ਤਬਦੀਲੀ ਵਿਚ ਢਲਦਾ ਸਭਿਆਚਾਰ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਸਭਿਆਚਾਰ ਮਨੁੱਖੀ ਵਿਕਾਸ ਦੀ ਕਹਾਣੀ ਤਾਂ ਕਹਿੰਦਾ ਹੀ ਹੈ, ਕਦੇ ਕਦੇ ਮਨੁੱਖੀ ਵਿਗਠਨ ਵੱਲ ਵੀ ਸੰਕੇਤ ਕਰਦਾ ਹੈ। ਇਹ ਮਨੁੱਖੀ ਵਰਤਾਰੇ ਦੀ ਮੂਕ ਭਾਸ਼ਾ ਹੈ। ਸਭਿਆਚਾਰ ਅਜਿਹੀ ਜਟਿਲ ਇਕਾਈ ਹੈ, ਜਿਸ ਵਿਚ ਜੀਵਨ ਜਾਚ, ਗਿਆਨ, ਭਾਸ਼ਾ, ਲੋਕ ਧਰਮ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਲੋਕ ਮਨ ਦੀ ਸਿਰਜਣਾ, ਰੀਤੀ ਰਿਵਾਜ ਅਤੇ ਹੋਰ ਅਨੇਕ ਯੋਗਤਾਵਾਂ ਤੇ ਆਦਤਾਂ ਸ਼ਾਮਲ ਹੁੰਦੀਆਂ ਹਨ। ਕਿਸੇ ਸਮਾਜ ਦੇ ਸਮੁੱਚੇ ਜੀਵਨ ਢੰਗ ਨੂੰ ਉਸ ਦਾ ਸਭਿਆਚਾਰ ਕਹਿ ਲਿਆ ਜਾਂਦਾ ਹੈ।

ਜੰਗਲ ਵਿਚ ਰਹਿੰਦੇ ਪੱਥਰ ਯੁੱਧ ਦੇ ਮਨੁੱਖ ਨੇ ਹੌਲੀ ਹੌਲੀ ਕਬੀਲਿਆਂ ਵਿਚ ਰਹਿਣਾ ਸਿੱਖਿਆ। ਪੱਥਰ ਦੀ ਰਗੜ ਨਾਲ ਅੱਗ ਬਾਲਣੀ ਸਿੱਖਣ ਤੋਂ ਲੈ ਕੇ ਹਵਾਈ ਜਹਾਜ ਤੱਕ ਤੇ ਹੁਣ ਦੇ ਬਿਜਲਈ ਸੰਚਾਰ ਮਾਧਿਅਮਾਂ ਤੱਕ ਦੀਆਂ ਹੈਰਾਨਕੁਨ ਕਾਢਾਂ ਮਨੁੱਖੀ ਸਭਿਆਚਾਰ ਦੇ ਵਿਕਾਸ ਦੀ ਕਹਾਣੀ ਕਹਿੰਦੀਆਂ ਹਨ। ਮਨੁੱਖੀ ਇਤਿਹਾਸ ਸਭਿਆਚਾਰਾਂ ਦੇ ਵਿਕਾਸ ਅਤੇ ਵਿਨਾਸ਼ ਦੇ ਅਮਲ ਵਿਚੋਂ ਲੰਘਦਾ ਰਹਿੰਦਾ ਹੈ। ਇਤਿਹਾਸਕ ਹੋਣੀਆਂ ਵੀ ਸਭਿਆਚਾਰ ਦੇ ਵਿਕਾਸ ਰੁਖ ਨੂੰ ਪ੍ਰਭਾਵਿਤ ਕਰਦੀਆਂ ਹਨ। ਸਭਿਆਚਾਰਕ ਰੂਪਾਂਤਰਣ ਵਿਚ ਸਬੰਧਤ ਸਮੇਂ ਦੇ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਉਂ ਜਿਉਂ ਸਮਾਂ ਬੀਤਦਾ ਹੈ, ਸਭਿਆਚਾਰਕ ਵਿਕਾਸ ਦੀ ਗਤੀ ਵੀ ਤੇਜ਼ ਹੁੰਦੀ ਜਾਂਦੀ ਹੈ। ਸਭਿਆਚਾਰਕ ਰੂਪਾਂਤਰਣ ਵਿਚ ਮਨੁੱਖੀ ਪਹੁੰਚ ਹਮੇਸ਼ਾ ਕਾਰਜਸ਼ੀਲ ਹੁੰਦੀ ਹੈ ਤੇ ਇਹ ਤਬਦੀਲੀ ਦਰਿਆ ਦੇ ਪਾਣੀ ਦੇ ਬੇਰੋਕ ਵਹਿਣ ਵਾਂਗ ਵਹਿ ਰਹੀ ਹੁੰਦੀ ਹੈ।
ਸਭਿਆਚਾਰਕ ਰੂਪਾਂਤਰਣ ਦੇ ਤੇਜ਼ ਵਹਿਣ ਦੀ ਪ੍ਰਕ੍ਰਿਆ ਤੇ ਰਫਤਾਰ ਨਾ ਪਹਿਲਾਂ ਕਦੇ ਰੁਕੇ ਹਨ, ਨਾ ਹੁਣ ਰੁਕ ਰਹੇ ਹਨ। ਕੰਪਿਊਟਰ ਯੁੱਗ ਵਿਚ ਮਨੁੱਖ ਦੀ ਹਰ ਨਵੀਂ ਪੁਸ਼ਤ ਨੂੰ ਆਪਣਾ ਸਭਿਆਚਾਰ ਨਵੇਂ ਸਿਰਿਓਂ ਘੜਨਾ/ਸਿੱਖਣਾ ਪਵੇਗਾ। ਇਹ ਪੀੜ੍ਹੀ ਆਪਣੀ ਪਿਛਲੀ ਪੀੜ੍ਹੀ ਦੇ ਸਭਿਆਚਾਰ ਨੂੰ ਪ੍ਰਾਪਤ ਤਾਂ ਕਰੇਗੀ, ਪਰ ਆਪਣੀਆਂ ਬਦਲਦੀਆਂ ਜੀਵਨ ਹਾਲਤਾਂ ਅਨੁਸਾਰ ਢਾਲ ਕੇ ਗ੍ਰਹਿਣ ਕਰੇਗੀ। ਇੰਜ ਸਭਿਆਚਾਰ ਦੇ ਅਸਲ ਮੁੱਲਾਂ ਅਤੇ ਰੂਪ ਵਿਧੀਆਂ ਵਿਚ ਵੀ ਤਬਦੀਲੀ ਆਵੇਗੀ। ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬੀ ਸਭਿਆਚਾਰ ਵਿਚ ਹੈਰਾਨੀ ਦੀ ਉਚੇਰੀ ਹੱਦ ਤੱਕ ਤਬਦੀਲੀ ਆਈ ਹੈ। ਬਿਜਲਈ ਸੰਚਾਰ ਮਾਧਿਅਮਾਂ, ਪ੍ਰਿੰਟ ਮੀਡੀਏ, ਸੂਚਨਾ ਤਕਨਾਲੋਜੀ ਆਦਿ ਨੇ ਦੁਨੀਆਂ ਨੂੰ ਵਿਸ਼ਵ ਪਿੰਡ ਬਣਾ ਦਿੱਤਾ ਹੈ। ਦੁਨੀਆਂ ਨੂੰ ‘ਮੁੱਠੀ ਵਿਚ ਕਰਨ’ ਦੇ ਦਮ ਭਰੇ ਜਾ ਰਹੇ ਹਨ। ਸਮੇਂ ਦੇ ਫੇਰਬਦਲ ਨਾਲ ਮਨੁੱਖ ਦੇ ਜੀਵਨ ਢੰਗ ਵਿਚ ਵੱਡੀ ਤਬਦੀਲੀ ਆਈ ਹੈ। ਸਿਨੇਮਾ ਘਰ ਦਰਸ਼ਕਾਂ ਨੂੰ ਉਡੀਕਦੇ ਉਡੀਕਦੇ ਬੰਦ ਹੋ ਗਏ ਤੇ ਉਨ੍ਹਾਂ ਦੀ ਥਾਂ ਵੱਡੇ ਵੱਡੇ ਵਪਾਰ ਕੇਂਦਰ ਤੇ ਮਲਟੀਪਲੈਕਸ ਉਸਰਦੇ ਗਏ। ਕਾਰੋਬਾਰ ਖੂਬ ਵਧਿਆ ਫੁਲਿਆ ਹੈ। ਮੰਡੀ ਸਭਿਆਚਾਰ ਦਾ ਪਸਾਰ ਤੇ ਵਿਸਥਾਰ ਹੁੰਦਾ ਚਲਾ ਗਿਆ। ਸੈਲ ਫੋਨ, ਵੱਟਸਐਪ, ਫੇਸਬੁੱਕ, ਈ-ਮੇਲ (ਹੋਰ ਵੀ ਬਹੁਤ ਕੁਝ) ਆਦਿ ਤੋਂ ਬਿਨਾ ਜੀਵਨ ਅਧੂਰਾ ਪ੍ਰਤੀਤ ਹੋਣ ਲੱਗ ਪਿਆ ਹੈ। ਬੈਂਕ ਸੇਵਾਵਾਂ ਵਿਚ ਆਈ ਤਬਦੀਲੀ ਹੈਰਾਨ ਕਰ ਦੇਣ ਵਾਲੀ ਹੈ। ਇੰਟਰਨੈਟ ਸੇਵਾਵਾਂ ਕਿਸੇ ਅਜੂਬੇ ਤੋਂ ਘੱਟ ਨਹੀਂ ਹਨ। ਮੈਰਿਜ ਪੈਲੇਸ ਸਭਿਆਚਾਰ ਨੇ ਵਿਆਹਾਂ ਤੇ ਹੋਰ ਸਮਾਜਕ ਸਮਾਗਮਾਂ ਦੀ ਤਰਜ਼ ਹੀ ਬਦਲ ਦਿੱਤੀ ਹੈ। ਸਭਿਆਚਾਰ ਕੋਈ ਜੜ੍ਹ ਵਸਤੂ ਨਹੀਂ, ਉਸ ਵਿਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਜੋ ਲੋਕ ਬਦਲਦੇ ਜ਼ਮਾਨੇ ਅਤੇ ਹਾਲਤਾਂ ਅਨੁਸਾਰ ਆਪਣਾ ਜੀਵਨ ਢੰਗ ਬਦਲ ਨਹੀਂ ਲੈਂਦੇ, ਉਹ ਪੱਛੜ ਜਾਂਦੇ ਹਨ। ਸਭਿਆਚਾਰਕ ਰੂਪਾਂਤਰਣ ਦੀ ਗਤੀ ਧੀਮੀ ਹੋਵੇ ਜਾਂ ਤੇਜ਼, ਪਰ ਸਮੇਂ ਦੇ ਬਦਲਣ ਨਾਲ ਇਹ ਤਬਦੀਲੀ ਆਉਂਦੀ ਜ਼ਰੂਰ ਹੈ। ਅਜਿਹਾ ਹੋਣ ਨਾਲ ਨਵੀਂ ਸਭਿਆਚਾਰਕ ਸੋਚ ਜਨਮ ਲੈਂਦੀ ਹੈ।
