ਕੈਨੇਡਾ ਵਿਚ ਟਰੂਡੋ ਦੀ ਘਟ ਗਿਣਤੀ ਸਰਕਾਰ

ਡਾ. ਬਲਜਿੰਦਰ ਸਿੰਘ ਸੇਖੋਂ
ਫੋਨ: 905-781-1197
ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ ਕਾਮਨ ਦੇ ਮੈਂਬਰਾਂ ਲਈ 21 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਰਾਜ ਕਰ ਰਹੀ ਲਿਬਰਲ ਪਾਰਟੀ ਨੂੰ ਹੀ ਸਭ ਤੋਂ ਵੱਧ ਸੀਟਾਂ ਮਿਲੀਆਂ। ਅਗਲੇ ਪ੍ਰਧਾਨ ਮੰਤਰੀ ਵੀ ਜਸਟਿਨ ਟਰੂਡੋ ਹੀ ਹੋਣਗੇ, ਪਰ ਪਾਰਟੀ ਪੂਰਨ ਬਹੁਮਤ ਹਾਸਿਲ ਕਰਨ ਵਿਚ ਸਫਲ ਨਹੀਂ ਹੋਈ। ਉਸ ਦੇ 157 ਮੈਂਬਰ ਜਿੱਤੇ, ਜਦ ਕਿ ਬਹੁਮਤ ਲਈ 170 ਮੈਂਬਰ ਚਾਹੀਦੇ ਸਨ। ਕੰਜ਼ਰਵੇਟਿਵ ਪਾਰਟੀ 121 ਮੈਂਬਰਾਂ ਨਾਲ ਦੂਜੇ ਥਾਂ; ਬਲਾਕ ਕਿਊਬਕਵਾ, ਜੋ ਕਿਊਬਿਕ ਦੀ ਖੇਤਰੀ ਪਾਰਟੀ ਹੈ, 32 ਨਾਲ ਤੀਜੇ ਥਾਂ ਅਤੇ ਜਗਮੀਤ ਸਿੰਘ ਦੀ ਐਨ. ਡੀ. ਪੀ. 24 ਸੀਟਾਂ ਨਾਲ ਚੌਥੇ ਥਾਂ ਰਹੀ।

ਗਰੀਨ ਪਾਰਟੀ, ਜਿਸ ਦਾ ਮੁੱਖ ਏਜੰਡਾ ਵਾਤਾਵਰਣ ਹੈ, ਨੂੰ 3 ਸੀਟਾਂ ਮਿਲੀਆਂ ਅਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਵਿਵਾਦਾਂ ਵਿਚ ਘੇਰਨ ਦਾ ਕਾਰਨ ਬਣੀ। ਸਾਬਕਾ ਮੰਤਰੀ ਜੋਡੀ ਵਿਲਸਨ ਰੇਬੋਲਡ ਇੱਕੋ ਇੱਕ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਜੇਤੂ ਰਹੀ।
ਬਰੈਂਪਟਨ ਦੇ ਪੰਜੇ ਹਲਕਿਆਂ, ਮਿਸੀਸਾਗਾ ਅਤੇ ਸਰੀ ਸਮੇਤ 18 ਪੰਜਾਬੀ ਵੀ ਇਸ ਵਾਰ ਓਟਵਾ ਦੀ ਪਾਰਲੀਮੈਂਟ ਵਿਚ ਜਾ ਰਹੇ ਹਨ। ਸਖਤ ਮੁਕਾਬਲੇ ਵਿਚ ਅਲਬਰਟਾ ਤੋਂ ਲਿਬਰਲ ਪਾਰਟੀ ਦੇ ਪਿਛਲੀ ਸੰਸਦ ਵਿਚ ਮੰਤਰੀ ਅਮਰਜੀਤ ਸੋਹੀ ਕੰਜ਼ਰਵੇਟਿਵ ਸਰਕਾਰ ਵਿਚ ਮੰਤਰੀ ਰਹੇ ਟਿਮ ਉਪਲ ਤੋਂ ਹਾਰ ਗਏ। ਟਰੂਡੋ ਦੀ ਸਰਕਾਰ ਵਿਚ ਰਹੇ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਬੈਂਸ ਅਤੇ ਬਰਦੀਸ਼ ਚੱਗੜ ਜਿੱਤ ਗਏ ਹਨ।
