ਹਰਿਆਣਾ ਵਿਚ ਅਕਾਲੀ-ਭਾਜਪਾ ਆਗੂਆਂ ਨੇ ਲਾਇਆ ਇਕ-ਦੂਜੇ ਨਾਲ ਆਢਾ

ਕਾਲਾਂਵਾਲੀ: ਹਰਿਆਣਾ ਚੋਣਾਂ ਵਿਚ ਅਕਾਲੀ ਦਲ ਬਾਦਲ ਤੇ ਭਾਜਪਾ ਆਹਮੋ ਸਾਹਮਣੇ ਹਨ। ਦੋਵੇਂ ਧਿਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਇਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੂੰ ਐਸ਼ਵਾਈ.ਐਲ਼ ਦਾ ਪਾਣੀ ਦਿਵਾਉਣ ‘ਚ ਮਦਦ ਕਰੇ ਤਾਂ ਉਹ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਵੈਸੇ ਹੀ ਦੇ ਦੇਣਗੇ।

ਭਾਜਪਾ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮਝੌਤੇ ਲਈ ਸਾਡੇ ਅੱਗੇ-ਪਿੱਛੇ ਫਿਰਦਾ ਰਿਹਾ ਪਰ ਅਸੀਂ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਐਸ਼ਵਾਈ.ਐਲ਼ ਦੀ ਖੁਦਾਈ ਵਿਚ ਕੋਈ ਅੜਚਨ ਨਾ ਪਾਉਣ ਦਾ ਬਿਆਨ ਜਾਰੀ ਕਰਦਾ ਹੈ ਤਾਂ ਭਾਜਪਾ ਕਾਲਾਂਵਾਲੀ ਹਲਕੇ ਨੂੰ ਛੱਡ ਕੇ ਅਕਾਲੀ ਦਲ ਦੇ ਉਮੀਦਵਾਰਾਂ ਖਿਲਾਫ ਚੋਣ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵਾਪਸ ਸੱਦ ਲਵੇਗੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਲਾਂਵਾਲੀ ਤੋਂ ਪਿਛਲੀ ਵਾਰ ਭਾਜਪਾ ਦਾ ਉਮੀਦਵਾਰ ਰਿਹਾ ਰਜਿੰਦਰ ਸਿੰਘ ਦੇਸੂਜੋਧਾ ਅਤੇ ਉਸ ਦਾ ਖਾਨਦਾਨ ਕਥਿਤ ਤੌਰ ‘ਤੇ ਨਸ਼ੇ ਦੇ ਕਾਰੋਬਾਰ ਵਿਚ ਫਸੇ ਹੋਏ ਹਨ ਜਿਸ ਕਰਕੇ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਬਲਕੌਰ ਸਿੰਘ ਪਿਛਲੀ ਵਿਧਾਨ ਸਭਾ ‘ਚ ਅਕਾਲੀ ਦਲ ਦਾ ਵਿਧਾਇਕ ਸੀ ਜਦਕਿ ਦੇਸੂਜੋਧਾ ਐਤਕੀਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਿਹਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਬਲਕੌਰ ਸਿੰਘ ਚੰਗਾ, ਸ਼ਰੀਫ, ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹੈ।
