ਵਿਲੱਖਣ ਵਿਧੀ ਨਾਲ ਲਿਖਿਆ ਨਾਵਲ ‘ਸਿੰਘਾਸਣ’

ਜਤਿੰਦਰ ਔਲਖ
ਜੇ ਤੁਸੀਂ ਸਾਹਿਤ ਪੜ੍ਹਨ ਦੇ ਰਸਤੇ ਤੁਰੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦਾ ਸਾਹਿਤ ਪੜ੍ਹਨਾ ਚਾਹ ਰਹੇ ਹੋ? ਇਸ ਸਬੰਧੀ ਤੁਹਾਡੀਆਂ ਰੁਚੀਆਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਹਨ। ਜੇ ਤੁਸੀਂ ਲਗਾਤਾਰ ਇਕ ਹੀ ਤਰ੍ਹਾਂ ਦਾ ਸਾਹਿਤ ਪੜ੍ਹ ਰਹੇ ਹੋ ਤਾਂ ਹੋ ਸਕਦਾ ਹੈ, ਪਾਠਕ ਵਜੋਂ ਤੁਸੀਂ ਕਿਸੇ ਮਾਨਸਿਕ ਖੜੋਤ ਦਾ ਸ਼ਿਕਾਰ ਹੋਵੋ। ਮਸਲਨ ਪਿਛਲੇ ਚਾਰ-ਪੰਜ ਸਾਲਾਂ ਤੋਂ ਕਈ ਤਰ੍ਹਾਂ ਦੀਆਂ ਸਾਹਿਤਕ ਧਾਰਾਵਾਂ ਨਾਲ ਮੇਰੀ ਗੂੜ੍ਹ ਪਈ, ਇਸ ਦੌਰਾਨ ਵਿਸ਼ਵ ਸਾਹਿਤ ਦੇ ਬਹੁਤ ਸਾਰੇ ਕਲਾਸਿਕ ਨਾਵਲ, ਮੋਟੀਵੇਸ਼ਨਲ ਸਾਹਿਤ, ਹਾਂਪੱਖੀ ਸੋਚ, ਆਪਣੀ ਹੋਂਦ, ਮਨ ਦੀ ਗਹਿਰਾਈ, ਬ੍ਰਹਿਮੰਡੀ ਅਲੌਕਿਕਤਾ ਜਾਣਨ ਲਈ ਰੂਹਾਨੀ ਅਤੇ ਬੋਧ ਸਾਹਿਤ ਨਾਲ ਮੇਰਾ ਵਾਹ ਵਾਸਤਾ ਪਿਆ। ਇਸ ਕਿਸਮ ਦੀ ਰੀਡਿੰਗ ਵਿਚ ਦਲਾਈਲਾਮਾ, ਸਵਾਮੀ ਪਰਮਹੰਸ ਯੋਗਾਨੰਦ ਅਤੇ ਬਾਬਾ ਨਾਨਕ ਮੇਰੇ ਲਈ ਆਦਰਸ਼ਕ ਹਨ।

ਛਪ ਰਹੀ ਪੰਜਾਬੀ ਕਵਿਤਾ ਦੀਆਂ ਬਹੁਤੀਆਂ ਕਿਤਾਬਾਂ ਮੇਰੇ ਤੱਕ ਪਹੁੰਚ ਜਾਂਦੀਆਂ ਹਨ ਅਤੇ ਕੁਝ ਉਚੇਚੀਆਂ ਮੰਗਵਾ ਕੇ ਵੀ ਪੜ੍ਹਦਾ ਹਾਂ, ਪਰ ਪੰਜਾਬੀ ਕਹਾਣੀ ਅਤੇ ਨਾਵਲ ਵਿਚ ਮੇਰੀ ਦਿਲਚਸਪੀ ਕੁਝ ਘੱਟ ਹੋਈ ਹੈ।
ਪਿਛਲੀ ਮੱਸਿਆ ‘ਤੇ ਜਲੰਧਰ ਗੇੜਾ ਲੱਗਾ ਤਾਂ ਸ੍ਰੀ ਰਾਜਿੰਦਰ ਬਿਮਲ ਤੋਂ ਹੋਰ ਬਹੁਤ ਸਾਰੀਆਂ ਪੁਸਤਕਾਂ ਦੇ ਨਾਲ ਸੁਰਿੰਦਰ ਸੋਹਲ ਦਾ ਹਾਲ ਹੀ ‘ਚ ਛਪਿਆ ਨਾਵਲ ‘ਸਿੰਘਾਸਣ’ ਵੀ ਲੈ ਆਇਆ। ਵਿਦੇਸ਼ੀਂ ਵੱਸਦੇ ਪੰਜਾਬੀ ਲੇਖਕਾਂ ‘ਚ ਸੁਰਿੰਦਰ ਸੋਹਲ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਲੇਖਕ ਅਤੇ ਕਵੀ ਹੋਣ ਦੇ ਨਾਲ ਨਾਲ ਉਹ ਸੁਹਿਰਦ ਪਾਠਕ ਵੀ ਹੈ। ਆਮ ਕਰਕੇ ਗਲਪ ਸਾਹਿਤ ਪੜ੍ਹਨ ਵੇਲੇ ਅਨੁਭਵ ਹੁੰਦਾ ਹੈ ਕਿ ਪੁਸਤਕ ਦਾ ਪਹਿਲਾ ਕੁੱਝ ਹਿੱਸਾ ਤੁਹਾਨੂੰ ਵਿਸ਼ੇਸ਼ ਤਰੱਦਦ ਅਤੇ ਧਿਆਨ ਲਾ ਕੇ ਪੜ੍ਹਨਾ ਪੈਂਦਾ ਹੈ। ਹੌਲੀ-ਹੌਲੀ ਪੜ੍ਹਦਿਆਂ ਪੁਸਤਕ ਵਿਚਲੀ ਕਥਾ ਵਿਚ ਤੁਹਾਡੀ ਦਿਲਚਸਪੀ ਬਣ ਜਾਂਦੀ ਹੈ, ਪਰ ਸੋਹਲ ਦਾ ਨਾਵਲ ‘ਸਿੰਘਾਸਣ’ ਇੱਕ ਅਜਿਹੀ ਰਚਨਾ ਹੈ, ਜਿਸ ਨੂੰ ਤੁਸੀਂ ਪੜ੍ਹਨ ਬੈਠਦੇ ਹੋ ਤਾਂ ਪਹਿਲੀਆਂ ਇੱਕ ਦੋ ਸਤਰਾਂ ਹੀ ਤੁਹਾਡੇ ਮਨ ‘ਤੇ ਹਾਵੀ ਹੋ ਜਾਂਦੀਆਂ ਹਨ। ਤੁਹਾਡੀ ਮਾਨਸਿਕਤਾ ਪੁਸਤਕ ਅੱਗੇ ਆਤਮ ਸਮਰਪਣ ਕਰ ਦਿੰਦੀ ਹੈ। ਪਤਾ ਹੀ ਨਹੀਂ ਲੱਗਦਾ ਤੁਸੀਂ ਪੁਸਤਕ ਪੜ੍ਹ ਰਹੇ ਹੋ ਜਾਂ ਪੁਸਤਕ ਤੁਹਾਨੂੰ ਪੜ੍ਹ ਰਹੀ ਹੈ। ਇਹ ਪੁਸਤਕ ਪੜ੍ਹਦਿਆਂ ਤੁਸੀਂਂ ਬਹੁਤ ਕੁਝ ਪੜ੍ਹਦੇ ਹੋ ਜਿਵੇਂ ਆਪਣੇ ਆਪ ਨੂੰ, ਸਮਾਜ ਨੂੰ ਅਤੇ ਕੁਝ-ਕੁਝ ਭਵਿੱਖ ਨੂੰ ਪੜ੍ਹਨ ਦੀ ਚਾਹ ਪੈਦਾ ਹੁੰਦੀ ਹੈ। ਇਹੀ ਸੁਰਿੰਦਰ ਸੋਹਲ ਅਤੇ ‘ਸਿੰਘਾਸਣ’ ਦੀ ਕਾਮਯਾਬੀ ਹੈ। ਇਹ ਮਨੋਵਿਗਿਆਨਕ ਨਾ ਹੁੰਦਿਆਂ ਵੀ ਕਈ ਤਰ੍ਹਾਂ ਦੀਆਂ ਮਾਨਸਿਕ ਪਹੇਲੀਆਂ ਗੁੰਝਲਾਂ ਦੇ ਰੂਬਰੂ ਕਰਵਾਉਂਦੀ ਹੈ।
ਇਸ ਨਾਵਲ ਦਾ ਪਲਾਟ ਇੱਕ ਜੰਗਲ ਹੈ ਅਤੇ ਇਸ ਦੇ ਸਾਰੇ ਪਾਤਰ ਜਾਨਵਰ ਹਨ। ਲੂੰਬੜ ਆਪਣੀਆਂ ਚਾਲਾਂ-ਕੁਚਾਲਾਂ ਰਾਹੀਂ ਰਾਜੇ ਸ਼ੇਰ ਦੇ ‘ਸਿੰਘਾਸਣ’ ਨੂੰ ਹਥਿਆਉਣਾ ਚਾਹੁੰਦਾ ਹੈ। ਉਸ ਦੀਆਂ ਚਾਲਾਂ-ਕੁਚਾਲਾਂ ਜੰਗਲ ਦੀ ਸਹਿਜ ਅਤੇ ਸਮਾਜਵਾਦੀ ਰਵਾਨੀ ਵਿਚ ਖਲਲ ਪਾਉਂਦੀਆਂ ਹਨ। ਨਾਵਲ ਦੇ ਪਹਿਲੇ ਭਾਗ ਦੇ ਸ਼ੁਰੂਆਤੀ ਕਾਂਡ ਪੜ੍ਹਦਿਆਂ ਕਾਰਲ ਮਾਰਕਸ ਦੇ ਸਮਾਜਕ ਵਿਕਾਸ ਦੇ ਸਿਧਾਂਤ ਦਾ ਚੇਤਾ ਆਉਣਾ ਲਾਜ਼ਮੀ ਹੈ।
