ਜੈਸੇ ਜਲ ਮਹਿ ਕਮਲੁ ਨਿਰਾਲਮੁ

ਡਾ. ਅਜੀਤ ਸਿੰਘ ਕੋਟਕਪੂਰਾ
ਹਿੰਦੂ ਧਰਮ ਅਨੁਸਾਰ ਆਰਤੀ, ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਣ ਯੋਗ ਦੇਵਤੇ ਅੱਗੇ ਦੀਵੇ ਘੁਮਾ ਕੇ ਪੂਜਾ ਕਰਨੀ ਹੁੰਦੀ ਹੈ। ਦੀਵੇ ਇੱਕ ਤੋਂ ਲੈ ਕੇ ਇਕ ਸੌ ਤਕ ਹੋ ਸਕਦੇ ਹਨ। ਦੀਵਿਆਂ ਵਾਲੀ ਥਾਲੀ ਨੂੰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ‘ਤੇ, ਇੱਕ ਵਾਰੀ ਮੂੰਹ ‘ਤੇ ਅਤੇ ਸੱਤ ਵਾਰੀ ਸਾਰੇ ਸਰੀਰ ‘ਤੇ ਘੁਮਾਉਣਾ ਚਾਹੀਦਾ ਹੈ।

ਜਦੋਂ ਗੁਰੂ ਨਾਨਕ ਦੇਵ ਜੀ ਉੜੀਸਾ ਵਿਚ ਜਗਨਨਾਥ ਪੁਰੀ ਗਏ, ਜਿਥੇ ਪੁਜਾਰੀ ਥਾਲੀ ਲੈ ਕੇ ਭਗਵਾਨ ਦੀ ਆਰਤੀ ਕਰ ਰਹੇ ਸਨ, ਉਨ੍ਹਾਂ ਨੇ ਇਸ ਦੀ ਨਿਖੇਧੀ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ। ਉਥੇ ਹੁਣ ਗੁਰਦੁਆਰਾ ਮੰਗੂ ਮੱਠ ਬਣਿਆ ਹੋਇਆ ਹੈ। ਉਥੇ ਗੁਰੂ ਨਾਨਕ ਵਲੋਂ ਆਰਤੀ ਸਬੰਧੀ ਲਿਖਿਆ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 13 ‘ਤੇ ਸੁਭਾਏਮਾਨ ਹੈ ਤੇ ਹਰ ਨਾਨਕ ਨਾਮ ਲੇਵਾ ਰਾਤ ਸਮੇਂ ਸੌਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਨਿਤਨੇਮ ਵਿਚ ਸੋਹਿਲਾ ਸਾਹਿਬ ਕਰਨ ਸਮੇਂ ਦੁਹਰਾਉਂਦਾ ਹੈ, ਉਸ ਅਕਾਲ ਪੁਰਖ ਦੀ ਹੋ ਰਹੀ ਆਰਤੀ ਬਾਰੇ ਹੈ,
ਰਾਗੁ ਧਨਾਸਰੀ ਮਹਲਾ ੧॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥੧॥ ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥੧॥ ਰਹਾਉ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥੪॥
ਅਰਥਾਤ ਸਾਰਾ ਆਕਾਸ਼ ਇਕ ਥਾਲ ਵਾਂਗ ਹੈ। ਸੂਰਜ ਤੇ ਚੰਦ ਉਸ ਥਾਲ ਵਿਚ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ ਉਸੇ ਥਾਲ ਵਿਚ ਮੋਤੀ ਹਨ। ਪਰਬਤ ਵਲੋਂ ਆਉਣ ਵਾਲੀ ਹਵਾ ਧੂਫ ਵਾਂਗ ਧੁਖ ਰਹੀ ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ। ਹੇ ਜੀਵਾਂ ਦੇ ਜਨਮ-ਮਰਨ ਨਾਸ ਕਰਨ ਵਾਲੇ! ਕੁਦਰਤਿ ਵਿਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਸਭ ਜੀਵਾਂ ਦੇ ਅੰਦਰ ਰੁਮਕ ਰਹੀ ਇੱਕੋ ਜੀਵਨ-ਰੌ, ਇੰਜ ਲੱਗ ਰਿਹਾ ਹੈ, ਜਿਵੇਂ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ। ਸਾਰੇ ਜੀਵਾਂ ਅੰਦਰ ਵਿਆਪਕ ਹੋਣ ਕਾਰਨ ਹਜ਼ਾਰਾਂ ਹੀ ਤੇਰੀਆਂ ਅੱਖਾਂ ਹਨ, ਪਰ ਨਿਰਾਕਾਰ ਹੋਣ ਕਰਕੇ ਹੇ ਪ੍ਰਭੂ! ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ ਨਿਰਾਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।
ਸਾਰੇ ਜੀਵਾਂ ਵਿਚ ਇਕੋ ਉਸੇ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ ਅਰਥਾਤ ਸੂਝ-ਬੂਝ ਹੈ; ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਇਕੋ ਹੀ ਪਰਮਾਤਮਾ ਦੀ ਜੋਤਿ ਹੈ। ਇਸ ਸਰਬ ਵਿਆਪਕ ਜੋਤਿ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ ਉਸ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ। ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਉਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।
ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਚਸਕਾ ਕੋਈ ਵੀ ਹੋਵੇ, ਮਾੜਾ ਹੈ। ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ, ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ। ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਣਾਉਣ ਦਾ ਹੈ, ਚਾਹੇ ਜਮੀਨ-ਜਾਇਦਾਦ ਖਰੀਦਣ ਦਾ ਹੈ, ਚਾਹੇ ਆਪਣੀ ਸ਼ੋਭਾ ਕਰਾਉਣ ਤੇ ਬਰਕਰਾਰ ਰੱਖਣ ਦਾ ਹੈ ਅਤੇ ਚਾਹੇ ਮਿਠਾਈਆਂ ਤੇ ਮਾਸ ਵਗੈਰਾ ਖਾਣ ਦਾ ਹੈ। ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਵੀ ਤਦੋਂ ਹੀ ਕੁਚੱਜੀ ਕਰਤੂਤ ਹੈ, ਜਦੋਂ ਇਹ ਚਸਕਾ ਬਣ ਜਾਂਦਾ ਹੈ। ਜਿਸ ਮਨੁੱਖ ਦੇ ਮਨ ਵਿਚ ਦੁਨੀਆਂ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜ ਸਕਦਾ। ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ। ਅਜਿਹਾ ਮਨੁੱਖ ਭਾਵੇਂ ਕਿੰਨਾ ਹੀ ਅਕਲਾਂ ਵਾਲਾ ਅਤੇ ਮੰਨਿਆ-ਪ੍ਰਮੰਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਤਾਂ ਖੇਹ-ਖੁਆਰੀ ਵਿਚ ਹੀ ਲੰਘਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 15 ‘ਤੇ ਸੁਭਾਏਮਾਨ ਸ਼ਬਦ ਦੱਸਦਾ ਹੈ ਕਿ ਮੈਨੂੰ ਕਈ ਚਸਕੇ ਹਨ ਅਤੇ ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ,
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥੨॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ॥੩॥
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ॥੪॥
ਅਰਥਾਤ ਸੋਨਾ, ਚਾਂਦੀ ਇਕੱਠਾ ਕਰਨ ਦਾ ਚਸਕਾ, ਔਰਤ ਭਾਵ ਕਾਮ ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜ ਸਵਾਰੀ ਦਾ ਸ਼ੌਕ, ਨਰਮ ਨਰਮ ਸੇਜਾਂ ਤੇ ਸੋਹਣੇ ਮਹਲ-ਮਾੜੀਆਂ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ ਤੇ ਮਾਸ ਖਾਣ ਦਾ ਚਸਕਾ-ਜੇ ਮਨੁੱਖਾ ਸਰੀਰ ਨੂੰ ਇੰਨੇ ਚਸਕੇ ਲੱਗੇ ਹੋਏ ਹੋਣ ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ! ਕੇਵਲ ਉਹੀ ਬੋਲ ਬੋਲਿਆ ਸੁਚੱਜਾ ਹੈ, ਜਿਸ ਦੇ ਬੋਲਣ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਹੇ ਮੂਰਖ ਅਗਿਆਨੀ ਮਨ! ਸੁਣ, ਫਿੱਕਾ ਅਰਥਾਤ ਨਾਮ-ਰਸ ਤੋਂ ਸੱਖਣਾ ਬੋਲ ਬੋਲਿਆਂ ਖੁਆਰ ਹੋਈਦਾ ਹੈ, ਭਾਵ ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ, ਜੋ ਪ੍ਰਭੂ ਦੀ ਯਾਦ ਤੋਂ ਖਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ। ਪ੍ਰਭੂ ਭੀ ਸਿਫਤਿ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ। ਜੋ ਮਨੁੱਖ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਹਨ, ਓਹੀ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਅਤੇ ਉਹੀ ਚੰਗੇ ਹਨ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜਤ ਵਾਲੇ ਹਨ ਤੇ ਧਨ ਵਾਲੇ ਹਨ। ਐਸੇ ਭਲੇ ਮਨੁੱਖਾਂ ਦੀ ਸਿਫਤਿ ਕੀਤੀ ਨਹੀਂ ਜਾ ਸਕਦੀ। ਉਨ੍ਹਾਂ ਜਿਹਾ ਸੋਹਣਾ ਹੋਰ ਕੌਣ ਹੈ? ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਨਾਲ ਨਹੀਂ ਜੁੜਦੇ ਅਤੇ ਉਸ ਦੇ ਦਿੱਤੇ ਧਨ ਪਦਾਰਥ ਵਿਚ ਹੀ ਮਸਤ ਰਹਿੰਦੇ ਹਨ।
ਬਾਬਾ ਫਰੀਦ ਜੀ ਨੇ ਵੀ ਆਪਣੇ ਸ਼ਲੋਕਾਂ ਵਿਚ ਕਿਹਾ ਹੈ, ਹੇ ਮਨੁੱਖ! ਇੱਕ ਭੀ ਫਿੱਕਾ ਬਚਨ ਨਾ ਬੋਲ, ਕਿਉਂਕਿ ਸਭ ਵਿਚ ਸੱਚਾ ਮਾਲਕ ਵੱਸ ਰਿਹਾ ਹੈ, ਕਿਸੇ ਦਾ ਵੀ ਦਿਲ ਨਾ ਦੁਖਾ, ਕਿਉਂ ਜੋ ਇਹ ਸਾਰੇ ਜੀਵ ਹੀ ਅਮੋਲਕ ਮੋਤੀ ਹਨ। ਸਾਰੇ ਜੀਵਾਂ ਦੇ ਮਨ ਵੀ ਮੋਤੀ ਹਨ, ਕਿਸੇ ਨੂੰ ਵੀ ਦੁਖ ਪਹੁੰਚਾਉਣਾ ਉਕਾ ਹੀ ਚੰਗਾ ਨਹੀਂ। ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ ਤਾਂ ਕਿਸੇ ਦੇ ਦਿਲ ਨੂੰ ਵੀ ਢਾਹ ਨਾ ਲਾ। ਬਾਬਾ ਫਰੀਦ ਜੀ ਫੁਰਮਾਉਂਦੇ ਹਨ,
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)
ਗੁਰੂ ਨਾਨਕ ਸਾਹਿਬ ਨੇ ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਨਿਸ਼ਕਾਮ ਸੇਵਾ ਕਰਨੀ ਅਤਿ ਜ਼ਰੂਰੀ ਹੈ, ਜੇ ਤੁਸੀਂ ਇਸ ਉਪਦੇਸ਼ ‘ਤੇ ਅਮਲ ਕਰਨਾ ਚਾਹੁੰਦੇ ਹੋ। ਮਨੁੱਖਾਂ ਨੂੰ ਗ੍ਰਹਿਸਥ ਜੀਵਨ ਬਤੀਤ ਕਰਨ ਦੀ ਲੋੜ ਹੈ। ਗੁਰੂ ਜੀ ਨੇ ਸੰਸਾਰ ਤਿਆਗਣ ਦਾ ਵਿਰੋਧ ਕੀਤਾ ਹੈ। ਤਿਆਗ ਦਾ ਮਾਰਗ ਤਾਂ ਇਕ ਪਖੰਡ ਹੈ। ਇਹ ਸਰੀਰ, ਜੋ ਪਰਮਾਤਮਾ ਨੇ ਬਖਸ਼ਿਆ ਹੈ, ਇਸ ਨੂੰ ਕਸ਼ਟ ਦੇਣ ਦੀ ਕੋਈ ਲੋੜ ਨਹੀਂ ਹੈ। ਅਸੀਂ ਭੋਜਨ, ਪਾਣੀ ਜਾਂ ਹੋਰ ਦੁਨਿਆਵੀ ਸੁਖ ਸਹੂਲਤਾਂ ਦਾ ਤਿਆਗ ਕਰਦੇ ਹਾਂ ਅਤੇ ਭੁੱਖ ਪਿਆਸ ਲੱਗਣ ‘ਤੇ ਤਿਆਗੀ ਹੋਈ ਵਸਤੂ ਪਾਉਣ ਦੀ ਲਾਲਸਾ ਮਨ ਵਿਚ ਰਹਿੰਦੀ ਹੈ ਤਾਂ ਫਿਰ ਇਹ ਕਾਹਦਾ ਤਿਆਗ ਹੈ? ਸਾਨੂੰ ਦੁਨੀਆਂ ਛੱਡ ਕੇ ਪਹਾੜਾਂ ਅਤੇ ਜੰਗਲਾਂ ‘ਚ ਜਾ ਕੇ ਘੋਰ ਤਪੱਸਿਆ ਕਰਨ ਦਾ ਕੋਈ ਵੀ ਲਾਭ ਨਹੀਂ ਹੈ। ਗੁਰੂ ਸਾਹਿਬ ਨੇ ਸਪਸ਼ਟ ਕਿਹਾ ਹੈ, “ਜਿਥੈ ਕਿਥੈ ਸਿਰਜਣਹਾਰੁ॥” (ਪੰਨਾ 952)
ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ, ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ। ਨੌਵੇਂ ਪਾਤਸ਼ਾਹ ਨੇ ਵੀ ਇਸ ਦੀ ਤਾਕੀਦ ਕੀਤੀ ਹੈ,
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ
ਤੋਹੀ ਸੰਗਿ ਸਮਾਈ॥੧॥ (ਪੰਨਾ 684)
ਅਰਥਾਤ ਹੇ ਭਾਈ! ਪਰਮਾਤਮਾ ਨੂੰ ਲੱਭਣ ਲਈ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਦਾ ਹੈ, ਫਿਰ ਵੀ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ। ਗੁਰੂ ਜੀ ਆਖਦੇ ਹਨ, ਗ੍ਰਹਿਸਥ ਜੀਵਨ ਵਿਚ ਵਿਚਰਦਿਆਂ ਮੋਹ ਮਾਇਆ ਦੇ ਜਾਲ ਵਿਚ ਨਾ ਫਸ ਕੇ ਉਸ ਪਰਮ ਪਿਤਾ ਨੂੰ ਪਾਉਣ ਲਈ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਸਗੋਂ ਜਿਵੇਂ ਪਾਣੀ ਵਿਚ ਉਗਿਆ ਕਮਲ ਦਾ ਫੁੱਲ ਪਾਣੀ ਤੋਂ ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ ਤਰਦੀ ਮੁਰਗਾਈ ਭਾਵ ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ। ਜੋ ਮਨੁੱਖ ਸੰਸਾਰ ਦੀਆਂ ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ, ਉਹ ਸੰਸਾਰ ਵਿਚ ਰਹਿੰਦਿਆਂ ਵੀ ਸੰਸਾਰ ਤੋਂ ਲਾਂਭੇ ਇਕਾਂਤ ਵਿਚ ਵੱਸਦੇ ਹਨ। ਅਜਿਹੇ ਜੀਵਨ ਵਾਲਾ ਜੋ ਮਨੁੱਖ ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਉਂਦਾ ਹੈ, ਨਾਨਕ ਉਸ ਦਾ ਦਾਸ ਹੈ,
ਜੈਸੇ ਜਲ ਮਹਿ ਕਮਲੁ ਨਿਰਾਲਮੁ
ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ
ਨਾਨਕ ਨਾਮੁ ਵਖਾਣੇ॥
ਰਹਹਿ ਇਕਾਂਤਿ ਏਕੋ ਮਨਿ ਵਸਿਆ
ਆਸਾ ਮਾਹਿ ਨਿਰਾਸੋ॥
ਅਗਮੁ ਅਗੋਚਰੁ ਦੇਖਿ ਦਿਖਾਏ
ਨਾਨਕੁ ਤਾ ਕਾ ਦਾਸੋ॥੫॥ (ਪੰਨਾ 938)
ਮਨੁੱਖ ਦੀ ਅਸਲੀ ਪਛਾਣ ਇਹੀ ਹੈ ਕਿ ਉਹ ਉਸ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ ਕਿ ਨਹੀਂ। ਉਹ ਪਰਮਾਤਮਾ ਦੇ ਗੁਣਾਂ-ਪਿਆਰ, ਦਯਾ, ਸਭ ਨੂੰ ਇਕ ਸਮਾਨ ਸਮਝਣਾ, ਜਾਤ-ਪਾਤ ਵਿਚ ਵਿਸ਼ਵਾਸ ਨਾ ਰੱਖਣਾ ਆਦਿ ਨੂੰ ਧਾਰਨ ਕਰਦਾ ਹੈ। ਉਸ ਨੂੰ ਇਹ ਯਕੀਨ ਹੈ ਕਿ ਕੋਈ ਵੀ ਟਾਹਣੀ ਦਰਖਤ ਨਹੀਂ ਬਣ ਸਕਦੀ ਅਤੇ ਉਸ ਦੀ ਹੋਂਦ ਤਾਂ ਹੀ ਬਰਕਰਾਰ ਰਹਿੰਦੀ ਹੈ, ਜੇ ਉਹ ਰੁੱਖ ਨਾਲ ਜੁੜੀ ਹੋਈ ਹੈ। ਸੂਰਜ ਦੀ ਕਿਰਨ ਦੀ ਜਾਣ-ਪਛਾਣ ਵੀ ਤਾਂ ਹੀ ਹੈ, ਜੇ ਉਹ ਸੂਰਜ ਨਾਲ ਜੁੜੀ ਹੋਈ ਹੈ। ਜੇ ਕਿਰਨ ਹੀ ਆਪਣੇ ਆਪ ਨੂੰ ਸੂਰਜ ਸਮਝਣ ਲੱਗ ਜਾਵੇ, ਇਹ ਤਾਂ ਬਿਲਕੁਲ ਹੀ ਸੰਭਵ ਨਹੀਂ ਹੈ। ਇਸੇ ਤਰ੍ਹਾਂ ਜੇ ਇਨਸਾਨ ਆਪਣੇ ਰੱਬ ਨਾਲੋਂ ਨਾਤਾ ਤੋੜ, ਆਪਣੀ ਹਉਮੈ ਅਧੀਨ ਆਪਣੇ ਆਪ ਨੂੰ ਰੱਬ ਤੇ ਸਭ ਤੋਂ ਤਾਕਤਵਰ ਸਮਝਣ ਲੱਗ ਜਾਵੇ ਅਤੇ ਹੋਰਨਾਂ ਨੂੰ ਆਪਣੇ ਆਪ ਤੋਂ ਬਹੁਤ ਹੀ ਨੀਵਾਂ ਸਮਝ ਲੱਗ ਜਾਵੇ ਤਾਂ ਇਸ ਹਉਮੈ ਵਿਚ ਕੀਤੀ ਹੋਈ ਪਾਠ ਪੂਜਾ ਵੀ ਰੱਬ ਨੂੰ ਖੁਸ਼ ਨਹੀਂ ਕਰ ਸਕਦੀ। ਇਸ ਲਈ ਹਉਮੈ ਦਾ ਤਿਆਗ ਕਰੋ, ਸਭ ਨੂੰ ਇਕੋ ਜਿਹਾ ਜਾਣੋ ਤਾਂ ਹੀ ਤੁਸੀਂ ਉਸ ਪ੍ਰਭੂ ਦੀ ਮਿਹਰ ਪ੍ਰਾਪਤ ਕਰ ਸਕਦੇ ਹੋ।