ਭਾਜਪਾ ਨੇ ਸਰਕਾਰ ਬਣਾਉਣ ਲਈ 75 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਮਿਥਿਆ ਹੈ। ਹਰਿਆਣਾ ਵਿਚ ਭਾਜਪਾ ਵੱਲੋਂ ਚੋਣ ਸਮਝੌਤਾ ਤੋੜਨ ਬਾਅਦ ਭਾਜਪਾ ਅਤੇ ਅਕਾਲੀ ਦਲ ਵਿਚ ਕੁੜੱਤਣ ਪੈਦਾ ਹੋ ਚੁੱਕੀ ਹੈ। ਭਾਜਪਾ ਨੇ ਅਕਾਲੀ ਦਲ ਦੇ ਹਰਿਆਣਾ ਵਿਚ ਇਕੋ ਇਕ ਵਿਧਾਇਕ ਬਲਕੌਰ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ ਅਤੇ ਇਸ ਦਾ ਅਕਾਲੀ ਦਲ ਨੇ ਬੁਰਾ ਮਨਾਇਆ ਹੈ ਅਤੇ ਇਸ ਨੂੰ ਅਨੈਤਿਕ ਕਰਾਰ ਦਿੱਤਾ ਹੈ। ਅਤੇ ਭਾਜਪਾ ਉੱਤੇ ਦੋਸ਼ ਲਾਇਆ ਹੈ ਕਿ ਉਹ ਸਮਝੌਤੇ ਤੋਂ ਭੱਜ ਗਈ ਹੈ। ਬਾਅਦ ਵਿਚ ਅਕਾਲੀ ਦਲ ਨੇ ਤਿੰਨ ਸੀਟਾਂ ਉਤੇ ਇਨੈਲੋ ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਦਰੀਆਪੁਰ ਵਿਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਭੁਲੇਖਾ ਹੀ ਹੈ ਕਿ ਹਰਿਆਣਾ ਵਿਚ ਭਾਜਪਾ ਦੇ ਹੱਕ ਵਿਚ ਹਵਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਪਿੰਡਾਂ ਦੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਲੋਕਾਂ ਤੋਂ ਮੰਗ ਕੀਤੀ ਕਿ ਉਹ ਪਾਰਟੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ।
——————————–
ਸਰਕਾਰ ਬਣਾਉਣ ਦੇ ਭੁਲੇਖੇ ਛੱਡੇ ਭਾਜਪਾ: ਸੁਖਬੀਰ
ਰਤੀਆ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ‘ਤੇ ਲੁਕਵਾਂ ਹਮਲਾ ਕਰਦਿਆਂ ਕਿਹਾ ਕਿ ਜੋ ਹਰਿਆਣਾ ਵਿਚ ਮੁੜ ਸਰਕਾਰ ਬਣਾਉਣ ਦੀ ਆਸ ਲਾਈ ਬੈਠੇ ਹਨ, ਉਹ ਵਿਰੋਧੀ ਧਿਰ ਵਿਚ ਬੈਠਣ ਲਈ ਤਿਆਰ ਰਹਿਣ। ਰਤੀਆ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਵਿਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਜੋ ਸਰਕਾਰ ਬਣਾਉਣ ਬਾਰੇ ਸੋਚਦੇ ਨੇ, ਉਹ ਵਿਰੋਧੀ ਧਿਰ ਵਿਚ ਬੈਠਣਗੇ। ਚੰਡੀਗੜ੍ਹ ਵਿਚ ਭਾਜਪਾ ਵੱਲੋਂ ਜਾਰੀ ਕੀਤੇ ਚੋਣ ਘੋਸ਼ਣਾ ਪੱਤਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੀ ਨਹੀਂ ਬਣ ਰਹੀ ਤਾਂ ਫਿਰ ਟਿੱਪਣੀ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ।
——————————–
ਹਰਿਆਣਾ ‘ਚ ਬਾਗੀਆਂ ਨੇ ਕਾਂਗਰਸ ਦਾ ਫਿਕਰ ਵਧਾਇਆ