ਵਿਗਿਆਨਕ ਚੇਤਨਾ ਦੇ ਪਸਾਰ ਨਾਲ ਸਮਾਜਕ ਸਭਿਆਚਾਰਕ ਕਦਰਾਂ ਕੀਮਤਾਂ ਵਿਚ ਤੇਜ਼ੀ ਨਾਲ ਵਾਪਰਨ ਵਾਲੀਆਂ ਤਬਦੀਲੀਆਂ ਵਿਕਾਸਮੁੱਖਤਾ ਵੱਲ ਵਧਣ ਦੀਆਂ ਸੂਚਕ ਹਨ। ਇਨ੍ਹਾਂ ਵਿਚੋਂ ਹੀ ਸਭਿਆਚਾਰ ਦੀ ਨਵ ਸਿਰਜਣਾ ਹੋਣੀ ਹੁੰਦੀ ਹੈ। ਸਭਿਆਚਾਰ ਨਵੇਂ ਵਿਹਾਰਾਂ ਨੂੰ ਅਪਨਾਉਂਦਾ ਰਹਿੰਦਾ ਹੈ, ਪੁਰਾਣਿਆਂ ਨੂੰ ਤਿਆਗਦਾ ਜਾਂਦਾ ਹੈ। ਇਹ ਸਭਿਆਚਾਰ ਦੇ ਬੁਨਿਆਦੀ ਲੱਛਣਾਂ ਵਿਚੋਂ ਇਕ ਹੈ। ਸਭਿਆਚਾਰਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਉਹ ਇਕ ਦੂਜੇ ਨੂੰ ਢਾਹ ਵੀ ਲਾਉਂਦੇ ਹਨ, ਪ੍ਰਭਾਵਿਤ ਵੀ ਕਰਦੇ ਹਨ, ਵਿਗਾੜਦੇ ਵੀ ਹਨ, ਅਮੀਰ ਵੀ ਬਣਾਉਂਦੇ ਹਨ। ਹਰੇਕ ਸਮੇਂ ਦਾ ਸਭਿਆਚਾਰ ਜਦੋਂ ਨਵੇਂ ਢਾਂਚੇ ਵਿਚ ਢਲਦਾ ਹੈ, ਉਹ ਆਪਣੇ ਲਈ ਨਵੇਂ ਮਾਡਲ ਦੀ ਤਲਾਸ਼ ਵੀ ਕਰ ਲੈਂਦਾ ਹੈ। ਜੇ ਮਨੁੱਖ ਸਭਿਆਚਾਰਕ ਤਬਦੀਲੀ ਨੂੰ ਪ੍ਰਵਾਨ ਨਹੀਂ ਕਰੇਗਾ ਤਾਂ ਸਭਿਆਚਾਰ ਦੇ ਵਿਕਾਸ (ਤਬਦੀਲੀ) ਦੀਆਂ ਅਗਲੇਰੀਆਂ ਸੰਭਾਵਨਾਵਾਂ ਸੁੰਗੜ ਕੇ ਰਹਿ ਜਾਣਗੀਆਂ। ਸਭਿਆਚਾਰਕ ਵਰਤਾਰੇ ਲੋਪ ਵੀ ਹੁੰਦੇ ਰਹਿੰਦੇ ਹਨ ਤੇ ਨਵੇਂ ਸਭਿਆਚਾਰ ਦੀ ਸਿਰਜਣਾ ਵੀ ਕਰਦੇ ਰਹਿੰਦੇ ਹਨ। ਅਜੋਕੇ ਦੌਰ ਵਿਚ ਸਭਿਆਚਾਰ ‘ਤੇ ਪੈਣ ਵਾਲੇ ਗਿਆਨ ਵਿਗਿਆਨ ਦੇ ਅਸਰ ਨੂੰ ਸ਼ੱਕੀ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ, ਸਗੋਂ ਪ੍ਰਵਾਨ ਕਰਨ ਯੋਗ ਹੁੰਗਾਰੇ ਦੀ ਦ੍ਰਿਸ਼ਟੀ ਤੋਂ ਵੇਖਣ ਦੀ ਲੋੜ ਹੈ। ਵਿਗਿਆਨ ਦੀ ਰੌਸ਼ਨੀ ਦੇ ਪਸਾਰ ਅਤੇ ਮਨੁੱਖੀ ਲੋੜਾਂ ਨੇ ਮਨੁੱਖ ਨੂੰ ਪਿੰਡ ਤੋਂ ਸ਼ਹਿਰ ਤੇ ਸ਼ਹਿਰ ਤੋਂ ਮਹਾਂਨਗਰ ਵੱਲ ਹਿਜ਼ਰਤ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮਨੁੱਖੀ ਰੁਝਾਨ ਨੇ ਸਭਿਆਚਾਰ ਦੇ ਨਵੇਂ ਸੰਕਲਪਾਂ ਨੂੰ ਜਨਮ ਦਿੱਤਾ ਹੈ। ਇੰਜ ਸਭਿਆਚਾਰ ਦਾ ਗਤੀਸ਼ੀਲ ਪ੍ਰਕਰਣ ਵਜੋਂ ਚਲਦਾ ਰਹਿਣਾ ਜ਼ਰੂਰੀ ਬਣ ਜਾਂਦਾ ਹੈ।
ਸਿਹਤਮੰਦ ਸਭਿਆਚਾਰ ਆਪਣੇ ਸੁਭਾਅ ‘ਤੇ ਖਰੀਆਂ ਉਤਰਨ ਵਾਲੀਆਂ ਪ੍ਰਵਿਰਤੀਆਂ ਨੂੰ ਨਕਾਰਦਾ ਚਲਾ ਜਾਂਦਾ ਹੈ। ਅਮੀਰੀ ਮੁਹੱਈਆ ਕਰਨ ਵਾਲੀਆਂ ਸਿਰਜਣਾਵਾਂ ਨੂੰ ਸਭਿਆਚਾਰ ਸੁਤੇ ਸਿਧ ਅਪਨਾਉਂਦਾ ਜਾਂਦਾ ਹੈ। ਜੋ ਸਭਿਆਚਾਰ ਵਿਗਿਆਨਕ ਯੁੱਗ ਦੀਆਂ ਲੋੜਾਂ, ਇੱਛਾਵਾਂ, ਆਸਾਂ, ਖੋਜਾਂ ਆਦਿ ਦਾ ਅਨੁਸਾਰੀ ਹੁੰਦਾ ਹੈ, ਉਹ ਆਪਣੇ ਆਪ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਰੂਬਰੂ ਹੋਣ ਦੇ ਸਮਰੱਥ ਬਣਾਉਣ ਦੇ ਯਤਨ ਵਿਚ ਹੁੰਦਾ ਹੈ। ਸਭਿਆਚਾਰਕ ਰੂਪਾਂਤਰਣ ਦੇ ਪਿੱਛੇ ਵੀ ਕੋਈ ਨਾ ਕੋਈ ਤਰਕ ਛੁਪਿਆ ਹੁੰਦਾ ਹੈ। ਸੋ, ਸਭਿਆਚਾਰਕ ਤਬਦੀਲੀ ਦਾ ਵਾਪਰਨਾ ਗੈਰਕੁਦਰਤੀ ਨਹੀਂ ਹੁੰਦਾ, ਸਗੋਂ ਮਨੁੱਖ ਦੀ ਨਿਰਮਾਣ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਸਭਿਆਚਾਰ ਦੇ ਤਬਦੀਲ ਹੁੰਦੇ ਰਹਿਣ ਦਾ ਵਰਤਾਰਾ ਸਹਿਜ ਸੁਭਾਅ ਵਾਪਰਦਾ ਰਹਿੰਦਾ ਹੈ ਤੇ ਸਭਿਆਚਾਰ ਨਿਰੰਤਰ ਤਬਦੀਲੀ ਵਿਚ ਢਲਦਾ ਰਹਿੰਦਾ ਹੈ।