ਅਮਰਜੀਤ ਗਰੇਵਾਲ
ਅੱਜ ਕਲ੍ਹ ਪੰਜਾਬੀ ਨੌਜਵਾਨਾਂ ਦੇ ਪਰਵਾਸ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਇਹ ਧਾਰਨਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਦੇ ਰੂਪ ਵਿਚ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵਿਦੇਸ਼ਾਂ ਨੂੰ ਕਿਵੇਂ ਨਿਕਾਸ ਹੋ ਰਿਹਾ ਹੈ।
ਸੁਰਜੀਤ ਸਿੰਘ ਮੁਤਾਬਕ, “ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਹਨ। ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਪਰਵਾਸ ਬਾਰੇ ਮੌਜੂਦ ਅੰਦਾਜ਼ਿਆਂ ਮੁਤਾਬਕ ਇਕ ਲੱਖ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵਿਚ ਸਟੱਡੀ ਵੀਜ਼ਿਆਂ ‘ਤੇ ਗਏ। ਪ੍ਰਤੀ ਵਿਦਿਆਰਥੀ ਪਹਿਲੀ ਵਾਰ ਔਸਤਨ 16 ਲੱਖ ਰੁਪਏ ਵੀ ਉਨ੍ਹਾਂ ਨਾਲ ਵਿਦੇਸ਼ਾਂ ਵਿਚ ਚਲੇ ਗਏ। ਮਤਲਬ ਇੱਕ ਸਾਲ ਵਿਚ ਹੀ ਪੰਜਾਬ ਦਾ 16 ਹਜ਼ਾਰ ਕਰੋੜ ਰੁਪਿਆ ਇਨ੍ਹਾਂ ਰਾਹੀਂ ਬਾਹਰ ਚਲਾ ਗਿਆ। ਇਸ ਤੋਂ ਇਲਾਵਾ ਹਰ ਸਾਲ ਪ੍ਰਤੀ ਵਿਦਿਆਰਥੀ ਹੋਰ ਵੀ ਲੱਖਾਂ ਰੁਪਏ ਖਰਚ ਕੇ ਬਾਹਰ ਜਾਂਦੇ ਹਨ। ਇਸ ਨਾਲ ਪੰਜਾਬ ਦੀ ਬੌਧਿਕਤਾ, ਕਿਰਤ ਸ਼ਕਤੀ ਅਤੇ ਸਰਮਾਏ ਦਾ ਵੱਡੀ ਪੱਧਰ ‘ਤੇ ਵਿਦੇਸ਼ਾਂ ਨੂੰ ਨਿਕਾਸ ਹੋ ਰਿਹਾ ਹੈ। ਇਸ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਛੋਟੇ-ਵੱਡੇ ਕਾਰੋਬਾਰ ਵੀ ਪ੍ਰਭਾਵਤ ਹੋ ਰਹੇ ਹਨ।” ਪਰ ਇਹ ਤਸਵੀਰ ਦਾ ਇਕ ਪਾਸਾ ਹੈ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪੰਜਾਬ ਵਿਚੋਂ ਹਰ ਸਾਲ 67 ਹਜ਼ਾਰ ਕਰੋੜ ਰੁਪਿਆ ਬਾਹਰ ਚਲਾ ਜਾਂਦਾ ਹੈ। ਇਸ ਦੇ ਉਲਟ ਵਿਦੇਸ਼ਾਂ ਵਿਚ ਰਹਿਣ ਵਾਲੇ ਇਹ ਪੰਜਾਬੀ ਹਰ ਸਾਲ 90 ਹਜ਼ਾਰ ਕਰੋੜ ਰੁਪਿਆ ਪੰਜਾਬ ਨੂੰ ਵਾਪਿਸ ਵੀ ਭੇਜਦੇ ਹਨ। ਮਤਲਬ, ਪਰਵਾਸ ਦੇ ਇਸ ਸੌਦੇ ਵਿਚ 23 ਹਜ਼ਾਰ ਕਰੋੜ ਰੁਪਏ ਦਾ ਸ਼ੁਧ ਲਾਭ ਹੈ। ਸੋ ਸਰਮਾਏ ਦੇ ਦ੍ਰਿਸ਼ਟੀਕੋਣ ਤੋਂ ਤਾਂ ਪੰਜਾਬ ਦਾ ਕੋਈ ਨੁਕਸਾਨ ਨਹੀਂ। ਬਾਕੀ ਰਹਿ ਗਈ ਬੌਧਿਕਤਾ ਅਤੇ ਕਿਰਤ ਸ਼ਕਤੀ ਦੀ ਗੱਲ! ਬਿਨਾ ਸ਼ੱਕ, ਬਰੇਨ ਡਰੇਨ ਦੇ ਰੂਪ ਵਿਚ ਇਹ ਪੰਜਾਬ ਦਾ ਵੱਡਾ ਨੁਕਸਾਨ ਹੈ।
ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੱਸਦੀਆਂ ਹਨ ਕਿ ਖੇਤੀ ਹੁਣ ਕੋਈ ਬਹੁਤਾ ਮੁਨਾਫੇਯੋਗ ਧੰਦਾ ਨਹੀਂ ਰਹਿ ਗਿਆ। ਕਿਸਾਨੀ ਇਕੋ ਤਰੀਕੇ ਨਾਲ ਬਚ ਸਕਦੀ ਹੈ ਕਿ ਇਸ ਦੀ ਨਵੀਂ ਪੀੜ੍ਹੀ ਨੂੰ ਆਧੁਨਿਕ ਸੈਕਟਰ ਵਿਚ ਰੁਜ਼ਗਾਰ ਦੇ ਕੇ ਜ਼ਮੀਨ ‘ਤੇ ਭਾਰ ਘਟਾਇਆ ਜਾਵੇ। ਭਾਰ ਤਾਂ ਘਟ ਰਿਹਾ ਹੈ, ਪਰ ਰੁਜ਼ਗਾਰ ਕਿਥੇ ਹੈ? ਨਤੀਜੇ ਵਜੋਂ ਰੁਜ਼ਗਾਰ ਦੀ ਤਲਾਸ਼ ਵਿਚ ਸ਼ਹਿਰਾਂ ਦੇ ਚੱਕਰ ਕੱਢਦੀ ਨੌਜਵਾਨ ਬੱਚਿਆਂ ਦੀ ਫੌਜ ਥੱਕ ਹਾਰ ਕੇ ਨਸ਼ਿਆਂ ਅਤੇ ਜੁਰਮ ਦੇ ਰਸਤੇ ਪੈ ਜਾਂਦੀ ਹੈ। ਜਿਨ੍ਹਾਂ ਵਿਚ ਹਿੰਮਤ ਹੈ, ਉਹ ਬਚੀ ਖੁਚੀ ਜ਼ਮੀਨ ਅਤੇ ਗਹਿਣੇ ਗੱਟੇ ਵੇਚ ਕੇ, ਆਪਣੇ ਬੱਚਿਆਂ ਨੂੰ ਪੜ੍ਹਾਈ ਜਾਂ ਰੁਜ਼ਗਾਰ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ ਜਿਹੇ ਮੁਲਕਾਂ ਵਿਚ ਭੇਜੀ ਜਾ ਰਹੇ ਹਨ।
