ਸਰਬੱਤ ਦਾ ਭਲਾ ਬਨਾਮ ਸਿਆਸਤ

ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਾਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਸਿਰ ‘ਤੇ ਹੈ ਅਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਹੋਣ ਵਾਲੇ ਸਮਾਗਮ ਵਿਚ ‘ਚੌਧਰ ਕਿਸ ਦੀ ਹੋਵੇ?’ ਬਾਰੇ ਖਹਿਬੜ ਰਹੀਆਂ ਹਨ। ਅਸਲ ਵਿਚ ਇਹ ਸਾਰਾ ਮਾਮਲਾ ਅਕਾਲੀ ਆਗੂਆਂ ਦੀ ਚੌਧਰ ਦਾ ਨਜ਼ਰ ਆਉਂਦਾ ਹੈ, ਜੋ ਬੇਅਦਬੀ ਕਾਂਡ ਅਤੇ ਹੋਰ ਕਈ ਕਾਰਨਾਂ ਕਰਕੇ ਪਾਰਟੀ ਨੂੰ ਵੱਜੀ ਸਿਆਸੀ ਪਛਾੜ ਦੀ ਭਰਪਾਈ ਲਈ ਹੱਥ-ਪੈਰ ਮਾਰ ਰਹੇ ਹਨ। ਆਮ ਤੱਥ ਹੈ, ਇਹ ਸਮਾਗਮ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਹੋਣਾ ਹੀ ਹੈ,

ਪਰ ਪਿਛਲੇ ਸਮੇਂ ਦੌਰਾਨ ਇਸ ਸਮਾਗਮ ਲਈ ਜੋ ਸਿਆਸਤ ਕੀਤੀ ਗਈ, ਉਸ ਤੋਂ ਜਾਪਦਾ ਹੈ ਕਿ ਇਸ ਅਹਿਮ ਗੁਰਪੁਰਬ ਮੌਕੇ ਸੰਗਤ ਨੂੰ ਦਿੱਤਾ ਜਾਣ ਵਾਲਾ ਸੁਨੇਹਾ ਬਹੁਤ ਪਿਛਾਂਹ ਛੁੱਟ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਦੀ ਬਿਹਤਰੀ ਲਈ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਅਤੇ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਹੋਕਾ ਦਿੱਤਾ, ਪਰ ਇਸ ਮਾਮਲੇ ‘ਤੇ ਸਿਆਸਤ ਇੰਨੀ ਜ਼ਿਆਦਾ ਭਾਰੂ ਹੋ ਗਈ ਹੈ ਕਿ ਇਸ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦਾ ਖਿਆਲ ਹੁਣ ਸ਼ਾਇਦ ਕਿਸੇ ਵੀ ਧਿਰ ਨੂੰ ਨਹੀਂ। ਪਿਛਲੇ ਕੁਝ ਸਮੇਂ ਦੌਰਾਨ ਕੁਝ ਵਿਦਵਾਨਾਂ ਅਤੇ ਚਿੰਤਕਾਂ ਨੇ ਸਿੱਖੀ ਵਿਚ ਆਏ ਨਿਘਾਰ ਦੀ ਬਾਕਾਇਦਾ ਨਿਸ਼ਾਨਦੇਹੀ ਕਰਦਿਆਂ ਇਸ ਪੁਰਬ ਮੌਕੇ ਇਸ ਪਾਸੇ ਮੁੜ ਹੰਭਲਾ ਮਾਰਨ ਬਾਰੇ ਸੁਝਾਅ ਦਿੱਤੇ, ਪਰ ਕਿਸੇ ਵੀ ਧਿਰ ਦਾ ਕੋਈ ਹਾਂ-ਪੱਖੀ ਵਿਚਾਰ ਸਾਹਮਣੇ ਨਹੀਂ ਆਇਆ। ਸਾਰਾ ਮਸਲਾ ਆਖਰਕਾਰ ਸਿਆਸਤ ਉਤੇ ਆਣ ਕੇ ਟੁੱਟ ਜਾਂਦਾ ਰਿਹਾ। ਹੁਣ ਕਰਤਾਰਪੁਰ ਲਾਂਘੇ ਬਾਰੇ ਅਕਾਲੀ ਆਗੂ ਅਤੇ ਕੇਂਦਰ ਸਰਕਾਰ ਵਿਚ ਵਜ਼ੀਰ ਹਰਸਿਮਰਤ ਕੌਰ ਬਾਦਲ ਦਾ ਆਪ-ਮੁਹਾਰਾ ਬਿਆਨ ਆ ਗਿਆ ਹੈ। ਪਹਿਲੇ ਪਾਤਿਸ਼ਾਹ ਦੇ ਪੁਰਬ ਮੌਕੇ ਕਰਤਾਰਪੁਰ ਲਾਂਘੇ ਵਾਲਾ ਮਸਲਾ ਬਿਨਾ ਸ਼ੱਕ ਬਹੁਤ ਅਹਿਮ ਹੈ, ਪਰ ਸੌੜੀ ਸਿਆਸਤ ਕਾਰਨ ਇਹ ਪੁਰਬ ਮਹਿਜ਼ ਲਾਂਘੇ ਤੱਕ ਘਟਾ ਦਿੱਤਾ ਗਿਆ ਹੈ।
ਜਦੋਂ ਕਰਤਾਰਪੁਰ ਲਾਂਘੇ ਬਾਰੇ ਸ਼ੁਰੂਆਤੀ ਵਿਚਾਰ ਉਠੇ ਸਨ ਤਾਂ ਸਭ ਤੋਂ ਉਭਰਵਾਂ ਤੱਥ ਇਹੀ ਸੀ ਕਿ ਦੋਵੇਂ ਪੰਜਾਬ ਇਕ-ਦੂਜੇ ਦੇ ਹੋਰ ਨੇੜੇ ਆਉਣਗੇ। ਇਸ ਦਾ ਵੀ ਇਕ ਵੱਡਾ ਕਾਰਨ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ-ਜਦੋਂ ਵੀ ਤਣਾਅ ਵਧਿਆ ਹੈ, ਇਸ ਦਾ ਸਭ ਤੋਂ ਵੱਧ ਸੇਕ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਹੀ ਲੱਗਾ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਤਾਂ ਦੋਹਾਂ ਮੁਲਕਾਂ ਵਿਚਾਲੇ ਜੰਗ ਛਿੜਨ ਦੇ ਖਦਸ਼ੇ ਵੀ ਪ੍ਰਗਟ ਕੀਤੇ ਜਾ ਰਹੇ ਸਨ। ਇਸੇ ਕਰਕੇ ਨਫਰਤ ਦੀ ਸਿਆਸਤ ਅਤੇ ਦੋਹਾਂ ਪੰਜਾਬਾਂ ਵਿਚਾਲੇ ਪਾੜਾ ਵਧਾਉਣ ਵਾਲੀ ਸਿਆਸਤ ਖਿਲਾਫ ਸਭ ਤੋਂ ਪਹਿਲਾਂ ਅਤੇ ਉਚੀ ਸੁਰ ਅਲਾਪਦੇ ਪੰਜਾਬੀ ਹੀ ਉਠੇ। ਉਸ ਵਕਤ ਦੋਹਾਂ ਪੰਜਾਬਾਂ, ਖਾਸ ਕਰਕੇ ਚੜ੍ਹਦੇ ਪੰਜਾਬ ਵਿਚੋਂ ਜੰਗ ਖਿਲਾਫ ਜੋ ਆਵਾਜ਼ ਆਈ, ਉਹ ਅਸਲ ਵਿਚ ਸਰਬੱਤ ਦੇ ਭਲੇ ਲਈ ਮਾਰਿਆ ਹਾਅ ਦਾ ਨਾਅਰਾ ਹੀ ਸੀ। ਇਹ ਆਵਾਜ਼ ਸਾਰੇ ਮੁਲਕ ਅੰਦਰ ਨਫਰਤ ਦੇ ਬੀਜ ਖਲਾਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਵੀ ਬਾਕਾਇਦਾ ਸੁਣੀ। ਬਾਅਦ ਵਿਚ ਇਹ ਆਵਾਜ਼ ਉਸ ਵਕਤ ਵੀ ਬੁਲੰਦ ਹੋਈ ਜਦੋਂ ਕੇਂਦਰ ਸਰਕਾਰ ਨੇ ਰਾਤੋ-ਰਾਤ ਐਲਾਨ ਕਰਕੇ ਕਸ਼ਮੀਰੀਆਂ ਨੂੰ ਵੱਧ ਹੱਕ ਦੇਣ ਵਾਲੀ ਧਾਰਾ 370 ਖਤਮ ਕਰ ਦਿੱਤੀ ਅਤੇ ਜੰਮੂ ਕਸ਼ਮੀਰ ਸੂਬੇ ਨੂੰ ਤਿੰਨ ਟੋਟਿਆਂ ਵਿਚ ਵੰਡ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ। ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਆਮ ਲੋਕਾਂ ਨੇ ਜਿਸ ਤਰ੍ਹਾਂ ਇਕ-ਦੂਜੇ ਦੀ ਬਾਂਹ ਫੜੀ, ਉਸ ਤੋਂ ਤਾਂ ਇਹ ਗੱਲ ਐਨ ਸਪੱਸ਼ਟ ਹੋ ਗਈ ਕਿ ਗੁਰੂਆਂ-ਪੀਰਾਂ ਦੇ ਵਿਚਾਰਾਂ ਦੀ ਵਰੋਸਾਈ ਪੰਜਾਬ ਦੀ ਧਰਤੀ ਭੀੜ ਪੈਣ ‘ਤੇ ਵੀ ਆਪਣਾ ਜਲੌਅ ਬਰਕਰਾਰ ਰੱਖ ਸਕਦੀ ਹੈ। ਇਹ ਜਲੌਅ ਸਮੁੱਚੇ ਸੰਸਾਰ ਨੇ ਦੇਖਿਆ ਅਤੇ ਸੰਸਾਰ ਭਰ ਵਿਚ ਇਸ ਦੀ ਸ਼ਲਾਘਾ ਵੀ ਹੋਈ। ਇਹ ਅਸਲ ਵਿਚ ਸਰਬੱਤ ਦੇ ਭਲੇ ਲਈ ਮੋਕਲਾ ਹੋ ਰਿਹਾ ਵਿਹੜਾ ਸੀ।
ਜਾਹਰ ਹੈ ਕਿ ਪੰਜਾਬੀ ਆਵਾਮ ਲਗਾਤਾਰ ਅਤੇ ਵਾਰ-ਵਾਰ ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਦੂਰ-ਦੂਰ ਤੱਕ ਪਹੁੰਚਾਉਣ ਲਈ ਤਾਂਘ ਰੱਖ ਰਹੀ ਹੈ, ਜਦਕਿ ਸੱਤਾਧਾਰੀ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿਚ ਗਲਤਾਨ ਹਨ। ਕੁਝ ਮਹੀਨੇ ਪਹਿਲਾਂ ਜਦੋਂ ਪਹਿਲਾਂ-ਪਹਿਲ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਭਖੀ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਦਸ਼ਾ ਜਾਹਰ ਕਰ ਦਿੱਤਾ ਸੀ ਕਿ ਇਸ ਨਾਲ ਦਹਿਸ਼ਤਵਾਦ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਸਲੇ ਨੂੰ ਆਪਣੇ ਢੰਗ ਨਾਲ ਆਪਣੀ ਸਿਆਸੀ ਪੈਂਠ ਮੁੜ ਬਣਾਉਣ ਦੇ ਕੋਣ ਤੋਂ ਲੋਕਾਂ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ। ਉਸ ਵਕਤ ਸ਼੍ਰੋਮਣੀ ਕਮੇਟੀ ਕਿਤੇ ਵੀ ਸੀਨ ‘ਤੇ ਨਹੀਂ ਆਈ ਅਤੇ ਕੇਂਦਰ ਸਰਕਾਰ ਨੇ ਵੀ ਆਪਣੇ ਸੱਤਾ-ਭਾਈਵਾਲ ਅਕਾਲੀ ਦਲ ਨੂੰ ਹੀ ਅੱਗੇ ਰੱਖਣ ਦਾ ਯਤਨ ਕੀਤਾ। ਹੁਣ ਵੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚ ਬਣਾਈ ਹੋਈ ਹੈ। ਇਸੇ ਸਿਆਸਤ ਵਿਚੋਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲੇ ਸਨ, ਪਰ ਹਾਲਾਤ ਦੀ ਵਿਡੰਬਨਾ ਇਹ ਹੈ ਕਿ ਕਰਤਾਰਪੁਰ ਲਾਂਘੇ ਨਾਲ ਜੁੜੀ ਦੂਜੀ ਧਿਰ ਪਾਕਿਸਤਾਨ ਨਾਲ ਤਾਲਮੇਲ ਬਿਠਾਇਆ ਹੀ ਨਹੀਂ ਜਾ ਰਿਹਾ। ਕੇਂਦਰੀ ਮੰਤਰੀ ਨੇ 8 ਨਵੰਬਰ ਨੂੰ ਲਾਂਘੇ ਬਾਰੇ ਬਿਆਨ ਤਾਂ ਦੇ ਦਿੱਤਾ, ਇਸ ਬਾਰੇ ਪਾਕਿਸਤਾਨ ਨੂੰ ਨਾਲ ਰੱਖਿਆ ਹੀ ਨਹੀਂ। ਇਹ ਸਾਰੀ ਸਿਆਸਤ ਉਸ ਵਕਤ ਹੋ ਰਹੀ ਹੈ, ਜਦੋਂ ਸਿੱਖੀ ਅੰਦਰ ਨਵੀਂ ਰੂਹ ਭਰਨ ਅਤੇ ਸਿਆਣੀ ਸਿਆਸਤ ਨੂੰ ਲੀਹ ਉਤੇ ਪਾਉਣ ਲਈ ਸੰਜੀਦਾ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਸ ਸਿਆਸੀ ਕਸ਼ਮਕਸ਼ ਵਿਚ ਲਾਂਘੇ ਵਾਲੇ ਸਮਾਗਮ ਦਾ ਮਾਮਲਾ ਹੁਣ ਅਕਾਲ ਤਖਤ ਕੋਲ ਪਹੁੰਚ ਗਿਆ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਸਬੰਧੀ ਜੋ ਵੀ ਫੈਸਲਾ ਹੋਵੇਗਾ, ਉਹ ਸਰਬੱਤ ਦੇ ਭਲੇ ਅਤੇ ਸਿੱਖੀ ਦੀ ਸ਼ਾਨ ਲਈ ਅਗਲਾ ਕਦਮ ਸਾਬਤ ਹੋਵੇਗਾ। ਇਸ ਗੁਰਪੁਰਬ ਦੀ ਸਾਰਥਕਤਾ ਸਾਂਝੀਵਾਲਤਾ ਦੇ ਹੋਕੇ ਨਾਲ ਹੀ ਬਣਦੀ ਹੈ ਅਤੇ ਇਹ ਹੋਕਾ ਸੰਸਾਰ ਪੱਧਰ ਉਤੇ ਜਾਣਾ ਚਾਹੀਦਾ ਹੈ।