ਅਵਤਾਰ ਗੋਂਦਾਰਾ
ਬਾਬੇ ਨਾਨਕ ਦੇ 550 ਸਾਲਾ ਗੁਰਪੁਰਬ ਦੇ ਹਵਾਲੇ ਨਾਲ ਲੱਖਾਂ ਹੀ ਪ੍ਰਸ਼ੰਸਕਾਂ, ਸ਼ਰਧਾਲੂਆਂ, ਪ੍ਰਚਾਰਕਾਂ, ਵਿਆਖਿਆਕਾਰਾਂ, ਟੀਕਾਕਾਰਾਂ, ਕਥਾਕਾਰਾਂ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਜਾਣਨ ਦਾ ਦਾਅਵਾ ਕਰਨ ਵਾਲਿਆਂ ਦਾ ਲੰਬਾ ਸਿਲਸਿਲਾ ਹੈ, ਪਰ ਤ੍ਰਾਸਦੀ ਇਹ ਹੈ ਕਿ ਕਈ ਸਦੀਆਂ ਦੀ ਪ੍ਰਸ਼ੰਸਾ ਅਤੇ ਪ੍ਰਚਾਰ, ਪੈਰੋਕਾਰਾਂ ਦੇ ਅਮਲ ਵਿਚ ਰੁਪਾਂਤਰ ਹੋਇਆ ਦਿਖਾਈ ਨਹੀਂ ਦਿੰਦਾ। ਪੈਰੋਕਾਰਾਂ ਦੀ ਨਿੱਜੀ, ਪਰਿਵਾਰਕ ਅਤੇ ਪੇਸ਼ੇਵਰ ਜ਼ਿੰਦਗੀ ਬਾਕੀ ਲੋਕਾਂ ਵਾਂਗ ਦੁਨੀਆਂਦਾਰੀ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਵੱਖਰੀ ਪਛਾਣ ਵੱਖਰੇ ਵਿਹਾਰ ਵਿਚੋਂ ਦਿਖਾਈ ਨਹੀਂ ਹੁੰਦੀ।
ਵਾਹ ਵਿਚ ਆਏ ਕਿਸੇ ਗਾਹਕ ਕੋਲ ਰਹਿੰਦੇ ਗੁਆਂਢੀ ਨਾਲ ਕੰਮ ਕਰਦੇ ਸਹਿ-ਕਰਮੀ ਨੂੰ ਪਤਾ ਹੀ ਨਹੀਂ ਲੱਗਦਾ ਕਿ ‘ਨਾਨਕ ਲੇਵਾ’ ਦਿਸ ਰਿਹਾ ਬੰਦਾ ਉਸ ਨਾਲੋਂ ਵੱਖਰਾ ਹੈ। ਦੂਜਿਆਂ ਵਾਂਗ ਉਹ ਵੀ ਲਾਲਚ, ਕਰਮਕਾਂਡ, ਜਾਤ-ਹੰਕਾਰ, ਵਹਿਮਾਂ ਤੇ ਨਿੱਕੀਆਂ ਵੱਡੀਆਂ ਹੇਰਾ ਫੇਰੀਆਂ ‘ਚ ਗ੍ਰੱਸਿਆ ਦਿਸਦਾ ਹੈ। ਉਹ ਇਕੋ ਵੇਲੇ ਨਸ਼ਾ ਵਿਰੋਧੀ ਮੁਹਿੰਮ ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਕਈ ਕਈ ਲਿੱਕਰ ਸਟੋਰਾਂ ਦਾ ਮਾਲਕ ਵੀ ਹੋ ਸਕਦਾ ਹੈ।
ਸੁਆਲ ਹੈ ਕਿ ਅੱਜ ਦੁਨੀਆਂ ਭਰ ਵਿਚ ਫੈਲੇ ਕਰੋੜਾਂ ‘ਨਾਨਕ ਨਾਮ ਲੇਵਾ ਪੈਰੋਕਾਰਾਂ’ ਲਈ ਆਪਣੀ ‘ਪਛਾਣ’ ਹੀ ਮਸਲਾ ਕਿਉਂ ਬਣੀ ਹੋਈ ਹੈ? ਉਨ੍ਹਾਂ ਨੂੰ ਸਿੱਖ ‘ਬਣਨ’ ਨਾਲੋਂ ਸਿੱਖ ‘ਦਿੱਸਣ’ ਲਈ ਪ੍ਰਚਾਰ ਸਾਧਨਾਂ ਦੀ ਲੋੜ ਕਿਉਂ ਪੈ ਰਹੀ ਹੈ? ਕਰੋੜਾਂ ਪੈਰੋਕਾਰ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਣ ਵਿਚ ਅਸਮਰਥ ਕਿਉਂ ਹਨ, ਜੋ ਗੱਲ ਬਾਬਾ ਨਾਨਕ ਬਿਨਾ ਕਿਸੇ ਮੀਡੀਆ ਦੀ ਮਦਦ ਦੇ ਕਰ ਗਏ? ‘ਗੁਰਾਂ ਦੇ ਨਾਂ’ ਵਸਿਆ ਖਿੱਤਾ ‘ਬੇਗਮਪੁਰਾ’ ਕਿਉਂ ਨਹੀਂ ਬਣ ਸਕਿਆ?
