ਜ਼ਿਮਨੀ ਚੋਣਾਂ: ਸਿਆਸੀ ਧਿਰਾਂ ਨੇ ਲਾਈ ਪੂਰੀ ਵਾਹ

ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ 21 ਅਕਤੂਬਰ ਨੂੰ ਹੋ ਰਹੀ ਉਪ ਚੋਣ ਵਿਚ ਬਹੁਤ ਹੀ ਫਸਵੀਂ ਟੱਕਰ ਦੇ ਆਸਾਰ ਬਣੇ ਨਜ਼ਰ ਆ ਰਹੇ ਹਨ। ਸਾਰੀਆਂ ਸਿਆਸੀ ਧਿਰਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਜਲਾਲਾਬਾਦ, ਦਾਖਾ ਤੇ ਮੁਕੇਰੀਆਂ ਹਲਕਿਆਂ ਵਿਚ ਜਿਥੇ ਕਾਂਗਰਸ ਤੇ ਅਕਾਲੀ-ਭਾਜਪਾ ਉਮੀਦਵਾਰਾਂ ਵਿਚ ਸਿੱਧੇ ਮੁਕਾਬਲੇ ਬਣੇ ਹੋਏ ਹਨ, ਉਥੇ ਫਗਵਾੜਾ ਰਾਖਵੇਂ ਹਲਕੇ ਵਿਚ ਤਿੰਨ ਧਿਰੀ ਮੁਕਾਬਲੇ ਵਾਲੀ ਹਾਲਤ ਬਣੀ ਹੋਈ ਹੈ।

ਜਲਾਲਾਬਾਦ ਹਲਕੇ ‘ਚ 2017 ਦੀ ਚੋਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨਾਲੋਂ 43732 ਵਧੇਰੇ ਵੋਟਾਂ ਲੈ ਕੇ ਜਿੱਤੀ ਸੀ ਤੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਇਸ ਹਲਕੇ ਤੋਂ ਉਹ ਫਿਰ ਕਾਂਗਰਸ ਉਮੀਦਵਾਰ ਨਾਲੋਂ 30 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਅੱਗੇ ਰਹੇ ਹਨ। ਬੁਨਿਆਦੀ ਤੌਰ ‘ਤੇ ਅਕਾਲੀ ਹਲਕਾ ਸਮਝੇ ਜਾਂਦੇ ਜਲਾਲਾਬਾਦ ਵਿਚ ਇਸ ਵੇਲੇ ਕਾਂਗਰਸ ਤੇ ਅਕਾਲੀ ਉਮੀਦਵਾਰ ਵਿਚਾਲੇ ਸਿੱਧੀ ਟੱਕਰ ਹੈ ਤੇ ‘ਆਪ’ ਸਮੇਤ ਹੋਰ ਕੋਈ ਵੀ ਉਮੀਦਵਾਰ ਮੁਕਾਬਲੇ ਵਿਚ ਨਜ਼ਰ ਨਹੀਂ ਆ ਰਿਹਾ। ਅਕਾਲੀ ਦਲ ਦੀ ਸਾਰੀ ਟੇਕ ਇਸ ਹਲਕੇ ‘ਚ ਅਕਾਲੀ-ਭਾਜਪਾ ਰਾਜ ਸਮੇਂ ਕੀਤੇ ਵਿਕਾਸ ਉੱਪਰ ਹੈ, ਜਦਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਆਪਣੀ ‘ਅਮੀਰੀ’ ਦੇ ਸਿਰ ਉਤੇ ਵੋਟਾਂ ਮੰਗ ਰਹੇ ਹਨ। ਅਕਾਲੀ ਦਲ ਖਾਸਕਰ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਸੀਟ ਵੱਡੇ ਵਕਾਰ ਦਾ ਸਵਾਲ ਹੈ ਤੇ ਇਸੇ ਲਈ ਉਹ ਬਹੁਤਾ ਸਮਾਂ ਇਸੇ ਹਲਕੇ ਨੂੰ ਦੇ ਰਹੇ ਹਨ।
ਪੇਂਡੂ ਵਸੋਂ ਵਾਲੇ ਹਲਕਾ ਦਾਖਾ ‘ਚ ਕਾਂਗਰਸ ਤੇ ਅਕਾਲੀ ਉਮੀਦਵਾਰ ਦਾ ਬਹੁਤਾ ਜ਼ੋਰ ਪਿਛਲੀਆਂ ਤਿੰਨ ਚੋਣਾਂ ਵਿਚ ‘ਆਪ’ ਹਿੱਸੇ ਆਉਂਦੀਆਂ ਵੋਟਾਂ ਨੂੰ ਆਪੋ-ਆਪਣੇ ਵੱਲ ਖਿੱਚਣ ਉੱਪਰ ਲੱਗਾ ਹੋਇਆ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੇ ਉਮੀਦਵਾਰ, ਕਾਂਗਰਸ ਤੇ ਅਕਾਲੀ ਉਮੀਦਵਾਰ ਨੂੰ ਪਛਾੜ ਕੇ ਅੱਗੇ ਰਹੇ ਸਨ ਤੇ 2017 ਵਿਧਾਨ ਸਭਾ ਚੋਣ ਵਿਚ ਐਚ.ਐਸ਼ ਫੂਲਕਾ ਇਥੋਂ ਕਰੀਬ ਚਾਰ ਹਜ਼ਾਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ।
ਫੂਲਕਾ ਨੂੰ 58,223, ਅਕਾਲੀ ਦਲ ਨੂੰ 54, 754 ਅਤੇ ਕਾਂਗਰਸ ਨੂੰ ਸਿਰਫ 32,374 ਵੋਟ ਮਿਲੇ ਸਨ। ਹੁਣੇ ਹੋਈ ਲੋਕ ਸਭਾ ਚੋਣ ਵਿਚ ਲੋਕ ਇਨਸਾਫ ਪਾਰਟੀ ਉਮੀਦਵਾਰ ਅੱਗੇ ਰਹੇ ਸਨ, ਪਰ ‘ਆਪ’ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਹਲਕੇ ਦੀ ਪੰਥਕ ਪਛਾਣ ਨੂੰ ਪ੍ਰਵਾਨ ਕਰਦਿਆਂ ਕਾਂਗਰਸ ਉਮੀਦਵਾਰ ਕੈਪਟਨ ਸੰਦੀਪ ਸੰਧੂ ਹਰ ਥਾਂ ਸਿਰ ਉੱਪਰ ਪਟਕਾ ਬੰਨ੍ਹ ਕੇ ਜਾ ਰਹੇ ਹਨ। ਕਾਂਗਰਸ ਲਈ ਇਸ ਹਲਕੇ ‘ਚ ਵੱਡੀ ਸਮੱਸਿਆ ਪਾਰਟੀ ਆਗੂਆਂ ਨੂੰ ਢਿੱਡੋਂ ਉਮੀਦਵਾਰ ਦੇ ਹੱਕ ਵਿਚ ਤੋਰਨ ਦੀ ਹੈ। ਕੈਬਨਿਟ ਮੰਤਰੀ ਆਸ਼ੂ ਦੀ ਹਾਜ਼ਰੀ ‘ਚ ਕਾਂਗਰਸੀ ਧੜਿਆਂ ਵਿਚਕਾਰ ਹੋਏ ਝਗੜੇ ਕਾਰਨ ਕਾਂਗਰਸ ਦੀ ਮੁਹਿੰਮ ਨੂੰ ਇਕ ਵਾਰ ਝਟਕਾ ਲੱਗਾ ਹੈ। ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਦਾ ਦਾਅਵਾ ਹੈ ਕਿ ‘ਆਪ’ ਤੇ ਬੈਂਸ ਭਰਾਵਾਂ ਨੂੰ ਪਈ ਵੋਟ ਅਕਾਲੀ ਦਲ ਵੱਲ ਆ ਰਹੀ ਹੈ ਤੇ ਪਿੰਡਾਂ ਵਿਚ ਉਨ੍ਹਾਂ ਨੂੰ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ।
ਕਾਂਗਰਸ ਵੱਲੋਂ ਯਕੀਨੀ ਜਿੱਤ ਨਾਲ ਫਗਵਾੜਾ ਵਿਚ ਸ਼ੁਰੂ ਕੀਤੀ ਚੋਣ ਮੁਹਿੰਮ ਨੂੰ ਹੁਣ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵਿਕਾਸ ਕਾਰਜਾਂ ਦੀ ਘਾਟ ਕਾਂਗਰਸ ਲਈ ਬੇਹੱਦ ਰੜਕਵੀਂ ਹੈ। ਇਕ ਸੇਵਾਮੁਕਤ ਅਫਸਰ ਨੂੰ ਉਮੀਦਵਾਰ ਬਣਾਏ ਜਾਣਾ ਕਾਂਗਰਸੀਆਂ ਦੀ ਅੱਖ ਵਿਚ ਚੁੱਭ ਰਿਹਾ ਹੈ। ਭਾਜਪਾ ਦੇ ਪੰਜਾਬ ਦੇ ਇੰਚਾਰਜ ਪ੍ਰਭਾਤ ਝਾਅ ਇਸ ਹਲਕੇ ‘ਚ ਡੇਰਾ ਲਗਾ ਕੇ ਬੈਠ ਗਏ ਹਨ ਤੇ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਨਾਲ ਮਿਲ ਕੇ ਸਾਰੀ ਚੋਣ ਵਿਉਂਤਬੰਦੀ ਦੀ ਖੁਦ ਨਿਗਰਾਨੀ ਕਰ ਰਹੇ ਹਨ। ਅਕਾਲੀ ਦਲ ਵੀ ਬਿਕਰਮ ਸਿੰਘ ਮਜੀਠੀਆ ਦੀ ਫੇਰੀ ਬਾਅਦ ਸਰਗਰਮ ਹੋ ਕੇ ਚੱਲ ਪਿਆ ਹੈ। ‘ਆਪ’ ਤੇ ਲੋਕ ਇਨਸਾਫ ਪਾਰਟੀ ਵੱਲੋਂ ਵੀ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਪਰ ਉਨ੍ਹਾਂ ਦੀ ਰੜਕਵੀਂ ਹਾਜ਼ਰੀ ਨਹੀਂ। ਬਸਪਾ ਦੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਮੁਕਾਬਲੇ ‘ਚ ਆ ਖੜ੍ਹੇ ਦੱਸੇ ਜਾਂਦੇ ਹਨ। ਪਿੱਛੇ ਹੋਈ ਲੋਕ ਸਭਾ ਚੋਣ ਸਮੇਂ ਬਸਪਾ ਨੂੰ ਇਸ ਹਲਕੇ ਦੀ 29,738 ਵੋਟ ਪਏ ਸਨ। ਉਸ ਤੋਂ ਬਾਅਦ ਦਿੱਲੀ ‘ਚ ਰਵਿਦਾਸ ਮੰਦਰ ਢਾਹੇ ਜਾਣ ਬਾਅਦ ਰਵਿਦਾਸ ਭਾਈਚਾਰੇ ਦੀ ਸਰਗਰਮੀ ਵਧੀ ਹੈ ਤੇ ਨਾਲ ਹੁਣ ਇਸ ਖੇਤਰ ਦੇ ਰਵਿਦਾਸ ਭਾਈਚਾਰੇ ਨਾਲ ਸਬੰਧਤ ਲਗਭਗ ਸਾਰੇ ਹੀ ਧਾਰਮਿਕ ਆਗੂ ਬਸਪਾ ਦੀ ਹਮਾਇਤ ‘ਚ ਉਤਰ ਆਏ ਹਨ ਤੇ ਰਵਿਦਾਸ ਭਾਈਚਾਰੇ ਦੀ ਵੋਟ ਲੋਕ ਸਭਾ ਚੋਣ ਨਾਲੋਂ ਵੀ ਵਧੇਰੇ ਇਕਜੁੱਟ ਹੋਈ ਨਜ਼ਰ ਆ ਰਹੀ ਹੈ। ਇਸ ਫੈਕਟਰ ਕਾਰਨ ਫਗਵਾੜਾ ਹਲਕੇ ਦਾ ਚੋਣ ਦ੍ਰਿਸ਼ ਦਿਲਚਸਪ ਤੇ ਤਿਕੋਣੀ ਟੱਕਰ ਵਾਲਾ ਬਣ ਗਿਆ ਹੈ।
ਮੁਕੇਰੀਆਂ ਹਲਕੇ ‘ਚ ਭਾਵੇਂ ਵਿਧਾਨ ਸਭਾ ਚੋਣ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤੀ ਸੀ ਪਰ ਪੁਲਵਾਮਾ ਘਟਨਾ ਤੇ ਬਾਲਾਕੋਟ ਦੀ ਕਾਰਵਾਈ ਤੋਂ ਬਾਅਦ ਹੋਈ ਲੋਕ ਸਭਾ ਚੋਣ ਵਿਚ ਭਾਜਪਾ ਉਮੀਦਵਾਰ ਇਥੋਂ 37 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਅੱਗੇ ਰਹੇ ਸਨ। ਭਾਜਪਾ ਆਗੂ ਹੁਣ ਵੀ ਦਾਅਵਾ ਕਰਦੇ ਹਨ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਰਗੇ ਚੁੱਕੇ ਕਦਮਾਂ ਨਾਲ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।
