ਹਰਕੀਰਤਨ ਕੌਰ ਉਰਫ ਗੀਤਾ ਬਾਲੀ ਦੀ ਅਦਾਕਾਰੀ

ਪੰਜਾਬਣ ਮੁਟਿਆਰ ਗੀਤਾ ਬਾਲੀ ਉਰਫ ਹਰਕੀਰਤਨ ਕੌਰ ਦੀ ਪੈਦਾਇਸ਼ 30 ਨਵੰਬਰ 1930 ਨੂੰ ਅੰਮ੍ਰਿਤਸਰ ਦੇ ਗੁਰਸਿੱਖ ਪਰਿਵਾਰ ਵਿਚ ਹੋਈ। ਹਰਦਰਸ਼ਨ ਕੌਰ, ਜੋਤੀ ਕੌਰ ਤੇ ਭਰਾ ਦਿਗਵਿਜੈ ਸਿੰਘ ਬਾਲੀ ਆਪਣੀ ਭੈਣ ਹਰਕੀਰਤਨ ਨੂੰ ‘ਕੀਤਾ’ ਦੇ ਨਾਮ ਨਾਲ ਮੁਖਾਤਬ ਹੁੰਦੇ ਸਨ। ਇਨ੍ਹਾਂ ਦੇ ਪਿਤਾ ਕਰਤਾਰ ਸਿੰਘ ਬਾਲੀ ਸਿੱਖ ਧਰਮ ਦੇ ਪ੍ਰਚਾਰਕ ਸਨ ਜਿਸ ਕਰਕੇ ਉਨ੍ਹਾਂ ਨੂੰ ਧਰਮ ਪ੍ਰਚਾਰ ਦੇ ਸਿਲਸਿਲੇ ਵਿਚ ਦੂਜੇ ਮੁਲਕਾਂ ਵਿਚ ਜਾਣਾ ਪੈਂਦਾ ਸੀ। ਲਿਹਾਜ਼ਾ ਚਾਰਾਂ ਜਣਿਆਂ ਦੀ ਪੜ੍ਹਾਈ ਕਿਸੇ ਇਕ ਜਗ੍ਹਾ ਨਾ ਹੋ ਕੇ ਵੱਖ-ਵੱਖ ਥਾਵਾਂ ‘ਤੇ ਹੋਈ।

ਬਾਲ ਉਮਰੇ ਹੀ ‘ਕੀਤਾ’ ਨੂੰ ਨ੍ਰਿਤ-ਕਲਾ ਨਾਲ ਲਗਾਓ ਹੋ ਗਿਆ। 9 ਸਾਲ ਦੀ ਉਮਰ ਵਿਚ ਹੀ ਉਸ ਨੇ ਆਪਣੀ ਵੱਡੀ ਭੈਣ ਹਰਦਰਸ਼ਨ ਕੌਰ ਨਾਲ ਪਹਿਲੀ ਵਾਰ ਲਖਨਊ ਦੇ ਨ੍ਰਿਤ ਪ੍ਰੋਗਰਾਮ ਵਿਚ ਪੇਸ਼ਕਾਰੀ ਦਿੱਤੀ ਪਰ ਸਿੱਖ ਧਰਮ ਦੇ ਕੁਝ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਸ ਲਈ ਕਾਫੀ ਰੌਲਾ ਪਿਆ। ਫਿਰ ਵੀ ਦੋਵਾਂ ਭੈਣਾਂ ਅਤੇ ਬਾਲੀ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ।
ਇਸ ਤੋਂ ਬਾਅਦ ਹਰਕੀਰਤਨ ਕੌਰ ਆਲ ਇੰਡੀਆ ਰੇਡੀਓ ਲਾਹੌਰ ਵਿਚ ਬੱਚਿਆਂ ਦੇ ਪ੍ਰੋਗਰਾਮ ਵਿਚ ਗੀਤ ਪੇਸ਼ ਕਰਨ ਲੱਗ ਪਈ। ਇਕ ਦਿਨ ਸਟੂਡੀਓ ਵਿਚ ਹੀ ਉਸ ਦੀ ਮੁਲਾਕਾਤ ਪੰਜਾਬੀ ਫਿਲਮਾਂ ਦੇ ਨ੍ਰਿਤ ਨਿਰਦੇਸ਼ਕ ਪੰਡਤ ਗਿਆਨ ਸ਼ੰਕਰ ਨਾਲ ਹੋਈ ਜਿਥੋਂ ਉਸ ਦੇ ਸੁਪਨਿਆਂ ਨੂੰ ਪਰਵਾਜ਼ ਮਿਲੀ। ਫਿਲਮਾਂ ਵਲ ਉਸ ਦੀ ਖਿੱਚ ਨੂੰ ਦੇਖਦਿਆਂ ਗਿਆਨ ਸ਼ੰਕਰ ਨੇ ਉਸ ਨੂੰ ਸ਼ੋਰੀ ਪਿਕਚਰਜ਼ ਦੀ ਦਸਤਾਵੇਜ਼ੀ ਫਿਲਮ ‘ਦਿ ਕੋਬਲਰ’ (ਮੋਚੀ) (1942) ਵਿਚ ਕੰਮ ਦਿਵਾ ਦਿੱਤਾ। ਹਰਕੀਰਤਨ ਨੇ ਇਸ ਫਿਲਮ ਵਿਚ ਪਹਿਲੀ ਵਾਰ ਕੋਰਸ ਦੀਆਂ ਲੜਕੀਆਂ ਵਿਚ ਨ੍ਰਿਤ ਪੇਸ਼ ਕੀਤਾ।
ਸ਼ੋਰੀ ਪਿਕਚਰਜ਼ ਦੀ ਫਿਲਮ ‘ਬਦਨਾਮੀ’ (1946) ‘ਚ ਹਰਕੀਰਤਨ ਕੌਰ ਨੂੰ ‘ਗੀਤਾ ਬਾਲੀ’ ਦੇ ਨਾਮ ਨਾਲ ਪੇਸ਼ ਕੀਤਾ ਗਿਆ। ਫਿਲਮ ‘ਚ ਗੀਤਾ ਦੇ ਸੋਲੋ ਨ੍ਰਿਤ ਨੇ ਸਭ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਫਿਲਮ ‘ਕਹਾਂ ਗਏ’ (1946), ‘ਪਤਝੜ’ (1948), ‘ਨਈ ਰੀਤ’ (1948) ਵਿਚ ਉਸ ਦੀ ਅਦਾਕਾਰੀ ਦੀ ਤਾਰੀਫ ਹੋਈ। ਇਸ ਦੌਰਾਨ ਚਰਿਤਰ ਅਦਾਕਾਰ ਮਜ਼ਹਰ ਖਾਨ ਨੇ ਆਪਣੀ ਫਿਲਮ ‘ਗੈਸਟ ਹਾਊਸ’ (1947) ਸ਼ੁਰੂ ਕੀਤੀ ਤਾਂ ਗੀਤਾ ਬਾਲੀ ਨੂੰ ਬੰਬਈ ਲੈ ਆਏ ਪਰ ਇਹ ਫਿਲਮ ਮਹੂਰਤ ਤੋਂ ਅੱਗੇ ਨਾ ਵਧ ਸਕੀ। ਇਸ ਤੋਂ ਬਾਅਦ ਹਿਦਾਇਤਕਾਰ ਕੇਦਾਰ ਸ਼ਰਮਾ ਨੇ ਆਪਣੀ ਫਿਲਮ ‘ਸੁਹਾਗਰਾਤ’ (1948) ‘ਚ ਗੀਤਾ ਨੂੰ ‘ਕੰਮੋ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਜਿਸ ਦੇ ਰੂ-ਬ-ਰੂ ਭਾਰਤ ਭੂਸ਼ਣ ਹੀਰੋ ਵਜੋਂ ਕੰਮ ਕਰ ਰਿਹਾ ਸੀ। ਫਿਲਮ ਵਿਚ ਆਪਣੀ ਬਿਹਤਰੀਨ ਅਦਕਾਰੀ ਸਦਕਾ ਗੀਤਾ ਬਾਲੀ ਸਫਲਤਾ ਦੇ ਸਿਖਰ ‘ਤੇ ਬੈਠ ਗਈ। ਫਿਲਮ ‘ਜਲਸਾ’ (1948) ਵਿਚ ਉਸ ਨੇ ਰਮੇਸ਼ ਅਰੋੜਾ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ।
1949 ‘ਚ ਉਸ ਦੀਆਂ 10 ਫਿਲਮਾਂ ਰਿਲੀਜ਼ ਹੋਈਆਂ। ‘ਬੜੀ ਬਹਿਨ’ ਵਿਚ ਉਸ ਨੇ ਅਦਾਕਾਰਾ ਸੁਰੱਈਆ ਦੀ ਛੋਟੀ ਭੈਣ ਦਾ ਰੋਲ ਕੀਤਾ ਜਿਸ ਦੇ ਸਨਮੁੱਖ ਪ੍ਰਾਣ ਸੀ। ਰਾਜਿੰਦਰ ਕ੍ਰਿਸ਼ਨ ਦਾ ਲਿਖਿਆ ਅਤੇ ਗੀਤਾ ਬਾਲੀ ‘ਤੇ ਫਿਲਮਾਇਆ ‘ਚਲੇ ਜਾਨਾ ਨਹੀਂ, ਨੈਨਾ ਮਿਲਾ ਕੇ ਓ ਸਈਆਂ ਬੇਦਰਦੀ’ (ਲਤਾ ਮੰਗੇਸ਼ਕਰ) ਗੀਤ ਬੜਾ ਪਸੰਦ ਕੀਤਾ ਗਿਆ। ‘ਦੁਲਾਰੀ’ ਵਿਚ ਉਸ ਨੇ ਵਣਜਾਰਨ ਕੁੜੀ ‘ਕਸਤੂਰੀ’ ਦਾ ਕਿਰਦਾਰ ਨਿਭਾਇਆ। ਸ਼ਕੀਲ ਬਦਾਯੂੰਨੀ ਦੇ ਲਿਖੇ ਅਤੇ ਗੀਤਾ ਬਾਲੀ ‘ਤੇ ਫਿਲਮਾਏ ਨ੍ਰਿਤ ਗੀਤ ‘ਨਾ ਬੋਲ ਪੀ-ਪੀ ਮੋਰੇ ਅੰਗਨਾ ਪੰਛੀ ਜਾ ਰੇ ਜਾ’, ‘ਚਾਂਦਨੀ ਆਈ ਬਨ ਕੇ ਪਿਆਰ ਓ ਸਾਜਨਾ’ (ਸ਼ਮਸ਼ਾਦ ਬੇਗ਼ਮ) ਵੀ ਬੜੇ ਹਿੱਟ ਹੋਏ। ਫਿਲਮ ‘ਦਿਲ ਕੀ ਦੁਨੀਆ’, ‘ਭੋਲੀ’ ਅਦਾਕਾਰ ਪ੍ਰੇਮ ਅਦੀਬ ਨਾਲ, ‘ਗਰੀਬੀ’ ਜੈਰਾਜ ਨਾਲ, ‘ਗਰਲਜ਼ ਸਕੂਲ’ ਸੱਜਣ ਨਾਲ, ‘ਨੇਕੀ ਔਰ ਬਦੀ’ ਰਹਿਮਾਨ ਨਾਲ ਅਤੇ ਫਿਲਮ ‘ਬਾਂਸੁਰੀਆ’ ਵਿਚ ਰਣਧੀਰ ਨਾਲ ਅਦਾਕਾਰੀ ਕੀਤੀ।
ਫਿਲਮ ‘ਬਾਵਰੇ ਨੈਨ’ (1950) ‘ਚ ਗੀਤਾ ਬਾਲੀ ਨੇ ਪਿੰਡ ਦੀ ਕੁੜੀ ਦਾ ਰੋਲ ਨਿਭਾਇਆ, ਉਸ ਦੇ ਨਾਲ ਰਾਜ ਕਪੂਰ ਸੀ। ਰੌਸ਼ਨ ਦੇ ਸੰਗੀਤ ਵਿਚ ਗੀਤਾ ‘ਤੇ ਫਿਲਮਾਇਆ ਗੀਤ ‘ਸੁਨ ਬੈਰੀ ਬਲਮ ਸਚ ਬੋਲ ਰੇ ਇਬ ਕਯਾ ਹੋਗਾ’ (ਰਾਜਕੁਮਾਰੀ) ਬਹੁਤ ਮਕਬੂਲ ਹੋਇਆ। ਫਿਲਮ ‘ਬਾਜ਼ੀ’ (1951) ਵਿਚ ਉਸ ਨੇ ਕਲੱਬ ਡਾਂਸਰ ਦੀ ਭੂਮਿਕਾ ਨਿਭਾਈ। ਐਸ਼ਡੀ. ਬਰਮਨ ਦੇ ਸੰਗੀਤ ਵਿਚ ਗੀਤਾ ‘ਤੇ ਫਿਲਮਾਏ ‘ਤਦਬੀਰ ਸੇ ਬਿਗੜੀ ਹੂਈ ਤਕਦੀਰ’, ‘ਦੇਖ ਕੇ ਅਕੇਲੀ’, ‘ਸ਼ਰਮਾਏ ਕਾਹੇ’ (ਗੀਤਾ ਦੱਤ) ਬੇਹਦ ਹਿੱਟ ਹੋਏ। ‘ਅਲਬੇਲਾ’ (1951) ਵਿਚ ਉਸ ਨੇ ਭਗਵਾਨ ਨਾਲ ਹੀਰੋਇਨ ਦਾ ਰੋਲ ਅਦਾ ਕੀਤਾ।
ਵੱਡੀ ਭੈਣ ਹਰਦਰਸ਼ਨ ਕੌਰ ਉਰਫ ‘ਬੀਬਾ ਜੀ’ ਨੇ ਜਦੋਂ ਆਪਣੀ ਫਿਲਮਸਾਜ਼ੀ ਅਤੇ ਗੁਰੂਦੱਤ ਦੀ ਹਿਦਾਇਤਕਾਰੀ ਤੇ ਅਦਾਕਾਰੀ ਵਿਚ ਫਿਲਮ ‘ਬਾਜ਼’ (1953) ਬਣਾਈ ਤਾਂ ਹੀਰੋਇਨ ਗੀਤਾ ਬਾਲੀ ਨੂੰ ਬਣਾਇਆ। ਗੀਤਾ ਬਾਲੀ ਨੇ ਆਪਣੇ ਜੀਜੇ ਨਾਲ 4 ਫਿਲਮਾਂ ਵਿਚ ਕੰਮ ਕੀਤਾ। ਪਹਿਲੀ ਕੇਦਾਰ ਸ਼ਰਮਾ ਨਿਰਦੇਸ਼ਤ ‘ਬੇਦਰਦੀ’ (1951) ਤੋਂ ਇਲਾਵਾ ‘ਸੁਹਾਗਨ’ (1954), ‘ਹੋਟਲ’ ਅਤੇ ‘ਜ਼ਿੰਦਗੀ’ (1956) ਸ਼ਾਮਲ ਹਨ।
