ਗੁਲਜ਼ਾਰ ਸਿੰਘ ਸੰਧੂ
ਜਗਤ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਖੁਸ਼ਵੰਤ ਸਿੰਘ ਦੇ ਜਿਉਂਦੇ ਜੀਅ ਕਸੌਲੀ ‘ਚ ਸੱਤ ਸਾਲ ਪਹਿਲਾਂ ਸ਼ੁਰੂ ਹੋਇਆ ਸਾਹਿਤ ਉਤਸਵ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਧੂਮ ਧਮੱਕੇ ਨਾਲ ਮਨਾਇਆ ਜਾਂਦਾ ਹੈ। ਇਸ ਵਿਚ ਲਗਾਤਾਰ ਸ਼ਿਰਕਤ ਕਰਨ ਵਾਲੇ ਹਰ ਵਰ੍ਹੇ ਇਹੀਓ ਸੋਚਦੇ ਹਨ ਕਿ ਅੱਗੇ ਤੋਂ ਇਸ ਦੇ ਵਡੇਰੀ ਛਾਲ ਲਾਉਣ ਦੀ ਸੰਭਾਵਨਾ ਨਹੀਂ। ਐਤਕੀਂ 11 ਤੋਂ 13 ਅਕਤੂਬਰ ਵਾਲਾ ਉਤਸਵ ਹੁਣ ਤੱਕ ਦੇ ਸਾਰੇ ਪ੍ਰੋਗਰਾਮਾਂ ਨੂੰ ਮਾਤ ਪਾਉਣ ਵਾਲਾ ਸੀ।
ਇਸ ਵਿਚ ਕਲਾ, ਰੰਗਮੰਚ, ਸਭਿਆਚਾਰ ਤੇ ਨਕਲੀ ਦੇਵੀ-ਦੇਵਤਿਆਂ ਦੀਆਂ ਗਤੀਵਿਧੀਆਂ ਤੋਂ ਬਿਨਾ ਵੱਡੇ ਬੰਦਿਆਂ ਦੇ ਸਰੀਰਕ ਤੇ ਮਾਨਸਿਕ ਕਸ਼ਟਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਚਰਚਾ ਕਰਨ ਵਾਲਿਆਂ ਵਿਚ ਕਲਾ ਜਗਤ ਦੀ ਪ੍ਰਸਿੱਧ ਹਸਤੀ ਬੀ. ਐਨ. ਗੋਸਵਾਮੀ, ਮਿਨੀਏਚਰ ਚਿਤਰਕਾਰ ਆਜਮ ਮੁਹੰਮਦ, ਕਾਲਮ ਨਵੀਸ ਤਵਲੀਨ ਸਿੰਘ ਤੇ ਸਾਦੀਆ ਦਿਹਲਵੀ ਅਤੇ ਪੱਤਰਕਾਰ ਰਸ਼ਮੀ ਸਕਸੈਨਾ ਨੇ ਭਾਰਤੀ ਕਲਾ ਤੇ ਸਭਿਆਚਾਰ ਤੋਂ ਬਿਨਾ ਖੁਸ਼ਵੰਤ ਸਿੰਘ ਦੀ ਅਨੋਖੀ ਸ਼ਖਸੀਅਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਆਪਣੇ ਆਪ ‘ਤੇ ਹੱਸਣ ਦੇ ਗੁਣਾਂ ਉਤੇ ਚਾਨਣਾ ਪਾਇਆ।
ਇਥੇ ਹੀ ਬੱਸ ਨਹੀਂ, ਪਹਿਲੇ ਦਿਨ ਦੇ ਮੁਖ ਸੈਸ਼ਨ ਵਿਚ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਸਫਰਾਂ ਦੀ ਵਧੀਆ ਡਾਕੂਮੈਂਟਰੀ ਫਿਲਮ ਦਿਖਾ ਕੇ ਸਰੋਤਿਆਂ ਤੇ ਦਰਸ਼ਕਾਂ ਦਾ ਦਿਲ ਮੋਹਿਆ। ਇਸ ਦੇ ਨਾਲ ਹੀ ਅਗਲੇ ਸੈਸ਼ਨ ਵਿਚ ਚਰਚਾ ਕਰਨ ਵਾਲਿਆਂ ਨੇ ਮਹਾਤਮਾ ਗਾਂਧੀ ਦੀ ਦ੍ਰਿਸ਼ਟੀ ਅਤੇ ਦ੍ਰਿੜ੍ਹਤਾ ਨੂੰ ਬੜੇ ਹੀ ਸਹਿਜ ਤੇ ਸੁਹਜਮਈ ਢੰਗ ਨਾਲ ਉਭਾਰਿਆ।
ਜੱਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਸੈਸ਼ਨ ਵਿਚ ਉਸ ਵੇਲੇ ਦੇ ਟ੍ਰਿਬਿਊਨ ਦੇ ਸੰਪਾਦਕ ਕਾਲੀ ਨਾਥ ਰੇਅ ਦੀ ਦਰਿਆਦਿਲੀ ਤੇ ਨਿਧੜਕ ਸੋਚ ਉਤੇ ਫੁੱਲ ਚੜ੍ਹਾਏ ਗਏ। ਉਸ ਨੇ ਉਸ ਸਮੇਂ ਦੇ ਬਰਤਾਨਵੀ ਹਾਕਮਾਂ ਦੇ ਤਸ਼ੱਦਦ ਦੀ ਪਰਵਾਹ ਕੀਤੇ ਬਿਨਾ ਗੋਰੀ ਸਰਕਾਰ ਦੀਆਂ ਕਰਤੂਤਾਂ ਨੂੰ ਖੁੱਲ੍ਹ ਕੇ ਛਾਪਿਆ। ਇਹ ਵੀ ਕਿ ਜਦੋਂ ਮਾਰਸ਼ਲ ਲਾਅ ਕਮਿਸ਼ਨ ਨੇ ਉਸ ਨੂੰ ਗ੍ਰਿਫਤਾਰ ਕਰਕੇ ਦੋ ਸਾਲ ਦੀ ਸਖਤ ਕੈਦ ਸੁਣਾਈ ਤਾਂ ਜਨਤਾ ਵੱਲੋਂ ਏਨਾ ਵਿਰੋਧ ਹੋਇਆ ਕਿ ਰੇਅ ਨੂੰ ਚਾਰ ਮਹੀਨੇ ਪਿਛੋਂ ਬਰੀ ਕਰਨਾ ਪੈ ਗਿਆ; ਪਰ ਉਸ ਬੰਗਾਲੀ ਨੇ ਮੁੜ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਪਣੀ ਸੋਚ, ਧਾਰਨਾ ਤੇ ਪੇਸ਼ਕਾਰੀ ਉਤੇ ਪਹਿਲਾਂ ਵਾਂਗ ਹੀ ਪਹਿਰਾ ਦਿੱਤਾ।
ਕਾਲੀ ਨਾਥ ਰੇਅ ਨੇ ਦੇਸ਼ ਦੇ ਹੱਕ ਵਿਚ ਇਹ ਜ਼ਿੰਮੇਵਾਰੀ ਏਨੀ ਦ੍ਰਿੜ੍ਹਤਾ ਤੇ ਨਿਡਰਤਾ ਨਾਲ ਨਿਭਾਈ ਕਿ ਹੁਣ ਟ੍ਰਿਬਿਊਨ ਟਰੱਸਟ ਦੀ ਪ੍ਰਵਾਨਗੀ ਨਾਲ ਟ੍ਰਿਬਿਊਨ ਦੇ ਤਤਕਾਲੀ ਸੰਪਾਦਕ ਰਾਜੇਸ਼ ਰਾਮਾਚੰਦਰਨ ਨੇ ਉਸ ਸਮੇਂ ਟ੍ਰਿਬਿਊਨ ਵੱਲੋਂ ਨਿਭਾਈ ਜ਼ਿੰਮੇਵਾਰੀ ਨੂੰ ਸੰਕਲਨ ਕਰਕੇ ਪੁਸਤਕ ਰੂਪ ਵਿਚ ਪੇਸ਼ ਕੀਤਾ ਹੈ। ਇਸ ਪੁਸਤਕ ਦਾ ਉਤਸਵ ਵਿਚ ਭਰਵਾਂ ਸਵਾਗਤ ਹੋਇਆ। ਇਸ ਮੌਕੇ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਨਵਦੀਪ ਸੂਰੀ ਨੇ ਨਾਨਕ ਸਿੰਘ ਵਲੋਂ ਇਸ ਪ੍ਰਸੰਗ ਵਿਚ ‘ਖੂਨੀ ਵਿਸਾਖੀ’ ਦੇ ਕੁਝ ਛੰਦ ਅੰਗਰੇਜ਼ੀ ਵਿਚ ਉਲਥਾ ਕੇ ਪੇਸ਼ ਕੀਤੇ।
ਜਿਥੋਂ ਤੱਕ ਭਾਰਤ ਦੀ ਫਿਲਮੀ ਦੁਨੀਆਂ ਦਾ ਸਬੰਧ ਹੈ, ਸ਼ਰਮੀਲਾ ਟੈਗੋਰ ਨੇ ਸਬੰਧਤ ਸੈਸ਼ਨ ਵਿਚ ਇਸ ਦੁਨੀਆਂ ਦੇ ਉਤਰਾਵਾਂ ਚੜ੍ਹਾਵਾਂ ਦੀ ਗੱਲ ਦੇ ਨਾਲ ਇਸ ਵਿਚ ਔਰਤਾਂ ਦੀ ਆਮਦ ਦੇ ਕਿੱਸੇ ਵੀ ਬੜੇ ਸਹਿਜ ਤੇ ਸੁਹਜ ਨਾਲ ਬਿਆਨ ਕੀਤੇ।
ਪਾਠਕਾਂ ਲਈ ਇਹ ਗੱਲ ਵੀ ਹੈਰਾਨੀ ਵਾਲੀ ਹੋ ਸਕਦੀ ਹੈ ਕਿ ਫਿਲਮੀ ਦੁਨੀਆਂ ਤੋਂ ਅਗਲਾ ਸੈਸ਼ਨ ਕਾਰਗਿਲ ਦੀ ਲੜਾਈ ਦੇ ਵੀਹ ਸਾਲਾ ਪਿਛੋਕੜ ਬਾਰੇ ਸੀ, ਜਿਸ ਵਿਚ ਸ਼ਹੀਦ ਹੋਏ ਇਕ ਨੌਜਵਾਨ ਸੈਨਿਕ ਵੱਲੋਂ ਲਿਖੀ ਆਖਰੀ ਚਿੱਠੀ ਬੜੇ ਮਾਣ ਨਾਲ ਪੜ੍ਹ ਕੇ ਸੁਣਾਈ ਗਈ। ਚਿੱਠੀ ਦੇ ਇਹ ਸ਼ਬਦ ‘ਜਿਸ ਸ਼ਹੀਦੀ ਮਿਸ਼ਨ ਉਤੇ ਉਹ ਜਾਣ ਵਾਲਾ ਸੀ, ਉਥੋਂ ਉਸ ਦੇ ਜਿਉਂਦੇ ਪਰਤਣ ਦੀ ਕੋਈ ਸੰਭਾਵਨਾ ਨਹੀਂ’ ਦਰਸ਼ਕਾਂ ਤੇ ਸਰੋਤਿਆਂ ਦੀਆਂ ਅੱਖਾਂ ਤਰ ਕਰ ਗਏ। ਕਾਰਗਿਲ ਦੇ ਸ਼ਹੀਦਾਂ ਬਾਰੇ ਇਹ ਡਾਕੂਮੈਂਟਰੀ ਏਨੀ ਪ੍ਰਭਾਵੀ ਸੀ ਕਿ ਇਸ ਨੂੰ ਪੇਸ਼ ਕਰ ਰਹੇ ਕਰਨਲ ਤਿਆਗੀ ਨੇ ਇਸ ਦਾ ਤੋੜਾ ਇਸ ਵਾਕ ਨਾਲ ਤੋੜਿਆ ਕਿ ਸ਼ਹੀਦ ਹੋਣ ਵਾਲੇ ਦੀ ਮੌਤ ਉਸ ਸਮੇਂ ਨਹੀਂ ਹੁੰਦੀ, ਜਦੋਂ ਉਸ ਦੀ ਜਾਨ ਜਾਂਦੀ ਹੈ, ਸਗੋਂ ਉਸ ਵੇਲੇ ਹੁੰਦੀ ਹੈ, ਜਦੋਂ ਉਸ ਦੀ ਕੁਰਬਾਨੀ ਨੂੰ ਲੋਕ ਭੁੱਲ ਜਾਂਦੇ ਹਨ।