ਕੀ ਬਾਕੀ ਧਰਮਾਂ ਵਾਂਗ ਬਾਬੇ ਨਾਨਕ ਦੇ ਮੱਤ ਨਾਲ ਇਹੀ ਨਹੀਂ ਵਾਪਰਿਆ? ਵਿਆਖਿਆਕਾਰ ਵਧੀਆ ਵਿਆਖਿਆ ਕਰਕੇ, ਪ੍ਰਚਾਰਕ ਆਪਣੇ ਪ੍ਰਭਾਵਸ਼ਾਲੀ ਪ੍ਰਵਚਨ ਰਾਹੀਂ, ਕੀਰਤਨੀਏ ਵਧੀਆ ਗਾਇਨ ਨਾਲ ਅਤੇ ਸ਼ਰਧਾਲੂ ਮੱਥਾ ਟੇਕ ਕੇ ਹੀ ਸੰਤੁਸ਼ਟ ਦਿਸਦੇ ਹਨ। ਪਾਠ ਨੂੰ ਪੜ੍ਹਨ, ਸਮਝਣ ਤੇ ਸਮਝ ਕੇ ਲਾਗੂ ਕਰਨ ਦੀ ਥਾਂ ਪੂਜਾ ਜਾਂ ਮੰਤਰ ਬਣਾ ਲਿਆ ਹੈ। ਬਾਬਾ ਨਾਨਕ ਆਪਣੇ ਸਮੇਂ ਦੀ ਹਰ ਗੱਲ ‘ਤੇ ਪ੍ਰਸ਼ਨ ਕਰਦੇ ਹਨ, ਅਸੀਂ ਹਰ ਪ੍ਰਸ਼ਨ ਨੂੰ ਸ਼ਰਧਾ ਦੀ ਚਾਦਰ ਨਾਲ ਢਕ ਦਿੱਤਾ ਹੈ। ਪ੍ਰਸ਼ੰਸਾ ਤੇ ਸ਼ਰਧਾ ਨਾਲ ਚਿੰਤਨ ਨਹੀਂ ਹੁੰਦਾ। ਹੋ ਸਕਦਾ ਹੈ, ਪ੍ਰਸ਼ਨ ‘ਗੁਰੂ’ ਨੂੰ ਵੀ ਕਰਨਾ ਪੈ ਜਾਵੇ, ਜਿਵੇਂ ਬਾਬਾ ਨਾਨਕ ਪਾਂਧੇ ਨੂੰ ਕਰਦੇ ਹਨ।
ਬਾਬਾ ਨਾਨਕ ਦੇ ਦ੍ਰਿਸ਼ਟੀਕੋਣ ਦੀ ਥਾਹ ਪਾਏ ਬਿਨਾ ਆਮ ਬੰਦੇ ਦੇ ਧਰਮ ਨਾਲ ਰਿਸ਼ਤੇ ਨੂੰ ਸਮਝਣਾ ਕੁਥਾਂ ਨਹੀਂ ਹੋਵੇਗਾ। ਜਨਮ ਤੋਂ ਹੀ ਬੱਚਾ ਸਿੱਖ, ਮੁਸਲਿਮ, ਇਸਾਈ ਜਾਂ ਹਿੰਦੂ ਬਣਾ ਦਿੱਤਾ ਜਾਂਦਾ ਹੈ। ਉਸ ਦੇ ਵਿਚਾਰਾਂ ਅਤੇ ਜ਼ਮੀਰ ਦੀ ਆਜ਼ਾਦੀ ‘ਤੇ ਪਹਿਲਾ ਹਮਲਾ ਪਰਿਵਾਰ ਵਲੋਂ ਹੁੰਦਾ ਹੈ। ਇਹ ਵਰਤਾਰਾ ਸਰਬ ਵਿਆਪੀ ਅਤੇ ਸਰਬ ਪ੍ਰਵਾਣਿਤ ਹੋਣ ਕਰਕੇ ਕਿਸੇ ਨੂੰ ਅੱਖਰਦਾ ਨਹੀਂ। ਪਰਿਵਾਰ ਹੀ ਉਸ ਨੂੰ ਇਸ ਜਾਂ ਉਸ ‘ਗੁਰੂ’ ਦੇ ਲੜ ਲੱਗਣ ਲਈ ਉਕਸਾਉਂਦਾ ਹੈ। ਉਸ ਨੂੰ ਆਪਣਾ ‘ਚਿਰਾਗ’ ਆਪ ਬਣਨ ਦੀ, ਸੋਚਵਾਨ ਬਣਾਉਣ ਦੀ ਥਾਂ ਉਧਾਰੀ ਰੌਸ਼ਨੀ ਵਿਚ ਵਿਚਰਨ ਦਾ ਆਦੀ ਬਣਾ ਦਿੱਤਾ ਜਾਂਦਾ ਹੈ।