ਉਸ ਨੇ ਆਪਣੀ ਭੈਣ ਹਰਦਰਸ਼ਨ ਕੌਰ ਅਤੇ ਜੋਤੀ ਕੌਰ ਨਾਲ ਮਿਲ ਕੇ ਆਪਣਾ ਬੈਨਰ ਬਾਲੀ ਸਿਸਟਰਜ਼ ਦੀ ਸਥਾਪਨਾ ਕੀਤੀ। ਇਸ ਬੈਨਰ ਹੇਠ ਭਰਾ ਦਿਗਵਿਜੈ ਬਾਲੀ ਦੀ ਨਿਰਦੇਸ਼ਨਾ ਹੇਠ ਫਿਲਮ ‘ਰਾਜਰੰਗ’ (1952) ਦਾ ਨਿਰਮਾਣ ਕੀਤਾ। ਇਸ ਵਿਚ ਉਹ ਖੁਦ ਨਾਇਕਾ ਬਣੀ। ਫਿਲਮ ‘ਰੰਗੀਨ ਰਾਤੇਂ’ (1956) ਦੀ ਸ਼ੂਟਿੰਗ ਦੌਰਾਨ ਹੀ ਸ਼ੰਮੀ ਕਪੂਰ ਅਤੇ ਗੀਤਾ ਦਾ ਪਿਆਰ ਪ੍ਰਵਾਨ ਚੜ੍ਹਿਆ ਤੇ ਦੋਵਾਂ ਨੇ 23 ਅਗਸਤ 1955 ਨੂੰ ਵਿਆਹ ਕਰਵਾ ਲਿਆ। 60 ਦੇ ਦਹਾਕੇ ‘ਚ ਗੀਤਾ ਬਾਲੀ ਦੀਆਂ ਚਾਰ ਫਿਲਮਾਂ ਆਈਆਂ: ‘ਬੜੇ ਘਰ ਕੀ ਬਹੂ’ (1960), ‘ਮਿਸਟਰ ਇੰਡੀਆ’, ‘ਸਪਨ ਸੁਹਾਨੇ’ (1961) ਅਤੇ ‘ਜਬਸੇ ਤੁਮਕੋ ਦੇਖਾ’ (1963)। ‘ਜਬਸੇ ਤੁਮਕੋ ਦੇਖਾ’ ਉਸ ਦੀ ਆਖਰੀ ਹਿੰਦੀ ਫਿਲਮ ਸੀ। ਉਸ ਨੇ 71 ਹਿੰਦੀ ਅਤੇ 2 ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕੀਤੀ।
ਗੀਤਾ ਬਾਲੀ ਦੀ ਪਹਿਲੀ ਪੰਜਾਬੀ ਫਿਲਮ ‘ਛਈ’ (1950) ਸੀ। ਫਿਲਮ ‘ਚ ਉਸ ਨੇ ਗੁੱਜਰੀ ਦਾ ਕਿਰਦਾਰ ਅਦਾ ਕੀਤਾ ਜਿਸ ਦੇ ਰੂ-ਬ-ਰੂ ਮਜ਼ਾਹੀਆ ਅਦਾਕਾਰ ਸੁੰਦਰ ਸੀ। ਹੰਸਰਾਜ ਬਹਿਲ ਦੀਆਂ ਸੁਰਾਂ ‘ਚ ਸਜਾਏ, ਵਰਮਾ ਮਲਿਕ ਦੇ ਲਿਖੇ ਅਤੇ ਗੀਤਾ ਬਾਲੀ ਤੇ ਸੁੰਦਰ ‘ਤੇ ਫਿਲਮਾਏ ਗੀਤਾਂ- ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ ਅੱਖੀਆਂ ਦਾ ਕੀ ਮਿਲਣਾ’, ‘ਦਿਲ ਟੁੱਟ ਗਏ ਮਿਲਣ ਤੋਂ ਪਹਿਲਾਂ’, ‘ਦਿਲ ਰੱਖ ਅੱਜ ਰੱਬ ਤੇਰੀ ਸੁਣੂੰ-ਸੁਣੂੰ ਲੱਕ ਟੁਣੂੰ-ਟੁਣੂੰ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ), ‘ਨਾਲੇ ਹੂੰ ਕਰਕੇ ਨਾਲ ਹਾਂ ਕਰਕੇ’ (ਸ਼ਮਸ਼ਾਦ ਬੇਗ਼ਮ), ‘ਅਜੀ ਓ ਮੁੰਡਾ ਮੋਹ ਲਿਆ ਤਵੀਤਾਂ ਵਾਲਾ ਨੀ ਦਮੜੀ ਦਾ ਸੱਕ ਮਲ ਕੇ’ (ਮੁਹੰਮਦ ਰਫੀ) ਅਤੇ ਇਕ ਕੱਵਾਲੀ ਗੀਤ ‘ਮੈਨੂੰ ਮਾਹੀ ਨਾਲ ਹੋ ਗਿਆ ਗਿਆ ਪਿਆਰ ਹੌਲੀ ਹੌਲੀ’ (ਐਸ਼ ਬਲਬੀਰ, ਦਵਿੰਦਰ ਵਰਮਾ, ਮਲਿਕ ਕਪੂਰ) ਨੇ ਹਰ ਪਾਸੇ ਧੁੰਮਾਂ ਪਾ ਛੱਡੀਆਂ।
ਉਸ ਦੀ ਦੂਜੀ ਪੰਜਾਬੀ ਫਿਲਮ ‘ਫੁੱਮਣ’ (1951) ਸੀ। ਫਿਲਮ ‘ਚ ਗੀਤਾ ਬਾਲੀ ਨਾਲ ਪ੍ਰਾਣ ਹੀਰੋ ਸੀ। ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ਵਿਚ ਉਸ ਅਤੇ ਪ੍ਰਾਣ ‘ਤੇ ਫਿਲਮਾਏ ਗਏ ‘ਮੈਂ ਮਦਾਰੀ ਮਾਰ ਉਡਾਰੀ ਹੋਏ ਆਇਆ ਪੱਤਣੋਂ ਪਾਰ’ (ਸੰਤ ਰਾਮ, ਪ੍ਰੇਮ ਲਤਾ), ‘ਮੇਰੀ ਵੀਹਣੀ ਨਾ ਮਰੋੜ ਕੱਚੀ ਤੇ ਨਾਜ਼ੁਕ ਸੂਤੇ ਦੀ ਡੋਰ’ (ਆਸ਼ਾ ਭੌਸਲੇ, ਜੀ.ਐਮ. ਦੁਰਾਨੀ) ਆਦਿ ਗੀਤ ਵਾਹਵਾ ਮਕਬੂਲ ਹੋਏ।
ਇਸ ਫਿਲਮ ਤੋਂ 12 ਸਾਲਾਂ ਬਾਅਦ ਗੀਤਾ ਬਾਲੀ ਦੀ ਤੀਜੀ ਪੰਜਾਬੀ ਫਿਲਮ ‘ਰਾਣੋ’ (1963-64) ਬਣਨੀ ਸ਼ੁਰੂ ਹੋਈ ਜੋ ਉਰਦੂ ਦੇ ਮਸ਼ਹੂਰ ਅਫਸਾਨਾਨਿਗਾਰ ਰਾਜਿੰਦਰ ਸਿੰਘ ਬੇਦੀ ਦੇ ਵਿਧਵਾ ਵਿਆਹ ‘ਤੇ ਲਿਖੇ ਨਾਵਲ ‘ਏਕ ਚਾਦਰ ਮੈਲੀ ਸੀ’ ‘ਤੇ ਆਧਾਰਿਤ ਸੀ। ਇਹ ਫਿਲਮ ਜ਼ਿਲ੍ਹਾ ਜਲੰਧਰ ਦੇ ਕਸਬਾ ਬੰਗਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਚ ਬਣਨੀ ਸ਼ੁਰੂ ਹੋਈ ਪਰ ਫਿਲਮ ਦੇ ਨਿਰਮਾਣ ਦੌਰਾਨ ਗੀਤਾ ਬਾਲੀ ਚੇਚਕ ਦੀ ਬਿਮਾਰੀ ਦੀ ਲਪੇਟ ਵਿਚ ਆ ਗਈ। ਸ਼ੂਟਿੰਗ ਵਿਚੇ ਛੱਡ ਉਹ ਬੰਬਈ ਟੁਰ ਗਈ। ਬਹੁਤ ਜ਼ਿਆਦਾ ਬੁਖਾਰ ਹੋਣ ਕਾਰਨ ਉਸ ਨੂੰ ਬਰਫ ਦੀਆਂ ਸਿੱਲਾਂ ‘ਤੇ ਲਿਟਾਉਣਾ ਪਿਆ।
ਅਖੀਰ ਉਹ 21 ਜਨਵਰੀ 1965 ਨੂੰ 35 ਸਾਲਾਂ ਦੀ ਉਮਰ ਵਿਚ ਮੌਤ ਦੀ ਆਗੋਸ਼ ‘ਚ ਸਮਾ ਗਈ। ਗੀਤਾ ਬਾਲੀ ਦੇ ਇੰਜ ਟੁਰ ਜਾਣ ਨਾਲ ਸ਼ੰਮੀ ਕਪੂਰ ਨੂੰ ਗਹਿਰਾ ਸਦਮਾ ਪਹੁੰਚਿਆ। ਉਨ੍ਹਾਂ ਨੂੰ ਕਲਾਸਿਕ ਅਧੂਰੀ ਫਿਲਮ ‘ਰਾਣੋ’ ਮਨਹੂਸ ਜਾਪੀ ਜਿਸ ਦੇ ਨੈਗੇਟਿਵ ਨੂੰ ਉਨ੍ਹਾਂ ਨੇ ਨਸ਼ਟ ਕਰ ਦਿੱਤਾ। ਇਸੇ ਤਰ੍ਹਾਂ ਗੀਤਾ ਬਾਲੀ ਅਤੇ ਧਰਮਿੰਦਰ ਦੀ ਇਹ ਫਿਲਮ ਬਣਦੀ-ਬਣਦੀ ਰਹਿ ਗਈ ਜਿਸ ਦੇ ਗੀਤ ਬੰਗਿਆਂ ਦੇ ਗੱਭਰੂ ਰਾਮ ਸ਼ਰਨ ਜੋਸ਼ੀਲਾ ਨੇ ਲਿਖੇ ਸਨ। ਉਸ ਦੀ ਮੌਤ ਵੇਲੇ ਵੱਡੇ ਪੁੱਤਰ ਅਦਿਤਿਆ ਕਪੂਰ ਦੀ ਉਮਰ 8 ਸਾਲ ਅਤੇ ਧੀ ਕੰਚਨ ਦੀ ਉਮਰ 3 ਸਾਲ ਸੀ। ਗੀਤਾ ਬਾਲੀ ਦੇ ਗਮ ‘ਚੋਂ ਨਿਕਲਣ ਲਈ ਸ਼ੰਮੀ ਕਪੂਰ ਨੇ ਮਗਰੋਂ 27 ਜਨਵਰੀ 1969 ਨੂੰ ਭਾਵਨਗਰ (ਗੁਜਰਾਤ) ਦੇ ਸ਼ਾਹੀ ਖਾਨਦਾਨ ਦੀ ਮੁਟਿਆਰ ਨੀਲਾ ਦੇਵੀ ਨਾਲ ਦੂਜਾ ਵਿਆਹ ਕਰਵਾ ਲਿਆ।
-ਮਨਦੀਪ ਸਿੰਘ ਸਿੱਧੂ