ਸਸਕੈਚਵਾਨ ਸੂਬੇ ਵਿਚ ਕੰਜ਼ਰਵੇਟਿਵ ਪਾਰਟੀ ਦੇ ਸਾਰੇ 14 ਮੈਂਬਰ ਜਿਤ ਗਏ ਹਨ। ਇਥੋਂ ਤੱਕ ਕਿ ਸਸਕੈਚਵਾਨ ਵਿਚੋਂ 26 ਸਾਲ ਤੋਂ ਲਗਾਤਾਰ ਜਿਤਦੇ ਆਏ ਲਿਬਰਲ ਪਾਰਟੀ ਦੇ ਸਾਬਕਾ ਮੰਤਰੀ ਰੈਲਫ ਗੁਡੇਲ ਵੀ ਹਾਰ ਗਏ। ਅਲਬਰਟਾ ਵਿਚ ਸਿਰਫ ਇੱਕ ਸੀਟ ਐਨ. ਡੀ. ਪੀ. ਦੇ ਮੈਂਬਰ ਨੇ ਜਿੱਤੀ, ਬਾਕੀ ਸੀਟਾਂ ‘ਤੇ ਕੰਜ਼ਰਵੇਟਿਵ ਜੇਤੂ ਰਹੇ। ਮੈਕਸਿਮ ਬਰਨੀਏ, ਜਿਸ ਨੇ ਕੰਜ਼ਰਵੇਟਿਵ ਪਾਰਟੀ ਛੱਡ ਕੇ ਧੁਰ ਸੱਜੇ ਵਿਚਾਰਾਂ ਵਾਲੀ ਵਖਰੀ ਪਾਰਟੀ ਬਣਾਈ ਸੀ, ਆਪਣੀ ਸੀਟ ਵੀ ਹਾਰ ਗਿਆ।
ਬੇਸ਼ੱਕ ਜਗਮੀਤ ਸਿੰਘ ਨੇ ਚੋਣਾਂ ਵਿਚ ਆਪਣੀ ਪਾਰਟੀ ਨੂੰ ਅੱਗੇ ਲਿਆਉਣ ਵਿਚ ਬਹੁਤ ਜੋਰ ਲਾਇਆ, ਪਰ ਫਿਰ ਵੀ ਪਾਰਟੀ ਦੇ ਜੇਤੂ ਮੈਂਬਰਾਂ ਦੀ ਗਿਣਤੀ ਉਮੀਦ ਤੋਂ ਘੱਟ ਰਹੀ। ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਬਹਿਸ ਵਿਚ ਉਨ੍ਹਾਂ ਵਲੋਂ ਵਿਖਾਈ ਗਈ ਹਾਜ਼ਰ ਜਵਾਬੀ ਬਾਅਦ, ਸਰਵੇਖਣਾਂ ਵਿਚ ਉਨ੍ਹਾਂ ਦੀ ਪਾਰਟੀ ਦਾ ਸਮਰਥਨ 12% ਤੋਂ 19% ਤੱਕ ਚਲਾ ਗਿਆ, ਜੋ ਚੋਣਾਂ ਵਿਚ 15.9% ਦਿਸਿਆ, ਪਰ ਇਸ ਨਾਲ ਸੀਟਾਂ ਦੀ ਗਿਣਤੀ, ਜਿਆਦਾ ਨਾ ਵਧੀ। ਸੰਸਦ ਦੀਆਂ 2015 ਦੀਆਂ ਚੋਣਾਂ ਵਿਚ ਐਨ. ਡੀ. ਪੀ. ਦੀਆਂ 44 ਸੀਟਾਂ ਸਨ, ਜੋ ਇਸ ਵਾਰ ਘਟ ਕੇ 24 ਰਹਿ ਗਈਆਂ। ਕਿਊਬਿਕ ਵਿਚ 2015 ਵਿਚ ਜਿਤੀਆਂ 16 ਸੀਟਾਂ ਦੀ ਥਾਂ ਇਸ ਵਾਰ ਸਿਰਫ ਇਕ ਸੀਟ ਹੱਥ ਲੱਗੀ। ਪਾਰਟੀ ਦਾ ਵੱਡਾ ਲੀਡਰ ਜਿਸ ਨੂੰ ਹਰਾ ਕੇ ਜਗਮੀਤ ਸਿੰਘ ਲੀਡਰ ਬਣਿਆ ਸੀ, ਗੁਈ ਕੇਰੋਂ ਵੀ ਆਪਣੀ ਸੀਟ ਹਾਰ ਗਿਆ। ਅਟਲਾਂਟਿਕ ਮਹਾਂਸਾਗਰ ਦੇ ਕਿਨਾਰੇ ਲਗਦੇ ਪ੍ਰਦੇਸ਼ਾਂ ਵਿਚ ਵੀ ਪਾਰਟੀ ਕੋਈ ਖਾਸ ਥਾਂ ਨਾ ਬਣਾ ਸਕੀ, ਸਿਰਫ ਇੱਕ ਸੀਟ ਨਿਊਫਾਊਂਡਲੈਂਡ ‘ਤੇ ਸੇਂਟ ਜੌਹਨ ਪੂਰਬੀ ਵਿਚ ਐਨ. ਡੀ. ਪੀ. ਉਮੀਦਵਾਰ ਜੇਤੂ ਰਿਹਾ। ਜਗਮੀਤ ਸਿੰਘ ਬੇਸ਼ੱਕ ਟੋਰਾਂਟੋ ਵਿਚ ਆਖਰੀ ਤਿੰਨ ਹਫਤਿਆਂ ਵਿਚ ਚੋਣ ਪ੍ਰਚਾਰ ਲਈ ਪੰਜ ਵਾਰ ਆਏ, ਪਰ ਲਿਬਰਲ ਪਾਰਟੀ ਦੇ ਇਸ ਗੜ੍ਹ ਵਿਚ ਸੰਨ੍ਹ ਨਾ ਲਾ ਸਕੇ। ਪਾਰਟੀ ਦੇ ਬੜੇ ਹਰਮਨ ਪਿਆਰੇ ਰਹੇ ਲੀਡਰ ਜੈਕ ਲੇਅਟਨ ਦੀ ਰਹਿਨੁਮਾਈ ਵਿਚ ਪਾਰਟੀ ਨੇ 2011 ਵਿਚ 103 ਸੀਟਾਂ ਜਿੱਤੀਆਂ ਸਨ ਅਤੇ ਉਹ ਦੂਜੇ ਨੰਬਰ ‘ਤੇ ਆ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ। ਬਹੁਤ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਜੈਕ ਲੇਅਟਨ ਕੈਂਸਰ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਨਾ ਕਰਦੇ ਤਾਂ ਉਹ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦੇ। ਬਲਾਕ ਕਿਊਬਕਵਾ ਪਾਰਟੀ ਨੇ ਕਿਊਬਿਕ ਨੂੰ ਅੱਡ ਕਰਨ ਦਾ ਏਜੰਡਾ ਪਾਸੇ ਰੱਖ ਕੇ ਕੈਨੇਡਾ ਵਿਚ ਰਹਿੰਦਿਆਂ, ਸੂਬੇ ਦੇ ਵਿਕਾਸ ਲਈ ਕੰਮ ਕਰਨਾ ਆਪਣਾ ਮੁੱਖ ਕਾਰਜ ਬਣਾ ਲਿਆ, ਪਰ ਇਸ ਸਭ ਨੂੰ ਦਰਨਿਕਾਰ ਕਰਦਿਆਂ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਜੋ ਉਤਸ਼ਾਹ ਅਸੀਂ ਇਸ ਚੋਣ ਮੁਹਿੰਮ ਦੌਰਾਨ ਬਣਾਇਆ ਹੈ, ਉਸ ਨੂੰ ਜਾਰੀ ਰਖਦਿਆਂ ਨਵੀਂ ਪਾਰਲੀਮੈਂਟ ਵਿਚ ਉਸਾਰੂ ਰੋਲ ਨਿਭਾਉਂਦੇ ਰਹਿਣਗੇ।