ਇਸ ਵਰ੍ਹੇ ਦੇ ਉਤਸਵ ਵਿਚ ਸੈਨਿਕ ਕੁਰਬਾਨੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਮਹਾਤਮਾ ਗਾਂਧੀ ਦੀ ਦੇਣ ਨਾਲ ਜੋੜਨਾ ਇਸ ਉਤਸਵ ਦੀ ਵੱਡੀ ਦੇਣ ਹੈ, ਤੇ ਸਦਾ ਹੀ ਰਹੇਗੀ। ਮੇਰਾ ਮਨ ਤਾਂ ਰਾਧਾ ਕੁਮਾਰ ਤੇ ਟੀ. ਏ. ਸਿਨਹਾ ਦੀ ਆਰਟੀਕਲ 370 ਦੇ ਪ੍ਰਸੰਗ ਵਿਚ ਲਿਖੀ ਕਸ਼ਮੀਰ ਦੀ ਗਾਥਾ ਨੂੰ ਵੀ ਉਸ ਹੀ ਤੱਕੜੀ ਵਿਚ ਤੋਲਣਾ ਚਾਹੁੰਦਾ ਹੈ। ਰਾਧਾ ਕੁਮਾਰ ਨੇ ਧੜੱਲੇ ਨਾਲ ਕਿਹਾ ਕਿ ਇਸ ਆਰਟੀਕਲ ਸਬੰਧੀ ਪਾਸ ਕੀਤੇ ਮਤੇ ਨੂੰ ਛੇਤੀ ਤੋਂ ਛੇਤੀ ਵਾਪਸ ਲੈ ਕੇ ਕਸ਼ਮੀਰ ਦੇ ਹਾਲਾਤ ਸੁਧਾਰਨ ਦੀ ਲੋੜ ਹੈ।
ਉਤਸਵ ਦਾ ਆਖਰੀ ਦਿਨ ਮਨੀਸ਼ਾ ਕੋਇਰਾਲਾ ਤੇ ਸ਼ਬਾਨਾ ਆਜ਼ਮੀ ਦੀਆਂ ਨਿੱਜੀ ਟਿੱਪਣੀਆਂ ਨਾਲ ਸਮਾਪਤ ਹੋਇਆ। ਕੋਇਰਾਲਾ ਨੇ ਆਪਣੇ ਕੈਂਸਰ ਰੋਗ ਦੀ ਦਰਦਨਾਕ ਬਾਤ ਪਾ ਕੇ ਆਪਣੇ ਸਰੀਰਕ, ਮਾਨਸਕ ਤੇ ਰੂਹਾਨੀ ਬਦਲਾਓ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਇਸ ਨਾਮੁਰਾਦ ਮਰਜ਼ ਦਾ ਕੋਈ ਰੋਗੀ ਮੌਤ ਦੀ ਧਾਰਨਾ ਨੂੰ ਜਿਉਂਦੇ ਰਹਿਣ ਦੇ ਸੁਹਾਗੇ ਥੱਲੇ ਮਧੋਲ ਸਕਦਾ ਹੈ। ਸ਼ਬਾਨਾ ਆਜ਼ਮੀ ਨੇ ਆਪਣੇ ਅੱਬਾ ਕੈਫੀ ਆਜ਼ਮੀ ਵੱਲੋਂ ਦਿੱਤੀਆਂ ਖੁੱਲ੍ਹਾਂ ਦਾ ਜ਼ਿਕਰ ਕਰਕੇ ਆਪਣੀ ਸ਼ਖਸੀਅਤ ਤੇ ਸੋਚ ਦੇ ਵਿਕਾਸ ਵਿਚ ਆਈ ਧਾਰਨਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਆਖਰੀ ਸੈਸ਼ਨ ਕੈਫੀ ਆਜ਼ਮੀ ਦੀ ਦੇਣ ਨੂੰ ਸਮਰਪਿਤ ਸੀ, ਜਿਸ ਨੂੰ ਸ਼ਬਾਨਾ ਆਜ਼ਮੀ ਨੇ ਖੂਬ ਉਘਾੜਿਆ। ਸਟੇਜ ਸਕੱਤਰ ਨੇ ਸੋਚਿਆ ਕਿ ਸ਼ਬਾਨਾ ਦੇ ਪਤੀ ਜਾਵੇਦ ਅਖਤਰ ਦੀ ਗੱਲ ਕਰਨੀ ਵੀ ਜ਼ਰੂਰੀ ਹੈ। ਉਸ ਨੇ ਜਾਵੇਦ ਵੱਲੋਂ ਔਰਤ ਦੀ ਉਸਤਤ ਵਿਚ ਲਿਖੀ ਕਵਿਤਾ ਦਾ ਜ਼ਿਕਰ ਕਰਕੇ ਮਨੀਸ਼ਾ ਕੋਇਰਾਲਾ ਵਲ ਮੂੰਹ ਕਰਕੇ ਕਹਿ ਦਿੱਤਾ ਕਿ ਇਹ ਨਜ਼ਮ ਮਨੀਸ਼ਾ ਨੂੰ ਸੰਬੋਧਤ ਸੀ। ਸ਼ਬਾਨਾ ਨੇ ਇਸ ਦੇ ਪ੍ਰਤੀਕਰਮ ਵਿਚ ਜੋ ਵਾਕ ਬੋਲਿਆ, ਉਸ ਨੇ ਭਰੀ ਮਹਿਫਿਲ ਨੂੰ ਨਿੱਘ ਤੇ ਸਲੀਕੇ ਨਾਲ ਭਰ ਦਿੱਤਾ, “ਭਲਾ ਹੋਇਆ ਮੇਰਾ ਭਰਮ ਟੁੱਟਾ, ਮੈਂ ਤਾਂ ਸਾਰੀ ਉਮਰ ਇਸ ਨਜ਼ਮ ਨੂੰ ਆਪਣੇ ਵੱਲ ਸੰਬੋਧਤ ਸਮਝਦੀ ਰਹੀ।” ਉਸ ਨੇ ਇਹ ਵਾਕ ਏਦਾਂ ਖੁੱਲ੍ਹ ਕੇ ਬੋਲੇ ਜਿਵੇਂ ਇਸ ਉਤਸਵ ਵਿਚ ਇਹੀਓ ਉਸ ਦਾ ਹਾਸਲ ਸੀ। ਸੀ ਜਾਂ ਨਹੀਂ, ਇਹ ਤਾਂ ਸ਼ਬਾਨਾ ਹੀ ਜਾਣਦੀ ਹੈ, ਪਰ ਕਸੌਲੀ ਵਾਲਾ ਇਹ ਉਤਸਵ ਸੱਚ ਹੀ ਸ਼ਾਨਾਂਮੱਤਾ ਸੀ। ਇਸ ਨੂੰ ਚਾਰ ਦਿਨ ਲਾਉਣ ਵਿਚ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਤੇ ਰਾਹੁਲ ਦੀ ਸਹੇਲੀ ਨੀਲੋਫਰ ਬਿਲੀਮੋਰਾ ਦਾ ਯੋਗਦਾਨ ਵਧਾਈ ਦਾ ਹੱਕਦਾਰ ਹੈ। ਖਾਸ ਕਰਕੇ ਇਸ ਲਈ ਕਿ ਇਕ ਵਿਅਕਤੀ (ਖੁਸ਼ਵੰਤ ਸਿੰਘ) ਦੇ ਨਾਂ ਉਤੇ ਸ਼ੁਰੂ ਹੋਇਆ ਇਹ ਸਾਹਿਤ ਉਤਸਵ ਪੂਰੇ ਭਾਰਤ ਵਿਚ ਸਿਰਫ ਇਹੀਓ ਹੈ। ਇਹ ਵੀ ਕਿ ਵਿਸ਼ਿਆਂ ਦੀ ਚੋਣ, ਪ੍ਰੋਗਰਾਮ ਦੀ ਵਿਉਂਤਬੰਦੀ ਤੇ ਵੱਡੇ ਬੰਦਿਆਂ ਦੀ ਸ਼ਿਰਕਤ ਇਸ ਨੂੰ ਅਜਿਹੇ ਹੋਰ ਉਤਸਵਾਂ ਨਾਲੋਂ ਵੱਧ ਮਾਣੀ ਜਾਂਦੀ ਹੈ।
