ਭਇਆ ਮਨੂਰੁ ਕੰਚਨੁ ਫਿਰਿ ਹੋਵੈ

ਡਾæ ਗੁਰਨਾਮ ਕੌਰ, ਕੈਨੇਡਾ
ਉਪਰੋਕਤ ਸਿਰਲੇਖ ਰਾਗੁ ਮਾਰੂ ਵਿਚ ਗੁਰੂ ਨਾਨਕ ਦੇਵ ਦੇ ਰਚੇ ਸ਼ਬਦ ਵਿਚੋਂ ਇੱਕ ਤੁਕ ਦਾ ਹਿੱਸਾ ਹੈ। ਸਮੁੱਚੇ ਸ਼ਬਦ ਦਾ ਭਾਵ ਕੁੱਝ ਇਸ ਤਰ੍ਹਾਂ ਹੈ ਕਿ ਮਨੁੱਖ ਦਾ ਆਚਰਣ ਕਾਗਜ਼ ਹੈ ਅਤੇ ਉਸ ਕਾਗਜ਼ ਉਤੇ ਲਿਖਣ ਦਾ ਸਾਧਨ ਭਾਵ ਦਵਾਤ (ਸਿਆਹੀ) ਮਨੁੱਖ ਦਾ ਮਨ ਹੈ। ਬੁਰਾ ਅਤੇ ਭਲਾ-ਦੋ ਕਿਸਮ ਦੇ ਲੇਖ ਲਿਖੇ ਜਾਂਦੇ ਹਨ। ਇਹ ਲੇਖ ਮਨੁੱਖ ਦੀ ਕਿਰਤ ਅਰਥਾਤ ਉਸ ਦਾ ਸੁਭਾ ਬਣ ਜਾਂਦਾ ਹੈ, ਜੋ ਸੰਸਕਾਰਾਂ ਦੇ ਰੂਪ ਵਿਚ ਪੱਕ ਕੇ ਮਨੁੱਖ ਨੂੰ ਕਰਮਾਂ ਵੱਲ ਤੋਰਦਾ ਹੈ। ਕਰਮਾਂ ਦੇ ਅਸਰ ਨੁੰ ਖ਼ਤਮ ਕਰਨ ਲਈ ਗੁਣ ਭਰਨ ਦੀ ਲੋੜ ਹੈ ਅਤੇ ਵਾਹਿਗੁਰੂ ਗੁਣਾਂ ਦਾ ਖ਼ਜ਼ਾਨਾ ਹੈ, ਉਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਮਨ ਨੂੰ ਇਥੇ ਸਮਝਾਇਆ ਹੈ ਕਿ ਹੇ ਪਾਗਲ ਮਨ! ਜੋ ਵਾਹਿਗੁਰੂ ਗੁਣਾਂ ਦਾ ਖ਼ਜ਼ਾਨਾ ਹੈ, ਤੂੰ ਉਸ ਨੂੰ ਯਾਦ ਕਿਉਂ ਨਹੀਂ ਕਰਦਾ? ਉਸ ਨੂੰ ਵਿਸਾਰਨ ਨਾਲ ਤੇਰੇ ਸਾਰੇ ਗੁਣ ਅਜਾਈਂ ਜਾ ਰਹੇ ਹਨ। ਇਥੇ ਪੰਛੀ ਅਤੇ ਜਾਲ ਦਾ ਅਲੰਕਾਰ ਲਿਆ ਗਿਆ ਹੈ ਕਿ ਜਿਵੇਂ ਪੰਛੀ ਨੂੰ ਕੈਦ ਕਰਨ ਲਈ ਅਨੇਕ ਕਿਸਮ ਦਾ ਜਾਲ ਵਿਛਾਇਆ ਜਾਂਦਾ ਹੈ ਅਤੇ ਚੋਗ ਦੇ ਲੋਭ ਵਿਚ ਆ ਕੇ ਪੰਛੀ ਫਸ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖੀ ਮਨ ਨੁੰ ਫਸਾਉਣ ਲਈ ਵੀ ਅਨੇਕ ਕਿਸਮ ਦੇ ਲੋਭ ਦਾ ਦਿਨ ਰਾਤ ਜਾਲ ਵਿਛਿਆ ਪਿਆ ਹੈ। ਹਰ ਸਮੇ ਹਰ ਘੜੀ ਕੋਈ ਨਾ ਕੋਈ ਚੀਜ਼ ਮਨੁੱਖ ਨੁੰ ਆਪਣੇ ਅਸੂਲਾਂ ਤੋਂ ਡੇਗਣ ਲਈ ਆ ਖੜੋਂਦੀ ਹੈ ਅਤੇ ਮਨੁੱਖ ਦਾ ਮਨ ਰੋਜ਼ ਰੋਜ਼ ਡਿਗਦਾ ਰਹਿੰਦਾ ਹੈ। ਮਨੁੱਖ ਦਾ ਮੂਰਖ ਮਨ ਕਿਹੜੇ ਗੁਣਾਂ ਰਾਹੀਂ ਛੁੱਟ ਸਕਦਾ ਹੈ? ਮਨੁੱਖ ਦਾ ਸਰੀਰ ਸਮਝੋ ਲੋਹੇ ਦੀ ਭੱਠੀ ਹੈ, ਉਸ ਵਿਚ ਮਨੁੱਖ ਦਾ ਮਨ ਸਮਝੋ ਲੋਹਾ ਹੈ ਅਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, ਜਿਨ੍ਹਾਂ ਦੀ ਤਪਸ਼ ਨੂੰ ਤੇਜ਼ ਕਰਨ ਲਈ ਉਸ ਉਤੇ ਪਾਪਾਂ ਦੇ ਕੋਲੇ ਪਏ ਹੋਏ ਹਨ, ਇਸ ਅੱਗ ਵਿਚ ਮਨ ਸੜ ਰਿਹਾ ਹੈ ਅਤੇ ਚਿੰਤਾ ਦੀ ਸੰਨ੍ਹੀ ਚੋਭਾਂ ਦੇਣ ਲਈ ਹੈ ਅਰਥਾਤ ਸਾੜਨ ਵਿਚ ਮੱਦਦ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਸਮਰੱਥ ਗੁਰੂ ਮਿਲ ਪਵੇ ਤਾਂ ਉਹ ਸੜ ਕੇ ਨਿਕੰਮਾ ਹੋ ਚੁੱਕੇ ਇਸ ਲੋਹੇ ਮਨ ਨੂੰ ਵੀ ਸੋਨਾ ਬਣਾ ਦਿੰਦਾ ਹੈ। ਉਹ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਵਾਹਿਗੁਰੂ ਦਾ ਨਾਮ ਦਿੰਦਾ ਹੈ ਜਿਸ ਦੀ ਬਰਕਤ ਨਾਲ ਸਰੀਰ ਟਿਕ ਜਾਂਦਾ ਹੈ ਅਰਥਾਤ ਮਨੁੱਖ ਦੀਆਂ ਕਰਮ-ਇੰਦ੍ਰੀਆਂ ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। (ਸਾਖੀਕਾਰਾਂ ਅਨੁਸਾਰ ਇਹ ਸ਼ਬਦ ਗੁਰੂ ਅਮਰਦਾਸ ਨੇ ਬੀਬੀ ਅਮਰੋ ਪਾਸੋਂ ਉਦੋਂ ਸੁਣਿਆ ਸੀ, ਜਦੋਂ ਉਹ ਸੱਚੇ ਗੁਰੂ ਦੀ ਭਾਲ ਵਿਚ ਸਨ)।
ਬੀਬੀ ਅਮਰੋ: ਬੀਬੀਆਂ ਨੇ ਸਿੱਖ ਧਰਮ ਦੇ ਅਰੰਭ ਤੋਂ ਹੀ ਬਾਣੀ ਦੇ ਪ੍ਰਚਾਰ ਰਾਹੀਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਜੋ ਅਹਿਮ ਹਿੱਸਾ ਪਾਇਆ, ਉਸ ਦਾ ਪਤਾ ਬੀਬੀ ਅਮਰੋ ਦੇ ਜੀਵਨ ਤੋਂ ਭਲੀ ਭਾਂਤ ਲੱਗ ਜਾਂਦਾ ਹੈ। ਬੀਬੀ ਅਮਰੋ ਦਾ ਜਨਮ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਅਤੇ ਮਾਤਾ ਖੀਵੀ ਦੇ ਘਰ 1532 ਈæ ਵਿਚ ਖਡੂਰ ਸਾਹਿਬ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਅਤੇ ਸਿੱਖਲਾਈ ਆਪਣੇ ਮਾਤਾ-ਪਿਤਾ ਤੋਂ ਪ੍ਰਾਪਤ ਕੀਤੀ। ਗੁਰੂ ਅੰਗਦ ਦੇਵ ਨੇ ਆਪਣੇ ਬੱਚਿਆਂ ਨਾਲ ਬਹੁਤ ਲੰਬਾ ਸਮਾਂ ਗੁਜ਼ਾਰਿਆ ਅਤੇ ਉਨ੍ਹਾਂ ਨੂੰ ਗੁਰਮੁਖੀ ਪੜ੍ਹਨੀ ਲਿਖਣੀ ਸਿੱਖਾਈ। ਬੀਬੀ ਅਮਰੋ ਦਾ ਵਿਆਹ ਬਾਸਰਕੇ (ਜਿਲਾ ਅੰਮ੍ਰਿਤਸਰ) ਵਿਚ ਭਾਈ ਮਾਣਕ ਚੰਦ ਦੇ ਪੁੱਤਰ ਭਾਈ ਜੱਸੂ ਨਾਲ ਹੋਇਆ। ਗੁਰੂ ਪਿਤਾ ਦਾ ਆਦੇਸ਼ ਸੀ ਕਿ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਆਪਣੇ ਸੰਪਰਕ ਵਿਚ ਆਉਣ ਵਾਲੇ ਸਾਰਿਆਂ ਵਿਚ ਕਰਨਾ ਹੈ, ਜੋ ਬੀਬੀ ਜੀ ਨੇ ਆਪਣੇ ਸਹੁਰੇ ਘਰ ਜਾ ਕੇ ਵੀ ਜ਼ਾਰੀ ਰੱਖਿਆ। ਗੁਰੂ ਨਾਨਕ ਦੇਵ ਦੇ ਦੱਸੇ ਮਾਰਗ ਤੇ ਚੱਲਦਿਆਂ ਬੀਬੀ ਅਮਰੋ ਆਪਣੇ ਹੱਥੀਂ ਘਰ ਦੇ ਕੰਮ-ਕਾਜ ਕਰਦਿਆਂ ਨਾਮ-ਬਾਣੀ ਦਾ ਪਾਠ ਵੀ ਕਰਦੇ। ਭਾਈ ਜੱਸੂ ਰਿਸ਼ਤੇ ਵਿਚ (ਗੁਰੂ) ਅਮਰਦਾਸ ਦਾ ਭਤੀਜਾ ਸੀ ਅਤੇ (ਗੁਰੂ) ਅਮਰਦਾਸ ਪਹਿਲਾਂ ਦੇਵੀ ਦੇ ਭਗਤ ਹੁੰਦੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਉਨ੍ਹਾਂ ਨੇ ਬੀਬੀ ਅਮਰੋ ਨੂੰ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਬਾਣੀ ਉਚਾਰਦਿਆਂ ਸੁਣਿਆਂ ਤਾਂ ਉਨ੍ਹਾਂ ਦੇ ਮਨ ‘ਤੇ ਇਸ ਦਾ ਬਹੁਤ ਅਸਰ ਹੋਇਆ। ਸਾਖੀਕਾਰਾਂ ਅਨੁਸਾਰ ਬੀਬੀ ਅਮਰੋ ਉਸ ਵੇਲੇ ਇਸ ਸ਼ਬਦ ਦਾ ਉਚਾਰਣ ਕਰ ਰਹੇ ਸਨ,
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥
ਏਕੁ ਨਾਮੁ ਅੰਮ੍ਰਿਤੁ ਓਹ ਦੇਵੈ ਤਉ ਨਾਨਕ ਤ੍ਰਿਸਟਿਸ ਦੇਹਾ॥4॥3॥
(ਪੰਨਾ 990)
ਉਨ੍ਹਾਂ ਨੇ ਝਿਜਕਦਿਆਂ ਬੀਬੀ ਅਮਰੋ ਨੂੰ ਪੁੱਛਿਆ ਕਿ ਉਹ ਕੀ ਉਚਾਰਣ ਕਰ ਰਹੇ ਹਨ ਜਿਸ ਦਾ ਉਨਾਂ੍ਹ ਦੇ ਮਨ ‘ਤੇ ਧੁਰ ਅੰਦਰ ਤੱਕ ਸਿੱਧਾ ਅਸਰ ਹੋਇਆ ਅਤੇ ਕੰਨਾਂ ਨੂੰ ਏਨਾ ਮਿੱਠਾ ਲੱਗਿਆ। ਬੀਬੀ ਅਮਰੋ ਨੇ ਦੱਸਿਆ ਕਿ ਇਹ ਬਾਬੇ ਨਾਨਕ ਦੀ ਬਾਣੀ ਹੈ ਜਿਨ੍ਹਾਂ ਦੀ ਗੱਦੀ ਤੇ ਉਸ ਸਮੇਂ ਉਨ੍ਹਾਂ ਦੇ ਪਿਤਾ ਗੁਰੂ ਅੰਗਦ ਦੇਵ ਸੁਸ਼ੋਭਿਤ ਸਨ। ਉਨ੍ਹਾਂ ਨੇ ਬੀਬੀ ਅਮਰੋ ਅੱਗੇ ਗੁਰੂ ਅੰਗਦ ਦੇਵ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਤਾਂ ਬੀਬੀ ਅਮਰੋ (ਗੁਰੂ) ਅਮਰਦਾਸ ਨੂੰ ਆਪਣੇ ਨਾਲ ਖਡੂਰ ਲੈ ਗਏ। (ਗੁਰੂ) ਅਮਰਦਾਸ ਦਰਸ਼ਨ ਕਰਕੇ ਇਨੇ ਨਿਹਾਲ ਹੋ ਗਏ ਕਿ ਬਾਕੀ ਦਾ ਜੀਵਨ ਖਡੂਰ ਸਾਹਿਬ ਰਹਿ ਕੇ ਗੁਰੂ ਦੀ ਸੇਵਾ ਵਿਚ ਗੁਜ਼ਾਰਨ ਦਾ ਮਨ ਬਣਾ ਲਿਆ। (ਗੁਰੂ) ਅਮਰਦਾਸ ਦੀ ਸੇਵਾ ਅਤੇ ਗੁਰੂ ਵਿਚ ਭਰੋਸੇ ਨੂੰ ਪਰਖਣ ਤੋਂ ਬਾਅਦ ਗੁਰੂ ਅੰਗਦ ਦੇਵ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰਗੱਦੀ ਸੌਂਪ ਕੇ ਤੀਸਰੀ ਨਾਨਕ ਜੋਤਿ ਵੱਜੋਂ ਨਿਵਾਜ਼ਿਆ। ਇਸ ਤਰ੍ਹਾਂ ਸਿੱਖ ਧਰਮ ਨੁੰ ਅੱਗੇ ਚਲਾਉਣ ਲਈ ਯੋਗ ਵਾਰਿਸ ਲੱਭਣ ਵਿਚ ਬੀਬੀ ਅਮਰੋ ਇੱਕ ਅਹਿਮ ਕੜੀ ਅਤੇ ਸਾਧਨ ਬਣੇ। ਜੇ ਬੀਬੀ ਅਮਰੋ ਪਾਸੋਂ ਬਾਣੀ ਨਾ ਸੁਣੀ ਹੁੰਦੀ ਤਾਂ ਹੋ ਸਕਦਾ ਹੈ, ਗੁਰੂ ਅਮਰਦਾਸ  ਖਡੂਰ ਗੁਰੂ ਦੇ ਦਰਸ਼ਨਾਂ ਲਈ ਨਾ ਆਉਂਦੇ ਅਤੇ ਉਨ੍ਹਾਂ ਦਾ ਗੁਰੂ ਅੰਗਦ ਦੇਵ ਨਾਲ ਸੰਪਰਕ ਨਾ ਹੁੰਦਾ, ਉਹ ਸਾਰੀ ਉਮਰ ਦੇਵੀ ਦੀ ਉਪਾਸਨਾ ਵਿਚ ਹੀ ਗੁਜ਼ਾਰ ਦਿੰਦੇ।
ਗੁਰੂ ਅਮਰਦਾਸ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸੰਗਠਨ ਲਈ ਬਹੁਤ ਉਦਮ ਕੀਤੇ। ਉਨ੍ਹਾਂ ਨੇ ਸਿੱਖ ਧਰਮ ਦੀ ਅਹਿਮ ਸੰਸਥਾ ‘ਸੰਗਤਿ’ ਅਤੇ ‘ਪੰਗਤਿ’ ਨੂੰ ਪੂਰੀ ਤਰ੍ਹਾਂ ਵਿਵਸਥਤ ਕੀਤਾ, ਸਿੱਖ ਧਰਮ ਦੇ ਪ੍ਰਚਾਰ ਲਈ ਮੁਲਕ ਦੇ ਵੱਖ ਵੱਖ ਸਥਾਨਾਂ ਤੇ 22 ਵੱਡੇ ਕੇਂਦਰ ਖੋਲ੍ਹੇ ਜਿਨ੍ਹਾਂ ਨੁੰ ਮੰਜੀਆਂ ਕਿਹਾ ਜਾਂਦਾ ਸੀ ਅਤੇ ਅਨੇਕਾਂ ਛੋਟੇ ਕੇਂਦਰ ਜਿਨ੍ਹਾਂ ਨੁੰ ਪੀੜ੍ਹੇ ਕਿਹਾ ਜਾਂਦਾ ਸੀ, ਸਥਾਪਤ ਕੀਤੇ। ਗੁਰੂ ਅਮਰਦਾਸ ਨੇ ਬੀਬੀ ਅਮਰੋ ਨੂੰ ਇੱਕ ਮੰਜੀ, ਜੋ ਬਾਸਰਕੇ ਸਥਾਪਤ ਕੀਤੀ ਗਈ, ਦੀ ਨਿਗਰਾਨ ਬਣਾਇਆ। ਮੰਜੀ ਦਾ ਅਰਥ ਹੈ ਕਿ ਜੋ ਪ੍ਰਚਾਰਕ ਥਾਪਿਆ ਗਿਆ ਹੈ, ਉਹ ਮੰਜੀ ਤੇ ਬੈਠ ਕੇ ਗੁਰਬਾਣੀ ਦਾ ਕੀਰਤਨ ਅਤੇ ਪ੍ਰਚਾਰ ਕਰੇਗਾ, ਬਾਕੀ ਸੰਗਤਿ ਸਾਹਮਣੇ ਬੈਠੇਗੀ। ਕੁੱਝ ਵਿਦਵਾਨਾਂ ਅਨੁਸਾਰ ਇਸ ਦੀ ਤੁਲਨਾ ਚਰਚ ਦੇ ਬਿਸ਼ਪ ਨਾਲ ਕੀਤੀ ਜਾ ਸਕਦੀ ਹੈ। ਇਹ ਇੱਕ ਪ੍ਰਬੰਧਕੀ ਅਹੁਦਾ ਸੀ, ਜਿਸ ਦੀ ਪ੍ਰਚਾਰ ਲਈ ਪੂਰੀ ਜਿੰਮੇਵਾਰੀ ਹੁੰਦੀ ਸੀ। ਉਹ ਆਪਣੇ ਖੇਤਰ ਤੋਂ ਗੁਰੂ ਲਈ ਭੇਟਾ ਇਕੱਠਾ ਕਰਨ ਅਤੇ ਲੋਕ-ਭਲਾਈ ਦੇ ਕਾਰਜਾਂ ਦਾ ਫੈਸਲਾ ਲੈਣ ਲਈ ਵੀ ਪੂਰੀ ਤਰ੍ਹਾਂ ਜਿੰਮੇਵਾਰ ਹੁੰਦਾ ਸੀ। ਗੁਰੂ ਅਮਰਦਾਸ ਨੇ ਹੋਰ ਕਈ ਮੰਜੀਆਂ ‘ਤੇ ਵੀ ਬੀਬੀਆਂ ਨੂੰ ਨਿਗਰਾਨ ਬਣਾਇਆ। ਇਸ ਤਰ੍ਹਾਂ ਸਿੱਖ ਧਰਮ ਵਿਚ ਬੀਬੀਆਂ ਨੂੰ ਧਰਮ ਦੇ ਪ੍ਰਚਾਰ, ਪਾਸਾਰ ਅਤੇ ਸੰਸਥਾਪਕ ਕਾਰਜਾਂ ਲਈ ਪੁਰਸ਼ਾਂ ਦੇ ਬਰਾਬਰ ਹੱਕ ਮਿਲਿਆ। ਇਹ ਬੀਬੀ ਅਮਰੋ ਜਿਹੇ ਪ੍ਰਚਾਰਕਾਂ ਦਾ ਸਦਕਾ ਹੈ ਕਿ ਅੱਜ ਅੰਮ੍ਰਿਤਸਰ ਅਤੇ ਸਿੱਖੀ ਸਮਾਨਾਰਥਕ ਹਨ। ਬੀਬੀ ਅਮਰੋ ਦੀ ਮੰਜੀ ਵਿਚ ਬਾਸਰਕੇ, ਜਿੱਥੇ ਉਨ੍ਹਾਂ ਦੇ ਪਤੀ ਦਾ ਘਰ ਸੀ, ਆਉਂਦਾ ਸੀ। ਬਾਸਰਕੇ ਦੇ ਨੇੜੇ ਇੱਕ ਤਲਾਬ ਹੈ ਜਿਸ ਨੂੰ ਬੀਬੀ ਅਮਰੋ ਦਾ ਤਲਾਬ ਕਰਕੇ ਜਾਣਿਆ ਜਾਂਦਾ ਹੈ। ਗਿਆਨੀ ਗਿਆਨ ਸਿੰਘ ਨੇ ਬੀਬੀ ਨੂੰ “ਧਰਮਾਤਮ ਗੁਣ ਰੂਪ ਲਪੇਟੀ” ਕਿਹਾ ਹੈ। ਗੁਰੂ ਅਮਰਦਾਸ ਨੂੰ ਗੁਰੂਘਰ ਦੀ ਸੇਵਾ ਕਰਨ ਅਤੇ ਗੁਰਗੱਦੀ ਪ੍ਰਾਪਤ ਕਰਨ ਦਾ ਮੌਕਾ ਬੀਬੀ ਅਮਰੋ ਕਾਰਨ ਮਿਲਿਆ।
ਬੀਬੀ ਭਾਨੀ: ਬਹੁਤ ਘੱਟ ਵਿਅਕਤੀਆਂ ਦੇ ਅਜਿਹੇ ਜਾਗੇ ਹੋਏ ਭਾਗ ਹੁੰਦੇ ਹਨ ਕਿ ਉਨ੍ਹਾਂ ਨੂੰ ਇੱਕੋ ਸਮੇਂ ਕਈ ਮਹਾਨ ਵਿਅਕਤੀਆਂ ਨਾਲ ਜੁੜੇ ਹੋਣ ਦਾ ਮਾਣ ਪ੍ਰਾਪਤ ਹੋਵੇ। ਬੀਬੀ ਭਾਨੀ ਗੁਰੂ ਘਰ ਵਿਚ ਪੈਦਾ ਹੋਈ ਅਜਿਹੀ ਪਹਿਲੀ ਬੀਬੀ ਹਨ ਜਿਨ੍ਹਾਂ ਨੂੰ ਇੱਕੋ ਸਮੇਂ ਗੁਰੂ ਪੁੱਤਰੀ, ਗੁਰੂ ਪਤਨੀ ਅਤੇ ਗੁਰੂ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਦੀ ਪੁੱਤਰੀ, ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਦੀ ਪਤਨੀ ਅਤੇ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਦੀ ਮਾਤਾ ਸਨ। ਉਨ੍ਹਾਂ ਦਾ ਜਨਮ ਮਾਤਾ ਮਣਸਾ ਦੇਵੀ ਅਤੇ ਪਿਤਾ ਗੁਰੂ ਅਮਰਦਾਸ ਦੇ ਘਰ 19 ਜਨਵਰੀ 1535 ਈæ ਨੂੰ ਬਾਸਰਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਬੀਬੀ ਭਾਨੀ ਦਾ ਵਿਆਹ 18 ਫਰਵਰੀ 1554 ਈæ ਨੂੰ ਲਾਹੌਰ ਦੇ ਸੋਢੀ ਖੱਤਰੀ ਭਾਈ ਜੇਠਾ (ਗੁਰੂ ਰਾਮਦਾਸ) ਨਾਲ ਹੋਇਆ, ਜੋ ਉਸ ਵੇਲੇ ਗੋਇੰਦਵਾਲ ਬਉਲੀ ਦੀ ਸੇਵਾ ਕਰ ਰਹੇ ਸਨ। ਵਿਆਹ ਪਿੱਛੋਂ ਜੋੜੀ ਗੋਇੰਦਵਾਲ ਰਹਿ ਕੇ ਹੀ ਗੁਰੂ ਘਰ ਦੀ ਸੇਵਾ ਕਰਨ ਲੱਗੀ।
ਗੁਰੂ ਅਮਰਦਾਸ ਦੇ ਸਮੇਂ ਵਿਚ ਲੰਗਰ ਸਿੱਖ ਪ੍ਰੰਪਰਾ ਦੀ ਇੱਕ ਸੁਵਿਵਸਥਤ ਅਤੇ ਲਾਜ਼ਮ ਸੰਸਥਾ ਬਣ ਗਿਆ ਸੀ। ਬੀਬੀ ਭਾਨੀ ਅਤੇ ਭਾਈ ਜੇਠਾ ਗੁਰੂ ਅਮਰਦਾਸ ਦੇ ਲੰਗਰ ਦੀ ਸੇਵਾ ਕਰਦੇ। ਗੁਰੂ ਅਮਰਦਾਸ ਨੇ ਊਚ-ਨੀਚ ਅਤੇ ਛੂਆ-ਛੂਤ ਨੂੰ ਅਮਲੀ ਰੂਪ ਵਿਚ ਦੂਰ ਕਰਨ ਲਈ, ‘ਪਹਲੇ ਪੰਗਤ ਪਾਛੇ ਸੰਗਤਿ’ ਦਾ ਆਦੇਸ਼ ਕਰ ਦਿੱਤਾ ਸੀ। ਅਕਬਰ ਬਾਦਸ਼ਾਹ ਵੀ ਜਦੋਂ ਗੁਰੂ ਦਰਸ਼ਨਾਂ ਨੂੰ ਆਇਆ ਤਾਂ ਇਸ ਨਿਯਮ ਦੀ ਪਾਲਣਾ ਕਰਦੇ ਹੋਏ ਉਸ ਨੇ ਪਹਿਲਾਂ ਸੰਗਤਿ ਵਿਚ ਬੈਠ ਕੇ ਲੰਗਰ ਛਕਿਆ ਅਤੇ ਪਿੱਛੋਂ ਗੁਰੂ ਦੀ ਸੰਗਤਿ ਕੀਤੀ। ਅਕਬਰ ਬਾਦਸ਼ਾਹ ਇਸ ਸੰਸਥਾਗਤ ਇੰਤਜ਼ਾਮ ਤੋਂ ਏਨਾ ਪ੍ਰਭਾਵਤ ਹੋਇਆ ਕਿ ਕਿਹਾ ਜਾਂਦਾ ਹੈ ਕਿ ਉਸ ਨੇ ਕੁੱਝ ਪਿੰਡਾਂ ਦੀ ਜ਼ਮੀਨ ਮਾਮਲਾ-ਰਹਿਤ ਦੇ ਦਿੱਤੀ ਸੀ। (ਗੁਰੂ ਸਾਹਿਬਾਨ ਵੇਲੇ ਤਾਂ ਬਾਦਸ਼ਾਹ ਵੀ ਆਮ ਸੰਗਤਿ ਨਾਲ ਬੈਠ ਕੇ ਲੰਗਰ ਛੱਕ ਕੇ ਗਿਆ ਪਰ ਅੱਜ ਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਆਮ ਤੌਰ ਤੇ ਹਰ ਵੱਡੇ ਗੁਰਦੁਆਰੇ ਵਿਚ ਦੋ ਤਰ੍ਹਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ, ਇੱਕ ਆਮ ਸੰਗਤਿ ਵਾਸਤੇ ਅਤੇ ਦੂਜਾ ਖਾਸ ਲੋਕਾਂ ਵਾਸਤੇ। ਮੌਜੂਦਾ ਪ੍ਰਬੰਧ ਨੇ ਲੰਗਰ ਦੇ ਅਰਥ ਹੀ ਬਦਲ ਦਿੱਤੇ ਹਨ। ਇਹ ਸਿਰਫ ਲੰਗਰ ਦੇ ਸਬੰਧ ਵਿਚ ਹੀ ਨਹੀਂ ਬਲਕਿ ਹੋਰ ਪਰੰਪਰਾਵਾਂ ਨਾਲ ਵੀ ਇਸੇ ਤਰ੍ਹਾਂ ਛੇੜ-ਛਾੜ ਹੋ ਰਹੀ ਹੈ)। ਬੀਬੀ ਭਾਨੀ ਪੁਰਾਣੇ ਦਕੀਆਨੂਸੀ ਵਿਚਾਰਾਂ ਕਿ ਲੜਕੀਆਂ ਨੂੰ ਸੇਵਾ ਕਰਨ ਦਾ ਹੱਕ ਨਹੀਂ ਹੁੰਦਾ, ਨੂੰ ਨਕਾਰਦੇ ਹੋਏ ਗੁਰ-ਪਿਤਾ ਅਮਰਦਾਸ ਦੀ ਸੇਵਾ ਬਹੁਤ ਹੀ ਲਗਨ ਅਤੇ ਸ਼ਰਧਾ ਨਾਲ ਕਰਦੇ। ਕਿਹਾ ਜਾਂਦਾ ਹੈ ਕਿ ਇੱਕ ਸਵੇਰ ਗੁਰੂ-ਪਿਤਾ ਦੀ ਲਿਵ ਲੱਗੀ ਹੋਈ ਸੀ। ਬੀਬੀ ਨੇ ਦੇਖਿਆ ਕਿ ਜਿਸ ਪੀਹੜੇ ਤੇ ਗੁਰੂ ਅਮਰਦਾਸ ਬਿਰਾਜਮਾਨ ਸਨ, ਉਸ ਦਾ ਇੱਕ ਪਾਵਾ ਟੁੱਟ ਕੇ ਡਿਗਣ ਵਾਲਾ ਸੀ। ਬੀਬੀ ਨੇ ਆਪਣੇ ਹੱਥ ਨਾਲ ਪੀਹੜੇ ਨੂੰ ਸਹਾਰਾ ਦੇ ਕੇ ਰੱਖਿਆ। ਜਦੋਂ ਗੁਰੂ ਜੀ ਆਪਣੀ ਲਿਵ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਬੀਬੀ ਦੇ ਹੱਥ ਵਿਚ ਜ਼ਖ਼ਮ ਹੋ ਕੇ ਖ਼ੂਨ ਵੱਗ ਰਿਹਾ ਸੀ।
ਬੀਬੀ ਭਾਨੀ ਨੇ 9 ਅਪਰੈਲ 1598 ਨੂੰ ਗੋਇੰਦਵਾਲ ਵਿੱਖੇ ਅਕਾਲ-ਚਲਾਣਾ ਕੀਤਾ। ਬੀਬੀ ਭਾਨੀ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਦੀ ਮਾਤਾ ਸਨ। ਬਿਨਾਂ ਸ਼ੱਕ ਉਨ੍ਹਾਂ ਨੇ ਗੁਰੂ ਅਰਜਨ ਦੇਵ ਦੀ ਪਾਲਣਾ ਇੱਕ ਨਮੂਨੇ ਦੇ ਗੁਰਸਿੱਖ ਵੱਜੋਂ ਕੀਤੀ। ਗੁਰੂ ਅਰਜਨ ਦੇਵ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਹਨ। ਬੀਬੀ ਭਾਨੀ ਨੂੰ ਸਿੱਖ ਇਤਿਹਾਸ ਵਿਚ ਬਹੁਤ ਹੀ ਨਿਵੇਕਲਾ ਅਤੇ ਸਤਿਕਾਰਯੋਗ ਸਥਾਨ ਸਥਾਨ ਪ੍ਰਾਪਤ ਹੈ। ਉਨ੍ਹਾ ਨੇ ਇੱਕ ਪੁੱਤਰੀ ਹੋ ਕੇ ਪਿੱਤ੍ਰੀ ਸੇਵਾ ਦੇ ਨਵੇਂ ਮਾਪਦੰਡ ਕਾਇਮ ਕੀਤੇ। ਗੁਰੂ ਪੁੱਤਰੀ, ਗੁਰੂ ਪਤਨੀ ਅਤੇ ਗੁਰੂ ਮਾਤਾ ਹੋਣ ਤੋਂ ਇਲਾਵਾ ਉਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੀ ਪੜਦਾਦੀ ਅਤੇ ਚਿੱੜੀਆਂ ਕੋਲੋਂ ਬਾਜ਼ ਤੁੜਾਉਣ ਵਾਲੇ ਬਾਦਸ਼ਾਹ-ਦਰਵੇਸ਼ ਗੁਰੂ ਗੋਬਿੰਦ ਸਿੰਘ ਦੀ ਨਕੜਦਾਦੀ ਸਨ।
ਜਿਥੇ ਅਕਬਰ ਬਾਦਸ਼ਾਹ ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਇੱਕ ਨੇਕ-ਦਿਲ ਇਨਸਾਨ ਸੀ, ਉਥੇ ਉਸ ਦੀ ਗੱਦੀ ਦਾ ਵਾਰਿਸ ਜਹਾਂਗੀਰ ਧਾਰਮਿਕ ਕੱਟੜਵਾਦੀ ਸੀ। ਜਹਾਂਗੀਰ ਦੇ ਸਮੇਂ ਵਿਚ ਹੀ ਦੂਸਰੇ ਧਰਮਾਂ ਦੇ ਲੋਕਾਂ ਨੁੰ ਜ਼ਬਰੀ ਇਸਲਾਮ ਵਿਚ ਲਿਆਉਣ ਅਤੇ ਮੁੱਲਾਂ ਦੇ ਆਖੇ ਲੱਗ ਕੇ ਫ਼ੈਸਲੇ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਸੀ ਜੋ ਔਰੰਗਜ਼ੇਬ ਦੇ ਸਾਸ਼ਨ ਵਿਚ ਆਪਣੀ ਸਿਖਰ ‘ਤੇ ਪਹੁੰਚ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਸਿੱਖ ਧਰਮ ਦੀ ਵੱਧਦੀ ਹੋਈ ਲੋਕਪ੍ਰਿਅਤਾ, ਗੁਰੂ ਸਾਹਿਬਾਨ ਦੇ ਧਾਰਮਿਕ ਅਤੇ ਰਾਜਨੀਤਕ ਅਸਰ ਕਾਰਨ ਸਿੱਖਾਂ ਵਿਚ ਆਪਣੀ ਧਾਰਮਿਕ, ਸਮਾਜਿਕ-ਰਾਜਨੀਤਕ ਪਛਾਣ ਪ੍ਰਤੀ ਸਪੱਸ਼ਟ ਚੇਤਨਾ ਪੈਦਾ ਹੋ ਗਈ ਸੀ। ਨਤੀਜੇ ਦੇ ਤੌਰ ‘ਤੇ ਸਰਹੰਦ ਦੇ ਸ਼ੇਖ ਅਹਿਮਦ, ਜੋ ਨਕਸ਼ਬੰਦੀ ਫ਼ਿਰਕੇ ਅਤੇ ਹਿੰਦੁਸਤਾਨ ਵਿਚ ਇਸਲਾਮ ਦੀ ਪੁਨਰ-ਜਾਗ੍ਰਤੀ ਲਹਿਰ ਦਾ ਮੁਖੀ ਸੀ, ਨੇ ਜਹਾਂਗੀਰ ਬਾਦਸ਼ਾਹ ਕੋਲ ਗੁਰੂ ਅਰਜਨ ਦੇਵ ਦੀ ਵਧਦੀ ਲੋਕਪ੍ਰਿਅਤਾ ਨੂੰ ਇਸਲਾਮ ਲਈ ਖ਼ਤਰਾ ਸਮਝ ਕੇ ਸ਼ਿਕਾਇਤ ਕੀਤੀ। ਦੂਸਰਾ ਕਾਰਨ ਸ਼ਹਿਜਾਦੇ ਖੁਸਰੋ ਦੀ ਸਹਾਇਤਾ ਕਰਨ ਨੂੰ ਬਣਾਇਆ ਗਿਆ। ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਨੂੰ ਲਾਹੌਰ ਸੱਦਿਆ ਤਾਂ ਬੀਬੀ ਭਾਨੀ ਨੇ ਜਹਾਂਗੀਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਲਈ ਕਿਹਾ। ਜਦੋਂ ਬਾਦਸ਼ਾਹ ਦੇ ਹੁਕਮ ਨਾਲ ਗੁਰੂ ਸਾਹਿਬ ਨੂੰ ਲਾਹੌਰ ਵਿਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਬੀਬੀ ਭਾਨੀ ਨੇ ਗੁਰੂ ਅਰਜਨ ਦੇਵ ਦੀ ਪਤਨੀ ਮਾਤਾ ਗੰਗਾ ਅਤੇ ਆਪਣੇ ਗਿਆਰਾਂ ਸਾਲ ਦੇ ਪੋਤੇ ਗੁਰੂ ਹਰਗੋਬਿੰਦ ਨੂੰ ਹੌਸਲਾ ਦਿੱਤਾ ਅਤੇ ਭਾਣੇ ਵਿਚ ਰਹਿਣ ਦਾ ਵੱਲ ਦੱਸਿਆ। ਬੀਬੀ ਭਾਨੀ ਨੇ ਸਿੱਖ ਧਰਮ ਵਿਚ ਸੇਵਾ ਦੇ ਸੰਕਲਪ ਨੂੰ ਨਿਵੇਕਲੀ ਪਛਾਣ ਦਿੰਦਿਆਂ ਪਿਤਾ-ਗੁਰੂ ਦੀ ਸੇਵਾ ਉਨ੍ਹਾਂ ਦੇ ਸਰੀਰਕ ਰੂਪ ਵਿਚ ਵਿਚਰਦਿਆਂ ਕੀਤੀ। ਅੱਜ ਸਿੱਖ ਸਿਧਾਂਤ ਅਤੇ ਪਰੰਪਰਾ ਨੂੰ ਪਿੱਠ ਦਿਖਾਉਂਦਿਆਂ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਸ਼ਬਦ-ਗੁਰੂ ਦੀ ਤੜਕੇ ਦੀ ਸੇਵਾ ਕਰਨ ਦੀ ਆਗਿਆ ਨਹੀਂ ਹੈ। ਦਿਨੋ-ਦਿਨ ਸਿੱਖ ਧਰਮ ਵਿਚ ਬ੍ਰਾਹਮਣਵਾਦੀ ਕਰਮ-ਕਾਂਡ ਅਤੇ ਇਸਲਾਮੀ ਕੱਟੜਤਾ ਪ੍ਰਵੇਸ਼ ਕਰ ਰਹੀ ਹੈ।

Be the first to comment

Leave a Reply

Your email address will not be published.