ਹੁਣ ਸੁਆਲ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਰੁਜ਼ਗਾਰ ਕਿਉਂ ਨਹੀਂ ਪੈਦਾ ਕਰ ਸਕੇ? ਇਸ ਗੱਲ ਨੂੰ ਸਮਝਣ ਲਈ ਮੈਂ ਇਕ ਆਪ ਬੀਤੀ ਸੁਣਾਉਂਦਾ ਹਾਂ। ਇਹ 1997-98 ਦੀ ਗੱਲ ਹੈ। ਮੈਂ ਭਾਈ ਹਰਿਭਜਨ ਸਿੰਘ ਯੋਗੀ ਦੇ ਸੱਦੇ ‘ਤੇ ਅਮਰੀਕਾ ਗਿਆ। ਅਮਰੀਕਨ ਸਿੰਘਾਂ ਨੇ ਆਪਣੇ ਵਪਾਰਕ ਅਦਾਰੇ ਵੀ ਦਿਖਾਏ। ਉਨ੍ਹਾਂ ਦੀ ਇਕ ਕੰਪਨੀ ਵਿਚ ਜਾ ਕੇ ਦੇਖਿਆ ਕਿ ਉਥੇ ਇਕ ਵੱਡੇ ਹਾਲ ਵਿਚ ਸੈਂਕੜੇ ਲੋਕ ਕੰਪਿਊਟਰਾਂ ‘ਤੇ ਕੰਮ ਕਰ ਰਹੇ ਸਨ। ਪੁੱਛਣ ‘ਤੇ ਯੋਗੀ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਕਈ ਵੱਡੇ ਵੱਡੇ ਅਦਾਰੇ ਬੈਂਗਲੌਰ ਅਤੇ ਅਹਿਮਦਾਬਾਦ ਵਿਚ ਵੀ ਸਥਾਪਤ ਕੀਤੇ ਹੋਏ ਹਨ, ਜਿਥੇ ਹਜ਼ਾਰਾਂ ਨੌਜਵਾਨ ਇਥੋਂ ਭੇਜੀਆਂ ਸਾਫਟਵੇਅਰ ਡਿਵੈਲਪਮੈਂਟ ਦੀਆਂ ਜੌਬਜ਼ ‘ਤੇ ਕੰਮ ਕਰਦੇ ਹਨ। ਮੈਨੂੰ ਇਹ ਗੱਲ ਚੰਗੀ ਨਾ ਲੱਗੀ। ਗੁੱਸੇ ਨਾਲ ਪੁੱਛਿਆ ਕਿ ਤੁਸੀਂ ਇਹ ਸੈਂਟਰ ਪੰਜਾਬ ਵਿਚ ਸਥਾਪਤ ਕਿਉਂ ਨਹੀਂ ਕੀਤੇ? ਸਾਡੇ ਬੱਚਿਆਂ ਨੂੰ ਵੀ ਰੁਜ਼ਗਾਰ ਮਿਲ ਜਾਂਦਾ। ਭਾਰਤ ਦੇ ਆਰਥਕ ਵਿਕਾਸ ਵਿਚ ਇਸ ਕਿਸਮ ਦੀ ਬੀ. ਪੀ. ਓ. ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਅਮਰੀਕਾ ਵਿਚ ਯੋਗੀ ਜੀ ਜਿਹੇ ਅਨੇਕਾਂ ਪੰਜਾਬੀ ਧਨਾਢਾਂ ਦੇ ਹੁੰਦਿਆਂ-ਸੁੰਦਿਆਂ ਇਹ ਸੌਫਟਵੇਅਰ ਇੰਡਸਟਰੀ ਪੰਜਾਬ ਵਿਚ ਸਥਾਪਤ ਕਿਉਂ ਨਹੀਂ ਹੋ ਸਕੀ? ਬੈਂਗਲੌਰ, ਹੈਦਰਾਬਾਦ ਆਦਿ ਸ਼ਹਿਰਾਂ ਵਿਚ ਹੀ ਕਿਉਂ ਸਥਾਪਤ ਹੋਈ? ਯੋਗੀ ਜੀ ਨੇ ਜੋ ਜੁਆਬ ਦਿਤਾ, ਉਸ ਨੇ ਮੇਰੇ ਕੰਨ ਖੋਲ੍ਹ ਦਿੱਤੇ। ਉਨ੍ਹਾਂ ਦਾ ਜੁਆਬ ਮੈਂ ਕਦੀ ਵੀ ਨਹੀਂ ਭੁਲ ਸਕਾਂਗਾ, ਜੋ ਉਸ ਵੇਲੇ ਵੀ ਸਾਡੀ ਬਦਕਿਸਮਤੀ ਦਾ ਸਬੱਬ ਬਣਿਆ ਅਤੇ ਹੁਣ ਫੇਰ ਬਣ ਰਿਹਾ ਹੈ। ਉਨ੍ਹਾਂ ਦਾ ਜੁਆਬ ਸੀ, “ਨੌਲਿਜ ਇੰਡਸਟਰੀ ਕੇਵਲ ਉਥੇ ਜੀ ਸਕੇਗੀ, ਜਿਥੇ ਨੌਲਿਜ ਵਰਕਰ ਹੋਣਗੇ। ਜਾਓ, ਪਹਿਲਾਂ ਜਾ ਕੇ ਪੰਜਾਬ ਵਿਚ ਨੌਲਿਜ ਵਰਕਰ ਪੈਦਾ ਕਰੋ। ਨੌਲਿਜ ਇੰਡਸਟਰੀ ਆਪਣੇ ਆਪ ਆ ਜਾਵੇਗੀ।”
ਉਸ ਵੇਲੇ ਤਾਂ ਅਸੀਂ ਨੌਲਿਜ ਇੰਡਸਰੀ ਦੀ ਇਹ ਬਸ ਮਿਸ ਕਰ ਦਿੱਤੀ। ਕੋਸ਼ਿਸ਼ ਕਰੀਏ ਕਿ ਸਾਡੇ ਦਰ ‘ਤੇ ਖੜ੍ਹੀ ਫੋਰਥ ਇੰਡਸਟਰੀਅਲ ਰੈਵੋਲੂਸ਼ਨ ਅਤੇ ਸਮਾਰਟ ਐਗਰੀਕਲਚਰ ਲਈ ਸਾਡੇ ਬੂਹੇ ਬੰਦ ਨਾ ਹੋਣ। ਇਹ ਤਦ ਹੀ ਸੰਭਵ ਹੈ, ਜਦ ਅਸੀਂ ਆਪਣੀ ਵਰਕਫੋਰਸ ਨੂੰ ਰੈਲੇਵੈਂਟ ਨਾਲਿਜ, ਸਕਿਲ ਸੈਟਸ, ਮਾਈਂਡ ਸੈਟਸ, ਇੰਸਟੀਚਿਊਸ਼ਨਲ ਕਲਚਰ ਅਤੇ ਸਟਾਕਹੋਲਡਰਾਂ ਦੇ ਨੈਟਵਰਕਸ ਨਾਲ ਲੈਸ ਕਰਾਂਗੇ। ਇਹ ਸਭ ਕੁਝ ਮੌਜੂਦਾ ਵਿਦਿਅਕ ਢਾਂਚੇ ਵਿਚ ਰਹਿ ਕੇ ਹਾਸਲ ਨਹੀਂ ਕੀਤਾ ਜਾ ਸਕਦਾ। ਨਵੀਂ ਇੰਡਸਰੀ ਨੂੰ ਟ੍ਰੈਡੀਸ਼ਨ ਦੀ ਨਹੀਂ, ਇਨੋਵੇਸ਼ਨ ਅਤੇ ਕਰੀਏਟਿਵਿਟੀ ਦੀ ਲੋੜ ਹੈ। ਪੰਜਾਬ ਦਾ ਮੌਜੂਦਾ ਸੰਕਟ ਦਰਅਸਲ ਅਨਇੰਪਲਾਇਬਲ ਐਜੂਕੇਸ਼ਨ ਦਾ ਪੈਦਾ ਕੀਤਾ ਹੋਇਆ ਸੰਕਟ ਹੀ ਹੈ। ਬੱਸ ਇਕ ਇਸ ਨੂੰ ਠੀਕ ਕਰ ਲਈਏ, ਬਾਕੀ ਸਭ ਆਪਣੇ ਆਪ ਠੀਕ ਹੋ ਜਾਵੇਗਾ। ਆਤਮ ਹੱਤਿਆ, ਡਰੱਗਜ਼, ਕਰਾਈਮ, ਮਾਈਗਰੇਸ਼ਨ ਆਦਿ, ਇਹ ਸਭ ਉਸ ਬਿਮਾਰੀ ਦੇ ਲੱਛਣ ਹਨ, ਜਿਸ ਦਾ ਨਾਂ ਹੈ ਅਨਇੰਪਲਾਇਬਲ ਅਤੇ ਇਰਰੈਲੇਵੈਂਟ ਐਜੂਕੇਸ਼ਨ।