ਖੱਟੇ ਮਿੱਠੇ ਅੰਗੂਰਾਂ ਦੀ ਗੱਲ: ਅੱਜ ਕੱਲ੍ਹ ਮੇਰਾ ਤੇ ਮੇਰੀ ਬੀਵੀ ਦਾ ਭਾਣਜਾ ਰਾਜਨੀਤੀ ਵਿਚ ਖੁੱਭੇ ਹੋਏ ਹਨ। ਮੇਰਾ ਭਾਣਜਾ ਅਮਰਪ੍ਰੀਤ ਲਾਲੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਹੈ ਤੇ ਮੇਰੀ ਬੀਵੀ ਦਾ ਭਾਣਜਾ ਕੈਪਟਨ ਸੰਦੀਪ ਸੰਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਿਆਸੀ ਸਲਾਹਕਾਰ। ਇਹ ਸਤਰਾਂ ਲਿਖਣ ਸਮੇਂ ਸੰਦੀਪ ਦਾਖਾ ਹਲਕੇ ਤੋਂ ਵਿਧਾਨ ਸਭਾ ਵਿਚ ਜਾਣ ਲਈ ਚੋਣ ਲੜ ਰਿਹਾ ਹੈ ਤੇ ਲਾਲੀ ਉਹਦੇ ਲਈ ਪ੍ਰਚਾਰ ਕਰਨ ਵਾਸਤੇ ਉਸ ਹਲਕੇ ਵਿਚ ਡੇਰਾ ਲਾਈ ਬੈਠਾ ਹੈ। ਸਾਨੂੰ ਡਰ ਹੈ ਕਿ ਉਨ੍ਹਾਂ ਨੇ ਮਾਰ ਖਾਣੀ ਹੈ। ਸਾਡਾ ਮਤ ਹੈ ਕਿ ਆਮ ਜਨਤਾ ਭੋਲੀ ਹੈ ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਅੰਗੂਰ ਖਿੱਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਏਨੇ ਭੋਲੇ ਨਹੀਂ ਕਿ ਪਰਸੋਂ ਨੂੰ ਪੱਕਣ ਵਾਲੇ ਅੰਗੂਰਾਂ ਵੱਲ ਝਾਕੀ ਜਾਣ। ਉਹ ਵਰਤਮਾਨ ਵਿਚ ਜਿਉਂਦੇ ਹਨ ਤੇ ਅਜੋਕੇ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੈ, ਜਿਸ ਦਾ ਸੰਦੀਪ ਸੰਧੂ ਸਲਾਹਕਾਰ ਹੈ। ਸ਼ਾਇਦ ਖੱਟੇ ਅੰਗੂਰਾਂ ਨੂੰ ਮਿੱਠੇ ਕਰਨ ਦਾ ਅਮਲ ਹੀ ਰਾਜਨੀਤੀ ਹੈ।
ਅੰਤਿਕਾ: ਮਿਰਜ਼ਾ ਗਾਲਿਬ
ਹਜ਼ਾਰੋਂ ਖ੍ਵਾਹਸ਼ੇਂ ਐਸੀ ਕਿ
ਹਰ ਖ੍ਵਾਹਸ਼ ਪੇ ਦਮ ਨਿਕਲੇ।
ਬੜੇ ਨਿਕਲੇ ਮੇਰੇ ਅਰਮਾਨ
ਲੇਕਿਨ ਫਿਰ ਵੀ ਕਮ ਨਿਕਲੇ।