ਪਰਿਵਾਰਾਂ ਦੀ ਇਹ ਰਵਾਇਤ ਬਾਬਾ ਨਾਨਕ ਨੂੰ ਰੜਕਦੀ ਹੈ। ਉਹ ਆਪਣਾ ਵਿਰੋਧ ਪਰਿਵਾਰ ਵੱਲੋਂ ਜਨੇਊ ਪਹਿਨਾਉਣ ਦੀ ਇੱਛਾ ਨੂੰ ਨਕਾਰਦਿਆਂ ਕਰਦੇ ਹਨ। ਪੁਸ਼ਤੈਨੀ ਸੰਸਕਾਰਾਂ ਦੇ ਖਿਲਾਫ ਖੜਦਿਆਂ ਉਹ ਵਿਚਾਰਾਂ ਦੀ ਨਿੱਜੀ ਚੋਣ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਦੇ ਹਨ। ਆਜ਼ਾਦੀ, ਜੋ ਹਰ ਕਿਸਮ ਦੇ ਚਿੰਤਨ ਦੀ ਪੂਰਵ ਸ਼ਰਤ ਹੈ। ਇਹੀ ਆਜ਼ਾਦੀ ਕਿਸੇ ਨੂੰ ਈਸਾ, ਹਜਰਤ ਮੁਹੰਮਦ ਅਤੇ ਬੁੱਧ ਬਣਨ ਲਈ ਸਹਾਈ ਹੁੰਦੀ ਹੈ। ਆਪੋ ਆਪਣੇ ਪਰਿਵਾਰਕ ਧਰਮਾਂ ਨੂੰ ਤਿਲਾਂਜਲੀ ਦੇ ਕੇ ਨਵੀਆਂ ਸੋਚਾਂ, ਨਵੀਂ ਦਿਸ਼ਾ ਦਿੱਤੀ। ਇਹ ਵੀ ਦਸਿਆ ਕਿ ਨਵੇਂ ਦੌਰ ਵਿਚ ਪੁਰਾਣੀਆਂ ਲੀਹਾਂ ‘ਤੇ ਨਹੀਂ ਚੱਲਿਆ ਜਾ ਸਕਦਾ। ਮੌਲਿਕ ਅਤੇ ਵਿਲੱਖਣ ਹੋਣ ਦਾ ਇਹੀ ਅਰਥ ਹੈ-ਲੀਹ ਨੂੰ ਪਾੜ ਕੇ ਚੱਲਣਾ। ਬੇਸ਼ਕ ਇਹ ਵਿਲੱਖਣਤਾ ਮੋਢੀ ਗੁਰੂ ਜਾਂ ਪੈਗੰਬਰ ਤੱਕ ਸੀਮਿਤ ਹੋ ਜਾਂਦੀ ਹੈ। ਪੈਰੋਕਾਰ ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ, ਉਸ ਦੀ ਨਿਰਣਾ-ਸ਼ਕਤੀ (ਧਸਿਚਰਮਿਨਿਅਟਨਿਗ ਾਂਅਚੁਲਟੇ) ਸਦਾ ਲਈ ਕਰੰਡ ਹੋ ਜਾਂਦੀ ਹੈ।
ਇਸ ਪ੍ਰਥਾਏ ਆਰੀਆ ਸਮਾਜ ਦੇ ਪ੍ਰਸਿੱਧ ਮੋਢੀ ਸੁਆਮੀ ਦਯਾ ਨੰਦ ਦੀ ਮਿਸਾਲ ਬੜੀ ਦਿਲਚਸਪ ਹੈ। ਬਾਰਾਂ ਸਾਲ ਦੀ ਉਮਰ ਵਿਚ ਇੱਛਾ ਦੇ ਉਲਟ ਉਨ੍ਹਾਂ ਨੂੰ ਸ਼ਿਵਰਾਤਰੀ ਦਾ ਵਰਤ ਰਖਵਾ ਦਿੱਤਾ ਜਾਂਦਾ ਹੈ। ਮੰਦਿਰ ਵਿਚ ਪੁਜਾਰੀ ਅਤੇ ਵਰਤ ਰੱਖਣ ਵਾਲੇ ਸੌਂ ਗਏ। ਦਯਾਨੰਦ ਨਹੀਂ ਸੁੱਤੇ, ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੌਣ ਨਾਲ ਫਲ ਨਹੀਂ ਮਿਲਦਾ। ਰਾਤ ਗਏ, ਦਯਾ ਨੰਦ ਨੇ ਦੇਖਿਆ ਕਿ ਸ਼ਿਵ ਦੀ ਮੂਰਤੀ ‘ਤੇ ਚੂਹੀ ਚੜੀ ਫਿਰਦੀ ਹੈ। ਉਸ ਨੇ ਪਿਤਾ ਨੂੰ ਜਗਾਇਆ ਤੇ ਸੁਆਲ ਕੀਤਾ ਕਿ ਸ਼ਿਵ ਤਾਂ ਚੇਤਨ ਹੈ, ਚੂਹੀ ਕਿਵੇਂ ਚੜ ਗਈ? ਉਸ ਨੇ ਰੋਕਿਆ ਕਿਉਂ ਨਹੀਂ? ਬਾਲ ਦਯਾ ਨੰਦ ਦੇ ਮਨ ਵਿਚ ਕਿੰਤੂ ਉਠਿਆ ਕਿ ਜੋ ਸ਼ਿਵ ਆਪਣੇ ਆਪ ਨੂੰ ਚੂਹੀ ਤੋਂ ਨਹੀਂ ਬਚਾ ਸਕਦਾ, ਉਹ ਆਪਣੇ ਭਗਤਾਂ ਦੀ ਰਾਖੀ ਕਿਵੇਂ ਕਰ ਸਕੇਗਾ? ਇਸ ਘਟਨਾ ਨੇ ਉਸ ਨੂੰ ‘ਸ਼ੈਵ ਮਤ’ ਅਤੇ ‘ਮੂਰਤੀ ਪੂਜਾ’ ਦਾ ਸਦਾ ਲਈ ਵਿਰੋਧੀ ਬਣਾ ਦਿੱਤਾ। ਘਰ ਬਾਰ ਛੱਡ ਕੇ ਉਸ ਨੇ ਨਵੇਂ ਧਰਮ ਦੀ ਤਾਲਾਸ਼ ਕੀਤੀ ਅਤੇ ‘ਆਰੀਆ ਸਮਾਜ’ ਦੀ ਨੀਂਹ ਰੱਖੀ। ਇੱਥੇ ਸੁਆਲ ਇੱਕ ਧਰਮ ਵਜੋਂ ਆਰੀਆ ਸਮਾਜ ਦੇ ਸਹੀ ਜਾਂ ਗਲਤ ਹੋਣ ਦਾ ਨਹੀਂ, ਸਗੋਂ ਦਯਾਨੰਦ ਦੇ ਆਪਣਾ ਫੈਸਲਾ ਆਪ ਲੈਣ ਦੇ ਹੱਕ ਦਾ ਹੈ। ਜਿਵੇਂ ਬਾਕੀ ਧਰਮ ਦੇ ਮੋਢੀਆਂ ਨੇ ਕੀਤਾ।
ਪ੍ਰਸ਼ੰਸਾ ਤੇ ਪ੍ਰਚਾਰ ਨੇ ਬਾਬੇ ਨਾਨਕ ਅਤੇ ਪੈਰੋਕਾਰਾਂ ਵਿਚਾਲੇ ਵਿੱਥ ਖੜੀ ਕਰ ਦਿੱਤੀ ਹੈ। ਗੁਰੂ ਨਾਲ ਤੁਸੀਂ ਸੰਵਾਦ ਨਹੀਂ ਰਚਾ ਸਕਦੇ। ਸੁਆਲ-ਜੁਆਬ ਨਹੀਂ ਕਰ ਸਕਦੇ। ਸਿਰਫ ਸਿਰ ਝੁਕਾਉਣਾ ਹੁੰਦਾ ਹੈ। ਕਹੇ ਨੂੰ ਮੰਨਣਾ ਹੁੰਦਾ ਹੈ। ਝੁਕਣ ਵਿਚ ਹਲੀਮੀ ਨਹੀਂ, ਸਜ਼ਾ ਜਾਂ ਦੁਰਕਾਰੇ ਜਾਣ ਦਾ ਡਰ ਲੁਕਿਆ ਹੁੰਦਾ ਹੈ। ਬਾਬੇ ਨਾਨਕ ਨੇ ਅਜਿਹੇ ਲਾਈਲੱਗ ਤੇ ਝੁਕੇ ਹੋਏ ਸਿਰਾਂ ਵਾਲੇ ਪੈਰੋਕਾਰਾਂ ਦੀ ਕਲਪਨਾ ਨਹੀਂ ਸੀ ਕੀਤੀ। ਉਹ ਤਾਂ ‘ਰੱਬ’ ਤੋਂ ਵੀ ਡਰਨ ਦੇ ਹੱਕ ਵਿਚ ਨਹੀਂ, ਜਿਸ ਨੂੰ ‘ਬਾਬਰ ਬਾਣੀ’ ਵਿਚ ਦੋਸਤਾਂ ਵਾਂਗ ਉਲਾਭਾਂ ਦਿੰਦੇ ਹਨ। ਡਰਿਆ ਹੋਇਆ ਪੈਰੋਕਾਰ ਆਪਣੀ ਹੋਣੀ ਦਾ ਆਪ ਮਾਲਕ ਨਹੀਂ ਬਣ ਸਕਦਾ, ਆਵਦੇ ਬਲਬੂਤੇ ਫੈਸਲੇ ਨਹੀਂ ਲੈ ਸਕਦਾ। ਆਪਣੀ ਬਹਾਦਰੀ ਦੀਆਂ ਅਸੀਂ ਲੱਖ ਟਾਹਰਾਂ ਮਾਰੀਏ, ਅਸੀਂ ਡਰੇ ਹੋਏ ਪੰਜਾਬੀ (ਸਿੱਖ) ਹਾਂ। ਇਸ ਡਰ ਦਾ ਸਬੂਤ ਇਹ ਹੈ ਕਿ ‘ਨਾਨਕ ਨਾਮ ਲੇਵਾ’ ਜੀਵ ‘ਗੁਰਾਂ ਦੇ ਨਾਂ’ ‘ਤੇ ਵਸੇ ਇਸ ਖਿੱਤੇ ਨੂੰ ਛੱਡ ਕੇ ਆਨੀ ਬਹਾਨੀ ਪਰਵਾਸ ਲਈ ਤਰਲੋ ਮੱਛੀ ਹੋ ਰਹੇ ਹਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੀ ਭਾਸ਼ਾ, ਸਭਿਆਚਾਰ, ਸਿਆਸਤ, ਧਰਤੀ ਅਤੇ ਵਾਤਾਵਰਣ ਦਾ ਕੀ ਕਰਨ? ਕੁਝ ਆਪੂ ਬਣੇ ਦੇਸੀ-ਵਿਦੇਸ਼ੀ ਚਿੰਤਕਾਂ ਨੇ ਉਨ੍ਹਾਂ ਨੂੰ ‘ਧਰਮ’ ਅਤੇ ‘ਕੌਮ’ ਦੇ ਸੰਕਲਪਾਂ ਦੇ ਭੰਬਲਭੁਸੇ ਵਿਚ ਪਾ ਕੇ ਸਿਆਸੀ ਤੌਰ ‘ਤੇ ਹੱਥਲ ਕਰ ਦਿੱਤਾ ਹੈ।
ਇਸ ਭੰਬਲਭੂਸੇ ‘ਚੋਂ ਨਿਕਲਣ ਲਈ ਚਿੰਤਨ ਦੀ ਲੋੜ ਹੈ ਅਤੇ ਚਿੰਤਨ ਲਈ ਆਲੋਚਨਾਤਮਕ ਹੋਣਾ, ਸੁਆਲ ਕਰਨੇ ਜਰੂਰੀ ਹਨ। ਸੁੱਕੀ ਪ੍ਰਸ਼ੰਸਾ ਅਤੇ ਸ਼ਰਧਾ ਹੋਰ ਪਾਸੇ ਲੈ ਜਾਂਦੇ ਹਨ। ਬਾਬਾ ਨਾਨਕ ਜੀ ਕਿਸੇ ਦੀਆਂ ਸਿਫਤਾਂ ਦੇ ਮੁਥਾਜ ਨਹੀਂ। ਬਾਬੇ ਨਾਨਕ ਨੂੰ ਸਮਝਣ ਲe, ਸ਼ਰਧਾ ਨਹੀਂ, ਸੰਵਾਦ ਦੀ ਲੋੜ ਹੈ। ਜਾਂ ਕਹੀਏ ਪਾਠ (ੰਟੁਦੇ) ਦੀ ਲੋੜ ਹੈ। ਪ੍ਰਚਾਰਕ ਬਾਬੇ ਨਾਨਕ ਵਲੋਂ ਜਨੇਊ ਨਾ ਪਾਉਣ, ਪਾਂਧੇ ਨਾਲ ਸੁਆਲ-ਜੁਆਬ ਦੀ ਚਰਚਾ ਤਾਂ ਕਰਦੇ ਹਨ, ਪਰ ਉਸ ਪਿੱਛੇ ਕੰਮ ਕਰਦੀ ‘ਚੋਣ ਦੀ ਆਜ਼ਾਦੀ’ ਦੀ ਗੱਲ ਨਹੀਂ ਕਰਦੇ, ਜਿਸ ਦੀ ਅਜੋਕੇ ਸਮੇਂ ਵਿਚ ਬੜੀ ਅਹਿਮੀਅਤ ਹੈ। ‘ਆਜ਼ਾਦੀ ਦੀ ਚੋਣ’ ਵਿਚ ਦਖਲ ਪਰਿਵਾਰ, ਸਰਕਾਰ ਜਾਂ ਭਾਈਚਾਰੇ ‘ਚੋਂ ਕਿਸੇ ਦਾ ਹੋਵੇ, ਉਹ ਬਾਬੇ ਨਾਨਕ ਦੀ ਪਹੁੰਚ ਨਾਲ ਮੇਲ ਨਹੀਂ ਖਾਂਦਾ।