ਸ਼ੁਰੂਆਤੀ ਯੁੱਗ ਨੂੰ ਕਾਰਲ ਮਾਰਕਸ ਪੁਰਾਤਨ ਸਮਾਜਵਾਦੀ ਯੁੱਗ ਕਹਿੰਦਾ ਹੈ। ਲੂੰਬੜ ਦਾ ਸੱਤਾ ਹਥਿਆਉਣ ਦਾ ਲੋਭ ਅਤੇ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਨੂੰ ਹੜੱਪ ਕਰਨ ਦੀ ਲਾਲਸਾ ਇਸ ਪੁਰਾਤਨ ਸਮਾਜਵਾਦੀ ਯੁੱਗ ਦਾ ਅੰਤ ਕਰਦੀ ਹੈ। ਅੱਗੇ ਜੰਗਲ ਬਹੁਤ ਸਾਰੀਆਂ ਵਿਸੰਗਤੀਆਂ, ਮਹਾਂਮਾਰੀਆਂ ਅਤੇ ਅਪਰਾਧਾਂ-ਸੰਘਰਸ਼ਾਂ ਦੇ ਰੂਬਰੂ ਹੁੰਦਾ ਹੈ।
ਨਾਵਲ ਦਾ ਅੰਤ ਸੁਖਾਂਤ ਹੈ ਅਤੇ ਨਾਵਲ ਦੀ ਸਭ ਤੋਂ ਖਾਸ ਗੱਲ ਜੋ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ, ਉਹ ਵਾਰਤਾਲਾਪ ਲਈ ਵਰਤੀ ਗਈ ਭਾਸ਼ਾ ਹੈ, ਵਾਕ ਬਣਤਰ ਅਤੇ ਸ਼ਬਦਾਂ ਦੀ ਚੋਣ, ਹਰ ਪਾਤਰ ਦੇ ਵਾਰਤਾਲਾਪ ਨੂੰ ਬੇਹੱਦ ਰੌਚਕ ਬਣਾ ਦਿੰਦੀ ਹੈ। ਨਾਵਲ ਦਾ ਵਾਰਤਾਲਾਪ ਬੋਲ-ਚਾਲ ਦੀ ਆਮ ਭਾਸ਼ਾ ਵਿਚ ਹੋਣ ਦੇ ਬਾਵਜੂਦ ਬੇਹੱਦ ਸਰਲ, ਦਿਲਚਸਪ ਅਤੇ ਅਨੇਕ ਸੰਦਰਭਾਂ ਪ੍ਰਤੀ ਸਾਨੂੰ ਨਵਾਂ ਚਿੰਤਨ ਅਤੇ ਦ੍ਰਿਸ਼ਟੀਕੋਣ ਦਿੰਦਾ ਹੈ।
ਬੇਸ਼ੱਕ ਨਾਵਲ ਕਿਤੇ ਵੀ ਸੰਦੇਸ਼ ਮੁਖੀ ਨਹੀਂ ਹੁੰਦਾ ਸਗੋਂ ਨਾਵਲਕਾਰ ਖੁਦ ਵੀ ਗਾਇਬ ਹੈ। ‘ਸਿੰਘਾਸਣ’ ਪੰਜਾਬੀ ਗਲਪ ਵਿਚ ਇੱਕ ਵਿਲੱਖਣ ਅਤੇ ਬਿਲਕੁਲ ਵੱਖਰੀ ਵਿਧੀ ਨਾਲ ਲਿਖਿਆ ਨਾਵਲ ਹੈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿਚ ਇਸ ਨਾਵਲ ਨੂੰ ਅਹਿਮ ਕਲਾਸਿਕ ਕ੍ਰਿਤ ਵਜੋਂ ਪੜ੍ਹਿਆ ਵਿਚਾਰਿਆ ਜਾਂਦਾ ਰਹੇਗਾ।
‘ਸਿੰਘਾਸਣ’ ਦਾ ਪ੍ਰਕਾਸ਼ਕ ਸ੍ਰੀ ਰਾਜਿੰਦਰ ਬਿਮਲ ਕੁਕਨੂਸ਼ ਪ੍ਰਕਾਸ਼ਕ, ਜਲੰਧਰ ਹੈ। ਪ੍ਰਕਾਸ਼ਕ ਨਾਲ ਸੰਪਰਕ ਫੋਨ: 91-94635-40352 ਰਾਹੀਂ ਕੀਤਾ ਜਾ ਸਕਦਾ ਹੈ।