ਭਾਰਤ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਤਰੀਕ ਤੈਅ

ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਉਤੇ ਹੀ ਆਉਣਗੇ, ਨਾ ਕਿ ਕਿਸੇ ਹੋਰ ਸਟੇਜ ਉਤੇ।

ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸਮਾਗਮਾਂ ਵਿਚ ਦਖਲਅੰਦਾਜ਼ੀ ਛੱਡ ਆਪਣੇ ਫਰਜ਼ ਪੂਰੇ ਕਰੇ ਤੇ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਚ ਸਿੱਖ ਸੰਗਤਾਂ ਅਤੇ ਹੋਰ ਸ਼ਰਧਾਲੂਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਵੇ। ਉਨ੍ਹਾਂ ਨਾਲ ਹੀ ਕਿਹਾ ਕਿ 11 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ 12 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਧਾਰਮਿਕ ਸਮਾਗਮ ‘ਚ ਹਿੱਸਾ ਲੈਣ ਲਈ ਆਉਣਗੇ। ਉਹ ਵੀ ਕਮੇਟੀ ਦੀ ਸਟੇਜ ਉਤੇ ਹੀ ਜਾਣਗੇ ਨਾ ਕਿ ਕਿਸੇ ਹੋਰ ਪ੍ਰੋਗਰਾਮ ਵਿਚ।
ਬੀਬੀ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਜਾਂ ਗੁਰਪੁਰਬ ਮਨਾਏ ਗਏ ਹਨ, ਉਨ੍ਹਾਂ ਦੇ ਪ੍ਰਬੰਧ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਦੀ ਰਹੀ ਹੈ ਅਤੇ ਇਸ ਵਾਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਅਜਿਹਾ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਹੁਕਮਾਂ ਦੇ ਵਿਰੁੱਧ ਜਾ ਕੇ ਅਜਿਹਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਧਾਰਮਿਕ ਸਮਾਗਮਾਂ ਲਈ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਪੱਤਰ ਦਿੱਤਾ ਸੀ ਜੋ ਉਨ੍ਹਾਂ ਕਬੂਲ ਵੀ ਕੀਤਾ ਸੀ।
__________________________
ਤਰੀਕ ਦੇ ਐਲਾਨ ਪੱਖੋਂ ਪਾਕਿਸਤਾਨ ਪੱਛੜਿਆ
ਇਸਲਾਮਾਬਾਦ: ਪਾਕਿਸਤਾਨ ਨੇ ਆਖਿਆ ਹੈ ਕਿ ਸਿੱਖ ਸੰਗਤ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੀ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਉਂਜ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਇਹ ਸਮੇਂ ‘ਤੇ ਖੋਲ੍ਹ ਦਿੱਤਾ ਜਾਵੇਗਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਂਘੇ ਦੇ ਪ੍ਰੋਜੈਕਟ ਦੀ ਦੇਖ-ਰੇਖ ਕਰ ਰਹੇ ਸੀਨੀਅਰ ਅਧਿਕਾਰੀ ਨੇ ਮਹੀਨਾ ਕੁ ਪਹਿਲਾਂ ਐਲਾਨ ਕੀਤਾ ਸੀ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਦੇਸ਼ ਦਫਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਸਮੇਂ ਉਤੇ ਮੁਕੰਮਲ ਹੋ ਜਾਵੇਗਾ। ਇਸ ਦਾ ਉਦਘਾਟਨ ਸਮੇਂ ‘ਤੇ ਹੋਵੇਗਾ ਪਰ ਇਸ ਦੀ ਕੋਈ ਤਰੀਕ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲਾਂਘੇ ਨੂੰ ਖੋਲ੍ਹਣ ਦੀ ਤਰੀਕ ਅਜੇ ਤੱਕ ਤੈਅ ਨਹੀਂ ਕੀਤੀ ਗਈ ਹੈ।