ਕੈਨੇਡਾ ਦੀਆਂ ਕਰੀਬ ਇੱਕ ਤਿਹਾਈ ਸੀਟਾਂ (338 ਵਿਚੋਂ 121) ਓਨਟਾਰੀਓ ਸੂਬੇ ਵਿਚ ਪੈਂਦੀਆਂ ਹਨ। ਓਨਟਾਰੀਓ ਵਿਚ ਸੂਬਾ ਸਰਕਾਰ ਕੰਜ਼ਰਵੇਟਿਵ ਪਾਰਟੀ ਦੀ ਹੈ ਅਤੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਹਨ। ਉਨ੍ਹਾਂ ਨੇ ਜਿੱਤਣ ਸਾਰ ਬਜਟ ਘਾਟੇ ਨੂੰ ਪੂਰਾ ਕਰਨ ਦੇ ਨਾਂ ‘ਤੇ ਕਈ ਅਜਿਹੇ ਫੈਸਲੇ ਕੀਤੇ, ਜੋ ਆਮ ਲੋਕਾਂ ਨੂੰ ਪਸੰਦ ਨਾ ਆਏ। ਇਨ੍ਹਾਂ ਵਿਚ ਸ਼ਹਿਰਾਂ ਨੂੰ ਦਿਤੀ ਜਾਣ ਵਾਲੀ ਮਦਦ, ਵਿਦਿਆ ਅਤੇ ਸਿਹਤ ਸੇਵਾਵਾਂ ਵਿਚ ਕਟੌਤੀਆਂ ਸ਼ਾਮਿਲ ਸਨ। ਚੋਣਾਂ ਦੌਰਾਨ ਸੂਬੇ ਦੀ ਪਾਰਟੀ ਦੇ ਪ੍ਰਧਾਨ ਡੱਗ ਫੋਰਡ ਅਤੇ ਕੇਂਦਰੀ ਪਾਰਟੀ ਦੇ ਐਂਡਰੀਊ ਸ਼ੀਅਰ ਨੂੰ ਇਕੱਠੇ ਨਹੀਂ ਵੇਖਿਆ ਗਿਆ ਅਤੇ ਨਾ ਹੀ ਡੱਗ ਫੋਰਡ ਨੇ ਪਾਰਟੀ ਲਈ ਪ੍ਰਚਾਰ ਕੀਤਾ। ਪਰ ਲਿਬਰਲ ਪਾਰਟੀ ਨੇ ਡੱਗ ਫੋਰਡ ਦੇ ਫੈਸਲਿਆਂ ਨੂੰ ਲੋਕਾਂ ਵਿਚ ਇਹ ਕਹਿ ਕੇ ਪ੍ਰਚਾਰਿਆ ਕਿ ਜੇ ਕੇਂਦਰ ਵਿਚ ਕੰਜ਼ਰਵੇਟਿਵ ਸਰਕਾਰ ਆ ਜਾਂਦੀ ਹੈ ਤਾਂ ਉਹ ਵੀ ਅਜਿਹੇ ਕੱਟ ਹੀ ਲਾਉਣਗੇ। ਸ਼ਾਇਦ ਲਿਬਰਲ ਪਾਰਟੀ ਦਾ ਇਹੀ ਪੈਂਤੜਾ ਸੀ ਕਿ ਕੰਜ਼ਰਵੇਟਿਵ ਪਾਰਟੀ ਟੋਰਾਂਟੋ ਦੇ ਆਸ ਪਾਸ ਦੇ ਉਨ੍ਹਾਂ ਦੇ ਗੜ੍ਹ ਨੂੰ ਸੰਨ੍ਹ ਨਾ ਲਾ ਸਕੀ ਅਤੇ ਲਿਬਰਲ ਪਾਰਟੀ ਦੇ 79 ਮੈਂਬਰ ਜਿੱਤ ਗਏ, ਜਦ ਕਿ 2015 ਵਿਚ 80 ਜਿੱਤੇ ਸਨ।
ਚੋਣਾਂ ਬਾਅਦ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਹਰ ਰੋਜ ਲੋਕਾਂ ਲਈ ਕੰਮ ਕਰਨਗੇ, ਇਸ ਨੂੰ ਵੇਖੇ ਬਿਨਾ ਕਿ ਕਿਸੇ ਨੇ ਸਾਨੂੰ ਵੋਟ ਪਾਈ ਹੈ ਜਾਂ ਨਹੀਂ, ਸਾਡੀ ਟੀਮ ਹਰ ਕੈਨੇਡੀਅਨ ਲਈ ਜਦੋ ਜਹਿਦ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਨਿਰਾਸ਼ਾ ਵੇਖ ਲਈ ਹੈ ਅਤੇ ਮੈਂ ਤੁਹਡੀ ਮਦਦ ਲਈ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ। ਆਓ ਆਪਾਂ ਰਲ ਕੇ ਇਸ ਦੇਸ਼ ਦੀ ਏਕਤਾ ਲਈ ਸਖਤ ਮਿਹਨਤ ਕਰੀਏ।
ਚੋਣਾਂ ਪਿਛੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ, ਜਿਨ੍ਹਾਂ ਨੂੰ ਉਮੀਦ ਸੀ ਕਿ ਕੰਜ਼ਰਵੇਟਿਵ ਪਾਰਟੀ ਦੀਆਂ ਸੀਟਾਂ ਸਭ ਤੋਂ ਵੱਧ ਆਉਣਗੀਆਂ, ਨੇ ਕਿਹਾ ਕਿ ਬੇਸ਼ੱਕ ਉਹ ਇਸ ਤਰ੍ਹਾਂ ਦੇ ਨਤੀਜੇ ਨਹੀਂ ਸੀ ਚਾਹੁੰਦੇ, ਪਰ ਫਿਰ ਵੀ ਪਾਰਟੀ ਦੀ ਟੀਮ ਪਹਿਲਾਂ ਨਾਲੋਂ ਤਕੜੀ ਹੈ। ਉਨ੍ਹਾਂ ਕਿਹਾ ਕਿ ਸਾਲ 2015 ਵਿਚ ਲਗਦਾ ਸੀ ਕਿ ਹੁਣ ਫੇਰ ਟਰੂਡੋ ਪਰਿਵਾਰ ਦਾ ਰਾਜ ਚੱਲ ਪਿਆ ਹੈ, ਜਿਸ ਨੂੰ ਰੋਕਣਾ ਅਸੰਭਵ ਹੈ, ਅੰਦਾਜੇ ਲਾਉਣ ਵਾਲੇ ਸਾਰੇ ਕਹਿੰਦੇ ਸਨ ਕਿ ਹੁਣ 8 ਜਾਂ 12 ਸਾਲ ਇਸੇ ਨੇ ਰਾਜ ਕਰਨਾ ਹੈ, ਪਰ ਅੱਜ ਕੰਜ਼ਰਵੇਟਿਵ ਪਾਰਟੀ ਨੇ ਟਰੂਡੋ ਨੂੰ ਸੁਨੇਹਾ ਲਾ ਦਿੱਤਾ ਹੈ ਕਿ ਤੁਹਾਡੀ ਸਰਕਾਰ ਡਿਗਣ ਦੀ ਅਸੀਂ ਉਡੀਕ ਕਰ ਰਹੇ ਹਾਂ, ਜਦ ਵੀ ਡਿੱਗੀ, ਕੰਜ਼ਰਵੇਟਿਵ ਤਿਆਰ ਹਨ ਅਤੇ ਅਸੀਂ ਜਿਤਾਂਗੇ। ਉਨ੍ਹਾਂ ਟਰੂਡੋ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਨੇ ਸਰਕਾਰ ਖਿਲਾਫ ਆਪਣੀ ਰਾਇ ਦੇ ਦਿੱਤੀ ਹੈ, ਹੁਣ ਤੁਸੀਂ ਸਿਰਫ 20 ਸੀਟਾਂ ਹੀ ਨਹੀਂ ਗਵਾਈਆਂ ਸਗੋਂ ਦੇਸ਼ ਦੇ ਹਰ ਪ੍ਰਾਂਤ ਵਿਚੋਂ ਸਮਰਥਨ ਘਟਾ ਲਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇੱਕ ਪੂਰਨ ਬਹੁਮਤ ਵਾਲੀ ਸਰਕਾਰ 4 ਸਾਲ ਬਾਅਦ ਹੀ ਹਾਰ ਗਈ ਹੈ।
ਜਗਮੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਟਰੂਡੋ ਨੂੰ ਟੈਲੀਫੋਨ ਤੇ ਦੱਸ ਦਿੱਤਾ ਹੈ ਕਿ ਅਸੀਂ ਲੋਕਾਂ ਦੀਆਂ ਸਹੂਲਤਾਂ ਲਈ ਜੀ ਜਾਨ ਨਾਲ ਕੰਮ ਕਰਦੇ ਰਹਾਂਗੇ। ਜਿਨ੍ਹਾਂ ਵਿਚ ਸਿਹਤ ਸੇਵਾਵਾਂ ਅਤੇ ਮਕਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ ਨੇ ਸਾਫ ਦੱਸ ਦਿੱਤਾ ਹੈ ਕਿ ਉਹ ਅਜਿਹੀ ਸਰਕਾਰ ਚਾਹੁੰਦੇ ਹਨ, ਜੋ ਅਮੀਰਾਂ ਅਤੇ ਤਕੜਿਆਂ ਲਈ ਨਹੀਂ ਸਗੋਂ ਆਮ ਲੋਕਾਂ ਲਈ ਕੰਮ ਕਰੇ।
ਕੈਨੇਡਾ ਵਿਚ ਹੁਣ ਤੱਕ 14 ਘੱਟ ਗਿਣਤੀ ਸਰਕਾਰਾਂ ਬਣ ਚੁੱਕੀਆਂ ਹਨ, ਜਿਨ੍ਹਾਂ ਵਿਚ ਉਪਰੋਥਲੀ 2004 ਤੋਂ 2011 ਦਰਮਿਆਨ ਇੱਕ ਤੋਂ ਬਾਅਦ ਇੱਕ ਬਣੀਆਂ 3 ਸਰਕਾਰਾਂ ਸ਼ਾਮਿਲ ਹਨ। ਸਿਰਫ ਇੱਕ ਵਾਰ ਵਿਲੀਅਮ ਮਕੈਂਜ਼ੀ ਦੀ ਸਰਕਾਰ (1921-25) ਨੂੰ ਛੱਡ ਕੇ ਕਿਸੇ ਨੇ ਵੀ 4 ਸਾਲ ਪੂਰੇ ਨਹੀਂ ਕੀਤੇ। ਸਾਰੀਆਂ ਹੀ 1 ਤੋਂ 3 ਸਾਲ ਦੇ ਦਰਮਿਆਨ ਭੰਗ ਹੁੰਦੀਆਂ ਰਹੀਆਂ। ਇਸ ਨੂੰ ਵੇਖਦਿਆਂ ਵਿਰੋਧੀ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੇ ਕਿਹਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੇਗਣ ਦਾ ਇਹ ਇੱਕ ਪੜਾਅ ਹੈ, ਇਸ ਤੋਂ ਡੇਢ-ਦੋ ਸਾਲਾਂ ਬਾਅਦ ਸਾਡੀ ਸਰਕਾਰ ਬਣ ਜਾਵੇਗੀ। ਆਮ ਕਰਕੇ ਕੈਨੇਡਾ ਵਿਚ ਘੱਟ ਗਿਣਤੀ ਦੀ ਸਰਕਾਰ ਕਿਸੇ ਦੂਜੀ ਪਾਰਟੀ ਨਾਲ ਕੋਲੀਸ਼ਨ ਸਰਕਾਰ ਨਹੀਂ ਬਣਾਉਂਦੀ, ਸਗੋਂ ਆਏ ਮੁਦਿਆਂ ਤੇ ਵੱਖ ਵੱਖ ਪਾਰਟੀਆਂ ਦੀ ਮਦਦ ਨਾਲ ਬਿਲ ਪਾਸ ਕਰਵਾਉਂਦੀ ਰਹਿੰਦੀ ਹੈ, ਜਿਵੇਂ ਕੁਝ ਸਮਾਂ ਪਹਿਲਾਂ ਹੀ ਪਾਲ ਮਾਰਟਿਨ ਅਤੇ ਸਟੀਫਨ ਹਾਰਪਰ ਦੀ ਸਰਕਾਰ ਵਲੋਂ ਕੀਤਾ ਗਿਆ ਸੀ। ਇਸ ਵਾਰ ਵੀ ਇਸ ਤਰ੍ਹਾਂ ਹੀ ਹੋਣ ਦੀ ਉਮੀਦ ਹੈ। ਵੇਖਣਾ ਹੋਵੇਗਾ ਕਿ ਇਹ ਸਰਕਾਰ ਕਿੰਨੀ ਦੇਰ ਸਥਿਰ ਰਹਿੰਦੀ ਹੈ।