ਪੰਜਾਬ ਹਾਈ ਅਲਰਟ ਉਤੇ! ਸਰਹੱਦੀ ਪਿੰਡਾਂ ਦੇ ਲੋਕਾਂ ਵਿਚ ਸਹਿਮ

ਪਠਾਨਕੋਟ: ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕ ਇਨ੍ਹੀਂ ਦਿਨੀਂ ਸਹਿਮ ਦੇ ਮਾਹੌਲ ਵਿਚ ਦਿਨ ਕੱਟ ਰਹੇ ਹਨ। ਇਨ੍ਹਾਂ ਪਿੰਡਾਂ ਵਿਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ ਤੇ ਵੱਡੀ ਗਿਣਤੀ ਫੋਰਸ ਸਵੇਰੇ ਇਹ ਇਨ੍ਹਾਂ ਪਿੰਡ ਨੂੰ ਘੇਰ ਲੈਂਦੀ ਹੈ ਤੇ ਘਰ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।

ਪਠਾਨਕੋਟ ਜ਼ਿਲ੍ਹੇ ਵਿਚ ਜਾਰੀ ਹਾਈ ਅਲਰਟ ਦੌਰਾਨ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ, ਉਝ ਤੇ ਤਰਨਾਹ ਦਰਿਆ ਦੇ ਖੇਤਰ, ਤਾਸ਼ ਪੱਤਣ, ਭੋਆ ਹਲਕੇ ਦੇ ਪਿੰਡਾਂ ਅਤੇ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਰਣਜੀਤ ਸਾਗਰ ਡੈਮ ਅਤੇ ਧਾਰ ਕਲਾਂ ਦੇ ਨੀਮ ਪਹਾੜੀ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਤਹਿਤ ਜੰਗਲ, ਦਰਿਆਈ ਖੇਤਰ, ਘਰਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪਿੰਡਾਂ ਦੇ ਪੰਚਾਂ, ਸਰਪੰਚਾਂ ਦਾ ਵੀ ਸਹਿਯੋਗ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪੰਜਾਬ ਅੰਦਰ ਡਰੋਨ ਰਾਹੀਂ ਭਾਰਤੀ ਹੱਦ ਅੰਦਰ ਸੁੱਟੇ ਗਏ ਹਥਿਆਰਾਂ ਅਤੇ ਖੁਫੀਆ ਏਜੰਸੀਆਂ ਦੀਆਂ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਪਠਾਨਕੋਟ ‘ਚ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਡੇਰੇ ਲਗਾ ਲਏ ਹਨ। ਬਾਹਰਲੇ ਜ਼ਿਲ੍ਹਿਆਂ ਤੋਂ 2500 ਦੇ ਕਰੀਬ ਪੁਲਿਸ ਜਵਾਨਾਂ ਅਤੇ ਕਮਾਂਡੋਜ਼ ਨੂੰ ਬੁਲਾਇਆ ਗਿਆ ਹੈ। 400 ਦੇ ਕਰੀਬ ਗੰਨਮੈਨਾਂ ਨੂੰ ਪੀ.ਏ.ਪੀ. ਵਿਚ ਤੁਰੰਤ ਵਾਪਸ ਆਉਣ ਦੇ ਨਿਰਦੇਸ਼ ਦਿੱਤੇ ਗਏ। ਹਸਪਤਾਲ ਦੇ ਸਾਰੇ ਅਮਲੇ ਨੂੰ ਡਿਊਟੀ ਉਪਰ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ। ਉਂਜ ਕੋਈ ਵੀ ਪੁਲਿਸ ਅਧਿਕਾਰੀ ਇਸ ਕਵਾਇਦ ਬਾਰੇ ਖੁੱਲ੍ਹ ਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।
ਪਠਾਨਕੋਟ ਪੰਜਾਬ ਦਾ ਅਹਿਮ ਜ਼ਿਲ੍ਹਾ ਹੈ ਕਿਉਂਕਿ ਇਹ ਸਰਹੱਦੀ ਇਲਾਕਾ ਹੈ ਅਤੇ ਜੰਮੂ-ਕਸ਼ਮੀਰ ਦੀ ਹੱਦ ਵੀ ਇਸ ਦੇ ਨਾਲ ਲੱਗਦੀ ਹੈ। ਇਥੇ ਏਅਰ ਫੋਰਸ ਦਾ ਹਵਾਈ ਅੱਡਾ ਹੋਣ ਕਰਕੇ ਇਹ ਸ਼ਹਿਰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਵੱਲੋਂ ਲਿਖੇ ਗਏ ਪੱਤਰ ਵਿਚ ਉਨ੍ਹਾਂ 2485 ਪੀ.ਏ.ਪੀ. ਜਵਾਨਾਂ ਨੂੰ ਵਿਸ਼ੇਸ਼ ਤਲਾਸ਼ੀ ਮੁਹਿੰਮ ਵਿਚ ਸ਼ਾਮਲ ਹੋਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ 400 ਗੰਨਮੈਨਾਂ ਨੂੰ ਇਸ ਅਪਰੇਸ਼ਨ ਦਾ ਹਿੱਸਾ ਬਣਨ ਲਈ ਕਿਹਾ ਗਿਆ। ਸੂਤਰਾਂ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਗੁਆਂਢੀ ਮੁਲਕ ਵੱਲੋਂ ਡਰੋਨਾਂ ਰਾਹੀਂ ਭਾਰਤੀ ਹੱਦ ਅੰਦਰ ਪਿਛਲੇ ਦਿਨੀਂ ਹਥਿਆਰ ਸੁੱਟੇ ਗਏ ਹਨ ਜੋ ਅਤਿਵਾਦੀਆਂ ਤੱਕ ਪਹੁੰਚਣੇ ਹਨ। ਉਨ੍ਹਾਂ ਦਾ ਪਤਾ ਲਾਉਣ ਲਈ ਇਹ ਅਪਰੇਸ਼ਨ ਜ਼ਰੂਰੀ ਮੰਨਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ ਪਹਿਲਾਂ ਹੀ ਨਸ਼ਾ ਤਸਕਰੀ ਤੋਂ ਚਿੰਤਤ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਵੱਡੇ ਪੱਧਰ ਉਤੇ ਹੋ ਰਹੀ ਹਥਿਆਰਾਂ ਦੀ ਤਸਕਰੀ ਰੋਕਣ ਲਈ ਵੀ ਯਤਨਸ਼ੀਲ ਹਨ। ਸਰਹੱਦ ਪਾਰੋ ਐਮ.ਪੀ. 9 ਅਤੇ ਐਮ.ਪੀ. 5 ਸਬਮਸ਼ੀਨਗੰਨਾਂ ਦੀ ਤਸਕਰੀ ਹੋ ਰਹੀ ਹੈ। ਬੀਤੇ ਢਾਈ ਸਾਲਾਂ ਵਿਚ 200 ਤੋਂ ਵੱਧ ਆਧੁਨਿਕ ਹਥਿਆਰ ਫੜੇ ਗਏ ਹਨ ਜਿਨ੍ਹਾਂ ਵਿਚ ਕੁਝ ਖਾਸ ਕਿਸਮ ਦੇ ਹਥਿਆਰ ਵੀ ਸ਼ਾਮਲ ਹਨ। ਇਸ ਤੋਂ ਜਾਪਦਾ ਹੈ ਕਿ ਹਰ ਤੀਜੇ ਦਿਨ ਇਕ ਹਥਿਆਰ ਦੀ ਤਸਕਰੀ ਹੁੰਦੀ ਹੈ।
ਪੰਜਾਬ ਵਿਚ ਹਥਿਆਰਾਂ ਦੀ ਤਸਕਰੀ ਅਤੇ ਪਾਕਿ ਆਧਾਰਤ ਗਰੁੱਪਾਂ ਵੱਲੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿਚ ਹਥਿਆਰ ਸੁੱਟਣ ਲਈ ਕੀਤੀ ਗਈ ਡਰੋਨਾਂ ਦੀ ਵਰਤੋਂ ਨੇ ਕੇਂਦਰ ਦਾ ਧਿਆਨ ਵੀ ਖਿੱਚਿਆ ਹੈ। 10 ਕਿਲੋ ਤੱਕ ਭਾਰ ਲਿਜਾਣ ਦੀ ਸਮਰੱਥਾ ਰੱਖਣ ਵਾਲੇ ਡਰੋਨਾਂ ਨੇ ਸਤੰਬਰ ਦੀ ਸ਼ੁਰੂਆਤ ਵਿਚ ਪੰਜ ਵਾਰ ਪੰਜਾਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਹਥਿਆਰ ਸੁੱਟੇ। ਪੰਜਾਬ ਪੁਲਿਸ ਰਿਕਾਰਡ ਅਨੁਸਾਰ 2017 ਤੋਂ ਹੁਣ ਤੱਕ 151 ਪਿਸਤੌਲਾਂ ਅਤੇ ਰਿਵਾਲਵਰਾਂ ਤੋਂ ਇਲਾਵਾ 50 ਏਕੇ 47 ਅਤੇ ਏਕੇ 56 ਰਾਈਫਲਾਂ, ਸਬ ਮਸ਼ੀਨਗਨ ਅਤੇ ਕੁਝ ਹੋਰ ਬੰਦੂਕਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ 320 ਕਿੱਲੋ ਆਰਡੀਐਕਸ ਵੀ ਬਰਾਮਦ ਹੋਇਆ ਹੈ। ਇਹ ਹਥਿਆਰ 29 ਦਹਿਸ਼ਤੀ ਕਾਰਵਾਈਆਂ ਲਈ ਵਰਤੇ ਜਾਣ ਸਨ। ਇਨ੍ਹਾਂ ਹਥਿਆਰਾਂ ਸਮੇਤ 147 ਦਹਿਸ਼ਤਗਰਦਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਹਨ।
_______________________
ਪੰਜਾਬ ਵਿਚ ਚੱਲ ਰਹੇ ਵੱਖ-ਵੱਖ ਡੇਰੇ ਅਤਿਵਾਦੀਆਂ ਦੇ ਨਿਸ਼ਾਨੇ ਉਤੇ
ਚੰਡੀਗੜ੍ਹ: ਪੰਜਾਬ ਵਿਚ ਚੱਲ ਰਹੇ ਵੱਖ-ਵੱਖ ਡੇਰੇ ਅਤਿਵਾਦੀਆਂ ਦੇ ਨਿਸ਼ਾਨੇ ਉਤੇ ਹਨ। ਇਹ ਖੁਲਾਸਾ ਹਥਿਆਰਾਂ ਨਾਲ ਫੜੇ ਅਤਿਵਾਦੀਆਂ ਤੇ ਅੰਮ੍ਰਿਤਸਰ ਦੇ ਨਿਰੰਕਾਰੀ ਕੈਂਪ ਧਮਾਕੇ ਦੇ ਮੁਲਜ਼ਮ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਹੋਇਆ ਹੈ।
ਇਸ ਖੁਲਾਸੇ ਤੋਂ ਬਾਅਦ ਖੁਫੀਆ ਏਜੰਸੀਆਂ ਹੋਰ ਸਾਵਧਾਨ ਹੋ ਗਈਆਂ ਹਨ। ਹਾਲਾਂਕਿ ਇਹ ਸਾਰੇ ਡੇਰੇ ਪਹਿਲਾਂ ਤੋਂ ਹੀ ਸਖਤ ਸੁਰੱਖਿਆ ਦੇ ਘੇਰੇ ਵਿਚ ਹਨ ਅਤੇ ਇਨ੍ਹਾਂ ਡੇਰਿਆਂ ਦੇ ਆਪਣੇ ਸੁਰੱਖਿਆ ਕਰਮਚਾਰੀ ਵੀ ਹਨ, ਫਿਰ ਵੀ ਸਰਕਾਰ ਇਨ੍ਹਾਂ ਡੇਰਿਆਂ ਦੀ ਸੁਰੱਖਿਆ ਹੋਰ ਵਧਾਏਗੀ। ਇਸ ਨਾਲ ਹੀ ਇਥੇ ਇੰਟੈਲੀਜੈਂਸ ਕਰਮੀਆਂ ਦੀ ਤਾਇਨਾਤੀ ਵੀ ਕੀਤੀ ਜਾਏਗੀ।
ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਅਤਿਵਾਦੀ ਘੁਸਪੈਠ ਸਰਹੱਦ ‘ਤੇ ਸਥਿਤ ਮਾਝੇ ਦੇ ਵੱਖ-ਵੱਖ ਛੋਟੇ ਡੇਰਿਆਂ ਦਾ ਸਹਾਰਾ ਲੈ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਇਨ੍ਹਾਂ ਡੇਰਿਆਂ ਵਿਚ ਹੀ ਠਹਿਰੇ ਸਨ। ਇਸ ਲਈ ਹੁਣ ਇੰਟੈਲੀਜੈਂਸ ਵੀ ਇਨ੍ਹਾਂ ਡੇਰਿਆਂ ਉਤੇ ਵਿਸ਼ੇਸ਼ ਨਜ਼ਰ ਰੱਖੇਗੀ। ਸੂਤਰਾਂ ਅਨੁਸਾਰ ਪੰਜਾਬ ਵਿਚ ਤਕਰੀਬਨ 250 ਡੇਰੇ ਹਨ, ਪਰ ਇੰਟੈਲੀਜੈਂਸ ਨੇ 87 ਡੇਰਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਇੰਟੈਲੀਜੈਂਸ ਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਨੇੜਿਉਂ ਨਿਗਰਾਨੀ ਕੀਤੀ ਜਾ ਰਹੀ ਹੈ। ਖਦਸ਼ਾ ਹੈ ਕਿ ਅਤਿਵਾਦੀ ਅਤੇ ਕੱਟੜਪੰਥੀ ਸਮੂਹ ਇਨ੍ਹਾਂ ਡੇਰਿਆਂ ਉਤੇ ਕੋਈ ਵੀ ਘਟਨਾ ਨੂੰ ਅੰਜਾਮ ਦੇ ਕੇ ਮਾਹੌਲ ਨੂੰ ਖਰਾਬ ਕਰ ਸਕਦੇ ਹਨ।