ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਅਕਾਲੀ ਦਲ ਬਾਦਲ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੀ ਖਿੱਚੋਤਾਣ ਸਿਖਰਾਂ ਉਤੇ ਹੈ। ਸਮਾਗਮਾਂ ਨੂੰ ਲੈ ਕੇ ਚੌਧਰ ਦੀ ਇਸ ਲੜਾਈ ਵਿਚ ਕੋਈ ਵੀ ਧਿਰ ਪਿੱਛੇ ਹਟਣ ਲਈ ਤਿਆਰ ਨਹੀਂ।
‘ਸਾਂਝੀਵਾਲਤਾ’ ਦਾ ਸੁਨੇਹਾ ਦੇਣ ਵਾਲੇ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਮੌਕੇ ਇਹ ਧਿਰਾਂ ਆਪਣੇ ਵੱਖ-ਵੱਖ ਸਮਾਗਮ ਕਰਵਾਉਣ ਲਈ ਬਜ਼ਿਦ ਹਨ। ਚੇਤੇ ਰਹੇ ਕਿ ਅਕਾਲ ਤਖਤ ਦੇ ਜਥੇਦਾਰ ਵਲੋਂ ਸਾਰੀਆਂ ਧਿਰਾਂ ਨੂੰ ਸਾਂਝਾ ਸਮਾਗਮ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਉਤੇ ਕੋਈ ਸਹਿਮਤੀ ਨਹੀਂ ਬਣੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਸਾਂਝੇ ਸਮਾਗਮ ਕਰਵਾਉਣ ਲਈ ਮੀਟਿੰਗ ਦਾ ਦੌਰ ਚੱਲ ਰਿਹਾ ਸੀ ਤੇ ਦੂਜੇ ਪਾਸੇ ਦੋਵੇਂ ਧਿਰਾਂ ਵਲੋਂ ਵੱਖੋ-ਵੱਖਰੇ ਪੰਡਾਲ ਤਿਆਰ ਕੀਤੇ ਜਾ ਰਹੇ ਸਨ। ਹੁਣ ਸਰਕਾਰ ਸਲਾਹ ਦੇ ਰਹੀ ਹੈ ਕਿ ਉਸ ਨੇ ਪੰਡਾਲ ਉਤੇ ਲੱਖਾਂ ਰੁਪਏ ਖਰਚ ਦਿੱਤਾ ਹੈ, ਹੁਣ ਸ਼੍ਰੋਮਣੀ ਕਮੇਟੀ ਵੀ ਇਥੇ ਹਾਜ਼ਰੀ ਭਰ ਲਵੇ।
ਪੰਜਾਬ ਸਰਕਾਰ ਨੇ ਇਸ ਸਬੰਧੀ ਅਕਾਲ ਤਖਤ ਤੱਕ ਪਹੁੰਚ ਕਰਕੇ ਸ਼੍ਰੋਮਣੀ ਕਮੇਟੀ ਨੂੰ ਸਮਾਗਮ ਦਾ ਹਿੱਸਾ ਬਣਨ ਲਈ ਪੇਸ਼ਕਸ਼ ਕੀਤੀ ਹੈ। ਨਾਲ ਹੀ ਸ਼ਰਤ ਵੀ ਰੱਖੀ ਹੈ ਕਿ ਸਮਾਗਮ ਵਿਚ ਕੇਂਦਰ ਸਰਕਾਰ ਵਲੋਂ ਸਿਰਫ ਇਕ ਹੀ ਨੁਮਾਇੰਦਾ ਸਟੇਜ ਉਤੇ ਬੈਠ ਸਕੇਗਾ। ਹੁਣ ਤੈਅ ਹੈ ਕਿ ਸਾਂਝੇ ਸਮਾਗਮਾਂ ਵਾਲੀ ਗੱਲ ਖਤਮ ਹੋ ਚੁੱਕੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ, ਬਾਦਲਾਂ ਨੂੰ ਸਟੇਜ ਉਤੇ ਬਿਠਾਉਣ ਲਈ ਬਜ਼ਿਦ ਹੈ। ਅਸਲ ਵਿਚ ਸਾਰਾ ਵਿਵਾਦ ਹੀ ਬਾਦਲਾਂ ਦੀ ਚੌਧਰ ਨੂੰ ਕਾਇਮ ਰੱਖਣ ਤੋਂ ਸ਼ੁਰੂ ਹੋਇਆ ਸੀ। ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਂਝੇ ਸਮਾਗਮਾਂ ਵਿਚ ਦਿਲਚਸਪੀ ਦਿਖਾਈ ਸੀ ਪਰ ਸ਼੍ਰੋਮਣੀ ਕਮੇਟੀ ਅਗਲੇ ਹੀ ਦਿਨ ਸੁਖਬੀਰ ਸਿੰਘ ਬਾਦਲ ਸਣੇ ਹੋਰ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਸਮਾਗਮਾਂ ਦੀ ਤਿਆਰੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚ ਗਈ। ਇਥੋਂ ਹੀ ਸਾਰਾ ਵਿਵਾਦ ਸ਼ੁਰੂ ਹੋਇਆ।
ਕੈਪਟਨ ਸਮੇਤ ਕੁਝ ਮੰਤਰੀਆਂ ਨੇ ਬਾਦਲਾਂ ਨੂੰ ਅੱਗੇ ਲਾਉਣ ਉਤੇ ਇਤਰਾਜ਼ ਜਤਾਇਆ ਪਰ ਸ਼੍ਰੋਮਣੀ ਕਮੇਟੀ ਨੇ ਇਸ ਦੀ ਭੋਰਾ ਪਰਵਾਹ ਨਾ ਕੀਤੀ। ਇਸ ਪਿੱਛੋਂ ਇਕ ਦੂਜੇ ਉਤੇ ਇਲਜ਼ਾਮਾਂ ਦਾ ਦੌਰ ਸ਼ੁਰੂ ਹੋਇਆ ਜੋ ਇਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਸਾਂਝੇ ਸਮਾਗਮਾਂ ਦੀ ਕੋਸ਼ਿਸ਼ਾਂ ਨਕਾਮ ਰਹਿਣ ਪਿੱਛੋਂ ਸਾਰੀਆਂ ਧਿਰਾਂ ਇਕ ਦੂਜੇ ਉਤੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਉਣ ਵਿਚ ਜੁਟ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚੇਤੇ ਕਰਵਾ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਆਪਣੀ ਸਰਕਾਰ ਦੌਰਾਨ ਖੁਦ ਹੀ ਰਾਜਸੀ ਸ਼ਕਤੀ ਦੇ ਬਲਬੂਤੇ ਗਿਣ-ਮਿਥ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੱਤਕ ਕਰਦੇ ਰਹੇ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਪ੍ਰਕਾਸ਼ ਦਿਹਾੜੇ ਨੂੰ ਮਿਲ ਕੇ ਮਨਾਉਣ ਲਈ ਪੂਰੀ ਤਰ੍ਹਾਂ ਸਹਿਮਤ ਸੀ ਪਰ ਕਮੇਟੀ ਵੱਲੋਂ 40 ਦਿਨ ਪਹਿਲਾਂ ਟੈਂਡਰ ਲਾਏ ਗਏ ਅਤੇ ਪੰਜਾਬ ਸਰਕਾਰ ਨੂੰ ਪੁੱਛੇ ਬਗੈਰ ਹੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਸੱਦਾ ਪੱਤਰ ਦਿੱਤੇ ਗਏ ਜੋ ਵਾਜਬ ਨਹੀਂ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ‘ਤੇ ਅਕਾਲੀ ਦਲ ਦਾ ਰਾਜਸੀ ਵਿੰਗ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਜਿਹਾ ਕਰਕੇ ਇਕੱਠੇ ਪਹਿਲੀ ਪਾਤਸ਼ਾਹੀ ਦੇ ਮਹਾਨ ਦਿਹਾੜੇ ਨੂੰ ਮਨਾਉਣ ਦਾ ਮੌਕਾ ਗੁਆ ਰਹੀ ਹੈ।