ਬਾਬੇ ਨਾਨਕ ਦੀ ਕਿਸੇ ਵੀ ਬਾਣੀ ਵਿਚ ਪਿਛਲੱਗ ਬਣਨ ਲਈ ਪ੍ਰੇਰਿਤ ਕਰਨ ਦਾ ਹਵਾਲਾ ਨਹੀਂ ਮਿਲਦਾ। ਉਹ ਹਰ ਮਨ ਨੂੰ ‘ਮੂਲ ਪਛਾਣਨ’ ਦੀ ਨਸੀਹਤ ਦਿੰਦੇ ਹਨ। ਮੂਲ ਦੀ ਇਸ ਖੋਜ ‘ਤੇ ਨਿਕਲਿਆ ਬੰਦਾ ਜਰੂਰੀ ਨਹੀਂ ਪੁਸ਼ਤੈਨੀ ਜਾਂ ਮਾਂ-ਪਿਉ ਵਲੋਂ ਮਿਲੇ ਸੰਸਕਾਰਾਂ ਦਾ ਹੀ ਪੈਰੋਕਾਰ ਬਣੇ। ਉਹ ਆਪਣੇ ਬਣਾਏ ਜਾਂ ਕਿਸੇ ਹੋਰ ਮੱਤ ਜਾਂ ਵਿਸ਼ਵਾਸ ਦਾ ਵੀ ਧਾਰਨੀ ਹੋ ਸਕਦਾ ਹੈ। ਉਨ੍ਹਾਂ ਨੇ ਬੰਦੇ ਦੇ ਇਸ ਹੱਕ ਦੀ ਪੈਰਵੀ ਕੀਤੀ ਅਤੇ ਨਵੇਂ ‘ਨਾਨਕ ਮੱਤ’ ਦੇਣ ਦੀ ਨੀਂਹ ਰੱਖੀ। ਕੀ ਅਸੀਂ ਇਹ ਹੱਕ ਆਪਣੇ ਬੱਚਿਆਂ ਨੂੰ ਦੇਣ ਲਈ ਤਿਆਰ ਹਾਂ, ਜਿਵੇਂ ਬਾਬੇ ਨਾਨਕ ਨੇ ਲਿਆ?
ਦੂਜੀ ਗੱਲ ਦ੍ਰਿਸ਼ਟੀਕੋਣ ਦੀ ਹੈ। ਪਾਂਧੇ ਨਾਲ ਵਿਵਾਦ ਕਿਉਂ ਹੁੰਦਾ ਹੈ? ਪਾਂਧਾ ਰਵਾਇਤ ਅਤੇ ਰੂੜ੍ਹੀ ਦਾ ਚਿੰਨ੍ਹ ਹੈ। ਉਹ ਉਹੀ ਪੱਟੀ ਪੜ੍ਹਾਉਂਦਾ ਹੈ, ਜੋ ਸਦੀਆਂ ਤੋਂ ਚੱਲੀ ਆ ਰਹੀ ਹੈ। ਪਾਂਧਾ ਭਾਰੂ ਵਿਚਾਰਾਂ ਦੇ ਸੰਚੇ ਵਿਚ ਬਾਬਾ ਜੀ ਨੂੰ ਢਾਲਣਾ ਚਾਹੁੰਦਾ ਹੈ। ਬਾਬਾ ਜੀ ਕਈ ਗੱਲਾਂ ‘ਤੇ ਕਿਤੂੰ ਕਰਦੇ ਹਨ, ਸੁਆਲ ਪੁੱਛਦੇ ਹਨ, ਜਿਨ੍ਹਾਂ ਦਾ ਪਾਂਧੇ ਕੋਲ ਕੋਈ ਜੁਆਬ ਨਹੀਂ। ਉਹ ਆਪਣਾ ਦ੍ਰਿਸ਼ਟੀਕੋਣ ਆਪ ਘੜਦੇ ਹਨ, ਬਣੇ ਬਣਾਏ ਜੁਆਬਾਂ ਦੀ ਥਾਂ ਜੁਆਬ ਆਪ ਲੱਭਦੇ ਹਨ, ਉਦਾਸੀਆਂ ‘ਤੇ ਜਾਂਦੇ ਹਨ। ਉਹ ਕਿਸੇ ‘ਗੁਰੂ’ ਦੇ ਲੜ ਲੱਗਣ ਦੀ ਥਾਂ ਆਪਣਾ ਚਿਰਾਗ ਆਪ ਬਣਦੇ ਹਨ। ਉਹ ਕਿਸੇ ਦੇ ਪੈਰੋਕਾਰ ਨਹੀਂ ਬਣਦੇ। ਉਹ ਚਾਹੁੰਦੇ ਹਨ, ਬੰਦਾ ਉਧਾਰੇ ਵਿਚਾਰਾਂ ਜਾਂ ਜੁਆਬਾਂ ਦੀ ਥਾਂ, ਉਨ੍ਹਾਂ ਨੂੰ ਆਪ ਲੱਭੇ, ਉਨ੍ਹਾਂ ਲਈ ਆਪ ਖੌਝਲੇ। ਅਸੀਂ ਖੌਝਲਣ ਦੀ ਥਾਂ ਬਾਬੇ ਨਾਨਕ ਨੂੰ ਹਾਕਾਂ ਮਾਰਦੇ ਹਾਂ, ਸੁਆਲ ਮੇਰੇ ਹਨ, ਆ ਕੇ ਜੁਆਬ ਦੇਵੋ।
ਤੀਜੀ ਗੱਲ ਜਨੇਊ ਪਹਿਨਣ ਤੋਂ ਇਨਕਾਰ ਕਰਨ ਦੀ ਹੈ। ਹਰ ਦੌਰ ਵਿਚ ਸਥਾਪਤੀ ਆਪਣੀ ਸੱਤਾ ਬਣਾਈ ਰੱਖਣ ਲਈ ਪੁਲਿਸ ਅਤੇ ਜੇਲ੍ਹਾਂ ਹੀ ਨਹੀਂ, ਮਰਯਾਦਾ ਦੇ ਅਣਦਿਸਦੇ ਸੰਗਲਾਂ ਨਾਲ ਬੰਦੇ ਦੀ ਜ਼ਮੀਰ ਨੂੰ ਜਕੜਦੀ ਹੈ। ਇਸ ਮਾਨਸਿਕ ਗੁਲਾਮੀ ਦਾ ਕਿਸੇ ਵੀ ਧਰਮ ਦੇ ਪੈਰੋਕਾਰ ਨੂੰ ਅਹਿਸਾਸ ਹੀ ਨਹੀਂ ਹੁੰਦਾ। ਦੂਜੇ ਧਰਮਾਂ ਦੇ ਚਿੰਨ੍ਹਾਂ ਦੀ ਖਿਲੀ ਉਡਾਉਂਦਿਆਂ ਆਪਣੇ ਧਰਮ ਦੇ ਚਿੰਨਾਂ ਦਾ ਮਹਿਮਾਗਾਨ ਕੀਤਾ ਜਾਂਦਾ ਹੈ। ਕੀ ਮਰਯਾਦਾ ਇਕੱਲੀ ਜਨੇਊ ਪਹਿਨਣ ਵਿਚ ਹੀ ਹੈ, ਪੱਗ ਬੰਨਣ, ਕੱਕਾਰ ਪਹਿਨਣ ਜਾਂ ਕੇਸਾਧਾਰੀ ਹੋਣ ਵਿਚ ਨਹੀਂ? ਰੌਲਾ ਚਿੰਨ੍ਹਾਂ ਦਾ ਹੈ। ਬਾਬਾ ਨਾਨਕ ਚਿੰਨ੍ਹ ਵਜੋਂ ਵਰਤੇ ਜਾਂਦੇ ਜਨੇਊ ਦੀ ਵਿਅਰਥਤਾ ‘ਤੇ ਚੋਟ ਕਰਦੇ ਹਨ। ਚਿੰਨ੍ਹ ਕੋਈ ਵੀ ਹੋਵੇ, ਦਿਖਾਵਾ ਹੈ। ਕਿਸੇ ਵਿਅਕਤੀ ਦੀ ਤਸਵੀਰ, ਉਸ ਵਿਅਕਤੀ ਦਾ ਥਾਂ ਨਹੀਂ ਲੈ ਸਕਦੀ। ਬਾਬਾ ਨਾਨਕ ਦਿਖਾਵੇ ਦੀ ਥਾਂ ਚਿੰਨ੍ਹਤ ਹੋ ਰਹੇ ਅਸੂਲਾਂ ਨੂੰ ਕਿਰਦਾਰ ਵਿਚ ਰਮਿਆ ਦੇਖਣ ਦੇ ਮੁੱਦਈ ਹਨ। ਮਿਸਾਲ ਵਜੋਂ, ਜੇ ਜ਼ਿੰਦਗੀ ਵਿਚ ਸਵੈ-ਸੰਜਮ ਨਹੀਂ, ਫਿਰ ਲੋਹੇ ਦੇ ਕੜੇ ਦਾ ਵੀ ਕੀ ਅਰਥ? ਸੋਨੇ ਦੇ ਪਾਏ ਕੜੇ ਤੇ ਗਹਿਣੇ ਕਿਸ ਮਰਯਾਦਾ ਦਾ ਪਤਾ ਦਿੰਦੇ ਹਨ?
ਸਾਡੇ ਨਾਲ ਇਹੀ ਵਾਪਰ ਰਿਹਾ ਹੈ। ਅਸੀਂ ਬਾਬੇ ਨਾਨਕ ਵਾਂਗ ਆਪਣਾ ਚਿਰਾਗ ਆਪ ਬਣਨ ਦੀ ਥਾਂ ਪ੍ਰਸ਼ੰਸਕ, ਸਰੋਤਾ, ਸਤਹੀ ਪੈਰੋਕਾਰ ਬਣਨ ਦਾ ਸੌਖਾ ਰਾਹ ਅਪਨਾ ਲਿਆ ਹੈ। ਫੈਸਲਾ ਕਰਨ ‘ਤੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਨਹੀਂ ਲੈਣੀ। ਸਾਰਾ ਕੁਝ ‘ਗੁਰੂ’, ‘ਰੱਬ’ ਜਾਂ ‘ਅੱਲਾ’ ‘ਤੇ ਹੀ ਸੁੱਟ ਦਿੱਤਾ ਜਾਂਦਾ ਹੈ। ਭੁੱਲ ਬਖਸ਼ਾ ਲਈ ਜਾਂਦੀ ਹੈ। ਸ਼ਰਧਾ ਦੇ ਇਸ ਵਹਿਣ ਵਿਚ ਵਹਿ ਕੇ ਪੈਰੋਕਾਰਾਂ ਨੇ ਆਪਣੇ ਬੱਚਿਆਂ ਵਿਚਲੇ ‘ਨਾਨਕ’ ਦੇ ਵਿਗਸਣ ਦੀਆਂ ਸੰਭਾਵਨਾਵਾਂ ਨੂੰ ਸਦਾ ਲਈ ਖਤਮ ਕਰ ਲਿਆ ਹੈ। ਨਾਨਕ, ਜੋ ਸੁਆਲ ਕਰਦਾ ਹੈ, ਪਿੱਤਰੀ ਬਿਜਨਸ ਮਾਡਲ ਨੂੰ ਨਹੀਂ ਮੰਨਦਾ, ਜੋ ਸਥਾਪਤੀ ਨੂੰ ਚੁਣੌਤੀ ਦਿੰਦਾ ਹੈ, ਸੱਤਾ ਨੂੰ ਲਲਕਾਰਦਾ ਹੈ। ਅਜੋਕੇ ਪੰਜਾਬ ਦੇ ਪਤਨ ਦੀਆਂ ਜੜ੍ਹਾਂ ਇਸੇ ਪਹੁੰਚ ਦੀ ਗੈਰਹਾਜਰੀ ਵਿਚ ਲੱਭੀਆਂ ਜਾ ਸਕਦੀਆਂ ਹਨ।
ਬਾਕੀ ਧਰਮਾਂ ਦੇ ਪੈਰੋਕਾਰਾਂ ਵਾਂਗ ਬਾਬੇ ਨਾਨਕ ਦੇ ਪੈਰੋਕਾਰਾਂ ਦੇ ਕੱਥ ਤੇ ਕਰਨੀ ਵਿਚਲਾ ਪਾੜਾ ਜੱਗ ਜਾਹਰ ਹੈ। ਸ਼ਾਇਦ ਇਸੇ ਲਈ ਦੱਖ ਦੀ ਹੋ ਰਹੀ ਅਣਦੇਖੀ ਨੂੰ ਲੁਕੋਣ ਲਈ ਦਿੱਖ ਅਤੇ ਮਰਯਾਦਾ ‘ਤੇ ਬਹੁਤਾ ਬਲ ਦਿੱਤਾ ਜਾਂਦਾ ਹੈ। ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੋਚ-ਵਿਚਾਰ ਦੀ, ਗੋਸ਼ਟ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ।
ਮੌਜੂਦਾ ਝਿਲਣ ‘ਚੋਂ ਨਿਕਲਣ ਲਈ ਆਪਣੇ ਅੰਦਰ ਸੁੱਤੇ ਪਏ ‘ਨਾਨਕ’ ਨੂੰ ਜਗਾਉਣ ਦੀ ਅਣਸਰਦੀ ਲੋੜ ਹੈ। ਬਾਬੇ ਨਾਨਕ ਵਾਂਗ ਹਰ ਮਾੜੀ ਗੱਲ ਲਈ ਬਾਹਰਲਿਆਂ ਨੂੰ ਹੀ ਨਹੀਂ, ਘਰਦਿਆਂ ਨੂੰ ਵੀ ਸੁਆਲ ਕਰੀਏ। ਬਾਬੇ ਨਾਨਕ ਨੇ ਆਪਣੇ ਹਿੱਸੇ ਦਾ ਕਾਰਜ ਕਰ ਦਿੱਤਾ ਹੈ, ਅਸੀਂ ਆਪਣੇ ਹਿੱਸੇ ਦੀ ਜਿੰਮੇਵਾਰੀ ਚੁੱਕੀਏ। ਬੱਚਿਆਂ ਵਾਂਗ ਨਿੱਕੀਆਂ ਨਿੱਕੀਆਂ ਸਮੱਸਿਆ ਲਈ ਅਗਵਾਈ ਅਤੇ ਬਖਸ਼ਿਸ਼ ਦੀ ਆਸ ਨਾ ਕਰੀਏ। ਇਹ ਨਿਓਟਿਆਂ, ਨਿਆਸਰੇ ਪੈਰੋਕਾਰਾਂ ਦਾ ਯੁਗ ਨਹੀਂ, ਬਾਬੇ ਨਾਨਕ ਵਾਂਗ ਆਪਣਾ ਗੁਰੂ ਆਪ ਬਣਨ ਅਤੇ ਆਪਣੇ ਪੈਰਾਂ ‘ਤੇ ਖੜੇ ਹੋਣ ਵਾਲਿਆਂ ਦਾ ਯੁੱਗ ਹੈ।