ਵੀ.ਵੀ.ਆਈ.ਪੀ. ਸੁਰੱਖਿਆ ਛਤਰੀ ਨੇ ਕੱਢਿਆ ਖਜਾਨੇ ਦਾ ਧੂੰਆਂ

ਚੰਡੀਗੜ੍ਹ: ਆਰਥਿਕ ਤੰਗੀ ਨਾਲ ਦੋ-ਦੋ ਹੱਥ ਕਰ ਰਹੀ ਪੰਜਾਬ ਸਰਕਾਰ ਦੇ ਖਜਾਨੇ ਨੂੰ ਸਭ ਤੋਂ ਵੱਧ ਰਗੜਾ ਸਿਆਸਤਦਾਨਾਂ, ਡੇਰੇਦਾਰਾਂ, ਧਾਰਮਿਕ ਆਗੂਆਂ ਅਤੇ ਪੁਲਿਸ ਅਫਸਰਾਂ ਸੁਰੱਖਿਆ ਛਤਰੀ ਕਾਰਨ ਲੱਗ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਛਤਰੀ ਘੱਟ ਕਰਨ ਦੇ ਕੀਤੇ ਲੰਮੇ ਅਭਿਆਸ ਤੋਂ ਬਾਅਦ ਭਾਵੇਂ 600 ਦੇ ਕਰੀਬ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲਿਸ ਦੀ ਡਿਊਟੀ ਸਾਂਭਣ ਦੇ ਹੁਕਮ ਦਿੱਤੇ ਹਨ ਪਰ ਅਜੇ ਵੀ 8 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਅਜੇ ਵੀ ਨਿੱਜੀ ਸੁਰੱਖਿਆ ਲਈ ਤਾਇਨਾਤ ਹਨ।

ਪੰਜਾਬ ਦੇ ਨੇਤਾਵਾਂ ਵੱਲੋਂ ਆਮ ਤੌਰ ‘ਤੇ ਕਾਲੇ ਕੱਪੜਿਆਂ ਵਾਲੇ ਕਮਾਂਡੋਜ਼ ਦੀ ਸੁਰੱਖਿਆ ਲਈ ਜ਼ਿਆਦਾ ਮੰਗ ਕੀਤੀ ਜਾਂਦੀ ਹੈ। ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕਮਾਂਡੋਜ਼ ਦੀ ਸੁਰੱਖਿਆ ਛਤਰੀ ‘ਚ ਘਿਰਿਆ ਬੰਦਾ ਇਕ ਵੱਡੇ ਨੇਤਾ ਵਾਲਾ ਪ੍ਰਭਾਵ ਪਾਉਂਦਾ ਹੈ ਤੇ ਲੋਕਾਂ ਵਿਚ ਦਬਦਬਾ ਵਧ ਜਾਂਦਾ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ, ਸ਼ਿਵ ਸੈਨਿਕਾਂ, ਪ੍ਰਮੁੱਖ ਡੇਰੇਦਾਰਾਂ ਅਤੇ ਹੋਰਨਾਂ ਧਾਰਮਿਕ ਆਗੂਆਂ ਨੂੰ 240 ਸੁਰੱਖਿਆ ਕਾਰਾਂ ਮੁਹੱਈਆ ਕਰਾਈਆਂ ਗਈਆਂ ਹਨ ਤੇ ਤੇਲ ਵੀ ਸਰਕਾਰੀ ਖਰਚੇ ‘ਤੇ ਦਿੱਤਾ ਜਾਂਦਾ ਹੈ। ਇਨ੍ਹਾਂ ਕਾਰਾਂ ਵਿਚ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਲੈਂਡ ਕਰੂਜ਼ਰ, ਮੌਂਟੈਰੋ ਤੋਂ ਲੈ ਕੇ ਜਿਪਸੀਆਂ ਤੱਕ ਸ਼ਾਮਲ ਹਨ। ਪੁਲਿਸ ਵੱਲੋਂ ਸਿਪਾਹੀਆਂ, ਹੌਲਦਾਰਾਂ ਨੂੰ ਇਨ੍ਹਾਂ ਗੱਡੀਆਂ ਦੇ ਡਰਾਈਵਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਕਾਰਾਂ ਦੇ ਖਰਚੇ ਦਾ ਅਧਿਐਨ ਕਰਨ ਵਾਲੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਅਫਸਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਡੀਆਂ ਦਾ ਸਾਲਾਨਾ ਬੋਝ 12 ਕਰੋੜ ਰੁਪਏ (ਸਿਰਫ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖਰਚ) ਦੇ ਕਰੀਬ ਹੈ। ਇਸੇ ਤਰ੍ਹਾਂ ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਸੁਰੱਖਿਆ ਵਜੋਂ ਤਾਇਨਾਤ ਪੁਲਿਸ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਅੰਕੜਾ ਸਾਲਾਨਾ 100 ਕਰੋੜ ਰੁਪਏ ਪਾਰ ਕਰ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਚੰਡੀਗੜ੍ਹ ‘ਚ ਤਾਇਨਾਤ ਅਫਸਰਾਂ ਲਈ ਤਕਰੀਬਨ 350 ਗੱਡੀਆਂ (ਸੁਰੱਖਿਆ ਵਾਹਨਾਂ ਸਮੇਤ) ਅਲਾਟ ਕੀਤੀਆਂ ਹੋਈਆਂ ਹਨ ਤੇ ਉਸ ‘ਤੇ ਹਰ ਮਹੀਨੇ ਔਸਤਨ 30 ਲੱਖ ਰੁਪਏ ਦਾ ਤੇਲ ਖਰਚ ਹੁੰਦਾ ਹੈ।
ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਤਾਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ‘ਚ ਰੱਖਦਿਆਂ ਮਹਿੰਗੀਆਂ ਕਾਰਾਂ ਅਤੇ ਸਰਕਾਰੀ ਤੇਲ ਜਿੰਨਾ ਚਾਹੁਣ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸੀ ਨੇਤਾਵਾਂ ਹਰਮਿੰਦਰ ਸਿੰਘ ਜੱਸੀ, ਰਵਨੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਪਿੰਕੀ, ਅਕਾਲੀ ਨੇਤਾ ਰਵੀਕਰਨ ਸਿੰਘ ਕਾਹਲੋਂ ਆਦਿ ਨੂੰ ਵੀ ਜ਼ੈਡ ਸ੍ਰੇਣੀ ਵਿਚ ਹੀ ਲਿਆਂਦਾ ਗਿਆ ਹੈ। ਸਾਬਕਾ ਅਕਾਲੀ ਮੰਤਰੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਖੁੱਲ੍ਹੀ ਸੁਰੱਖਿਆ ਦਿੱਤੀ ਹੋਈ ਹੈ। ਸ਼ਿਵ ਸੈਨਿਕਾਂ ਨੂੰ 5 ਤੋਂ ਲੈ ਕੇ 20 ਸੁਰੱਖਿਆ ਕਰਮਚਾਰੀ ਅਤੇ ਸਰਕਾਰੀ ਖਰਚੇ ਉਤੇ ਘੁੰਮਣ ਵਰਤਣ ਲਈ ਕਾਰਾਂ ਅਤੇ ਤੇਲ ਫੂਕਣ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ। ਡੀ.ਜੀ.ਪੀ. ਰੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਵੀ 18 ਤੋਂ 20 ਗੰਨਮੈਨ ਮੁਹੱਈਆ ਕਰਾਏ ਹੋਏ ਹਨ। ਸੁਰੱਖਿਆ ਛਤਰੀ ਦਾ ਖਰਚਾ ਲੋੜੋਂ ਵੱਧ ਹੋਣ ਕਾਰਨ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਨੇ ਇਸ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਸੀ। ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਸੀ ਕਿ ਬਿਨਾਂ ਪ੍ਰਵਾਨਗੀ ਤੋਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸੁਰੱਖਿਆ ਲਈ ਗੰਨਮੈਨ ਮੁਹੱਈਆ ਨਾ ਕਰਾਇਆ ਜਾਵੇ।
______________________
ਸਿਆਸਤਦਾਨਾਂ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਦੀ ਤਿਆਰੀ
ਅੰਮ੍ਰਿਤਸਰ: ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜ਼ੈਡ.ਐਫ਼) ਦੇ ਕਾਰਕੁਨਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਕੋਲੋਂ ਕੀਤੀ ਪੁੱਛ-ਪੜਤਾਲ ਮਗਰੋਂ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਨਿਰੰਕਾਰੀ ਡੇਰੇ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਦੀ ਚਰਚਾ ਹੈ ਪਰ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਅਜਿਹੀ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ ਹੈ। ਮਿਲੇ ਵੇਰਵਿਆਂ ਮੁਤਾਬਕ ਪੁਲਿਸ ਕਰਮਚਾਰੀਆਂ ਨੇ ਇਨ੍ਹਾਂ ਸਿਆਸੀ ਆਗੂਆਂ ਦੀ ਸੁਰੱਖਿਆ ਅਤੇ ਧਰਮ ਅਸਥਾਨਾਂ ਦੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਇਹ ਚਰਚਾ ਹੈ ਕਿ ਇਨ੍ਹਾਂ ਸਿਆਸੀ ਆਗੂਆਂ ਸਮੇਤ ਕੁਝ ਧਾਰਮਿਕ ਥਾਵਾਂ ਦੀ ਸੁਰੱਖਿਆ ਖਤਰੇ ਵਿਚ ਹੈ ਪਰ ਇਥੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਜਾਂ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਕਰਨ ਬਾਰੇ ਫਿਲਹਾਲ ਕੋਈ ਆਦੇਸ਼ ਨਹੀਂ ਹੈ।