਆਸੀ ਅਤੇ ਸਮਾਜਿਕ ਪੱਖ ਤੋਂ ਵਿਚਾਰ ਰੱਖਣ ‘ਚ ਹਮੇਸ਼ਾ ਮੋਹਰੀ ਰਹੇ ਜਾਵੇਦ ਅਖਤਰ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੱਬੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ, “ਜੇ ਤੁਸੀਂ ਕਿਸੇ ਸ਼ਖਸ ਜਾਂ ਸਰਕਾਰ ਨੂੰ ਕੁਝ ਕਹਿੰਦੇ ਹੋ ਤਾਂ ਕੀ ਇਹ ਉਸ ਨੂੰ ਪਸੰਦ ਆਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸਰਕਾਰ ਹੋ ਸਕਦੀ ਹੈ ਜਿਸ ਦੀ ਤੁਸੀਂ ਆਲੋਚਨਾ ਕਰੋ ਤੇ ਉਹ ਖੁਸ਼ ਹੋਵੇ।” ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ। ਇਸ ਹੱਕ ਨੂੰ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਹੀ ਅਮਲੀ ਰੂਪ ਵਿਚ ਕਿਸੇ ਲੋਕਤੰਤਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਭਾਰਤ ਦੇ ਲੋਕ ਖੁਸ਼ਕਿਸਮਤ ਹਨ ਜੋ ਲੋਕਤੰਤਰ ਦੇ ਵਾਸੀ ਹਨ, ਇਸ ਲਈ ਸਭ ਨੂੰ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰਨਾ ਚਾਹੀਦਾ।
ਫਿਲਮਾਂ ਬਾਰੇ ਗੱਲ ਕਰਦਿਆਂ ਜਾਵੇਦ ਅਖਤਰ ਨੇ ਕਿਹਾ ਕਿ ਹਰ ਦਹਾਕੇ ‘ਚ ਚੰਗੀਆਂ ਅਤੇ ਮਾੜੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਬੜੀ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ‘ਚ ਸਲੀਮ ਖਾਨ ਨਾਲ ਮਕਬੂਲ ਫਿਲਮਾਂ ‘ਜ਼ੰਜੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ਦੇਣ ਵਾਲੇ ਅਖਤਰ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਨਵੀਂ ਪੀੜ੍ਹੀ ਦੇ ਲੇਖਕਾਂ ਅਤੇ ਡਾਇਰੈਕਟਰਾਂ ਤੋਂ ਈਰਖਾ ਹੁੰਦੀ ਹੈ। ਕਈ ਮਾਮਲਿਆਂ ਵਿਚ ਇਹ ਪੁਰਾਣੀ ਪੀੜ੍ਹੀ ਤੋਂ ਬਹੁਤ ਅਗਾਂਹ ਹਨ। ਕੁਝ ਫਿਲਮਾਂ ਬਹੁਤ ਵਧੀਆ ਹਨ। ‘ਉਡਾਨ’, ‘ਮਸਾਨ’, ‘ਤਲਵਾਰ’ ਜਿਹੀਆਂ ਫਿਲਮਾਂ ਦੀ ਉਨ੍ਹਾਂ ਤਾਰੀਫ ਕੀਤੀ। ਆਪਣੀ ਧੀ ਜ਼ੋਯਾ ਅਖਤਰ ਦੀਆਂ ਫਿਲਮਾਂ ‘ਦਿਲ ਧੜਕਨੇ ਦੋ’, ‘ਗੱਲੀ ਬੁਆਏ’ ਦੀ ਵੀ ਉਨ੍ਹਾਂ ਪ੍ਰਸ਼ੰਸਾ ਕੀਤੀ। ਇਨ੍ਹਾਂ ਫਿਲਮਾਂ ਦੇ ਸੰਵਾਦ ਅਸਲ ਦਾ ਭੁਲੇਖਾ ਪਾਉਂਦੇ ਹਨ।
ਉਨ੍ਹਾਂ ਦੱਸਿਆ, “ਜਦੋਂ ਸਾਡੀਆਂ ਪਹਿਲੀਆਂ ਕੁਝ ਫਿਲਮਾਂ ‘ਅੰਦਾਜ਼’, ‘ਹਾਥੀ ਮੇਰੇ ਸਾਥੀ’, ‘ਸੀਤਾ ਔਰ ਗੀਤਾ’, ‘ਜ਼ੰਜੀਰ’ ਸੁਪਰ ਹਿੱਟ ਹੋ ਗਈਆਂ ਸਨ ਤਾਂ ਅਸੀਂ ਆਪਣਾ ਮਿਹਨਤਾਨਾ ਵਧਾਉਣ ਦਾ ਫੈਸਲਾ ਕੀਤਾ। ਉਸ ਸਮੇਂ ਵਧੀਆ ਲੇਖਕ ਨੂੰ ਵੱਧ ਤੋਂ ਵੱਧ 70-80 ਹਜ਼ਾਰ ਰੁਪਏ ਮਿਲਦੇ ਸਨ ਅਤੇ ਅਸੀਂ 2 ਲੱਖ ਰੁਪਏ ਲੈਣ ਦਾ ਫੈਸਲਾ ਕੀਤਾ। ਚਾਰ ਫਿਲਮਾਂ ਹਿੱਟ ਹੋਣ ਦੇ ਬਾਵਜੂਦ ਸਾਨੂੰ 9 ਮਹੀਨਿਆਂ ਤਕ ਕੋਈ ਕੰਮ ਨਹੀਂ ਮਿਲਿਆ। ਕੋਈ ਸਾਨੂੰ ਇੰਨੀ ਰਕਮ ਦੇਣ ਲਈ ਤਿਆਰ ਨਹੀਂ ਸੀ। ਅਖੀਰ ਪ੍ਰੇਮਜੀ (ਪ੍ਰੋਡਿਊਸਰ) ਨੇ ਫਿਲਮ ‘ਮਜਬੂਰ’ ਲਈ ਦੋ ਲੱਖ ਰੁਪਏ ਦਿੱਤੇ।”
ਯਾਦ ਰਹੇ ਕਿ ਅਮਿਤਾਭ ਬੱਚਨ ਦਾ ‘ਐਂਗਰੀ ਯੰਗਮੈਨ’ ਵਾਲਾ ਅਕਸ ਬਣਾਉਣ ਦਾ ਸਿਹਰਾ ਜਾਵੇਦ-ਸਲੀਮ ਦੀ ਜੋੜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਉਨ੍ਹਾਂ ਤੋਂ ਸਫਲਤਾ ਦਾ ਰਹੱਸ ਪੁੱਛਦੇ ਹਨ ਅਤੇ ਉਹ ਸਦਾ ਲੋਕਾਂ ਨੂੰ ਐਮਾਜ਼ੋਨ, ਨੀਲ, ਗੰਗਾ ਦਰਿਆਵਾਂ ਦੀ ਮਿਸਾਲ ਦਿੰਦੇ ਹਨ ਕਿਉਂਕਿ ਇਹ ਦਰਿਆ ਆਪਣਾ ਰਾਹ ਖੁਦ ਬਣਾ ਕੇ ਸਾਗਰ ਤੱਕ ਪਹੁੰਚਦੇ ਹਨ, ਉਂਜ ਨਾਲ ਹੀ ਇਨ੍ਹਾਂ ਦੇ ਰਾਹ ਵੱਖੋ-ਵੱਖਰੇ ਹੁੰਦੇ ਹਨ।