__________________________
ਪਾਕਿ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ
ਲਾਹੌਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਨਵੰਬਰ ਦੇ ਪਹਿਲੇ ਹਫਤੇ ਪਾਕਿਸਤਾਨ ਲਈ ਰਵਾਨਾ ਹੋਵੇਗਾ। ਸ਼ਰਧਾਲੂ ਅਟਾਰੀ ਰੇਲਵੇ ਸਟੇਸ਼ਨ ਤੋਂ ਵਾਹਗਾ ਸਟੇਸ਼ਨ ਉਤੇ ਪੁੱਜਣਗੇ ਅਤੇ ਇਥੋਂ ਉਹ ਨਨਕਾਣਾ ਸਾਹਿਬ ਜਾਣਗੇ। ਸ਼ਰਧਾਲੂ 8 ਨਵੰਬਰ ਤੱਕ ਪਾਕਿਸਤਾਨ ਦੀ ਯਾਤਰਾ ਜਾਰੀ ਰੱਖ ਸਕਣਗੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
__________________________
ਭਾਰਤ ਨੇ ਸ਼ਰਧਾਲੂਆਂ ਲਈ ਜ਼ੀਰੋ ਲਾਈਨ ‘ਤੇ ਆਰਜ਼ੀ ਗੇਟ ਬਣਾਇਆ
ਡੇਰਾ ਬਾਬਾ ਨਾਨਕ (ਬਟਾਲਾ): ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕੰਡਿਆਲੀ ਤਾਰ ਕੋਲ ਜ਼ੀਰੋ ਲਾਈਨ ‘ਤੇ ਵਿਸ਼ੇਸ਼ ਗੇਟ ਤਿਆਰ ਕੀਤਾ ਗਿਆ ਹੈ। ਧੁੱਸੀ ਬੰਨ੍ਹ ਨੇੜੇ ਬਣੇ ਇੰਟੇਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਤੋਂ ਸ਼ਰਧਾਲੂ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣਗੇ ਅਤੇ ਉਹ ਆਰਜ਼ੀ ਰਸਤੇ ਰਾਹੀਂ ਗੇਟ ਕੋਲ ਪੁੱਜਣਗੇ, ਜਿਥੋਂ ਉਹ ਅੱਗੇ ਪਾਕਿਸਤਾਨ ਦੀ ਸਰਜ਼ਮੀਨ ‘ਚ ਦਾਖਲ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਲਈ ਮੁੱਖ ਗੇਟ ਤਿਆਰ ਕਰਨ ‘ਚ ਦੇਰੀ ਕਾਰਨ ਹੀ ਤਕਨੀਕੀ ਮਾਹਰਾਂ ਵੱਲੋਂ ਇਸ ਨੂੰ ਤਿਆਰ ਕੀਤਾ ਹੈ। ਨਿਰਮਾਣ ਅਧਿਕਾਰੀਆਂ ਨੇ ਭਾਰਤੀ ਪਾਸੇ ਤਾਂ ਮੁੱਖ ਪੁਲ, ਜੋ ਜ਼ੀਰੋ ਲਾਈਨ ਤੱਕ ਤਿਆਰ ਕਰ ਲਿਆ ਹੈ, ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
__________________________
ਸਿੱਖ ਭਾਈਚਾਰੇ ਲਈ ਚਲਾਈ ਵਿਸ਼ੇਸ਼ ਰੇਲਗੱਡੀ
ਇਸਲਾਮਾਬਾਦ: ਪਾਕਿਸਤਾਨ ਰੇਲਵੇ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਲਈ ਨਨਕਾਣਾ ਸਾਹਿਬ ਤੋਂ ਕਰਾਚੀ ਲਈ ਵਿਸ਼ੇਸ਼ ਰੇਲਗੱਡੀ ਚਲਾਈ ਹੈ। ਰੇਲਵੇ ਨੇ ਵਿਸ਼ੇਸ਼ ਗੱਡੀ ਦੇ ਏਸੀ ਡੱਬਿਆਂ ਵਿਚੋਂ ਸੀਟਾਂ ਹਟਾ ਕੇ ਉਸ ਵਿਚ ਲਾਲ ਕਲੀਨ ਵਿਛਾਇਆ ਹੈ ਜਦੋਂਕਿ ਇਕ ਡੱਬਾ ਵਿਸ਼ੇਸ਼ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਲਈ ਤਿਆਰ ਕੀਤਾ ਗਿਆ ਹੈ। ਗੱਡੀ ਵਿਚ ਗੁਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਵਾਲੀ ਥਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਹਨ। ਸਿੱਖਾਂ ਦਾ ਪਹਿਲਾ ਜਥਾ ਵਿਸ਼ੇਸ਼ ਰੇਲ ਗੱਡੀ ਰਾਹੀਂ ਨਵੰਬਰ ਦੇ ਪਹਿਲੇ ਹਫਤੇ ਪਾਕਿ ਜਾਏਗਾ।