______________________
ਉਮੀਦਵਾਰਾਂ ਨੇ ਲੋਕ ਮੁੱਦੇ ਖੂੰਜੇ ਲਾਏ
ਮੁਕੇਰੀਆਂ: ਜ਼ਿਮਨੀ ਚੋਣ ਦੌਰਾਨ ਉਮੀਦਵਾਰਾਂ ਵੱਲੋਂ ਹਲਕੇ ਦੇ ਲੋਕਾਂ ਦੇ ਗੰਭੀਰ ਮੁੱਦਿਆਂ ਨੂੰ ਸਿਆਸੀ ਮੁੱਦੇ ਨਹੀਂ ਬਣਾਇਆ ਗਿਆ। ਬਿਆਸ ਦਰਿਆ, ਸਵਾਂ ਨਦੀ ਤੇ ਪਿੰਡਾਂ ਸਮੇਤ ਸਰਕਾਰੀ ਜ਼ਮੀਨਾਂ ਉਤੇ ਨਾਜਾਇਜ਼ ਖਣਨ, ਹਿਮਾਚਲ ਤੋਂ ਪੰਜਾਬ ਨੂੰ ਹੁੰਦੀ ਨਸ਼ਾ ਤਸਕਰੀ ਅਤੇ ਕੰਢੀ ਦੇ ਨੌਜਵਾਨਾਂ ਨੂੰ ਆਪਣੀ ਗ੍ਰਿਫਤ ‘ਚ ਲੈ ਰਿਹਾ ਮੈਡੀਕਲ ਨਸ਼ਾ, ਗੰਨਾ ਕਿਸਾਨਾਂ ਦੇ ਬਕਾਏ, ਸਿਵਲ ਹਸਪਤਾਲ ਅੰਦਰ ਟਰੌਮਾ ਵਾਰਡ, ਸਰਕਾਰੀ ਕਾਲਜ ਦੀ ਅਣਹੋਂਦ, ਖੇਡ ਸਟੇਡੀਅਮ ਦੀ ਘਾਟ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਮੁੱਦਿਆਂ ਵਿਚੋਂ ਮਨਫੀ ਹਨ।
ਕਾਂਗਰਸ ਪਾਰਟੀ, ਹਮਦਰਦੀ ਦੀ ਵੋਟ ਅਤੇ ਮਰਹੂਮ ਡਾ. ਕੇਵਲ ਕ੍ਰਿਸ਼ਨ ਵੱਲੋਂ ਇਲਾਕੇ ‘ਚ ਲਿਆਂਦੇ ਵੱਡੇ ਪ੍ਰੋਜੈਕਟਾਂ ਅਤੇ ਮਰਹੂਮ ਰਜਨੀਸ਼ ਕੁਮਾਰ ਬੱਬੀ ਵੱਲੋਂ ਪਿਛਲੇ ਢਾਈ ਸਾਲਾਂ ਵਿਚ ਦਿੱਤੇ ਫੰਡਾਂ ਆਦਿ ਦੇ ਮੁੱਦਿਆਂ ਉਤੇ ਜੰਗ ਜਿੱਤਣਾ ਚਾਹੁੰਦੀ ਹੈ। ਭਾਜਪਾ, ਧਾਰਾ 370 ਲਾਗੂ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਖਤਮ ਕਰਨ ਸਮੇਤ ਕੀਤੇ ਹੋਰ ਵਾਅਦਿਆਂ ਤੋਂ ਮੁੱਕਰਨ ਬਾਰੇ ਪ੍ਰਚਾਰ ਕਰ ਰਹੀ ਹੈ। ਆਮ ਆਦਮੀ ਪਾਰਟੀ (ਆਪ) ਵੀ ਦਿੱਲੀ ਦੀ ਤਰਜ਼ ਉਤੇ ਸਹੂਲਤਾਂ ਦੇਣ ਦੀ ਮੰਗ ਕਰਦੀ ਹੋਈ ਮੁੱਖ ਮੰਤਰੀ ਵੱਲੋਂ ਵਾਅਦਿਆਂ ਤੋਂ ਮੁੱਕਰਨ ਦੇ ਮੁੱਦੇ ਉਠਾ ਰਹੀ ਹੈ।
______________________
ਜਲਾਲਾਬਾਦ: ਕਾਂਗਰਸੀ ਉਮੀਦਵਾਰ ਦੀ ਅਮੀਰੀ ਦੇ ਚਰਚੇ
ਫਾਜ਼ਿਲਕਾ: ਜਲਾਲਾਬਾਦ ਹਲਕੇ ਦੀ ਜ਼ਿਮਨੀ ਚੋਣ ਵਿਚ ਲੋਕ ਮੁੱਦੇ ਗਾਇਬ ਹਨ ਪਰ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੀ ਅਮੀਰੀ ਦੇ ਚਰਚੇ ਜ਼ੋਰਾਂ ਉਤੇ ਹਨ। ਕਾਂਗਰਸੀ ਆਗੂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀ ਉਮੀਦਵਾਰ ਦੇ ਅਮੀਰ ਹੋਣ ਅਤੇ ਜਿੱਤ ਮਗਰੋਂ ਵੱਡੀ ਇੰਡਸਟਰੀ ਲਾਉਣ ਦਾ ਪ੍ਰਚਾਰ ਕਰ ਰਹੇ ਹਨ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੇ ਆਪਣੇ ਪੋਸਟਰਾਂ ‘ਤੇ ‘ਅਮੀਰ ਬਨਾਮ ਜ਼ਮੀਰ’ ਵਿਚਾਲੇ ਮੁਕਾਬਲੇ ਦਾ ਬਿਗਲ ਵਜਾਇਆ ਹੈ।
ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਧਨਾਢ ਦੀ ਗੱਲ ਸੁਣਨ ਦੀ ਬਜਾਏ ਆਪਣੀ ਜ਼ਮੀਰ ਦੀ ਆਵਾਜ਼ ਸੁਣਨ। ਜਾਣਕਾਰੀ ਅਨੁਸਾਰ ਸ੍ਰੀ ਆਵਲਾ ਨੇ ਨਾਮਜ਼ਦਗੀ ਪੱਤਰ ਵਿਚ ਜਿਹੜੀ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਹੈ, ਉਸ ਮੁਤਾਬਕ ਉਹ ਪ੍ਰਨੀਤ ਕੌਰ ਨਾਲੋਂ ਵੀ ਅਮੀਰ ਹਨ। ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਏ ਹਲਫ਼ਨਾਮੇ ‘ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਆਪਣੀ ਕੁੱਲ ਜਾਇਦਾਦ 234 ਕਰੋੜ 83 ਲੱਖ 23 ਹਜ਼ਾਰ ਰੁਪਏ ਦੱਸੀ ਹੈ। ਆਵਲਾ ਕੋਲ ਆਪਣੇ ਹਿੱਸੇ ਦੀ ਕੁੱਲ 102 ਕਰੋੜ 10 ਲੱਖ 99 ਹਜ਼ਾਰ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਨੀਤੂ ਕੋਲ 132 ਕਰੋੜ 72 ਲੱਖ 24 ਹਜ਼ਾਰ ਦੀ ਕੁੱਲ ਜਾਇਦਾਦ ਹੈ। ਜਾਇਦਾਦ ਦੇ ਮਾਮਲੇ ਵਿਚ ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਵਲਾ ਪਰਿਵਾਰ ਕੋਲ ਵੀ 48 ਕਰੋੜ 96 ਲੱਖ 95 ਹਜ਼ਾਰ, ਜਦਕਿ ਪੁੱਤਰ ਕੋਲ 8.44 ਲੱਖ ਰੁਪਏ ਦੀ ਜਾਇਦਾਦ ਹੈ।
ਲੰਘੀਆਂ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ 217 ਕਰੋੜ ਜਾਇਦਾਦ ਐਲਾਨੀ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਨੇ 86 ਕਰੋੜ 33 ਲੱਖ ਦੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਨੂੰ ਪੂਰੇ ਕਰਨ ਲਈ ਕਾਂਗਰਸੀ ਉਮੀਦਵਾਰ ਵੱਲੋਂ ਸਰਕਾਰੀ ਗ੍ਰਾਂਟ ਨਾ ਆਉਣ ਉਤੇ ਆਪਣੇ ਕੋਲੋਂ ਪੈਸੇ ਖਰਚ ਕੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਜਾ ਰਹੀ ਹੈ।