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਕਾਂਗਰਸ ਨੂੰ ਕਈ ਸਿਆਸੀ ਝਟਕੇ ਲੱਗੇ, ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਚੌਧਰੀ ਦੇਵੀ ਲਾਲ ਦੇ ਪੁਰਾਣੇ ਚੇਲੇ ਪ੍ਰੋ. ਸੰਪਤ ਸਿੰਘ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਜਦਕਿ ਸਾਬਕਾ ਚੀਫ ਪਾਰਲੀਮੈਂਟਰੀ ਸਕੱਤਰ ਰਣ ਸਿੰਘ ਮਾਨ ਨੇ ਜੇ.ਜੇ.ਪੀ. ਦਾ ਪੱਲਾ ਫੜ ਲਿਆ ਹੈ।
ਇਹ ਦੋਵੇਂ ਕ੍ਰਮਵਾਰ ਜ਼ਿਲ੍ਹਾ ਹਿਸਾਰ ਦੇ ਨਲਵਾ ਤੇ ਜ਼ਿਲ੍ਹਾ ਭਿਵਾਨੀ ਦੇ ਹਲਕਾ ਬਾਧੜਾ ਤੋਂ ਕਾਂਗਰਸ ਟਿਕਟ ਦੇ ਇੱਛੁਕ ਸਨ। ਸੰਪਤ ਸਿੰਘ ਨੇ ਆਪਣਾ ਸਿਆਸੀ ਜੀਵਨ ਚੌਧਰੀ ਦੇਵੀ ਲਾਲ ਦੇ ਸਕੱਤਰ ਵਜੋਂ ਸ਼ੁਰੂ ਕੀਤਾ ਸੀ ਤੇ ਉਹ ਇਕ ਵਾਰ ਹਰਿਆਣਾ ਵਿਧਾਨ ਸਭਾ ‘ਚ ਵਿਰੋਧੀ ਦਲ ਦੇ ਨੇਤਾ ਵੀ ਰਹਿ ਚੁੱਕੇ ਹਨ। ਉਧਰ ਰਣ ਸਿੰਘ ਮਾਨ, ਜੋ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬੁਲਾਰੇ ਵਜੋਂ ਚੰਡੀਗੜ੍ਹ ‘ਚ ਲੰਬਾ ਸਮਾਂ ਕੰਮ ਕਰਦੇ ਰਹੇ ਪਰ ਉਨ੍ਹਾਂ ਨੂੰ ਵੀ ਟਿਕਟ ਨਾ ਦਿੱਤੀ ਗਈ, ਇਸ ਲਈ ਉਨ੍ਹਾਂ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ।
ਉਧਰ, ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਪਾਰਟੀ ਦੇ 16 ਬਾਗੀ ਉਮੀਦਵਾਰਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਇਹ ਚੋਣ ਮੈਦਾਨ ਵਿਚ ਹਨ। ਕੱਢੇ ਗਏ ਉਮੀਦਵਾਰਾਂ ਵਿਚ ਸਾਬਕਾ ਮੰਤਰੀ ਨਿਰਮਲ ਸਿੰਘ, ਸਾਬਕਾ ਡਿਪਟੀ ਸਪੀਕਰ ਆਜ਼ਾਦ ਮੁਹੰਮਦ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜ਼ਿਲ੍ਹੇ ਰਾਮ ਸ਼ਰਮਾ ਸਣੇ ਹੋਰ ਸ਼ਾਮਲ ਹਨ।
ਹਰਿਆਣਾ ਵਿਚ ਕਾਂਗਰਸ ਦੀ ਪ੍ਰਧਾਨਗੀ ਤੋਂ ਉਤਾਰੇ ਗਏ ਅਸ਼ੋਕ ਤੰਵਰ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਦੀਆਂ ਟਿਕਟਾਂ ਵੇਚੀਆਂ ਗਈਆਂ। ਇਸ ਸਬੰਧੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਵਿਸ਼ੇਸ਼ ਤੌਰ ਉਤੇ ਨਾਂ ਲਿਆ। ਉਨ੍ਹਾਂ ਕਿਹਾ ਕਿ ਮੈਂ ਹੁਣ ਖੁੱਲ੍ਹ ਕੇ ਕਾਂਗਰਸ ਦੀ ਵਿਰੋਧਤਾ ਤੇ ਦੂਜੀਆਂ ਪਾਰਟੀਆਂ ਦੇ ਚੰਗੇ ਉਮੀਦਵਾਰਾਂ ਦੀ ਸਹਾਇਤਾ ਕਰਾਂਗਾ। ਦਿਲਚਸਪ ਗੱਲ ਇਹ ਹੈ ਕਿ ਸ੍ਰੀ ਤੰਵਰ ਨੇ ਇਥੋਂ ਤੱਕ ਕਿਹਾ ਕਿ ਕਾਂਗਰਸ ਦੀਆਂ 22 ਟਿਕਟਾਂ ਵੇਚੀਆਂ ਗਈਆਂ।