ਜਿਥੋਂ ਤੱਕ ਬੌਧਿਕਤਾ ਦੇ ਨਿਕਾਸ ਦਾ ਸੁਆਲ ਹੈ, ਬਰੇਨ ਡਰੇਨ ਵੀ ਸਾਡੇ ਲਈ ਕੋਈ ਘਾਟੇ ਵਾਲਾ ਸੌਦਾ ਨਹੀਂ। ਬਰੇਨ ਸਰਕੂਲੇਸ਼ਨ ਰਾਹੀਂ ਬਰੇਨ ਡਰੇਨ ਨੂੰ ਸਹਿਜੇ ਹੀ ਬਰੇਨ ਗੇਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦਾ ਪੰਜਾਬ ਵਿਚ ਇਨਵੈਸਟ ਹੋ ਰਿਹਾ ਪੈਸਾ ਵੀ ਬਹੁਤ ਮਹੱਤਵ ਰੱਖਦਾ ਹੈ, ਪਰ ਪੰਜਾਬ ਦੀ ਖੁਸ਼ਹਾਲੀ ਲਈ ਉਸ ਪੈਸੇ ਤੋਂ ਵੀ ਕਿਤੇ ਵੱਧ ਮਹੱਤਵ ਉਸ ਐਕਸਪੀਰੀਐਂਸ ਦਾ ਹੈ, ਜੋ ਉਹ ਵਿਕਸਿਤ ਮੁਲਕਾਂ ਦੇ ਸਭਿਆਚਾਰ, ਅਰਥਚਾਰੇ, ਇੰਸਟੀਚਿਊਸ਼ਨਲ ਮਕੈਨਿਜ਼ਮਜ਼, ਪ੍ਰਸ਼ਾਸਨ, ਸਿਹਤ ਪ੍ਰਬੰਧ, ਸਿਖਿਆ ਅਦਾਰਿਆਂ ਆਦਿ ਨਾਲ ਇੰਟਰਐਕਸ਼ਨ ਵਿਚੋਂ ਪ੍ਰਾਪਤ ਕਰਦੇ ਹਨ। ਪੰਜਾਬ ਨੂੰ ਆਪਣੀਆਂ ਯੂਨੀਵਰਸਿਟੀਆਂ ਦੀ ਮਦਦ ਨਾਲ ਆਪਣੇ ਅੰਦਰ ਉਹ ਇੰਸਟੀਚਿਊਸ਼ਨਲ ਸਮਰੱਥਾ ਪੈਦਾ ਕਰਨੀ ਹੋਵੇਗੀ, ਜਿਸ ਰਾਹੀਂ ਉਹ ਵਿਕਸਿਤ ਮੁਲਕਾਂ ਦੀਆਂ ਇਨੋਵੇਸ਼ਨ ਅਤੇ ਕਰੀਏਟਿਵਿਟੀ ਨਾਲ ਜੁੜੀਆਂ ਸੰਸਥਾਵਾਂ ਵਿਚ ਕੰਮ ਕਰ ਰਹੇ ਪੰਜਾਬੀਆਂ ਦੇ ਇਨਟੈਂਜੀਬਲ ਯੋਗਦਾਨ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਅਜਿਹਾ ਕਰਨ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਐਂਟਰਪਰਿਨਿਉਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਸਥਾਪਤ ਕਰਨ ਦੀ ਲੋੜ ਹੈ, ਜਿਥੇ ਸਟਾਰਟ ਅੱਪਸ ਲਈ ਉਨ੍ਹਾਂ ਦੀ ਖੋਜ ਸੰਸਥਾਵਾਂ, ਵਿੱਤੀ ਅਦਾਰਿਆਂ, ਦੂਜੇ ਸਟਾਕਹੋਲਡਰਾਂ ਅਤੇ ਪਰਵਾਸੀ ਪੰਜਾਬੀਆਂ ਨਾਲ ਨੈਟਵਰਕਿੰਗ ਰਾਹੀਂ ਕਰਾਊਡ ਸੋਰਸਿੰਗ ਦੀਆਂ ਸੰਭਾਵਨਾਵਾਂ ਵੀ ਪੈਦਾ ਕੀਤੀਆਂ ਜਾ ਸਕਣ।